ਅੰਮ੍ਰਿਤਸਰ: ਅਫ਼ਰੀਕਾ ਦੇ ਮੁਲਕ ਕੀਨੀਆ ਵਿਚ ਬਸਤੀਵਾਦ ਵੇਲੇ ਬਰਤਾਨਵੀ ਹੁਕਮਰਾਨਾਂ ਦੇ ਤਸ਼ੱਦਦ ਦਾ ਸ਼ਿਕਾਰ ਬਣੇ ਲੋਕਾਂ ਨੂੰ ਹੁਣ ਬਰਤਾਨਵੀ ਸਰਕਾਰ ਵੱਲੋਂ 13 ਮਿਲੀਅਨ ਪੌਂਡ ਦਾ ਮੁਆਵਜ਼ਾ ਦੇਣ ਦੇ ਕੀਤੇ ਫ਼ੈਸਲੇ ਨਾਲ ਜਲ੍ਹਿਆਂਵਾਲਾ ਬਾਗ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਵੀ ਆਸ ਬੱਝੀ ਹੈ ਕਿ ਸ਼ਾਇਦ ਅਜਿਹਾ ਮੁਆਵਜ਼ਾ ਬਰਤਾਨੀਆ ਸਰਕਾਰ ਉਨ੍ਹਾਂ ਨੂੰ ਵੀ ਮੁਹੱਈਆ ਕਰੇਗੀ।
ਹਾਲ ਹੀ ਵਿਚ ਬਰਤਾਨੀਆ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 1950 ਤੋਂ 1960 ਦੌਰਾਨ ਬਸਤੀਵਾਦ ਵੇਲੇ ਅਫ਼ਰੀਕਾ ਦੇ ਮੁਲਕ ਕੀਨੀਆ ਵਿਚ ਅੰਗਰੇਜ਼ੀ ਹੁਕਮਰਾਨਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਪੀੜਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਜਿਹਾ ਫ਼ੈਸਲਾ ਬਰਤਾਨੀਆ ਸਰਕਾਰ ਵੱਲੋਂ ਪਹਿਲੀ ਵਾਰ ਕੀਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਇਥੇ ਅੰਮ੍ਰਿਤਸਰ ਵਿਖੇ 13 ਅਪਰੈਲ, 1919 ਨੂੰ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਆਸ ਬੱਝੀ ਹੈ।
ਜਲ੍ਹਿਆਂਵਾਲਾ ਬਾਗ ਘਟਨਾ ਨੂੰ ਵਾਪਰਿਆਂ 94 ਸਾਲ ਬੀਤ ਗਏ ਹਨ ਤੇ ਮੁਲਕ ਨੂੰ ਆਜ਼ਾਦ ਹੋਇਆਂ ਵੀ 65 ਸਾਲ ਹੋ ਚੁੱਕੇ ਹਨ ਪਰ ਇਸ ਸਾਕੇ ਦੇ ਪੀੜਤ ਪਰਿਵਾਰਾਂ ਦਾ ਮੁਆਵਜ਼ੇ ਸਬੰਧੀ ਮਾਮਲਾ ਕਦੇ ਵੀ ਠੋਸ ਢੰਗ ਨਾਲ ਨਹੀਂ ਸੁਣਿਆ ਗਿਆ। ਹੁਣ ਵੀ ਜਦੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ 20 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸਨ ਤਾਂ ਉਨ੍ਹਾਂ ਜਲ੍ਹਿਆਂਵਾਲਾ ਬਾਗ ਦਾ ਵੀ ਦੌਰਾ ਕੀਤਾ।
ਉਸ ਵੇਲੇ ਵੀ ਸ਼ਹੀਦਾਂ ਦੇ ਪਰਿਵਾਰਾਂ ਨੇ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਪਰਿਵਾਰਾਂ ਦੇ ਯਤਨ ਨੂੰ ਸਫ਼ਲ ਨਹੀਂ ਹੋਣ ਦਿੱਤਾ। ਬਰਤਾਨਵੀ ਪ੍ਰਧਾਨ ਮੰਤਰੀ ਜਲ੍ਹਿਆਂਵਾਲਾ ਬਾਗ ਦੇ ਦੌਰੇ ਸਮੇਂ ਉਨ੍ਹਾਂ ਦੇ ਪੁਰਖਿਆਂ ਵੱਲੋਂ ਕੀਤੀ ਗਈ ਇਸ ਗਲਤੀ ਨੂੰ ਹੌਲਨਾਕ ਕਾਰਾ ਦੱਸ ਕੇ ਗਏ ਹਨ ਤੇ ਇਸ ‘ਤੇ ਸ਼ਰਮਿੰਦਗੀ ਦਾ ਵੀ ਪ੍ਰਗਟਾਵਾ ਕੀਤਾ ਹੈ।
ਜਲ੍ਹਿਆਂਵਾਲਾ ਬਾਗ ਘਟਨਾ ਵਿਚ ਮਾਰੇ ਗਏ ਲਾਲਾ ਹਰੀ ਰਾਮ ਬਹਿਲ ਦੇ ਪੋਤਰੇ ਭੂਸ਼ਣ ਬਹਿਲ (65 ਸਾਲ) ਨੇ ਕਿਹਾ ਕਿ ਬਰਤਾਨੀਆ ਸਰਕਾਰ ਦੇ ਤਾਜ਼ਾ ਫ਼ੈਸਲੇ ਨਾਲ ਪੀੜਤ ਪਰਿਵਾਰਾਂ ਨੂੰ ਇਕ ਵਾਰ ਮੁੜ ਮੁਆਵਜ਼ਾ ਮਿਲਣ ਦੀ ਆਸ ਬੱਝੀ ਹੈ। ਸ੍ਰੀ ਬਹਿਲ ਨੇ ਦੱਸਿਆ ਕਿ ਜਦੋਂ ਉਸ ਦੇ ਦਾਦਾ ਜਲ੍ਹਿਆਂਵਾਲਾ ਬਾਗ ਘਟਨਾ ਵਿਚ ਮਾਰੇ ਗਏ ਸਨ, ਉਸ ਵੇਲੇ ਉਸ ਦੇ ਪਿਤਾ ਜਗਦੀਸ਼ ਚੰਦਰ ਬਹਿਲ ਸਿਰਫ ਡੇਢ ਸਾਲ ਦੇ ਸਨ ਜਿਸ ਕਾਰਨ ਪਰਿਵਾਰ ਨੂੰ ਉਸ ਵੇਲੇ ਡਾਹਢਾ ਔਖਾ ਸਮਾਂ ਦੇਖਣਾ ਪਿਆ।
ਇਕ ਹੋਰ ਪੀੜਤ ਪਰਿਵਾਰ ਦੇ ਮੈਂਬਰ ਸੁਨੀਲ ਕਪੂਰ (37 ਸਾਲ) ਨੇ ਦੱਸਿਆ ਕਿ ਉਸਦੇ ਦਾਦਾ ਵਾਸੂ ਮਲਿਕ ਕਪੂਰ ਨੂੰ 1919 ਵਿਚ ਜਲ੍ਹਿਆਂਵਾਲਾ ਬਾਗ ਵਿਚ ਗੋਲੀ ਲੱਗੀ ਸੀ ਅਤੇ ਉਹ ਘਟਨਾ ਤੋਂ ਤਿੰਨ ਦਿਨ ਬਾਅਦ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਗਏ ਸਨ। ਉਸ ਸਮੇਂ ਉਸ ਦੀ ਦਾਦੀ ਪੂਰਨ ਦੇਵੀ ਕੇਵਲ 18 ਵਰ੍ਹਿਆਂ ਦੀ ਉਮਰ ਵਿਚ ਵਿਧਵਾ ਹੋ ਗਈ ਸੀ ਤੇ ਉਸਦੇ ਤਿੰਨ ਬੱਚੇ ਸਨ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਜਗਦੀਸ਼ ਲਾਲ ਕਪੂਰ ਸਿਰਫ ਦੋ ਸਾਲ ਦੇ ਸਨ ਤੇ ਉਸ ਵੇਲੇ ਪਰਿਵਾਰ ਨੂੰ ਪਾਲਣ ਲਈ ਡਾਹਢਾ ਔਖਾ ਸਮਾਂ ਹੰਢਾਉਣਾ ਪਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਉਸ ਨੇ ਆਸ ਪ੍ਰਗਟਾਈ ਕਿ ਬਰਤਾਨੀਆ ਸਰਕਾਰ ਜਲ੍ਹਿਆਂਵਾਲਾ ਬਾਗ ਕਾਂਡ ਦੇ ਪੀੜਤ ਪਰਿਵਾਰਾਂ ਦਾ ਮਾਮਲਾ ਵੀ ਹਮਦਰਦੀ ਨਾਲ ਵਿਚਾਰੇਗੀ। ਜ਼ਿਕਰਯੋਗ ਹੈ ਕਿ ਜਲ੍ਹਿਆਂਵਾਲਾ ਬਾਗ ਕਾਂਡ ਵਿਚ ਸ਼ਹੀਦ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ 2008 ਵਿਚ ਕੇਂਦਰ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਦਾ ਦਰਜਾ ਦਿੱਤਾ ਗਿਆ ਸੀ ਪਰ ਇਨ੍ਹਾਂ ਪਰਿਵਾਰਾਂ ਨੂੰ ਕੋਈ ਰਾਹਤ ਜਾਂ ਮੁਆਵਜ਼ਾ ਨਹੀਂ ਮਿਲਿਆ ਹੈ।
ਇਸ ਸਬੰਧੀ ਪੀੜਤ ਪਰਿਵਾਰਾਂ ਵੱਲੋਂ ਇਕ ਸਾਂਝੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਹੋਈ ਹੈ ਜਿਸਦੇ ਆਧਾਰ ‘ਤੇ ਅਦਾਲਤ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਜਲ੍ਹਿਆਂਵਾਲਾ ਬਾਗ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨਤਾ ਦੇਣ ਲਈ ਇਸ ਬਾਰੇ ਨੀਤੀ ਵਿਚ ਲੋੜੀਂਦੀ ਸੋਧ ਕਰੇ।
Leave a Reply