ਸੜ੍ਹਿਆਂਦ ਮਾਰੂ ਮਾਹੌਲ ਵਿਚ ਭਾਰਤ ਮਾਂ ਕਿੱਥੇ ਹੋਵੇਗੀ?

-ਜਤਿੰਦਰ ਪਨੂੰ
ਭਾਰਤ ਦੀ ਨਿਆਂ ਪ੍ਰਣਾਲੀ ਕੀੜੀ ਦੀ ਚਾਲ ਨਾਲ ਹੌਲੀ-ਹੌਲੀ ਚੱਲਦੀ ਹੈ। ਇਸ ਦੇ ਕਈ ਕੇਸ ਫੈਸਲਾ ਹੋਣ ਵਾਸਤੇ ਏਨਾ ਸਮਾਂ ਲਾਈਨ ਵਿਚ ਲੱਗੇ ਰਹਿੰਦੇ ਹਨ ਕਿ ਲੋਕਾਂ ਨੂੰ ਉਨ੍ਹਾਂ ਦਾ ਮੂਲ ਮੁੱਦਾ ਹੀ ਭੁੱਲ ਜਾਂਦਾ ਹੈ। ਇਸ ਹਫਤੇ ਰਾਜਸਥਾਨ ਦੀ ਭਰਤਪੁਰ ਰਿਆਸਤ ਦੇ ਸਾਬਕਾ ਰਾਜਾ ਮਾਨ ਸਿੰਘ ਵਾਲੇ ਕਤਲ ਕੇਸ ਦਾ ਫੈਸਲਾ ਹੋਇਆ ਤੇ ਉਸ ਵਕਤ ਦੇ ਇੱਕ ਡੀ. ਐੱਸ਼ ਪੀ. ਸਣੇ ਗਿਆਰਾਂ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਇਹ ਸਿਆਸੀ ਕਤਲ ਸੀ। ਉਦੋਂ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਨੇ ਸੱਤ ਵਾਰੀ ਦੇ ਵਿਧਾਇਕ ਰਾਜਾ ਮਾਨ ਸਿੰਘ ਦੇ ਵਿਰੁੱਧ ਲੋਕਾਂ ਨੂੰ ਉਕਸਾ ਦਿੱਤਾ ਤੇ ਕਾਂਗਰਸੀ ਵਰਕਰਾਂ ਨੇ ਜਾ ਕੇ ਮਾਨ ਸਿੰਘ ਦੇ ਮਹਿਲ ਉਤੇ ਲੱਗਾ ਰਿਆਸਤ ਦਾ ਝੰਡਾ ਪੁੱਟ ਕੇ ਕਾਂਗਰਸੀ ਝੰਡਾ ਲਾ ਦਿੱਤਾ ਸੀ।

ਉਸੇ ਦਿਨ ਸ਼ਹਿਰ ਵਿਚ ਮੁੱਖ ਮੰਤਰੀ ਦੀ ਰੈਲੀ ਸੀ। ਰਾਜਾ ਮਾਨ ਸਿੰਘ ਇਸ ਤੋਂ ਭੜਕ ਪਿਆ ਅਤੇ ਉਸ ਵੇਲੇ ਦੀ ਬਹੁ-ਚਰਚਿਤ ਐਸ਼ ਯੂ. ਵੀ. ਗੱਡੀ ਜੋਂਗਾ ਸਿੱਧਾ ਲਿਜਾ ਕੇ ਮੁੱਖ ਮੰਤਰੀ ਦੀ ਰੈਲੀ ਵਾਲੇ ਮੰਚ ਨਾਲ ਟੱਕਰਾਂ ਮਾਰ ਕੇ ਸਟੇਜ ਤੋੜ ਦਿੱਤੀ। ਫਿਰ ਉਸ ਨੇ ਮੁੱਖ ਮੰਤਰੀ ਦਾ ਹੈਲੀਕਾਪਟਰ ਵੇਖਿਆ ਤਾਂ ਜੋਂਗੇ ਦੀਆਂ ਟੱਕਰਾਂ ਨਾਲ ਉਹ ਵੀ ਭੰਨ ਸੁੱਟਿਆ। ਮੁੱਖ ਮੰਤਰੀ ਉਸ ਦਿਨ ਰੈਲੀ ਨਹੀਂ ਸੀ ਕਰ ਸਕਿਆ ਤੇ ਸੜਕ ਰਾਹੀਂ ਰਾਜਧਾਨੀ ਜੈਪੁਰ ਪਰਤ ਗਿਆ ਸੀ, ਪਰ ਅਗਲੇ ਦਿਨ ਉਸ ਦੇ ਇਸ਼ਾਰੇ ਉਤੇ ਪੁਲਿਸ ਨੇ ਚੋਣ ਮੁਹਿੰਮ ਚਲਾ ਰਹੇ ਮਾਨ ਸਿੰਘ ਨੂੰ ਘੇਰ ਕੇ ਮਾਰ ਦਿੱਤਾ ਸੀ। ਆਖਿਆ ਇਹ ਗਿਆ ਸੀ ਕਿ ਗ੍ਰਿਫਤਾਰ ਕਰਨ ਗਈ ਪੁਲਿਸ ਨਾਲ ਉਹ ਭਿੜ ਗਿਆ ਸੀ। ਇਹ ਸਵਾਲ ਬਹੁਤ ਵਾਰੀ ਉਠਦਾ ਰਿਹਾ ਹੈ ਕਿ ਰਾਜਾ ਮਾਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਸਟੇਜ ਅਤੇ ਹੈਲੀਕਾਪਟਰ ਤੋੜਨਾ ਕਿੰਨਾ ਗਲਤ ਸੀ ਅਤੇ ਉਸ ਦੇ ਬਾਅਦ ਪੁਲਿਸ ਵੱਲੋਂ ਇਸ ਤਰ੍ਹਾਂ ਉਸ ਨੂੰ ਘੇਰ ਕੇ ਸ਼ੱਰੇ ਬਾਜ਼ਾਰ ਮਾਰ ਸੁੱਟਣਾ ਕਿੰਨਾ ਗਲਤ ਸੀ?
ਇਸ ਹਫਤੇ ਸੁਪਰੀਮ ਕੋਰਟ ਵਿਚ ਉੱਤਰ ਪ੍ਰਦੇਸ਼ ਵਿਚ ਪੁਲਿਸ ਵੱਲੋਂ ਮਾਰੇ ਗਏ ਵੱਡੇ ਗੈਂਗਸਟਰ ਵਿਕਾਸ ਦੂਬੇ ਦਾ ਕੇਸ ਸੁਣਵਾਈ ਲਈ ਲੱਗਾ ਸੀ। ਉਸ ਦੀ ਜਾਂਚ ਸ਼ੁਰੂ ਹੋਈ ਹੈ, ਪਰ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਹੈ ਕਿ ਅੱਗੇ ਤੋਂ ਇਸ ਰਾਜ ਵਿਚ ਏਦਾਂ ਦਾ ਕੋਈ ਕਾਂਡ ਨਹੀਂ ਹੋਣਾ ਚਾਹੀਦਾ। ਸੁਪਰੀਮ ਕੋਰਟ ਦੇ ਇਸ ਹੁਕਮ ਦੇ ਨਾਲ ਵਿਕਾਸ ਦੂਬੇ ਵਰਗੇ ਬਹੁਤ ਸਾਰੇ ਹੋਰ ਗੈਂਗਸਟਰ ਕਹੇ ਜਾਂਦੇ ਬੰਦਿਆਂ ਬਾਰੇ ਵੀ ਬਹਿਸ ਚੱਲ ਪਈ ਹੈ।
ਅਪਰਾਧਾਂ ਵਿਰੁੱਧ ਭਾਰਤ ਦੇ ਕਾਨੂੰਨਾਂ ਬਾਰੇ ਇੱਕ ਸੈਮੀਨਾਰ ਵਿਚ ਅਸੀਂ ਕਈ ਸਾਲ ਪਹਿਲਾਂ ਕੁਝ ਹੋਰ ਪੱਤਰਕਾਰਾਂ ਨਾਲ ਸ਼ਾਮਲ ਹੋਏ ਸਾਂ। ਉਥੇ ਇੱਕ ਬੁਲਾਰੇ ਨੇ ਕਿਹਾ ਕਿ ਭਾਰਤ ਦੀ ਪੁਲਿਸ ਏਨੀ ਨਿਕੰਮੀ ਹੈ ਕਿ ਬਿਹਾਰ ਵਿਚ ਹੁੰਦੇ ਇੱਕ ਰੋਸ ਪ੍ਰਗਟਾਵੇ ਦੌਰਾਨ ਭੀੜ ਨੂੰ ਰੋਕ ਰਹੇ ਇੱਕ ਐਸ਼ ਪੀ. ਨੂੰ ਇੱਕ ਕੁੜੀ ਨੇ ਥੱਪੜ ਮਾਰ ਦਿੱਤਾ ਸੀ। ਨਵੀਂ ਨਿਯੁਕਤ ਹੋਈ ਇਕ ਜੱਜ ਕੁੜੀ ਨੇ ਉਠ ਕੇ ਕਿਹਾ ਕਿ ਇਹ ਨਾ ਵੇਖੋ ਕਿ ਕੁੜੀ ਨੇ ਥੱਪੜ ਮਾਰਿਆ ਹੈ, ਉਸ ਕੁੜੀ ਬਾਰੇ ਸੋਚੋ ਕਿ ਇਸ ਹੱਦ ਤੱਕ ਦੁਖੀ ਕਿਵੇਂ ਹੋ ਗਈ ਕਿ ਲੱਕ ਨਾਲ ਪਿਸਤੌਲ ਟੰਗੀ ਖੜੇ ਪੁਲਿਸ ਅਫਸਰ ਨੂੰ ਥੱਪੜ ਮਾਰਨ ਤੁਰ ਪਈ? ਆਪਣੇ ਵਿਚਾਰ ਪੇਸ਼ ਕਰਦਿਆਂ ਜੱਜ ਕੁੜੀ ਨੇ ਕਿਹਾ ਕਿ ਮੈਂ ਉਸ ਕੁੜੀ ਦੀ ਕਹਾਣੀ ਪੜ੍ਹੀ ਹੈ, ਉਸ ਦੇ ਪਰਿਵਾਰ ਦੀ ਤਬਾਹੀ ਇੱਕ ਸਿਆਸੀ ਆਗੂ ਦੇ ਕਹਿਣ ਉਤੇ ਕੀਤੀ ਗਈ ਅਤੇ ਪੁਲਿਸ ਇਨਸਾਫ ਦੇਣ ਦੀ ਥਾਂ ਆਗੂ ਨੂੰ ਖੁਸ਼ ਕਰਨ ਲਈ ਪਰਿਵਾਰ ਦੇ ਖਿਲਾਫ ਕੇਸ ਦਰਜ ਕਰਦੀ ਰਹੀ ਸੀ। ਭਾਰਤ ਵਿਚ ਏਦਾਂ ਹੁੰਦਾ ਰਿਹਾ ਤਾਂ ਨਤੀਜਾ ਵੀ ਏਦਾਂ ਦਾ ਹੀ ਨਿਕਲੇਗਾ।
ਰਾਜਾ ਮਾਨ ਸਿੰਘ ਗੁੰਡਾ ਨਹੀਂ ਸੀ, ਸੱਤ ਵਾਰ ਦਾ ਇਹ ਵਿਧਾਇਕ ਕਾਂਗਰਸੀ ਮੁੱਖ ਮੰਤਰੀ ਦੀ ਬੇਹੂਦਗੀ ਕਾਰਨ ਭੜਕਿਆ ਸੀ। ਵਿਕਾਸ ਦੂਬੇ ਗੁੰਡਾ ਕਿਸ ਤਰ੍ਹਾਂ ਬਣਿਆ, ਇਹ ਤਾਂ ਪਤਾ ਨਹੀਂ, ਪਰ ਜਿੰਨਾ ਚਿਰ ਉਹ ਜਿੰਦਾ ਰਿਹਾ, ਉਸ ਦੇ ਸਬੰਧ ਸਿਆਸੀ ਆਗੂਆਂ ਨਾਲ ਬਣੇ ਰਹੇ ਸਨ। ਭਾਜਪਾ ਦੇ ਦੋ ਆਗੂਆਂ ਨਾਲ ਉਸ ਦੇ ਸਬੰਧਾਂ ਦੀ ਚਰਚਾ ਵੀ ਆਮ ਹੁੰਦੀ ਸੁਣੀ ਗਈ ਹੈ। ਤਿੰਨ ਸਾਲ ਪਹਿਲਾਂ ਉਥੇ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਉਸ ਦੇ ਜਿਲਾ ਕਾਨਪੁਰ ਦਾ ਜ਼ਿੰਮਾ ਮੱਧ ਪ੍ਰਦੇਸ਼ ਦੇ ਜਿਸ ਭਾਜਪਾ ਆਗੂ ਨੂੰ ਮਿਲਿਆ ਸੀ, ਉਹ ਅੱਜ ਕੱਲ੍ਹ ਮੱਧ ਪ੍ਰਦੇਸ਼ ਦਾ ਗ੍ਰਹਿ ਮੰਤਰੀ ਹੈ ਅਤੇ ਉਸ ਉਜੈਨ ਜਿਲੇ ਦਾ ਇੰਚਾਰਜ ਵੀ ਹੈ, ਜਿੱਥੇ ਪਨਾਹ ਲੈਣ ਗਿਆ ਵਿਕਾਸ ਦੂਬੇ ਫੜਿਆ ਤੇ ਮਾਰਿਆ ਗਿਆ ਸੀ। ਇਸ ਕਾਰਨ ਕੁਝ ਲੋਕਾਂ ਨੂੰ ਇਹ ਕਹਿਣ ਦਾ ਹੱਕ ਹੈ ਕਿ ਵਿਕਾਸ ਦੂਬੇ ਨੂੰ ਕੁਝ ਆਗੂਆਂ ਦੇ ਕਾਲੇ ਪਿਛੋਕੜ ਉਤੇ ਪਰਦਾ ਪਾਉਣ ਲਈ ਮਾਰਿਆ ਗਿਆ ਹੈ। ਦਲੀਲ ਦੇ ਹੱਕ ਵਿਚ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ।
ਭਾਰਤੀ ਰਾਜਨੀਤੀ ਤੇ ਅਪਰਾਧੀਆਂ ਦੇ ਗੱਠਜੋੜ ਦੀਆਂ ਗੱਲਾਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਵਕਤ ਤੋਂ ਸੁਣੀਆਂ ਜਾ ਰਹੀਆਂ ਸਨ। ਅੱਜ ਕੱਲ੍ਹ ਇਹ ਹੋਰ ਵਧ ਗਈਆਂ ਹਨ। ਫਿਰ ਵੀ ਕਾਨੂੰਨ ਦੇ ਰਖਵਾਲੇ ਲੰਮਾ ਸਮਾਂ ਕੁਝ ਹੱਦ ਤੱਕ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰੀ ਵਰਤਦੇ ਰਹੇ ਸਨ, ਪਰ ਅੱਜ ਇਹੋ ਜਿਹੀ ਨਸਲ ਦੁਰਲੱਭ ਹੁੰਦੀ ਜਾਂਦੀ ਹੈ ਅਤੇ ਉਸ ਦੀ ਥਾਂ ਅਪਰਾਧੀਆਂ ਨਾਲ ਸੈਨਤ ਮਿਲਾ ਕੇ ਚੱਲਣ ਵਾਲੇ ਸਿਵਲ ਅਤੇ ਪੁਲਿਸ ਦੇ ਅਫਸਰਾਂ ਹੀ ਨਹੀਂ, ਅਦਾਲਤਾਂ ਨਾਲ ਜੁੜੇ ਹੋਏ ਕੁਝ ਲੋਕਾਂ ਬਾਰੇ ਵੀ ਗੱਲਾਂ ਆਮ ਸੁਣੀਆਂ ਜਾਣ ਲੱਗ ਪਈਆਂ ਹਨ। ਇਹ ਚਰਚੇ ਭਾਰਤ ਦੇ ਹਰ ਰਾਜ ਅਤੇ ਹਰ ਪਾਰਟੀ ਦੇ ਰਾਜ ਵਿਚ ਹੋਈ ਜਾਂਦੇ ਹਨ। ਕਿਸੇ ਆਗੂ ਨੂੰ ਇਨ੍ਹਾਂ ਚਰਚਿਆਂ ਦੀ ਕੋਈ ਸ਼ਰਮ ਵੀ ਨਹੀਂ ਜਾਪਦੀ।
ਕੋਈ 45 ਸਾਲ ਪਹਿਲਾਂ ਆਈ ਫਿਲਮ ‘ਦੀਵਾਰ’ ਵਿਚ ਇੱਕ ਮਜ਼ਦੂਰ ਆਗੂ ਨੂੰ ਗੱਲਬਾਤ ਬਹਾਨੇ ਸੱਦ ਕੇ ਉਸ ਦੇ ਬੱਚਿਆਂ ਨੂੰ ਅਗਵਾ ਕਰਨ ਤੇ ਮਾਰ ਦੇਣ ਦੀ ਧਮਕੀ ਨਾਲ ਇੱਕ ਕਾਗਜ਼ ਉਤੇ ਦਸਖਤ ਕਰਨ ਨੂੰ ਮਜਬੂਰ ਕੀਤਾ ਗਿਆ ਸੀ। ਸੱਚਾਈ ਤੋਂ ਅਣਜਾਣ ਭੜਕੇ ਹੋਏ ਲੋਕਾਂ ਨੇ ਉਸ ਮਜ਼ਦੂਰ ਦੇ ਬੱਚੇ ਦੀ ਬਾਂਹ ਉਤੇ ‘ਮੇਰਾ ਬਾਪ ਚੋਰ ਹੈ’ ਲਿਖ ਦਿੱਤਾ ਸੀ, ਜਿਸ ਕਾਰਨ ਉਹ ਬੱਚਾ ਪੜ੍ਹਨ-ਲਿਖਣ ਦੀ ਥਾਂ ਅਪਰਾਧ ਦੀ ਦੁਨੀਆਂ ਵਿਚ ਜਾ ਪੁੱਜਾ ਸੀ। ਉਸ ਦਾ ਭਰਾ ਪੁਲਿਸ ਦਾ ਅਫਸਰ ਬਣ ਕੇ ਉਸੇ ਨੂੰ ਫੜਨ ਦੀ ਜ਼ਿੰਮੇਵਾਰੀ ਚੁੱਕ ਬੈਠਾ ਸੀ। ਇੱਕ ਦਿਨ ਅਪਰਾਧੀ ਬਣੇ ਬੱਚੇ ਦਾ ਰੋਲ ਕਰਦਾ ਪਿਆ ਅਮਿਤਾਬ ਬੱਚਨ ਅਤੇ ਪੁਲਿਸ ਅਫਸਰ ਬਣਿਆ ਸ਼ਸ਼ੀ ਕਪੂਰ ਆਹਮੋ ਸਾਹਮਣੇ ਹੋਏ ਤਾਂ ਅਮਿਤਾਬ ਨੇ ਕਿਹਾ ਸੀ ਕਿ ਮੇਰੇ ਕੋਲ ਕਾਰ, ਕੋਠੀ ਸਭ ਕੁਝ ਹੈ, ਇਮਾਨਦਾਰੀ ਦੀ ਇਸ ਅਫਸਰੀ ਵਿਚ ਤੈਨੂੰ ਕੀ ਮਿਲਿਆ ਹੈ ਤਾਂ ਅੱਗੋਂ ਪੁਲਿਸ ਅਫਸਰ ਬਣਿਆ ਸ਼ਸ਼ੀ ਕਪੂਰ ਮਾਣ ਨਾਲ ਕਹਿੰਦਾ ਸੀ, “ਮੇਰੇ ਕੋਲ ਮਾਂ ਹੈ।”
ਇਹ ਉਸ ਵਕਤ ਦੀ ਗੱਲ ਸੀ। ਅੱਜ ਦੇ ਹਾਲਤ ਵਿਚ ਸੋਸ਼ਲ ਮੀਡੀਆ ਉਤੇ ਨਵਾਂ ਡਾਇਲਾਗ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿਚ ਅਪਰਾਧੀ ਬਣਿਆ ਅਮਿਤਾਬ ਉਹੀ ਗੱਲ ਦੁਹਰਾਉਂਦਾ ਹੈ ਕਿ ਮੇਰੇ ਕੋਲ ਕਾਰ, ਕੋਠੀ ਸਭ ਕੁਝ ਹੈ, ਇਮਾਨਦਾਰੀ ਦੀ ਅਫਸਰੀ ਵਿਚ ਤੈਨੂੰ ਕੀ ਮਿਲਿਆ ਤਾਂ ਮੂਹਰੇ ਖੜਾ ਸਸ਼ੀ ਕਪੂਰ ਹੱਸ ਕੇ ਕਹਿੰਦਾ ਹੈ, “ਮੇਰੇ ਕੋਲ ਵੀ ਕਾਰ, ਕੋਠੀ ਸਭ ਕੁਝ ਆ ਗਿਆ ਹੈ।” ਇਸ ਦੇ ਜਵਾਬ ਵਿਚ ਹੈਰਾਨ ਹੋਇਆ ਅਮਿਤਾਬ ਬੱਚਨ ਪੁੱਛਦਾ ਹੈ, “ਫਿਰ ਮਾਂ ਨੂੰ ਕੌਣ ਲੈ ਗਿਆ?”
ਮੇਰੇ ਕੋਲ ਇਹ ਗੱਲ ਕਹਿਣ ਦਾ ਕੋਈ ਕਾਰਨ ਨਹੀਂ ਕਿ ਅੱਜ ਦੇ ਭਾਰਤ ਦਾ ਹਰ ਅਫਸਰ ਵਿਕਾਊ ਹੈ, ਪਰ ਇਹ ਵੀ ਸੱਚ ਹੈ ਕਿ ਇਮਾਨਦਾਰੀ ਦੀ ਪਹਿਰੇਦਾਰੀ ਕਰਨ ਲਈ ਜਾਣੇ ਜਾਂਦੇ ਲੋਕਾਂ ਨੂੰ ਲਗਭਗ ਹਰ ਪਾਰਟੀ ਦੀ ਸਰਕਾਰ ਖੂੰਜੇ ਲਾ ਕੇ ਰੱਖਦੀ ਹੈ, ਕੰਮ ਨਹੀਂ ਕਰਨ ਦਿੰਦੀ। ਨਤੀਜਾ ਇਹ ਹੈ ਕਿ ਅੱਜ ਇਹ ਸਵਾਲ ਭਾਵੇਂ ਕੋਈ ਪੁੱਛੇ ਜਾਂ ਨਾ ਪੁੱਛੇ ਕਿ ‘ਭਾਰਤ ਮਾਂ ਦਾ ਕੀ ਬਣਿਆ’, ਪਰ ਇਹ ਗੱਲ ਹਰ ਚਰਚਾ ਦਾ ਕੇਂਦਰ ਹੈ ਕਿ ਇਹੋ ਜਿਹੇ ਸੜ੍ਹਿਆਂਦ ਮਾਰਦੇ ਦੌਰ ਵਿਚ ਭਾਰਤ ਮਾਂ ਵੀ ਆਪਣੀ ਆਜ਼ਾਦੀ ਦੀ 73ਵੀਂ ਵਰ੍ਹੇਗੰਢ ਮਨਾਏ ਜਾਣ ਦੀ ਉਡੀਕ ਖੁਸ਼ੀ ਨਾਲ ਕਰਨ ਦੀ ਥਾਂ ਕਿਸੇ ਖੂੰਜੇ ਲੱਗੀ ਹੰਝੂ ਹੀ ਵਹਾ ਰਹੀ ਹੋਵੇਗੀ। ਇਸ ਹਾਲਤ ਦੇ ਲਈ ਜ਼ਿੰਮੇਵਾਰ ਕੌਣ ਹੈ? ਇਸ ਸਵਾਲ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਲੱਭਦਾ।
ਇਹ ਹਕੀਕਤ ਉਨ੍ਹਾਂ ਦੇ ਕਿਰਦਾਰ ਤੋਂ ਵੀ ਦਿੱਸਦੀ ਹੈ, ਜਿਹੜੇ ਆਜ਼ਾਦੀ ਤੋਂ ਬਾਅਦ ਭਾਰਤ ਉੱਤੇ 73 ਵਿਚੋਂ 58 ਸਾਲ ਰਾਜ ਕਰਦੇ ਹੋਏ ਸਭ ਇਖਲਾਕੀ ਅਸੂਲ ਭੁਲਾ ਕੇ ਚੱਲਦੇ ਰਹੇ ਸਨ ਤੇ ਉਨ੍ਹਾਂ ਉਤੇ ਵੀ, ਜਿਨ੍ਹਾਂ ਨੇ ਕੁਰਸੀ ਮੱਲਣ ਦੇ 72 ਮਹੀਨਿਆਂ ਵਿਚ ਹੀ ਅਸੂਲਾਂ ਨੂੰ ਪਿਛਵਾੜੇ ਸੁੱਟ ਦਿੱਤਾ ਹੈ। ਪਹਿਲੇ ਇਹ ਭੁੱਲ ਗਏ ਸਨ ਤੇ ਅੱਜ ਵਾਲੇ ਵੀ ਭੁਲਾਈ ਬੈਠੇ ਹਨ ਕਿ ਸਥਿਤੀਆਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਹੁੰਦੀਆਂ, ਵਕਤ ਬਦਲਦਾ ਵੀ ਹੁੰਦਾ ਹੈ।