ਦਿਲ ਦੀਆਂ ਟੋਹਾਂ: ਮਾਜੀਦੀ ਅਤੇ ‘ਚਿਲਡਰਨ ਆਫ ਹੈਵਨ’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਚਿਲਡਰਨ ਆਫ ਹੈਵਨ’ ਬਾਰੇ ਚਰਚਾ ਕੀਤੀ ਗਈ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330

ਜੁੱਤੀ ਦੇ ਇੱਕ ਜੋੜੇ ਦੀ ਮਨੁੱਖੀ ਜ਼ਿੰਦਗੀ ਵਿਚ ਕੀ ਅਹਿਮੀਅਤ ਹੋ ਸਕਦੀ ਹੈ? ਕੀ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਕਈ ਵਾਰ ਗਰੀਬੀ ਦੀ ਮਾਰ ਇੰਨੀ ਗੁੱਝੀ ਅਤੇ ਮਾਰੂ ਹੁੰਦੀ ਹੈ ਕਿ ਉਹ ਕਿਸੇ ਦੀ ਜਾਨ ਦੀ ਕੀਮਤ ਕੌਡੀਆਂ ‘ਚ ਵੀ ਨਹੀਂ ਪਾਉਂਦੀ?
ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਚਿਲਡਰਨ ਆਫ ਹੈਵਨ’ ਦੇਖਦਿਆਂ ਯੂਕਰੇਨ ਵਿਚ ਜਨਮੇ ਰੂਸੀ ਲੇਖਕ ਨਿਕੋਲਾਈ ਗਗੋਲ ਦੀ 1842 ਵਿਚ ਲਿਖੀ ਕਹਾਣੀ ‘ਗਰਮ ਕੋਟ’ ਵਾਰ-ਵਾਰ ਯਾਦ ਆਉਂਦੀ ਰਹੀ। ਇਹ ਕਹਾਣੀ ਵੀ ਇਸ ਫਿਲਮ ਵਾਂਗ ਬੇਹੱਦ ਸਾਧਾਰਨ ਹੈ। ਕਹਾਣੀ ਵਿਚ ਅਕੇਈ ਨਾਮ ਦਾ ਸਰਕਾਰੀ ਕਲਰਕ ਹੈ ਜਿਸ ਦਾ ਗਰਮ ਕੋਟ ਇੰਨੀ ਜਗਾਹ ਤੋਂ ਪਾਟ ਚੁੱਕਿਆ ਹੈ ਕਿ ਉਹ ਆਪਣੇ ਦਫਤਰ ਵਿਚ ਮਜ਼ਾਕ ਦਾ ਪਾਤਰ ਬਣ ਗਿਆ ਹੈ। ਅੰਤ ਨੂੰ ਜਦੋਂ ਉਹ ਹੱਡ-ਤੋੜ ਮਿਹਨਤ ਕਰਨ ਤੋਂ ਬਾਅਦ ਨਵਾਂ ਗਰਮ ਕੋਟ ਸਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਸਖਤ ਸਰਦੀ ਦੀ ਇਕ ਸ਼ਾਮ ਨੂੰ ਦੋ ਠੱਗ ਉਸ ਦੀ ਮਾਰ-ਕੁੱਟ ਕਰ ਕੇ ਉਹ ਕੋਟ ਉਸ ਤੋਂ ਖੋਹ ਲੈਂਦੇ ਹਨ। ਉਸ ਦੀ ਕਿਤੇ ਸੁਣਵਾਈ ਨਹੀਂ ਹੁੰਦੀ।
ਹਰ ਪਾਸਿਉਂ ਨਿਰਾਸ਼ ਤੇ ਅਧਿਕਾਰੀਆਂ ਦੀ ਝਾੜ-ਝੰਬ ਦਾ ਮਾਰਿਆ ਅਕੇਈ ਆਖਰਕਾਰ ਸਖਤ ਬਿਮਾਰ ਹੋ ਜਾਂਦਾ ਹੈ ਅਤੇ ਫੌਤ ਹੋ ਜਾਂਦਾ ਹੈ। ਬਾਅਦ ਵਿਚ ਕਹਾਣੀ ਇਹ ਦੱਸਦੀ ਹੈ ਕਿ ਕਿਵੇਂ ਉਸ ਦਾ ਭੂਤ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਸਤਾਉਂਦਾ ਹੈ ਅਤੇ ਉਨ੍ਹਾਂ ਲਈ ਕੋਟ ਪਹਿਨਣਾ ਤਕਰੀਬਨ ਅਸੰਭਵ ਕਰ ਦਿੰਦਾ ਹੈ। ਅੰਤ ਇਸ ਕਹਾਣੀ ਨੂੰ ਰੂਸੀ ਭਾਸ਼ਾ ਵਿਚ ਲਿਖੀਆਂ ਗਈਆਂ ਕਹਾਣੀਆਂ ਵਿਚੋਂ ਗਰੀਬੀ ਦੇ ਭੂਤ ਨਾਲ ਵਾਬਾਸਤਾ ਯਾਦਗਾਰ ਕਹਾਣੀ ਦਾ ਦਰਜਾ ਮਿਲਿਆ। ਇਸ ਕਹਾਣੀ ਬਾਰੇ ਇਹ ਕਿਹਾ ਜਾਣ ਲੱਗਿਆ ਕਿ ਅਸੀਂ ਸਾਰੇ ਵੀ ਕਿਤੇ ਨਾ ਕਿਤੇ ਗਗੋਲ ਦੇ ਗਰਮ ਕੋਟ ਵਿਚੋਂ ਹੀ ਜਨਮੇ ਹਾਂ।
ਬਹਰਹਾਲ ਮਾਜਿਦ ਮਾਜੀਦੀ ਦੇ ਕਿਰਦਾਰਾਂ ‘ਚ ਅਕੇਈ ਵਾਲੀ ਉਦਾਸੀ ਤੇ ਨਾ-ਉਮੀਦੀ ਨਹੀਂ। ਉਨ੍ਹਾਂ ਵਿਚ ਜ਼ਿੰਦਗੀ ਦਾ ਸੰਗੀਤ ਧੜਕਦਾ ਹੈ ਅਤੇ ਉਨ੍ਹਾਂ ਨੂੰ ਗਰੀਬ ਪਰ ਸਵੈਮਾਣ ਤੇ ਮੁਹੱਬਤਾਂ ਨਾਲ ਭਰੀ ਜ਼ਿੰਦਗੀ ਦਾ ਖਾਕਾ ਖਿੱਚਣਾ ਤੇ ਉਸ ਵਿਚ ਰੰਗ ਭਰਨਾ ਆਉਂਦਾ ਹੈ। ਉਨ੍ਹਾਂ ਨੂੰ ਆਪਣੀ ਗਰੀਬੀ ਵਿਚ ਇੱਕ-ਦੂਜੇ ਦੇ ਮੋਹ ਵਿਚ ਅਸੰਭਵ ਸੁਪਨੇ ਲੈਣੇ ਭਾਰ ਨਹੀਂ ਲਗਦੇ। ਉਨ੍ਹਾਂ ਲਈ ਜ਼ਿੰਦਗੀ ਦਾ ਅਰਥ ਚੀਜ਼ਾਂ ਨਹੀਂ ਸਗੋਂ ਬਲਕਿ ਇੱਕ-ਦੂਜੇ ਦੇ ਬੋਲ, ਦਰਦ, ਮੁਸਕਰਾਹਟਾਂ ਅਤੇ ਤਸੱਲੀਆਂ ਹਨ। ਇਨ੍ਹਾਂ ਸਾਰੇ ਜਜ਼ਬਾਤ ਨੂੰ ਮਾਜਿਦ ਮਾਜੀਦੀ ਜਿੰਨੇ ਸੋਹਣੇ ਤਰੀਕੇ ਨਾਲ ਫਿਲਮਾਉਂਦਾ ਹੈ, ਫਿਲਮ ਦੇ ਕਲਾਕਾਰਾਂ ਦੀ ਸੁਭਾਵਿਕਤਾ ਅਤੇ ਮਾਸੂਮੀਅਤ ਉਸ ਨੂੰ ਕਈ ਗੁਣਾ ਜ਼ਰਬ ਦੇ ਦਿੰਦੀ ਹੈ।
ਫਿਲਮ ਦੀ ਕਹਾਣੀ ਅਨੁਸਾਰ ਅਲੀ ਅਤੇ ਉਸ ਦੀ ਭੈਣ ਜ਼ਾਹਿਰਾ ਆਪਣੇ ਗਰੀਬ ਮਾਪਿਆਂ ਨਾਲ ਕਿਰਾਏ ਦੇ ਘਰ ਵਿਚ ਰਹਿੰਦੇ ਹਨ। ਫਿਲਮ ਦੇ ਮੁਢਲੇ ਦ੍ਰਿਸ਼ਾਂ ਵਿਚ ਇੱਕ ਮੋਚੀ ਜੁੱਤੀ ਦਾ ਪਾਟਿਆ ਜੋੜਾ ਸਿਉਂ ਰਿਹਾ ਹੈ ਜਿਸ ਨੂੰ ਸਿਉਣ ਦੀ ਮਿਆਦ ਕਦੋਂ ਦੀ ਲੰਘ ਚੁੱਕੀ ਹੈ। ਅਲੀ ਬਾਜ਼ਾਰ ਵਿਚੋਂ ਘਰੇਲੂ ਜ਼ਰੂਰਤ ਦਾ ਸਾਮਾਨ ਖਰੀਦਣ ਆਇਆ ਹੋਇਆ ਹੈ। ਬਰੈੱਡ ਖਰੀਦਣ ਤੋਂ ਬਾਅਦ ਜਦੋਂ ਉਹ ਆਲੂ ਖਰੀਦਣ ਲਈ ਦੁਕਾਨ ਦੇ ਬਾਹਰ ਉਹ ਸਿਲਿਆ ਹੋਇਆ ਜੁੱਤੀਆਂ ਦਾ ਜੋੜਾ ਰੱਖ ਦਿੰਦਾ ਹੈ ਤਾਂ ਕਬਾੜੀ ਵਾਲਾ ਉਸ ਨੂੰ ਰੱਦੀ ਸਮਝ ਕੇ ਆਪਣੇ ਰੇਹੜੀ ਵਿਚ ਲੱਦ ਕੇ ਤੁਰਦਾ ਬਣਦਾ ਹੈ। ਅਲੀ ਦੀ ਸਾਰੀ ਦੁਨੀਆਂ ਹੀ ਰੁਕ ਜਾਂਦੀ ਹੈ। ਉਸ ਨੂੰ ਪਤਾ ਹੈ ਕਿ ਉਸ ਦੀ ਭੈਣ ਕੋਲ ਸਕੂਲ ਜਾਣ ਲਈ ਸਿਰਫ ਇਹੀ ਜੋੜਾ ਹੈ ਅਤੇ ਉਸ ਦੇ ਪਿਤਾ ਦੇ ਕੋਲ ਕੋਈ ਕੰਮ-ਕਾਜ ਨਾ ਹੋਣ ਕਾਰਨ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਹ ਇਸ ਮਹੀਨੇ ਜਾਂ ਅਗਲੇ ਮਹੀਨੇ ਨਵੀਂ ਜੁੱਤੀ ਖਰੀਦ ਸਕਣ। ਇਸ ਅਸਲੀਅਤ ਨੂੰ ਭਾਂਪਦਿਆਂ ਹੀ ਭੈਣ-ਭਰਾ, ਦੋਵਾਂ ਲਈ ਲਗਾਤਾਰ ਚਲਣ ਵਾਲਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਨਵੀਂ ਜੁੱਤੀ ਲਿਆਉਣ ਲਈ ਪ੍ਰੇਸ਼ਾਨ ਕੀਤੇ ਬਿਨਾਂ ਇੱਕ ਜੋੜੀ ਜੁੱਤੀ ਨਾਲ ਹੀ ਵਾਰੀ-ਵਾਰੀ ਸਕੂਲ ਜਾਣਾ ਹੈ। ਇਹ ਸਾਧਾਰਨ ਜਾਪਦੀ ਕਹਾਣੀ ਦੁਨੀਆਂ ਦੇ ਹਜ਼ਾਰਾਂ ਮੁਲਕਾਂ ਦੇ ਲੱਖਾਂ ਘਰਾਂ ਵਿਚ ਦੁਹਰਾਈ ਗਈ ਹੈ। ਗਰੀਬੀ ਕਾਰਨ ਨਿੱਕੇ ਤੋਂ ਨਿੱਕਾ ਸੁਪਨਾ ਵੀ ਘਸਮੈਲਾ ਹੋ ਜਾਂਦਾ ਹੈ। ਲੇਖਕ ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ‘ਜੂਠ’ ਵਿਚ ਇਸ ਨੂੰ ਇੰਨ-ਬਿੰਨ ਮਹਿਸੂਸ ਕੀਤਾ ਜਾ ਸਕਦਾ ਹੈ। ਗਰੀਬੀ ਸਰੀਰ ਨਾਲੋਂ ਆਤਮਾ ਨੂੰ ਵੱਧ ਬੇਦਰਦੀ ਤੇ ਬੇਰਹਿਮੀ ਨਾਲ ਕੁਤਰਦੀ ਹੈ। ਮਾਜਿਦ ਮਾਜੀਦੀ ਇਨ੍ਹਾਂ ਬੱਚਿਆਂ ਦੀ ਜੱਦੋ-ਜਹਿਦ ਵਿਚ ਮਨੁੱਖੀ ਸਵੈਮਾਣ ਅਤੇ ਸਮਰੱਥਾ ਦੀ ਸੰਭਾਵਨਾ ਤੇ ਉਮੀਦ ਭਰਦਾ ਹੈ। ਉਸ ਦੀ ਫਿਲਮ ਵਿਚ ਬੱਚਿਆਂ ਵਿਚ ਪਈ ‘ਅਸੰਭਵ ਨੂੰ ਸੰਭਵ’ ਬਣਾ ਦੇਣ ਦੀ ਜ਼ਿਦ ਦਰਸ਼ਕਾਂ ਨੂੰ ਵੀ ਸਾਹੋ-ਸਾਹ ਕਰੀ ਰੱਖਦੀ ਹੈ।
ਫਿਲਮ ਵਿਚ ਬਹੁਤ ਸਾਰੇ ਅਜਿਹੇ ਦ੍ਰਿਸ਼ ਹਨ ਜਿਹੜੇ ਰੋਜ਼ ਸਾਡੇ ਆਲੇ-ਦੁਆਲੇ ਵਾਪਰਦੇ ਹਨ ਪਰ ਅਸੀਂ ਜਿਊਣ ਦੀ ਸਾਧਾਰਨਤਾ ਵਿਚ ਇੰਨੇ ਗੁੰਮ ਹਾਂ ਕਿ ਸਾਡੇ ਆਲੇ-ਦੁਆਲੇ ਬਣਦੀ-ਵਿਗੜਦੀ ਇਹ ਦੁਨੀਆਂ ਖਬਰ ਤੋਂ ਵੱਧ ਕੁਝ ਨਹੀਂ ਹੁੰਦੀ। ਫਿਲਮ ਵਿਚ ਵੀ ਫਿਲਮਸਾਜ਼ ਅੰਤ ‘ਤੇ ਤਰੱਦਦ ਕਰਦਾ ਹੈ ਕਿ ਉਹ ਸਾਰੀ ਕਹਾਣੀ ਨੂੰ ਸੁਖਾਵਾਂ ਮੋੜ ਦੇ ਕੇ ਛੱਡ ਦੇਵੇ। ਉਹ ਅਲੀ ਲਈ ਅਜਿਹੇ ਮੁਕਾਬਲੇ ਦੀ ਕਲਪਨਾ ਕਰਦਾ ਹੈ ਜਿਸ ਰਾਹੀਂ ਉਹ ਆਪਣੀ ਭੈਣ ਲਈ ਨਵੀਂ ਜੁੱਤੀ ਜਿੱਤ ਸਕੇ। ਫਿਲਮਸਾਜ਼ ਤੇ ਦਰਸ਼ਕਾਂ, ਦੋਵਾਂ ਨੂੰ ਪਤਾ ਹੈ ਕਿ ਇਹ ਤਸੱਲੀ ਝੂਠੀ ਹੈ, ਜ਼ਿੰਦਗੀ ਗਰੀਬਾਂ ਨਾਲ ਅਜਿਹੇ ਚਮਤਕਾਰ ਨਹੀਂ ਕਰਦੀ। ਇਸ ਫਿਲਮ ਦਾ ਅਸਲ ਜਾਦੂ ਉਨ੍ਹਾਂ ਪਲਾਂ ਵਿਚ ਛੁਪਿਆ ਹੋਇਆ ਹੈ ਜਿਨ੍ਹਾਂ ਵਿਚ ਇਹ ਭੈਣ-ਭਰਾ ਅਤੇ ਇਹ ਪੂਰਾ ਇਰਾਨੀ ਪਰਿਵਾਰ ਇੱਕ-ਦੂਜੇ ਦੇ ਦਿਲਾਂ ਦੀ ਥਾਹ ਪਾਉਣ ਦੀ ਕੋਸ਼ਿਸ ਕਰਦਾ ਹੈ। ਇਨ੍ਹਾਂ ਦਾ ਇੱਕ-ਦੂਜੇ ਨੂੰ ਭੁੱਖਾਂ, ਥੁੜ੍ਹਾਂ, ਤਰਸੇਵਿਆਂ ਅਤੇ ਹੇਰਵਿਆਂ ਤੋਂ ਬਚਾਉਣ ਦਾ ਅਮਲ ਇਸ ਫਿਲਮ ਨੂੰ ਦੁਨੀਆਂ ਦੀਆਂ ਅਜਿਹੀਆਂ ਚੰਦ ਸਿਨੇਮਈ ਕਹਾਣੀਆਂ ਵਿਚ ਲਿਆ ਖੜਾ੍ਹ ਕਰਦਾ ਹੈ ਜਿੱਥੇ ਤਥਾਕਥਿਤ ਰੱਬ (ਜੇ ਗਲਤੀ ਨਾਲ ਕਿਤੇ ਹੈ!) ਇਨ੍ਹਾਂ ਜਿੰਦਾਂ ਦੇ ਮੂਹਰੇ ਸ਼ਰਮਿੰਦਾ ਹੋ ਜਾਂਦਾ ਹੈ। ਮਾਜਿਦ ਮਾਜੀਦੀ ਦੀ ਇਸ ਫਿਲਮ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਹ ਫਿਲਮ ਭੋਰਾ ਭਰ ਵੀ ਗਰੀਬੀ ਨੂੰ ਗਲੈਮਰਾਈਜ਼ ਨਹੀਂ ਕਰਦੀ ਅਤੇ ਨਾ ਹੀ ਇਸ ਉਪਰ ਇਹ ਇਲਜ਼ਾਮ ਲਗਾਇਆ ਜਾ ਸਕਦਾ ਹੈ ਕਿ ਇਹ ਇਰਾਨ ਦੀ ਗਰੀਬੀ ਨੂੰ ਹਾਲੀਵੁੱਡ ਦੇ ਫਿਲਮ ਮੇਲਿਆਂ ਵਿਚ ‘ਵੇਚਦੀ’ ਹੈ ਸਗੋਂ ਇਹ ਫਿਲਮ ਤਾਂ ਸਰਮਾਏਦਾਰੀ ਪ੍ਰਬੰਧ ਵਿਚ ਜੀਅ ਰਹੇ ਪਦਾਰਥਵਾਦੀ ਤੇ ਖਪਤਕਾਰੀ ਸਮਾਜਾਂ ਨੂੰ ਸਾਂਝੀਆਂ ਕਦਰਾਂ-ਕੀਮਤਾਂ ਅਤੇ ਪਰਿਵਾਰਕ ਤੰਦਾਂ ਦੀ ਅਹਿਮੀਅਤ ਦਾ ਸੱਦਾ ਦਿੰਦੀ ਹੈ।
ਫਿਲਮ ਮੁੱਖ ਰੂਪ ਵਿਚ ਅਲੀ ਅਤੇ ਜ਼ਾਹਿਰਾ ਦੀ ਫਿਲਮ ਹੈ। ਇਹ ਫਿਲਮ ਆਸਕਰ ਲਈ ਜਾਣ ਵਾਲੀ ਇਰਾਨ ਦੀ ਪਹਿਲੀ ਫਿਲਮ ਸੀ। ਫਿਲਮ ਵਿਚ ਇਰਾਨ ਦੇ ਘਰ, ਗਲੀਆਂ, ਰਸਤੇ ਅਤੇ ਰਸਤਿਆਂ ਵਿਚ ਤੁਰੇ ਫਿਰਦੇ ਅਜਨਬੀ ਕਿਰਦਾਰ ਵੀ ਆਪਣੀਆਂ ਕਹਾਣੀਆਂ ਬਿਆਨ ਕਰਦੇ ਹਨ। ਜ਼ਾਹਿਰਾ ਹਰ ਕੁੜੀ ਦੇ ਪੈਰੀਂ ਪਾਈ ਜੁੱਤੀ ਨੂੰ ਨੀਝ ਨਾਲ ਤੱਕਦੀ ਰਹਿੰਦੀ ਹੈ। ਅਲੀ ਸਾਰੀ ਫਿਲਮ ਵਿਚ ਜ਼ਾਹਿਰਾ ਦੀ ਜੁੱਤੀ ਗੁਆਉਣ ਦੀ ਗਿਲਾਨੀ ਨਾਲ ਭਰਿਆ ਰਹਿੰਦਾ ਹੈ। ਉਨ੍ਹਾਂ ਦਾ ਪਿਉ ਉਨ੍ਹਾਂ ਨਾਲ ਜੋ ਕੁਝ ਵਾਪਰ ਰਿਹਾ ਹੈ, ਉਸ ਸਭ ਕਾਸੇ ਤੋਂ ਅਣਜਾਣ ਹੋ ਕੇ ਵੀ ਅਣਜਾਣ ਨਹੀਂ। ਉਸ ਨੂੰ ਆਪਣੇ ਦੋਹਾਂ ਬੱਚਿਆਂ ਦੀ ਹਿੰਮਤ ‘ਤੇ ਭਰੋਸਾ ਹੈ ਜਦਕਿ ਜ਼ਿੰਦਗੀ ਉਸ ਦੀ ਆਪਣੀ ਹਿੰਮਤ ਦਾ ਰੋਜ਼ ਨਵਾਂ ਇਮਤਿਹਾਨ ਲੈਂਦੀ ਹੈ। ਉਨ੍ਹਾਂ ਦੀ ਮਾਂ ਦੀ ਦੁਨੀਆਂ ਉਨ੍ਹਾਂ ਦੇ ਦੁਆਲੇ ਘੁੰਮਦੀ ਹੈ। ਸਾਰੇ ਕਿਰਦਾਰ ਅਜਿਹੇ ਅਨੰਤ ਮੋਹ ਦੀ ਤੰਦ ਵਿਚ ਬੱਝੇ ਹੋਏ ਹਨ ਕਿ ਤੁਸੀਂ ਕਿਸੇ ਇੱਕ ਦਾ ਦਿਲ ਟੋਹੋ ਤਾਂ ਅੰਦਰੋਂ ਦੂਜੇ ਦਾ ਝਲਕਾਰਾ ਪੈਂਦਾ ਹੈ। ਇਨ੍ਹਾਂ ਆਲੇ-ਭੋਲਿਆਂ ਦੇ ਫਿਲਮਸਾਜ਼ ਮਾਜਿਦ ਮਾਜੀਦੀ ਦਾ ਦਿਲ ਵੀ ਇਨ੍ਹਾਂ ‘ਚ ਹੀ ਕਿਤੇ ਧੜਕਦਾ ਹੈ।