ਸੰਗੀਤਕਾਰ ਏ.ਆਰ. ਰਹਿਮਾਨ: ਜ਼ਿੰਦਗੀ ਦੀਆਂ ਸੁਰਾਂ

ਫਿਲਮੀ ਦੁਨੀਆਂ ਵਿਚ ਵਿਤਕਰਾ ਕੋਈ ਨਵੀਂ ਗੱਲ ਨਹੀਂ ਪਰ ਜਦੋਂ ਇਹ ਵਿਤਕਰਾ ਮਿਥ ਕੇ ਕੀਤਾ ਜਾਂਦਾ ਹੈ ਤਾਂ ਇਸ ਨੂੰ ਝੱਲਣਾ ਦਰਦਨਾਕ ਹੋ ਨਿਬੜਦਾ ਹੈ। ਪਿਛਲੇ ਕੁਝ ਸਮੇਂ ਤੋਂ ਫਿਲਮੀ ਦੁਨੀਆਂ ਅੰਦਰ ‘ਅੰਦਰਲਿਆਂ’ ਅਤੇ ‘ਬਾਹਰਲਿਆਂ’ ਬਾਰੇ ਵਾਹਵਾ ਚਰਚਾ ਛਿੜੀ ਹੋਈ ਹੈ। ‘ਅੰਦਰਿਲਆਂ’ ਵਿਚ ਉਹ ਲੋਕ ਸ਼ਾਮਲ ਹੈ ਜਿਨ੍ਹਾਂ ਦਾ ਚਿਰਾਂ ਤੋਂ ਫਿਲਮ ਜਗਤ ਵਿਚ ਦਬਦਬਾ ਹੈ ਅਤੇ ਇਨ੍ਹਾਂ ਲੋਕਾਂ ਦੇ ਨਿਆਣੇ ਤੇ ਹੋਰ ਨੇੜਲੇ ਕੰਮ ਹਾਸਲ ਕਰਨ ਵਿਚ ਕਾਮਯਾਬ ਰਹਿੰਦੇ ਹਨ।

ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਨ੍ਹਾਂ ਸ਼ਖਸੀਅਤਾਂ ਦੇ ਬੱਚੇ ਪ੍ਰਤਿਭਾਸ਼ਾਲੀ ਨਾ ਹੋਣ ਦੇ ਬਾਵਜੂਦ ਕੰਮ ਕਰਦੇ ਰਹਿੰਦੇ ਹਨ। ਦੂਜੇ ਪਾਸੇ ਫਿਲਮ ਜਗਤ ਵਿਚ ਸੰਘਰਸ਼ ਕਰ ਕੇ ਦਾਖਲ ਹੋਣ ਵਾਲੇ ਹਨ ਜੋ ਅੱਜਕੱਲ੍ਹ ‘ਬਾਹਰਲੇ’ ਬਣੇ ਹੋਏ ਹਨ। ਪ੍ਰਤਿਭਾਸ਼ਾਲੀ ਹੋਣ ਦੇ ਬਾਵਜਹੂਦ ਇਨ੍ਹਾਂ ਨੂੰ ਕੰਮ ਹਾਸਲ ਕਰਨ ਲਈ ਬਹੁਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਵਾਰ ਤਾਂ ਮਿਲਿਆ ਹੋਇਆ ਕੰਮ ਵੀ ਕੋਈ ਹੋਰ ਖੋਹ ਕੇ ਲੈ ਜਾਂਦਾ ਹੈ। ਅਸਲ ਵਿਚ ਫਿਲਮ ਜਗਤ ਵਿਚ ਇਕ-ਦੂਜੇ ਨੂੰ ਠਿੱਬੀ ਲਾਉਣ ਦੀ ਰੁਚੀ ਭਾਰੂ ਰਹੀ ਹੈ।
ਇਸ ਪ੍ਰਸੰਗ ਵਿਚ ਹੁਣ ਮਸ਼ਹੂਰ, ਆਸਕਰ ਇਨਾਮ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਆਪਣਾ ਦਰਦ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਹਿੰਦੀ ਫਿਲਮਾਂ ਵਿਚ ਬਹੁਤਾ ਕੰਮ ਨਹੀਂ ਮਿਲ ਰਿਹਾ ਅਤੇ ਇਕ ਪੂਰਾ ਗਿਰੋਹ ਦਾ ਗਿਰੋਹ ਉਸ ਦੇ ਖਿਲਾਫ ਹੈ। ਉਸ ਨੇ ਹਾਲ ਹੀ ਵਿਚ ਰਿਲੀਜ਼ ਹੋਈ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਦਿਲ ਬੇਚਾਰਾ’ ਦੇ ਡਾਇਰੈਕਟਰ ਮੁਕੇਸ਼ ਛਾਬੜਾ ਦੇ ਹਵਾਲੇ ਨਾਲ ਕਿਹਾ ਹੈ ਕਿ ਕੁਝ ਲੋਕ ਹਿੰਦੀ ਫਿਲਮ ਜਗਤ ਵਿਚ ਉਹਦੇ ਬਾਰੇ ਕਈ ਕਿਸਮ ਦੀਆਂ ਕਹਾਣੀਆਂ ਘੁਮਾ ਰਹੇ ਹਨ ਅਤੇ ਇਕ-ਦੂਜੇ ਨੂੰ ਕਹਿ ਰਹੇ ਹਨ ਕਿ ਕੰਮ ਲਈ ਉਸ (ਏ.ਆਰ. ਰਹਿਮਾਨ) ਤੱਕ ਪਹੁੰਚ ਨਾ ਕੀਤੀ ਜਾਵੇ। ਰਹਿਮਾਨ ਨੇ ਦੱਸਿਆ, “ਜਦੋਂ ਮੁਕੇਸ਼ ਛਾਬੜਾ ਮੇਰੇ ਕੋਲ ਆਏ ਤਾਂ ਮੈਂ ਉਨ੍ਹਾਂ ਨੂੰ ਦੋ ਦਿਨਾਂ ਵਿਚ ਚਾਰ ਗੀਤ ਦਿੱਤੇ। ਇਸ ਤੋਂ ਬਾਅਦ ਜਦੋਂ ਗੱਲਾਂ ਖੁੱਲ੍ਹੀਆਂ ਤਾਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਹਿੰਦੀ ਫਿਲਮਾਂ ਵਿਚ ਕੰਮ ਕਿਉਂ ਨਹੀਂ ਮਿਲ ਰਿਹਾ।”
ਯਾਦ ਰਹੇ ਕਿ ਏ.ਆਰ. ਰਹਿਮਾਨ ਨੇ ‘ਗੁਰੂ’, ‘ਰੌਕਸਟਾਰ’, ‘ਦਿਲ ਸੇ’, ‘ਰੋਜਾ’, ‘ਰਾਂਝਨਾ’, ‘ਸਵਦੇਸ’ ਵਰਗੀਆਂ ਫਿਲਮਾਂ ਲਈ ਸੰਗੀਤ ਦਿੱਤਾ ਹੈ ਅਤੇ ਉਸ ਦੇ ਬਥੇਰੇ ਗੀਤ ਲੋਕਾਂ ਵਿਚ ਮਕਬੂਲ ਹੋਏ ਹਨ। ਉਹ ਛੇ ਵਾਰ ਕੌਮੀ ਇਨਾਮ ਅਤੇ ਦੋ-ਦੋ ਵਾਰ ਆਸਕਰ ਤੇ ਗਰੈਮੀ ਹਾਸਲ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਹ ਹੋਰ ਬਹੁਤ ਸਾਰੇ ਇਨਾਮ ਅਤੇ ਮਾਣ ਹਾਸਲ ਕਰ ਚੁੱਕਾ ਹੈ। ਸਾਲ 2010 ਵਿਚ ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਣ ਖਿਤਾਬ ਨਾਲ ਨਵਾਜਿਆ। ਉਸ ਨੇ ਮੁੱਖ ਰੂਪ ਵਿਚ ਤਮਿਲ ਵਿਚ ਕੰਮ ਕੀਤਾ ਹੈ ਪਰ ਉਹ ਇੰਨਾ ਪ੍ਰਤਿਭਾਸ਼ਾਲੀ ਸੀ ਕਿ ਛੋਟੀ ਉਮਰ ਵਿਚ ਹੀ ਉਹ ਸੰਸਾਰ ਭਰ ਵਿਚ ਛਾ ਗਿਆ ਸੀ। ਇਸ ਮਾਮਲੇ ‘ਤੇ ਬਹੁਤ ਸਾਰੇ ਲੋਕਾਂ ਨੇ ਰਹਿਮਾਨ ਦਾ ਸਮਰਥਨ ਕੀਤਾ ਹੈ। -ਆਮਨਾ ਕੌਰ