ਪੰਜਾਬ ਪੁਲਿਸ ਵਲੋਂ ਅੰਤਰ-ਰਾਜੀ ਡਰੱਗ ਮਾਫੀਏ ਦਾ ਪਰਦਾਫਾਸ਼

ਚੰਡੀਗੜ੍ਹ: ਪੰਜਾਬ ਪੁਲਿਸ ਨੇ ਹਵਾਲਾ ਚੈਨਲ ਰੂਟ ਦੀ ਵਰਤੋਂ ਰਾਹੀਂ 11 ਰਾਜਾਂ ਵਿਚ 50 ਤੋਂ ਵੱਧ ਜ਼ਿਲ੍ਹਿਆਂ ਵਿਚ ਚੱਲ ਰਹੇ ਅੰਤਰ-ਰਾਜੀ ਡਰੱਗ ਮਾਫੀਏ ਦਾ ਪਰਦਾਫਾਸ਼ ਕੀਤਾ ਹੈ। ਇਸ ਮੁਹਿੰਮ ਵਿਚ 20 ਵਿਅਕਤੀਆਂ ਨੂੰ ਪਹਿਲਾਂ ਹੀ ਨਸ਼ਿਆਂ ਦੀ ਵੱਡੀ ਖੇਪ, ਡਰੱਗ ਮਨੀ ਅਤੇ ਪੰਜ ਵਾਹਨਾਂ ਨਾਲ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ‘ਆਗਰਾ ਗੈਂਗ’ ਵਜੋਂ ਜਾਣਿਆ ਜਾਂਦਾ ਇਹ ਡਰੱਗ ਮਾਫੀਆ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਦੇਸ਼ ਭਰ ਵਿਚ ਫੈਲੇ ਡਰੱਗ ਨਿਰਮਾਤਾ, ਸਪਲਾਇਰ, ਥੋਕ ਵਿਕਰੇਤਾ ਤੇ ਪ੍ਰਚੂਨ ਕੈਮਿਸਟ ਤੋਂ ਲੈ ਕੇ ਭਾਰਤ ਭਰ ਦੇ ਬਾਜ਼ਾਰਾਂ ਵਿਚ ਭੇਜ ਰਿਹਾ ਸੀ। ਹੁਣ ਤੱਕ ਗ੍ਰਿਫਤਾਰ ਕੀਤੇ ਗਏ 20 ਲੋਕਾਂ ਵਿਚੋਂ 16 ਪੰਜਾਬ, 2 ਯੂਪੀ ਅਤੇ ਇਕ-ਇਕ ਹਰਿਆਣਾ ਅਤੇ ਦਿੱਲੀ ਨਾਲ ਸਬੰਧਤ ਹਨ।
ਇਸ ਗਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਨਾਲ, ਨਸ਼ਾ ਸਿੰਡੀਕੇਟ ਦਾ ਇਕ ਵੱਡਾ ਨੈੱਟਵਰਕ ਜੋ 10-12 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਗੋਲੀਆਂ/ਕੈਪਸੂਲ/ ਟੀਕੇ/ਸਿਰਪ ਦੇ ਰੂਪ ਵਿਚ ਹਰੇਕ ਮਹੀਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਭੇਜ ਰਿਹਾ ਸੀ, ਦਾ ਪਰਦਾਫਾਸ਼ ਹੋਇਆ ਹੈ। ਇਸ ਗਰੋਹ ਦਾ ਬਰਨਾਲਾ ਪੁਲਿਸ ਟੀਮ ਨੇ ਪਰਦਾਫਾਸ਼ ਕੀਤਾ। ਗਰੋਹ ਦੇ ਮੁੱਖੀ ਸਮੇਤ 20 ਵਿਅਕਤੀਆਂ ਦੀ ਗ੍ਰਿਫਤਾਰੀ ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਵੱਖ-ਵੱਖ ਥਾਵਾਂ ਤੋਂ ਕੀਤੀ ਗਈ।
ਉਨ੍ਹਾਂ ਕੋਲੋਂ 27,62,137 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਸਿਰਪ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ 70,03,800 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਬਰਨਾਲਾ ਪੁਲਿਸ ਨੇ ਮਾਰਚ 2020 ਵਿਚ ਇਸੇ ਤਰ੍ਹਾਂ ‘ਮਥੁਰਾ ਗੈਂਗ’ ਦਾ ਪਰਦਾਫਾਸ਼ ਕੀਤਾ ਸੀ। ਇਸੇ ਮਈ ਮਹੀਨੇ ਬਲਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਗੁਰਜੰਟ ਸਿੰਘ ਅਤੇ ਚਾਰ ਹੋਰਾਂ ਦੀ 2,85,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਸਮੇਤ ਗ੍ਰਿਫਤਾਰੀ ਨਾਲ ਇਸ ਮੁਕੱਦਮੇ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਜ਼ੁਲਫੀਕਾਰ ਅਲੀ ਨੂੰ 12,000 ਨਸ਼ੀਲੀਆਂ ਗੋਲੀਆਂ (ਟੈਬ ਕਲੋਵੀਡੋਲ) ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਪੁੱਛ-ਪੜਤਾਲ ਬਾਅਦ ਹਰੀਸ਼ ਦੀ ਭੂਮਿਕਾ ਦਾ ਖੁਲਾਸਾ ਹੋਇਆ, ਜੋ ਪੰਜਾਬ ਵਿਚ ਫਾਰਮਾਸਿਊਟੀਕਲ ਓਪੀਡਜ਼ ਦੀ ਆਮਦ ਅਤੇ ਸਪਲਾਈ ਵਿਚ ਮਾਸਟਰਮਾਈਂਡ ਹੈ। ਤਸਕਰਾਂ ਨੇ ਪਹਿਲਾਂ ਤੋਂ ਹੀ ਦਿੱਲੀ, ਆਗਰਾ, ਅੰਮ੍ਰਿਤਸਰ, ਜੈਪੁਰ, ਗਵਾਲੀਅਰ ਅਤੇ ਭੋਪਾਲ ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਚੱਲ ਰਹੇ ਕੋਰੀਅਰ/ਟ੍ਰਾਂਸਪੋਰਟ/ਮਾਲ ਢੁਆਈ ਵਰਗੇ ਨੈਟਵਰਕ ਦੀ ਵਰਤੋਂ ਕੀਤੀ ਅਤੇ ਨਕਲੀ ਬਿੱਲਾਂ ਦੀ ਮਦਦ ਨਾਲ ਸਥਾਨਕ ਟਰਾਂਸਪੋਰਟਰਾਂ ਦੀ ਵਰਤੋਂ ਕਰਦੇ ਹੋਏ ਕਈ ਰਾਜਾਂ ਦੇ ਵੱਖ-ਵੱਖ ਥਾਵਾਂ ‘ਤੇ ਖੇਪਾਂ ਭੇਜੀਆਂ। ਹਵਾਲਾ ਚੈਨਲਾਂ ਦੀ ਵਰਤੋਂ ਕਰਕੇ ਪੈਸੇ ਦੀ ਅਦਾਇਗੀ ਅਤੇ ਲੈਣ-ਦੇਣ ਕੀਤਾ ਗਿਆ।