ਅਜਮੇਰ ਸਿੰਘ, ਪ੍ਰਭਸ਼ਰਨ ਭਰਾ ਤੇ ਮਸਲਾ ਸਿੱਖ ਹੋਮਲੈਂਡ ਦਾ

ਹਰਜੀਤ ਦਿਓਲ, ਬਰੈਂਪਟਨ
ਫੋਨ: 905-676-9242
ਅੱਜ ਤੋਂ ਕੋਈ 15 ਕੁ ਸਾਲ ਪਹਿਲਾਂ ਫਰੀਦਾਬਾਦ ਰਹਿੰਦਿਆਂ ਜਦ ਅਸੀਂ ਕੈਨੇਡਾ ਦੀ ਇਮੀਗਰੇਸ਼ਨ ਲਈ ਅਪਲਾਈ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਪਤੀ-ਪਤਨੀ ਦਾ ਮੈਰਿਜ ਸਰਟੀਫਿਕੇਟ ਦਸਤਾਵੇਜ਼ਾਂ ‘ਚ ਲੱਗਣਾ ਹੈ, ਇਸ ਲਈ ਬਣਵਾ ਲਿਆ ਜਾਵੇ। ਪੰਜਾਬ ਵਿਖੇ ਹੋਏ ਸਾਡੇ ਵਿਆਹ ਨੂੰ ਕੋਈ 25 ਕੁ ਸਾਲ ਹੋ ਚੁਕੇ ਸਨ ਤੇ ਜਾਹਰ ਹੈ, ਉਦੋਂ ਇਸ ਸਰਟੀਫਿਕੇਟ ਦੀ ਕੋਈ ਅਹਿਮੀਅਤ ਨਹੀਂ ਸਮਝੀ ਜਾਂਦੀ ਸੀ। ਮੈਂ ਆਪਣੇ ਸਾਲਾ ਸਾਹਿਬ ਨੂੰ ਸੰਪਰਕ ਕਰਕੇ ਜਾਣਨਾ ਚਾਹਿਆ ਕਿ ਇਹ ਦਸਤਾਵੇਜ਼ ਚਾਹੀਦਾ ਹੈ, ਇਸ ਦੀ ਪ੍ਰਾਪਤੀ ਦਾ ਰਾਹ ਦੱਸਿਆ ਜਾਵੇ। ਉਨ੍ਹਾਂ ਕਚਹਿਰੀ ਜਾ ਕੇ ਇਸ ਬਾਰੇ ਦਰਿਆਫਤ ਕੀਤਾ ਅਤੇ ਦੱਸਿਆ, “ਆ ਜਾਓ, ਇਹ ਕੰਮ ਹੋ ਜਾਵੇਗਾ।” ਖਰਚਾ ਕੋਈ ਛੇ-ਸੱਤ ਹਜ਼ਾਰ ਦਾ ਦੱਸਿਆ ਗਿਆ।

ਕੈਨੇਡਾ ਲਈ ਇਹ ਕੌੜਾ ਘੁੱਟ ਤਾਂ ਭਰਨਾ ਹੀ ਪੈਣਾ ਸੀ। ਮੈਂ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਉਣ ਲੱਗਾ। ਅਚਾਨਕ ਮੈਂ ਸੋਚਿਆ, ਪਈ ਇੱਥੇ ਫਰੀਦਾਬਾਦ ਦੀ ਕਚਹਿਰੀ ਵੀ ਕਿਉਂ ਨਾ ਪਤਾ ਕਰ ਲਿਆ ਜਾਵੇ! ਜੇ ਪੰਜ-ਸੱਤ ਸੌ ਵੱਧ ਖਰਚ ਕੇ ਇੱਥੇ ਹੀ ਕੰਮ ਹੋ ਜਾਵੇ ਤਾਂ ਪੰਜਾਬ ਆਉਣ-ਜਾਣ ਦਾ ਝੰਜਟ ਮੁੱਕ ਜਾਵੇਗਾ। ਅਗਲੇ ਦਿਨ ਮੈਂ ਕਚਹਿਰੀ ਗਿਆ ਅਤੇ ਇਸ ਦਸਤਾਵੇਜ਼ ਨੂੰ ਹਾਸਲ ਕਰਨ ਦਾ ਰਾਹ ਪੁੱਛ ਆਇਆ। ਸੱਚ ਜਾਣਿਓ, ਉਸ ਤੋਂ ਅਗਲੇ ਦਿਨ ਅਸੀਂ ਪਤੀ-ਪਤਨੀ ਜਰੂਰੀ ਕਾਗਜ਼ਾਤ ਲੈ ਕੇ ਕਚਹਿਰੀ ਚਲੇ ਗਏ ਅਤੇ ਚਾਰ ਘੰਟੇ ਵਿਚ ਸਿਰਫ 750 ਰੁਪਏ ਖਰਚ ਕੇ ਸਰਟੀਫਿਕੇਟ ਲੈ ਕੇ ਘਰ ਆ ਗਏ।
ਫਰੀਦਾਬਾਦ ਸਥਿਤ ਰੈਫਰਿਜਰੇਟਰ ਫੈਕਟਰੀ ਤੋਂ ਵਾਲੰਟੀਅਰ ਰਿਟਾਇਰਮੈਂਟ ਲੈ ਅਸੀਂ ਕੈਨੇਡਾ ਆ ਗਏ। ਕੁਝ ਸਮੇਂ ਬਾਅਦ ਅਸੀਂ ਫਰੀਦਾਬਾਦ ਆਪਣਾ ਮਕਾਨ ਵੇਚ ਪੰਜਾਬ ਮਾਛੀਵਾੜਾ ਵਿਖੇ ਮਕਾਨ ਖਰੀਦ ਲਿਆ, ਕਿਉਂਕਿ ਕਰੀਬ ਸਾਰੀਆਂ ਰਿਸ਼ਤੇਦਾਰੀਆਂ ਇੱਧਰ ਹੀ ਸਨ। ਮਕਾਨ ਦੀ ਖਰੀਦੋ ਫਰੋਖਤ ਅਤੇ ਹੋਰ ਕਈ ਕੰਮਾਂ ਦੌਰਾਨ ਕੁਝ ਹੋਰ ਕੌੜੇ ਤਜ਼ਰਬੇ ਹੋਏ, ਜਿਨ੍ਹਾਂ ਕਰਕੇ ਮੈਂ ਜਾਣਿਆ ਕਿ ਪੰਜਾਬ ‘ਚ ਸਿੱਖੀ ਸਰੂਪ ਵਿਚ ਅਹੁਦਿਆਂ ‘ਤੇ ਬੈਠਾ ਅਮਲਾ ਫੈਲਾ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਾਹਰਲੀਆਂ ਸਟੇਟਾਂ ਦੇ ਗੈਰ-ਸਿੱਖਾਂ ਤੋਂ ਕਿਸੇ ਪਾਸੋਂ ਵੀ ਘੱਟ ਨਹੀਂ, ਮਾਸਾ ਵੱਧ ਹੀ ਹੈ। ਇੱਕ ਦਿਨ ਕਿਸੇ ਕੰਮ ਲਈ ਬਿਜਲੀ ਦੇ ਦਫਤਰ ਗਿਆ ਤਾਂ ਮੈਨੂੰ ਅਗਲੇ ਦਿਨ ਆਉਣ ਲਈ ਕਿਹਾ ਗਿਆ, ਕਿਉਂਕਿ ਦਫਤਰ ਵਿਖੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ। ਅਸੀਂ ਕਦੋਂ ਸਮਝਾਂਗੇ ਕਿ ਇਸੇ ਲਈ ਅਸੀਂ “ਵਰਕ ਇਜ਼ ਵਰਸ਼ਿਪ” ਨੂੰ ਤਰਜੀਹ ਦੇਣ ਵਾਲੇ ਪੱਛਮੀ ਦੇਸ਼ਾਂ ਵੱਲ ਕੂਚ ਕਰਨ ਲਈ ਮਜਬੂਰ ਹਾਂ। ਸਿਰਫ ਬਾਹਰੀ ਦਿੱਖ ਨਹੀਂ, ਸਗੋਂ ਬੇਦਾਗ ਚਰਿੱਤਰ ਹੀ ‘ਖਾਲਸਾ’ ਅਖਵਾਉਣ ਦਾ ਹੱਕ ਦਿੰਦਾ ਹੈ। ਇਸ ਨੂੰ ਸਮਝਣਾ ਜਰੂਰੀ ਹੈ।
‘ਪੰਜਾਬ ਟਾਈਮਜ਼’ ਦੇ ਸਫਿਆਂ ‘ਤੇ ਸਿੱਖ ਹੋਮਲੈਂਡ ਦੀ ਪ੍ਰਾਪਤੀ ਲਈ ਵਿਦਵਾਨਾਂ ਦੀ ਜੱਦੋਜਹਿਦ ਅਤੇ ਇਸ ‘ਤੇ ਉਠ ਰਹੇ ਸ਼ੰਕੇ ਦਿਲਚਸਪ ਮੋੜ ਲੈ ਰਹੇ ਹਨ। ‘ਸਿੱਖ ਵਿਰਸਾ’ ਦੇ ਸੰਪਾਦਕ ਸ਼ ਹਰਚਰਨ ਸਿੰਘ ਪਰਹਾਰ ਨੇ ਜਿਸ ਬੇਬਾਕੀ ਨਾਲ ਕੁਰਾਹੇ ਪਏ ਬੇਲਗਾਮ ਸੰਘਰਸ਼ ਦਾ ਸੱਚ ਬਿਆਨਿਆ ਹੈ, ਸ਼ਲਾਘਾਯੋਗ ਹੈ। ਵਿਦਵਾਨ ਪ੍ਰਭਸ਼ਰਨ ਭਰਾ ਲਿਖਦੇ ਹਨ ਕਿ ਪੰਜਾਬ ‘ਚ ਸੰਘਰਸ਼ ਦੌਰਾਨ ਜੁਝਾਰੂ ਸਿੰਘ ਗੁਰਬਾਣੀ ਦਾ ਆਸਰਾ ਲੈ ਆਤਮਕ ਸਫਰ ਦੀ ਸੁਰਜੀਤੀ ਦੇ ਰਾਹ ਪਏ ਸਨ। ਵਾਹ! ਗੁਰਬਾਣੀ ਦੀ ਇਹ ਕਿਹੋ ਜਿਹੀ ਪ੍ਰੇਰਣਾ ਸੀ, ਜੋ ਲੁੱਟਾਂ ਖੋਹਾਂ ਅਤੇ ਮਾਸੂਮਾਂ ਦੀਆਂ ਬੇਕਿਰਕ ਹੱਤਿਆਵਾਂ ਦਾ ਕਾਰਨ ਬਣਦੀ ਸੀ। ਡੀ ਆਈ ਜੀ ਅਟਵਾਲ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦੀਆਂ ਕੰਪਲੈਕਸ ਦੇ ਅੰਦਰ ਹੀ ਹਤਿਆਵਾਂ, ਕੀ ਪੁਲਿਸ ਨੂੰ ਕੰਪਲੈਕਸ ਦੇ ਅੰਦਰ ਆਉਣ ਦਾ ਖੁਲ੍ਹਾ ਚੈਲੰਜ ਦੇਣ ਦੇ ਤੁਲ ਨਹੀਂ ਸਨ? 1989 ਦੀਆਂ ਚੋਣਾਂ ਵਿਚ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਸਾਥੀ ਭਾਰੀ ਬਹੁਗਿਣਤੀ ਨਾਲ ਚੋਣਾਂ ਜਿੱਤ ਗਏ, ਪਰ ਉਸ ਤੋਂ ਪਿਛੋਂ ਪੰਜਾਬ ਦੀ ਧਰਤੀ ‘ਤੇ ਫੈਡਰੇਸ਼ਨ ਦੇ ਵਖ ਵਖ ਧੜਿਆਂ ਅਤੇ ਖਾੜਕੂਆਂ ਨੇ ਆਮ ਲੋਕਾਂ ਨੂੰ ਜਿਸ ਤਰ੍ਹਾਂ ਦਿਨੇ ਤਾਰੇ ਵਿਖਾਏ, ਕੀ ਉਹ ਦਿਨ ਅਜਮੇਰ ਸਿੰਘ ਜਾਂ ਪ੍ਰਭਸ਼ਰਨ ਭਰਾਵਾਂ ਨੂੰ ਭੁਲ ਗਏ ਹਨ।
ਅਕਸਰ ਕਿਹਾ ਜਾਂਦੈ ਕਿ ਬਾਕੀ ਗੁਰਦੁਆਰਿਆਂ ‘ਤੇ ਹਮਲੇ ਕਿਉਂ ਹੋਏ? ਸੱਚ ਇਹ ਹੈ ਕਿ ਹੋਰ ਗੁਰਦੁਆਰਿਆਂ ਵਿਚ ਵੀ ਖਾੜਕੂਆਂ ਨੇ ਡੇਰੇ ਲਾਏ ਸਨ, ਜਿੱਥੋਂ ਇਹ ਫਰਾਰ ਹੋ ਯੂ. ਪੀ. ਜਾ ਵੜੇ ਸਨ। ਇੱਕ ਸੱਜਣ ਨੇ ਦੱਸਿਆ ਕਿ ਅਜਿਹਾ ਹੀ ਇੱਕ ਖਾੜਕੂ ਟੋਲਾ ਯੂ. ਪੀ. ਵਿਚ ਇੱਕ ਫਾਰਮ ‘ਤੇ ਪਹੁੰਚਿਆ, ਏ. ਕੇ. ਸੰਤਾਲੀ ਦੀ ਨੋਕ ‘ਤੇ ਖਾਧਾ ਪੀਤਾ, ਰਾਤ ਕੱਟੀ ਅਤੇ ਸਵੇਰੇ ਹਨੇਰੇ ਹੀ ਘਰਦਿਆਂ ਨੂੰ ਉਨ੍ਹਾਂ ਵਲੋਂ ਦੱਸੀ ਜਗ੍ਹਾ ਛੱਡ ਆਉਣਾ ਪਿਆ। ਪਰ ਫਿਰ ਕੁਝ ਦਿਨ ਪਿਛੋਂ ਹੀ ਉਹ ਉਸੇ ਡੇਰੇ ‘ਤੇ ਵਾਪਸ ਆ ਗਏ ਤੇ ਪੱਕੇ ਬੰਕਰ ਬਣਾ ਕੇ ਡਟ ਗਏ ਸਨ। ਅਜਮੇਰ ਸਿੰਘ ਤੇ ਪ੍ਰਭਸ਼ਰਨ ਭਰਾਵਾਂ ਨੇ ਰੁਦਰਪੁਰ ਅਤੇ ਪੀਲੀਭੀਤ ਖੇਤਰ ਦੇ ਉਨ੍ਹਾਂ ਡੇਰਿਆਂ ਦੀ ਖਬਰ ਵੀ ਕਦੇ ਜਾ ਕੇ ਲਈ ਹੈ ਕਿ ਲੋਕਾਂ ਨੇ ‘ਸਿੱਕਾਸ਼ਾਹੀ’ ਦੇ ਉਸ ਦੌਰ ਵਿਚ ਦਿਨ ਕਿੱਦਾਂ ਕੱਟੇ ਸਨ। ਇਸ ਲਹਿਰ ਦੇ ਕਿਸ ਆਗੂ ਵਲੋਂ ਅਜਿਹੇ ਘਿਨਾਉਣੇ ਕੰਮਾਂ ਦੀ ਨਿਖੇਧੀ ਕੀਤੀ ਗਈ? ਜੇ ਮਸਲੇ ਤੱਕ ਸੰਤੁਲਿਤ ਪਹੁੰਚ ਅਪਨਾਉਣ ਵਾਲਿਆਂ ਨੂੰ ਆਰ. ਐਸ਼ ਐਸ਼ ਜਾਂ ਭਾਰਤੀ ਹਕੁਮਤ ਦੇ ਏਜੰਟ ਕਿਹਾ ਜਾ ਸਕਦੈ ਤਾਂ ਭਾਰਤ ਨੂੰ ਤੋੜਨ ਦਾ ਸ਼ੜਯੰਤਰ ਰਚਣ ਵਾਲਿਆਂ ਨੂੰ ਭਾਰਤ ਦੇ ਦੁਸ਼ਮਣਾਂ ਦਾ ਏਜੰਟ ਕਿਉਂ ਨਹੀਂ ਕਿਹਾ ਜਾ ਸਕਦਾ? ਪਾਕਿਸਤਾਨ ਰਾਹੀਂ ਅਤਿਵਾਦ ਨੂੰ ਹਮਾਇਤ ਜੱਗ ਜਾਹਰ ਹੈ, ਭਾਵੇਂ ਇਸ ਦੇ ਭਿਅੰਕਰ ਨਤੀਜੇ ਉਹ ਖੁਦ ਵੀ ਭੁਗਤ ਰਿਹਾ ਹੈ।
ਅੰਤ ਵਿਚ ਪ੍ਰਭਸ਼ਰਨ ਭਰਾਵਾਂ ਤੇ ਅਜਮੇਰ ਸਿੰਘ ਵਰਗੇ ਸਿੱਖ ਚਿੰਤਕਾਂ ਨੂੰ ਸਨਿਮਰ ਬੇਨਤੀ ਹੈ ਕਿ ਸਿੱਖ ਨੌਜਵਾਨਾਂ ਨੂੰ ਵੱਖਵਾਦ ਦੇ ਰਾਹ ਤੋਰ ਕੇ ਆਪਣੀ ਅਮੁੱਲੀ ਵਿਦਵਤਾ ਜਾਇਆ ਨਾ ਕਰਨ, ਜਿਵੇਂ ਕਿ ਅਜਮੇਰ ਸਿੰਘ ਆਪਣੀਆਂ ਕੈਸਟਾਂ ਅੰਦਰ ਪਿਛਲੇ 10-12 ਵਰ੍ਹਿਆਂ ਤੋਂ ਕਰਦਾ ਆ ਰਿਹਾ ਹੈ। ਚਾਹੀਦਾ ਇਹ ਹੈ ਕਿ ਇਹ ਲੋਕ ਉਨ੍ਹਾਂ ਵਿਚ ਉੱਚ ਕਿਰਦਾਰ ਬਹਾਲੀ ਦਾ ਉਪਰਾਲਾ ਕਰ ਆਪਣੀ ਵਿਦਵਤਾ ਸਾਰਥਕ ਕਰਨ, ਜਿਸ ਤਰ੍ਹਾਂ ਕਿ ਅਜਮੇਰ ਸਿੰਘ ਇਸ ਪਾਸੇ ਤੁਰਨ ਦਾ ਜਤਨ ਕਰ ਹੀ ਰਿਹਾ ਹੈ। ਪ੍ਰਭਸ਼ਰਨ ਭਰਾ ਉਸ ਨੂੰ ਦੁਬਾਰਾ ਪੁਠੇ ਰਾਹੇ ਨਾ ਮੋੜਨ। ਸੱਚ ਤਾਂ ਇਹ ਹੈ ਕਿ ਦੁਨੀਆਂ ਦਾ ਹਰ ਕੋਨਾ ਉਨ੍ਹਾਂ ਲਈ ‘ਹੋਮਲੈਂਡ’ ਹੈ, ਜਿੱਥੇ ਆਪਣੀ ਪ੍ਰਤਿਭਾ ਅਤੇ ਮਿਸਾਲੀ ਚਰਿੱਤਰ (ਖਾਲਸ) ਨਾਲ ਸਿੱਖੀ ਦੀ ਸ਼ਾਨ ਬਹਾਲ ਕੀਤੀ ਜਾ ਸਕਦੀ ਹੈ। ਖਾਲਸੇ ਦੇ ਬੋਲਬਾਲੇ ਨੂੰ ਅਮਲੀ ਜਾਮਾ ਪਹਿਨਾਉਣ ਦਾ ਇਸ ਤੋਂ ਵਧੀਆ ਕੋਈ ਉਪਾਅ ਨਹੀਂ।