ਗਿਆਰਾਂ ਅਫਗਾਨ ਸਿੱਖ ਵਿਸ਼ੇਸ਼ ਵੀਜ਼ਿਆਂ ‘ਤੇ ਭਾਰਤ ਆਏ

ਨਵੀਂ ਦਿੱਲੀ: ਅਫਗਾਨਿਸਤਾਨ ਦੇ ਘੱਟ ਗਿਣਤੀ ਫਿਰਕਿਆਂ ਨਾਲ ਸਬੰਧਤ 11 ਮੈਂਬਰ ਭਾਰਤ ਪੁੱਜੇ, ਜਿਨ੍ਹਾਂ ‘ਚ ਉਹ ਸਿੱਖ ਆਗੂ ਵੀ ਸ਼ਾਮਲ ਹੈ, ਜਿਸ ਨੂੰ ਪਿਛਲੇ ਮਹੀਨੇ ਅਗਵਾ ਕਰ ਲਿਆ ਗਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਸਾਰਿਆਂ ਨੂੰ ਵੀਜ਼ੇ ਮੁਹੱਈਆ ਕਰਵਾਏ ਤੇ ਉਨ੍ਹਾਂ ਦੇ ਇਥੇ ਭਾਰਤ ਪੁੱਜਣ ‘ਚ ਸਹਾਇਤਾ ਕੀਤੀ।

ਵਿਦੇਸ਼ ਮੰਤਰਾਲੇ ਮੁਤਾਬਕ 18 ਜੁਲਾਈ ਨੂੰ ਅਗਵਾਕਾਰਾਂ ਵੱਲੋਂ ਛੱਡੇ ਗਏ ਨਿਧਾਨ ਸਿੰਘ ਸਚਦੇਵਾ ਵੀ ਇਨ੍ਹਾਂ 11 ਮੈਂਬਰਾਂ ਵਿਚ ਸ਼ਾਮਲ ਸਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਨ੍ਹਾਂ ਸਿੱਖਾਂ ਨੂੰ ਰਹਿਣ ਲਈ ਥਾਂ ਤੇ ਹੋਰ ਸਹੂਲਤਾਂ ਦੇਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਜਥੇ ਵਿਚ 70 ਅਤੇ ਉਸ ਤੋਂ ਅਗਲੇ ‘ਚ 125 ਸਿੱਖ ਇਥੇ ਪਹੁੰਚਣਗੇ। ਉਨ੍ਹਾਂ ਦੱਸਿਆ ਕਿ 600 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਕੋਸ਼ਿਸ਼ ਇਹ ਹੈ ਕਿ ਅਗਸਤ ਦੇ ਅਖੀਰ ਤੱਕ ਸਾਰੇ ਸਿੱਖਾਂ ਨੂੰ ਇਥੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਇਨ੍ਹਾਂ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਉਨ੍ਹਾਂ ਦੇ ਭਾਰਤ ਵਿਚ ਵਸਣ ਵਿਚ ਮਦਦ ਕਰੇਗੀ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਤੇ ਆਰ.ਪੀ. ਸਿੰਘ ਨੇ ਭਾਰਤ ਪਹੁੰਚਣ ਉਤੇ ਅਫਗਾਨਿਸਤਾਨ ਤੋਂ ਆਏ ਸਿੱਖ ਭਰਾਵਾਂ/ਭੈਣਾਂ ਦਾ ਦਿੱਲੀ ਏਅਰਪੋਰਟ ‘ਤੇ ਸਵਾਗਤ ਕੀਤਾ। ਸ੍ਰੀ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੂਰਅੰਦੇਸ਼ੀ ਨੀਤੀਆਂ ਸਦਕਾ ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਕਾਰਨ ਅੱਜ ਸਿੱਖ ਭਰਾ ਅਫਗਾਨਿਸਤਾਨ ਤੋਂ ਵਾਪਸ ਘਰ ਪਰਤੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਪਰਿਵਾਰ ਅਫਗਾਨਿਸਤਾਨ ਤੋਂ ਭਾਰਤ ਪਰਤੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਦਾ ਸੰਵਿਧਾਨ ਉਨ੍ਹਾਂ ਨੂੰ ਵੱਖਰੇ ਧਾਰਮਿਕ ਰਾਜ ਬਣਾਉਂਦਾ ਹੈ, ਨਤੀਜੇ ਵਜੋਂ ਇਨ੍ਹਾਂ ਦੇਸ਼ਾਂ ਵਿਚ ਹਿੰਦੂ, ਸਿੱਖ, ਬੋਧੀ, ਪਾਰਸੀ, ਜੈਨ ਅਤੇ ਈਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕ ਧਾਰਮਿਕ ਆਧਾਰਾਂ ਉਤੇ ਅੱਤਿਆਚਾਰ ਦਾ ਸਾਹਮਣਾ ਕਰਦੇ ਹਨ।
ਸਿਟੀਜਨਸ਼ਿਪ ਸੋਧ ਐਕਟ ਲਾਗੂ ਹੋਣ ਨਾਲ ਭਾਰਤ ਵਿਚ ਵਸਦੇ ਸ਼ਰਨਾਰਥੀਆਂ ਨੂੰ ਵੀ ਭਾਰਤੀ ਨਾਗਰਿਕਾਂ ਦਾ ਦਰਜਾ ਮਿਲੇਗਾ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਯੋਜਨਾਬੰਦੀ ਤੇ ਸਹੂਲਤਾਂ ਦਾ ਲਾਭ ਮਿਲੇਗਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਅਫਗਾਨੀ ਸਿੱਖਾਂ ਲਈ ਹਮੇਸ਼ਾ ਮਦਦ ਲਈ ਉਹ ਤਿਆਰ ਹਨ। ਇਸ ਮੌਕੇ ਦਿੱਲੀ ਦੇ ਹੋਰ ਸਿੱਖ ਆਗੂ ਵੀ ਪੁੱਜੇ ਹੋਏ ਸਨ ਜਿਨ੍ਹਾਂ ਦਿੱਲੀ ਵਿਚ ਹਵਾਈ ਅੱਡੇ ਉਪਰ ਸਿੱਖ ਭਰਾਵਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਹ ਸਿੱਖ ਪਰਿਵਾਰ ਉਥੋਂ ਦੀਆਂ ਸਰਕਾਰਾਂ ਤੇ ਦਹਿਸ਼ਤੀ ਗੁੱਟਾਂ ਤੋਂ ਤੰਗ ਸਨ ਤੇ ਹੁਣ ਆਪਣੇ ਮੁਲਕ ਪਰਤੇ ਹਨ।
_____________________________________
ਇੱਛੁਕ ਸਿੱਖਾਂ ਤੇ ਹਿੰਦੂਆਂ ਨੂੰ ਵੀਜ਼ੇ ਦੇਵੇਗਾ ਭਾਰਤ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ‘ਚ ਅਤਿਵਾਦੀਆਂ ਵੱਲੋਂ ਬਾਹਰੀ ਸਮਰਥਕਾਂ ਦੇ ਇਸ਼ਾਰੇ ਉਤੇ ਹਿੰਦੂ ਅਤੇ ਸਿੱਖਾਂ ‘ਤੇ ਹਮਲੇ ਤੇਜ਼ ਕੀਤੇ ਗਏ ਹਨ ਅਤੇ ਭਾਰਤ ਉਨ੍ਹਾਂ ਭਾਈਚਾਰਿਆਂ ਦੇ ਮੈਂਬਰਾਂ ਨੂੰ ਜ਼ਰੂਰੀ ਵੀਜ਼ਾ ਪ੍ਰਦਾਨ ਕਰ ਰਿਹਾ ਹੈ, ਜੋ ਇਥੇ ਆਉਣਾ ਚਾਹੁੰਦੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵਾ ਨੇ ਕਿਹਾ ਕਿ ਇਕ ਵਾਰ ਜੋ ਲੋਕ ਭਾਰਤ ਆਉਣਾ ਚਾਹੁੰਦੇ ਹਨ ਅਤੇ ਇਥੇ ਵਸਣਾ ਚਾਹੁੰਦੇ ਹਨ, ਉਹ ਦੇਸ਼ ‘ਚ ਆਉਂਦੇ ਹਨ ਤਾਂ ਉਨ੍ਹਾਂ ਦੀ ਅਪੀਲ ਦੀ ਜਾਂਚ ਕੀਤੀ ਜਾਵੇਗੀ ਤੇ ਮੌਜੂਦਾ ਨਿਯਮਾਂ ਤੇ ਨੀਤੀਆਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।