ਕੈਪਟਨ ਦੀ ਸਖਤੀ ਦੇ ਬਾਵਜੂਦ ਖੇਤੀ ਆਰਡੀਨੈਂਸਾਂ ਖਿਲਾਫ ਡਟੇ ਕਿਸਾਨ

ਚੰਡੀਗੜ੍ਹ: ਕਰੋਨਾ ਮਹਾਮਾਰੀ ਬਹਾਨੇ ਕੈਪਟਨ ਸਰਕਾਰ ਦੀ ਸਖਤੀ ਦੇ ਬਾਵਜੂਦ ਕਿਸਾਨਾਂ ਜਥੇਬੰਦੀਆਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਖਿਲਾਫ ਮੋਰਚੇ ਉਤੇ ਡਟੀਆਂ ਹੋਈਆਂ ਹਨ। ਆਰਡੀਨੈਂਸਾਂ ਦੇ ਵਿਰੋਧ ‘ਚ 13 ਕਿਸਾਨ ਜਥੇਬੰਦੀਆਂ ਦੇ ਦਿੱਤੇ ਸੰਘਰਸ਼ ਦੇ ਸੱਦੇ ਤਹਿਤ ਕਿਸਾਨਾਂ ਦੇ ਟਰੈਕਟਰ ਕਾਫਲਿਆਂ ਨੇ ਸਰਕਾਰਾਂ ਦੀ ਜਾਗ ਖੋਲ੍ਹੀ ਹੈ।

ਪੰਜਾਬ ‘ਚ ਖੇਤੀ ਆਰਡੀਨੈਂਸਾਂ ਖਿਲਾਫ ਨਿਆਣੇ ਵੀ ਸੰਘਰਸ਼ੀ ਪਿੜ ‘ਚ ਉਤਰੇ ਹਨ। ਪਿੰਡੋਂ ਪਿੰਡ ਜੋ ਸੰਘਰਸ਼ੀ ਬਿਗਲ ਵੱਜਿਆ ਹੈ, ਉਸ ‘ਚ ਔਰਤਾਂ ਵੀ ਘਰਾਂ ‘ਚੋਂ ਨਿਕਲੀਆਂ ਹਨ। ਪਿੰਡਾਂ ਵਿਚ ਜੋ ਅਰਥੀ ਫੂਕ ਮੁਜ਼ਾਹਰੇ ਚੱਲ ਰਹੇ ਹਨ, ਉਨ੍ਹਾਂ ‘ਚ ਸਕੂਲੀ ਬੱਚਿਆਂ ਦੀ ਮੌਜੂਦਗੀ ਕੇਂਦਰ ਲਈ ਇਕ ਨਵਾਂ ਸੁਨੇਹਾ ਹੈ। ਭਾਵੇਂ ਸਕੂਲੀ ਬੱਚੇ ਖੇਤੀ ਆਰਡੀਨੈਂਸਾਂ ਦੇ ਵੱਡੇ ਮਾਅਨਿਆਂ ਤੋਂ ਅਣਜਾਣ ਹਨ ਪਰ ਖੇਤਾਂ ਨੂੰ ਪੈਣ ਵਾਲੀ ਚਾਨਣੀ ਦੀ ਸੋਝੀ ਜ਼ਰੂਰ ਰੱਖਦੇ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਬੀਕੇਯੂ (ਡਕੌਂਦਾ), ਬੀਕੇਯੂ (ਕ੍ਰਾਂਤੀਕਾਰੀ), ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਕਿਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਸਭਾ ਵੱਲੋਂ ਆਪੋ ਆਪਣੇ ਪੱਧਰ ‘ਤੇ ਪਿੰਡਾਂ ਵਿਚ ਸੰਘਰਸ਼ੀ ਮੈਦਾਨ ਨੂੰ ਭਖਦਾ ਰੱਖਿਆ ਹੋਇਆ ਹੈ। ਕਿਸਾਨ ਧਿਰਾਂ ਦਾ ਕਹਿਣਾ ਹੈ ਕਿ ਸੰਘਰਸ਼ੀ ਧਿਰਾਂ ਉਤੇ ਪੁਲਿਸ ਦਾ ਦਾਬਾ ਪਾਉਣਾ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਕੇਂਦਰੀ ਆਰਡੀਨੈਂਸਾਂ ਨੂੰ ਲਾਗੂ ਕਰਾਉਣ ਵਿਚ ਭਾਗੀਦਾਰ ਬਣ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਖੇਤਾਂ ਵਿਚ ਜੀਰੀ ਦੀ ਲਵਾਈ ਮਗਰੋਂ ਕੰਮ ਘਟ ਗਿਆ ਹੈ ਜਿਸ ਕਰਕੇ ਕਿਸਾਨਾਂ ‘ਚ ਆਰਡੀਨੈਂਸ ਦੀ ਮਾਰ ਦੇ ਫਿਕਰ ਵਧੇ ਹਨ। ਹੁਣ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿਚ ਠੀਕ-ਠਾਕ ਵਿਕਣ ਦੀ ਚਿੰਤਾ ਪਈ ਹੋਈ ਹੈ। ਉਧਰ, ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੀ ਆੜ ਹੇਠ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਆਰਡੀਨੈਸਾਂ ਨੂੰ ਵਾਪਸ ਲੈਣ। ਉਹ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਸਾਥ ਛੱਡਣ ਵਿਚ ਦੇਰੀ ਜ਼ਰੂਰ ਹੋਈ ਹੈ ਪਰ ਉਹ ਬਿਨਾ ਦਾਗ ਦੇ ਬਾਹਰ ਆਏ ਹਨ ਅਤੇ ਹੁਣ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਲੜਾਈ ਜ਼ੋਰਦਾਰ ਢੰਗ ਨਾਲ ਲੜੀ ਜਾਵੇਗੀ।
_____________________________________________
ਭਾਅ ਨਾਲ ਛੇੜਛਾੜ ਨਹੀਂ ਹੋਣ ਦਿਆਂਗੇ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਣਕ ਤੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਨਾਲ ਕੋਈ ਵੀ ਛੇੜਛਾੜ ਨਹੀਂ ਹੋਣ ਦੇਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਏ.ਪੀ.ਐਮ.ਸੀ. ਐਕਟ ਵਿਚ ਸੋਧ ਕਰਨ ਦਾ ਵਾਅਦਾ ਕੀਤਾ ਸੀ ਤੇ ਹੁਣ ਕਾਂਗਰਸ ਪਾਰਟੀ ਘੱਟੋ ਘੱਟ ਸਮਰਥਨ ਅਤੇ ਯਕੀਨੀ ਮੰਡੀਕਰਨ ਦੀ ਵਿਵਸਥਾ ਖਤਮ ਹੋਣ ਦਾ ਕੂੜ ਪ੍ਰਚਾਰ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਵੱਲੋਂ ਮੱਕੀ ਉਤਪਾਦਕ ਕਿਸਾਨਾਂ ਦੀ ਜਿਣਸ ਖਰੀਦਣ ਵਿਚ ਅਸਫਲ ਰਹਿਣ ਉਤੇ ਕਾਂਗਰਸ ਪਾਰਟੀ ਦੀ ਨਿਖੇਧੀ ਕੀਤੀ ਤੇ ਪ੍ਰਾਈਵੇਟ ਕੰਪਨੀਆਂ ਤੋਂ ਮਹਿੰਗੇ ਭਾਅ ਖੇਤੀਬਾੜੀ ਮਸ਼ੀਨਰੀ ਖਰੀਦੇ ਜਾਣ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ।
__________________________________________
ਕੇਂਦਰ ਸਰਕਾਰ ਦੀ ਨੀਤੀ ਸੰਘੀ ਢਾਂਚੇ ਲਈ ਖਤਰਾ: ਜਾਖੜ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੱਤਾ ਦੇ ਲਾਲਚ ਵਿਚ ਆਪਣੀਆਂ ਵਿਰੋਧੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਨੂੰ ਧਨ ਬਲ ਨਾਲ ਅਸਥਿਰ ਕਰਕੇ ਜਮਹੂਰੀਅਤ ਦੀ ਹੱਤਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗੋਆ ਤੇ ਮੱਧ ਪ੍ਰਦੇਸ਼ ਅਤੇ ਹੁਣ ਰਾਜਸਥਾਨ ਵਿਚ ਭਾਜਪਾ ਨੇ ਜਿਸ ਤਰੀਕੇ ਜਮਹੂਰੀਅਤ ਦਾ ਘਾਣ ਕੀਤਾ ਹੈ, ਉਹ ਸਾਡੇ ਦੇਸ਼ ਦੇ ਸੰਘੀ ਢਾਂਚੇ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਦੀ ਇਸ ਧੱਕੇਸ਼ਾਹੀ ਖਿਲਾਫ ਚੁੱਪ ਨਹੀਂ ਬੈਠੇਗੀ। ਉਨ੍ਹਾਂ ਸਮੂਹ ਪਾਰਟੀ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਭਾਜਪਾ ਦੀ ਜਮਹੂਰੀਅਤ ਵਿਰੋਧੀ ਸੋਚ ਖਿਲਾਫ ਸੋਸ਼ਲ ਮੀਡੀਆ ਉਤੇ ਆਪਣੇ ਵੀਡੀਓ ਸ਼ੇਅਰ ਕਰਨ ਤਾਂ ਜੋ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾ ਸਕੇ।