ਬਹਾਦਰ ਸਿੰਘਣੀਆਂ-2

ਡਾæ ਗੁਰਨਾਮ ਕੌਰ ਕੈਨੇਡਾ
ਬੀਬੀ ਸ਼ਰਨ ਕੌਰ: ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੀ ਹੀ ਬੀਬੀ ਸ਼ਰਨ ਕੌਰ ਦਾ ਨਾਂ ਵੀ ਬਹੁਤ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਕਿਉਂਕਿ ਉਹ ਅਜਿਹੀ ਬਹਾਦਰ ਬੀਬੀ ਹੋਈ ਹੈ ਜਿਸ ਨੇ ਖਤਰਿਆਂ ਨਾਲ ਖੇਲਣ ਤੋਂ ਕਦੇ ਗੁਰੇਜ਼ ਨਹੀਂ ਸੀ ਕੀਤਾ ਅਤੇ ਤਨੋਂ, ਮਨੋਂ ਸਿੱਖ ਰਾਜ ਦੀ ਸੇਵਾ ਕੀਤੀ। ਸ਼ਰਨ ਕੌਰ ਦਾ ਮੁਢਲਾ ਨਾਂ ਸ਼ਰਨੀ ਸੀ ਜੋ ਉਤਰੀ-ਪੱਛਮੀ ਪੰਜਾਬ ਦੇ ਇੱਕ ਹਿੰਦੂ ਪਰਿਵਾਰ ਵਿਚ ਪੈਦਾ ਹੋਈ। ਇਸ ਇਲਾਕੇ ਵਿਚ ਹਿੰਦੂ ਵੱਸੋਂ ਨਾਂਮਾਤਰ ਸੀ ਅਤੇ 90% ਤੋਂ ਵੀ ਵੱਧ ਵੱਸੋਂ ਮੁਸਲਮਾਨ ਪਠਾਣਾਂ ਅਤੇ ਅਫਗਾਨਾਂ ਦੀ ਸੀ। ਸ਼ਰਨ ਕੌਰ ਦਾ ਪਿਤਾ ਇੱਕ ਆਮ ਦੁਕਾਨਦਾਰ ਸੀ। 16 ਸਾਲ ਦੀ ਉਮਰ ਤੱਕ ਪਹੁੰਚਦਿਆਂ ਸ਼ਰਨ ਕੌਰ ਦਾ ਵਿਆਹ ਨੇੜੇ ਦੇ ਪਿੰਡ ਦੇ ਨੌਜੁਆਨ ਜਗਤ ਰਾਮ ਨਾਲ ਹੋ ਗਿਆ। ਦੋਵਾਂ ਪਿੰਡਾਂ ਦੇ ਰਸਤੇ ਵਿਚ ਜੰਗਲ ਪੈਂਦਾ ਸੀ। ਜਦੋਂ ਬਰਾਤ ਡੋਲੀ ਲੈ ਕੇ ਵਾਪਸ ਆਪਣੇ ਪਿੰਡ ਨੂੰ ਆ ਰਹੀ ਸੀ ਤਾਂ ਜੰਗਲ ਵਿਚੋਂ ਗੁਜ਼ਰਦਿਆਂ ਹਥਿਆਰਬੰਦ ਡਾਕੂਆਂ ਦੇ ਗਰੋਹ ਨੇ ਬਰਾਤੀਆਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਹੁਕਮ ਦਿੱਤਾ ਕਿ ਨਕਦੀ, ਗਹਿਣਾ, ਕੀਮਤੀ ਸਮਾਨ ਅਤੇ ਵਿਆਹੁਤਾ ਕੁੜੀ ਦੀ ਪਾਲਕੀ ਛੱਡ ਕੇ ਤੁਰੰਤ ਉਥੋਂ ਪੱਤਰਾ ਵਾਚ ਜਾਣ। ਨਿਹੱਥੇ ਅਤੇ ਬੇਬਸ ਬਰਾਤੀਆਂ ਨੇ ਡਾਕੂਆਂ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਸਾਰਾ ਸਮਾਨ ਰੱਖ ਲੈਣ ਪਰ ਲਾੜੀ ਨੂੰ ਉਸ ਦੇ ਪਤੀ ਨਾਲ ਜਾਣ ਤੋਂ ਨਾ ਰੋਕਣ। ਪਰ ਉਨ੍ਹਾਂ ਨੇ ਬੇਨਤੀ ਠੁਕਰਾ ਦਿੱਤੀ ਅਤੇ ਲਾੜੀ ਦੀ ਪਾਲਕੀ ਉਥੇ ਹੀ ਛੱਡ ਕੇ ਭੱਜਣ ਲਈ ਮਜ਼ਬੂਰ ਕਰ ਦਿੱਤਾ। ਉਹ ਬਹੁਤ ਰੋਈ ਅਤੇ ਮਿੰਨਤਾਂ ਕੀਤੀਆਂ ਕਿ ਉਸ ਨੂੰ ਉਸ ਦੇ ਪਤੀ ਨਾਲ ਜਾਣ ਦਿੱਤਾ ਜਾਵੇ ਪਰ ਸਭ ਬੇ-ਸਿੱਟਾ ਰਿਹਾ। ਉਨ੍ਹਾਂ ਨੇ ਕੁੜੀ ਨੂੰ ਧੂਹ ਕੇ ਡੋਲੀ ਤੋਂ ਬਾਹਰ ਕੱਢਿਆ ਅਤੇ ਆਪਣੇ ਸਰਦਾਰ ਅੱਗੇ ਪੇਸ਼ ਕੀਤਾ, ਜਿਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਕੁੱਝ ਸਮੇਂ ਲਈ ਬੰਦੀ ਬਣਾ ਕੇ ਰੱਖਣ ਅਤੇ ਉਹ ਏਨੀ ਸੁੰਦਰ ਕੁੜੀ ਨਾਲ ਵਿਆਹ ਕਰੇਗਾ।
ਵਿਚਾਰਾ ਲਾੜਾ ਬਹੁਤ ਹੀ ਨਿਰਾਸ਼ ਅਤੇ ਗਮਗ਼ੀਨ ਹੋ ਗਿਆ ਤੇ ਆਪਣੇ ਪਿੰਡ ਵਾਪਸ ਜਾ ਕੇ ਜੱਗ-ਹਸਾਈ ਦਾ ਕਾਰਨ ਨਹੀਂ ਸੀ ਬਣਨਾ ਚਾਹੁੰਦਾ। ਇਹ ਉਨੀਵੀਂ ਸਦੀ ਦਾ ਪਹਿਲਾ ਅੱਧ ਸੀ ਅਤੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਪਠਾਣ ਪ੍ਰਾਂਤ ਦਾ ਗਵਰਨਰ ਸੀ। ਇਹ ਉਹੀ ਸੂਰਮਾ ਸੀ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਪੰਜਾਬ ਦੇ ਪੱਛਮ ਵਿਚੋਂ ਅਫਗਾਨਾਂ ਅਤੇ ਪਠਾਣਾਂ ਦੇ ਅੱਠ ਸਦੀਆਂ ਤੋਂ ਹੁੰਦੇ ਹਮਲਿਆਂ ਨੂੰ ਸਦਾ ਲਈ ਠੱਲ ਪਾ ਦਿੱਤੀ ਸੀ ਅਤੇ ਸਿੱਖ ਰਾਜ ਦਾ ਦਬਦਬਾ ਕਾਇਮ ਕਰ ਰੱਖਿਆ ਸੀ। ਪਠਾਣ ਔਰਤਾਂ ਆਪਣੇ ਰੋਂਦੇ ਬੱਚਿਆਂ ਨੂੰ ਹਰੀ ਸਿੰਘ ਨਲਵਾ ਦਾ ਨਾਂ ਲੈ ਕੇ ਡਰਾਉਂਦੀਆਂ ਤੇ ਚੁੱਪ ਕਰਾਉਂਦੀਆਂ ਸਨ। ਜਗਤ ਰਾਮ ਸਿੱਧਾ ਜਮਰੌਦ ਹਰੀ ਸਿੰਘ ਪਾਸ ਪਹੁੰਚਿਆ ਜਿੱਥੇ ਕਿਲੇ ਦੀ ਉਸਾਰੀ ਹੋ ਰਹੀ ਸੀ। ਉਸ ਨੇ ਆਪਣੀ ਦਰਦ-ਭਰੀ ਵਿੱਥਿਆ ਹਰੀ ਸਿੰਘ ਨੂੰ ਸੁਣਾਉਣੀ ਸ਼ੁਰੂ ਕੀਤੀ ਤਾਂ ਹਰੀ ਸਿੰਘ ਨੇ ਦੇਖਿਆ ਕਿ ਦਰਬਾਰ ਦੇ ਬੂਹੇ ਕੋਲ ਖੜੋਤੇ ਦੋ ਓਪਰੇ ਬੰਦੇ ਉਸ ਦੀ ਗੱਲ ਬਹੁਤ ਧਿਆਨ ਨਾਲ ਸੁਣ ਰਹੇ ਹਨ। ਉਸ ਨੂੰ ਸ਼ੱਕ ਹੋਇਆ ਕਿ ਉਹ ਡਾਕੂਆਂ ਦੇ ਸੂਹੀਏ ਹਨ। ਹਰੀ ਸਿੰਘ ਨੇ ਉਚੀ ਕੜਕਦੀ ਆਵਾਜ਼ ਵਿਚ ਹੁਕਮ ਦਿੱਤਾ ਕਿ ਇਸ ਕਾਇਰ ਨੂੰ ਸੀਖਾਂ ਪਿੱਛੇ ਬੰਦ ਕਰ ਦਿਉ ਜਿਹੜਾ ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਿਆ, ਉਹ ਕਿਸੇ ਕਿਸਮ ਦੀ ਮੱਦਦ ਦਾ ਹੱਕ ਨਹੀਂ ਰੱਖਦਾ। ਸੂਹੀਏ ਖੁਸ਼ੀ ਖੁਸ਼ੀ ਆਪਣੇ ਸਰਦਾਰ ਨੂੰ ਜਰਨੈਲ ਦਾ ਪ੍ਰਤੀਕਰਮ ਦੱਸਣ ਲਈ ਤੁਰ ਪਏ ਅਤੇ ਹਰੀ ਸਿੰਘ ਨੇ ਉਨ੍ਹਾਂ ਦੇ ਮਗਰ ਹਥਿਆਰਬੰਦ ਘੋੜ-ਸਵਾਰ ਸਿੰਘਾਂ ਨੂੰ ਲਾ ਦਿੱਤਾ। ਉਹ ਆਪਣੀ ਗੱਲ ਆਪਣੇ ਮੁਖੀ ਨੂੰ ਸੁਣਾ ਹੀ ਰਹੇ ਸਨ ਕਿ ਸਿੰਘਾਂ ਨੇ ਜਾ ਘੇਰਿਆ, ਸਮੇਤ ਲੁੱਟ ਦੇ ਸਮਾਨ, ਬੀਬੀ ਅਤੇ ਡਾਕੂਆਂ ਨੂੰ ਸਿੱਖ ਜਰਨੈਲ ਦੇ ਹਾਜ਼ਰ ਕਰ ਦਿੱਤਾ।
ਸਰਦਾਰ ਹਰੀ ਸਿੰਘ ਨੇ ਲੜਕੀ ਨੂੰ ਉਸ ਦਾ ਦਾਜ਼ ਅਤੇ ਗਹਿਣੇ ਵਾਪਸ ਕਰਵਾ ਦਿੱਤੇ ਅਤੇ ਉਸ ਨੂੰ ਆਪਣੇ ਪਤੀ ਨਾਲ ਜਾਣ ਲਈ ਕਿਹਾ। ਪਰ ਪਤੀ-ਪਤਨੀ ਦੋਵਾਂ ਨੇ ਹੀ ਵਾਪਸ ਜਾਣ ਤੋਂ ਇਨਕਾਰ ਕਰਦਿਆਂ ਉਥੇ ਸਿਪਾਹੀ ਬਣ ਕੇ ਰਹਿ ਪੈਣ ਦੀ ਆਗਿਆ ਮੰਗੀ ਕਿਉਂਕਿ ਉਹ ਕਾਇਰਾਂ ਵਿਚ ਜਾ ਕੇ ਕਾਇਰਾਂ ਦੀ ਤਰ੍ਹਾਂ ਜਿਉਣਾ ਨਹੀਂ ਸੀ ਚਾਹੁੰਦੇ। ਬੀਬੀ ਅੰਮ੍ਰਿਤ ਛਕ ਕੇ ਸ਼ਰਨ ਕੌਰ ਬਣ ਗਈ ਅਤੇ ਪਤੀ ਜਗਤ ਸਿੰਘ ਬਣ ਗਿਆ। ਬੀਬੀ ਪਹਿਲਾਂ ਲੰਗਰ ਵਿਚ ਸੇਵਾ ਕਰਦੀ ਸੀ ਅਤੇ ਪਤੀ ਫੌਜ ਵਿਚ ਪਰ ਬੀਬੀ ਦੀ ਕਾਬਲੀਅਤ ਨੂੰ ਦੇਖਦਿਆਂ ਉਸ ਨੁੰ ‘ਸੂਹੀਏ’ ਦੀ ਸਿਖਲਾਈ ਦਿੱਤੀ ਗਈ। ਉਹ ਵੱਖ ਵੱਖ ਭੇਖ ਧਾਰ ਕੇ ਦੁਸ਼ਮਣ ਦੇ ਭੇਦ ਲਿਆ ਕੇ ਦਿੰਦੀ। ਇਸ ਤਰ੍ਹਾਂ ਇੱਕ ਵਾਰ ਜਦੋਂ ਪਠਾਣ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ ਤਾਂ ਬੀਬੀ ਸ਼ਰਨ ਕੌਰ ਨੇ ਪਠਾਣ ਔਰਤ ਦਾ ਭੇਸ ਧਾਰ ਕੇ ਨਾ ਸਿਰਫ ਦੁਸ਼ਮਣ ਦੀ ਤਿਆਰੀ ਅਤੇ ਫ਼ੌਜੀ ਜਾਣਕਾਰੀ ਹੀ ਲਿਆ ਕੇ ਦਿੱਤੀ ਸਗੋਂ ਪਠਾਣ ਮੁਖੀ ਦਾ ਕਤਲ ਕਰਕੇ ਪਠਾਣ ਸਿਪਾਹੀਆਂ ਦੀ ਪਕੜ ਵਿਚ ਆਉਣ ਤੋਂ ਪਹਿਲਾਂ ਪਹਿਲਾਂ ਜਮਰੌਦ ਪਹੁੰਚ ਗਈ।
ਇੱਕ ਵਾਰ ਜਦੋਂ ਪਠਾਣਾਂ ਨੂੰ ਪਤਾ ਲੱਗਿਆ ਕਿ ਹਰੀ ਸਿੰਘ ਨਲਵਾ ਬਿਮਾਰ ਹੈ ਤਾਂ ਉਨ੍ਹਾਂ ਨੇ ਬਗਾਵਤ ਕਰ ਦਿੱਤੀ ਅਤੇ ਜਮਰੌਦ ਦੇ ਕਿਲੇ ਨੂੰ ਘੇਰਾ ਪਾ ਲਿਆ। ਲੋਕਾਂ ਨੂੰ ਇਹ ਦਿਖਾਉਣ ਲਈ ਕਿ ਜਰਨੈਲ ਠੀਕ ਠਾਕ ਹੈ, ਉਹ ਕਿਲੇ ਦੀ ਉਪਰਲੀ ਮੰਜ਼ਿਲ ਤੋਂ ਦਰਸ਼ਨ ਦੇਣ ਗਿਆ। ਬਾਗੀ ਤਾਂ ਦੌੜ ਗਏ ਪਰ ਇੱਕ ਪਠਾਣ ਨੇ ਨਲਵੇ ਵੱਲ ਨਿਸ਼ਾਨਾ ਸੇਧ ਕੇ ਗੋਲੀ ਚਲਾ ਦਿੱਤੀ। ਬਦਕਿਸਮਤੀ ਨਾਲ ਉਹ ਘਾਤਕ ਸਿੱਧ ਹੋਈ ਅਤੇ ਦੂਸਰੇ ਦਿਨ 30 ਅਪਰੈਲ 1837 ਨੂੰ ਮਹਾਨ ਜਰਨੈਲ ਅਤੇ ਸਿੱਖ ਰਾਜ ਦੇ ਥੰਮ ਹਰੀ ਸਿੰਘ ਨਲਵਾ ਦੀ ਮੌਤ ਹੋ ਗਈ। ਮੌਤ ਨੂੰ ਭਾਵੇਂ ਗੁਪਤ ਰੱਖਿਆ ਗਿਆ ਪਰ ਸਾਰੇ ਹੀ ਬਹੁਤ ਉਦਾਸ ਸਨ। ਇਹ ਬੀਬੀ ਸ਼ਰਨ ਕੌਰ ਸੀ ਜੋ ਭੇਸ ਬਦਲ ਕੇ ਕਿਲੇ ਦੀ ਪਿਛਲੀ ਦੀਵਾਰ ਤੋਂ ਉਤਰ ਕੇ ਪਿਸ਼ਾਵਰ ਹੁੰਦੀ ਹੋਈ ਲਾਹੌਰ ਪਹੁੰਚੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਕੀਤੀ। ਮਹਾਰਾਜਾ ਤੁਰੰਤ ਫੌਜ ਲੈ ਕੇ ਜਮਰੌਦ ਪਹੁੰਚ ਗਿਆ ਅਤੇ ਬਗਾਵਤ ਦਬਾ ਦਿੱਤੀ। ਬੀਬੀ ਸ਼ਰਨ ਕੌਰ ਨੇ ਆਪਣੀ ਦਿਮਾਗੀ ਸੂਝ-ਬੂਝ ਅਤੇ ਬਹਾਦਰੀ ਨਾਲ ਸਾਬਤ ਕਰ ਦਿਖਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਦੀ ਸ਼ੇਰ-ਪੁੱਤਰੀ ਹੈ। ਇਹ ਗੁਰੂ ਦੇ ਅੰਮ੍ਰਿਤ ਦੀ ਬਰਕਤ ਸੀ ਕਿ ਉਹ ਇੱਕ ਰੋਣ-ਧੋਣ ਵਾਲੀ ਡਰਾਕਲ ਕੁੜੀ ਤੋਂ ਸ਼ੇਰਨੀ ਦਾ ਰੂਪ ਧਾਰ ਕੇ ਦੁਸ਼ਮਣ ਦੇ ਘਰ ਪਹੁੰਚ ਕੇ ਉਸ ਦੀ ਅਲਖ ਮੁਕਾਉਣ ਵਿਚ ਸਫਲ ਹੋ ਗਈ। ਸ਼ਰਮਾਕਲ ਮਜ਼ਬੂਰ ਲਾੜੀ ਸ਼ਰਨ ਕੌਰ ਅੰਮ੍ਰਿਤ ਛਕ ਕੇ ਇੱਕ ਬਹਾਦਰ ਸੰਤ-ਸਿਪਾਹੀ ਬਣ ਗਈ। ਸਿੱਖ ਇਤਿਹਾਸ ਵਿਚ ਉਸ ਨੂੰ ਬਹੁਤ ਬਹਾਦਰ ਇਸਤਰੀ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦੇ ਕਾਰਨ ਸਿੱਖ ਰਾਜ ਟੁੱਟਣ ਤੋਂ ਬਚ ਗਿਆ। (ਸੋਮਾ: ਗੇਟ ਵੇ ਟੂ ਸਿਖਇਜ਼ਮ)
ਮਹਾਰਾਣੀ ਜਿੰਦਾਂ: ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ, ਸਿੱਖ ਰਾਜ ਦੇ ਆਖਰੀ ਵਾਰਿਸ ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਦੇ ਜ਼ਿਕਰ ਤੋਂ ਬਿਨਾਂ ਸਿੱਖ ਰਾਜ ਦਾ ਇਤਿਹਾਸ ਅਧੂਰਾ ਹੈ। ਇੱਕ ਬਹਾਦਰ ਸਿੱਖ ਇਸਤਰੀ ਦੀ ਤਰ੍ਹਾਂ ਉਸ ਨੇ ਸਿੱਖ ਰਾਜ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਪਰ ਗੱਦਾਰ ਡੋਗਰਿਆਂ ਅਤੇ ਸਿੱਖ ਰਾਜ ਦੇ ਹੋਰ ਗੱਦਾਰਾਂ ਕਾਰਨ ਉਹ ਅੰਗਰੇਜ਼ਾਂ ਦੀਆਂ ਸਿੱਖ ਰਾਜ ਨੂੰ ਹਥਿਆਉਣ ਦੀਆਂ ਲੂੰਬੜ ਚਾਲਾਂ ਤੋਂ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕੀ। ਕੁੱਝ ਇਤਿਹਾਸਕਾਰਾਂ ਨੇ ਮਹਾਰਾਣੀ ‘ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ ਕਿ ਅੰਗਰੇਜ਼ਾਂ ਨਾਲ ਲੜਾਈ ਵਿਚ ਮਹਾਰਾਣੀ ਨੇ ਖਾਲਸਾ ਫੌਜ ਨੂੰ ਬਰਬਾਦ ਕੀਤਾ। ਜੇ ਇਤਿਹਾਸਕ ਤੱਥਾਂ ਦੀ ਡੂੰਘੀ ਛਾਣ-ਬੀਣ ਕੀਤੀ ਜਾਵੇ, ਐਲਨਬਾਰੋ ਅਤੇ ਹਾਰਡਿੰਗਜ਼ ਦੀਆਂ ਨੀਤੀਆਂ ਅਤੇ ਦੂਸਰੀਆਂ ਰਾਜਨੀਤਕ ਘਟਨਾਵਾਂ, ਜਿਨ੍ਹਾਂ ਕਰਕੇ ਸਿੱਖਾਂ ਅਤੇ ਅੰਗਰੇਜਾਂ ਵਿਚ ਦਸੰਬਰ 1845 ਵਿਚ ਹਥਿਆਰਬੰਦ ਟਾਕਰਾ ਹੋਇਆ, ਦੀ ਚੰਗੀ ਤਰ੍ਹਾਂ ਘੋਖ ਕੀਤੀ ਜਾਵੇ ਤਾਂ ਸਾਰੀ ਸਥਿਤੀ ਸਪਸ਼ਟ ਹੋ ਜਾਂਦੀ ਹੈ ਤੇ ਤਸਵੀਰ ਸਾਫ ਹੋ ਜਾਂਦੀ ਹੈ। ਲੰਡਨ ਦੇ ਪਬਲਿਕ ਰਿਕਾਰਡ ਦਫ਼ਤਰ ਵਿਚ ਐਲਨਬਾਰੋ ਦਸਤਾਵੇਜ, ਖਾਸ ਕਰਕੇ ਐਲਨਬਾਰੋ ਅਤੇ ਹਾਰਡਿੰਗਜ਼ ਦੇ ਡਿਊਕ ਆਫ ਵੈਲਿੰਗਟਨ ਨਾਲ ਨਿਜੀ ਪੱਤਰ-ਵਿਹਾਰ ਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਸਿੱਖ ਰਾਜ ਦੀਆਂ ਸਰਹੱਦਾਂ ਤੇ ਅੰਗਰੇਜ਼ਾਂ ਦੀ ਫੌਜੀ ਤਿਆਰੀ ਕਿਸ ਹੱਦ ਤੱਕ ਚੱਲ ਰਹੀ ਸੀ। ਮਹਾਰਾਣੀ ਨੇ ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦਾ ਰਾਜ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਜਿਸ ਕਰਕੇ ਉਸ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਵਿਚੋਂ ਵੀ ਲੰਘਣਾ ਪਿਆ। ਇਥੇ ਕੁੱਝ-ਇੱਕ ਘਟਨਾਵਾਂ ਦਾ ਜ਼ਿਕਰ ਕਰ ਸਕਣਾ ਹੀ ਸੰਭਵ ਹੈ ਜੋ ਮਹਾਰਾਣੀ ਦੀ ਪੰਜਾਬ ਅਤੇ ਸਿੱਖ ਰਾਜ ਨਾਲ ਵਫਾਦਾਰੀ ਦਰਸਾਉਣ ਲਈ ਕਾਫੀ ਹਨ।
ਅੰਗਰੇਜ਼ ਸ਼ਕਤੀ ਦੀ 1848-49 ਵਿਚ ਮੁਖਾਲਫਤ ਪਿੱਛੇ ਮੁੱਖ ਦਿਮਾਗ ਰਾਣੀ ਜਿੰਦ ਕੌਰ ਦਾ ਸੀ। ਉਹ ਆਪਣੀ ਦਿਮਾਗੀ ਸੂਝ ਅਤੇ ਨਿਡਰਤਾ ਲਈ ਜਾਣੀ ਜਾਂਦੀ ਸੀ। ਜਿੰਦਾਂ ਉਨ੍ਹਾਂ ਕੁੱਝ-ਇੱਕ ਵਿਅਕਤੀਆਂ ਵਿਚੋਂ ਸੀ ਜਿਨ੍ਹਾਂ ਤੋਂ ਅੰਗਰੇਜ਼ ਭੈ ਖਾਂਦੇ ਸਨ। ਆਪਣੇ ਪੁੱਤਰ ਦੇ ਲਾਹੌਰ ਰਾਜ ਦੇ ਤਖਤ ‘ਤੇ ਬੈਠਣ ਤੋਂ ਬਾਅਦ ਰਾਣੀ ਜਿੰਦਾਂ ਨੇ ਪੰਜਾਬ ਦੀ ਰਾਜਨੀਤੀ ਵਿਚ ਬਹੁਤ ਹੀ ਅਹਿਮ ਅਤੇ ਸਪਸ਼ਟ ਭੂਮਿਕਾ ਨਿਭਾਈ। ਅੰਗਰੇਜ਼ਾਂ ਨੇ ਦਸੰਬਰ 1846 ਵਿਚ ਲਾਹੌਰ ਦਰਬਾਰ ਨਾਲ ਭੈਰੋਵਾਲ ਨਾਮਕ ਸਮਝੌਤਾ ਕੀਤਾ ਜਿਸ ਨੇ ਅੰਗਰੇਜ਼ਾਂ ਨੂੰ ਪੰਜਾਬ ਦੇ ਅਸਲ ਸ਼ਾਸਕ ਬਣਾ ਦਿੱਤਾ। ਉਨ੍ਹਾਂ ਨੇ ਰਾਣੀ ਨੂੰ ਨਾ-ਸਿਰਫ ਉਸ ਗੱਲਬਾਤ ਵਿਚ ਹਿੱਸਾ ਲੈਣ ਤੋਂ ਬਾਹਰ ਰੱਖਿਆ ਜਿਸ ਦਾ ਨਤੀਜਾ ਸਮਝੌਤੇ ਦੇ ਰੂਪ ਵਿਚ ਨਿਕਲਿਆ ਸਗੋਂ ਉਨ੍ਹਾਂ ਨੇ ਲਾਹੌਰ ਰਾਜ ਦੇ ਹਰ ਸਰਕਾਰੀ ਕਾਰਜ ਵਿਚੋਂ ਉਸ ਨੂੰ ਬਾਹਰ ਕਰ ਦਿੱਤਾ। ਉਸ ਨੂੰ ਰੀਜੈਂਸੀ ਕੌਂਸਲ ਤੋਂ ਕੱਢ ਦਿੱਤਾ ਗਿਆ ਜਿਸ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਬਾਲਗ ਹੋਣ ਦੇ ਸਮੇਂ ਵਿਚ ਰਾਜ-ਕਾਜ ਦਾ ਪ੍ਰਬੰਧ ਚਲਾਉਣਾ ਸੀ। ਉਸ ਨੇ ਅੰਗਰੇਜ਼ ਰੈਜ਼ੀਡੈਂਟ ਅਤੇ ਰੀਜੈਂਸੀ ਕੌਂਸਲ ਦੇ ਉਨ੍ਹਾਂ ਮੈਂਬਰਾਂ ਨੂੰ ਮਾਰਨ ਦੀ ਗੋਂਦ ਗੁੰਦੀ ਜਿਹੜੇ ਅੰਗਰੇਜ਼ਾਂ ਨਾਲ ਰਲੇ ਹੋਏ ਸੀ। ਗੁਲਾਬ ਸਿੰਘ ਦੇ ਪੁਰਾਣੇ ਸੇਵਕ ਪਰੇਮੇ ਅਤੇ ਕੁੱਝ ਹੋਰਾਂ ਨੇ ਇਸ ਵਿਉਂਤ ਨੂੰ ਅਮਲ ਵਿਚ ਲਿਆਉਣਾ ਸੀ। ਵਿਉਂਤ ਅਸਫਲ ਹੋ ਗਈ ਪਰ ਸਬੂਤਾਂ ਦੀ ਘਾਟ ਕਾਰਨ ਅੰਗਰੇਜ਼ ਰਾਣੀ ਦੇ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ ਪਰ ਉਹ ਰਾਣੀ ਤੋਂ ਛੁਟਕਾਰਾ ਚਾਹੁੰਦੇ ਸਨ ਇਸ ਲਈ ਰਾਣੀ ‘ਤੇ ਉਨ੍ਹਾਂ ਨੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ। ਲਾਹੌਰ ਦਰਬਾਰ ਦੇ ਮੁਖੀਆਂ ਨੂੰ ਰਾਣੀ ਨੂੰ ਮਿਲਣ ਦੀ ਮਨਾਹੀ ਕਰ ਦਿੱਤੀ।
ਰਾਣੀ ਕੌਮੀ ਵੱਕਾਰ ਦਾ ਪ੍ਰਤੀਕ ਬਣ ਗਈ। ਉਸ ਨੇ ਪੰਜਾਬ ਵਿਚ ਆਜ਼ਾਦੀ ਘੁਲਾਟੀਆਂ ਨੂੰ ਬੇਰੋਕ ਜਦੋ-ਜਹਿਦ ਕਰਨ ਦੀ ਪ੍ਰੇਰਨਾ ਦੇਣੀ ਜਾਰੀ ਰੱਖੀ। ਆਪਣੇ ਭਰੋਸੇਮੰਦ ਸੇਵਕਾਂ ਰਾਹੀਂ ਉਸ ਨੇ ਬਗਾਵਤ ਦੇ ਮੁਖੀਆਂ-ਦੀਵਾਨ ਮੂਲ ਰਾਜ, ਸਰਦਾਰ ਚਤਰ ਸਿੰਘ ਅਤੇ ਰਾਜਾ ਸ਼ੇਰ ਸਿੰਘ ਨੂੰ ਚਿੱਠੀਆਂ ਭੇਜਣੀਆਂ ਜਾਰੀ ਰੱਖੀਆਂ। ਜਿਉਂ ਹੀ ਅੰਗਰੇਜ਼ਾਂ ਨੂੰ ਮਹਾਰਾਣੀ ਦੇ ਮਨਸੂਬਿਆਂ ਦਾ ਪਤਾ ਲੱਗਾ, ਉਨ੍ਹਾਂ ਰਾਣੀ ਨੂੰ 6 ਅਪਰੈਲ 1849 ਨੂੰ ਚੁਨਾਰ ਦੇ ਕਿਲੇ ਵਿਚ ਤਬਦੀਲ ਕਰ ਦਿੱਤਾ। ਉਸੇ ਸ਼ਾਮ ਉਹ ਆਪਣੀ ਸੇਵਾਦਾਰਨੀ ਦਾ ਰੂਪ ਧਾਰ ਕੇ ਕਿਲੇ ਵਿਚੋਂ ਬਚ ਕੇ ਨੈਪਾਲ ਲਈ ਰਵਾਨਾ ਹੋ ਗਈ ਅਤੇ 27 ਅਪਰੈਲ ਨੂੰ ਸੁਰਖਿਅਤ ਉਥੇ ਪਹੁੰਚ ਗਈ। ਹਿੰਦੁਸਤਾਨੀ ਸਰਕਾਰ ਨੇ ਬਨਾਰਸ ਵਿਚ ਉਸ ਦੇ ਸਾਰੇ ਹੀਰੇ ਅਤੇ ਹੋਰ ਜਾਇਦਾਦ ਜ਼ਬਤ ਕਰ ਲਈ ਅਤੇ ਉਸ ਨੂੰ ਮਹੀਨੇ ਦੀ ਇੱਕ ਹਜ਼ਾਰ ਰੁਪਏ ਦੀ ਪੈਨਸ਼ਨ ਤੇ ਨੈਪਾਲ ਵਿਚ ਰਹਿਣ ਦੀ ਆਗਿਆ ਦੇ ਦਿੱਤੀ। ਨੈਪਾਲ ਵਿਚ ਰਾਣੀ ਨੇ ਅੰਗਰੇਜ਼ਾਂ ਨੂੰ ਪੰਜਾਬ ਵਿਚੋਂ ਕੱਢਣ ਦੀਆਂ ਗੁਪਤ ਵਿਉਂਤਾਂ ਜਾਰੀ ਰੱਖੀਆਂ।
1857 ਦੀ ਬਗਾਵਤ ਵੇਲੇ ਉਸ ਨੂੰ ਨਵਾਂ ਮੌਕਾ ਮਿਲ ਗਿਆ ਪੰਜਾਬ ਵਿਚ ਬਗਾਵਤ ਕਰਾਉਣ ਦਾ ਪਰ ਅੰਗਰੇਜ਼ਾਂ ਦੀ ਚੌਕਸੀ ਨੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਨਕਾਰ ਦਿੱਤੀਆਂ। ਭਰਮ-ਨਵਿਰਤੀ ਤੋਂ ਉਦਾਸ ਹੋ ਕੇ ਉਸ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲਣ ਦੀ ਇੱਛਾ ਦੱਸੀ ਜੋ ਉਸ ਵੇਲੇ ਈਸਾਈ ਬਣ ਕੇ ਇੰਗਲੈਂਡ ਵਿਚ ਰਹਿ ਰਿਹਾ ਸੀ। ਰਾਣੀ ਦੀ ਸਿਹਤ ਬਹੁਤ ਵਿਗੜ ਗਈ ਸੀ ਅਤੇ ਉਹ ਤਕਰੀਬਨ ਅੱਖਾਂ ਦੀ ਜੋਤ ਗੁਆ ਬੈਠੀ ਸੀ। ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਮਿਲਣ ਅਤੇ ਇੰਗਲੈਂਡ ਨਾਲ ਲੈ ਜਾਣ ਦੀ ਆਗਿਆ ਦੇ ਦਿੱਤੀ। ਰਾਣੀ ਇੰਗਲੈਂਡ ਵਿਚ ਅਲੱਗ ਰਿਹਾਇਸ਼ ਵਿਚ ਰਹੀ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ। ਰਾਣੀ ਦੀ ਆਖਰੀ ਇੱਛਾ ਅਨੁਸਾਰ ਦਲੀਪ ਸਿੰਘ ਉਸ ਦੀ ਦੇਹ ਵਾਪਸ ਹਿੰਦੁਸਤਾਨ ਲੈ ਕੇ ਆਇਆ ਪਰ ਅੰਗਰੇਜ਼ਾਂ ਨੇ ਪੰਜਾਬ ਜਾਣ ਦੀ ਆਗਿਆ ਨਹੀਂ ਦਿੱਤੀ। ਇਸ ਲਈ ਨਾਸਿਕ ਵਿਚ ਉਸ ਦੀਆਂ ਅੰਤਮ ਰਸਮਾਂ ਪੂਰੀਆਂ ਕਰਕੇ ਦਲੀਪ ਸਿੰਘ ਵਾਪਸ ਇੰਗਲੈਂਡ ਚਲਾ ਗਿਆ। (ਸੋਮਾ: ਗੇਟ ਵੇ ਟੂ ਸਿਖਇਜ਼ਮ-ਇਨਸਾਈਕਲੋਪੀਡੀਆ ਆਫ ਸਿਖਇਜ਼ਮ)
ਬੀਬੀ ਸਾਹਿਬ ਕੌਰ: ਬੀਬੀ ਸਾਹਿਬ ਕੌਰ ਪਟਿਆਲਾ ਰਿਆਸਤ ਦੇ ਰਾਜੇ ਸਾਹਿਬ ਸਿੰਘ ਦੀ ਭੈਣ ਇੱਕ ਬਹਾਦਰ ਜੋਧਾ ਅਤੇ ਉਨ੍ਹਾਂ ਪੁਰਸ਼ਾਂ ਦੀ ਮੁਖੀ ਸੀ ਜਿਨ੍ਹਾਂ ਨੇ 1793 ਤੋਂ 1801 ਤੱਕ ਸਤਿਲੁਜ ਦੀਆਂ ਰਿਆਸਤਾਂ ਵਿਚ ਨਿੱਗਰ ਰੋਲ ਨਿਭਾਇਆ। ਸਾਹਿਬ ਕੌਰ ਦਾ ਜਨਮ 1771 ਈਸਵੀ ਵਿਚ ਹੋਇਆ ਅਤੇ ਛੋਟੀ ਉਮਰ ਵਿਚ ਸ਼ਾਦੀ ਕਨੱਹੀਆ ਮਿਸਲ ਦੇ ਜੈਮਲ ਸਿੰਘ ਨਾਲ ਹੋ ਗਈ ਜੋ ਫਤਿਹਗੜ੍ਹ ਦਾ ਰਹਿਣ ਵਾਲਾ ਸੀ ਅਤੇ ਬਾਰੀ ਦੁਆਬ ਦੀਨਾ ਨਗਰ, ਵਰਤਮਾਨ ਪੰਜਾਬ ਦੇ ਗੁਰਦਾਸਪੁਰ ਦੇ ਇਲਾਕੇ ਦਾ ਮਾਲਕ ਸੀ। ਆਪਣੇ ਰਾਜ ਵਿਚ ਹਲਚਲ ਦੇਖ ਕੇ ਸਾਹਿਬ ਸਿੰਘ ਨੇ 1793 ਵਿਚ ਆਪਣੀ ਭੈਣ ਸਾਹਿਬ ਕੌਰ ਨੂੰ ਵਾਪਸ ਬੁਲਾ ਲਿਆ ਅਤੇ ਮੁਖ ਮੰਤਰੀ ਦਾ ਅਹੁਦਾ ਦੇ ਦਿੱਤਾ। ਜਲਦੀ ਹੀ ਉਸ ਨੂੰ ਪਟਿਆਲੇ ਤੋਂ ਫੌਜ ਲੈ ਕੇ ਵਾਪਸ ਆਪਣੇ ਪਤੀ ਨੂੰ ਛੁਡਾਉਣ ਲਈ ਜਾਣਾ ਪਿਆ ਜਿਸ ਨੂੰ ਉਸ ਦੇ ਦੁਸ਼ਮਣ ਫਤਿਹ ਸਿੰਘ ਨੇ ਫੜ ਲਿਆ ਸੀ। ਪਟਿਆਲੇ ਵਾਪਸ ਆ ਕੇ ਉਸ ਨੂੰ ਅੰਟਾ ਰਾਉ ਅਤੇ ਲਛਮਣ ਰਾਉ ਦੀ ਕਮਾਨ ਹੇਠ ਪਟਿਆਲੇ ‘ਤੇ ਧਾਵਾ ਬੋਲਣ ਆ ਰਹੀਆਂ ਮਰਾਠਾ ਫੌਜਾਂ ਦਾ ਸਾਹਮਣਾ ਕਰਨਾ ਪਿਆ। ਜੀਂਦ ਦੇ ਰਾਜਾ ਭਾਗ ਸਿੰਘ, ਕਲਸੀਆਂ ਦੇ ਜੋਧ ਸਿੰਘ ਅਤੇ ਥਾਨੇਸਰ ਦੇ ਭੰਗਾ ਸਿੰਘ ਵੀ ਆਪਣੀਆਂ ਫੌਜਾਂ ਸਮੇਤ ਉਸ ਨਾਲ ਆ ਮਿਲੇ ਜਦ ਕਿ ਤਾਰਾ ਸਿੰਘ ਗੈਅਬਾ ਨੇ ਆਪਣੀ ਫੌਜ ਭੇਜ ਦਿੱਤੀ। ਇਨ੍ਹਾਂ ਫੌਜਾਂ ਨੇ ਅੰਬਾਲਾ ਨੇੜੇ ਮਰਦਾਨਪੁਰ ਵਿਚ ਮਰਾਠਿਆਂ ਨਾਲ ਗਹਿਗੱਚ ਲੜਾਈ ਕੀਤੀ। ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਉਹ ਮਰਾਠਿਆ ਤੋਂ ਹਾਰ ਸਕਦੇ ਸੀ ਪਰ ਸਾਹਿਬ ਕੌਰ ਦੀ ਸੂਝ ਅਤੇ ਬਹਾਦਰੀ ਕਾਰਨ ਉਨ੍ਹਾਂ ਨੇ ਮਰਾਠਿਆਂ ਦੇ ਮੂੰਹ ਮੋੜ ਦਿੱਤੇ। ਇਸੇ ਤਰ੍ਹਾਂ ਨਾਹਨ ਦੇ ਰਾਜੇ ਦੇ ਬੇਨਤੀ ਕਰਨ ਤੇ ਉਸ ਨੇ ਆਪਣੀ ਫੌਜ ਲੈ ਕੇ ਉਸ ਦੇ ਰਾਜ ਵਿਚ ਬਗਾਵਤ ਦਬਾਈ ਅਤੇ ਉਸ ਨੂੰ ਮੁੜ ਗੱਦੀ ਤੇ ਬਹਾਲ ਕੀਤਾ। ਹਾਂਸੀ ਅਤੇ ਹਿਸਾਰ ਦੇ ਇਲਾਕੇ ਵਿਚ 1799 ਦੀਆਂ ਗਰਮੀਆਂ ਵਿਚ ਜਾਰਜ ਥਾਮਸ ਬਹੁਤ ਤਾਕਤਵਰ ਹੋ ਗਿਆ ਸੀ ਅਤੇ ਉਸ ਨੇ ਵੀ ਸਿੱਖ ਰਿਆਸਤਾਂ ‘ਤੇ ਅੱਖ ਕੀਤੀ ਅਤੇ ਜੀਂਦ ਤੱਕ ਪਹੁੰਚ ਗਿਆ। ਸਾਹਿਬ ਕੌਰ ਨੇ ਸਿੱਖ ਰਾਜਿਆਂ ਨਾਲ ਰਲ ਕੇ ਭਾਰੀ ਫੌਜ ਨਾਲ ਦੁਬਾਰਾ ਜੀਂਦ ‘ਤੇ ਕਬਜ਼ਾ ਕੀਤਾ ਅਤੇ ਉਸ ਨੂੰ ਪਿੱਛੇ ਹਟਣ ਲਈ ਮਜ਼ਬੂਰ ਕੀਤਾ। ਆਖਰੀ ਦਿਨਾਂ ਵਿਚ ਭਰਾ ਨਾਲ ਵਖਰੇਵਿਆਂ ਕਰਕੇ ਬੀਬੀ ਸਾਹਿਬ ਕੌਰ ਸੁਨਾਮ ਆਪਣੀ ਜਾਗੀਰ ਭੇਰੀਆਂ ਵਿਚ ਚਲੀ ਗਈ ਜਿੱਥੇ ਉਸ ਨੇ ਕਿਲਾ ਬਣਾਇਆ ਅਤੇ ਉਸ ਦਾ ਨਾਂ ਬਦਲ ਕੇ ਉਭੇਵਾਲ ਰੱਖ ਦਿੱਤਾ। ਇੱਥੇ 1801 ਵਿਚ ਉਸ ਦੀ ਮੌਤ ਹੋ ਗਈ। ਬੀਬੀ ਸਾਹਿਬ ਕੌਰ ਦਾ ਨਾਂ ਉਸ ਦੀ ਬਹਾਦਰੀ ਅਤੇ ਨਿਰਭੈਤਾ ਕਾਰਨ ਹਮੇਸ਼ਾ ਇਤਿਹਾਸ ਵਿਚ ਚਮਕਦਾ ਰਹੇਗਾ। (ਗੇਟ ਵੇ ਟੂ ਸਿਖਇਜ਼ਮ)

Be the first to comment

Leave a Reply

Your email address will not be published.