ਕੇਂਦਰੀ ਵਜ਼ਾਰਤ ‘ਚ ਹੁਣ ਪੰਜਾਬੀਆਂ ਦਾ ਲੱਗੇਗਾ ਦਾਅ?

ਚੰਡੀਗੜ੍ਹ: ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਕੈਬਨਿਟ ਵਿਚ ਕੀਤੇ ਜਾਣ ਵਾਲੇ ਫੇਰਬਦਲ ਦੇ ਸੰਕੇਤਾਂ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਹਲਚਲ ਵਧ ਗਈ ਹੈ। ਸੂਤਰਾਂ ਅਨੁਸਾਰ ਇਸ ਵਾਰ ਦੇ ਫੇਰਬਦਲ ਵਿਚ ਪੰਜਾਬ ਦੇ ਸੰਸਦ ਮੈਂਬਰਾਂ ਵਿਚੋਂ ਕਿਸੇ ਨੂੰ ਵੀ ਕੈਬਨਿਟ ਵਿਚ ਸ਼ਾਮਲ ਕਰਨ ਦੀ ਉਮੀਦ ਹੈ। ਲੋਕ ਸਭਾ ਵਿਚ ਪੰਜਾਬ ਦੇ 13 ਮੈਂਬਰ ਵਿਚੋਂ ਕਾਂਗਰਸ ਦੇ ਅੱਠ ਮੈਂਬਰ ਹਨ ਜਿਨ੍ਹਾਂ ਵਿਚ ਅਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ, ਫਤਹਿਗੜ੍ਹ ਸਾਹਿਬ ਤੋਂ ਸੁਖਦੇਵ ਸਿੰਘ ਲਿਬੜਾ, ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ, ਜਲੰਧਰ ਤੋਂ ਮਹਿੰਦਰ ਸਿੰਘ ਕੇæਪੀæ, ਲੁਧਿਆਣਾ ਤੋਂ ਮੁਨੀਸ਼ ਤਿਵਾੜੀ, ਪਟਿਆਲਾ ਤੋਂ ਪ੍ਰਨੀਤ ਕੌਰ ਤੇ ਸੰਗਰੂਰ ਤੋਂ ਵਿਜੇ ਇੰਦਰ ਸਿੰਗਲਾ ਸ਼ਾਮਲ ਹਨ।
ਇਨ੍ਹਾਂ ਅੱਠ ਮੈਂਬਰਾਂ ਵਿਚੋਂ ਮੁਨੀਸ਼ ਤਿਵਾੜੀ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਹਨ ਤੇ ਪ੍ਰਨੀਤ ਕੌਰ ਕੇਂਦਰੀ ਵਿਦੇਸ਼ ਰਾਜ ਮੰਤਰੀ ਹਨ। ਇਨ੍ਹਾਂ ਤੋਂ ਇਲਾਵਾ ਰਾਜ ਸਭਾ ਵਿਚ ਪੰਜਾਬ ਦੇ ਕੁੱਲ ਸੱਤ ਮੈਂਬਰਾਂ ਵਿਚੋਂ ਕਾਂਗਰਸ ਦੇ ਤਿੰਨ ਮੈਂਬਰ ਹਨ ਜਿਨ੍ਹਾਂ ਵਿਚ ਅਸ਼ਵਨੀ ਕੁਮਾਰ, ਡਾæ ਮਨੋਹਰ ਸਿੰਘ ਗਿੱਲ ਤੇ ਅੰਬਿਕਾ ਸੋਨੀ ਸ਼ਾਮਲ ਹਨ। ਅਸ਼ਵਨੀ ਕੁਮਾਰ ਪਹਿਲਾਂ ਕਾਨੂੰਨ ਤੇ ਨਿਆਂ ਮੰਤਰੀ ਰਹਿ ਚੁੱਕੇ ਹਨ। ਪੰਜਾਬ ਦੇ ਗੁਰਦਾਸਪੁਰ ਨਾਲ ਸਬੰਧਤ ਅਸ਼ਵਨੀ ਕੁਮਾਰ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।
ਅਸ਼ਵਨੀ ਕੁਮਾਰ ਨੂੰ 2011 ਵਿਚ ਥੋੜ੍ਹੇ ਸਮੇਂ ਲਈ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਬਣਾਇਆ ਗਿਆ ਸੀ। ਜੁਲਾਈ, 2011 ਵਿਚ ਯੋਜਨਾ ਮੰਤਰਾਲੇ, ਸਾਇੰਸ ਤੇ ਤਕਨੀਕ ਮੰਤਰਾਲੇ ਵਿਚ ਰਾਜ ਮੰਤਰੀ ਬਣਾਇਆ ਗਿਆ। ਅਕਤੂਬਰ 2012 ਵਿਚ ਸਲਮਾਨ ਖੁਰਸ਼ੀਦ ਦੇ ਵਿਦੇਸ਼ ਮੰਤਰਾਲਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਪਰ ਕੋਲਾ ਬਲਾਕਾਂ ਦੀ ਵੰਡ ਘੁਟਾਲੇ ਵਿਚ ਸੀæਬੀæਆਈæ ਦੇ ਕੰਮਕਾਜ ਵਿਚ ਦਖਲ ਦੇਣ ਦੇ ਕਥਿਤ ਇਲਜ਼ਾਮਾਂ ਤੋਂ ਬਾਅਦ ਉਨ੍ਹਾਂ ਨੂੰ ਮਈ, 2013 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।
ਵਿਵਾਦਾਂ ਕਾਰਨ ਅਸ਼ਵਨੀ ਕੁਮਾਰ ਦੀ ਮੁੜ-ਵਾਪਸੀ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ। ਹੁਣ ਬਾਕੀ ਦੇ ਮੰਤਰੀਆਂ ਵਿਚੋਂ ਕਿਨ੍ਹਾਂ ਦਾ ਨਾਂ ਇਸ ਫੇਰਬਦਲ ਵਿਚ ਸਾਹਮਣੇ ਆਵੇਗਾ, ਇਸ ਦੇ ਕਿਆਸ ਜਾਰੀ ਹਨ। ਫਿਲਹਾਲ ਕੈਬਨਿਟ ਫੇਰਬਦਲ ਲਈ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਪਰ ਹਲਕਿਆਂ ਮੁਤਾਬਕ ਪਹਿਲਾਂ 12 ਤੋਂ 15 ਜੂਨ ਦੇ ਵਿਚ ਹੋਣ ਵਾਲੀ ਬੈਠਕ ਹੁਣ ਜੂਨ ਦੇ ਅੰਤ ਜਾਂ ਜੁਲਾਈ ਦੇ ਸ਼ੁਰੂ ਵਿਚ ਹੋਣ ਦੀ ਆਸ ਹੈ ਤੇ ਬੈਠਕ ਵਿਚ ਪੰਜਾਬ ਦੀ ਘੱਟ ਪ੍ਰਤੀਨਿਧਤਾਵਾਂ ਨੂੰ ਵੇਖਦਿਆਂ ਪੰਜਾਬ ਵਿਚੋਂ ਕਿਸੇ ਦਲਿਤ ਮੈਂਬਰ ਦਾ ਨਾਂ ਸਾਹਮਣੇ ਆਉਣ ਦੀ ਪੂਰੀ ਉਮੀਦ ਹੈ।

Be the first to comment

Leave a Reply

Your email address will not be published.