ਢੀਂਡਸਿਆਂ ਦਾ ਕਾਫਲਾ ਹੋਇਆ ਲੰਮਾ, ਵੱਡੀ ਗਿਣਤੀ ਆਗੂਆਂ ਵਲੋਂ ਸਮਰਥਨ

ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਵਜੋਂ ਚੁਣੌਤੀ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਦਾ ਕਾਫਲਾ ਲੰਮਾ ਹੁੰਦਾ ਜਾ ਰਿਹਾ ਹੈ। ਪਿਛਲੇ ਹਫਤੇ ਆਪਣੇ ਆਪਣੇ ਆਪ ਨੂੰ ਅਕਾਲੀ ਦਲ ਦਾ ‘ਅਸਲੀ’ ਪ੍ਰਧਾਨ ਐਲਾਨਣ ਤੋਂ ਬਾਅਦ ਅਕਾਲੀ ਦਲ ਤੋਂ ਬਾਗੀ ਹੋਈ ਵੱਡੀ ਗਿਣਤੀ ਆਗੂ ਢੀਂਡਸਾ ਦੇ ਕਾਫਲੇ ਵਿਚ ਸ਼ਾਮਲ ਹੋ ਰਹੇ ਹਨ।

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਧੜੇ ਨੂੰ ਉਸ ਸਮੇਂ ਤਕੜਾ ਹੁਲਾਰਾ ਮਿਲਿਆ, ਜਦੋਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਨੇ ਆਪਣੇ ਸਾਥੀ ਸਤਨਾਮ ਸਿੰਘ ਮਨਾਵਾਂ ਤੇ ਹੋਰਨਾਂ ਵੱਡੀ ਗਿਣਤੀ ਆਗੂਆਂ ਦੇ ਨਾਲ ਪਾਰਟੀ ਨੂੰ ਭੰਗ ਕਰਕੇ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ‘ਚ ਰਲੇਵੇਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਸਾਥੀਆਂ ਸਮੇਤ ਸ਼ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਜਥੇਦਾਰ ਤਲਵੰਡੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ, ਜਦੋਂਕਿ ਕੁਰਬਾਨੀਆਂ ਦੇਣ ਵਾਲੇ ਟਕਸਾਲੀ ਪਰਿਵਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਤਲਵੰਡੀ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਸਿਆਸੀ ਸਰਗਰਮੀਆਂ ਤੋਂ ਮੂੰਹ ਮੋੜਦਿਆਂ ਅਕਾਲੀ ਦਲ ਦੀ ਕਿਸੇ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ।
ਇਸ ਮੌਕੇ ਭਾਈ ਮੋਹਕਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ‘ਚ ਸ਼ਾਮਲ ਹੋਣ ਉਤੇ ਸਵਾਗਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਅਤੇ ਖਾਸ ਕਰਕੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਜੁੜਨ ਨਾਲ ਪਾਰਟੀ ਦਾ ਕਾਫਲਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਭਾਈ ਮੋਹਕਮ ਸਿੰਘ ਨੇ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਸਮੂਹ ਪੰਥਕ ਧਿਰਾਂ ਨੂੰ ਇਕ ਝੰਡੇ, ਇਕ ਨਿਸ਼ਾਨ ਅਤੇ ਇਕ ਵਿਧਾਨ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬੇਹੱਦ ਔਖੇ ਦੌਰ ਵਿਚੋਂ ਲੰਘ ਰਿਹਾ ਹੈ ਤੇ ਸੂਬੇ ਦਾ ਆਰਥਿਕ, ਸਮਾਜਿਕ, ਸਿਆਸੀ ਤੇ ਧਾਰਮਿਕ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੇ ਨਾਜ਼ੁਕ ਸਮੇਂ ਢੀਂਡਸਾ ਵਰਗਾ ਸੁੱਘੜ ਤੇ ਸੁਲਝਿਆ ਹੋਇਆ ਆਗੂ ਹੀ ਪੰਜਾਬ ਤੇ ਪੰਥ ਨੂੰ ਸਹੀ ਸੇਧ ਦੇ ਸਕਦਾ ਹੈ ਤੇ ਪੰਜਾਬ ਦੀ ਬੇੜੀ ਪਾਰ ਲੰਘਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਢੀਂਡਸਾ ਕੋਲ ਲੰਬਾ ਸਿਆਸੀ ਤਜਰਬਾ ਹੈ ਤੇ ਉਨ੍ਹਾਂ ਨੇ ਸੂਬੇ ਦੀ ਸਿਆਸਤ ਨੂੰ ਬਹੁਤ ਨੇੜੇ ਤੋਂ ਦੇਖਿਆ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕੀਤਾ ਹੈ। ਬਿਨਾਂ ਸ਼ਰਤ ਢੀਂਡਸਾ ਦੀ ਅਗਵਾਈ ਕਬੂਲਣ ਦੇ ਫੈਸਲੇ ਬਾਰੇ ਗੱਲ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਲਾਲਸਾ ਨਹੀਂ ਰਹੀ ਤੇ ਨਾ ਹੀ ਉਨ੍ਹਾਂ ਨੇ ਕਿਸੇ ਸਿਆਸੀ ਮਕਸਦ ਲਈ ਪਾਰਟੀ ਦਾ ਗਠਨ ਕੀਤਾ ਸੀ, ਬਲਕਿ ਉਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਸੰਤ ਠਾਕੁਰ ਸਿੰਘ ਨਾਲ ਸੇਵਾ ਕਰਦਿਆਂ ਧਾਰਮਿਕ ਖੇਤਰ ਨਾਲ ਜੁੜੇ ਰਹੇ ਹਨ ਪਰ ਪਿਛਲੇ ਸਮੇਂ ਦੌਰਾਨ ਸਿੱਖ ਸਰਕਾਰਾਂ ਵਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਪਹੁੰਚਾਈ ਗਈ ਠੇਸ ਦੇ ਰੋਸ ਵਜੋਂ ਉਹ ਯੂਨਾਈਟਿਡ ਅਕਾਲੀ ਦਲ ਬਣਾਉਣ ਲਈ ਮਜਬੂਰ ਹੋਏ ਸਨ।
___________________________________
ਬਾਦਲ ਨੇ ਪੁੱਤਰ ਮੋਹ ‘ਚ ਅਕਾਲੀ ਦਲ ਦਾ ਘਾਣ ਕੀਤਾ: ਢੀਂਡਸਾ
ਖੰਨਾ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਆਪਣੇ ਪੁੱਤਰ ਦੀ ਚੌਧਰ ਖਾਤਰ ਵੱਡੇ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਮਰਿਆਦਾਵਾਂ ਦਾ ਘਾਣ ਕਰ ਦਿੱਤਾ ਹੈ, ਜਿਸ ਕਾਰਨ ਅੱਜ ਹਰ ਪੰਥ ਦਰਦੀ ਦੁਖੀ ਹੈ। ਉਨ੍ਹਾਂ ਕਿਹਾ ਕਿ ਸਮਾਂ ਆਉਣ ਉਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੇ 267 ਗਾਇਬ ਹੋਏ ਸਰੂਪ ਤੇ ਸ਼੍ਰੋਮਣੀ ਕਮੇਟੀ ‘ਚ ਹੋਏ ਘਪਲਿਆਂ ਦਾ ਪਰਦਾਫਾਸ਼ ਕਰਕੇ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਤੋਂ ਦੁਖੀ ਹੋ ਕੇ ਨਵੇਂ ਅਕਾਲੀ ਦਲ ਵਿਚ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ।
_________________________________________
ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ
ਚੰਡੀਗੜ੍ਹ: ਪੰਜਾਬ ਦੀ ਬਿਹਤਰੀ ਲਈ ਸੁਖਦੇਵ ਸਿੰਘ ਢੀਂਡਸਾ ਨੇ ਸਾਰੀਆਂ ਪੰਥਕ ਤੇ ਸਿਆਸੀ ਧਿਰਾਂ ਨੂੰ ਇਕ ਮੰਚ ਉਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਦੇਸ਼ ਕੌਮ ‘ਤੇ ਭੀੜ ਪਈ ਤਾਂ ਸਿੱਖ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਲੜਾਈ ਲੜੀ। ਹੁਣ ਵੀ ਉਹ ਪੰਜਾਬ ਦੇ ਹਿੱਤਾਂ ਲਈ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ। ਉਨ੍ਹਾਂ ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਮੁੱਦਿਆਂ ‘ਤੇ ਮੌਜੂਦਾ ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ‘ਚ ਕੋਈ ਚੋਣ ਨਹੀਂ ਲੜਨਗੇ ਅਤੇ ਨਾ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਹਨ। ਉਹ ਸੱਚੇ ਸੇਵਾਦਾਰ ਵਾਂਗ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਤੇ ਕਰਦੇ ਰਹਿਣਗੇ।
________________________________________
ਯੂਨਾਈਟਿਡ ਅਕਾਲੀ ਦਲ ਸ਼ਾਮਲ ਨਹੀਂ: ਗੁਰਦੀਪ ਸਿੰਘ
ਜਲੰਧਰ: ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਚੰਡੀਗੜ੍ਹ ਅਤੇ ਬਹਾਦਰ ਸਿੰਘ ਰਾਹੋਂ, ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ, ਸੀਨੀਅਰ ਆਗੂ ਬਾਬਾ ਚਮਕੌਰ ਸਿੰਘ ਭਾਈਰੂਪਾ ਅਤੇ ਜਸਵਿੰਦਰ ਸਿੰਘ ਘੋਲੀਆ ਨੇ ਸਪੱਸ਼ਟ ਕੀਤਾ ਹੈ ਕਿ ਭਾਈ ਮੋਹਕਮ ਸਿੰਘ ਅਤੇ ਭਾਈ ਸਤਨਾਮ ਸਿੰਘ ਮਨਾਵਾਂ ਪਿਛਲੇ ਇਕ ਸਾਲ ਤੋਂ ਪੂਰੀ ਤਰ੍ਹਾਂ ਗੈਰ ਸਰਗਰਮ ਸਨ। ਜੁਲਾਈ 2019 ‘ਚ ਪਾਰਟੀ ਸੰਵਿਧਾਨ ਮੁਤਾਬਕ ਪਾਰਟੀ ਪ੍ਰਧਾਨ ਤੇ ਸਮੁੱਚੇ ਜਥੇਬੰਦਕ ਢਾਂਚੇ ਦੀ ਚੋਣ ਕੀਤੀ ਗਈ। ਉਨ੍ਹਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ‘ਚੋਂ ਇਕ ਵੀ ਵਰਕਰ ਢੀਂਡਸਾ ਧੜੇ ‘ਚ ਨਹੀਂ ਜਾ ਰਿਹਾ। ਭਾਈ ਮੋਹਕਮ ਸਿੰਘ ਅਤੇ ਭਾਈ ਸਤਨਾਮ ਸਿੰਘ ਮਨਾਵਾਂ ਦਾ ਢੀਂਡਸਾ ਧੜੇ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਉਨ੍ਹਾਂ ਦਾ ਆਪਣਾ ਫੈਸਲਾ ਹੈ।