ਸਵਾਂਗ ਮਾਮਲਾ: ਡੇਰਾ ਮੁਖੀ ਨਾਲ ਲਿਹਾਜ਼ ਬਾਰੇ ਸੁਖਬੀਰ ਨੂੰ ਸਵਾਲ

ਜਲੰਧਰ: ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਡੇਰਾ ਮੁਖੀ ਸਵਾਂਗ ਰਚਣ ਦੇ ਮਾਮਲੇ ਵਿਚ ਕਿਵੇਂ ਬਚਿਆ, ਇਸ ਬਾਰੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਖਿਲਾਫ ਸਾਲ 2007 ‘ਚ ਸਵਾਂਗ ਰਚਣ ਦਾ ਮਾਮਲਾ ਦਰਜ ਹੋਇਆ ਸੀ ਪਰ ਉਸ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਗਿਆ।

ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਨੇ ਡੇਰਾ ਮੁਖੀ ਵਿਰੁੱਧ ਪੰਜ ਸਾਲ ਤੱਕ ਚਲਾਨ ਪੇਸ਼ ਕਰਨ ਦੀ ਥਾਂ ਕੇਸ ਰੱਦ ਕਰਨ ਦੀ ਅਰਜ਼ੀ ਕਿਉਂ ਦਾਇਰ ਕੀਤੀ ਸੀ? ਉਨ੍ਹਾਂ ਆਖਿਆ ਕਿ 2007 ਵਿਚ ਗ੍ਰਹਿ ਵਿਭਾਗ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਕੋਲ ਸੀ ਅਤੇ ਫਿਰ 2009 ਵਿਚ ਉਪ ਮੁੱਖ ਮੰਤਰੀ ਬਣਨ ਉਤੇ ਇਹ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਚਲਾ ਗਿਆ। ਉਨ੍ਹਾਂ ਕਿਹਾ ਕਿ ਇੰਨੇ ਚਰਚਿਤ ਕੇਸ ‘ਚ ਚਲਾਨ ਪੇਸ਼ ਨਾ ਹੋਣਾ ਸ਼ੰਕੇ ਖੜ੍ਹੇ ਕਰਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਨੇ 2007 ਵਿਚ ਡੇਰਾ ਮੁਖੀ ਉਤੇ ਸ਼ਿਕੰਜਾ ਕੱਸਿਆ ਹੁੰਦਾ ਤਾਂ ਬੇਅਦਬੀ ਵਰਗੀਆਂ ਘਟਨਾਵਾਂ ਨਾ ਵਾਪਰਦੀਆਂ।
ਪੰਜਾਬ ਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ 2007 ਤੋਂ ਬਾਅਦ ਵਾਪਰੀਆਂ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਸ਼ਾਕ ਦਾ ਮਾਮਲਾ ਏਨਾ ਗਰਮਾਇਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਾਰੀ ਤਾਕਤ ਸਫਾਈ ਦੇਣ ਉਤੇ ਲਾ ਦਿੱਤੀ ਹੈ। ਪੁਸ਼ਾਕ ਬਾਰੇ ਜਾਂਚ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਪੰਜਾਬ ਪੁਲਿਸ ਨੇ ਚੁੱਪ-ਚੁਪੀਤੇ 27 ਜਨਵਰੀ 2012 ਨੂੰ ਬਠਿੰਡਾ ਅਦਾਲਤ ਵਿਚ ਕੇਸ ਰੱਦ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ, ਜਿਸ ਨੂੰ ਅਦਾਲਤ ਨੇ ਅਗਸਤ 2014 ਵਿਚ ਸਵੀਕਾਰ ਕਰ ਲਿਆ। ਜਦਕਿ ਹਾਈ ਕੋਰਟ ਵਿਚ ਆਈ.ਜੀ. ਪੱਧਰ ਦੇ ਅਧਿਕਾਰੀ ਨੇ ਇਹ ਹਲਫਨਾਮਾ ਦਾਇਰ ਕੀਤਾ ਸੀ ਕਿ ਡੇਰਾ ਮੁਖੀ ਵਿਰੁੱਧ ਪੁਖਤਾ ਲੋੜੀਂਦੇ ਸਬੂਤ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਨੇ ਸਾਲ 2009 ਤੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2012 ਤੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਡੇਰਾ ਸਮਰਥਕਾਂ ਦੀਆਂ ਵੋਟਾਂ ਦੀ ਖਾਤਰ ਡੇਰਾ ਮੁਖੀ ਨੂੰ ਬਚਾਇਆ ਸੀ।
___________________________________________________
ਡੇਰਾ ਮੁਖੀ ਦੀ ਤੁਲਨਾ ਗੁਰੂਆਂ ਪੈਗੰਬਰਾਂ ਨਾਲ ਕਰਨ ਤੋਂ ਵਿਵਾਦ
ਚੰਡੀਗੜ੍ਹ: ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਇਕ ਪੈਰੋਕਾਰ ਨੂੰ ਭੇਜੇ ਕਾਨੂੰਨੀ ਨੋਟਿਸ ਦੇ ਜਵਾਬ ਵਿਚ ਉਕਤ ਪੈਰੋਕਾਰ ਨੇ ਡੇਰਾ ਮੁਖੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਤੇ ਪੈਗੰਬਰਾਂ ਨਾਲ ਕੀਤੀ ਹੈ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ‘ਚ ਸਜ਼ਾ ਭੁਗਤ ਰਹੇ ਵਿਅਕਤੀ ਦੀ ਤੁਲਨਾ ਸਿੱਖ ਗੁਰੂਆਂ ਜਾਂ ਪੈਗੰਬਰਾਂ ਨਾਲ ਕਰਨੀ ਇਕ ਬੱਜਰ ਅਪਰਾਧ ਹੈ ਤੇ ਪਾਰਟੀ ਇਸ ਮਾਮਲੇ ਵਿਚ ਸੂਬੇ ਭਰ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰਵਾਏਗੀ। ਅਕਾਲੀ ਆਗੂ ਨੇ ਡੇਰੇ ਦੀ ਪੈਰੋਕਾਰ ਦੀ ਹਮਾਇਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਭਰ ਵਿਚ ਅਕਾਲੀ ਵਰਕਰ ਪੁਲਿਸ ਥਾਣਿਆਂ ਵਿਚ ਪਹੁੰਚ ਕੇ ਡੇਰੇ ਦੀ ਪੈਰੋਕਾਰ ਖਿਲਾਫ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕਰਨਗੇ।
ਉਨ੍ਹਾਂ ਆਖਿਆ ਕਿ ਡੇਰਾ ਪੈਰੋਕਾਰ ਸਾਜ਼ਿਸ਼ ਦਾ ਹਿੱਸਾ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਡੇਰਾ ਪੈਰੋਕਾਰ ਨੇ ਇਕ ਟੈਲੀਵਿਜ਼ਨ ਚੈਨਲ ‘ਤੇ ਪ੍ਰੋਗਰਾਮ ਦੌਰਾਨ ਸੁਖਬੀਰ ਸਿੰਘ ਬਾਦਲ ਬਾਰੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਅਕਾਲੀ ਦਲ ਵੱਲੋਂ ਡੇਰਾ ਪੈਰੋਕਾਰ ਅਤੇ ਚੈਨਲ ਦੇ ਪ੍ਰਬੰਧਕਾਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਦੇ ਜਵਾਬ ਵਿਚ ਡੇਰਾ ਪੈਰੋਕਾਰ ਨੇ ਅਕਾਲੀ ਦਲ ਤੋਂ ਮੁਆਫੀ ਮੰਗ ਲਈ ਹੈ।