ਅਜੇ ਵੀ ਬਾਜ ਨਹੀਂ ਆ ਰਹੇ ਧਾਰਮਿਕ ਤੇ ਰਾਜਸੀ ਚੌਧਰੀ!

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
ਇਹ ਕੋਈ ਪੰਜ ਦਹਾਕੇ ਪਹਿਲਾਂ ਦੀ ਗੱਲ ਹੈ। ਉਸ ਵੇਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖ ਸਮਾਜ ਵਿਚ ਕਾਫੀ ਸਰਗਰਮ ਹੁੰਦੀ ਸੀ। ਫੈਡਰੇਸ਼ਨ ਦਿਆਂ ਕਾਰਕੁਨਾਂ ਵਿਚ ਜੋਸ਼ ਸੀ। ਹਰ ਐਤਵਾਰ ਕਿਸੇ ਨਾ ਕਿਸੇ ਸਿੱਖ ਹਿਤੈਸ਼ੀ ਦੇ ਘਰ ਫੈਡਰੇਸ਼ਨ ਵਰਕਰਾਂ ਦੀ ਮੀਟਿੰਗ ਹੋਇਆ ਕਰਦੀ। ਟਰੇਨਿੰਗ ਕੈਂਪ ਵੀ ਲੱਗਿਆ ਕਰਦੇ ਸਨ। ਉਸ ਵੇਲੇ ਫੈਡਰੇਸ਼ਨ ਦੇ ਲੀਡਰਾਂ ਦੀਆਂ ਸਰਗਰਮੀਆਂ ਸਿੱਖ ਰਾਜਨੀਤਕ, ਸਮਾਜਕ ਤੇ ਧਾਰਮਿਕ ਹਲਕਿਆਂ ਵਿਚ ਮਹਿਸੂਸ ਕੀਤੀਆਂ ਜਾ ਸਕਦੀਆਂ ਸਨ। ਹਰ ਐਤਵਾਰ ਸਾਡੇ ਸਥਾਨਕ ਗੁਰਦੁਆਰਾ ਸਾਹਿਬ ਬਿਹਾਲਾ, ਜੋ ਛੋਟਾ ਸੀ ਤੇ ਸਥਾਨਕ ਸੰਗਤਾਂ ਦੀ ਧਾਰਮਿਕ ਜਗਿਆਸਾ ਪੂਰਤੀ ਦਾ ਕੇਂਦਰ ਸੀ, ਵਿਖੇ ਵੀ ਥੋੜ੍ਹੇ ਜਿਹੇ ਵਕਫੇ ਨਾਲ ਫੈਡਰੇਸ਼ਨ ਵਾਲੇ ਗੇੜਾ ਮਾਰਦੇ ਰਹਿੰਦੇ ਸਨ।

ਇਕ ਐਤਵਾਰ ਦੀ ਗੱਲ ਹੈ, ਮੈਂ ਜਦੋਂ ਗੁਰਦੁਆਰਾ ਸਾਹਿਬ ਗਿਆ ਤਾਂ ਜੋੜਾ ਘਰ ਵਿਚ ਹੀ ਮੈਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਕ ਅਹੁਦੇਦਾਰ ਨੇ ਰੋਕ ਲਿਆ ਅਤੇ ਸਿੱਖ ਧਰਮ ਬਾਰੇ ਦੱਸਣ ਲੱਗ ਪਿਆ। ਖੈਰ, ਮੈਂ ਸਨਮਾਨ ਵੱਸ ਥੋੜ੍ਹੀ ਦੇਰ ਉਨ੍ਹਾਂ ਦੀਆਂ ਗੱਲਾਂ ਸੁਣੀਆਂ। ਉਨ੍ਹਾਂ ਅਸਲੀ ਮੁੱਦੇ ‘ਤੇ ਆਉਂਦਿਆਂ ਮੈਨੂੰ ਕਿਹਾ ਕਿ ਤੁਸੀਂ ਸਿੱਖ ਤਾਂ ਹੋ, ਪਰ ਵਧੇਰੇ ਪਰਿਪਕਤਾ ਲਈ ਤੁਹਾਨੂੰ ਫੈਡਰੇਸ਼ਨ ਜੁਆਇਨ ਕਰਨੀ ਚਾਹੀਦੀ ਹੈ। ਮੈਨੂੰ ਛੋਟੇ ਹੁੰਦਿਆਂ ਤੋਂ ਹੀ ਆਪਣੇ ਸਿੱਖ ਹੋਣ ‘ਤੇ ਮਾਣ ਸੀ। ਮੈਨੂੰ ਛੋਟੀ ਉਮਰੇ ਹੀ ਗੁਰੂ ਨਾਨਕ ਨੇ, ਅਜੇ ਵੀ ਪਤਾ ਨਹੀਂ ਕਿਉਂ, ਅਨੰਤ ਪ੍ਰਭਾਵਿਤ ਕੀਤਾ ਹੋਇਆ ਸੀ। ਮੈਂ ਭਾਈ ਸਾਹਿਬ ਨੂੰ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਜੁਆਇਨ ਕਰਨ ਤੋਂ ਪਹਿਲਾਂ ਹੀ ਮੈਨੂੰ ਸਿੱਖ ਧਰਮ ਨੇ ਅਜਿਹਾ ਗ੍ਰਸਿਆ ਹੋਇਆ ਹੈ ਕਿ ਜੇ ਮੈਂ ਸਿੱਖ ਪਰਿਵਾਰ ਵਿਚ ਨਾ ਵੀ ਜਨਮ ਲਿਆ ਹੁੰਦਾ ਤਾਂ ਵੀ ਸਿੱਖ ਧਰਮ ਅਪਨਾ ਲੈਣਾ ਸੀ।
ਮੈਂ ਸਿੱਖ ਸਟੂਡੈਂਟਸ ਫੈਡਰੇਸ਼ਨ ਜੁਆਇਨ ਨਹੀਂ ਕੀਤੀ, ਪਰ ਮੈਂ ਤਾਅ ਜ਼ਿੰਦਗੀ ਸਿੱਖ ਹੋਣ ‘ਤੇ ਮਾਣ ਮਹਿਸੂਸ ਕੀਤਾ ਹੈ, ਆਖਰੀ ਸਵਾਸ ਤੱਕ ਕਰਦਾ ਰਹਾਂਗਾ। ਅਫਸੋਸ! ਬੇਹਿਸਾਬ ਵਾਰ ਮੈਨੂੰ ਸਿੱਖ ਹੋਣ ‘ਤੇ ਆਤਮ ਗਿਲਾਨੀ ਵੀ ਹੋਈ। ਜਦੋਂ ਮੈਂ ਚੜ੍ਹਦੀ ਉਮਰੇ ਸਿੱਖਾਂ ਨੂੰ ਪਹਿਲੀ ਵਾਰ ਆਪਣੇ ਰਾਜ ਪੰਜਾਬ ਨਾਲ ਧ੍ਰੋਹ ਕਮਾਉਂਦਿਆਂ ਵੇਖਿਆ। ਮੈਂ ਆਪਣੀਆਂ ਸਕੂਲੀ ਕਿਤਾਬਾਂ ਵਿਚਲੇ ਨਕਸ਼ਿਆਂ ਵਿਚ ਪੰਜਾਬ ਨੂੰ ਬਹੁਤ ਵੱਡੇ ਸੂਬੇ ਵਜੋਂ ਗੌਰਵ ਨਾਲ ਵੇਖਿਆ ਹੈ, ਪਰ ਸਿੱਖਾਂ (ਅਕਾਲੀਆਂ) ਨੇ ਆਪਣੇ ਨਿੱਜੀ ਰਾਜਨੀਤਕ ਲਾਭ ਲਈ ਆਪਣੇ ਹੀ ਰਾਜ ਦੀ ਛੰਟਾਈ ਤੇ ਕਟਾਈ ਮੰਨ ਲਈ। ਸਕੂਲ ਦੀਆਂ ਕਿਤਾਬਾਂ ਵਿਚ ਜਦੋਂ ਪੰਜਾਬ ਦਾ ਨਵਾਂ ਸਵਰੂਪ ਤੱਕਿਆ ਤਾਂ ਸਮਝ ਨਹੀਂ ਸੀ ਆਇਆ ਕਿ ਆਖਰ ਐਡੀ ਵੱਡੀ ਕੁਰਬਾਨੀ ਦੀ ਕਿਉਂ ਲੋੜ ਪੈ ਗਈ?
ਪੰਜਾਬ ਨੂੰ ਕਤਲ ਕਰਨ ਲਈ ਉਦੋਂ, ਜਦੋਂ ਅਕਾਲੀਆਂ ਨੇ ਮੋਰਚੇ ਲਾਏ ਤਾਂ ਕਲਕੱਤੇ, ਜਿੱਥੇ ਮੈਂ ਰਹਿੰਦਾ ਸਾਂ, ਸਾਡੇ ਇਕ ਗਵਾਂਢੀ ਪਰਿਵਾਰ ਦੀ ਸਿਆਣੀ ਉਮਰ ਦੀ ਔਰਤ ਨੇ ਵੀ ਗ੍ਰਿਫਤਾਰੀ ਦਿੱਤੀ ਸੀ ਤੇ ਜੇਲ੍ਹ ਵੀ ਕੱਟੀ ਸੀ। ਜਦੋਂ ਉਹ ਜੇਲ੍ਹ ਕੱਟ ਕੇ ਆਈ ਤਾਂ ਕਹਿੰਦੀ ਹੁੰਦੀ ਸੀ, ਹੁਣ ਸਿੱਖਾਂ ਦਾ ਆਪਣਾ ਰਾਜ ਹੋਇਆ ਕਰੇਗਾ। ਉਹ ਬੀਬੀ ਵੀ ‘ਬੇਗਮ ਪੁਰਾ’ ਰਾਜ ਦੀਆਂ ਗੱਲਾਂ ਕਰਦੀ ਹੁੰਦੀ ਸੀ। ਪੰਜਾਬੀ ਸੂਬਾ ਲੈ ਲਿਆ, ਪਰ ਸਮਾਂ ਪੈਣ ‘ਤੇ ਸਿੱਖਾਂ ਨੂੰ ‘ਬੇਗਮ ਪੁਰਾ’ ਤਾਂ ਨਹੀਂ ਨਸੀਬ ਹੋਇਆ, ਪਰ ਹਾਂ! ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ (ਬੇਗਮ) ਸੁਰਿੰਦਰ ਕੌਰ ਦਾ ਬ੍ਰੀਫ ਕੇਸ ਲੈਣ ਵਾਲਾ ਰਾਜ ਜ਼ਰੂਰ ਮਿਲਿਆ। ਪ੍ਰਕਾਸ਼ ਸਿੰਘ ਬਾਦਲ ਦੀ ਬੇਗਮ (ਪਤਨੀ) ਦੇ ਗੁਜ਼ਰਨ ਤੋਂ ਛੋਟੇ ਬਾਦਲ ਦੀ ਬੇਗਮ (ਹਰਸਿਮਰਤ ਕੌਰ) ਦੀ ਦਿੱਲੀ ਵਾਲੀ ਕੁਰਸੀ ਲਈ ਅਕਾਲੀ ਦਲ ਕਿਵੇਂ ਤਰਲੋ-ਮੱਛੀ ਹੋ ਰਿਹਾ ਹੈ, ਕੀ ਕੋਈ ਵੀ ਸਿੱਖ ਇਸ ਪ੍ਰਸਥਿਤੀ ‘ਤੇ ਮਾਣ ਕਰਨ ਦੀ ਗੱਲ ਕਰ ਸਕਦਾ ਹੈ?
ਸਾਰੀਆਂ ਰਾਜਸੀ ਪਾਰਟੀਆਂ ਨੇ ਪੰਜਾਬ ਦੀ ਲੁੱਟ ਖਸੁੱਟ ਹੀ ਕੀਤੀ ਹੈ। ਪੰਜਾਬ ਦੀ ਤਬਾਹੀ ਲਈ ਰਾਜਸੀ ਧਿਰਾਂ ਨੇ ਹਮੇਸ਼ਾ ਹੀ ਅਜਿਹੇ ਕਾਰਨਾਮੇ ਕੀਤੇ ਹਨ, ਜੋ ਮਾਣ ਕਰਨ ਵਾਲੇ ਨਹੀਂ ਹਨ। ਕਿਸੇ ਵੀ ਰਾਜਨੀਤਕ ਧਿਰ ਨੇ ਸਿੱਖਾਂ ਵਿਚ ਸਿੱਖ ਦੇ ਗੌਰਵ ਨੂੰ ਭਰਨ ਦੀ ਥਾਂ ਸਿੱਖਾਂ ਦੀ ਜੱਗ ਹਸਾਈ ਹੀ ਕਰਵਾਈ ਹੈ। ਸਿੱਖ ਰਾਜਨੀਤਕ ਦੇਸ਼ ਦੀ ਜੰਗੇ ਆਜ਼ਾਦੀ ਵਿਚ ਸਿੱਖਾਂ ਦੀਆਂ ਸ਼ਾਨਦਾਰ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਵੀ ਸਹੀ ਮੁੱਲ ਨਹੀਂ ਪੁਆ ਸਕੇ। ਨਿੱਜੀ ਸੌਦੇਬਾਜ਼ੀਆਂ ਦੇ ਘਟੀਆ ਪੱਧਰ ‘ਤੇ ਉਤਰ ਆਏ। ਕੌਮ ਨੂੰ ਭੁਲਾ ਕੇ ਨਿੱਜੀ ਲਾਭਾਂ ਨੂੰ ਤਰਜੀਹ ਦਿੱਤੀ।
ਸਿੱਖਾਂ ਦਾ ਗੌਰਵ ਕਦੇ ਵੀ ਇਨ੍ਹਾਂ ਰਾਜਨੀਤਕਾਂ ਦੀ ਪ੍ਰਾਥਮਿਕਤਾ ਨਹੀਂ ਰਿਹਾ। ‘ਹਮ ਹਿੰਦੂ ਨਹੀਂ’ ਜਿਹੇ ਬੇਲੋੜੇ ਵਿਸ਼ੇ ‘ਤੇ ਕੌਮ ਨੂੰ ਉਲਝਾਇਆ ਹੋਇਆ ਹੈ। ਭਲਾ ਇਨ੍ਹਾਂ ਨੂੰ ਕੋਈ ਪੁੱਛੇ ਕਿ ਤੁਹਾਨੂੰ ਖੁਦ ਆਪਣੇ ਸਿੱਖ ਹੋਣ ‘ਤੇ ਭਰੋਸਾ ਨਹੀਂ? ਤੁਸੀਂ ਕਿਉਂ ਓਪਰਿਆਂ ਨੂੰ ਸੱਦਾ ਦੇ ਰਹੇ ਕਿ ਸਾਨੂੰ ਸਿੱਖ ਹੋਣ ਦਾ ਸਰਟੀਫਿਕੇਟ ਦਿਉ? ਉਹ ਤਾਂ ਖੁਸ਼ ਹਨ ਕਿ ਤੁਸੀਂ ਉਨ੍ਹਾਂ ਨੂੰ ਅਥਾਰਟੀ ਦਾ ਦਰਜਾ ਦੇ ਰਹੇ ਹੋ! ਆਨੰਦ ਮੈਰਿਜ ਦਾ ਮਸਲਾ ਇੰਜ ਉਛਾਲਿਆ ਕਿ ਜਿਵੇਂ ਇਸ ਦੇ ਲਾਗੂ ਹੋਣ ਨਾਲ ਸਿੱਖਾਂ ਦੀ ਜਾਨ ਬਹੁਤ ਸੁਖਾਲੀ ਹੋ ਜਾਣੀ ਹੈ। ਪਿਛਲੇ ਕਈ ਦਹਾਕਿਆਂ ਤੋਂ ਤਾਂ ਕੰਮ ਚੱਲ ਹੀ ਰਿਹਾ ਸੀ? ਲੱਗਦਾ ਹੈ ਕਿ ਸਿੱਖ ਸਿਆਸਤਦਾਨ ਚਾਹੁੰਦੇ ਹੀ ਨਹੀਂ ਕਿ ਸਿੱਖ ਕਿਤੇ ਟਿਕ ਕੇ ਬੈਠਣ ਤੇ ਆਪਣੇ ਬਾਰੇ ਵੀ ਸੋਚਣ।
ਸਿਆਸਤਦਾਨਾਂ ਨੇ ਤਾਂ ਸਿੱਖਾਂ ਦੀ ਹੇਠੀ ਕੀਤੀ ਹੀ ਹੈ, ਸਾਡੇ ਧਾਰਮਿਕ ਆਗੂਆਂ ਨੇ ਵੀ ਸਿੱਖਾਂ ਦੀ ਜੱਗ-ਹਸਾਈ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਚਾਹੀਦਾ ਤਾਂ ਸੀ, ਸਿੱਖਾਂ ਨੇ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਦਰਬਾਰ ਸਾਹਿਬ ਕੰਪਲੈਕਸ ਨੂੰ ਵੈਟੀਕਨ ਸਿਟੀ ਜਿਹਾ ਹੀ ਕੁਝ ਪ੍ਰਬੰਧਕੀ ਨਿਜ਼ਾਮ ਬਣਾਇਆ ਹੁੰਦਾ ਅਤੇ ਇਕ ਅਜਿਹਾ ਮੈਕੇਨਿਜ਼ਮ ਤਿਆਰ ਕੀਤਾ ਹੁੰਦਾ, ਜਿਸ ਅਨੁਸਾਰ ਸਾਰੇ ਸੰਸਾਰ ਦੇ ਸਿੱਖਾਂ ਦੇ ਮਸਲਿਆਂ ਅਤੇ ਸਿੱਖ ਧਰਮ ਅਸਥਾਨਾਂ ਦਾ ਸੁਯੋਗ ਪ੍ਰਬੰਧਨ ਹੁੰਦਾ। ਵੱਖ-ਵੱਖ ਮਰਿਆਦਾਵਾਂ ਦੀ ਬਹਿਸ ਨਾ ਹੁੰਦੀ। ਸਭ ਕੁਝ ਗੁਰੂ ਦੇ ਆਸਰੇ ਇੱਕ-ਮੁੱਠ ਚੱਲਦਾ। ਹਰ ਸਿੱਖ, ਆਪਣੇ ਸਿੱਖ ਹੋਣ ‘ਤੇ ਮਾਣ ਕਰਦਾ। ਚੰਗੇ ਪ੍ਰਬੰਧ ਅਤੇ ਅਨੁਸ਼ਾਸਨ ਦੀ ਲੋਅ ਨਾਲ ਸਿੱਖ ਧਰਮ ਖੁਦ-ਬ-ਖੁਦ ਸਾਰੇ ਸੰਸਾਰ ਦੀਆਂ ਨਜ਼ਰਾਂ ਵਿਚ ਆ ਗਿਆ ਹੁੰਦਾ। ਇਸ ਵੇਲੇ ਸਿੱਖ ਕੌਮ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ਤੇ ਹੇਠੀ ਦਾ ਸਬੱਬ ਬਣੇ ਸਿੱਖ ਸੰਘਰਸ਼, ਜਿਨ੍ਹਾਂ ਵਿਚ ਦਰਬਾਰ ਸਾਹਿਬ ਜਿਹੇ ਮੁਕੱਦਸ ਸਥਾਨ ਦੀ ਗਲਤ ਵਰਤੋਂ ਹੋਈ, ਨਾ ਹੋਈ ਹੁੰਦੀ?
ਇੰਨਾ ਕੁਝ ਹੋਣ ‘ਤੇ ਵੀ ਸਿੱਖ ਹਰ ਥਾਂ ਆਪਣੇ ਨਿੱਜੀ ਪੱਧਰ ‘ਤੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਪਰ ਸਾਡੇ ਧਾਰਮਿਕ ਤੇ ਰਾਜਸੀ ਚੌਧਰੀ ਅਜੇ ਵੀ ਆਪਣੀਆਂ ਹਰਕਤਾਂ ਤੇ ਹੱਠ ਧਰਮੀ ਤੋਂ ਬਾਜ ਨਹੀਂ ਆ ਰਹੇ। ਇਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਹਰ ਵਾਰ ਸਵੈਮਾਣ ਸਿੱਖ ਵਾਂਗ ਮੈਨੂੰ ਵੀ ਅੱਖਰਦੀਆਂ ਹਨ ਤੇ ਸਾਰਿਆਂ ਨੂੰ ਨਿਸ਼ਚੇ ਹੀ ਨਾਗਵਾਰ ਗੁਜ਼ਰਦੀਆਂ ਹਨ!