ਬਿਰਤਾਂਤਕ ਇਜਾਰੇਦਾਰੀ ਅਤੇ ਸੰਵਾਦ ਦੀਆਂ ਸੰਭਾਵਨਾਵਾਂ

‘ਪੰਜਾਬ ਟਾਈਮਜ਼’ ਦੇ ਪੰਨਿਆਂ ਉਤੇ ਸਿੱਖ ਸਿਆਸਤ ਦੇ ਇਕ ਖਾਸ ਪਹਿਲੂ ਬਾਰੇ ਚੱਲ ਰਹੀ ਵਿਚਾਰ-ਚਰਚਾ ਵਿਚ ਵੱਖ-ਵੱਖ ਵਿਦਵਾਨਾਂ/ਲੇਖਕਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਸ ਨਾਲ ਇਸ ਸਿਆਸਤ ਨਾਲ ਜੁੜੀਆਂ ਕੁਝ ਖਾਸ ਹਕੀਕਤਾਂ ਦੀ ਨਿਸ਼ਾਨਦੇਹੀ ਹੋਈ ਹੈ। ਇਸੇ ਸਿਲਸਿਲੇ ਵਿਚ ਸਾਨੂੰ ਪ੍ਰਭਸ਼ਰਨਦੀਪ ਸਿੰਘ ਦੀ ਇਹ ਲਿਖਤ ਪ੍ਰਾਪਤ ਹੋਈ ਹੈ, ਜਿਸ ਵਿਚ ਉਨ੍ਹਾਂ ਸਿੱਖ ਚਿੰਤਕ ਅਜਮੇਰ ਸਿੰਘ ਦੇ ਪ੍ਰਸ਼ੰਸਕਾਂ ਅੱਗੇ ਕੁਝ ਸਵਾਲ ਰੱਖੇ ਹਨ।

ਉਨ੍ਹਾਂ ਅਜਮੇਰ ਸਿੰਘ ਦੇ ਪ੍ਰਸ਼ੰਸਕਾਂ ਦੇ ਇਸ ਦਾਅਵੇ ਨੂੰ ਚੁਣੌਤੀ ਦਿੱਤੀ ਹੈ ਕਿ ਅਜਮੇਰ ਸਿੰਘ ਨੇ ਸਿੱਖ ਸਿਆਸਤ ਵਿਚ (ਸੰਤ) ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਿਲੱਖਣ ਸਥਾਨ ਕਾਇਮ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਸਮੁੱਚੀ ਬਹਿਸ ਦਾ ਦਿਲਚਸਪ ਤੱਥ ਹੁਣ ਇਹ ਹੈ ਕਿ ਸੰਤ ਭਿੰਡਰਾਂਵਾਲੇ ਦੀ ਵਿਰਾਸਤ ਦੀ ਗੱਲ ਵੀ ਨਾਲ ਆਣ ਜੁੜੀ ਹੈ, ਹਾਲਾਂਕਿ ਦਲਬੀਰ ਸਿੰਘ ਪੱਤਰਕਾਰ, ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਤੇ ਕੁਝ ਹੋਰ ਲੋਕ ਇਸ ਬਾਰੇ ਲਗਾਤਾਰ ਗੱਲ ਕਰਦੇ ਰਹੇ ਹਨ। -ਸੰਪਾਦਕ

ਪ੍ਰਭਸ਼ਰਨਦੀਪ ਸਿੰਘ

ਅਜਮੇਰ ਸਿੰਘ ਦੀ ਇਤਿਹਾਸਕਾਰੀ ਬਾਰੇ ਮੇਰੀਆਂ ਟਿੱਪਣੀਆਂ ਨਾਲ ਸ਼ੁਰੂ ਹੋਈ ਬਹਿਸ ਜਾਰੀ ਹੈ। ਸ਼ੁਰੂ ਵਿਚ ਇਹ ਬਹਿਸ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਸੀ, ਜਿਸ ਵਿਚ ਅਜਮੇਰ ਸਿੰਘ ਦੇ ਜੋਸ਼ੀਲੇ ਨੌਜੁਆਨ ਪ੍ਰਸ਼ੰਸਕ ਸਰਗਰਮ ਸਨ। ਇਸ ਦੌਰਾਨ ਅਜਮੇਰ ਸਿੰਘ ਦੇ ਹਮਾਇਤੀਆਂ ਨੇ ਕਿਰਦਾਰਕੁਸ਼ੀ ਕਰਨ, ਮਖੌਲ ਉਡਾਉਣ ਤੇ ਮਿਹਣੇ ਮਾਰਨ ਵਰਗੇ ਹੱਥਕੰਡੇ ਵਰਤੇ। ਪਿਛੋਂ ਇਹ ਬਹਿਸ ਅਖਬਾਰੀ ਲੇਖਾਂ ਦੇ ਰੂਪ ਵਿਚ ਸਾਹਮਣੇ ਆ ਗਈ। ਪਹਿਲਾਂ ਸੋਸ਼ਲ ਮੀਡੀਆ ‘ਤੇ, ਅਤੇ ਫਿਰ ਲੇਖਾਂ ਰਾਹੀਂ, ਅਸੀਂ ਹਮੇਸ਼ਾ ਮੁੱਦਿਆਂ ‘ਤੇ ਰਹਿਣ ਨੂੰ ਤਰਜੀਹ ਦਿੱਤੀ, ਪਰ ਅਜਮੇਰ ਸਿੰਘ ਦੇ ਸਮਰਥਕਾਂ ਨੇ ਅਖਬਾਰਾਂ ਵਿਚ ਵੀ ਉਹੋ ਕੁਝ ਕੀਤਾ, ਜੋ ਉਹ ਸੋਸ਼ਲ ਮੀਡੀਆ ‘ਤੇ ਕਰ ਰਹੇ ਸਨ; ਉਨ੍ਹਾਂ ਨੇ ਮੇਰੇ ‘ਤੇ ਮਾਨਸਿਕ ਦਬਾਅ ਪਾ ਕੇ ਮੇਰਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ।
ਹੁਣ ਇੰਗਲੈਂਡ ਵਾਸੀ ਅਵਤਾਰ ਸਿੰਘ ਨੇ ਇਸ ਮੁੱਦੇ ‘ਤੇ ਲੇਖ ਲਿਖਿਆ ਹੈ। ਅਵਤਾਰ ਸਿੰਘ ਨੇ ਉਪਦੇਸ਼ਾਤਮਕ ਸ਼ੈਲੀ ਅਪਨਾਈ ਹੈ ਤੇ ਸਿੱਖਾਂ ਅੰਦਰ ਸੰਵਾਦ ਦੇ ਮੌਜੂਦਾ ਸੱਭਿਆਚਾਰ ਬਾਰੇ ਅਤੇ ਬੌਧਿਕਤਾ ਵਿਚ ਆਏ ਨਿਘਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਜਿਹੇ ਸਰੋਕਾਰ ਰੱਖਣੇ ਬਹੁਤ ਚੰਗੀ ਗੱਲ ਹੈ, ਪਰ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੀ ਪ੍ਰਵਚਨੀ ਸ਼ੈਲੀ ਅਪਨਾਉਣ ਵਾਲਾ ਲੇਖਕ ਸੱਚਾਈ ਦਾ ਪੱਲਾ ਨਾ ਛੱਡੇ। ਜੇ ਦੁਨੀਆਂ ‘ਤੇ ਉਪਦੇਸ਼ ਝਾੜਨ ਵਾਲਾ ਬੰਦਾ ਖੁਦ ਸਿੱਧੇ ਝੂਠ ਹੀ ਬੋਲ ਰਿਹਾ ਹੋਵੇ ਤਾਂ ਅਜਿਹੀ ਲਿਖਤ ਕਿਸੇ ਜ਼ਿਆਦਾ ਗੰਭੀਰ ਨਿਘਾਰ ਦੀ ਸੂਚਕ ਹੋ ਨਿੱਬੜਦੀ ਹੈ। ਹਥਲੇ ਲੇਖ ਵਿਚ ਅਸੀਂ ਇਹ ਵਿਚਾਰ ਕਰਨੀ ਚਾਹਾਂਗੇ ਕਿ ਅਵਤਾਰ ਸਿੰਘ ਦੇ ਲੇਖ ਵਿਚਲੇ ਦਾਅਵੇ ਅਜਮੇਰ ਸਿੰਘ ਦੀਆਂ ਲਿਖਤਾਂ ਅਤੇ ਇਨ੍ਹਾਂ ਲਿਖਤਾਂ ‘ਤੇ ਚੱਲੀ ਬਹਿਸ ਨਾਲ ਕਿੰਨੇ ਕੁ ਇਕਸੁਰ ਹਨ।
ਅਜਮੇਰ ਸਿੰਘ ਦੀ ਭੂਮਿਕਾ ‘ਤੇ ਚਾਨਣਾ ਪਾਉਣ ਦੇ ਮਕਸਦ ਨਾਲ ਅਵਤਾਰ ਸਿੰਘ ਨੇ ਲਿਖਿਆ ਹੈ, “ਉਨ੍ਹਾਂ ਦੀ ਪਹਿਲੀ ਕਿਤਾਬ ਨੇ ਹੀ ਖਾਲਸਾ ਪੰਥ ਨੂੰ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਅਤੇ ਉਸ ਦੇ ਖਾਲਸਈ ਇਤਿਹਾਸ ਵਿਚ ਥਾਂ ਬਾਰੇ ਦਰਸਾਇਆ। ਸਿੱਖ ਇਤਿਹਾਸਕਾਰੀ ਵਿਚ ਸੰਤ ਜਰਨੈਲ ਸਿੰਘ ਦੀ ਸਤਿਕਾਰਤ ਥਾਂ ਨੂੰ ਉਨ੍ਹਾਂ ਦੇ ਕਾਰਜ ਨੇ ਹੀ ਨਿਸਚਿਤ ਕੀਤਾ।” ਇਹ ਸਰਾਸਰ ਝੂਠ ਹੈ। ਸੰਤ ਜਰਨੈਲ ਸਿੰਘ ਦੀ ਸਿੱਖ ਇਤਿਹਾਸਕਾਰੀ ਵਿਚ ਸਭ ਤੋਂ ਪ੍ਰਭਾਵਕਾਰੀ ਨੁਮਾਇੰਦਗੀ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ‘ਝਨਾਂ ਦੀ ਰਾਤ’ ਵਿਚ ਸ਼ਾਮਲ ‘ਸ਼ਹੀਦ ਦੀ ਅਰਦਾਸ’ ਵਿਚਲੀਆਂ ਅਨੇਕ ਕਵਿਤਾਵਾਂ ਨਾਲ ਹੁੰਦੀ ਹੈ। ਇਸ ਤੋਂ ਬਿਨਾ ਸ਼ ਕਰਮਜੀਤ ਸਿੰਘ ਨੇ ਅੱਸੀਵਿਆਂ ਤੋਂ ਅੱਜ ਤੱਕ, ਆਪਣੇ ਅਨੇਕ ਲੇਖਾਂ ਰਾਹੀਂ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਅਤੇ ਇਤਿਹਾਸਕ ਦੇਣ ਬਾਰੇ ਬਹੁਤ ਭਾਵਪੂਰਤ ਅਤੇ ਪੁਖਤਾ ਅੰਦਾਜ਼ ਵਿਚ ਲਿਖਿਆ ਹੈ। ਸ਼ ਕਰਮਜੀਤ ਸਿੰਘ ਨੇ ਸੰਤ ਜਰਨੈਲ ਸਿੰਘ ਜੀ ਬਾਰੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨਾਲ ਮੁਲਾਕਾਤ ਵੀ ਕੀਤੀ, ਜਿਸ ਲਈ ਅਸੀਂ ਉਨ੍ਹਾਂ ਦੇ ਸਦਾ ਰਿਣੀ ਰਹਾਂਗੇ। ਸ਼ ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ਼) ਵੀ ਸਮੇਂ-ਸਮੇਂ ਤੇ ਸੰਤ ਜੀ ਬਾਰੇ ਲਿਖਦੇ ਰਹੇ ਹਨ। ਉਨ੍ਹਾਂ ਦੀਆਂ ਲਿਖਤਾਂ ਵੀ ਸੰਤ ਜੀ ਦੇ ਰੁਤਬੇ ਅਤੇ ਇਤਿਹਾਸਕ ਭੂਮਿਕਾ ਬਾਰੇ ਮੁੱਲਵਾਨ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਰਹੀਆਂ ਹਨ। 2001 ਵਿਚ ਤਾਂ ਸ਼ ਗੁਰਤੇਜ ਸਿੰਘ ਅਤੇ ਡਾ. ਸਵਰਨਜੀਤ ਸਿੰਘ ਨੇ ‘ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ’ ਨਾਂ ਦੀ ਕਿਤਾਬ ਵੀ ਸੰਪਾਦਿਤ ਕੀਤੀ, ਜਿਸ ਵਿਚ ਕਈ ਸਿੱਖ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਇਸ ਕਿਤਾਬ ਦਾ ਮੁੱਖ-ਬੰਦ ਸ਼ ਗੁਰਤੇਜ ਸਿੰਘ ਨੇ ਲਿਖਿਆ ਹੈ, ਜੋ ਬੜੀ ਅਰਥ-ਭਰਪੂਰ ਤੇ ਟੁੰਬਣਸ਼ੀਲ ਲਿਖਤ ਹੈ।”
ਅਵਤਾਰ ਸਿੰਘ ਨੇ ਹੋਰ ਲਿਖਿਆ ਹੈ, “‘ਕਿਸ ਬਿਧ ਰੁਲੀ ਪਾਤਸ਼ਾਹੀ’ ਨੇ ਸਿੱਖ ਇਤਿਹਾਸ ਵਿਚ ਨਵੇਂ ਮੀਲ ਪੱਥਰ ਗੱਡੇ। ਪਹਿਲੀ ਕਿਤਾਬ ਜੇ ਕੇਂਦਰੀ ਨੁਕਤੇ ਪੱਖੋਂ ਰਾਜਸੀ ਸੀ ਤਾਂ ਦੂਜੀ ਕਿਤਾਬ ਨੇ ਅਜਮੇਰ ਸਿੰਘ ਨੂੰ ਸਿਧਾਂਤਕ ਪੱਖੋਂ ਹੋਰ ਪ੍ਰੋੜਤਾ ਬਖਸ਼ੀ।”
ਉਪਰੋਕਤ ਦੋਹਾਂ ਥਾਂਵਾਂ ‘ਤੇ ਅਵਤਾਰ ਸਿੰਘ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜੀਆਂ ਕਿਤਾਬਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਨ। ਅਜਮੇਰ ਸਿੰਘ ਦੀ ਪਹਿਲੀ ਕਿਤਾਬ ‘ਖਾੜਕੂ ਸਿੱਖ ਸੰਘਰਸ਼’ ਹੈ। ਇਸ ਕਿਤਾਬ ਵਿਚ ਸੰਤ ਜਰਨੈਲ ਸਿੰਘ ਜੀ ਬਾਰੇ ਸੰਖੇਪ ਅਤੇ ਸਾਧਾਰਨ ਜਿਹੀਆਂ ਟਿੱਪਣੀਆਂ ਹਨ, ਜਿਨ੍ਹਾਂ ਦਾ ਕੋਈ ਖਾਸ ਇਤਿਹਾਸਕ ਮਹੱਤਵ ਨਹੀਂ। ਅਜਮੇਰ ਸਿੰਘ ਦੀ ਦੂਜੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਹੈ। ਇਸ ਕਿਤਾਬ ਵਿਚ ਅਜਮੇਰ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਇੱਕ ਕਾਂਡ ਜ਼ਰੂਰ ਸ਼ਾਮਲ ਕੀਤਾ ਹੈ। ਇਸ ਕਿਤਾਬ ਵਿਚ, ਆਲੋਚਨਾ ਦੇ ਬਾਵਜੂਦ, ਅਜਮੇਰ ਸਿੰਘ ਨੇ ਗੁਰਚਰਨ ਸਿੰਘ ਟੌਹੜਾ ਦਾ ਬਿੰਬ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਉਪਰੋਕਤ ਦੋਵੇਂ ਕਿਤਾਬਾਂ ਸਿੱਖ ਇਤਿਹਾਸ ਦਾ ਰਵਾਇਤੀ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਪੇਸ਼ ਕਰਦੀਆਂ ਹਨ। ਇਸ ਤੋਂ ਬਾਅਦ ਵਾਲੀਆਂ ਕਿਤਾਬਾਂ ਵਿਚ ਅਜਮੇਰ ਸਿੰਘ ਨਵ-ਮਾਰਕਸਵਾਦੀ ਪਹੁੰਚ ਅਖਤਿਆਰ ਕਰਦਾ ਹੈ। ਇਸ ਨਵੇਂ ਸਿਧਾਂਤਕ ਪੈਂਤੜੇ ਤਹਿਤ ਉਸ ਦੇ ਵਿਸ਼ਲੇਸ਼ਣ ਵਿਚ ਧਰਮ ਅਤੇ ਰੂਹਾਨੀਅਤ ਪ੍ਰਤੀ ਬਦਲੀ ਹੋਈ ਪਹੁੰਚ ਨਾਲ ਇਕਸੁਰ ਲੇਖਣੀ ਦਾ ਨਵਾਂ ਮੁਹਾਵਰਾ ਵੀ ਸਾਹਮਣੇ ਆਉਂਦਾ ਹੈ। ਬਤੌਰ ਲੇਖਕ, ਅਜਮੇਰ ਸਿੰਘ ਦਾ ਮਾਰਕਸਵਾਦੀ, ਨਵ-ਮਾਰਕਸਵਾਦੀ, ਜਾਂ ਕੋਈ ਵੀ ਹੋਰ ਪਹੁੰਚ ਅਪਨਾਉਣ ਦਾ ਹੱਕ ਹੈ, ਪਰ ਅਜਮੇਰ ਸਿੰਘ ਨੂੰ ਇਸ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਅਜਮੇਰ ਸਿੰਘ ਦਾ ਆਪਣੇ ਸਿੱਖ ਪਾਠਕਾਂ, ਜਿਨ੍ਹਾਂ ਵਿਚੋਂ ਬਹੁਤ ਸਾਰੇ ਖਾਲਿਸਤਾਨ ਦੇ ਪੱਕੇ ਹਮਾਇਤੀ ਹਨ, ਨੂੰ ਗੁਮਰਾਹ ਕਰਨ ਦਾ ਕੋਈ ਹੱਕ ਨਹੀਂ ਬਣਦਾ। ਅਜਮੇਰ ਸਿੰਘ ਨੇ ਆਪਣੀਆਂ ਕਿਤਾਬਾਂ ਵਿਚ ਨਾ ਸਿਰਫ ਖਾਲਿਸਤਾਨੀ ਹੋਣ ਦਾ ਝੂਠਾ ਭਰਮ ਕਾਇਮ ਕੀਤਾ, ਸਗੋਂ ਇਸ ਮੁੱਦੇ ‘ਤੇ ਆਪਣੀ ਅਸਲ ਪਹੁੰਚ ਨੂੰ ਅਸਪਸ਼ਟ ਰੱਖਣ ਲਈ ਬਹੁਤ ਗੁੰਝਲਦਾਰ ਮੁਹਾਵਰਾ ਵੀ ਸਿਰਜਿਆ। ਅਜਮੇਰ ਸਿੰਘ ਦੀ ਲਿਖਤ ਦੀਆਂ ਇਹ ਉਸਤਾਦੀਆਂ ਉਸ ਦੇ ਸਿੱਧ-ਪੱਧਰੇ ਸਿੱਖ ਪਾਠਕਾਂ ਦੀ ਸਮਝ ਤੋਂ ਬਾਹਰ ਸਨ। ਸਿੱਟੇ ਵਜੋਂ, ਅਜਮੇਰ ਸਿੰਘ ਆਪਣੀ ਖਾਲਿਸਤਾਨ ਵਿਰੋਧੀ ਪਹੁੰਚ ਬਾਰੇ ਕੁਝ ਸਪਸ਼ਟ ਕਹਿਣ ਤੋਂ ਬਿਨਾ ਹੀ ਸਿੱਖ ਪਾਠਕਾਂ ਵਿਚ ਵੱਡੀ ਪ੍ਰਵਾਨਗੀ ਹਾਸਲ ਕਰ ਗਿਆ। ਇਸ ਪਿਛੋਂ ਯਾਦਵਿੰਦਰ ਕਰਫਿਊ ਨਾਲ ਗੱਲਬਾਤ ਦੌਰਾਨ ਉਹ ਆਪਣਾ ਖਾਲਿਸਤਾਨ ਵਿਰੋਧੀ ਨਜ਼ਰੀਆ ਸਪਸ਼ਟ ਕਰ ਵੀ ਗਿਆ ਤਾਂ ਉਸ ਦੀ ਹਮਾਇਤ ਵਿਚ ਖੜ੍ਹਾ ਤੰਤਰ ਝੂਠ ਬੋਲ ਕੇ ਅਜਮੇਰ ਸਿੰਘ ਨੂੰ ਸਹੀ ਠਹਿਰਾਉਣ ਦੇ ਰਾਹ ਤੁਰ ਪਿਆ, ਪਰ ਅਜਮੇਰ ਸਿੰਘ ਨੇ ਆਪਣੇ ਮੂੰਹੋਂ ਕਦੇ ਨਹੀਂ ਕਿਹਾ ਕਿ ਉਹ ਯਾਦਵਿੰਦਰ ਕਰਫਿਊ ਵਾਲੀ ਗੱਲਬਾਤ ਵਿਚ ਪ੍ਰਗਟਾਏ ਵਿਚਾਰਾਂ ਬਾਰੇ ਕੀ ਸੋਚਦਾ ਹੈ। ਅਵਤਾਰ ਸਿੰਘ ਨੇ ਉਪਰੋਕਤ ਮੁੱਦਿਆਂ ਬਾਰੇ ਚੁੱਪ ਰਹਿਣ ਨੂੰ ਤਰਜੀਹ ਦਿੱਤੀ ਹੈ। ਇਥੇ ਸੁਆਲ ਉਠਦਾ ਹੈ ਕਿ ਮੁੱਦਿਆਂ ਬਾਰੇ ਗੱਲ ਕਰਨ ਤੋਂ ਕੰਨੀ ਕਤਰਾ ਕੇ ਅਤੇ ਅਜਮੇਰ ਸਿੰਘ ਦੇ ਬੁੱਤ ਦੇ ਗਿਰਦ ਜਜ਼ਬਾਤੀ ਮਾਹੌਲ ਸਿਰਜ ਕੇ ਅਵਤਾਰ ਸਿੰਘ ਖਾਲਸਈ ਰਵਾਇਤਾਂ ਦੀ ਪੈਰਵਾਈ ਕਰ ਰਿਹਾ ਹੈ ਜਾਂ ਬਿਪਰਨ ਕੀ ਰੀਤ ਦੀ?
ਇਸ ਲੇਖ ਰਾਹੀਂ ਅਵਤਾਰ ਸਿੰਘ ਨੇ ਹੇਠ ਲਿਖੇ ਖਾਸ ਨੁਕਤੇ ਉਭਾਰੇ ਹਨ, ਜਿਨ੍ਹਾਂ ‘ਤੇ ਅਸੀਂ ਵਿਚਾਰ ਕਰਨੀ ਚਾਹਾਂਗੇ:
1. ਅਜਮੇਰ ਸਿੰਘ ਦੀ ਆਲੋਚਨਾ ਕਰਨ ਸਦਕਾ ਅਸੀਂ ਖਾਲਸਈ ਸਭਿਅਤਾ ਦੀਆਂ ਰਵਾਇਤਾਂ ਨੂੰ ਗੁਆਉਣ ਅਤੇ ਬਿਪਰਨ ਕੀ ਰੀਤ ਨੂੰ ਅਪਨਾਉਣ ਦੇ ਦੋਸ਼ੀ ਬਣ ਜਾਂਦੇ ਹਾਂ।
2. ਸਿੱਖ ਇਤਿਹਾਸਕਾਰੀ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਥਾਂ ਅਜਮੇਰ ਸਿੰਘ ਦੀਆਂ ਲਿਖਤਾਂ ਨੇ ਹੀ ਨਿਸ਼ਚਿਤ ਕੀਤਾ।
3. ਸਿੱਖਾਂ ਨੂੰ ਸਾਰੀ ਆਸ ਅਜਮੇਰ ਸਿੰਘ ਦੀਆਂ ਦੋ-ਤਿੰਨ ਕਿਤਾਬਾਂ ‘ਤੇ ਨਹੀਂ ਲਾਉਣੀ ਚਾਹੀਦੀ, ਸਗੋਂ ਅਨੇਕ ਹੋਰ ਕਿਤਾਬਾਂ ਲਿਖਣ ਜਾਂ ਲਿਖਵਾਉਣ ਦੇ ਹੀਲੇ ਕਰਨੇ ਚਾਹੀਦੇ ਹਨ। ਅਜਮੇਰ ਸਿੰਘ ਦੀ ਆਲੋਚਨਾ ਕਰਨ ਦਾ ਅਰਥ ਇਹ ਹੈ ਕਿ ਅਸੀਂ ਸਾਰੀ ਅਗਵਾਈ ਅਜਮੇਰ ਸਿੰਘ ਤੋਂ ਹੀ ਭਾਲਦੇ ਹਾਂ, ਜੋ ਉਸ ਦੀ ਬਿਰਧ ਦੇਹ ‘ਤੇ ਸਾਡੇ ਵਲੋਂ ਪਾਇਆ ਜਾ ਰਿਹਾ ਨਾਜਾਇਜ਼ ਬੋਝ ਹੈ।
4. ਜੇ ਅਸੀਂ ਅਜਮੇਰ ਸਿੰਘ ਨੂੰ ਅਨਪੜ੍ਹ ਆਖਾਂਗੇ ਤਾਂ ਇਸ ਨਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਅਤੇ ਅਗਵਾਈ ਕਰਨ ਦੀ ਸਮਰੱਥਾ ਬਾਰੇ ਵੀ ਸੁਆਲ ਖੜ੍ਹੇ ਹੋਣਗੇ।
5. ਜਦੋਂ ਅਸੀਂ ਅਜਮੇਰ ਸਿੰਘ ਤੋਂ ਸਿਆਸੀ ਲੀਹ ਬਦਲਣ ਦੀ ਮੰਗ ਕਰਦੇ ਹਾਂ ਤਾਂ ਅਸੀਂ ਉਸ ਨੂੰ ਆਪਣਾ ਆਗੂ ਅਤੇ ਇਤਿਹਾਸਕਾਰ ਮੰਨ ਲੈਂਦੇ ਹਾਂ, ਜਿਸ ਦਾ ਭਾਵ ਹੈ ਕਿ ਸਾਡੇ ਆਪਣੇ ਵਿਚ ਕੁਝ ਕਰਨ ਦੀ ਸਮਰੱਥਾ ਨਹੀਂ ਹੈ।
ਅਸੀਂ ਉਪਰੋਕਤ ਨੁਕਤਿਆਂ ‘ਤੇ ਲੜੀਵਾਰ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੇ ਨੁਕਤੇ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਜਮੇਰ ਸਿੰਘ ਦੀ ਦੋ ਪੱਧਰਾਂ ‘ਤੇ ਆਲੋਚਨਾ ਕੀਤੀ ਹੈ: ਇੱਕ, ਉਹ ਖਾਲਿਸਤਾਨ ਦੇ ਖਿਲਾਫ ਹੈ ਤੇ ਮੋਹਰੀ ਖਾਲਿਸਤਾਨੀ ਜਥੇਬੰਦੀਆਂ ਨੂੰ ਇਸ ਨਿਸ਼ਾਨੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ; ਦੂਜਾ ਉਸ ਕੋਲ ਬਾਕਾਇਦਾ ਅਕਾਦਮਿਕ ਸਿਖਲਾਈ ਨਾ ਹੋਣ ਕਰ ਕੇ ਉਸ ਦੀਆਂ ਕਿਤਾਬਾਂ ਬਹੁਤ ਕੱਚਾ ਤੇ ਸਤਹੀ ਪੱਧਰ ਦਾ ਵਿਸ਼ਲੇਸ਼ਣ ਪੇਸ਼ ਕਰਦੀਆਂ ਹਨ। ਮੈਨੂੰ ਨਹੀਂ ਲੱਗਦਾ, ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਆਲੋਚਨਾ ਖਾਲਸਈ ਰਵਾਇਤਾਂ ਦੇ ਉਲਟ ਹੈ। ਕਿਸੇ ਲੇਖਕ ਦੇ ਬੌਧਿਕ ਪੱਧਰ ਬਾਰੇ ਵਿਚਾਰ ਸਾਂਝੇ ਕਰਨੇ ਜੁਰਮ ਨਹੀਂ, ਇੱਕ ਆਮ ਰਵਾਇਤ ਹੈ, ਜੋ ਸਦੀਆਂ ਤੋਂ ਚੱਲੀ ਆ ਰਹੀ ਹੈ।
ਇਹ ਬਿਲਕੁਲ ਗਲਤ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਇਤਿਹਾਸਕ ਰੁਤਬਾ ਅਜਮੇਰ ਸਿੰਘ ਦੀਆਂ ਲਿਖਤਾਂ ਦਾ ਮੁਥਾਜ ਸੀ। ਸੰਤ ਜੀ ਨੇ ਆਪਣੇ ਜਿਉਂਦੇ ਜੀਅ ਹੀ ਸਿੱਖਾਂ ਅੰਦਰ ਇੰਨੀ ਜ਼ੋਰਦਾਰ ਪ੍ਰੇਰਨਾ ਪੈਦਾ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿਚ ਵੀਹਵੀਂ ਸਦੀ ਦੀ ਸਭ ਤੋਂ ਵੱਡੀ ਲੋਕ ਲਹਿਰ ਆਪ-ਮੁਹਾਰੇ ਉਗਮ ਪਈ। ਸੰਤਾਂ ਦੀ ਸ਼ਹਾਦਤ ਪਿਛੋਂ ਉਨ੍ਹਾਂ ਦਾ ਰੁਤਬਾ ਹੋਰ ਬੁਲੰਦ ਹੋਇਆ। 1984 ਤੋਂ ਬਾਅਦ ਚੱਲੀ ਜੁਝਾਰੂ ਲਹਿਰ ਸੰਤ ਜਰਨੈਲ ਸਿੰਘ ਦੀ ਜਗਾਈ ਸਿੱਖੀ ਪ੍ਰੇਰਨਾ ਦੀ ਨਿਰੰਤਰਤਾ ਦੀ ਲਖਾਇਕ ਸੀ; ਭਾਵੇਂ ਭਾਰਤੀ ਹਕੂਮਤ ਨੇ ਸੰਤਾਂ ਦੇ ਅਕਸ ਨੂੰ ਖਰਾਬ ਕਰਨ ਲਈ ਅਨੇਕ ਘਟੀਆ ਹੱਥਕੰਡੇ ਵਰਤੇ, ਪਰ ਸਿੱਖਾਂ ਵਿਚ ਇਹ ਕਦੇ ਵੀ ਪ੍ਰਭਾਵਕਾਰੀ ਨਾ ਹੋ ਸਕੇ। ਦਲਬੀਰ ਸਿੰਘ ਪੱਤਰਕਾਰ ਜਾਂ ਅਜਮੇਰ ਸਿੰਘ ਵਰਗਿਆਂ ਦੀ ਕੋਈ ਔਕਾਤ ਨਹੀਂ ਸੀ ਕਿ ਉਹ ਸਿੱਖ ਮਨਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਥਾਂ ਨਿਸ਼ਚਿਤ ਕਰਦੇ। ਸੰਤਾਂ ਦਾ ਰੁਤਬਾ ਸਿੱਖਾਂ ਅੰਦਰੋਂ ਕਦੇ ਘਟਿਆ ਹੀ ਨਹੀਂ। ਸਮਾਂ ਪੈਣ ਨਾਲ ਇਹ ਰੁਤਬਾ ਸਗੋਂ ਹੋਰ ਬੁਲੰਦ ਹੋਇਆ।
ਅਜਮੇਰ ਸਿੰਘ ਨੂੰ ਅਨਪੜ੍ਹ ਕਹਿਣ ਨਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਅਤੇ ਅਗਵਾਈ ਕਰਨ ਦੀ ਸਮਰੱਥਾ ਬਾਰੇ ਵੀ ਕੋਈ ਸੁਆਲ ਖੜ੍ਹੇ ਨਹੀਂ ਹੁੰਦੇ। ਪਹਿਲੀ ਗੱਲ, ਸੰਤ ਜਰਨੈਲ ਸਿੰਘ ਨੇ ਪੱਛਮੀ ਸਕੂਲੀ ਵਿੱਦਿਆ ਹਾਸਲ ਨਹੀਂ ਸੀ ਕੀਤੀ, ਪਰ ਉਨ੍ਹਾਂ ਨੇ ਦਮਦਮੀ ਟਕਸਾਲ ਵਰਗੀ ਸਿੱਖ ਸੰਸਥਾ ਤੋਂ ਬੜੀ ਪਰਪੱਕ ਬੌਧਿਕ ਸਿਖਲਾਈ ਹਾਸਲ ਕੀਤੀ। ਇਸ ਲਈ ਉਹ ਸਿਰਫ ਪੜ੍ਹੇ-ਲਿਖੇ ਹੀ ਨਹੀਂ ਸਨ, ਸਗੋਂ ਉਨ੍ਹਾਂ ਦੀ ਵਿਦਵਤਾ ਆਧੁਨਕਿਤਾ ਦੇ ਭਰਮਜਾਲ ਤੋਂ ਉਚੇਰੀ ਵੀ ਸੀ। ਦੂਜੀ ਗੱਲ, ਸੰਤ ਜਰਨੈਲ ਸਿੰਘ ਦਾ ਪੰਥ ਵਿਚ ਰੁਤਬਾ ਉਨ੍ਹਾਂ ਦੀ ਉਚੀ ਆਤਮਕ ਅਵਸਥਾ ਅਤੇ ਇਸ ਵਿਚੋਂ ਪੈਦਾ ਹੋਏ ਲਾਸਾਨੀ ਸਿੱਖੀ ਸਿਦਕ ਕਰ ਕੇ ਹੈ, ਸਿਰਫ ਵਿਦਵਾਨ ਹੋਣ ਕਰਕੇ ਨਹੀਂ। ਸੰਤ ਜਰਨੈਲ ਸਿੰਘ ਨੇ ਜਿਉਂਦੇ ਜੀਅ ਹੀ ਇਹ ਸਥਾਪਤ ਕਰ ਦਿੱਤਾ ਸੀ ਕਿ ਉਹ ਮੌਤ ਅਤੇ ਦੁਨਿਆਵੀ ਹਿਤਾਂ ਉਤੇ ਫਤਿਹ ਹਾਸਲ ਕਰ ਚੁਕੇ ਹਨ। ਇਸ ਸੱਚ ਦਾ ਅਹਿਸਾਸ ਪੰਥ ਦੀ ਸਮੂਹਿਕ ਚੇਤਨਾ ਵਿਚ ਬਹੁਤ ਡੂੰਘਾ ਵਸਿਆ ਹੋਇਆ ਸੀ। ਇਨ੍ਹਾਂ ਉਚੇ ਅਹਿਸਾਸਾਂ ਦੀ ਪੈਰਵਾਈ ਕਰਦਿਆਂ ਹੀ ਪੰਥ ਸੰਤ ਜੀ ਦੇ ਨਾਲ ਹਮਸਫਰ ਹੋਇਆ। ਅਜਮੇਰ ਸਿੰਘ ਵਿਚ ਕਿਹੜੀ ਗੱਲ ਹੈ, ਜਿਸ ਕਰ ਕੇ ਉਸ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਤੁਲਨਾ ਕੀਤੀ ਜਾਵੇ? 1998 ਤੱਕ ਤਾਂ ਅਜਮੇਰ ਸਿੰਘ ਨੂੰ ਸਫਾ-ਚੱਟ ਰੂਪ ਵਿਚ ਮੈਂ ਵਿੰਹਦਾ ਰਿਹਾ ਹਾਂ। ਜਿਹੜਾ ਬੰਦਾ ਆਪਣੀ ਉਮਰ ਦੇ ਅਖੀਰਲੇ ਪਹਿਰ ਤੱਕ ਸਿੱਖੀ ਸਰੂਪ ਤੋਂ ਹੀ ਤਕਲੀਫ ਮੰਨਦਾ ਰਿਹਾ ਹੈ, ਉਸ ਦਾ ਸੰਤ ਜਰਨੈਲ ਸਿੰਘ ਨਾਲ ਕਿਸੇ ਪੱਖੋਂ ਕੋਈ ਮੇਲ ਨਹੀਂ।
ਅਜਮੇਰ ਸਿੰਘ ਦੀਆਂ ਕਿਤਾਬਾਂ ‘ਤੇ ਸਾਰੀ ਤਾਂ ਕੀ, ਸਾਨੂੰ ਕਿਸੇ ਕਿਸਮ ਦੀ ਕੋਈ ਆਸ ਨਹੀਂ ਹੈ। ਗੱਲ ਬਹੁਤ ਸਿੱਧੀ ਹੈ: ਅਜਮੇਰ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਇੱਕ ਨਜ਼ਰੀਆ ਪੇਸ਼ ਕੀਤਾ ਹੈ, ਜਿਸ ਨਾਲ ਅਸੀਂ ਸਹਿਮਤ ਨਹੀਂ। ਅਸੀਂ ਆਪਣੀ ਅਸਹਿਮਤੀ ਪ੍ਰਗਟ ਕੀਤੀ ਹੈ, ਆਸ ਕੋਈ ਨਹੀਂ ਜਤਾਈ। ਅਜਮੇਰ ਸਿੰਘ ਦੇ ਪਿਛਲੱਗਾਂ ਨੂੰ ਅਜਿਹੇ ਸੁਪਨ-ਸੰਸਾਰ ‘ਚੋਂ ਬਾਹਰ ਨਿਕਲ ਅਸਲੀਅਤ ਦਾ ਸਾਹਮਣਾ ਕਰਨਾ ਚਾਹੀਦਾ ਹੈ। ਅਸਲੀਅਤ ਇਹ ਹੈ ਕਿ ਅਜਮੇਰ ਸਿੰਘ ਨੇ ਸਿੱਖਾਂ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਾਫੀ ਅਰਸੇ ਤੱਕ ਕਾਮਯਾਬ ਰਹਿਣ ਦੇ ਬਾਵਜੂਦ ਅੰਤ ਨੂੰ ਫੜੀ ਗਈ।
ਅਸੀਂ ਅਜਮੇਰ ਸਿੰਘ ਤੋਂ ਕਦੇ ਇਹ ਮੰਗ ਨਹੀਂ ਕੀਤੀ ਕਿ ਉਹ ਆਪਣੇ ਖਾਲਿਸਤਾਨ ਪ੍ਰਤੀ ਨਜ਼ਰੀਏ ਵਿਚ ਤਬਦੀਲੀ ਲਿਆਵੇ। ਬਤੌਰ ਲੇਖਕ ਜਾਂ ਇੱਕ ਆਜ਼ਾਦ ਵਿਅਕਤੀ ਵਜੋਂ, ਕਿਸੇ ਵੀ ਮੁੱਦੇ ‘ਤੇ ਕੋਈ ਵੀ ਨਜ਼ਰੀਆ ਰੱਖਣਾ ਅਜਮੇਰ ਸਿੰਘ ਦਾ ਹੱਕ ਹੈ, ਜਿਸ ‘ਤੇ ਅਸੀਂ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਅਸੀਂ ਅਜਮੇਰ ਸਿੰਘ ਨੂੰ ਬਦਲਣਾ ਨਹੀਂ ਚਾਹੁੰਦੇ, ਕਿਉਂਕਿ ਅਜਿਹਾ ਕਰਨ ਦਾ ਸਾਡਾ ਕੋਈ ਹੱਕ ਨਹੀਂ, ਪਰ ਅਸੀਂ ਉਸ ਨੂੰ ਸਿੱਖ ਪਾਠਕਾਂ ਨੂੰ ਗੁਮਰਾਹ ਕਰਨ ਦੀ ਆਗਿਆ ਵੀ ਨਹੀਂ ਦੇ ਸਕਦੇ। ਅਸੀਂ ਤਾਂ ਸਿਰਫ ਇਹ ਕਹਿ ਰਹੇ ਹਾਂ ਕਿ ਅਜਮੇਰ ਸਿੰਘ ਦੀ ਖਾਲਿਸਤਾਨ ਦੇ ਮੁੱਦੇ ਪ੍ਰਤੀ ਜੋ ਵੀ ਪਹੁੰਚ ਹੈ, ਉਹ ਸਪਸ਼ਟ ਰੂਪ ਵਿਚ ਪ੍ਰਗਟ ਕਰੇ। ਜੇ ਉਹ ਸਿੱਖਾਂ ਲਈ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਖਾਲਿਸਤਾਨ ਦਾ ਹਾਮੀ ਹੈ ਤਾਂ ਸਾਡੀ ਉਸ ਨਾਲ ਕੋਈ ਅਸਹਿਮਤੀ ਨਹੀਂ। ਜੇ ਉਹ ਖਾਲਿਸਤਾਨ ਦਾ ਵਿਰੋਧੀ ਹੈ ਤਾਂ ਅਸੀਂ ਇਸ ਮੁੱਦੇ ‘ਤੇ ਸੰਵਾਦ ਰਚਾ ਕੇ ਆਪੋ-ਆਪਣੇ ਨਜ਼ਰੀਏ ਪਾਠਕਾਂ ਨਾਲ ਸਾਂਝੇ ਕਰ ਸਕਦੇ ਹਾਂ।
ਇਸ ਤੋਂ ਬਿਨਾ ਅਵਤਾਰ ਸਿੰਘ ਨੇ ਆਪਣੇ ਲੇਖ ਵਿਚ ਹੋਰ ਵੀ ਕਈ ਦਿਲਚਸਪ ਗੱਲਾਂ ਕੀਤੀਆਂ ਹਨ। ਉਸ ਨੇ ਕੌਮੀ-ਰਾਜ ਦੇ ਮੁੱਦੇ ‘ਤੇ ਪੱਛਮ ਵਿਚ ਚੱਲ ਰਹੀਆਂ ਬਹਿਸਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਕਿਵੇਂ ਵੱਖੋ-ਵੱਖ ਵਿਦਵਾਨਾਂ ਨੇ ਇਸ ਸਬੰਧੀ ਇੱਕ ਦੂਜੇ ਨਾਲ ਆਪਣੇ ਮੱਤਭੇਦ ਸਾਂਝੇ ਕੀਤੇ ਹਨ। ਉਪਰੋਕਤ ਟਿੱਪਣੀ ਤੋਂ ਇਹ ਤਾਂ ਪਤਾ ਲੱਗਦਾ ਹੈ ਕਿ ਅਵਤਾਰ ਸਿੰਘ ਨੂੰ ਕੌਮੀ-ਰਾਜ ਦੇ ਮੁੱਦੇ ‘ਤੇ ਲਿਖਣ ਵਾਲੇ ਬਹੁਤ ਸਾਰੇ ਵਿਦਵਾਨਾਂ ਦੇ ਨਾਮ ਪਤਾ ਹਨ ਤੇ ਉਨ੍ਹਾਂ ਵਿਚ ਚੱਲ ਰਹੀਆਂ ਬਹਿਸਾਂ ਬਾਰੇ ਜਾਣਕਾਰੀ ਹੈ, ਪਰ ਇਸ ਦੀ ਇਸ ਲੇਖ ਵਿਚ ਕੋਈ ਤੁਕ ਨਹੀਂ ਬਣਦੀ। ਅਸਲ ਵਿਚ ਅਵਤਾਰ ਸਿੰਘ ਦੀ ਜਾਣਕਾਰੀ ਦਾ ਇਹ ਟੋਟਾ ਉਸ ਦੇ ਲੇਖ ਦੇ ਮੁੱਖ ਨੁਕਤੇ ਦੇ ਖਿਲਾਫ ਭੁਗਤਦਾ ਹੈ। ਭਲਾ ਪੁੱਛਣ ਵਾਲਾ ਹੋਵੇ, ਜੇ ਦੁਨੀਆਂ ਭਰ ਦੇ ਵਿਦਵਾਨ ਇੱਕ ਦੂਜੇ ਦੀ ਆਲੋਚਨਾ ਕਰਦੇ ਹਨ ਤਾਂ ਮੈਂ ਅਜਮੇਰ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕਿਉਂ ਨਹੀਂ ਕਰ ਸਕਦਾ? ਹੋਰ ਤਾਂ ਹੋਰ, ਇਸੇ ਲੜੀ ਵਿਚ ਅਗਾਂਹ ਅਵਤਾਰ ਸਿੰਘ ਨੇ ਰੋਜ਼ਾ ਲੁਕਸਿਮਬਰਗ ਦਾ ਪ੍ਰਸੰਗ ਲੈ ਆਂਦਾ। ਰੋਜ਼ਾ ਲੁਕਸਿਮਬਰਗ ਵਿਦਵਾਨ ਆਗੂ ਸੀ, ਜੋ ਜਰਮਨੀ ਵਿਚ ਇਨਕਲਾਬ ਦੇ ਆਸ਼ੇ ਦੀ ਪੂਰਤੀ ਲਈ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰ ਰਹੀ ਸੀ। ਆਪਣੇ ਟੀਚੇ ਦੀ ਕਿਸੇ ਵੀ ਹੀਲੇ ਪੂਰਤੀ ਕਰਨ ਦੇ ਜਜ਼ਬੇ ਤਹਿਤ ਰੋਜ਼ਾ ਲੁਕਸਿਮਬਰਗ ਨੇ ਆਪਣੀ ਜਥੇਬੰਦੀ ਦੇ ਕਾਰਕੁਨਾਂ ਨੂੰ ਭੁਲੇਖਾ ਪਾਈ ਰੱਖਿਆ ਕਿ ਉਹ ਕਾਮਯਾਬੀ ਦੇ ਬਹੁਤ ਨੇੜੇ ਸਨ। ਅਸਲੀਅਤ ਇਸ ਦੇ ਐਨ ਉਲਟ ਹੋਣ ਕਾਰਨ ਬਗਾਵਤ ਬੁਰੀ ਤਰ੍ਹਾਂ ਅਸਫਲ ਰਹੀ ਅਤੇ ਜਰਮਨ ਫੌਜਾਂ ਨੇ ਰੋਜ਼ਾ ਲੁਕਸਿਮਬਰਗ ਤੇ ਉਸ ਦੇ ਸਾਥੀ ਕਾਰਲ ਲੀਇਬਕਨਿਸ਼ਤ ਨੂੰ ਗ੍ਰਿਫਤਾਰ ਕਰ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਰੋਜ਼ਾ ਲੁਕਸਿਮਬਰਗ ਨੇ ਆਪਣੇ ਸਿਆਸੀ ਵਿਰੋਧੀਆਂ, ਭਾਵ, ਸ਼ਾਈਡੇਮਨ ਦੇ ਸਮਰਥਕਾਂ ਦੇ ਕਤਲਾਂ ਦੇ ਹੁਕਮ ਦਿੱਤੇ ਸਨ। ਜੇ ਅਵਤਾਰ ਸਿੰਘ ਦੀ ਨਜ਼ਰ ਵਿਚ ਸਿਆਸੀ ਵਿਰੋਧੀਆਂ ਦੇ ਕਤਲ ਕਰਨ ਦੇ ਆਦੇਸ਼ ਦੇਣ ਵਾਲੀ ਰੋਜ਼ ਲੁਕਸਿਮਬਰਗ ਤਾਂ ਠੀਕ ਹੈ, ਤਾਂ ਮੇਰੀ ਅਜਮੇਰ ਸਿੰਘ ਦੀ ਆਲੋਚਨਾ ਕਿਵੇਂ ਗਲਤ ਹੋ ਗਈ? ਦੂਜੀ ਗੱਲ, ਅਵਤਾਰ ਸਿੰਘ ਨੇ ਇਹ ਵੇਰਵਾ ਸਾਂਝਾ ਨਹੀਂ ਕੀਤਾ ਕਿ ਰੋਜ਼ਾ ਲੁਕਸਿਮਬਰਗ ਦਾ ਲੈਨਿਨ ਨਾਲੋਂ ਤੋੜ-ਵਿਛੋੜਾ ਕਿਉਂ ਹੋਇਆ? ਲੈਨਿਨ ਕੌਮਾਂ ਦੇ ਆਪਾ-ਨਿਰਣੇ ਦੇ ਸਿਧਾਂਤ ਦਾ ਹਾਮੀ ਸੀ, ਜਦੋਂ ਕਿ ਰੋਜ਼ਾ ਲੁਕਸਿਮਬਰਗ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਵੇਖਣ ਵਾਲੀ ਗੱਲ ਹੈ ਕਿ ਕੌਮਾਂ ਦੇ ਆਪਾ-ਨਿਰਣੇ ਦੇ ਸਿਧਾਂਤ ਦਾ ਵਿਰੋਧ ਕਰਨ ਵਾਲੀ ਰੋਜ਼ਾ ਲੁਕਸਿਮਬਰਗ ਦੇ ਸੋਹਿਲੇ ਗਾਉਣ ਵਾਲਾ ਅਵਤਾਰ ਸਿੰਘ ਸਿੱਖਾਂ ਦੀ ਵੱਖਰੇ ਮੁਲਕ ਦੀ ਮੰਗ ਦਾ ਵਿਰੋਧ ਕਰਨ ਵਾਲੇ ਅਜਮੇਰ ਸਿੰਘ ਨੂੰ ਵੀ ਆਪਣੀ ਬੁੱਧੀ ਦੀਆਂ ਸੀਮਾਵਾਂ ਤੋਂ ਪਾਰ ਦੇ ਚਿੰਤਕ ਵਜੋਂ ਵਡਿਆਉਂਦਾ ਹੈ।
ਅਵਤਾਰ ਸਿੰਘ ਵਲੋਂ ਕੌਮੀ-ਰਾਜ ਬਾਰੇ ਆਪਣੇ ਅਧਿਐਨ ਦੀ ਵਿਸ਼ਾਲਤਾ ਸਾਂਝੀ ਕਰਨ ਦੀ ਭਾਵਨਾ ਸਮਝ ਆਉਂਦੀ ਹੈ, ਪਰ ਜ਼ਰਾ ਕੁ ਜ਼ਬਤ ਉਸ ਨੂੰ ਸੋਚਣ ਦਾ ਮੌਕਾ ਦੇ ਸਕਦਾ ਸੀ ਕਿ ਉਸ ਦੇ ਹਥਲੇ ਲੇਖ ਦੇ ਪ੍ਰਸੰਗ ਵਿਚ ਕਿਹੜੀ ਗੱਲ ਸਾਰਥਕਤਾ ਰੱਖਦੀ ਹੈ ਤੇ ਕਿਹੜੀ ਨਹੀਂ? ਕੌਮੀ-ਰਾਜ ਦੇ ਮੁੱਦੇ ‘ਤੇ ਬਹਿਸਾਂ ਦੇ ਵੇਰਵੇ ਨੇ ਅਵਤਾਰ ਸਿੰਘ ਦੇ ਲੇਖ ਵਿਚ ਅੰਤਰ-ਵਿਰੋਧ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਨੇ ਲੇਖਕ ਨੂੰ ਹਾਸੋਹੀਣੀ ਸਥਿਤੀ ਵਿਚ ਪਾ ਦਿੱਤਾ ਹੈ।
ਅਵਤਾਰ ਸਿੰਘ ਦੇ ਇਸ ਲੇਖ ਨਾਲ ਜੋ ਕੁਝ ਉਜਾਗਰ ਹੁੰਦਾ ਹੈ, ਉਹ ਸਾਡੇ ਸਾਰਿਆਂ ਦੇ ਗੰਭੀਰ ਧਿਆਨ ਦੀ ਮੰਗ ਕਰਦਾ ਹੈ। ਸਪਸ਼ਟ ਹੈ ਕਿ ਅਜਮੇਰ ਸਿੰਘ ਤੇ ਉਸ ਦੇ ਪਿਛਲੱਗ ਧੱਕੇਸ਼ਾਹੀ ਨਾਲ ਸਿੱਖ ਇਤਿਹਾਸਕ ਅਤੇ ਸਿਆਸੀ ਬਿਰਤਾਂਤਾਂ ਤੇ ਆਪਣੀ ਇਜਾਰੇਦਾਰੀ ਬਣਾ ਕੇ ਰੱਖਣਾ ਚਾਹੁੰਦੇ ਹਨ। ਪਹਿਲਾਂ ਉਹ ਅਜਮੇਰ ਸਿੰਘ ਦੀ ਆਲੋਚਨਾ ਕਰਨ ਵਾਲੇ ਜਾਂ ਉਸ ਨੂੰ ਸੁਆਲ ਕਰਨ ਵਾਲੇ ਹਰ ਵਿਅਕਤੀ ਦੀ ਨਿਰਲੱਜ ਹੋ ਕੇ ਕਿਰਦਾਰਕੁਸ਼ੀ ਕਰਦੇ ਹਨ ਤੇ ਫਿਰ ਉਸੇ ਬੰਦੇ ‘ਤੇ ਅਜਮੇਰ ਸਿੰਘ ਦੀ ਕਿਰਦਾਰਕੁਸ਼ੀ ਕਰਨ ਦਾ ਦੋਸ਼ ਮੜ੍ਹ ਧਰਦੇ ਹਨ। ਅਜਮੇਰ ਸਿੰਘ ਦੇ ਪੈਰੋਕਾਰ ਪਹਿਲਾਂ ਉਚੀਆਂ ਸਿੱਖ ਕਦਰਾਂ-ਕੀਮਤਾਂ ਦੀ ਦੁਹਾਈ ਦੇ ਕੇ ਉਸ ਦੇ ਆਲੋਚਕਾਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਫਿਰ ਸ਼ੱਰੇਆਮ ਝੂਠ ਬੋਲ ਕੇ ਅਜਮੇਰ ਸਿੰਘ ਨੂੰ ਜਾਇਜ਼ ਠਹਿਰਾਉਂਦੇ ਹਨ। ਸਾਡਾ ਵਿਚਾਰ ਹੈ ਕਿ ਅਜਮੇਰ ਸਿੰਘ ਤਾਂ ਕੀ, ਕੋਈ ਵੱਡੇ ਤੋਂ ਵੱਡਾ ਵਿਦਵਾਨ ਵੀ ਸੁਆਲਾਂ ਜਾਂ ਆਲੋਚਨਾ ਦੇ ਘੇਰੇ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਅਜਮੇਰ ਸਿੰਘ ਦੇ ਸਮਰਥਕ ਨੰਗੀ-ਚਿੱਟੀ ਗੁੰਡਾਗਰਦੀ ਕਰ ਰਹੇ ਹਨ। ਮੁਆਫੀਆਨੁਮਾ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਇਹ ਧੜਾ ਕਿਸੇ ਵੀ ਕੀਮਤ ‘ਤੇ ਸਿੱਖ ਬੌਧਿਕਤਾ ‘ਤੇ ਆਪਣਾ ਕਬਜ਼ਾ ਜਮਾਈ ਰੱਖਣਾ ਚਾਹੁੰਦਾ ਹੈ। ਅਸੀਂ ਕਿਸੇ ਨੂੰ ਵੀ ਅਜਿਹੀ ਬੁਰਛਾਗਰਦੀ ਦੀ ਆਗਿਆ ਨਹੀਂ ਦੇ ਸਕਦੇ। ਇਸ ਲਈ ਅਸੀਂ ਭਵਿੱਖ ਵਿਚ ਵੀ ਪੂਰੀ ਇਮਾਨਦਾਰੀ ਤੇ ਸਾਫਗੋਈ ਨਾਲ ਸਿੱਖ ਮੁੱਦਿਆਂ ‘ਤੇ ਲਿਖਣ ਵਾਲੇ ਸਿੱਖ ਜਾਂ ਗੈਰ-ਸਿੱਖ ਲੇਖਕਾਂ ਅਤੇ ਚਿੰਤਕਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਰਹਾਂਗੇ।