ਕਰੋਨਾ ਸੰਕਟ: ਫੰਡਾਂ ਵਿਚ ਘਾਲੇਮਾਲੇ ਦੇ ਮਾਮਲੇ ਉਤੇ ਕੈਪਟਨ ਸਰਕਾਰ ਨੂੰ ਘੇਰਾ

ਚੰਡੀਗੜ੍ਹ: ਕਰੋਨਾ ਸੰਕਟ ਦੌਰਾਨ ਪੰਜਾਬ ਵਿਚ ਮੁੱਖ ਮੰਤਰੀ ਰਾਹਤ ਫੰਡ ਰਾਹੀਂ ਇਕੱਠੇ ਕੀਤੇ ਪੈਸੇ ਵਿਚ ਹੇਰਫੇਰ ਦਾ ਮਾਮਲਾ ਭਖ ਗਿਆ ਹੈ। ਵਿਰੋਧੀ ਧਿਰਾਂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਰਾਹਤ ਫੰਡ ਵਿਚ ਇਕੱਠੇ ਹੋਏ ਪੈਸੇ ਹਸਪਤਾਲਾਂ, ਮਰੀਜ਼ਾਂ ਤੇ ਕਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਵਾਸਤੇ ਜਾਰੀ ਨਾ ਕੀਤੇ ਜਾਣ ਸਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਰੋਨਾ ਦੌਰਾਨ ਹਸਪਤਾਲਾਂ ਦੇ ਮਾੜੇ ਹਾਲਾਤ ਸਬੰਧੀ ਸੂਬਾ ਸਰਕਾਰ ਉਤੇ ਫੰਡਾਂ ਵਿਚ ਗੜਬੜੀ ਕਰਨ ਦੇ ਦੋਸ਼ ਲਗਾਉਂਦਿਆਂ ਕੁੱਲ ਖਰਚ ਦਾ ਹਿਸਾਬ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਰੋਨਾ ਦੇ ਨਾਂ ਉਤੇ ਇਕੱਠੇ ਕੀਤੇ ਫੰਡਾਂ ਨੂੰ ਸਹਿਕਾਰੀ ਬੈਂਕ ਵਿਚੋਂ ਕਢਾ ਕੇ ਪ੍ਰਾਈਵੇਟ ਬੈਂਕ ਵਿਚ ਰੱਖ ਦਿੱਤਾ ਹੈ। ਦੂਜੇ ਪਾਸੇ ਕਰੋਨਾ ਕੇਅਰ ਸੈਂਟਰਾਂ ਸਮੇਤ ਸਰਕਾਰੀ ਹਸਪਤਾਲਾਂ ਵਿਚ ਲੋਕ ਸਾਫ-ਸਫਾਈ ਸਮੇਤ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਖਰਚੇ ਦੇ ਵੇਰਵੇ ਜਾਰੀ ਕਰੇ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਦੇ ਇਕ ਪ੍ਰਾਈਵੇਟ ਬੈਂਕ ਵਿਚਲੇ ਖਾਤੇ ਵਿਚ 64 ਕਰੋੜ ਤੋਂ ਵੱਧ ਰੁਪਏ ਇਕੱਠੇ ਹੋਏ ਪਏ ਹਨ ਪਰ ਇਹ ਪੈਸਾ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਲੋਕਾਂ ਵਾਸਤੇ ਨਹੀਂ ਖਰਚਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਬੈਂਕ ਵਿਚ ਰੋਜ਼ਾਨਾ ਪੈਸਾ ਜਮ੍ਹਾਂ ਹੋ ਰਿਹਾ ਹੈ ਪਰ ਕਾਫੀ ਸਮਾਂ ਪਹਿਲਾਂ ਦੋ ਕਿਸ਼ਤਾਂ ਵਿਚ 2.28 ਕਰੋੜ ਰੁਪਏ ਜਾਰੀ ਕਰਨ ਤੋਂ ਇਲਾਵਾ ਕਿਸੇ ਰੂਪ ਵਿਚ ਪੈਸਾ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਡਾਕਟਰਾਂ ਵਾਸਤੇ ਸੁਰੱਖਿਆ ਉਪਕਰਨ ਤੇ ਹਸਪਤਾਲਾਂ ਵਿਚ ਵੈਂਟੀਲੇਟਰ ਤੇ ਹੋਰ ਬੁਨਿਆਦੀ ਢਾਂਚੇ ਦੀ ਖਰੀਦ ਵਾਸਤੇ ਵੀ ਇਹ ਪੈਸਾ ਜਾਰੀ ਕਰਨਾ ਜ਼ਰੂਰੀ ਨਹੀਂ ਸਮਝਿਆ। ਸਰਕਾਰ ਨੇ ਕਰੋਨਾ ਮਰੀਜ਼ਾਂ ਦੇ ਮੈਡੀਕਲ ਇਲਾਜ ਵਾਸਤੇ ਸਬਸਿਡੀ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਹਾਲਾਂਕਿ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਮੋਟੇ ਬਿੱਲ ਤਾਰਨੇ ਪਏ ਹਨ।
______________________________________
ਹੋਛੀ ਸਿਆਸਤ ਉਤੇ ਆਏ ਅਕਾਲੀ: ਕੈਪਟਨ
ਚੰਡੀਗੜ੍ਹ: ਅਕਾਲੀ ਦਲ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਉਤੇ ਸੂਬਾ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਲੋਕ ਮਰ ਰਹੇ ਹਨ ਤਾਂ ਅਕਾਲੀ ਸੂਬੇ ਵਿਚ ਹੋਛੀ ਰਾਜਨੀਤੀ ਉਤੇ ਉਤਰੇ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਜਿਹੀ ਸੰਵੇਦਨਸ਼ੀਲ ਸਥਿਤੀ ‘ਤੇ ਇਸ ਮੁੱਦੇ ਉਪਰ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ ਪਏ 64 ਕਰੋੜ ਰੁਪਏ ਕੋਵਿਡ ਰਾਹਤ ਕੰਮਾਂ ਉਤੇ ਹੀ ਖਰਚੇ ਜਾਣਗੇ। ਮਹਾਂਮਾਰੀ ਨੇ ਹਾਲੇ ਸਿਖਰ ਨਹੀਂ ਛੂਹਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਕੋਵਿਡ ਦੇ ਕੰਮਾਂ ਉਤੇ 300 ਕਰੋੜ ਰੁਪਏ ਖਰਚ ਚੁੱਕੀ ਹੈ ਅਤੇ ਇਸ ਕੰਮ ਉਤੇ ਘੱਟੋ-ਘੱਟ 200 ਕਰੋੜ ਰੁਪਏ ਹੋਰ ਖਰਚੇ ਜਾਣਗੇ।