ਸਿਦਕ ਦਾ ਮੁਜੱਸਮਾ ਬਾਬਾ ਬੂਝਾ ਸਿੰਘ

ਬੂਟਾ ਸਿੰਘ
ਇਸ ਵਰ੍ਹੇ 27 ਜੁਲਾਈ ਨੂੰ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਹੋਇਆਂ 50 ਸਾਲ ਹੋ ਗਏ। ਬੂਝਾ ਸਿੰਘ ਉਨ੍ਹਾਂ ਮਿਸਾਲੀ ਕਮਿਊਨਿਸਟ ਆਗੂਆਂ ਵਿਚੋਂ ਇਕ ਸਨ ਜਿਨ੍ਹਾਂ ਦਾ ਸਾਡੇ ਦੇਸ਼ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਵਿਚ ਨਿਆਰਾ ਸਥਾਨ ਹੈ। ਉਨ੍ਹਾਂ ਨੇ 82 ਸਾਲ ਦੀ ਉਮਰ ‘ਚ ਵੀ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ। ਜਦ ਮਈ 1967 ਵਿਚ ਪੱਛਮੀ ਬੰਗਾਲ ਦੀ ਧਰਤੀ ਤੋਂ ਨਕਸਲਬਾੜੀ ਦੀ ਹਥਿਆਰਬੰਦ ਬਗ਼ਾਵਤ ਦਾ ਬਿਗਲ ਵੱਜਿਆ ਤਾਂ ਉਹ ਪੰਜਾਬ ਵਿਚ ਇਸ ਦੀ ਹਮਾਇਤ ਕਰਨ ਵਾਲੇ ਮੋਹਰੀ ਆਗੂਆਂ ਵਿਚ ਸਨ। ਉਨ੍ਹਾਂ ਨੇ ਹਥਿਆਰਬੰਦ ਇਨਕਲਾਬ ਦੇ ਸੱਦੇ ਦਾ ਪੁਰਜ਼ੋਰ ਸਵਾਗਤ ਕੀਤਾ ਅਤੇ ਬਿਰਧ ਅਵਸਥਾ ਵਿਚ ਵੀ ਇਨਕਲਾਬ ਦਾ ਝੰਡਾ ਬੁਲੰਦ ਕਰਨ ਦਾ ਬੇਮਿਸਾਲ ਇਨਕਲਾਬੀ ਜਜ਼ਬਾ ਦਿਖਾਇਆ।

ਜ਼ਿਲ੍ਹਾ ਜਲੰਧਰ ਇਲਾਕਾ ਬੰਗਾ (ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਚੱਕ ਮਾਈਦਾਸ ਦੇ ਜੰਮਪਲ ਬੂਝਾ ਸਿੰਘ ਨੇ ਵੀ ਆਪਣੇ ਸਮਕਾਲੀ ਹੋਰ ਨੌਜਵਾਨਾਂ ਵਾਂਗ ਵਿਦੇਸ਼ ਜਾ ਕੇ ਆਪਣੇ ਬਦਹਾਲ ਕਿਸਾਨ ਪਰਿਵਾਰ ਦੀ ਹਾਲਤ ਸੁਧਾਰਨ ਦਾ ਸੁਪਨਾ ਲਿਆ ਸੀ। 1930ਵਿਆਂ ਦੇ ਸ਼ੁਰੂ ਵਿਚ ਉਹ ਅਰਜਨਟਾਈਨਾ ਪਹੁੰਚੇ। ਉਥੇ ਭਗਤ ਸਿੰਘ ਬਿਲਗਾ ਅਤੇ ਹੋਰ ਗਦਰੀ ਇਨਕਲਾਬੀਆਂ ਦੀ ਸੰਗਤ ਵਿਚ ਉਹ ਵੀ ਗਦਰੀ ਕਾਫਲੇ ਵਿਚ ਸ਼ਾਮਲ ਹੋ ਗਏੇ। ਆਪਣੀ ਜ਼ਿੰਦਗੀ ਨੂੰ ਨਿੱਜ ਦੀ ਬਜਾਏ ਪੂਰੇ ਮੁਲਕ ਦੀ ਤਕਦੀਰ ਬਦਲਣ ਲਈ ਲੜੇ ਜਾ ਰਹੇ ਇਨਕਲਾਬੀ ਸੰਗਰਾਮ ਦੇ ਲੇਖੇ ਲਾਉਣ ਦੇ ਇਸ ਅਹਿਦ ਉਪਰ ਉਹ ਆਖਰੀ ਸਾਹਾਂ ਤਕ ਸ਼ਾਨਦਾਰ ਦ੍ਰਿੜਤਾ ਨਾਲ ਨਿਭੇ।
ਸਮਾਜ ਸੇਵਾ ਨਾਲ ਬੂਝਾ ਸਿੰਘ ਨੂੰ ਬਚਪਨ ਤੋਂ ਹੀ ਲਗਾਓ ਸੀ, ਗਦਰ ਦੀ ਇਨਕਲਾਬੀ ਵਿਚਾਰਧਾਰਾ ਦੇ ਪਹੁਲ ਨੇ ਉਸ ਦੀ ਇਸ ਸ਼ਖਸੀ ਖੂਬੀ ਦੀ ਕਾਇਆ-ਕਲਪ ਕਰ ਕੇ ਉਸ ਨੂੰ ਰੌਸ਼ਨ ਖਿਆਲ ਯੁਗ-ਪਲਟਾਊ ਬਣਾ ਦਿੱਤਾ। ਉਨ੍ਹਾਂ ਦੀ ਇਨਕਲਾਬੀ ਕਾਜ ਪ੍ਰਤੀ ਨਿਹਚਾ, ਵਚਨਬੱਧਤਾ, ਮਿਸਾਲੀ ਸਿਰੜ ਅਤੇ ਸੂਝ ਨੇ ਗਦਰੀ ਆਗੂਆਂ ਦੇ ਮਨ ਮੋਹ ਲਏ ਅਤੇ ਬੂਝਾ ਸਿੰਘ ਨੇ ਮੁੜ ਜਥੇਬੰਦ ਹੋਈ ਗਦਰ ਪਾਰਟੀ ਦੀ ਅਰਜਨਟਾਈਨਾ ਸ਼ਾਖਾ ਵਿਚ ਮਹੱਤਵਪੂਰਨ ਜ਼ਿੰਮੇਵਾਰੀਆਂ ਓਟਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੁੱਖ ਗਦਰੀ ਆਗੂ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਉਨ੍ਹਾਂ ਤੋਂ ਬਾਅਦ ਤੇਜਾ ਸਿੰਘ ਸੁਤੰਤਰ ਵਿਸ਼ੇਸ਼ ਪ੍ਰੋਗਰਾਮ ਲੈ ਕੇ ਅਰਜਨਟਾਈਨਾ ਗਏ ਤਾਂ ਬੂਝਾ ਸਿੰਘ ਨੇ ਵੱਖ-ਵੱਖ ਹਿੱਸਿਆਂ ਵਿਚ ਉਨ੍ਹਾਂ ਦੇ ਨਾਲ ਜਾ ਕੇ ਫੰਡ ਇਕੱਠੇ ਕਰਨ, ਨਵੇਂ ਮੈਂਬਰ ਭਰਤੀ ਕਰਨ ਅਤੇ ਗਦਰੀਆਂ ਨੂੰ ਛਾਪਾਮਾਰ ਲੜਾਈ ਦੀ ਸਿਖਲਾਈ ਦੇਣ ਦੀਆਂ ਮੁਹਿੰਮਾਂ ਨੂੰ ਕਾਮਯਾਬ ਕਰਨ ਲਈ ਜੋਸ਼-ਖਰੋਸ਼ ਨਾਲ ਸਰਗਰਮੀ ਕੀਤੀ।
ਬਾਬਾ ਰਤਨ ਸਿੰਘ ਦੀ ਤਜਵੀਜ਼ ਮੰਨ ਕੇ ਗਦਰੀਆਂ ਨੂੰ ਕਮਿਊਨਿਸਟ ਸਿਧਾਂਤ ਦੀ ਪੜ੍ਹਾਈ ਅਤੇ ਹੋਰ ਸਿਖਲਾਈ ਲਈ ਰੂਸ ਭੇਜਣ ਦੀ ਯੋਜਨਾ ਮੁਤਾਬਿਕ ਅਪਰੈਲ 1932 ਵਿਚ ਚਾਰ ਗਦਰੀਆਂ ਦਾ ਪਹਿਲਾ ਜੱਥਾ ਬੂਝਾ ਸਿੰਘ ਦੀ ਅਗਵਾਈ ਹੇਠ ਰੂਸ ਭੇਜਿਆ ਗਿਆ। ਫਿਰ ਹੋਰ ਮੁਲਕਾਂ ਤੋਂ ਵੀ ਜੱਥੇ ਆਉਂਦੇ ਗਏ, ਪਰ ਇਹ ਗੌਰਤਲਬ ਹੈ ਕਿ ਸਭ ਤੋਂ ਵੱਧ ਤਕਰੀਬਨ 60 ਫੀਸਦੀ ਇਨਕਲਾਬੀ ਅਰਜਨਟਾਈਨਾ ਤੋਂ ਆਏ ਸਨ। ਲੋੜੀਂਦੀ ਪੜ੍ਹਾਈ-ਸਿਖਲਾਈ ਤੋਂ ਬਾਅਦ 1934 ‘ਚ ਵਾਪਸ ਹਿੰਦੁਸਤਾਨ ਭੇਜੇ ਗਏ ਅਰਜਨਟਾਈਨਾ ਵਾਲੇ ਗਦਰੀਆਂ ਵਿਚੋਂ ਵੀ ਬੂਝਾ ਸਿੰਘ ਮੋਹਰੀ ਸਨ। ਮੁਲਕ ਵਿਚ ਆ ਕੇ ਉਨ੍ਹਾਂ ਕਿਰਤੀ ਪਾਰਟੀ ਦੀ ਅਗਵਾਈ ਹੇਠ ਲਹਿਰ ਉਸਾਰਨ ਲਈ ਦਿਨ-ਰਾਤ ਇਕ ਕਰ ਦਿੱਤਾ। ਅਕਤੂਬਰ 1935 ‘ਚ ਬੂਝਾ ਸਿੰਘ ਅਤੇ ਦੁੱਲਾ ਸਿੰਘ ਜਲਾਲਦੀਵਾਲ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਕੇ ਸ਼ਾਹੀ ਕਿਲ੍ਹਾ ਲਾਹੌਰ ਵਿਚ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਅਤੇ ਦੋ ਮਹੀਨੇ ਬਾਅਦ ਪਿੰਡ ਵਿਚ ਜੂਹਬੰਦ ਕਰ ਦਿੱਤਾ ਗਿਆ। ਬੂਝਾ ਸਿੰਘ ਬਹੁਤ ਸੂਝਵਾਨ ਅਤੇ ਬਹੁਪੱਖੀ ਗੁਣਾਂ ਵਾਲੇ ਸਨ। ਉਨ੍ਹਾਂ ਨੇ ਜੂਹਬੰਦੀ ਦੌਰਾਨ ਜਿੱਥੇ ਗੁਪਤ ਤਰੀਕੇ ਨਾਲ ਆਪਣੀ ਸਰਗਰਮੀ ਜਾਰੀ ਰੱਖੀ, ਉਥੇ ਇਸ ਸਮੇਂ ਦੌਰਾਨ ਨਵੀਂ ਸੇਧ ਦੇ ਕੇ ਪਰਿਵਾਰ ਦੀ ਆਰਥਿਕਤਾ ਦੀ ਕਾਇਆ-ਕਲਪ ਵੀ ਕਰ ਦਿੱਤੀ। ਜੂਹਬੰਦੀ ਖਤਮ ਹੁੰਦੇ ਸਾਰ ਉਹ ਮੁੜ ਪਹਿਲਾਂ ਵਾਂਗ ਸਰਗਰਮੀ ਵਿਚ ਜੁੱਟ ਗਏ। ਦੂਜੀ ਸੰਸਾਰ ਜੰਗ ਦੌਰਾਨ ਹੋਰ ਆਗੂਆਂ ਦੇ ਨਾਲ ਉਨ੍ਹਾਂ ਨੂੰ ਵੀ ਜੇਲ੍ਹ ਵਿਚ ਬੰਦ ਰੱਖਿਆ ਗਿਆ। ਉਨ੍ਹਾਂ ਨੇ 1947 ਝੂਠੀ ਆਜ਼ਾਦੀ ਦਾ ਪਰਦਾਫਾਸ਼ ਕੀਤਾ ਅਤੇ ਲੋਕਾਂ ਨੂੰ ਸੱਚੀ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਦਾ ਹੋਕਾ ਦਿੱਤਾ। ਉਨ੍ਹਾਂ ਨੇ ਲਾਲ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਪੈਪਸੂ ਰਿਆਸਤਾਂ ਦੇ ਮੁਜਾਰੇ ਕਿਸਾਨਾਂ ਦੇ ਜਗੀਰਦਾਰੀ ਵਿਰੁਧ ਜੁਝਾਰੂ ਸੰਗਰਾਮ ਵਿਚ ਆਗੂ ਭੂਮਿਕਾ ਨਿਭਾਈ।
1930 ਤੋਂ ਲੈ ਕੇ ਸ਼ਹਾਦਤ ਦੇ ਆਖਰੀ ਪਲਾਂ ਤਕ ਉਨ੍ਹਾਂ ਦਾ ਚਾਰ ਦਹਾਕੇ ਲੰਮਾ ਰਾਜਸੀ ਸਫਰ ਇਨਕਲਾਬੀ ਨਿਹਚਾ ਅਤੇ ਵਚਨਬੱਧਤਾ ਦਾ ਮੁਜੱਸਮਾ ਹੈ। ਇਸੇ ਤਰ੍ਹਾਂ ਹੀ ਸ਼ਾਨਦਾਰ ਹੈ ਉਨ੍ਹਾਂ ਦਾ ਇਨਕਲਾਬੀ ਲਗਾਤਾਰਤਾ ਵਾਲਾ ਸਮਝੌਤਾ ਰਹਿਤ ਅਤੇ ਅਡੋਲ ਵਿਚਾਰਧਾਰਕ-ਰਾਜਸੀ ਸਟੈਂਡ। ਕਿਰਤੀ ਪਾਰਟੀ ਤੋਂ ਲੈ ਕੇ ਸੀ.ਪੀ.ਆਈ., ਫਿਰ ਲਾਲ ਕਮਿਊਨਿਸਟ ਪਾਰਟੀ, ਫਿਰ ਸੀ.ਪੀ.ਐਮ. ਅਤੇ ਆਖਿਰਕਾਰ ਨਕਸਲੀ ਲਹਿਰ, ਗੱਲ ਕੀ ਕਮਿਊਨਿਸਟ ਲਹਿਰ ਦੇ ਹਰ ਮਹੱਤਵਪੂਰਨ ਮੋੜ ਉਪਰ ਬਹੁਤ ਹੀ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਬੂਝਾ ਸਿੰਘ ਦੀ ਸਿਰਕੱਢ ਆਗੂ ਭੂਮਿਕਾ ਅਤੇ ਧੜੱਲੇਦਾਰ ਦਖਲਅੰਦਾਜ਼ੀ ਹਮੇਸ਼ਾ ਧਿਆਨ ਖਿੱਚਦੀ ਹੈ। ਉਹ ਜਿਸ ਵੀ ਪਾਰਟੀ ਵਿਚ ਰਹੇ ਹਮੇਸ਼ਾ ਜ਼ਾਤੀ ਨੇੜਤਾ, ਲਿਹਾਜ਼ਾਂ ਅਤੇ ਪੁਰਾਣੇ ਰਿਸ਼ਤਿਆਂ ਤੋਂ ਬੇਪ੍ਰਵਾਹ ਹੋ ਕੇ ਅਤੇ ਕਮਿਊਨਿਸਟ ਸਿਧਾਂਤਾਂ ਤੇ ਅਸੂਲਾਂ ਅਨੁਸਾਰ ਹਥਿਆਰਬੰਦ ਇਨਕਲਾਬ ਨੂੰ ਪ੍ਰਣਾਈ ਜੁਝਾਰੂ ਇਨਕਲਾਬੀ ਧਾਰਾ ਨਾਲ ਖੜ੍ਹੇ। 1950ਵਿਆਂ ਦੇ ਅਖੀਰ ‘ਚ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਸ਼ੁਰੂ ਹੋਈ ਸਿਧਾਂਤਕ ਬਹਿਸ ਅਤੇ 1960ਵਿਆਂ ਦੇ ਸ਼ੁਰੂ ਵਿਚ ਭਾਰਤ-ਚੀਨ ਯੁੱਧ ਵਰਗੇ ਫੈਸਲਾਕੁਨ ਇਤਿਹਾਸਕ ਮੋੜਾਂ ਉਪਰ ਉਨ੍ਹਾਂ ਦੇ ਰਾਜਸੀ ਸਟੈਂਡ ਬੜੇ ਸਪਸ਼ਟ ਕੌਮਾਂਤਰੀਵਾਦੀ ਸਨ। ਜਦ ਖਾਸ ਦੌਰ ਵਿਚ ਉਹ ਕਮਿਊਨਿਸਟ ਜਥੇਬੰਦੀ ਤੋਂ ਬਾਹਰ ਕਰ ਦਿੱਤੇ ਗਏ, ਉਦੋਂ ਵੀ ਉਹ ਗੈਰ ਸਰਗਰਮ ਨਹੀਂ ਹੋਏ। ਜਿਉਂ ਹੀ ਮੌਕਾ ਮਿਲਿਆ ਉਹ ਮੁੜ ਸਰਗਰਮ ਰਾਜਸੀ ਭੂਮਿਕਾ ਵਿਚ ਆ ਗਏ। ਐਸੇ ਸਮਿਆਂ ‘ਚ ਉਨ੍ਹਾਂ ਦਾ ਸਟੈਂਡ ਬਹੁਤ ਹੀ ਅਡੋਲ ਅਤੇ ਦ੍ਰਿੜ ਹੁੰਦਾ ਸੀ ਅਤੇ ਉਹ ਵੱਡੇ ਤੋਂ ਵੱਡੇ ਖਤਰਿਆਂ ਦਾ ਖਿੜੇ ਮੱਥੇ ਮੁਕਾਬਲਾ ਕਰਨ ਦਾ ਦਮ ਰੱਖਦੇ ਸਨ। ਉਹ ਡੂੰਘੀ ਰਾਜਸੀ ਸੂਝ ਵਾਲੇ ਆਗੂ, ਨਿਪੁੰਨ ਨੀਤੀਘਾੜੇ ਅਤੇ ਪ੍ਰਭਾਵਸ਼ਾਲੀ ਵਕਤਾ ਸਨ। ਉਸ ਦੀ ਲੋਕਾਂ ਦੀ ਨਬਜ਼ ਉਪਰ ਪੂਰੀ ਪਕੜ ਸੀ। ਉਹ ਮਾਰਕਸੀ ਫਲਸਫੇ ਨੂੰ ਸਾਡੇ ਆਪਣੇ ਸਮਾਜੀ ਇਤਿਹਾਸ ਵਿਚੋਂ ਠੋਸ ਮਿਸਾਲਾਂ ਦੇ ਕੇ ਲੋਕ ਮੁਹਾਵਰੇ ਵਿਚ ਬਿਆਨ ਕਰਨ ਦੀ ਕਲਾ ਦੇ ਧਨੀ ਸਨ। ਪਿੰਡ-ਪਿੰਡ ਉਨ੍ਹਾਂ ਵੱਲੋਂ ਲਾਏ ਸਿਧਾਂਤਕ ਸਕੂਲਾਂ ਤੋਂ ਪ੍ਰਭਾਵਿਤ ਹੋ ਕੇ ਅਣਗਿਣਤ ਨੌਜਵਾਨ ਸਮਾਜ ਨੂੰ ਬਦਲਣ ਦਾ ਸੁਪਨਾ ਲੈ ਕੇ ਨਕਸਲੀ ਲਹਿਰ ਵਿਚ ਸ਼ਾਮਲ ਹੋਏ।
ਬਾਬਾ ਭਗਤ ਸਿੰਘ ਬਿਲਗਾ ਉਨ੍ਹਾਂ ਦੀ ਦ੍ਰਿੜਤਾ ਅਤੇ ਅਡੋਲਤਾ ਬਾਰੇ ਦੱਸਦੇ ਹਨ ਕਿ ਜਦੋਂ ਨਕਸਲੀ ਲਹਿਰ ਦੌਰਾਨ ਕਾ. ਬੂਝਾ ਸਿੰਘ ਦੇ ਵਾਰੰਟ ਨਿੱਕਲੇ ਹੋਏ ਸਨ ਤਾਂ ਬਾਬਾ ਬਿਲਗਾ ਜੀ ਦੇ ਪੁੱਤਰ ਕੁਲਬੀਰ ਨੇ ਉਨ੍ਹਾਂ ਦੀ ਕਮਜ਼ੋਰ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਦੋ ਮਹੀਨੇ ਪਹਾੜਾਂ ਉਪਰ ਜਾ ਕੇ ਅਰਾਮ ਕਰਨ ਅਤੇ ਫਿਰ ਸਿਹਤ ਬਣਾ ਕੇ ਰਾਜਸੀ ਸਰਗਰਮੀ ਵਿਚ ਪਰਤਣ ਦੀ ਸਲਾਹ ਦਿੱਤੀ। ਅੱਗੋਂ ਉਨ੍ਹਾਂ ਦਾ ਜਵਾਬ ਉਨ੍ਹਾਂ ਦੇ ਅਟੱਲ ਇਰਾਦੇ ਦੇ ਦੀਦਾਰ ਕਰਾਉਂਦਾ ਹੈ। ਬੂਝਾ ਸਿੰਘ ਨੇ ਕਿਹਾ ਕਿ ਸਾਡੇ ਕਹਿਣ ‘ਤੇ ਜੋ ਨੌਜਵਾਨ ਲਹਿਰ ਵਿਚ ਕੁੱਦੇ ਹਨ, ਉਨ੍ਹਾਂ ਨੂੰ ਪੁਲਿਸ ਦੀਆਂ ਗੋਲੀਆਂ ਨਾਲ ਉਡਾਇਆ ਜਾ ਰਿਹਾ ਹੋਵੇ ਅਤੇ ਮੈਂ ਸਿਹਤ ਬਣਾਉਣ ਦੀ ਸੋਚਾਂ, ਇਹ ਹਰਗਿਜ਼ ਨਹੀਂ ਹੋ ਸਕਦਾ।
ਪੁਲਿਸ ਵੱਲੋਂ ਹੁਕਮਰਾਨਾਂ ਦੇ ਇਸ਼ਾਰੇ ‘ਤੇ ਉਨ੍ਹਾਂ ਨੂੰ ਨਹਾਇਤ ਬੁਜ਼ਦਿਲ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ 27-28 ਜੁਲਾਈ 1970 ਦਰਮਿਆਨ ਦੀ ਰਾਤ ਨੂੰ ਕਤਲ ਕਰ ਕੇ ਝੂਠਾ ਮੁਕਾਬਲਾ ਦਿਖਾ ਦਿੱਤਾ ਗਿਆ। ਬਾਦਲ ਰਾਜ ਦੇ ਇਸ ਘਿਨਾਉਣੇ ਕਾਰੇ ਦਾ ਵਿਆਪਕ ਵਿਰੋਧ ਹੋਇਆ। ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਮੁਕਾਬਲੇ ਦੀ ਜੁਡੀਸ਼ੀਅਲ ਜਾਂਚ ਕਰਾਉਣ ਤੋਂ ਵੀ ਸਾਫ ਨਾਂਹ ਕਰ ਦਿੱਤੀ।
ਇਕ ਕਮਿਊਨਿਸਟ ਦਾ ਕਿਰਦਾਰ ਕਿਸ ਤਰ੍ਹਾਂ ਦਾ ਅਸੂਲੀ ਅਤੇ ਦ੍ਰਿੜ ਹੋਣਾ ਚਾਹੀਦਾ ਹੈ, ਬੂਝਾ ਸਿੰਘ ਦੀ ਜ਼ਿੰਦਗੀ ਇਸ ਦੀ ਆਦਰਸ਼ ਮਿਸਾਲ ਹੈ। ਉਨ੍ਹਾਂ ਦੀ ਦੇਣ ਅਤੇ ਕੁਰਬਾਨੀ ਸਮੁੱਚੀ ਕਮਿਊਨਿਸਟ ਲਹਿਰ ਦੇ ਚੇਤਿਆਂ ਵਿਚ ਵਸੀ ਹੋਈ ਹੈ। ਉਨ੍ਹਾਂ ਦੀ ਯਾਦ ਵਿਚ ਹਰ ਸਾਲ 28 ਜੁਲਾਈ ਨੂੰ ਚੱਕ ਮਾਈਦਾਸ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ।