ਕਰੋਨਾ ਦਾ ਟਾਕਰਾ: ਹੁਣ ਵਾਇਰਸ ਦਾ ਟੀਕਾ ਹੀ ਆਸ ਦੀ ਕਿਰਨ

ਨਵੀਂ ਦਿੱਲੀ: ਦੁਨੀਆਂ ਭਰ ਵਿਚ ਤਬਾਹੀ ਮਚਾਉਣ ਵਾਲੀ ਕਰੋਨਾ ਮਹਾਮਾਰੀ ਦਾ ਤੋੜ ਲੱਭਣ ਲਈ ਦੁਨੀਆਂ ਭਰ ਦੇ ਵਿਗਿਆਨੀ ਦਿਨ ਰਾਤ ਇਕ ਕਰ ਰਹੇ ਹਨ। ਇਸ ਸਮੇਂ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਵੱਲੋਂ ਇਸ ਬਿਮਾਰੀ ਦੇ ਟੀਕੇ ਲਈ ਜਿਸ ਸ਼ਿੱਦਤ ਨਾਲ ਵੱਡੀ ਪੱਧਰ ਉਤੇ ਖੋਜ ਜਾਰੀ ਹੈ, ਸ਼ਾਇਦ ਹੀ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਹੋਵੇ। ਹੁਣ ਤੱਕ ਦੁਨੀਆਂ ਦੀਆਂ ਟੀਕੇ ਈਜਾਦ ਕਰਨ ਵਾਲੀਆਂ ਕੰਪਨੀਆਂ ਵਿਚੋਂ 3 ਅਦਾਰੇ ਕਾਫੀ ਸਫਲ ਹੁੰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ‘ਚੋਂ ਆਕਸਫੋਰਡ-ਐਸਟ੍ਰਾਜੀਨੀਕਾ, ਫਾਈਜ਼ਰ ਅਤੇ ਕੈਨਸਿਨੋ ਸਭ ਤੋਂ ਮੋਹਰਲੀ ਕਤਾਰ ਵਿਚ ਆ ਖੜ੍ਹੀਆਂ ਹਨ।

ਇਨ੍ਹਾਂ ਤਿੰਨਾਂ ਵੱਲੋਂ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਦਵਾਈ ਦੀ ਪਰਖ ਦਾ ਦੂਸਰਾ ਪੜਾਅ ਪੂਰਾ ਕਰ ਲਿਆ ਹੈ। ਆਖਰੀ ਅਤੇ ਤੀਸਰਾ ਪੜਾਅ ਹੀ ਬਾਕੀ ਹੈ। ਇਸੇ ਸਮੇਂ ਹੀ ਰੂਸ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਉਸ ਦੀਆਂ ਲੈਬਾਰਟਰੀਆਂ ਵੀ ਵੈਕਸੀਨ ਦੀ ਪਰਖ ਦੇ ਤੀਸਰੇ ਪੜਾਅ ਉਤੇ ਪੁੱਜ ਗਈਆਂ ਹਨ ਅਤੇ ਇਸ ਪੜਾਅ ਦੀ ਸ਼ੁਰੂਆਤ 3 ਅਗਸਤ ਨੂੰ ਕੀਤੀ ਜਾਏਗੀ ਅਤੇ ਸਤੰਬਰ ਵਿਚ ਇਹ ਟੀਕਾ ਲੋਕਾਂ ਲਈ ਮੁਹੱਈਆ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਸਭ ਤੋਂ ਅੱਗੇ ਚੱਲ ਰਹੀ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨੇ ਇਹ ਦਾਅਵਾ ਕਰ ਦਿੱਤਾ ਹੈ ਕਿ ਉਹ ਇਸ ਸਾਲ ਦੇ ਅਖੀਰ ਤੱਕ ਅਜਿਹਾ ਟੀਕਾ ਜਾਰੀ ਕਰ ਦੇਵੇਗੀ।
ਇਸ ਯੂਨੀਵਰਸਿਟੀ ਦਾ ਐਸਟ੍ਰਾਜੀਨੀਕਾ ਕੰਪਨੀ ਨਾਲ ਕਰਾਰ ਹੈ। ਇਸ ਖੋਜ ਦੀ ਮੋਹਰੀ ਸਾਰਾ ਗਿਲਬਰਟ ਨੇ ਕਿਹਾ ਹੈ ਕਿ ਆਖਰੀ ਪੜਾਅ ਉਤੇ ਪੁੱਜੇ ਇਸ ਦੇ ਤਜਰਬੇ ਮਗਰੋਂ ਵੱਡੀ ਗਿਣਤੀ ਵਿਚ ਇਸ ਦੇ ਉਤਪਾਦਨ ਦੀ ਜ਼ਰੂਰਤ ਹੋਵੇਗੀ ਅਤੇ ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਹ ਟੀਕਾ ਲਗਾ ਕੇ ਇਸ ਦੀ ਪੂਰੀ ਤਰ੍ਹਾਂ ਪਰਖ ਕਰ ਲਈ ਜਾਏਗੀ। ਇਸ ਲਈ ਭਾਰਤ ਦੀ ਸੀਰਮ ਕੰਪਨੀ, ਜੋ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਟੀਕਿਆਂ ਦਾ ਉਤਪਾਦਨ ਕਰਦੀ ਹੈ ਅਤੇ ਜਿਸ ਦਾ ਇੰਗਲੈਂਡ ਦੀ ਆਕਸਫੋਰਡ ਐਸਟ੍ਰਾਜੀਨੀਕਾ ਨਾਲ ਕਰਾਰ ਹੋ ਚੁੱਕਾ ਹੈ, ਦੇ ਮੁਖੀ ਪੂਨਾਵਾਲਾ ਨੇ ਇਹ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਵਲੋਂ ਕਰੋੜਾਂ ਦੀ ਗਿਣਤੀ ਵਿਚ ਟੀਕੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿ ਉਨ੍ਹਾਂ ਦਾ ਇਹ ਯਤਨ ਹੋਵੇਗਾ ਕਿ ਅਜਿਹੇ ਟੀਕੇ ਦੀ ਕੀਮਤ ਆਮ ਲੋਕਾਂ ਦੀ ਪਹੁੰਚ ਵਿਚ ਹੋਵੇ ਅਤੇ ਇਹ 1000 ਰੁਪਏ ਤੋਂ ਵੱਧ ਨਾ ਹੋਵੇ ਅਤੇ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਟੀਕੇ ਨੂੰ ਘੱਟੋ-ਘੱਟ 2 ਜਾਂ 3 ਵਾਰ ਲਗਾਇਆ ਜਾਣਾ ਜ਼ਰੂਰੀ ਹੋਵੇਗਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਟੀਕਾ ਇਸ ਸਾਲ ਦੇ ਅਖੀਰ ਤੱਕ ਬਾਜ਼ਾਰ ਵਿਚ ਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪਹਿਲਾਂ ਇਹ ਟੀਕਾ ਉਨ੍ਹਾਂ ਵਿਅਕਤੀਆਂ ਦੇ ਲਗਾਇਆ ਜਾਣਾ ਜ਼ਰੂਰੀ ਹੈ ਜੋ ਅਮਲੀ ਰੂਪ ਵਿਚ ਇਸ ਬਿਮਾਰੀ ਨਾਲ ਜੂਝ ਰਹੇ ਹਨ। ਇਨ੍ਹਾਂ ਵਿਚ ਸਿਹਤ ਕਰਮਚਾਰੀ ਤੇ ਉਨ੍ਹਾਂ ਦੇ ਨਾਲ ਦੇ ਸਟਾਫ, ਬੱਚੇ ਅਤੇ ਵੱਡੀ ਉਮਰ ਦੇ ਉਨ੍ਹਾਂ ਵਿਅਕਤੀਆਂ ਜਿਨ੍ਹਾਂ ਦੀ ਰੋਗ ਪ੍ਰਤੀਰੋਧੀ ਸ਼ਕਤੀ ਘੱਟ ਹੋਵੇ, ਨੂੰ ਇਹ ਟੀਕਾ ਪਹਿਲਾਂ ਲਗਾਇਆ ਜਾਵੇਗਾ।
ਅਮਰੀਕਾ ਵਰਗੇ ਦੇਸ਼ਾਂ ਨੇ ਤਾਂ ਇਨ੍ਹਾਂ ਕੰਪਨੀਆਂ ਨੂੰ ਹੁਣ ਤੋਂ ਹੀ ਕਰੋੜਾਂ ਟੀਕਿਆਂ ਦੇ ਆਰਡਰ ਵੀ ਦੇ ਦਿੱਤੇ ਹਨ। ਅਜਿਹੇ ਟੀਕਿਆਂ ਦੀ ਇਸ ਲਈ ਵੀ ਵੱਡੀ ਗਿਣਤੀ ਵਿਚ ਜ਼ਰੂਰਤ ਹੋਵੇਗੀ, ਕਿਉਂਕਿ ਇਸ ਬਿਮਾਰੀ ਦੀ ਹਾਲੇ ਤੱਕ ਕੋਈ ਇਕ ਪਛਾਣ ਨਹੀਂ ਬਣਾਈ ਜਾ ਸਕੀ। ਇਹ ਵਾਇਰਸ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਢੰਗ ਨਾਲ ਵਿਚਰਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਇਸ ਦੀਆਂ 6 ਵੱਖ-ਵੱਖ ਕਿਸਮਾਂ ਦੀ ਪਛਾਣ ਹੋ ਚੁੱਕੀ ਹੈ।
__________________________________
ਜੇਨਬੁਰਕਟ ਵਲੋਂ ‘ਫੈਵੀਵੈਂਟ’ ਗੋਲੀ ਲਾਂਚ
ਨਵੀਂ ਦਿੱਲੀ: ਭਾਰਤੀ ਦਵਾ ਨਿਰਮਾਤਾ ਕੰਪਨੀ ਜੇਨਬੁਰਕਟ ਫਾਰਮਾਸਿਊਟੀਕਲ ਲਿਮਿਟਡ (ਜੇ.ਐਫ਼ਸੀ.) ਨੇ ਕੋਵਿਡ-19 ਦੇ ਦਰਮਿਆਨੇ ਪੀੜਤ ਮਰੀਜ਼ਾਂ ਲਈ ਲਾਗ ਵਿਰੋਧੀ ਦਵਾਈ ‘ਫੈਵੀਪਿਰਾਵਿਰ’ ਨੂੰ ‘ਫੈਵੀਵੈਂਟ’ ਦੇ ਨਾਂ ਹੇਠ ਲਾਂਚ ਕੀਤੀ ਹੈ। ਕੰਪਨੀ ਨੇ ਇਹ ਦਵਾਈ 39 ਰੁਪਏ ਪ੍ਰਤੀ ਗੋਲੀ ਵੇਚਣ ਦਾ ਐਲਾਨ ਕੀਤਾ ਹੈ। 200 ਐਮਜੀ ਦੀ ਇਹ ਗੋਲੀ 10 ਗੋਲੀਆਂ ਦੇ ਪੱਤੇ ਦੇ ਰੂਪ ‘ਚ ਉਪਲੱਬਧ ਹੋਵੇਗੀ। ਜੇ.ਐਫ਼ਸੀ. ਵੱਲੋਂ ਜਾਰੀ ਬਿਆਨ ਮੁਤਾਬਕ ਇਹ ਦਵਾਈ ਤਿਲੰਗਾਨਾ ਵਿਚ ਫਾਰਮਾਸਿਊਟੀਕਲ ਪਲਾਂਟ ‘ਚ ਉੱਚ ਸੁਰੱਖਿਆ ਤੇ ਨਿਰਮਾਣ ਮਾਪਦੰਡਾਂ ਦੀ ਪਾਲਣਾ ਕਰਦਿਆਂ ਤਿਆਰ ਕੀਤੀ ਜਾਵੇਗੀ।