ਸਬੰਧਾਂ ਦੀ ਸੁਗੰਧੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਇੱਕਮਿੱਕਤਾ ਦਾ ਵਿਖਿਆਨ ਕਰਦਿਆਂ ਕਿਹਾ ਸੀ, “ਇੱਕਮਿੱਕਤਾ ਜੀਵਨ ਦਾ ਉਹ ਰੰਗ, ਜਿਸ ਵਿਚੋਂ ਜੀਵਨ-ਦਾਰਸ਼ਨਿਕਤਾ ਦਾ ਝਲਕਾਰਾ। ਮਨੁੱਖੀ ਹੋਂਦ, ਭਵਿੱਖਮੁਖੀ ਸੋਚ, ਮਨੁੱਖਵਾਦੀ ਦ੍ਰਿਸ਼ਟੀ ਅਤੇ ਮਨੁੱਖ ਹੋਣ ਦਾ ਮਾਣ।…

ਇੱਕਮਿੱਕਤਾ ਪਰਿਵਾਰਕ, ਸਮਾਜਕ, ਲੋਕਾਈ ਜਾਂ ਸੰਸਾਰਕ ਪੱਧਰ ‘ਤੇ ਹੁੰਦੀ ਅਤੇ ਇਸ ਵਿਚੋਂ ਹੀ ਬਹੁਤ ਪਹਿਲਕਦਮੀਆਂ ਅਤੇ ਨਿਵੇਕਲੀਆਂ ਪੈੜਾਂ ਦੀ ਸਿਰਜਣਾ ਹੁੰਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਬੰਧਾਂ ਦੀ ਸੁਗੰਧੀ ਬਿਖੇਰਦਿਆਂ ਵੱਖ ਵੱਖ ਤਰ੍ਹਾਂ ਦੇ ਸਬੰਧਾਂ ਦੀ ਪਰਿਭਾਸ਼ਾ ਪੇਸ਼ ਕੀਤੀ ਹੈ। ਉਹ ਕਹਿੰਦੇ ਹਨ, “ਸਬੰਧ ਹਾਲਾਤ, ਔਕੜਾਂ, ਮੁਸ਼ਕਿਲਾਂ ਅਤੇ ਆਫਤ ਮੌਕੇ ਹੀ ਪਰਖੇ ਜਾਂਦੇ।…ਸਬੰਧ ਜਦ ਕਿਸੇ ਕੈੜ, ਨਿੱਜੀ ਲਾਭ, ਮੁਫਾਦ, ਫਾਇਦੇ ਜਾਂ ਲਾਲਚ ਵਿਚ ਗ੍ਰਸੇ ਹੋਣ ਤਾਂ ਇਨ੍ਹਾਂ ਨੂੰ ਤਿੜਕਦਿਆਂ ਦੇਰ ਨਹੀਂ ਲੱਗਦੀ; ਪਰ ਜਦੋਂ ਸਬੰਧ ਉਮਰ, ਰੰਗ, ਨਸਲ, ਜਾਤ, ਉਚ-ਨੀਚ, ਧਨ-ਦੌਲਤ ਜਾਂ ਰੁਤਬਿਆਂ ਤੋਂ ਉਪਰ ਹੋਣ ਤਾਂ ਇਹ ਸਦੀਵ।” ਡਾ. ਭੰਡਾਲ ਆਖਦੇ ਹਨ, “ਸਬੰਧ ਆਪਣਿਆਂ ਦਾ ਆਪਣਿਆਂ ਨਾਲ, ਬੇਗਾਨਿਆਂ ਦਾ ਪਰਾਇਆਂ ਨਾਲ, ਆਪਣਿਆਂ ਦਾ ਬੇਗਾਨਿਆਂ ਨਾਲ, ਦੁੱਖ ਦਾ ਸੁੱਖ ਨਾਲ ਅਤੇ ਜਖਮ ਦਾ ਮਰਹਮ ਨਾਲ ਵੀ ਹੁੰਦਾ, ਪਰ ਸਬੰਧ-ਸਿਰਜਣਾ ਲਈ ਕੋਸ਼ਿਸ਼ ਅਤੇ ਮਿਹਨਤ ਤਾਂ ਕਰਨੀ ਹੀ ਪੈਣੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 1-216-556-2080

ਸਬੰਧ ਸੁਪਨਿਆਂ, ਸੰਭਾਵਨਾਵਾਂ, ਸਫਲਤਾਵਾਂ, ਸਰੋਕਾਰਾਂ, ਸਿਖਿਆਵਾਂ, ਸਾਧਨਾਂ, ਸਮਰਪਣਾਂ ਅਤੇ ਸਾਹ-ਸੁਰੰਗੀਆਂ ਦੇ ਹੁੰਦੇ। ਸਬੰਧ ਸੰਪੂਰਨਤਾ, ਸੁੰਨਤਾ, ਸੂਖਮਤਾ, ਸਦਾਕਤ, ਸੁੱਚਮਤਾ, ਸਾਦਗੀ, ਸੁੰਦਰਤਾ, ਸਹਿਯੋਗਤਾ ਅਤੇ ਸਮਰਪਣ ਦੇ ਹੁੰਦੇ।
ਸਬੰਧ ਕਰੂਪਤਾ, ਕੁੜੱਤਣ, ਕੁਸੰਗਤਾ, ਕੁਸੈਲਾਪਣ, ਕਮੀਨਗੀ, ਕਰੂਰਤਾ, ਕੰਜੂਸੀ ਅਤੇ ਕੁਕਰਮਾਂ ਦੇ ਵੀ ਹੁੰਦੇ। ਸਬੰਧ ਸਮਾਜ, ਸਰਕਾਰ, ਸੰਸਥਾਈ, ਸਹਿਕਾਰਤਾ, ਸਾਥਪੁਣਾ, ਸਫਰ, ਸਮਝੌਤਿਆਂ ਅਤੇ ਸਦਭਾਵਨਾ ਦੇ ਵੀ ਹੁੰਦੇ।
ਸਬੰਧ, ਕਰੁੱਤੇ, ਕੁਆਸੇ, ਕੁਲਹਿਣੇ, ਕੁਰੰਗਤ, ਕਮੀਨੇ, ਕੁਪੋਸ਼ਣੇ ਅਤੇ ਕੁਰੱਖਤ ਭਰਪੂਰ ਵੀ ਹੁੰਦੇ। ਸਬੰਧ ਸਹਿਚਾਰਤਾ, ਸੁੰਦਰਤਾ, ਸੁਹਜਮਈ, ਸਹਿਜਭਾਵੀ, ਸਕੂਨਮਈ ਅਤੇ ਸੁਖਨ-ਸਬੂਰੀ ਨਾਲ ਲਬਰੇਜ਼ ਹੁੰਦੇ।
ਸਬੰਧ ਸਾਹਾਂ ‘ਚ ਘੁੱਲੀ ਮਹਿਕ, ਲਹਿਰਾਂ ਸੰਗ ਲਹਿਰਾਂ ਦਾ ਮਿਲਾਪ, ਪਾਣੀ ਵਿਚ ਘੁਲਿਆ ਦੁੱਧ, ਹਵਾ ਵਿਚ ਸਮਾਈ ਸੁਗੰਧੀ ਅਤੇ ਇਕ ਦੇ ਬੋਲਾਂ ਨੂੰ ਮਿਲੇ ਦੂਜੇ ਦੇ ਹੁੰਗਾਰਾ ਵੀ ਹੁੰਦੇ। ਸਬੰਧ ਨੈਣਾਂ ਵਿਚ ਉਗੀਆਂ ਬਹਾਰਾਂ, ਕਲਮਾਂ ਵਿਚ ਸ਼ਬਦ-ਗੁਲਜ਼ਾਰਾਂ, ਵਰਕਿਆਂ ‘ਤੇ ਫੈਲ ਰਹੀਆਂ ਸ਼ਬਦ-ਸੰਚਾਰਾਂ ਅਤੇ ਰੂਹ-ਬੋਧ ਵਿਚਲੀ ਬੋਲ-ਆਵੇਸ਼ਤਾ ਵੀ ਹੁੰਦੇ।
ਸਬੰਧ ਕੂੜ-ਕਪਟ, ਧੋਖਾਧੜੀ, ਲਾਲਚ, ਹਉਮੈਵਾਦੀ, ਹੈਂਕੜਪੁਣੇ ਜਾਂ ਧੌਂਸ ਜਮਾਉਣ ਵਾਲੇ ਵੀ ਹੁੰਦੇ, ਜਿਨ੍ਹਾਂ ਦੀ ਔਕਾਤ ਵਿਚੋਂ ਮਨੁੱਖ ਦਾ ਰਸਾਤਲ ਵਿਚ ਜਾਣਾ ਤੈਅ ਹੁੰਦਾ। ਸਬੰਧ ਪਰਿਵਾਰਕ, ਸਮਾਜਕ, ਧਾਰਮਿਕ, ਆਰਥਕ ਜਾਂ ਰਾਜਨੀਤਕ ਵੀ ਹੁੰਦੇ, ਜਿਨ੍ਹਾਂ ਵਿਚ ਨਿੱਜੀ ਮੁਫਾਦ ਦੇ ਨਾਲ-ਨਾਲ ਬਹੁਤ ਕੁਝ ਸੁਚਾਰੂ ਅਤੇ ਸੁਖਾਵਾਂ ਵੀ ਹੁੰਦਾ।
ਸਬੰਧ ਇਕ ਦੂਜੇ ‘ਤੇ ਨਿਰਭਰਤਾ, ਇਕ ਦੂਜੇ ਦੇ ਸਾਥ ਦੀ ਲੋਚਾ, ਇਕ ਦੂਜੇ ਲਈ ਜੀਵਨ ਦਿਸਹੱਦਿਆਂ ਦੀਆਂ ਪੌੜੀਆਂ ਬਣਨ ਦੀ ਦੁਆ ਜਾਂ ਪੈਰਹੀਣਾਂ ਦੇ ਨਾਂਵੇਂ ਸਫਰਨਾਮੇ ਦੀ ਤਸਦੀਕ। ਸਬੰਧ ਸੁਖਾਵੇਂ, ਸੁਹੱਪਣੀ, ਸੰਤੁਲਿਤ, ਸਦਭਾਵੀ, ਸਮਰੂਪੀ ਜਾਂ ਸਮਸੋਚ ਨੂੰ ਮੁਖਾਤਬ ਹੋਣ ਤਾਂ ਇਨ੍ਹਾਂ ਵਿਚੋਂ ਫੁੱਟਦੀਆਂ ਨੇ ਕਲੀਆਂ ਜਿਨ੍ਹਾਂ ਦੀ ਮਹਿਕ ਵਿਚ ਨਸ਼ਿਆ ਜਾਂਦੀ ਜੀਵਨ-ਬਗੀਚੀ।
ਸਬੰਧ ਉਮਰ, ਰੰਗ, ਨਸਲ, ਜਾਤ, ਉਚ-ਨੀਚ, ਧਨ-ਦੌਲਤ ਜਾਂ ਰੁਤਬਿਆਂ ਤੋਂ ਉਪਰ ਹੋਣ ਤਾਂ ਇਹ ਸਦੀਵ। ਜੀਵਨ ਦਾ ਹਾਸਲ। ਜਦ ਇਹ ਵਖਰੇਵਿਆਂ ਵਿਚ ਹੀ ਉਲਝਦੇ ਤਾਂ ਸਬੰਧਾਂ ਦਾ ਸਾਹ ਘੁੱਟਦਾ।
ਸਬੰਧ ਕੁਝ ਥੋੜ੍ਹ-ਚਿਰੇ, ਕੁਝ ਸਦੀਵੀ, ਕੁਝ ਲਹੂ ਦੇ ਅਤੇ ਕੁਝ ਭਾਵਨਾਤਮਕ, ਕੁਝ ਜਰੂਰੀ, ਕੁਝ ਬੇਲੋੜੇ, ਕੁਝ ਗੈਰਤ ਵਿਚੋਂ ਪਨਪਦੇ, ਕੁਝ ਬੇਗੈਰਤਾ ਨੂੰ ਆਪਣਾ ਮੂਲ ਸਮਝਦੇ।
ਸਬੰਧਾਂ ਦੇ ਬਹੁਤ ਸਾਰੇ ਰੂਪ, ਰੰਗ, ਧਰਾਤਲ, ਵਿਸਥਾਰ ਅਤੇ ਵਿਭਿੰਨਤਾਵਾਂ। ਸਬੰਧਾਂ ਨੂੰ ਕਿਹੜੇ ਰੂਪ ਨਾਲ ਸੰਬੋਧਨ ਹੋਣਾ ਅਤੇ ਇਸ ਦੀ ਸਮੂਹਕਤਾ ਵਿਚੋਂ ਤਲੀਆਂ ‘ਤੇ ਕਿਹੜੀਆਂ ਲਕੀਰਾਂ ਦੀ ਸਿਰਜਣਾ ਕਰਨੀ, ਇਹ ਮਨੁੱਖ ਦੀ ਤਾਸੀਰ, ਤਕਦੀਰ ਅਤੇ ਤਰਬੀਅਤ ‘ਤੇ ਨਿਰਭਰ। ਇਕ ਮਨੁੱਖ ਵਿਚ ਹੁੰਦੇ ਬਹੁਤ ਸਾਰੇ ਮਨੁੱਖ, ਜੋ ਕਈ ਸਬੰਧਾਂ ਨੂੰ ਵੱਖ ਵੱਖ ਰੂਪ ਵਿਚ ਹੰਢਾਉਂਦਿਆਂ, ਇਕ ਨੂੰ ਦੂਜੇ ‘ਤੇ ਹਾਵੀ ਨਹੀਂ ਹੋਣ ਦਿੰਦੇ। ਹਰ ਸਬੰਧ ਦੀ ਉਚਤਾ, ਸੁੱਚਤਾ ਅਤੇ ਪ੍ਰਮੁੱਖਤਾ ਨੂੰ ਪੂਰਨ ਰੂਪ ਵਿਚ ਸੁਰੱਖਿਅਤ ਰੱਖ, ਬਹੁਰੰਗੀ ਸਬੰਧਾਂ ਨੂੰ ਜੀਵਨ ਦਾ ਤਰਕ ਤੇ ਟੀਚਾ ਬਣਾਉਂਦੇ।
ਸਬੰਧ ਸਮਝੌਤਾ ਨਹੀਂ ਹੁੰਦੇ, ਸਗੋਂ ਇਹ ਤਾਂ ਨਿੱਜ ਤੋਂ ਉਪਰ ਉਠ ਕੇ ਖਿਆਲ, ਖੁਆਬਾਂ ਅਤੇ ਖਬਤ ਦੇ ਹੁੰਦੇ, ਜਿਨ੍ਹਾਂ ਨਾਲ ਨਵੇਂ ਅੰਬਰਾਂ ਦੀ ਨਿਸ਼ਾਨਦੇਹੀ ਹੁੰਦੀ। ਸਬੰਧਾਂ ਨੂੰ ਜਦ ਇਕ ਦਾਇਰੇ ਵਿਚ ਸੀਮਤ ਕੀਤਾ ਜਾਂਦਾ ਤਾਂ ਸਬੰਧਾਂ ਦਾ ਦਮ ਘੁੱਟਦਾ। ਇਸ ਦੀ ਵਸੀਹਤਾ ਹੀ ਸਬੰਧਾਂ ਦਾ ਮੀਰੀ ਗੁਣ, ਜਿਸ ਦੇ ਵਿਸਮਾਦ ਵਿਚ ਰੰਗੇ ਜਾਣਾ ਰੂਹੀ-ਸੰਯੋਗ। ਸਬੰਧ ਸੱਜਣਾਂ, ਸਾਥੀਆਂ, ਸੰਗੀਆਂ, ਹਮ-ਸਫਰਾਂ ਅਤੇ ਹਮ-ਉਮਰਾਂ ਨਾਲ ਵੀ ਹੁੰਦੇ, ਪਰ ਇਨ੍ਹਾਂ ਵਿਚੋਂ ਕੁਝ ਹੀ ਸਦੀਵਤਾ ਦੀ ਰੰਗਤ ਵਿਚ ਰੰਗੇ ਜਾਂਦੇ।
ਸਬੰਧ ਬਣਾਉਣਾ ਜੀਵਨ ਦਾ ਆਰਟ, ਪਰ ਸਬੰਧਾਂ ਨੂੰ ਨਿਭਾਉਣਾ, ਜੀਵਨ-ਸ਼ੈਲੀ ਦਾ ਸੂਖਮ ਸੂਤਰਧਾਰ, ਜੋ ਵਿਰਲਿਆਂ ਕੋਲ ਹੁੰਦਾ। ਇਹ ਹੀ ਜੀਵਨ ਵਿਚ ਕਮਾਉਂਦਾ ਸਤਿਕਾਰ। ਸਬੰਧ ਜਦ ਕਿਸੇ ਕੈੜ, ਨਿੱਜੀ ਲਾਭ, ਮੁਫਾਦ, ਫਾਇਦੇ ਜਾਂ ਲਾਲਚ ਵਿਚ ਗ੍ਰਸੇ ਹੋਣ ਤਾਂ ਇਨ੍ਹਾਂ ਨੂੰ ਤਿੱੜਕਦਿਆਂ ਦੇਰ ਨਹੀਂ ਲੱਗਦੀ।
ਸਬੰਧਾਂ ਦੀ ਸਾਰ ਸੰਵੇਦਨਸ਼ੀਲ ਲੋਕ ਜਾਣਦੇ। ਰੂਹ-ਰੰਗੇ ਜਾਂ ਖੂਨ ਦੀ ਸਾਂਝ ਵਾਲੇ ਸਬੰਧਾਂ ਵਿਚ ਫਿੱਕਾਪਣ ਪੈਦਾ ਹੁੰਦਾ ਤਾਂ ਇਕ ਚੀਸ ਮਨ ਨੂੰ ਵਲੂੰਧਰ, ਰਿੱਸਦਾ ਨਾਸੂਰ ਬਣ ਜਾਂਦੀ, ਜੋ ਜਰਾ ਜਿੰਨੀ ਚੋਟ ‘ਤੇ ਲੇਰਾਂ ਦਾ ਰੂਪ ਧਾਰਦੀ।
ਸਬੰਧ ਸੁਖਾਵੇਂ, ਸਦੀਵ ਜਾਂ ਸੰਦਲੀ ਸਾਹਾਂ ਜਿਹੇ ਹੋਣ ਤਾਂ ਜੀਵਨ ਦੀ ਸਮੁੱਚਤਾ ਜ਼ਿੰਦਗੀ ਨੂੰ ਹਾਸਲ ਹੁੰਦੀ। ਇਨ੍ਹਾਂ ਤੋਂ ਬਿਨਾ ਜੀਵਨੀ ਨੀਰਸਤਾ ਬੇਰੌਣਕੀ ਨੂੰ ਜਨਮ ਦਿੰਦੀ। ਭਲਾ! ਸਾਹਾਂ ਤੋਂ ਬਿਨਾ ਜਿੰਦ ਜਿਉਣ ਜੋਗੀ ਕਿਵੇਂ ਰਹੇਗੀ?
ਸਬੰਧ ਸ਼ਬਦਾਂ ਦਾ ਸਫਿਆਂ ਨਾਲ, ਸਮੁੰਦਰ ਦਾ ਸਾਹਿਲ ਨਾਲ, ਸੂਰਜ ਦਾ ਸਰਘੀ ਨਾਲ, ਸੁੰਦਰਤਾ ਦਾ ਸੀਰਤ ਨਾਲ, ਸਫਰ ਦਾ ਸਫਲਤਾਵਾਂ ਨਾਲ ਅਤੇ ਸਾਹਾਂ ਦਾ ਸੁਗੰਧ ਨਾਲ ਹੁੰਦਾ ਤਾਂ ਹਰ ਪਲ ਨੂੰ ਨਤਮਤਸਕਤਾ ਦਾ ਵਰ ਮਿਲਦਾ।
ਸਬੰਧ ਆਪਣਿਆਂ ਦਾ ਆਪਣਿਆਂ ਨਾਲ, ਬੇਗਾਨਿਆਂ ਦਾ ਪਰਾਇਆਂ ਨਾਲ, ਆਪਣਿਆਂ ਦਾ ਬੇਗਾਨਿਆਂ ਨਾਲ, ਦੁੱਖ ਦਾ ਸੁੱਖ ਨਾਲ ਅਤੇ ਜਖਮ ਦਾ ਮਰਹਮ ਨਾਲ ਵੀ ਹੁੰਦਾ, ਪਰ ਸਬੰਧ-ਸਿਰਜਣਾ ਲਈ ਕੋਸ਼ਿਸ਼ ਅਤੇ ਮਿਹਨਤ ਤਾਂ ਕਰਨੀ ਹੀ ਪੈਣੀ।
ਸਬੰਧ ਤਾਂ ਸਤਰੰਗੀ ਦਾ ਬਾਰਸ਼-ਬੂੰਦਾਂ ਨਾਲ, ਸਾਗਰ ਦੀਆਂ ਲਹਿਰਾਂ ਦਾ ਚਾਨਣ ਦੀ ਕਸ਼ਿਸ਼ ਨਾਲ, ਦਰਿਆਵਾਂ ਦਾ ਕੰਢਿਆਂ ਨਾਲ ਅਤੇ ਨਦੀਆਂ ਦਾ ਬੇੜੀਆਂ ਨਾਲ ਵੀ ਹੁੰਦਾ, ਜੋ ਇਕ ਦੂਜੇ ਤੋਂ ਬਿਨਾ ਅਪੂਰਤ ਹੁੰਦੇ।
ਸਬੰਧ ਤਾਂ ਜੀਵਨ ਦੀਆਂ ਲੋੜਾਂ ਤੇ ਥੋੜਾਂ, ਬਹੁਲਤਾਵਾਂ ਤੇ ਸੀਮਤ-ਸਾਧਨਾਂ, ਭੁੱਖ ਤੇ ਦਾਨ, ਬੇਰੁਹਮਤੀ ਤੇ ਮਾਨ-ਸਨਮਾਨ ਅਤੇ ਮੁਨਾਫੇ ਤੇ ਨੁਕਸਾਨ ਦਰਮਿਆਨ ਵੀ ਹੁੰਦਾ; ਪਰ ਇਸ ਦੇ ਸਰੂਪ ਵਿਚ ਬਹੁਤ ਕੁਝ ਅਸੰਗਤੀ ਅਤੇ ਅਸਾਵਾਂ ਹੁੰਦਾ।
ਸਬੰਧ ਤਾਂ ਸਮੇਂ ਤੇ ਇਤਿਹਾਸ ਵਿਚ, ਮਿਥਿਹਾਸ ਤੇ ਮੰਨਤ ਵਿਚ, ਸੰਦੇਸ਼ ਤੇ ਸਾਰਥਿਕਤਾ ਵਿਚ, ਸੁਹਿਰਦਤਾ ਤੇ ਸ਼ੋਸ਼ੇਪਣ ਵਿਚ, ਸੰਤੋਖ ਤੇ ਹਾਬੜੇਪਣ ਵਿਚ ਅਤੇ ਪ੍ਰਤੱਖ ਤੇ ਅਪ੍ਰਤੱਖ ਵਿਚ ਵੀ ਹੁੰਦਾ। ਸਬੰਧ ਕੁਝ ਨਜ਼ਰ ਆਉਂਦੇ, ਕੁਝ ਅਦਿੱਖ। ਕੁਝ ਰੰਗੀਨ, ਕੁਝ ਸੰਗੀਨ। ਕੁਝ ਅਦੀਬੀ, ਕੁਝ ਰਕੀਬੀ। ਕੁਝ ਹੋਂਦ, ਕੁਝ ਅਣਹੋਂਦ। ਕੁਝ ਹਾਸਲਤਾ ਤੇ ਕੁਝ ਗਵਾਚਣਾ। ਕੁਝ ਦੇਣਾ ਤੇ ਕੁਝ ਲੈਣ ਜਿਹੇ ਹੁੰਦੇ।
ਸਬੰਧ ਜਦ ਸਮਰੱਥਾ, ਸਾਧਨ ਜਾਂ ਸ਼ਕਤੀ ਪ੍ਰਦਰਸ਼ਨ ਦਾ ਸਬੱਬ ਬਣਦੇ ਤਾਂ ਇਹ ਸਬੰਧ ਨਹੀਂ, ਸਗੋਂ ਦਿਖਾਵਾ ਹੁੰਦੇ। ਗੈਰਹਾਜ਼ਰ ਹੁੰਦੀ ਸਬੰਧਾਂ ਵਿਚਲੀ ਸੰਜ਼ੀਦਗੀ ਅਤੇ ਸੁਹਿਰਦਤਾ। ਸਬੰਧ ਸਮਾਂ-ਸਾਰਣੀ ਨਹੀਂ ਅਤੇ ਨਾ ਹੀ ਕੋਈ ਫਾਰਮੂਲਾ। ਇਹ ਤਾਂ ਤਹਿ-ਦਰ-ਤਹਿ, ਕਦਮ-ਦਰ-ਕਦਮ ਅਤੇ ਨਿੱਕੇ, ਅਛੋਹ ਬੋਲਾਂ ਤੇ ਅਹਿਸਾਸਾਂ ਦਾ ਅਦਾਨ-ਪ੍ਰਦਾਨ। ਅੱਖਾਂ ਵਿਚੋਂ ਬੋਲਦੇ ਭਾਵਾਂ ਦੀ ਜ਼ੁਬਾਨ ਨਾਲ ਪਕਿਆਈ ਤੇ ਪਾਕੀਜ਼ਗੀ ਦਾ ਪ੍ਰਮਾਣ।
ਸਬੰਧਾਂ ਵਿਚਲੀ ਸਫਾਫਤਾ ਜ਼ਾਰੋ-ਜ਼ਾਰ ਰੋਂਦੀ ਜਦ ਆਪਣੇ ਹੀ, ਆਪਣਿਆਂ ਦਾ ਚੀਰ-ਹਰਨ ਕਰਦੇ। ਆਪਣਿਆਂ ਦੇ ਲਿਬਾਸ ਦੀਆਂ ਲੀਰਾਂ ਕਿੱਕਰਾਂ ‘ਤੇ ਟੰਗਦੇ। ਆਪਣਿਆਂ ਦੇ ਜਿਸਮ ਦੀਆਂ ਬੋਟੀਆਂ ਚਰੁੰਡਦੇ। ਆਪਣਿਆਂ ਦੀ ਰੱਤ ਪੀਂਦੇ, ਬੇਹਯਾਈ ਦਾ ਸਿਖਰ ਬਣਦੇ।
ਸਬੰਧਾਂ ਵਿਚੋਂ ਲੇਰ ਨਿਕਲਦੀ ਜਦ ਬਾਪ ਦਾ ਸਿਵਾ ਠੰਢਾ ਹੋਣ ਤੋਂ ਪਹਿਲਾਂ ਹੀ ਉਸ ਦੀ ਜਾਇਦਾਦ ਨੂੰ ਹੜੱਪਣ ਲਈ ਪੁੱਤਰਾਂ ਵਲੋਂ ਚਾਲਾਂ ਚੱਲੀਆਂ ਜਾਂਦੀਆਂ। ਸੂਖਮ ਮਨ ਛਿੱਲਿਆ ਜਾਂਦਾ, ਜਦ ਉਸ ਨੂੰ ਪਤਾ ਲੱਗਦਾ ਕਿ ਬਾਪ ਦੇ ਭੋਗ ਤੋਂ ਪਹਿਲਾਂ ਹੀ ਉਸ ਦੇ ਆਪਣੇ ਨੇ ਸਾਰੀ ਜ਼ਮੀਨ-ਜਾਇਦਾਦ ਆਪਣੇ ਨਾਮ ਕਰਵਾ ਲਈ ਏ। ਖੂਨ ਦਾ ਸਫੈਦ ਹੋਣਾ ਤੇ ਤੂਤ ਦੇ ਮੋਛੇ ਵਰਗੇ ਰਿਸ਼ਤਿਆਂ ਦਾ ਜ਼ਰਜ਼ਰੀ ਹੋਣਾ, ਪੀੜਤ ਕਰਦਾ ਏ ਕੋਮਲ ਮਨ ਨੂੰ। ਵਿਰਾਸਤ ਨੂੰ ਪੈਰਾਂ ਹੇਠ ਲਿਤਾੜ ਕੇ, ਜਾਇਦਾਦ ਹੜੱਪਣ ਦੀ ਲਾਲਸਾ ਨੇ ਖਾ ਲਿਆ ਹੈ, ਸੁੰਦਰ ਸਬੰਧਾਂ ਦੀ ਤਾਸੀਰ ਨੂੰ। ਜਾਇਦਾਦ ਵਿਚੋਂ ਆਪਣਿਆਂ ਦਾ ਮੋਹ ਕਿਥੋਂ ਮਿਲੇਗਾ ਅਤੇ ਬਾਪ ਦੀ ਪਾਕ ਰੂਹ ਨੂੰ ਕਿੰਜ ਮੁਖਾਤਬ ਹੋਵੇਗਾ ਲੋਭੀ ਵਾਰਸ। ਹੁਣ ਭਰਾ ਹੀ ਜ਼ਮੀਨ ਵਿਚ ਭਰਾ ਲਈ ਕਬਰਾਂ ਪੁੱਟ ਰਹੇ ਨੇ। ਜਦ ਧਨ-ਦੌਲਤ ਤੇ ਜਾਇਦਾਦ ਸਬੰਧਾਂ ‘ਤੇ ਹਾਵੀ ਹੁੰਦੇ ਤਾਂ ਭੈਅ-ਭੀਤ ਹੋ ਜਾਂਦਾ ਭਾਵਾਂ ਦੀ ਤਲੀ ‘ਤੇ ਉਘੜੀ ਮਹਿੰਦੀ ਦਾ ਰੰਗ ਅਤੇ ਪੀਲੱਤਣ ਵਿਚ ਡੁੱਬ ਜਾਂਦੀ ਸਬੰਧਾਂ ਦੀ ਸੂਰਜੀ-ਭਾਅ।
ਸਬੰਧ ਆਪਣੇ ਮੁਖੜੇ ਨੂੰ ਖਾਰੇ ਪਾਣੀ ਵਿਚ ਧੋਣ ਜੋਗੇ ਰਹਿ ਜਾਂਦੇ, ਜਦ ਮਾਪਿਆਂ ਦੀ ਅਰਥੀ ਨੂੰ ਮੋਢਾ ਦੇਣ ਤੋਂ ਮੁਨਕਰ ਹੋ ਜਾਂਦੇ ਵਾਰਸ। ਆਪਣੀ ਜਾਨ ਵਿਚੋਂ ਨਵਾਂ ਜੀਵਨ ਦੇਣ ਵਾਲੀ ਮਾਂ ਨੂੰ ਅੱਗ ਦੇਣ ਲਈ ਜਦ ਪੁੱਤਰ ਹੀ ਨਾਬਰ ਹੋ ਜਾਵੇ ਤਾਂ ਬਹੁਤ ਕੁਝ ਤਿੜਕਦਾ ਏ ਸੁਹਜਮਈ ਮਨ ਵਿਚ। ਮਾਪਿਆਂ ਤੋਂ ਬੇਮੁੱਖ ਹੋਣ ਵਾਲੇ ਅਤੇ ਬਜੁਰਗ-ਘਰਾਂ ਵਿਚ ਰਹਿੰਦੇ ਮਾਪਿਆਂ ਦੀਆਂ ਲਿੱਲਕੜੀਆਂ ਨੂੰ ਵਿਸਾਰਨ ਵਾਲੇ ਬੱਚੇ ਕਿਹੜੇ ਸਬੰਧਾਂ ਦੇ ਦਾਅਵੇਦਾਰ ਨੇ?
ਸਬੰਧ ਹਾਲਾਤ, ਔਕੜਾਂ, ਮੁਸ਼ਕਿਲਾਂ ਅਤੇ ਆਫਤ ਮੌਕੇ ਹੀ ਪਰਖੇ ਜਾਂਦੇ। ਅਜਿਹੇ ਸਮੇਂ ਸਬੰਧਾਂ ਨੂੰ ਨਰੋਇਆ ਰੱਖ, ਇਸ ਦੇ ਮੁਹਾਂਦਰੇ ‘ਤੇ ਝਰੀਟ ਪਾਉਣ ਤੋਂ ਬਿਨਾ ਜਦ ਇਹ ਜੀਵਨੀ ਅਕੀਦਤ ਬਣਦੇ ਤਾਂ ਸਬੰਧਾਂ ਨੂੰ ਆਪਣੀ ਸੁਘੜਤਾ ਤੇ ਸਿਆਣਪ ‘ਤੇ ਬਹੁਤ ਨਾਜ਼ ਹੁੰਦਾ ਅਤੇ ਮਾਣ ਹੁੰਦੇ ਅਜਿਹੇ ਸਬੰਧਾਂ ਦੇ ਸਿਰਜਣਹਾਰੇ।
ਸਬੰਧ ਵਿਲਕਦੇ ਜਦ ਮਾਂ-ਜਾਇਆ ਭੈਣ ਦਾ ਦਰ ਖੜਕਾਵੇ ਅਤੇ ਭੈਣ ਦੇ ਮਨ ਵਿਚ ਭਰਾ ਦਾ ਪਿਆਰ ਉਬਾਲੇ ਨਾ ਖਾਵੇ, ਸਗੋਂ ਉਸ ਦੇ ਮਨ ਵਿਚ ਰੱਖੜੀ ਦੇ ਧਾਗਿਆਂ ਨੂੰ ਟੁੱਕੜੇ ਕਰਨ ਅਤੇ ਹਵਾ ਦੀ ਵਹਿੰਗੀ ਵਿਚ ਹੰਝੂ ਧਰਨ ਦਾ ਖਿਆਲ ਆਵੇ। ਪੁਰਾਣੇ ਸਬੰਧ ਨਿਭਾਉਣ ਦੇ ਨਾਲ ਨਾਲ ਮਨੁੱਖ ਨਵੇਂ ਸਬੰਧਾਂ ਰਾਹੀਂ ਜੀਵਨ-ਜੋਤ ਨੂੰ ਜਗਾਉਣ ਦਾ ਆਹਰ ਕਰੇ, ਕਿਉਂਕਿ ਮਨਾਂ ਵਿਚ ਮਨੁੱਖ ਅਤੇ ਮਨੁੱਖਤਾ ਨੂੰ ਜਿਉਂਦਾ ਰੱਖਣਾ ਅਤਿ ਜਰੂਰੀ।
ਸਬੰਧਾਂ ਵਿਚ ਸੋਗ ਪੈਦਾ ਹੁੰਦਾ, ਜਦ ਕੋਈ ਪ੍ਰਦੇਸੀ ਆਪਣੇ ਵਤਨ ਪਰਤਣ ‘ਤੇ ਆਪਣਿਆਂ ਦੀ ਬੇਰੁਖੀ ਨੂੰ ਮਨ ‘ਤੇ ਹੰਢਾਉਂਦਾ। ਗਰਾਈਆਂ ਦੇ ਦੁੱਖ-ਸੁੱਖ ਦਾ ਭਾਈਵਾਲ, ਖੁਸ਼ੀਆਂ-ਗਮੀਆਂ ਦਾ ਸਾਂਝੀ ਅਤੇ ਸੁਪਨਿਆਂ ਤੇ ਸੰਭਾਵਨਾਵਾਂ ਦਾ ਭਾਗੀਦਾਰ, ਇਕੱਲ ਤੇ ਬੇਬਸੀ ਨੂੰ ਜਿਉਣ ਲਈ ਮਜ਼ਬੂਰ ਹੋ ਜਾਂਦਾ। ਬਿਨਾ ਬੂਹਾ ਖੜਕਾਏ ਅਤੇ ਅਛੋਪਲੇ ਜਿਹੇ ਹਰ ਘਰ ਨੂੰ ਆਪਣਾ ਘਰ ਸਮਝਣ ਵਾਲੇ ਦੇ ਮਨ ‘ਤੇ ਅਜਿਹੇ ਮੌਕਿਆਂ ‘ਤੇ ਕੀ ਬੀਤਦੀ ਹੋਵੇਗੀ, ਸਿਰਫ ਕੁਝ ਸੂਖਮਭਾਵੀ ਲੋਕ ਹੀ ਸਮਝ ਸਕਦੇ, ਜਿਨ੍ਹਾਂ ਦੇ ਪਿੰਡੇ ‘ਤੇ ਬੋਲਾਂ ਦੀਆਂ ਲਾਸਾਂ ਚਸਕਦੀਆਂ ਹੋਣ।
ਸਬੰਧਾਂ ਦੀ ਹੂਕ ਗਲੀਆਂ-ਬੇਲਿਆਂ ਵਿਚ ਗੂੰਜਦੀ ਜਦ ਕਿਸੇ ਅਣਹੋਣੀ ਦਾ ਦੋਸ਼ ਕਿਸੇ ਸਿਰ ਬੇਲੋੜਾ ਹੀ ਮੜ੍ਹਿਆ ਜਾਂਦਾ। ਫੋਕੀ ਸ਼ਹੁਰਤ ਲਈ ਆਪਣੀ ਜ਼ਮੀਰ ਵੇਚਣ ਵਾਲੇ, ਨਿੱਜੀ ਹਉਮੈ ਨੂੰ ਪੱਠੇ ਪਾਉਣ ਅਤੇ ਕਸ਼ਟ ਭਰੇ ਸਮਿਆਂ ਵਿਚੋਂ ਨਫੇ ਦੀ ਆਸ ਰੱਖਣ ਵਾਲੇ ਲੋਕਾਂ ਲਈ ਸਬੰਧਾਂ ਦੇ ਕੋਈ ਅਰਥ ਨਹੀਂ ਹੁੰਦੇ। ਜਿਨ੍ਹਾਂ ਨੇ ਲਫਜ਼ ‘ਸਬੰਧ’ ਕਦੇ ਸੁਣਿਆ ਹੀ ਨਾ ਹੋਵੇ, ਉਹ ਇਨ੍ਹਾਂ ਨੂੰ ਨਿਭਾਉਣ ਜਾਂ ਇਨ੍ਹਾਂ ਦੇ ਟੁੱਟਣ ਦੀ ਪੀੜਾ ਨੂੰ ਕਿੰਜ ਸਮਝ ਸਕਦੇ ਨੇ?
ਸਬੰਧ ਸਮਾਂ-ਪੂਰਤੀ, ਸਫਰੀ-ਸਾਂਝ ਜਾਂ ਛੁਟੇਰੀ ਸੰਗਤਾ ਨਹੀਂ ਹੁੰਦੇ। ਸਬੰਧ ਤਾਂ ਆਪਣੇ ਆਪ ਨੂੰ ਅਰਪਣ ਅਤੇ ਸਮਰਪਣ ਦਾ ਨਾਮ। ਸਬੰਧ ਹੀ ਸਦੀਆਂ ਦਾ ਇਤਿਹਾਸ। ਕ੍ਰਿਸ਼ਨ-ਸੁਦਾਮਾ, ਬਾਬਾ ਨਾਨਕ-ਮਰਦਾਨਾ, ਭਗਤ ਸਿੰਘ-ਗੁਰੂਦੱਤ ਜਾਂ ਕਰਤਾਰ ਸਿੰਘ ਸਰਾਭਾ-ਊਧਮ ਸਿੰਘ ਆਦਿ ਦੇ ਸਬੰਧਾਂ ਨੂੰ ਇਕਹਿਰੇ ਰੂਪ ਵਿਚ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹੇ ਸਬੰਧ ਬਹੁਪਰਤਾਂ ਵਿਚ ਇਕ ਅਜਿਹਾ ਸਰੂਪ ਅਖਤਿਆਰ ਕਰਦੇ, ਜਿਸ ਤੋਂ ਸੰਸਾਰ ਵੀ ਸਦਕੇ ਜਾਂਦਾ।
ਸਬੰਧ ਜਦ ਸਮਿਆਂ ਦੀ ਸਰਘੀ ਤੇ ਘਾਹ ‘ਤੇ ਪਈਆਂ ਤ੍ਰੇਲਾਂ, ਤਾਂ ਮਨ ਦੀ ਬਗੀਚੀ ਜੂਹੇ, ਚਾਵਾਂ ਦੇ ਸੰਗ ਖੇਲਾਂ। ਸਬੰਧ ਜਦ ਆੜ ਦਾ ਪਾਣੀ ਬਣ ਕੇ ਖੇਤਾਂ ਨੂੰ ਸਿੰਝ ਜਾਵੇ ਤਾਂ ਘਰ ਦੇ ਜਾਗਣ ਭਾਗ ਤੇ ਭੜੋਲਿਆ ਨੂੰ ਲੱਗਦੇ ਭਾਗ। ਸਬੰਧ ਜਦ ਉਲਰੇ ਹੱਥਾਂ ਨੂੰ ‘ਵਾ ਵਿਚ ਲਹਿਰਾਉਂਦੇ ਤਾਂ ਵਖਤ ਦੀ ਵਹਿੰਗੀ ਸੁੱਚਾ ਵਕਤ ਟਿਕਾਉਂਦੇ। ਸਬੰਧ ਜਦ ਅੱਖਰਾਂ ਵਿਚ ਵੱਸ ਕੇ ਅਰਥੀਂ ਲਾਉਂਦੇ ਤਾਂ ਸੁੱਤੇ ਬਸਤਿਆਂ ਦੇ ਜਾਗ ਪੈਂਦੇ ਨੇ ਭਾਗ। ਸਬੰਧ, ਸਬੰਧਾਂ ਦਾ ਤਾਣਾ ਸਿਰਜਣ ਤਾਂ ਬਣਦੀ ਫੁੱਲਕਾਰੀ, ਜੋ ਸਮਾਜ ਦੇ ਸਿਰ ‘ਤੇ ਸੱਜ ਕਰਦੀ ਸੁਖਨ-ਸਵਾਰੀ। ਸਬੰਧ ਇਕ ਨਿਰੰਤਰ ਸਾਧਨਾ ਅਤੇ ਜਾਰੀ ਰੱਖਣੀ ਤੋਰ, ਸਬੰਧਾਂ ਵਿਚੋਂ ਨਾ ਤਲਖੀ ਉਪਜੇ ਪਰ ਸਬੰਧ ਉਪਜੇ ਲੋਰ। ਸਬੰਧਾਂ ਦੀ ਅੱਖ ਸਿੰਮਦੀ ਤਾਂ ਖਾਰਾਪਣ ਮੁੱਖ ਨੂੰ ਧੋਂਦਾ ਅਤੇ ਤਿੱੜਕਣ ਬਣ ਕੇ ਸਦਾ ਰੜਕਦਾ ਰਹਿੰਦਾ। ਸਬੰਧ ਸੂਹੀ ਤੇ ਸੰਦਲੀ ਭਾਅ ਨੂੰ ਖੁਦ ਵਿਚ ਰਚਾਏ ਤਾਂ ਸਬੰਧਾਂ ਦੀ ਸੂਰਤ-ਸੀਰਤ ਜ਼ਿੰਦਗੀ ਬਣ ਜਾਵੇ।
ਸਬੰਧਾਂ ਦੀ ਸਫਾਫਤਾ ਲਈ ਅਦਬ-ਅਦਾਬ, ਪਿਆਰ, ਵਿਚਾਰ-ਪ੍ਰਵਾਹ, ਵਿਸ਼ਵਾਸ, ਭਰੋਸਾ ਅਤੇ ਨਿਰਛੱਲਤਾ ਦਾ ਹੋਣਾ ਬਹੁਤ ਹੀ ਜਰੂਰੀ। ਸਬੰਧਾਂ ਵਿਚ ਖਿੱਚ, ਮੋਹ, ਸਮਰਪਣ ਅਤੇ ਪ੍ਰਤੀਬੱਧਤਾ ਮੰਗਣੀ ਨਹੀਂ ਪੈਂਦੀ, ਸਗੋਂ ਸਬੰਧਾਂ ਵਿਚੋਂ ਝਰਦੀ ਏ ਇਨ੍ਹਾਂ ਦੀ ਆਬਸ਼ਾਰ।
ਸਬੰਧਾਂ ਵਿਚ ਹੰਝੂ ਤੇ ਹਾਸੇ, ਰੁੱਸਵਾਈ ਤੇ ਮੰਨ-ਮਨਾਈ, ਲੜਨਾ ਤੇ ਸੁਲ੍ਹਾ-ਸਫਾਈ, ਤਕਰਾਰ ਤੇ ਪਿਆਰ ਅਤੇ ਕਿਸੇ ਦੀ ਮੰਨਣਾ ਤੇ ਕਿਸੇ ਨੂੰ ਕੁਝ ਮਨਾਉਣਾ ਵੀ ਸ਼ਾਮਲ। ਦਰਅਸਲ ਸਬੰਧ ਭਰੋਸੇਯੋਗਤਾ ‘ਤੇ ਉਸਰੀ ਮੀਨਾਰ ਦੀ ਤਾਮੀਰਦਾਰੀ, ਜਿਸ ਦੀਆਂ ਨੀਂਹਾਂ ਵਿਚ ਮਨੁੱਖੀ ਕਦਰਾਂ-ਕੀਮਤਾਂ ਦੀ ਪਕਿਆਈ ਹੁੰਦੀ।
ਸਬੰਧ ਅਜਿਹੇ, ਜੋ ਭੁੱਖਾਂ-ਤ੍ਰੇਹਾਂ ਵਿਚੋਂ ਵੀ ਰੱਜ ਮਹਿਸੂਸ ਕਰਦੇ, ਅਸਫਲਤਾਵਾਂ ਵਿਚ ਸਫਲਤਾ ਦੇ ਨਕਸ਼ ਨਿਹਾਰਦੇ, ਤਾਰਿਆਂ ਦੀ ਛੱਤ ਹੇਠ ਮਹਿਲਾਂ ਦੇ ਸੁਪਨਿਆਂ ਨੂੰ ਜਿਉਂਦੇ, ਅੰਬਰ ਦੀ ਜੂਹ ਵਿਚ ਚੰਦਰਮਾ ਨਾਲ ਆੜੀ ਅਤੇ ਅਲਾਣੇ-ਮੰਜਿਆਂ ‘ਤੇ ਵੀ ਸੁਖਨਤਾ ਦਾ ਵਿਸਮਾਦਪੁਣਾ ਮਾਣਦੇ।
ਸਬੰਧ ਤਾਂ
ਕੁਝ ਰੂਹ ਦੀਆਂ ਰਮਜ਼ਾਂ ਵਰਗੇ
ਕੁਝ ਰੂਹਾਂ ਦੇ ਰੰਗ
ਕੁਝ ਰੂਹ ਦੀ ਅਦਬੀ ਰੰਗਤ
ਕੁਝ ਰੂਹਾਂ ਦਾ ਸੰਗ
ਕੁਝ ਰੂਹ ਦੀ ਅਲਹਾਮੀ
ਕੁਝ ਰੂਹਾਂ ਦੇ ਬੋਲ
ਕੁਝ ਰੂਹ ਦੇ ਨਗਰ ਵਸੇਂਦੇ
ਸਾਹ ਜਿੰਨੇ ਕੋਲ
ਕੁਝ ਰੂਹ ਦੇ ਸਾਹ ਹੁੰਦੇ
ਕੁਝ ਰੂਹ ਦੀਆਂ ਸੂਹਾਂ
ਕੁਝ ਰੂਹ ਦੀ ਅੰਬਰ ਉਡਾਣ
ਕੁਝ ਰੰਗਰੇਜ਼ਤਾ ਦੀਆਂ ਜੂਹਾਂ
ਕੁਝ ਰੂਹ ਦਾ ਨਾਦ ਅਗਾਮੀ
ਕੁਝ ਜਿਉਣ ਸਬੱਬ
ਕੁਝ ਫੱਕਰਾਂ ਦੀ ਕੁੱਲੀ ਬੈਠੇ
ਜੀਕੂੰ ਖੁਦ ਹੀ ਰੱਬ
ਕੁਝ ਰੂਹ ਦੀ ਸੁੱਚਮ ਜਿਹੇ
ਸਾਦਗੀ, ਸਹਿਜ, ਸੰਤੋਖ
ਰੂਹ-ਏ-ਸਬੰਧ ‘ਚ ਜੀਂਦੇ ਰਹਿੰਦੇ
ਰੂਹਾਂ ਜਿਹੇ ਲੋਕ।
ਸਬੰਧ ਉਹ ਹੀ ਸੁਹੰਢਣੇ, ਜਿਨ੍ਹਾਂ ਦਾ ਜ਼ਿਕਰ ਤੁਹਾਡੀ ਗੈਰਹਾਜ਼ਰੀ ਵਿਚ ਹੁੰਦਾ, ਜੋ ਤੁਹਾਡੇ ਜਾਣ ਪਿਛੋਂ ਵੀ ਜਿਉਂਦੇ, ਜਿਨ੍ਹਾਂ ਨੂੰ ਲੋਕ-ਚੇਤਿਆਂ ਵਿਚ ਥਾਂ ਮਿਲਦੀ ਅਤੇ ਜਿਨ੍ਹਾਂ ‘ਚੋਂ ਆਉਣ ਵਾਲੀਆਂ ਪੌੜੀਆਂ ਨੂੰ ਸੇਧ ਤੇ ਸੰਤੁਸ਼ਟੀ ਮਿਲਦੀ।
ਸੱਚੇ ਸਬੰਧ ਉਹ, ਜੋ ਤੁਹਾਡੇ ਦਰਦ ਵਿਚ ਪੀੜ ਪੀੜ ਹੁੰਦੇ, ਤੁਹਾਡੀ ਅੱਖ ਵਿਚ ਉਤਰੀ ਸਿੱਲ੍ਹ ਨੂੰ ਪਛਾਣਦੇ, ਤੁਹਾਡੇ ਹਉਕਿਆਂ ਦੀ ਸਾਰ ਹੁੰਦੀ, ਤੁਹਾਡੇ ਜਖਮਾਂ ਲਈ ਦਵਾ-ਦਾਰੂ ਬਣਦੇ ਅਤੇ ਜਿਹੜੇ ਤੁਹਾਡੇ ਰਾਹਾਂ ‘ਚ ਚਾਨਣ ਦਾ ਛਿੜਕਾਓ ਕਰਦੇ।
ਸਬੰਧ, ਮੁਸ਼ਕਿਲਾਂ ਨੂੰ ਸਗੋਂ ਹੱਲ ਹੁੰਦੇ, ਰਾਹ ਦੀਆਂ ਖਾਈਆਂ ਨਹੀਂ ਸਗੋਂ ਖੱਡਿਆਂ ‘ਤੇ ਉਸਰੇ ਪੁਲ ਹੁੰਦੇ, ਜੋ ਪਾਣੀ ਦਾ ਜਾਨ-ਲੇਵਾ ਵਹਾਅ ਨਹੀਂ ਸਗੋਂ ਦਰਿਆ ਨੂੰ ਪਾਰ ਕਰਵਾਉਂਦੀ ਬੇੜੀ ਤੇ ਮਲਾਹ ਹੁੰਦੇ।
ਸਬੰਧ, ਕੁਦਰਤ ਦਾ ਸਭ ਤੋਂ ਸੁੰਦਰ ਤਰੀਕਾ ਹੈ, ਇਕ ਦੂਜੇ ਦੇ ਕਰੀਬ ਹੋਣ ਦਾ, ਇਕ ਦੂਜੇ ਨੂੰ ਅਪਨਾਉਣ ਤੇ ਸਦਕੇ ਜਾਣ ਦਾ ਅਤੇ ਇਕ ਦੂਜੇ ਦੇ ਰੰਗ ਵਿਚ ਰੰਗੇ ਜਾਣ ਦਾ। ਧੁਰ-ਦਰਗਾਹੋਂ ਬਣੇ ਸਬੰਧ, ਜੀਵਨ ਮੋੜ ‘ਤੇ ਦਸਤਕ ਦੇ, ਜੀਵਨ-ਪਰਪੱਕਤਾ ਨੂੰ ਸੁਖਾਵਾਂ ਮੋੜ ਦੇ ਸਕਦੇ।
ਸਬੰਧ, ਜੋ ਪਰਿਵਾਰ ਨੂੰ ਬਿਖਰਾਅ ਦੇਣ, ਜੋ ਆਤਮ-ਵਿਸ਼ਵਾਸ ਨੂੰ ਢਹਿਢੇਰੀ ਕਰੇ, ਸਨੇਹੀਆਂ ਨੂੰ ਤੁਹਾਥੋਂ ਦੂਰ ਕਰੇ, ਮਨ ਦੇ ਸਕੂਨ ਨੂੰ ਤਹਿਸ਼-ਨਹਿਸ਼ ਕਰੇ, ਸੁਪਨੇ ਦੀ ਅੱਖ ਵਿਚ ਧੁੰਦਲਕਾ ਪੈਦਾ ਕਰੇ, ਅੱਖਰ-ਜੋਤ ਨੂੰ ਬੁਝਾਉਣ ਦਾ ਹੱਠ ਕਰੇ ਅਤੇ ਖੁਸ਼ੀ ਨੂੰ ਮਾਤਮ ਵਿਚ ਬਦਲੇ, ਉਸ ਨੂੰ ਖਤਮ ਕਰਨਾ ਹੀ ਬਿਹਤਰ।
ਸਬੰਧ ਬਣਾਓ। ਇਨ੍ਹਾਂ ਨੂੰ ਹੰਢਾਓ ਅਤੇ ਨਿਭਾਓ, ਪਰ ਕਦੇ ਵੀ ਇਨ੍ਹਾਂ ਦੇ ਪਿੰਡੇ ‘ਤੇ ਕਿਰਚਾਂ, ਨੋਕਾਂ, ਤਲਖੀਆਂ, ਚੋਭਾਂ ਅਤੇ ਚੀਖਾਂ ਦੀ ਕੁਲਹਿਣਤਾ ਨਾ ਖੁਣੋ। ਸਬੰਧ ਤਾਂ ਬਹੁਤ ਹੀ ਕੋਮਲ, ਕਰਮਭਾਵੀ ਅਤੇ ਕਰਮਯੋਗੀ ਹੁੰਦੇ, ਜਿਨ੍ਹਾਂ ਦੀ ਰੂਹ-ਰੰਗਰੇਜ਼ਤਾ ਵਿਚ ਅੰਤਰੀਵੀ, ਆਤਮਕ ਅਤੇ ਅਰਥਮਈ ਵਰਤਾਰੇ ਹੁੰਦੇ।
ਸੁੱਚੇ ਸਬੰਧ, ਸਮਾਂ-ਸੀਮਾ ਤੋਂ ਪਾਰ, ਹੱਦਾਂ-ਸਰਹੱਦਾਂ ਤੋਂ ਦੂਰ, ਸੁਪਨਿਆਂ-ਸੋਚਾਂ ਦੀ ਸਦੀਵਤਾ ਅਤੇ ਖੁਦ ਵਿਚ ਰੰਗੇ ਹੁੰਦੇ। ਫਿੱਕੜੇ ਸਬੰਧਾਂ ਨੂੰ ਮਜੀਠੀ ਰੰਗ ਵਿਚ ਰੰਗੇ ਜਾਣ ਲਈ ਖੁਦ ਨੂੰ ਮਜੀਠੀ ਰੰਗ ਵਿਚ ਰੰਗੇ ਜਾਣਾ ਲਾਜ਼ਮੀ। ਇਸੇ ਲਈ ਬਾਬਾ ਨਾਨਕ, ਬੁੱਲੇ ਸ਼ਾਹ, ਸ਼ਾਹ ਹੁਸੈਨ ਜਾ ਸਾਈਂ ਮੀਆਂ ਮੀਰ ਨੇ ਖੁਦ ਨੂੰ ਅਭੇਦ ਕਰਕੇ ਹੀ ਖੁਦ ਵਿਚੋਂ ਖੁਦਾ ਨੂੰ ਤਲਾਸ਼ਿਆ ਸੀ।
ਸਬੰਧ ਪਿਆਰ, ਪਹੁਲ, ਮਿਲਾਪ ਅਤੇ ਸਮਾਜਕ ਸਾਂਝਾਂ ਦਾ ਸੁੰਦਰ ਪੈਗਾਮ। ਜੀਵਨ-ਦਾਨੀ, ਹਰਫ-ਦਾਨੀ, ਗੁਣੀ-ਗਿਆਨੀ, ਸਰਬ-ਗੁਣੀ ਅਤੇ ਸਰਬ-ਗਿਆਤਾ ਸਬੰਧਾਂ ਵਿਚੋਂ ਹੀ ਸਦਗੁਣਾਂ ਦੀ ਬਰਸਾਤ ਹੁੰਦੀ, ਜਿਸ ਵਿਚ ਭਿੱਜਿਆ ਬੰਦਾ ਜੀਵਨ-ਨਾਦ ਨੂੰ ਗੁਣਗੁਣਾਉਂਦਾ, ਜੀਵਨ-ਸਫਰ ਦਾ ਸਫਰਨਾਮਾ ਬਣਦਾ। ਇਹ ਜੀਵਨ-ਨਾਦ ਸਭ ਦਾ ਹਾਸਲ ਹੋਵੇ। ਇਹ ਹੀ ਸ਼ਬਦਾਂ ਦੀ ਕਾਮਨਾ ਏ।