-ਜਤਿੰਦਰ ਪਨੂੰ
ਕਈ ਮਹੀਨੇ ਪਹਿਲਾਂ ਅਸੀਂ ਇਸ ਕਾਲਮ ਦਾ ਅੰਤ ਇਸ ਗੱਲ ਨਾਲ ਕੀਤਾ ਸੀ ਕਿ ਨੌਕਰੀ ਲਈ ਇੰਟਰਵਿਊ ਦੇਣ ਗਏ ਇੱਕ ਮੁੰਡੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਪੁੱਛੇ ਜਾਣ ਉਤੇ ਕਿਹਾ ਸੀ ਕਿ ਉਸ ਨੂੰ ਪਤਾ ਨਹੀਂ। ਉਸ ਦੀ ਇੰਟਰਵਿਊ ਲੈਣ ਵਾਲੇ ਨੇ ਹੈਰਾਨੀ ਜ਼ਾਹਰ ਕੀਤੀ ਸੀ ਕਿ ਤੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਵੀ ਪਤਾ ਨਹੀਂ! ਮੁੰਡੇ ਨੇ ਮੋੜਵਾਂ ਸਵਾਲ ਕੀਤਾ ਸੀ ਕਿ ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਮੈਂ ਇੰਟਰਵਿਊ ਦੇਣ ਲਈ ਏਥੇ ਆਉਣ ਵਾਸਤੇ ਕਿਰਾਇਆ ਵੀ ਕਿਸੇ ਤੋਂ ਮੰਗ ਕੇ ਲਿਆਇਆ ਹਾਂ? ਇੱਕ ਪੁਲਿਸ ਅਫਸਰ ਹੈ, ਗੁਰਪ੍ਰੀਤ ਸਿੰਘ ਤੂਰ। ਉਹ ਪੁਲਿਸ ਅਫਸਰ ਨਾਲੋਂ ਵੱਧ ਨੌਜਵਾਨਾਂ ਦਾ ਮਨੋ-ਵਿਗਿਆਨੀ ਜਾਪਦਾ ਹੈ। ਇਕ ਦਿਨ ਇਕ ਲੇਖ ਉਸ ਨੇ ਅਖਬਾਰ ਵਿਚ ਲਿਖਿਆ ਸੀ, ਜਿਸ ਵਿਚ ਪੁਲਿਸ ਮਹਿਕਮੇ ਵਿਚ ਕੁੜੀਆਂ ਦੀ ਭਰਤੀ ਦੀ ਕਹਾਣੀ ਪਾਈ ਗਈ ਸੀ। ਤੂਰ ਨੇ ਲਿਖਿਆ ਕਿ ਭਰਤੀ ਦੇ ਟਰਾਇਲ ਮੁੱਕਣ ਪਿੱਛੋਂ ਇਕ ਪਾਸੇ ਬੈਠ ਕੇ ਇਕ ਮਾਂ-ਧੀ ਨਵੇਂ ਬੂਟਾਂ ਨਾਲ ਲੱਗੀ ਮਿੱਟੀ ਰੁਮਾਲ ਨਾਲ ਪੂੰਝ ਰਹੀਆਂ ਸਨ। ਪੁੱਛਣ ਉਤੇ ਕੁੜੀ ਦੀ ਮਾਂ ਨੇ ਕਿਹਾ, ‘ਕਿਸੇ ਦੁਕਾਨ ਤੋਂ ਇਹ ਬੂਟ ਲਿਆਂਦੇ ਸਨ। ਜੇ ਧੀ ਟੈਸਟ ਪਾਸ ਕਰ ਜਾਂਦੀ ਤਾਂ ਰੱਖ ਲੈਣੇ ਸਨ, ਹੁਣ ਪੈਸਿਆਂ ਦੀ ਲੋੜ ਹੈ, ਇਹ ਦੁਕਾਨਦਾਰ ਨੂੰ ਵਾਪਸ ਦੇ ਕੇ ਪੈਸੇ ਲੈ ਲਵਾਂਗੀਆਂ।’ ਜਵਾਨੀ ਪੰਜਾਬ ਦੀ ਹੋਵੇ ਜਾਂ ਭਾਰਤ ਦੀ, ਇਸ ਵਕਤ ਆਪਣੀ ਹੋਂਦ ਦੇ ਅਹਿਸਾਸ ਵਿਚ ਏਦਾਂ ਉਲਝ ਗਈ ਹੈ ਕਿ ਭਵਿੱਖ ਜਦੋਂ ਧੁੰਦਲਾ ਨਜ਼ਰ ਆਵੇ ਤਾਂ ਅਨਰਥ ਵਾਪਰ ਜਾਂਦੇ ਹਨ।
ਇਸ ਹਫਤੇ ਮੈਨੂੰ ਇਕ ਵਿਦੇਸ਼ੀ ਰੇਡੀਓ ਚੈਨਲ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਮੁੰਬਈ ਸ਼ਹਿਰ ਵਿਚ ਜੀਆ ਖਾਨ ਨਾਂ ਦੀ ਇਕ ਐਕਟਰੈਸ ਨੇ ਖੁਦਕੁਸ਼ੀ ਕਰ ਲਈ ਹੈ, ਉਸ ਦੇ ਪਿੱਛੇ ਤੁਹਾਡੇ ਖਿਆਲ ਵਿਚ ਕੀ ਕਾਰਨ ਹੋ ਸਕਦਾ ਹੈ? ਮੈਂ ਮੋੜਵਾਂ ਸਵਾਲ ਕੀਤਾ, “ਪੰਜਾਬ ਦੇ ਇਕ ਅਖਬਾਰ ਵਿਚ ਖਬਰ ਛਪੀ ਹੈ, ‘ਜਨਵਰੀ ਵਿਚ ਵਿਆਹ, ਅਪਰੈਲ ਵਿਚ ਤਲਾਕ, ਜੂਨ ਵਿਚ ਖੁਦਕੁਸ਼ੀ’, ਤੁਸੀਂ ਮੈਨੂੰ ਉਸ ਖਬਰ ਬਾਰੇ ਕਿਉਂ ਨਹੀਂ ਪੁੱਛਦੇ?” ਇਸ ਸਵਾਲ ਦਾ ਜਵਾਬ ਉਨ੍ਹਾਂ ਕੋਲ ਨਹੀਂ ਸੀ ਤੇ ਜੋ ਕੁਝ ਪੰਜਾਬ ਦੀ ਖਬਰ ਦੱਸਦੀ ਸੀ, ਉਸ ਬਾਰੇ ਜਦੋਂ ਦੱਸਣਾ ਪਿਆ ਤਾਂ ਜ਼ਬਾਨ ਮੇਰੀ ਵੀ ਕੰਬ ਰਹੀ ਸੀ। ਉਸ ਕੁੜੀ ਦੀ ਅਤੇ ਜੀਆ ਖਾਨ ਦੀ ਖੁਦਕੁਸ਼ੀ ਦੋਵੇਂ ਹੀ ਹੁਣ ਜਵਾਨੀ ਦਾ ਨਸੀਬਾ ਜਾਪਣ ਲੱਗ ਪਈਆਂ ਹਨ।
ਮੈਂ ਨਹੀਂ ਸੀ ਜਾਣਦਾ ਕਿ ਜੀਆ ਖਾਨ ਕੌਣ ਸੀ? ਉਸ ਦੀ ਮੌਤ ਦੀ ਖਬਰ ਦੇ ਨਾਲ ਜਾਣਿਆ ਸੀ। ਫਿਲਮਾਂ ਵਿਚ ਕੋਈ ਦਿਲਚਸਪੀ ਨਾ ਹੋਣ ਦੇ ਬਾਵਜੂਦ ਪੱਤਰਕਾਰ ਹੋਣ ਦੇ ਨਾਤੇ ਉਸ ਦੀ ਜਾਣਕਾਰੀ ਰੱਖਣਾ ਮੇਰੀ ਡਿਊਟੀ ਸੀ। ਦੱਸਿਆ ਗਿਆ ਕਿ ਉਹ ਕੁੜੀ ਜਦੋਂ ਇਸ ਖੇਤਰ ਵਿਚ ਆਈ ਤਾਂ ਬੜੀ ਚੰਗੀ ਤੁਰ ਪਈ ਸੀ। ਉਸ ਨੂੰ ਅਮਿਤਾਬ ਬੱਚਨ ਵਰਗੇ ਹੀਰੋ ਨਾਲ ਕੰਮ ਕਰਨ ਦਾ ਮੌਕਾ ਵੀ ਮਿਲ ਗਿਆ, ਜਿਸ ਨਾਲ ਇੱਕ ਵਾਰ ਮਿਲਣਾ ਵੀ ਕਈ ਲੋਕਾਂ ਦੀ ਸਾਰੀ ਉਮਰ ਦੀ ਇੱਛਾ ਰਹਿੰਦੀ ਹੈ। ਮੌਕਾ ਮਿਲਣ ਦੇ ਬਾਅਦ ਕੁੜੀ ਨੂੰ ਭਵਿੱਖ ਸੁਨਹਿਰਾ ਨਜ਼ਰ ਆਉਣ ਲੱਗਾ। ਉਸ ਨੇ ਉਹ ਸਾਰੇ ਪ੍ਰਬੰਧ ਕਰ ਲਏ, ਜਿਹੜੇ ਕਿਸੇ ਸਫਲ ਹੀਰੋਇਨ ਨੂੰ ਕਰਨੇ ਬਣਦੇ ਸਨ। ਮੈਨੇਜਰ ਰੱਖ ਲਿਆ, ਨਿੱਜੀ ਸਹਾਇਕ ਤੇ ਨਿੱਜੀ ਬਿਊਟੀਸ਼ਨ ਰੱਖ ਲਏ ਤੇ ਇੱਕ ਡਰਾਈਵਰ ਵੀ, ਕਿਉਂਕਿ ਉਹ ਸਾਰੇ ਸਟੇਟਸ ਦੀ ਪਛਾਣ ਮੰਨੇ ਜਾਂਦੇ ਹਨ। ਮੁੜ ਕੇ ਫਿਲਮਾਂ ਨਹੀਂ ਮਿਲ ਸਕੀਆਂ ਤੇ ਹਰ ਮਹੀਨੇ ਦੇ ਇਸ ਸਟਾਫ਼ ਦੇ ਲੱਖਾਂ ਰੁਪਏ ਦੇ ਖਰਚੇ ਉਸ ਦੇ ਜੜ੍ਹੀਂ ਬੈਠ ਗਏ। ਨਤੀਜਾ ਇਹ ਨਿਕਲਿਆ ਕਿ ਇੱਕ ਦਿਨ ਉਹ ਖੁਦਕੁਸ਼ੀ ਕਰ ਗਈ। ਇਸ ਤੋਂ ਪਹਿਲਾਂ ਵੀ ਮੁੰਬਈ ਦੇ ਕੁਝ ਚਮਕਦੇ ਸਿਤਾਰਿਆਂ, ਕੁਝ ਕੁੜੀਆਂ ਤੇ ਕੁਝ ਮੁੰਡਿਆਂ ਨੇ ਇੰਜ ਹੀ ਖੁਦਕੁਸ਼ੀਆਂ ਕੀਤੀਆਂ ਸਨ।
ਪੰਜਾਬ ਦੀ ਖਬਰ ਉਸ ਤੋਂ ਦੋ ਦਿਨ ਬਾਅਦ ਦੀ ਹੈ। ਜਲੰਧਰ ਜ਼ਿਲੇ ਵਿਚ ਆਦਮਪੁਰ ਨੇੜਲੇ ਇੱਕ ਪਿੰਡ ਦੀ ਕੁੜੀ ਦਾ ਇਸੇ ਸਾਲ ਛੇ ਜਨਵਰੀ ਨੂੰ ਵਿਆਹ ਹੋਇਆ ਸੀ। ਮਾਮੂਲੀ ਗੱਲਾਂ ਤੋਂ ਉਨ੍ਹਾਂ ਪਤੀ-ਪਤਨੀ ਦਾ ਝਗੜਾ ਰਹਿਣ ਲੱਗ ਪਿਆ ਤੇ ਅਪਰੈਲ ਵਿਚ ਸਿਰਫ ਤਿੰਨ ਮਹੀਨੇ ਦੇ ਵਿਆਹੁਤਾ ਜੀਵਨ ਤੋਂ ਬਾਅਦ ਪੰਚਾਇਤੀ ਤੌਰ ਉਤੇ ਵੱਖੋ-ਵੱਖ ਹੋ ਗਏ ਜਾਂ ਕਰ ਦਿੱਤੇ ਗਏ। ਇਸ ਜੂਨ ਮਹੀਨੇ ਦੀ ਦੋ ਤਰੀਕ ਨੂੰ ਕੁੜੀ ਦਾ ਜਨਮ ਦਿਨ ਸੀ। ਮਾਪੇ ਆਪਣੀ ਧੀ ਦਾ ਜਨਮ ਦਿਨ ਮਨਾਉਣਾ ਨਹੀਂ ਛੱਡ ਸਕੇ। ਮਨਾਇਆ ਗਿਆ ਤੇ ਉਸ ਦੇ ਬਾਅਦ ਕੁੜੀ ਨੇ ਅੰਦਰ ਜਾ ਕੇ ਖੁਦਕੁਸ਼ੀ ਕਰ ਲਈ। ਕਾਰਨ ਸਾਫ ਹੈ ਕਿ ਉਸ ਨੂੰ ਭਵਿੱਖ ਵਿਚ ਕੋਈ ਆਸ ਦੀ ਕਿਰਨ ਨਹੀਂ ਸੀ ਦਿੱਸ ਰਹੀ।
ਇਸ ਦੇ ਬਾਅਦ ਫਗਵਾੜੇ ਦੀ ਖਬਰ ਆ ਗਈ। ਲੁਧਿਆਣੇ ਦੇ ਇੱਕ ਕਾਰਖਾਨੇਦਾਰ ਦੀ ਪਤਨੀ ਨੇ ਉਥੇ ਆਪਣੇ ਮਾਂ-ਬਾਪ ਦੇ ਘਰ ਆ ਕੇ ਖੁਦਕੁਸ਼ੀ ਕਰ ਲਈ ਹੈ। ਉਸ ਕੁੜੀ ਦਾ ਇਹ ਦੂਸਰਾ ਵਿਆਹ ਸੀ। ਪਹਿਲੇ ਪਤੀ ਨਾਲ ਨਿਭ ਨਹੀਂ ਸੀ ਸਕੀ ਤੇ ਜਿਸ ਦੂਸਰੇ ਲੁਧਿਆਣੇ ਵਾਲੇ ਨਾਲ ਵਿਆਹ ਕਰਵਾਇਆ, ਉਸ ਦੇ ਆਪਣੇ ਦੋ ਵਿਆਹ ਟੁੱਟ ਚੁੱਕੇ ਸਨ ਅਤੇ ਇਹ ਤੀਸਰਾ ਵਿਆਹ ਸੀ। ਪੰਜਾਬੀ ਸਮਾਜ ਦੇ ਉਲਝਦੇ ਜਾਂਦੇ ਤਾਣੇ-ਬਾਣੇ ਨੇ ਇਹੋ ਜਿਹੀਆਂ ਕਿੰਨੀਆਂ ਕੁੜੀਆਂ ਦੀ ਜਾਨ ਲੈ ਲਈ ਹੈ, ਇਸ ਦਾ ਹਿਸਾਬ ਰੱਖਣ ਦੀ ਵੀ ਕਿਸੇ ਨੂੰ ਲੋੜ ਨਹੀਂ ਜਾਪਦੀ। ਜਦੋਂ ਇਹ ਲੋੜ ਨਹੀਂ ਜਾਪਦੀ ਤਾਂ ਇਹ ਚਿੰਤਾ ਵੀ ਕੌਣ ਕਰੇਗਾ ਕਿ ਸਾਡੀ ਜਵਾਨ ਪੀੜ੍ਹੀ ਇਸ ਤਰ੍ਹਾਂ ਭਵਿੱਖ ਤੋਂ ਉਦਾਸ ਕਿਉਂ ਹੋਈ ਜਾਂਦੀ ਹੈ ਕਿ ਉਸ ਨੂੰ ਜਿਊਣਾ ਵੀ ਬੋਝ ਜਾਪਣ ਲੱਗ ਪਿਆ ਹੈ?
ਨਾ ਦੇਸ਼ ਦੇ ਕਿਸੇ ਆਗੂ ਨੇ ਇਹ ਚਿੰਤਾ ਕਦੇ ਕੀਤੀ ਹੈ ਤੇ ਨਾ ਪੰਜਾਬ ਵਾਲਿਆਂ ਕੋਲ ਇਹ ਸੋਚਣ ਦੀ ਵਿਹਲ ਹੈ ਕਿ ਜਿਸ ਦਿਨ ਕਿਸੇ ਵੀ ਜਮਾਤ ਦੇ ਇਮਤਿਹਾਨ ਦਾ ਨਤੀਜਾ ਆਉਂਦਾ ਹੈ, ਉਸ ਦਿਨ ਕਿੰਨੇ ਬੱਚੇ ਹਰ ਸਾਲ ਖੁਦਕੁਸ਼ੀਆਂ ਕਰ ਜਾਂਦੇ ਹਨ? ਅਸੀਂ ਸਿਰਫ ਇਹ ਵੇਖਦੇ ਹਾਂ ਕਿ ਫਲਾਣੇ ਸਕੂਲ ਜਾਂ ਕਾਲਜ ਦੇ ਐਨੇ ਬੱਚੇ ਮੈਰਿਟ ਵਿਚ ਆਏ ਤੇ ਉਨ੍ਹਾਂ ਦੇ ਸਕੂਲ ਮੁਖੀ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਜਿਹੜੀ ਫੋਟੋ ਖਿਚਵਾਈ ਹੁੰਦੀ ਹੈ, ਉਸ ਨੂੰ ਅਖਬਾਰ ਵਿਚ ਵੇਖ ਲੈਂਦੇ ਹਾਂ। ਮਰ ਗਏ ਬੱਚਿਆਂ ਦੇ ਮਾਪੇ ਕੀ ਕਹਿੰਦੇ ਹਨ, ਇਹ ਗੱਲ ਕੋਈ ਖਾਸ ਧਿਆਨ ਦੇ ਯੋਗ ਨਹੀਂ ਸਮਝਦਾ, ਪਰ ਸਮਝਣੀ ਚਾਹੀਦੀ ਹੈ। ਇਮਤਿਹਾਨਾਂ ਦੇ ਨਤੀਜੇ ਅੱਜ ਕੱਲ੍ਹ ਇੰਟਰਨੈਟ ਉਤੇ ਆ ਜਾਂਦੇ ਹਨ ਤੇ ਬਹੁਤ ਸਾਰੇ ਬੱਚਿਆਂ ਨੂੰ ਮੋਬਾਈਲ ਫੋਨ ਉਤੇ ਇਸ ਦੀ ਸੂਚਨਾ ਮਿਲ ਜਾਂਦੀ ਹੈ। ਜੇ ਨਤੀਜਾ ਫੇਲ੍ਹ ਹੋਣ ਦਾ ਹੀ ਨਹੀ, ਆਸ ਤੋਂ ਘੱਟ ਨੰਬਰਾਂ ਵਾਲਾ ਵੀ ਆਵੇ ਤਾਂ ਬੱਚੇ ਆਪਣੇ ਘਰ ਜਾਣ ਦੀ ਥਾਂ ਦੁਨੀਆਂ ਛੱਡ ਜਾਣ ਦਾ ਰਾਹ ਚੁਣ ਲੈਂਦੇ ਹਨ। ਬੰਗਲੌਰ ਵਿਚ ਇੱਕ ਇਹੋ ਜਿਹੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਦੇ ਨੰਬਰ ਨੱਬੇ ਫੀਸਦੀ ਤੋਂ ਵੱਧ ਆਏ ਸਨ, ਪਰ ਜਿਵੇਂ ਉਹ ਹਰ ਵਾਰੀ ਪਹਿਲੇ ਦਸਾਂ ਵਿਚ ਹੁੰਦੀ ਸੀ, ਉਸ ਸਥਿਤੀ ਨੂੰ ਕਾਇਮ ਨਹੀਂ ਸੀ ਰੱਖ ਸਕੀ।
ਜਦੋਂ ਹਰ ਸਕੂਲ, ਕਾਲਜ ਅਤੇ ਹਰ ਸਿੱਖਿਆ ਸੰਸਥਾ ਵਿਚ ਇਹ ਦੌੜ ਲੱਗੀ ਹੋਈ ਹੈ ਕਿ ਮੁਕਾਬਲੇ ਵਿਚ ਬਾਕੀਆਂ ਤੋਂ ਅੱਗੇ ਨਿਕਲਣਾ ਹੈ ਤਾਂ ਇਸ ਦਾ ਬੱਚਿਆਂ ਦੇ ਮਨਾਂ ਉਤੇ ਇਹੋ ਜਿਹਾ ਬੋਝ ਪੈਣ ਲੱਗ ਪਿਆ ਹੈ ਕਿ ਉਹ ਕਿਸੇ ਕਿਸਮ ਦੀ ਕਮੀ ਵੇਖ ਕੇ ਉਸ ਨੂੰ ਦੂਰ ਕਰਨ ਦੀ ਥਾਂ ਮਰਨ ਦਾ ਰਾਹ ਚੁਣਨ ਲੱਗ ਪਏ ਹਨ। ਇਹ ਆਮ ਕਿਹਾ ਜਾਂਦਾ ਹੈ ਕਿ ਭਾਰਤ ਉਤੇ ਪੱਛਮੀ ਸੱਭਿਅਤਾ ਦਾ ਪ੍ਰਛਾਵਾਂ ਬੜੀ ਤੇਜ਼ੀ ਨਾਲ ਪੈ ਰਿਹਾ ਹੈ ਪਰ ਅਸੀਂ ਪੱਛਮੀ ਦੇਸ਼ਾਂ ਦੇ ਬੱਚਿਆਂ ਵੱਲੋਂ ਇਸ ਤਰ੍ਹਾਂ ਇਮਤਿਹਾਨਾਂ ਦੇ ਦਿਨਾਂ ਵਿਚ ਧੜਾ-ਧੜ ਖੁਦਕੁਸ਼ੀਆਂ ਕਰਨ ਦੀਆਂ ਖਬਰਾਂ ਕਦੇ ਨਹੀਂ ਪੜ੍ਹੀਆਂ। ਉਨ੍ਹਾਂ ਦੇਸ਼ਾਂ ਦੇ ਵਿਦਿਅਕ ਅਦਾਰਿਆਂ ਵਿਚ ਕੌਂਸਲਿੰਗ ਦਾ ਪ੍ਰਬੰਧ ਹੁੰਦਾ ਹੈ, ਤਾਂ ਕਿ ਜਿਹੜੀ ਗੱਲ ਬੱਚੇ ਮਾਂ-ਬਾਪ ਨਾਲ ਕਰਨ ਤੋਂ ਵੀ ਝਿਜਕਦੇ ਹੋਣ, ਉਹ ਕਿਸੇ ਨਾਲ ਸਾਂਝੀ ਕਰ ਕੇ ਅਤੇ ਉਸ ਦੀ ਸਲਾਹ ਲੈ ਕੇ ਮਨ ਦਾ ਬੋਝ ਹਲਕਾ ਕਰ ਸਕਣ। ਇਸ ਤਰ੍ਹਾਂ ਦੀ ਸਲਾਹ ਮਾਨਸਿਕ ਗੁੰਝਲਾਂ ਖੋਲ੍ਹਣ ਤੇ ਜ਼ਿੰਦਗੀ ਦੀ ਅਵਾਜ਼ਾਰੀ ਨੂੰ ਮੌਤ ਤੱਕ ਜਾਣ ਵੱਲੋਂ ਮੋੜਨ ਦਾ ਚੰਗਾ ਢੰਗ ਹੁੰਦੀ ਹੈ, ਪਰ ਨੋਟਾਂ ਨੂੰ ਮਾਂਜਾ ਮਾਰਨ ਰੁੱਝੇ ਹੋਏ ਭਾਰਤ ਦੇ ਅਦਾਰਿਆਂ ਨੂੰ ਇਸ ਤਰ੍ਹਾਂ ਦੀ ਕਿਸੇ ਕੋਸ਼ਿਸ਼ ਦੀ ਲੋੜ ਨਹੀਂ ਜਾਪਦੀ ਤੇ ਜਿਨ੍ਹਾਂ ਨੇ ਇਹ ਪ੍ਰਬੰਧ ਕੀਤੇ ਵੀ ਹਨ, ਉਹ ਅਮਲ ਵਿਚ ਸਾਰਥਿਕ ਸਾਬਤ ਨਹੀਂ ਹੋ ਰਹੇ।
ਇੱਕ ਗੱਲ ਇਹ ਅਸੀਂ ਆਮ ਸੁਣਦੇ ਹਾਂ ਕਿ ਲੀਡਰਾਂ ਦੇ ਬੱਚਿਆਂ ਨੂੰ ਇਸ ਕਿਸਮ ਦੀ ਮਾਨਸਿਕਤਾ ਦਾ ਕਦੀ ਸਾਹਮਣਾ ਨਹੀਂ ਕਰਨਾ ਪੈਂਦਾ। ਪਿਛਲੇ ਦਿਨੀਂ ਅਸੀਂ ਇੱਕ ਇਹੋ ਜਿਹੇ ਨੌਜਵਾਨ ਦੀ ਖੁਦਕੁਸ਼ੀ ਦੀ ਖਬਰ ਵੀ ਪੜ੍ਹੀ ਹੈ, ਜਿਸ ਦਾ ਬਾਪ ਭਾਰਤ ਦੇ ਇੱਕ ਵੱਡੇ ਰਾਜ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਹੈ ਤੇ ਇਹ ਆਸ ਰੱਖੀ ਬੈਠਾ ਹੈ ਕਿ ਅਗਲੀ ਵਾਰੀ ਉਸ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਜਾਂ ਦੂਸਰੇ ਨੰਬਰ ਦਾ ਮੰਤਰੀ ਬਣੇਗਾ। ਉਸ ਨੌਜਵਾਨ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਇਸ ਲਈ ਛੱਡ ਦਿੱਤੀ ਕਿ ਰਾਜਨੀਤੀ ਵਿਚ ਉਸ ਨੂੰ ਕਾਫੀ ਰੋਸ਼ਨ ਭਵਿੱਖ ਨਜ਼ਰ ਆਇਆ ਸੀ। ਬਾਪ ਨੇ ਨਗਰ ਕੌਂਸਲ ਦੀ ਚੋਣ ਵਿਚ ਟਿਕਟ ਦਿਵਾ ਦਿੱਤੀ ਤੇ ਨਾਲ ਇਹ ਆਖ ਦਿੱਤਾ ਕਿ ਇਹ ਛੋਟੀ ਜਿਹੀ ਨਗਰ ਕੌਂਸਲ ਦੀ ਚੋਣ ਇੱਕ ਪੜੁੱਲ ਸਮਝ ਕੇ ਲੜੀਂ, ਜਿੱਤ ਗਿਆ ਤਾਂ ਸ਼ਹਿਰ ਦਾ ਪ੍ਰਧਾਨ ਤੂੰ ਹੀ ਬਣੇਂਗਾ ਤੇ ਜੇ ਹਾਰ ਗਿਆ ਤਾਂ ਅੱਗੋਂ ਲਈ ਔਕੜਾਂ ਬਹੁਤ ਆਉਣਗੀਆਂ। ਬਾਪ ਤਾਂ ਵੋਟਾਂ ਪੈਣ ਪਿੱਛੋਂ ਕਿਸੇ ਕੰਮ ਲਈ ਰਾਜਧਾਨੀ ਨੂੰ ਚਲਾ ਗਿਆ ਤੇ ਜਿੱਤ ਦੀ ਪੱਕੀ ਆਸ ਲਾਈ ਬੈਠੇ ਪੁੱਤਰ ਨੇ ਜਦੋਂ ਇਹ ਵੇਖਿਆ ਕਿ ਸ਼ਹਿਰ ਦਾ ਪ੍ਰਧਾਨ ਬਣਾਉਣ ਵਾਲੀ ਇੱਕ ਵਾਰਡ ਦੀ ਚੋਣ ਵੀ ਉਸ ਤੋਂ ਜਿੱਤੀ ਨਹੀਂ ਗਈ ਤਾਂ ਅੱਧੀ ਰਾਤ ਨੂੰ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੀ ਖੁਦਕੁਸ਼ੀ ਲਈ ਉਸ ਦਾ ਬਾਪ ਵੀ ਜ਼ਿਮੇਵਾਰ ਸੀ, ਉਸ ਦੇ ਯਾਰ-ਮਿੱਤਰ ਵੀ, ਜਿਹੜੇ ਉਸ ਨੂੰ ਇਹੋ ਸਿੱਖਾਈ ਗਏ ਸਨ ਕਿ ਆਹ ਇੱਕ ਸੀਟ ਜਿੱਤਣ ਦੀ ਦੇਰ ਹੈ, ਫਿਰ ਝੰਡੀ ਵਾਲੀ ਕਾਰ ਤੇਰੇ ਹੇਠ ਹੋਵੇਗੀ।
ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬੱਚਿਆਂ ਦੇ ਸਿਰ ਉਤੇ ਚੰਗੇ ਭਵਿੱਖ ਦੀ ਸਰਪਟ ਦੌੜ ਦੀ ਭਾਵਨਾ ਭਰੀ ਜਾ ਰਹੀ ਹੈ। ਇਹ ਭਾਵਨਾ ਭਰਨ ਵਿਚ ਕਾਰਪੋਰੇਟ ਘਰਾਣੇ ਵੀ ਬਹੁਤ ਭੈੜੀ ਭੂਮਿਕਾ ਅਦਾ ਕਰ ਰਹੇ ਹਨ। ਉਹ ਕਿਸੇ ਦਿਨ ਮੀਡੀਏ ਨੂੰ ਇਹ ਦੱਸਦੇ ਹਨ ਕਿ ਫਲਾਣੇ ਅਦਾਰੇ ਦੇ ਚਾਰ ਬੱਚਿਆਂ ਨੂੰ ਅਸੀਂ ਉਨ੍ਹਾਂ ਦੀ ਯੋਗਤਾ ਵੇਖ ਕੇ ਤਿੰਨ ਲੱਖ ਰੁਪਏ ਮਹੀਨੇ ਦੇ ਪੈਕੇਜ ਉਤੇ ਸਿਲੈਕਟ ਕਰ ਲਿਆ ਹੈ। ਇਹ ਖੁਸ਼ੀ ਦੀ ਖਬਰ ਜਦੋਂ ਬਾਹਰ ਆਉਂਦੀ ਹੈ, ਉਦੋਂ ਇਹ ਗੱਲ ਲੁਕੀ ਰਹਿ ਜਾਂਦੀ ਹੈ ਕਿ ਉਸੇ ਅਦਾਰੇ ਦੀ ਉਸੇ ਕਲਾਸ ਵਿਚ ਉਨ੍ਹਾਂ ਦੋਂਹ ਦੇ ਨਾਲ ਛੱਤੀ ਹੋਰ ਬੱਚਿਆਂ ਨੇ ਵੀ ਆਪਣੇ ਮਾਂ-ਬਾਪ ਤੋਂ ਲਿਆ ਕੇ ਉਨਾ ਹੀ ਪੈਸਾ ਖਰਚ ਕੀਤਾ ਸੀ, ਪਰ ਉਨ੍ਹਾਂ ਨੂੰ ਕਿਸੇ ਨੇ ਚਪੜਾਸੀ ਲਾਉਣ ਲਈ ਵੀ ਨਹੀਂ ਚੁਣਿਆ। ਜਦੋਂ ਉਹ ਚਾਰ ਬੱਚੇ ਕੋਈ ਕਾਰਪੋਰੇਟ ਘਰਾਣਾ ਚੁਣਦਾ ਹੈ, ਉਦੋਂ ਉਨ੍ਹਾਂ ਦੀ ਮਸ਼ਹੂਰੀ ਏਦਾਂ ਕੀਤੀ ਜਾਂਦੀ ਹੈ, ਜਿਵੇਂ ਅਮਿਤਾਬ ਬੱਚਨ ਦੇ ਨਾਲ ਕੰਮ ਕਰਨ ਲਈ ਚੁਣੀ ਗਈ ਜੀਆ ਖਾਨ ਵਾਸਤੇ ਕੀਤੀ ਗਈ ਸੀ, ਪਰ ਅਗਲੇ ਸਾਲ ਜਦੋਂ ‘ਪਰਫਾਰਮੈਂਸ’ ਪੂਰੀ ਨਾ ਦੇ ਸਕਣ ਦੇ ਬਹਾਨੇ ਹੇਠ ਉਹ ਬੱਚੇ ਕੱਢ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਖਬਰ ਮੀਡੀਏ ਦੀ ਕਿਸੇ ਨੁੱਕਰ ਵਿਚ ਨਹੀਂ ਲੱਭਦੀ। ਖਬਰ ਉਦੋਂ ਬਣਦੀ ਹੈ, ਜਦੋਂ ਤਿੰਨ ਲੱਖ ਰੁਪਏ ਮਹੀਨੇ ਦੇ ਪੈਕੇਜ ਵਾਲਾ ਬੱਚਾ ਨੌਕਰੀ ਤੋਂ ਕੱਢੇ ਜਾਣ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਜਾਂਦਾ ਹੈ। ਉਦੋਂ ਕਾਰਪੋਰੇਟ ਘਰਾਣਾ ਨਵਾਂ ‘ਟੇਲੈਂਟ’ ਤਲਾਸ਼ ਕਰਨ ਦੀ ਫੋਟੋ ਛਪਵਾਉਣ ਲਈ ਟੀ ਵੀ ਕੈਮਰਿਆਂ ਵਾਲਿਆਂ ਨੂੰ ਸੁਨੇਹੇ ਭੇਜਣ ਅਤੇ ਪ੍ਰੈਸ ਨੋਟ ਤਿਆਰ ਕਰਨ ਦੇ ਕੰਮ ਵਿਚ ਰੁੱਝ ਜਾਂਦਾ ਹੈ ਤੇ ਪਹਿਲੇ ਦਾ ਰੋਣਾ ਰੋਣ ਲਈ ਉਸ ਦੇ ਮਾਂ-ਬਾਪ ਇਕੱਲੇ ਰਹਿ ਜਾਂਦੇ ਹਨ।
ਜੀਆ ਖਾਨ ਹੋਵੇ ਜਾਂ ਜਨਵਰੀ ਵਿਚ ਵਿਆਹੀ ਤੇ ਜੂਨ ਵਿਚ ਖੁਦਕੁਸ਼ੀ ਕਰ ਗਈ ਕੁੜੀ, ਦੋਵਾਂ ਦੇ ਦੁਖਾਂਤ ਵਿਚ ਕੋਈ ਨਾ ਕੋਈ ਸੰਬੰਧ ਤਾਂ ਜਾਪਦਾ ਹੈ।
Leave a Reply