ਪੂਰਨ ਆਜ਼ਾਦੀ

ਸਾਹਿਬ ਸਿੰਘ ਗਿੱਲ
ਮੈਂ ਸੁਤੰਤਰਤਾ ਸੰਗਰਾਮੀਆਂ ਦੀ ਨਿਘਰਦੀ ਹਾਲਤ ਤੋਂ ਜਾਣੂ ਕਰਾਉਣ ਲਈ ਬਾਬਾ ਸੋਹਣ ਸਿੰਘ ਭਕਨੇ ਨੂੰ ਮਿਲਣ ਗਿਆ ਅਤੇ ਬੇਨਤੀ ਕੀਤੀ ਕਿ ਉਹ ਸੁਤੰਤਰਤਾ ਸੰਗਰਾਮੀਆਂ ਬਾਰੇ ਨਹਿਰੂ ਨੂੰ ਮਿਲਣ।
ਸੁਤੰਤਰਤਾ ਸੰਗਰਾਮੀਆਂ ਨੂੰ ਸਾਰੀ ਦੁਨੀਆਂ ਰੱਬ ਵਾਂਗ ਪੂਜਦੀ ਹੈ, ਪਰ ਸਾਡੇ ਦੇਸ਼ ਦੇ ਸੁਤੰਤਰਤਾ ਸੰਗਰਾਮੀਏ ਸੇਵਾ ਪਿਛੋਂ ਵੀ ਨਰਕ ਭੋਗਦੇ ਤੁਰ ਜਾਂਦੇ ਹਨ।

ਬਾਬਾ ਜੀ ਸੁਤੰਤਰਤਾ ਸੰਗਰਾਮੀਆਂ ਦੀ ਤਰਸਯੋਗ ਹਾਲਤ ਸੁਣ ਕੇ ਬਹੁਤ ਤਿਲਮਿਲਾਏ ਤੇ ਕਹਿਣ ਲੱਗੇ, “ਮੇਰੇ ਵਲੋਂ ਸੁਤੰਤਰਤਾ ਸੰਗਰਾਮੀਆਂ ਨੂੰ ਕਹਿ ਦਈਂ ਕਿ ਉਹ ਇਸ ਸਰਕਾਰ ਅੱਗੇ ਹੱਥ ਨਾ ਅੱਡਣ…।”
ਪਹਾੜ ਤੋਂ ਵੀ ਵੱਡਾ ਸੀ ਸੁਤੰਤਰਤਾ ਸੰਗਰਾਮੀਆਂ ਦਾ ਮਨੋਬਲ। ਉਨ੍ਹਾਂ ਤੋਂ ਅੰਗਰੇਜ਼ ਸਰਕਾਰ ਵੀ ਡਰਦੀ ਸੀ। ਬਾਬੇ ਭਕਨੇ ਨੂੰ ਚਾਰ ਫੁਟ ਉਚੇ ਪਿੰਜਰੇ ‘ਚ ਬੰਦ ਕਰ ਰੱਖਿਆ ਸੀ। ਪਿੰਜਰੇ ਵਿਚ ਕੁੱਬੇ ਕੁੱਬੇ ਰਹਿੰਦਿਆਂ ਦਾ ਸਰੀਰ ਕਮਾਨ ਬਣ ਗਿਆ ਸੀ, ਪਰ ਅੰਗਰੇਜ਼ ਸਰਕਾਰ ਅੱਗੇ ਰਤਾ ਨਹੀਂ ਝੁਕੇ। ਸੌਲਾਂ ਸਾਲ ਪਿੰਜਰੇ ‘ਚੋਂ ਹੀ ਸ਼ੇਰ ਵਾਂਗ ਗਰਜਦੇ ਰਹੇ। ਆਖਰ ਉਹ ਦਿਨ ਆ ਗਿਆ, ਜਦ ਆਜ਼ਾਦੀ ਦਾ ਸੂਰਜ ਚੜ੍ਹ ਆਇਆ।
ਅਸੀਂ ਉਨ੍ਹਾਂ ਸੂਰਬੀਰਾਂ ਦੀ ਔਲਾਦ ਹਾਂ, ਪਰ ਪਤਾ ਨਹੀਂ ਸਾਡੀ ਅਣਖ ਕਿਉਂ ਮਰ ਗਈ? ਵਿਧਾਨਕ ਹੱਕ ਸਾਨੂੰ ਹਾਲੇ ਤੱਕ ਨਹੀਂ ਮਿਲੇ, ਅਸੀਂ ਅੰਗਰੇਜ਼ ਦੇ ਚਲੇ ਜਾਣ ਨੂੰ ਹੀ ਆਜ਼ਾਦੀ ਸਮਝੀਂ ਬੈਠੇ ਹਾਂ। ਨਾ ਸਾਨੂੰ ਰੁਜ਼ਗਾਰ ਪ੍ਰਾਪਤ ਹੈ, ਨਾ ਬੇ-ਰੁਜ਼ਗਾਰੀ ਭੱਤਾ; ਨਾ ਚੰਗੀਆਂ ਸਿਹਤ ਸਹੂਲਤਾਂ, ਨਾ ਆਧੁਨਿਕ ਕਿਸਮ ਦੀ ਵਿੱਦਿਆ ਤੇ ਨਾ ਜੀਵਨ ਸੁਰੱਖਿਆ; ਜਾਨ ਹਰ ਵੇਲੇ ਸਹਿ ਸਹਿ ਕਰਦੀ ਹੈ। ਜੋ ਸੁੱਖ ਸਹੂਲਤਾਂ ਅੰਗਰੇਜ਼ ਸਮੇਂ ਪ੍ਰਾਪਤ ਸਨ, ਉਹ ਵੀ ਨਹੀਂ ਰਹੀਆਂ।
ਨਿੱਕੀਆਂ ਮੋਟੀਆਂ ਗਰਜਾਂ ਨੂੰ ਲੈ ਕੇ ਅਸੀਂ ਭ੍ਰਿਸ਼ਟ ਲੀਡਰਾਂ ਨਾਲ ਚਿਪਕੇ ਰਹਿੰਦੇ ਹਾਂ, ਪਰ ਆਪਣੇ ਹੱਕ ਲਈ ਸਰਕਾਰ ਨਾਲ ਦੋ ਹੱਥ ਨਹੀਂ ਕਰਦੇ। ਜੇ ‘ਕੱਲੇ-ਦੁਕੱਲੇ ਦੀ ਨਹੀਂ ਸੁਣੀ ਗਈ, ਅਸੀਂ ‘ਕੱਠੇ ਹੋ ਕੇ ਸਰਕਾਰ ਦਾ ਜਾ ਬੂਹਾ ਮੱਲੀਏ।
ਪਰ ਸਾਡੀ ਜਮੀਰ ਮਰ ਚੁਕੀ ਹੈ, ਅਸੀਂ ਪੈਸੇ ਦਿੰਦੇ ਹਾਂ, ਕੰਮ ਹੋ ਜਾਂਦਾ ਹੈ, ਜਿਵੇਂ ਮਾਸਟਰ ਲੱਗਣ ਵੇਲੇ ਮੰਤਰੀ ਨੂੰ ਤੇਰਾਂ ਤੇਰਾਂ ਲੱਖ ਦੇਈ ਗਏ, ਮਾਸਟਰ ਲੱਗੀ ਗਏ। ਮੰਤਰੀ ਨੂੰ ਭ੍ਰਿਸ਼ਟ ਕਰਨ ‘ਚ ਅਸੀਂ ਵੀ ਜ਼ਿੰਮੇਦਾਰ ਹਾਂ। ਮੰਤਰੀ ਵੱਡਾ ਦੋਸ਼ੀ ਹੈ, ਅਸੀਂ ਛੋਟੇ। ਇਸੇ ਤਰ੍ਹਾਂ ਪਹਿਲਾਂ ਸਰਕਾਰ ਨੂੰ ‘ਕੋਹੜੀ’ ਬਣਾ ਲਿਆ, ਫਿਰ ਸਾਰੇ ਦੇਸ਼ ਨੂੰ।
ਅਸੀਂ ਭ੍ਰਿਸ਼ਟਾਚਾਰ ਫੈਲਾਉਣ ਲਈ ਉਨੇ ਹੀ ਦੋਸ਼ੀ ਹਾਂ, ਜਿੰਨਾ ਬਾਦਲ ਪਰਿਵਾਰ, ਤੋਤਾ ਸਿੰਘ, ਮਲੂਕਾ, ਕਾਂਗਰਸ, ਆਮ ਆਦਮੀ ਪਾਰਟੀ ਤੇ ਇਨ੍ਹਾਂ ਦਾ ਕੇਡਰ। ਜਦ ਸਾਰੇ ਦੇਸ਼ ‘ਚ ਕੋਹੜ ਫੈਲ ਚੁਕਾ ਹੈ, ਸਾਡਾ ਭਵਿੱਖ ਕੀ ਹੈ? ਕੀ ਅਸੀਂ ਇਵੇਂ ਖੁਦਕੁਸ਼ੀਆਂ ਕਰਦੇ ਰਹਾਂਗੇ?
ਮੌਜੂਦਾ ਸਥਿਤੀ ਇਹ ਹੈ ਕਿ ਸਰਕਾਰ ਸਾਡੇ ਨਾਲ ਆਜ਼ਾਦ ਦੇਸ਼ ਦੇ ਸ਼ਹਿਰੀਆਂ ਵਾਲਾ ਸਲੂਕ ਨਹੀਂ ਕਰ ਰਹੀ। ਦਲਿਤ ਤੇ ਘੱਟ ਗਿਣਤੀ ਦੇ ਸ਼ਹਿਰੀਆਂ ਨੂੰ ਘਰੀਂ ਜਾ ਕੇ ਕਤਲ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਕਾਰੋਬਾਰ ਤਬਾਹ ਕਰ ਰਹੀ ਹੈ।
ਵੱਡਿਆਂ ਲਈ ਹੋਰ ਕਾਨੂੰਨ, ਛੋਟਿਆਂ ਲਈ ਹੋਰ ਹੈ। ਧਨਾਢ ਲੋਕ ਦੇਸ਼ ਨੂੰ ਲੁੱਟ ਕੇ, ਕਈ ਬਾਹਰ ਨਿਕਲ ਗਏ, ਕਈ ਦਿੱਲੀ ਬੈਠੇ ਹਨ। ਡਰੱਗ ਸਕੈਂਡਲ ਦੇ ਕਥਿਤ ਦੋਸ਼ੀ ਬਾਦਲ ਪਰਿਵਾਰ ਨੂੰ ਜੈਡ ਸਿਕਿਉਰਿਟੀ ਮਿਲੀ ਹੋਈ ਹੈ।
ਛੋਟੇ ਲੋਕਾਂ ਨੂੰ ਝੂਠੇ ਕੇਸਾਂ ‘ਚ ਅੰਦਰ ਡੱਕ ਛੱਡਿਆ ਹੈ, ਜ਼ਮਾਨਤ ਵੀ ਨਹੀਂ ਹੁੰਦੀ। ਜਿਵੇਂ ਵਿਦਿਆਰਥੀ ਨੇਤਾ ਘਨੱਈਆ ਲਾਲ ਨੂੰ ਦੇਸ਼ ਧ੍ਰੋਹ ਦੇ ਝੂਠੇ ਕੇਸ ਵਿਚ ਉਲਝਾ ਛੱਡਿਆ ਹੈ।
ਸਰਕਾਰ ਨੂੰ ਜਵਾਬ ਜਥੇਬੰਦ ਸੰਘਰਸ਼ਾਂ ਰਾਹੀਂ ਦਿੱਤਾ ਜਾ ਸਕਦਾ ਹੈ। ਸੰਘਰਸ਼ ਦੇਣ ਲਈ ਜਨਤਾ ਦਾ ਜਥੇਬੰਦੀਆਂ ‘ਚ ਪਰੋਇਆ ਜਾਣਾ ਜ਼ਰੂਰੀ ਹੈ। ਪਿੰਡ ਪਿੰਡ ‘ਚ, ਮੁਹੱਲੇ ਮੁਹੱਲੇ ‘ਚ ਜਥੇਬੰਦਕ ਇਕਾਈਆਂ ਬਣੀਆਂ ਹੋਣ, ਜੋ ਸਥਾਨਕ ਸਮੱਸਿਆਵਾਂ ਦੇ ਹੱਲ ਲਈ, ਮੰਗਾਂ ਲਈ ਸੰਘਰਸ਼ ਕਰਨ।
ਪੰਜਾਬ ‘ਚ ਲੋਕ ਇਨਸਾਫ ਪਾਰਟੀ ਨੇ ਸੰਘਰਸ਼ ਰਾਹੀਂ ਰੇਤ ਮਾਫੀਏ ਨੂੰ ਨਕੇਲ ਪਾ ਕੇ ਸੰਘਰਸ਼ਾਂ ਦੀ ਮਹਾਨਤਾ ਦਿਖਾਈ ਹੈ। ਇਸ ਨਾਲ ਪੰਜਾਬ ਦੀ ਰਾਜਨੀਤੀ ਵਿਚ ਲੋਕ ਇਨਸਾਫ ਪਾਰਟੀ ਦੀ ਥਾਂ ਬਣ ਗਈ ਹੈ।
ਕਿੰਨਾ ਚੰਗਾ ਹੋਵੇਗਾ ਜੇ ਪੰਜਾਬ ਦੇ ਪਿੰਡ ਪਿੰਡ; ਮੁਹੱਲੇ ਮੁਹੱਲੇ ‘ਚ ਮੁਢਲੀਆਂ ਇਕਾਈਆਂ ਚੋਣ ਰਾਹੀਂ ਬਣਨ। ਆਪਣੀਆਂ ਸਥਾਨਕ ਮੰਗਾਂ ਲਈ ਸੰਘਰਸ਼ ਕਰਨ। ਘੋਲਾਂ ਲਈ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਹੋਣਾ ਚਾਹੀਦਾ ਹੈ। ਲੋੜ ਪੈਣ ‘ਤੇ ਕੇਂਦਰੀ ਲੀਡਰਸ਼ਿੱਪ ਦਾ ਸਹਿਯੋਗ ਲਿਆ ਜਾਏ। ਲੋਕਲ ਇਕਾਈਆਂ ਤੋਂ ਉਤੇ ਅਸੈਂਬਲੀ ਹਲਕਿਆਂ ਦੀਆਂ ਇਕਾਈਆਂ ਬਣਨ। ਉਹ ਇਲਾਕੇ ਦੀਆਂ ਮੰਗਾਂ ਲਈ, ਸਮੱਸਿਆਵਾਂ ਦੇ ਹੱਲ ਲਈ ਘੋਲ ਕਰਨ।
ਇਲਾਕਾ ਇਕਾਈਆਂ ਸਟੇਟ ਯੁਨਿਟ (ਕੇਂਦਰੀ ਕਮੇਟੀ) ਦੀ ਚੋਣ ਕਰਨ। ਅਜਿਹੀ ਜਥੇਬੰਦਕ ਬਣਤਰ ਹੀ ਸਰਕਾਰ ਨੂੰ ਵਿਧਾਨਕ ਹੱਕ ਦੇਣ ਲਈ ਮਜਬੂਰ ਕਰ ਸਕਦੀ ਹੈ। ਅਜਿਹੀ ਜਥੇਬੰਦਕ ਬਣਤਰ ਨਾ ਹੋਣ ਕਰਕੇ ਕਿਰਤੀ, ਕਿਸਾਨ ਤੇ ਮੱਧ ਵਰਗ ਦੇ ਲੋਕ ਖੁਦਕੁਸ਼ੀਆਂ ਕਰਦੇ ਆ ਰਹੇ ਹਨ। ਸਰਕਾਰ, ਜੋ ਅਜਿਹੀ ਸਥਿਤੀ ਲਈ ਜ਼ਿੰਮੇਦਾਰ ਹੈ, ਬਿਲਕੁਲ ਚਿੰਤਿਤ ਨਹੀਂ।
ਚੀਨ ਭਾਰਤ ਵਾਂਗ ਅਮਲੀਆਂ, ਪੋਸਤੀਆਂ ਦਾ ਦੇਸ਼ ਸੀ। ਉਹ ਵੀ ਸੰਘਰਸ਼ਾਂ ਰਾਹੀਂ ਲਾਮਬੰਦ ਹੋ ਕੇ ਆਜ਼ਾਦ ਹੋਇਆ ਹੈ। ਜਨਤਾ ਸੰਘਰਸ਼ ਵਾਲੇ ਰਾਹ ਤਦ ਹੀ ਪੈਂਦੀ ਹੈ, ਜੇ ਲੋਕ ਆਪਣੇ ਆਪਣੇ ਫਰੰਟ ‘ਤੇ ਜਥੇਬੰਦ ਹੋਏ ਹੋਣ।
ਪੰਜਾਬ ‘ਚ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਪੈ ਚੁਕੀਆਂ ਹਨ, ਸਰਕਾਰ ਵੀ ਉਨ੍ਹਾਂ ਨੂੰ ਸੁਣਨ ਲਈ ਮਜਬੂਰ ਹੋ ਜਾਂਦੀ ਹੈ। ਉਨ੍ਹਾਂ ਲਈ ਜਥੇਬੰਦਕ ਚੋਣ ਕਰਕੇ ਏਕੇ ਦੀ ਲੋੜ ਹੈ। ਪੰਜਾਬ ਨੂੰ ਮੌਜੂਦਾ ਸੰਕਟ ‘ਚੋਂ ਕੱਢਣ ਲਈ ਸੰਘਰਸ਼ਮਈ ਰਾਹ ਦੀ ਲੋੜ ਹੈ।
ਮੇਰੇ ਹਮ ਵਤਨ ਸਾਥੀਓ, ਹੁਣ ਸਰਕਾਰ ਭਾਵ ਨਿਘਰ ਚੁਕਾ ਸਿਸਟਮ ਬਦਲਿਆਂ ਬਿਨਾ ਨਹੀਂ ਸਰਨਾ। ਅਸੀਂ ਸੁਤੰਤਰਤਾ ਸੰਗਰਾਮੀਆਂ ਦੀ ਔਲਾਦ ਹਾਂ, ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣਾ ਹੈ।