ਦੇਸ਼ ਵਾਸੀਆਂ ਦੇ ਨਾਂ ਫਾਂਸੀ ਦੀ ਕੋਠੀ ਤੋਂ

(ਅਸ਼ਫਾਕ ਉਲਾ ਖਾਂ ਦੀ ਕਲਮ ਤੋਂ)
ਅਸ਼ਫਾਕ ਉਲਾ ਖਾਂ ਦੀ ਇਹ ਲਿਖਤ ਆਖਰੀ ਵਕਤ ਦੀ ਹੈ ਜਦੋਂ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ। ਉਨ੍ਹਾਂ ਨੂੰ ਫਾਂਸੀ 19 ਦਸੰਬਰ 1927 ਨੂੰ ਫੈਜ਼ਾਬਾਦ ਜੇਲ੍ਹ ਵਿਚ ਦਿੱਤੀ ਗਈ ਸੀ। 18 ਦਸੰਬਰ 1927 ਨੂੰ ਉਨ੍ਹਾਂ ਇਕ ਤਾਰ ਕਾਲ ਕੋਠੜੀ ‘ਚੋਂ ਆਪਣੇ ਵੱਡੇ ਭਰਾ ਰਿਆਸਤ ਖਾਂ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਦੇ ਨਾਂ ‘ਤੇ ਦਿੱਤਾ ਸੀ: “19 ਦਸੰਬਰ ਦਿਨ ਦੇ 2 ਵਜੇ ਮੈਨੂੰ ਲਖਨਊ ਦੇ ਸਟੇਸ਼ਨ ‘ਤੇ ਮਿਲਣਾ। ਉਮੀਦ ਹੈ ਕਿ ਆਪ ਮੇਰੀ ਆਖਰੀ ਮੁਲਾਕਾਤ ਜ਼ਰੂਰ ਕਰੋਗੇ।” ਵਿਦਿਆਰਥੀ ਜੀ ਆਪਣੇ 9 ਸਾਥੀਆਂ ਨਾਲ ਲਖਨਊ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੇ ਸਨ।

ਜਿਸ ਡੱਬੇ ਵਿਚ ਸ਼ਹੀਦ ਦੀ ਲਾਸ਼ ਸੀ, ਉਥੇ ਅੰਦਰ ਗਏ ਅਤੇ ਮੂੰਹ ਤੋਂ ਕਫਨ ਹਟਾ ਕੇ ਪਾਰਸੀ ਸ਼ਾਹ ਫੋਟੋਗਰਾਫਰ ਤੋਂ ਉਨ੍ਹਾਂ ਦੀ ਫੋਟੋ ਲਈ ਗਈ। ਇਹ ਉਹੀ ਫੋਟੋ ਹੈ। ਉਨ੍ਹਾਂ ਇਕ ਚਿੱਠੀ ਵੀ ਦਿੱਤੀ ਸੀ ਕਿ ਮੇਰੇ ਭਾਈ ਬਰਬਾਦ ਹੋ ਚੁੱਕੇ ਹਨ। ਮੇਰੀ ਕਬਰ ਤੇ ਦਫਨ ਦਾ ਇੰਤਜ਼ਾਮ ਤੁਸੀਂ ਕਰਨਾ। ਇਸ ਬਾਰੇ ਮੈਂ ਆਪਣੇ ਇਕ ਪੂਰੇ ਲੇਖ ਵਿਚ ਤਸਵੀਰ ਸਹਿਤ ਕਰਾਂਗਾ। -(ਕਸ਼ਮੀਰ ਸਿੰਘ ਕਾਂਗਣਾ, ਬੇਕਰਜ਼ਫੀਲਡ, ਫੋਨ: 661-331-5651)

ਮੇਰੇ ਦੇਸ਼ ਵਾਸੀਓ ਤੁਹਾਨੂੰ ਉਸ ਭਰਾ ਦਾ ਸਲਾਮ ਜੋ ਆਪਣੇ ਪਿਆਰੇ ਵਤਨ ਦੀ ਆਣ ਅਤੇ ਆਬਰੂ ਖਾਤਰ ਫੈਜ਼ਾਬਾਦ ਜੇਲ੍ਹ ਵਿਚ ਕੁਰਬਾਨ ਹੋਣ ਜਾ ਰਿਹਾ ਹੈ। ਅੱਜ ਜਦੋਂ ਮੈਂ ਇਹ ਸੁਨੇਹਾ ਆਪਣੇ ਵਤਨੀ ਭਰਾਵਾਂ ਨੂੰ ਭੇਜ ਰਿਹਾ ਹਾਂ ਤਾਂ ਇਸ ਤੋਂ ਬਾਅਦ ਮੇਰੇ ਕੋਲ ਜ਼ਿੰਦਗੀ ਦੇ ਤਿੰਨ ਦਿਨ ਤੇ ਚਾਰ ਰਾਤਾਂ ਬਾਕੀ ਹਨ। ਫਿਰ ਮੈਂ ਆਪਣੇ ਪਿਆਰੇ ਵਤਨ ਦੀ ਧਰਤੀ ਦੀ ਗੋਦ ਵਿਚ ਹਮੇਸ਼ਾ ਲਈ ਸੌਂ ਜਾਵਾਂਗਾ।
ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ‘ਤੇ ਜੋ ਦੋਸ਼ ਲਾਏ ਗਏ, ਉਨ੍ਹਾਂ ਨੂੰ ਲੋਕਾਂ ਵਿਚ ਇਸ ਤਰ੍ਹਾਂ ਪ੍ਰਚਾਰਿਆ ਗਿਆ। ਉਹ ਲੋਕ ਜੋ ਅੰਗਰੇਜ਼ੀ ਹਕੂਮਤ ਦੇ ਜੁੱਤੀ-ਚੱਟ ਦਲਾਲ, ਉਨ੍ਹਾਂ ਵਲੋਂ ਸੁਟੇ ਹੋਏ ਟੁਕੜੇ ਬੋਚਣ ਵਾਲੇ, ਉਨ੍ਹਾਂ ਦੀਆਂ ਚੂੰਡੀਆਂ ਹੱਡੀਆਂ ਨੂੰ ਕੁੱਤਿਆਂ ਵਾਂਗ ਚਬਾਉਣ ਵਾਲੇ ਸਾਨੂੰ ਡਾਕੂ, ਕਾਤਲ, ਖੂਨੀ ਦੇ ਲਕਬ ਦੇ ਕੇ ਪ੍ਰਚਾਰਿਆ ਗਿਆ। ਅੱਜ ਮੈਂ ਫਾਂਸੀ ਦੀ ਕੋਠੀ ਵਿਚ ਬੈਠਾ ਬਹੁਤ ਖੁਸ਼ ਹਾਂ ਅਤੇ ਆਪਣੇ ਉਨ੍ਹਾਂ ਭਰਾਵਾਂ ਦਾ ਸ਼ੁਕਰੀਆ ਕਰਦਾ ਹਾਂ ਅਤੇ ਇਹ ਹੀ ਆਖਾਂਗਾ,
ਮਰ ਮਿਟਾ ਆਪ ਪੇ ਕੌਨ, ਆਪ ਨੇ ਯੇ ਭੀ ਨਾ ਸੁਨਾ।
ਆਪਕੀ ਜਾਨ ਸੇ ਦੂਰ ਆਪ ਸੇ ਸ਼ਿਕਵਾ ਹੈ ਮੁਝੇ।
ਖੈਰ ਇਹ ਤੁਹਾਡਾ ਕੰਮ ਹੈ ਕਿ ਤੁਸੀਂ ਸਾਡੀਆਂ ਕੁਰਬਾਨੀਆਂ ਨੂੰ ਨਾ ਮੰਨੋ ਅਤੇ ਸਾਡਾ ਕੰਮ ਹੈ ਕਿ ਤੁਸੀਂ ਵਾਰ-ਵਾਰ ਸਾਨੂੰ ਨਕਾਰੋ। ਫਿਰ ਵੀ ਅਸੀਂ ਤੁਹਾਡੇ ਹੀ ਸਾਹ ਨਾਲ ਸਾਹ ਭਰਾਂਗੇ। ਮੇਰੇ ਦੇਸ਼ ਵਾਸੀਓ! ਮੈਂ ਉਸ ਪਾਕਿ-ਪਵਿਤਰ ਵਤਨ ਦੀ ਕਸਮ ਖਾ ਕੇ ਆਖਾਂਗਾ ਕਿ ਅਸੀਂ ਆਪਣੇ ਪਿਆਰੇ ਦੇਸ਼ ਦੀ ਇਜ਼ਤ, ਆਣ ਅਤੇ ਆਬਰੂ ਖਾਤਰ ਕੁਰਬਾਨ ਹੋ ਗਏ। ਕੀ ਇਹ ਸ਼ਰਮ ਦੀ ਗੱਲ ਨਹੀਂ ਕਿ ਅਸੀਂ ਆਪਣੀਆਂ ਅੱਖਾਂ ਨਾਲ ਹਰ ਰੋਜ਼ ਨਿੱਤ ਨਵੇਂ ਜੁਰਮ ਹੁੰਦੇ ਦੇਖਦੇ ਹਾਂ ਅਤੇ ਵਿਚਾਰੇ ਗਰੀਬ ਹਿੰਦੋਸਤਾਨੀ ਸਾਰੇ ਦੇਸ਼ ਅਤੇ ਬਦੇਸ਼ਾਂ ਵਿਚ ਵੀ ਬੇਇਜ਼ਤ ਕੀਤੇ ਜਾ ਰਹੇ ਹਨ। ਉਥੇ ਬਾਹਰ ਉਨ੍ਹਾਂ ਦਾ ਨਾ ਕੋਈ ਘਰ-ਘਾਟ ਹੈ ਤੇ ਨਾ ਹੀ ਕੋਈ ਸਹਾਰਾ। ਮੁਕਦੀ ਗੱਲ ਕਿ ਸਾਡਾ ਦੇਸ਼ ਹੀ ਸਾਡਾ ਨਹੀਂ। ਜਿਥੇ ਬਦੇਸ਼ੀ ਆਪਣੀ ਮਨਮਰਜ਼ੀ ਕਰਦੇ ਹਨ। ਸਾਡੇ ਨਿਤ ਦਿਹਾੜੇ ਟੈਕਸਾਂ ਦੀ ਭਰਮਾਰ ਰਹਿੰਦੀ ਹੈ। ਸਾਡੀ ਮਾਲੀ ਹਾਲਤ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਨਿਘਰਦੀ ਜਾ ਰਹੀ ਹੈ। 33 ਕਰੋੜ ਹਿੰਦੋਸਤਾਨੀ, ਹਿੰਦੂ ਅਤੇ ਮੁਸਲਮਾਨ ਭੇਡਾਂ ਬਕਰੀਆਂ ਦੀ ਤਰ੍ਹਾਂ ਹੱਕੇ ਜਾ ਰਹੇ ਹਨ। ਸਾਡੇ ਗੋਰੇ ਆਕਾ ਅਗਰ ਸਾਨੂੰ ਠੁਡੇ ਮਾਰਦੇ ਹਨ, ਬੇਇਜ਼ਤ ਕਰਦੇ ਹਨ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ।
ਜਨਰਲ ਡਾਇਰ ਜੱਲ੍ਹਿਆਂਵਾਲੇ ਬਾਗ ਵਿਚ ਪਰਲੋ ਲਿਆ ਦੇਵੇ, ਉਸ ਜ਼ਮੀਨ ਨੂੰ ਲੋਕਾਂ ਦੇ ਖੂਨ ਨਾਲ ਲੱਥਪੱਥ ਕਰ ਦੇਵੇ, ਸਾਡੀਆਂ ਮਾਵਾਂ-ਭੈਣਾਂ ਦੀ ਬੇਇਜ਼ਤੀ ਕਰੇ, ਸਾਡੇ ਬਜ਼ੁਰਗਾਂ ਤੇ ਬੱਚਿਆਂ ਤੇ ਬੰਬ ਦੇ ਗੋਲੇ ਅਤੇ ਮਸ਼ੀਨਗਨ ਦੀਆਂ ਗੋਲੀਆਂ ਬਰਸਾਏ। ਆਉਣ ਵਾਲਾ ਹਰ ਨਵਾਂ ਦਿਨ ਸਾਡੇ ਲਈ ਮੁਸੀਬਤਾਂ ਲੈ ਕੇ ਚੜ੍ਹੇ। ਫਿਰ ਵੀ ਅਸੀਂ ਚੁਪ-ਚਾਪ ਰਹਿ ਆਪਣੀ ਐਸ਼ਪ੍ਰਸਤੀ ਵਿਚ ਆਪਣੀ ਜਵਾਨੀ ਬਿਤਾਈ ਜਾਂਦੇ ਹਾਂ। ਜ਼ਰਾ ਖਿਆਲ ਤਾਂ ਕਰੋ,
ਜਨੂਨੇ ਹੁਬੇ ਵਤਨ ਕਾ ਮਜ਼ਾ ਸ਼ਬਾਬ ਮੇ ਹੈ,
ਲਹੂ ਮੇਂ ਫਿਰ ਯੇਹ ਰਵਾਨੀ ਰਹੇ, ਰਹੇ ਨਾ ਰਹੇ।
ਜੋ ਵੀ ਕੀਤਾ, ਠੀਕ ਕੀਤਾ। ਅੱਜ ਅਸੀਂ ਨਾਕਾਮ ਰਹੇ, ਡਾਕੂ ਹਾਂ। ਜੇਕਰ ਅਸੀਂ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਂਦੇ ਤਾਂ ਦੇਸ਼ ਭਗਤਾਂ ਦੇ ਪਾਕਿ-ਪਵਿੱਤਰ ਲਕਬ ਨਾਲ ਬੁਲਾਏ ਜਾਂਦੇ ਅਤੇ ਅੱਜ ਜੋ ਸਾਡੇ ‘ਤੇ ਝੂਠੀਆਂ ਗਵਾਹੀਆਂ ਦੇ ਗਏ, ਉਹ ਹੀ ਸਾਡੇ ਨਾਮ ਦੇ ਜੈਕਾਰੇ ਗਜਾਉਂਦੇ,
ਬਹੇ ਬਹਰੇ ਫਨਾਂ ਮੇ ਯਾ ਰਬ, ਲਾਸ਼ ‘ਬਿਸਲਿਮ’ ਕੀ,
ਕਿ ਭੂਖੀ ਮਛਲੀਆਂ ਹੈਂ, ਜ਼ੌਹਰੇ ਸ਼ਮਸ਼ੀਰੇ ਕਾਤਿਲ ਕੀ।
ਆਹ! ਕੀ ਏਸ ਦੌਰ ਵਿਚ ਜ਼ਿੰਦਗੀ ਪਿਆਰੀ ਖਿਆਲ ਕੀਤੀ ਜਾ ਸਕਦੀ ਹੈ? ਜਦਕਿ ਸਾਡੇ ਆਪਣੇ ਹੀ ਸਿਆਸੀ ਗੁਟਾਂ ਵਿਚ ਝਗੜੇ ਝੰਜਟ ਮਚੇ ਹੋਏ ਹਨ। ਕਿਤੇ ਮੁਸਲਮਾਨੀ ਦਾ ਸਬਕ ਪੜ੍ਹਾਇਆ ਜਾਂਦਾ ਹੈ, ਕਿਤੇ ਹਿੰਦੂ ਮੱਤ ਦਾ ਸ਼ੁੱਧੀਕਰਨ ਪਾਠ ਪੜ੍ਹਾਇਆ ਜਾ ਰਿਹਾ ਹੈ। ਮੈਨੂੰ ਤਾਂ ਰਹਿ-ਰਹਿ ਕੇ ਅਜਿਹੇ ਦਿਮਾਗਾਂ ਅਤੇ ਅਕਲਾਂ ਉਤੇ ਤਰਸ ਆ ਰਿਹਾ ਹੈ। ਕਿਤਨੇ ਰੋਸ਼ਨ ਦਿਮਾਗ ਅਤੇ ਉਚੇ ਖਿਆਲਾਤ! ਕਾਸ਼ ਕਿ ਇਹ ਲੋਕ ਮਿਸਰ ਦੀ ਆਜ਼ਾਦੀ ਲਈ ਲੜਿਆ ਸੰਘਰਸ਼ ਅਤੇ ਉਸ ਦੀ ਸੁਤੰਤਰਤਾ ਲਈ ਲੜਨ ਵਾਲੇ ਲੋਕਾਂ ਦੇ ਕਾਰਨਾਮੇ ਅਤੇ ਬਰਤਾਨਵੀ ਸਾਮਰਾਜੀਆਂ ਦੀਆਂ ਫਰੇਬੀ ਸਿਆਸੀ ਚਾਲਾਂ ਨੂੰ ਸਟਡੀ ਕਰ ਲੈਣ ਅਤੇ ਫਿਰ ਹਿੰਦੋਸਤਾਨ ਦੀ ਮੌਜੂਦਾ ਹਾਲਤ ਨਾਲ ਤੁਲਨਾ ਕਰ ਕੇ ਵੇਖਣ, ਕੀ ਸਾਰੇ ਹਾਲਾਤ ਇਸ ਵਕਤ ਅੱਜ ਵੀ ਨਹੀਂ ਹਨ? ਸਰਕਾਰ ਦੇ ਖੁਫੀਆ ਏਜੰਟ ਇਹ ਸਾਰਾ ਪ੍ਰਾਪੇਗੰਡਾ ਮਜ਼ਹਬੀ ਬੁਨਿਆਦ ‘ਤੇ ਫੈਲਾ ਰਹੇ ਹਨ। ਇਨ੍ਹਾਂ ਲੋਕਾਂ ਦਾ ਮਕਸਦ ਮਜ਼ਹਬ ਦੀ ਹਿਫਾਜ਼ਤ ਜਾਂ ਤਰੱਕੀ ਕਰਨਾ ਨਹੀਂ ਹੈ ਸਗੋਂ ਚਲਦੀ ਗੱਡੀ ਵਿਚ ਰੋੜੇ ਅਟਕਾਉਣਾ ਹੈ।
ਮੇਰੇ ਕੋਲ ਹੁਣ ਸਮਾਂ ਨਹੀਂ ਹੈ ਅਤੇ ਨਾ ਮੌਕਾ, ਨਹੀਂ ਤੇ ਸਭਾ ਦਾ ਕੱਚਾ ਚਿੱਟਾ ਖੋਲ੍ਹ ਕੇ ਰੱਖ ਦਿੰਦਾ ਜੋ ਮੈਨੂੰ ਗੁਪਤਵਾਸ ਅਤੇ ਉਸ ਦੇ ਬਾਅਦ ਪਤਾ ਲੱਗਾ। ਜਿਥੋਂ ਤਕ ਮੈਨੂੰ ਪਤਾ ਹੈ ਕਿ ਮੌਲਵੀ ਨਿਜ਼ਾਮ ਤੁਲਾ ਕਾਦਿਆਨੀ ਕੌਣ ਸੀ ਜੋ ਕਾਬਲ ਵਿਚ ਸੰਗਮਾਰ ਕੀਤਾ ਗਿਆ (ਪੱਥਰ ਮਾਰ ਕੇ ਮਾਰ ਦੇਣਾ)। ਉਹ ਬ੍ਰਿਟਿਸ਼ ਏਜੰਟ ਸੀ ਜਿਸ ਕੋਲ ਖਾਨ ਬਹਾਦੁਰ ਹੁਸੈਨ ਸਾਹਿਬ ਜਿਹੜੇ ਭਾਰਤੀ ਬਰਤਾਨਵੀ ਸਰਕਾਰ ਦੇ ਸੀ.ਆਈ.ਡੀ. ਦਾ ਡਿਪਟੀ ਸੁਪਰਟੈਡੈਂਟ ਸੀ। ਸਰਕਾਰ ਦਾ ਇਕ ਗੁਪਤ ਸੁਨੇਹਾ ਲੈ ਕੇ ਗਿਆ ਸੀ ਪਰ ਕਾਬਲ ਸਰਕਾਰ ਨੇ ਸਮਝਦਾਰੀ ਤੋਂ ਕੰਮ ਲੈਦਿਆਂ ਬੀਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ।
ਮੈਂ ਆਪਣੇ ਹਿੰਦੂਆਂ ਅਤੇ ਮੁਸਲਮਾਨ ਭਾਈਆਂ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਸਭ ਢੌਂਗ ਹੈ ਜੋ ਸੀ.ਆਈ.ਡੀ. ਦੇ ਖੁਫੀਆ ਖਜ਼ਾਨੇ ਦੇ ਪੈਸੇ ਨਾਲ ਕੀਤਾ ਜਾ ਰਿਹਾ ਹੈ। ਮੈਂ ਮਰ ਰਿਹਾ ਹਾਂ ਅਤੇ ਦੇਸ਼ ਲਈ ਮਰ ਰਿਹਾ ਹਾਂ। ਮੇਰਾ ਫਰਜ਼ ਬਣਦਾ ਹੈ ਕਿ ਹਰ ਚੰਗੀ ਮਾੜੀ ਗੱਲ ਆਪਣੇ ਦੇਸ਼ ਵਾਸੀਆਂ ਤੱਕ ਪਹੁੰਚਾ ਦੇਵਾਂ। ਇਸ ਨੂੰ ਮੰਨਣਾ ਅਤੇ ਨਾ ਮੰਨਣਾ ਉਨ੍ਹਾਂ ਦਾ ਕੰਮ ਹੈ। ਦੇਸ਼ ਦੇ ਵੱਡੇ-ਵੱਡੇ ਲੋਕ ਇਸ ਤੋਂ ਬਚੇ ਹੋਏ ਨਹੀਂ ਹਨ। ਬਸ ਲੋੜ ਹੈ ਤਾਂ ਅਵਾਮ ਨੂੰ ਅੱਖਾਂ ਖੋਲ੍ਹ ਕੇ ਪੈਰਵਾਈ ਕਰਨੀ ਚਾਹੀਦੀ ਹੈ।
ਭਰਾਵੋ ਤੁਹਾਡੀ ਖਾਨਾਜੰਗੀ, ਤੁਹਾਡੀ ਆਪਸੀ ਫੁੱਟ ਤੁਹਾਡੇ ਦੋਹਾਂ ਵਿਚੋਂ ਕਿਸੇ ਨੂੰ ਵੀ ਫਾਇਦੇਮੰਦ ਨਹੀਂ ਹੋਣ ਲੱਗੀ। ਇਹ ਕਦੀ ਹੋ ਹੀ ਨਹੀਂ ਸਕਦਾ ਕਿ 7 ਕਰੋੜ ਮੁਸਲਮਾਨ ਬਣਾ ਲਏ ਜਾਣ। ਹਾਂ, ਇਹ ਅਸਾਨ ਹੈ ਅਤੇ ਬਿਲਕੁਲ ਅਸਾਨ ਕਿ ਸਾਰੇ ਮਿਲ ਕੇ ਸ਼ੁਧ ਹੋ ਜਾਣ (ਹਿੰਦੂਆਂ ਵਿਚ ਆਪਣੇ ਧਰਮ ਵਿਚ ਪ੍ਰਵੇਸ਼ ਕਰਾਉਣ ਨੂੰ ਸ਼ੁਧੀ ਕਰਨ ਕਿਹਾ ਜਾਂਦਾ ਹੈ) ਅਤੇ ਵੈਸੇ ਵੀ ਇਕ ਆਮ ਜਿਹੀ ਗੱਲ ਹੈ ਕਿ 22 ਕਰੋੜ ਹਿੰਦੂ-ਮੁਸਲਮਾਨ ਗੁਲਾਮੀ ਦਾ ਤੌਕ ਆਪਣੇ ਗਲ ਵਿਚ ਪਾ ਲੈਣ। ਇਹ ਉਹ ਕੌਮ ਹੈ ਜਿਸ ਦਾ ਕੋਈ ਆਪਣਾ ਝੰਡਾ ਹੀ ਨਹੀਂ। ਇਹ ਕਿ ਤੇਰਾ ਵਤਨ ਮੇਰਾ ਵਤਨ ਨਹੀਂ। ਉਹ ਜੋ ਦੂਸਰਿਆਂ ਵੱਲ ਹੱਥ ਅੱਡੀ ਰਹਿਮ ਦੀ ਭੀਖ ਮੰਗਣ ਵਾਲੀ ਬੇਬਸ ਕੌਮ ਤੇਰੀ ਆਪਣੀਆਂ ਗਲਤੀਆਂ ਦਾ ਹੀ ਨਤੀਜਾ ਹੈ ਕਿ ਤੂੰ ਗੁਲਾਮ ਹੈਂ। ਫਿਰ ਵੀ ਉਹ ਹੀ ਗਲਤੀਆਂ ਕਰ ਰਹੀ ਹੈ ਕਿ ਆਉਣ ਵਾਲੀ ਨਸਲ ਲਈ ਗੁਲਾਮੀ ਦਾ ਦੱਬਾ ਛੱਡਾ ਜਾਵੇਂਗੀ। ਜੋ ਵੀ ਸਰਜ਼ਮੀਨ ਹਿੰਦ ‘ਤੇ ਕਦਮ ਰੱਖੇਗਾ, ਗੁਲਾਮੀ ਵਿਚ ਹੀ ਰੱਖੇਗਾ ਅਤੇ ਗੁਲਾਮ ਹੀ ਬਣੇਗਾ। ਹੇ! ਪਾਕਿ ਖੁਦਾ ਕੀ ਕਦੀ ਕੋਈ ਐਸਾ ਸਵੇਰਾ ਨਹੀਂ ਆਏਗਾ, ਜਦੋਂ ਸਵੇਰ ਦਾ ਸੂਰਜ ਆਜ਼ਾਦ ਹਿੰਦੋਸਤਾਨ ਵਿਚ ਚਮਕੇਗਾ ਅਤੇ ਹਿੰਦ ਦੀ ਫਿਜ਼ਾ ਆਜ਼ਾਦੀ ਦੇ ਨਾਹਰਿਆਂ ਨਾਲ ਗੂੰਜ ਉਠੇ।
ਕਾਂਗਰਸ ਵਾਲੇ ਹੋਣ ਜਾਂ ਸੋਰਾਜਿਸਟ (ਸਵਰਾਜਵਾਦੀ), ਤਬਲੀ ਗਵਾਲੇ ਹੋਣ ਜਾਂ ਸ਼ੁਧੀ ਵਾਲੇ (ਹਿੰਦੂਵਾਦੀ), ਕਮਿਊਨਿਸਟ ਹੋਣ ਜਾਂ ਰੈਵੋਲੂਸ਼ਨਰੀ, ਅਕਾਲੀ ਹੋਣ ਜਾਂ ਬੰਗਾਲੀ, ਮੇਰਾ ਪੈਗਾਮ ਭਾਰਤ ਦੇ ਹਰ ਇਕ ਫਰਜ਼ੰਦ ਨੂੰ ਪਹੁੰਚੇ। ਮੈਂ ਹਰ ਇਕ ਦੇਸ਼ਵਾਸੀ ਨੂੰ ਉਸ ਦੀ ਇਜ਼ਤ ਆਬਰੂ ਅਤੇ ਉਸ ਦੇ ਧਰਮ ਦਾ ਵਾਸਤਾ ਦਿੰਦਾ ਹਾਂ, ਜੇਕਰ ਉਹ ਮਹਿਜ਼ ਧਰਮ ਦਾ ਕਾਇਲ ਨਹੀਂ ਤਾਂ ਜੋ ਵੀ ਉਸ ਦਾ ਇਸ਼ਟ ਹੈ। ਅਪੀਲ ਕਰਦਾ ਹਾਂ, ਤੁਸੀਂ ਸਾਡੇ ਕਕੋਰੀ ਕਾਂਡ ਦੇ ਮਰ ਜਾਣ ਵਾਲੇ ਨੌਜਵਾਨਾਂ ‘ਤੇ ਤਰਸ ਕਰੋ। ਇਕ ਵਾਰ ਫਿਰ ਹਿੰਦੋਸਤਾਨ ਨੂੰ ਸੰਨ 1920-21 ਵਾਲਾ ਹਿੰਦੋਸਤਾਨ ਬਣਾ ਦਿਓ। ਫਿਰ ਅਹਿਮਦਾਬਾਦ ਕਾਂਗਰਸ ਵਾਲਾ ਆਪਸੀ ਭਾਈਚਾਰਾ ਦੇ ਇਕਮੁਠ ਹੋਣ ਦਾ ਨਜ਼ਾਰਾ ਸਾਹਮਣੇ ਦੇਖਣ ਨੂੰ ਮਿਲੇ ਸਗੋਂ ਉਸ ਨਾਲੋਂ ਵੀ ਵਧ ਕੇ ਪੂਰਨ ਆਜ਼ਾਦੀ ਦਾ ਜਲਦੀ ਤੋਂ ਜਲਦੀ ਐਲਾਨ ਕਰਕੇ ਇਨ੍ਹਾਂ ਗੋਰੇ ਮਾਲਕ ਬਣੇ ਫਰੰਗੀਆਂ ਨੂੰ ਦੇਸ਼ ਵਿਚੋਂ ਵਗ੍ਹਾ ਮਾਰੋ ਕਿ ਇਹ ਕਾਲੇ ਲੋਕ ਹੁਣ ਆਪਣੀ ਕੁੰਜ ਉਤਾਰ ਚੁਕੇ ਹਨ। ਹੁਣ ਤੁਹਾਡਾ ਕੋਈ ਵੀ ਮੰਤਰ ਇਨ੍ਹਾਂ ਨੂੰ ਤੁਹਾਡੇ ਵੱਸ ਵਿਚ ਨਹੀਂ ਕਰ ਸਕਦਾ।
ਐ ਕਲਮਾ ਪੜ੍ਹਾ ਕੇ ਮੁਸਲਮਾਨ ਬਣਾਉਣ ਵਾਲਿਓ! ਓਏ ਸ਼ੁਧੀਕਰਨ ਕਰਕੇ ਹਿੰਦੂ ਮੱਤ ਵਿਚ ਦਾਖਲ ਕਰਨ ਵਾਲਿਓ! ਜੇ ਤੁਹਾਡੇ ਵਿਚ ਥੋੜ੍ਹੀ ਜਿਹੀ ਵੀ ਗੈਰਤ ਹੈ ਤਾਂ ਇਨ੍ਹਾਂ ਸਭ ਮਜ਼ਹਬੀ ਝਗੜੇ ਝੇੜਿਆਂ ਤੋਂ ਉਪਰ ਉਠ ਕੇ ਆਪਣੀਆਂ ਅੱਖਾਂ ਖੋਲ੍ਹੋ, ਅਸੀਂ ਕੀ ਸੀ ਤੇ ਕਿਥੇ ਪਹੁੰਚ ਗਏ ਹਾਂ। ਆਪਣੀ ਝੂਠੀ ਸ਼ਾਨ ਨੂੰ ਖਤਮ ਕਰੋ! ਉਏ ਜ਼ਰਾ ਸੋਚੋ ਤਾਂ ਸਹੀ, ਫਜ਼ੂਲ ਹੀ ਮਜ਼ਹਬੀ ਝਗੜੇ ਅਤੇ ਬਖੇੜੇ ਖੜ੍ਹੇ ਕਰ ਦੰਗਾ ਫਸਾਦਾਂ ਵਿਚ ਉਲਝ ਗਏ। ਜੋ ਜ਼ਰੂਰੀ ਕੰਮ ਸੀ, ਦੇਸ਼ ਦੀ ਅਜ਼ਾਦੀ ਦੀ ਜੰਗ ਦਾ, ਉਸ ਨੂੰ ਨਾ ਮੁਕੰਮਲ ਛੱਡ ਕੇ ਦੂਜੇ ਪਾਸੇ ਮੁੜ ਗਏ। ਅੱਜ ਕਿਹੜਾ ਹਿੰਦੂ ਜਾਂ ਮੁਸਲਮਾਨ ਹੈ ਜੋ ਮਹਜ਼ਬ ਦੀ, ਧਰਮ ਦੀ ਆਜ਼ਾਦੀ ਉਨੀ ਹੀ ਰੱਖਦਾ ਹੈ ਜਿੰਨਾ ਉਸ ਦਾ ਹੱਕ ਹੈ। ਕੀ ਗੁਲਾਮ ਕੌਮਾਂ ਦਾ ਵੀ ਕੋਈ ਮਜ਼ਹਬ ਜਾਂ ਧਰਮ ਹੁੰਦਾ ਹੈ? ਤੁਸੀਂ ਆਪਣੇ ਮਜ਼ਹਬ ਦਾ ਕੀ ਸੁਧਾਰ ਕਰ ਸਕਦੇ ਹੋ? ਤੁਸੀਂ ਰੱਬ ਦੀ ਇਬਾਦਤ ਆਜ਼ਾਦੀ ਨਾਲ ਕਰੋ, ਤੁਸੀਂ ਈਸ਼ਵਰ ਦਾ ਧਿਆਨ ਖਾਮੋਸ਼ੀ ਨਾਲ ਕਰੋ ਅਤੇ ਦੋਵੇਂ ਮਿਲ ਕੇ ਇਸ ਸਫੈਦ ਭੂਤ ਨੂੰ ਆਪਸੀ ਏਕਤਾ ਦੇ ਜੰਤਰ ਮੰਤਰ ਨਾਲ ਮਾਰ ਭਜਾਓ! ਦੇਸ਼ ਵਿਚੋਂ ਇਹਦੀਆਂ ਜੜ੍ਹਾਂ ਹੀ ਪੁੱਟ ਸੁੱਟੋ। ਸਭ ਫਿਰਕੂ ਫਸਾਦ ਏਸੇ ਦੀ ਹੀ ਕਾਰਸ਼ੈਤਾਨੀ ਹੈ। ਜਦੋਂ ਇਹ ਭੂਤ ਉਤਰ ਜਾਏਗਾ ਤਾਂ ਫਿਰ ਸਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ। ਆਓ! ਸਾਡੀ ਵੀ ਗੱਲ ਸੁਣੋ, ਪਹਿਲਾਂ ਹਿੰਦੋਸਤਾਨ ਨੂੰ ਆਜ਼ਾਦ ਕਰਾਓ, ਫਿਰ ਕੁਝ ਹੋਰ ਸੋਚਣਾ। ਖੁਦਾ ਨੇ ਜਿਸ ਲਈ ਜੋ ਵੀ ਰਸਤਾ ਤੈਅ ਕਰ ਰੱਖਿਆ ਹੈ, ਉਹ ਉਸ ‘ਤੇ ਹੀ ਰਹੇਗਾ। ਤੁਸੀਂ ਕਿਸੇ ਨੂੰ ਵੀ ਹਟਾ ਨਹੀਂ ਸਕਦੇ। ਤੁਸੀਂ ਆਪਸ ਵਿਚ ਮਿਲ-ਜੁਲ ਕੇ ਰਹੋ ਅਤੇ ਇਕਮੁੱਠ ਹੋ ਜਾਓ, ਨਹੀਂ ਤਾਂ ਹਿੰਦੋਸਤਾਨ ਦੀ ਬਦਕਿਸਮਤੀ ਦਾ ਭਾਰ ਤੁਹਾਡੀ ਧੌਣ ‘ਤੇ ਹੈ ਅਤੇ ਤੁਹਾਡੀ ਗੁਲਾਮੀ ਦਾ ਕਾਰਨ ਤੁਸੀਂ ਖੁਦ ਹੀ ਹੋ।
ਕਮਿਊਨਿਸਟ ਗਰੁਪ ਨੂੰ ਅਸ਼ਫਾਕ ਦੀ ਬੇਨਤੀ ਹੈ ਕਿ ਤੁਸੀਂ ਗੈਰ ਮੁਲਕ ਦਾ ਜੋ ਇਤਿਹਾਸ ਲੈ ਕੇ ਜਦੋਂ ਹਿੰਦੋਸਤਾਨ ਵਿਚ ਆਏ ਤਾਂ ਤੁਸੀਂ ਆਪਣੇ ਆਪ ਨੂੰ ਗੈਰ ਮੁਲਕੀ ਬਦੇਸ਼ੀ ਹੀ ਤਸੱਵਰ ਕਰਦੇ ਰਹੇ। ਦੇਸ਼ੀ ਚੀਜ਼ਾਂ ਨੂੰ ਨਫਰਤ, ਬਦੇਸ਼ੀ ਪਹਿਰਾਵਾ, ਰਹਿਣ ਸਹਿਣ ਵੀ ਬਦੇਸ਼ੀ ਢੰਗ ਦਾ। ਅੰਤਾਂ ਦਾ ਇਸ਼ਕ ਉਨ੍ਹਾਂ ਚੀਜ਼ਾਂ ਨਾਲ। ਇਸ ਤਰ੍ਹਾਂ ਕੰਮ ਨਹੀਂ ਚਲੇਗਾ। ਮੈਂ ਆਖਦਾ ਹਾਂ ਕਿ ਆਪਣੇ ਅਸਲੀ ਰੰਗ ਵਿਚ ਆ ਜਾਓ, ਆਪਣੇ ਦੇਸ਼ ਵਾਸੀਆਂ ਵਰਗੇ ਬਣ ਕੇ ਰਹੋ। ਜੇ ਜੀਣਾ ਹੈ ਤਾਂ ਦੇਸ਼ ਲਈ ਜੀਓ, ਮਰਨਾ ਹੈ ਤਾਂ ਦੇਸ਼ ਲਈ ਮਰੋ। ਮੈਂ ਤੁਹਾਡੇ ਨਾਲ ਕਾਫੀ ਮੁਤਫਿਕ (ਸਹਿਮਤ) ਹਾਂ ਅਤੇ ਕਹਾਂਗਾ ਕਿ ਮੇਰਾ ਦਿਲ ਗਰੀਬਾਂ ਕਿਸਾਨਾਂ ਲਈ ਅਤੇ ਦੁਖੀ ਮਜ਼ਦੂਰਾਂ ਲਈ ਹਮੇਸ਼ਾ ਦੁਖੀ ਰਿਹਾ ਹੈ। ਮੈਂ ਆਪਣੀ ਫਰਾਰੀ ਦੇ ਦਿਨਾਂ ਵਿਚ ਵੀ ਅਕਸਰ ਇਨ੍ਹਾਂ ਦੀ ਹਾਲਤ ਦੇਖ ਕੇ ਰੋਂਦਾ ਰਿਹਾ ਹਾਂ, ਕਿਉਂਕਿ ਮੈਨੂੰ ਇਨ੍ਹਾਂ ਦੇ ਨਾਲ ਦਿਨ ਕਟੀ ਕਰਨ ਦਾ ਮੌਕਾ ਮਿਲਿਆ ਹੈ। ਜੇਕਰ ਮੈਨੂੰ ਪੁਛੋ ਤਾਂ ਮੈਂ ਕਹਾਂਗਾ ਕਿ ਜੇਕਰ ਮੇਰਾ ਵੱਸ ਚਲੇ ਤਾਂ ਮੈਂ ਦੁਨੀਆਂ ਦੀ ਹਰ ਸੰਭਵ ਚੀਜ਼ ਇਨ੍ਹਾਂ ਦੀ ਝੋਲੀ ਪਾ ਦਿਆਂ। ਸਾਡੇ ਸ਼ਹਿਰਾਂ ਦੀ ਰੌਣਕ ਇਨ੍ਹਾਂ ਦੀ ਬਦੌਲਤ ਹੀ ਹੈ। ਸਾਰੇ ਕਾਰਖਾਨੇ ਇਨ੍ਹਾਂ ਦੀ ਵਜਾਹ ਨਾਲ ਅਬਾਦ ਹਨ ਤੇ ਕੰਮ ਕਰ ਰਹੇ ਹਨ। ਸਾਡੇ ਪੰਪ, ਨਲਕੇ ਇਨ੍ਹਾਂ ਦੇ ਹੱਥਾਂ ਨਾਲ ਹੀ ਪਾਣੀ ਕੱਢਦੇ ਹਨ। ਗੱਲ ਕੀ, ਦੁਨੀਆਂ ਦਾ ਹਰ ਇਕ ਕੰਮ ਇਨ੍ਹਾਂ ਦੀ ਬਦੌਲਤ ਹੋ ਰਿਹਾ ਹੈ। ਗਰੀਬ ਕਿਸਾਨ ਬਰਸਾਤ ਦੇ ਮੋਹਲੇਧਾਰ ਮੀਂਹ ਅਤੇ ਵੈਸਾਖ, ਜੇਠ, ਹਾੜ੍ਹ ਦੀਆਂ ਭੱਠੀ ਵਾਂਗ ਤਪਦੀਆਂ ਤਿਖੜ ਦੁਪਿਹਿਰਾਂ ਨੂੰ ਖੇਤਾਂ ਵਿਚ ਕੰਮ ਕਰਦੇ, ਰਾਤ-ਬਰਾਤੇ ਖੇਤਾਂ ਦੇ ਵੱਟਾਂ-ਬੰਨਿਆਂ ‘ਤੇ ਸੱਪਾਂ ਦੀਆਂ ਸਿਰੀਆਂ ਮਿਧਦੇ, ਜੰਗਲਾਂ ਵਿਚ ਖੂੰਖਾਰ ਜਾਨਵਰਾਂ ਦਾ ਸਾਹਮਣਾ ਕਰਦੇ ਪੂਰੀ ਲੋਕਾਈ ਲਈ ਖਾਧ-ਖੁਰਾਕ ਪੈਦਾ ਕਰਦੇ। ਇਹ ਵੀ ਬਿਲਕੁਲ ਸੱਚ ਹੈ ਕਿ ਜੋ ਉਹ ਪੈਦਾ ਕਰਦੇ ਹਨ, ਜੋ ਮਜ਼ਦੂਰ ਬਣਾਉ.ਂਦੇ ਹਨ, ਉਸ ਵਿਚ ਉਨ੍ਹਾਂ ਦਾ ਹਿਸਾ ਨਹੀਂ ਹੁੰਦਾ। ਉਹ ਹਮੇਸ਼ਾ ਫਟੇਹਾਲ ਹੀ ਰਹਿੰਦੇ ਹਨ। ਮੈਂ ਇਤਫਾਕ ਕਰਦਾ ਹਾਂ ਕਿ ਇਨ੍ਹਾਂ ਤਮਾਮ ਮੁਸੀਬਤਾਂ ਦੀ ਜੜ੍ਹ ਅਤੇ ਇਸ ਦੇ ਜ਼ਿੰਮੇਵਾਰ ਸਾਡੇ ਗੋਰੇ ਆਕਾ ਅਤੇ ਉਨ੍ਹਾਂ ਦੇ ਜੁੱਤੀ-ਚੱਟ ਦਲਾਲ ਹੀ ਹਨ ਪਰ ਇਸ ਦਾ ਇਲਾਜ ਕੀ ਹੈ। ਇਸ ਦਾ ਇਕ ਵਾਹਿਦ ਉਪਾਅ ਇਹ ਹੈ ਕਿ ਤੁਸੀਂ ਉਨ੍ਹਾਂ ਵਰਗਾ ਹੀ ਤੌਰ ਤਰੀਕਾ ਅਪਣਾਉ। ਇਹ ਜੈਂਟਲਮੈਨੀ ਛੱਡ ਕੇ ਪਿੰਡਾਂ ਦੇ ਚੱਕਰ ਲਾਓ, ਕਾਰਖਾਨਿਆਂ ਵਿਚ ਡੇਰੇ ਬਣਾਓ, ਉਨ੍ਹਾਂ ਦੀ ਹਾਲਤ ਨੂੰ ਸਟਡੀ ਕਰੋ, ਉਨ੍ਹਾਂ ਵਿਚ ਵਿਸ਼ਵਾਸ ਪੈਦਾ ਕਰੋ। ਵਿਚਾਰਾਂ ਨਾਲ ਉਨ੍ਹਾਂ ਵਿਚ ਜਾਗਰਤੀ ਲਿਆਓ।
ਤੁਸੀਂ ਕੈਥਰੀਨ, ਗਰੈਂਡ ਮਦਰ ਆਫ ਰਸ਼ੀਆ ਦਾ ਜੀਵਨ ਚਰਿਤਰ ਪੜ੍ਹੋ ਅਤੇ ਉਥੋਂ ਦੇ ਨੌਜਵਾਨਾਂ ਦੀਆਂ ਕੁਰਬਾਨੀਆਂ ਦੇਖੋ। ਤੁਸੀਂ ਕਾਲਰ ਟਾਈ, ਵਧੀਆ ਤੋਂ ਵਧੀਆ ਸੂਟ ਬੂਟ ਪਹਿਨ ਕੇ ਲੀਡਰ ਤਾਂ ਜ਼ਰੂਰ ਬਣ ਸਕਦੇ ਹੋ, ਮਗਰ ਕਿਸਾਨਾਂ ਅਤੇ ਮਜ਼ਦੂਰਾਂ ਲਈ ਫਾਇਦੇਮੰਦ ਸਾਬਿਤ ਨਹੀਂ ਹੋ ਸਕਦੇ। ਰਾਜਨੀਤਕ ਜਮਾਤਾਂ ਨਾਲ ਮਿਲ ਕੇ ਕੰਮ ਕਰੋ। ਆਪਣੇ ਅਮੀਰ ਪਿਛੋਕੜ ਵਾਲੀ ਵਡਿਤਣਤਾ ਤੋਂ ਕਿਨਾਰਾ ਕਰੋ। ਇਹ ਫਜ਼ੂਲ ਹੈ ਜਿਸ ਨੇ ਤੁਹਾਨੂੰ ਦੂਸਰੀਆਂ ਜਮਾਤਾਂ ਤੋਂ ਅਲੱਗ ਕਰ ਰੱਖਿਆ ਹੈ। ਮੇਰੇ ਦਿਲ ਵਿਚ ਤੁਹਾਡੀ ਇਜ਼ਤ ਹੈ। ਮੈਂ ਮਰਦੇ ਹੋਏ ਆਖਰੀ ਵਕਤ ਵੀ ਤੁਹਾਡੇ ਸਿਆਸੀ ਮਕਸਦ ਨਾਲ ਬਿਲਕੁਲ ਸਹਿਮਤ ਹਾਂ। ਮੈਂ ਹਿੰਦੋਸਤਾਨ ਦੀ ਐਸੀ ਆਜ਼ਾਦੀ ਦਾ ਖਾਹਿਸ਼ਮੰਦ ਹਾਂ ਜਿਸ ਵਿਚ ਗਰੀਬ ਖੁਸ਼ ਅਤੇ ਅਰਾਮ ਨਾਲ ਰਹਿਣ ਅਤੇ ਸਭ ਬਰਾਬਰ ਹੋਣ। ਮੇਰੇ ਬਾਅਦ ਇਹ ਦਿਨ ਛੇਤੀ ਹੀ ਆਵੇਗਾ। ਜਦੋਂ ਕਿ ਸ਼ਤਰ ਮੰਜ਼ਿਲ (ਵੱਡੀ ਹਵੇਲੀਨੁਮਾ ਇਮਾਰਤ ਜਿਹੜੀ ਗੋਮਤੀ ਨਦੀ ਦੇ ਕਿਨਾਰੇ ਬਣੀ ਹੋਈ ਹੈ) ਲਖਨਊ ਵਿਚ ਅਬਦੁਲਾ ਮਿਸਤਰੀ ਲੋਕੋ ਵਰਕਸ਼ਾਪ, ਧਨੀਆਂ ਚਮਾਰ ਅਤੇ ਕਿਸਾਨ ਵੀ ਮਿਸਟਰ ਖੁਲੀ ਕੁਜ਼ਮਾਂ, ਜਗਤ ਨਰਾਇਣ ਮੁੱਲਾ ਅਤੇ ਰਾਜਾ ਸਾਹਿਬ ਮਹਿਮੂਦਾਬਾਦ ਦੇ ਸਾਹਮਣੇ ਕੁਰਸੀ ‘ਤੇ ਬੈਠੇ ਦਿਖਾਈ ਦੇਣਗੇ।
ਮੇਰੇ ਕਾਮਰੇਡੋ, ਮੇਰੇ ਇਨਕਲਾਬੀ ਭਰਾਵੋ, ਮੈਂ ਤੁਹਾਨੂੰ ਕੀ ਕਹਾਂ ਅਤੇ ਤੁਹਾਨੂੰ ਕੀ ਲਿਖਾਂ। ਇਹ ਤੁਹਾਡੇ ਲਈ ਕੋਈ ਘੱਟ ਖੁਸ਼ੀ ਦੀ ਗੱਲ ਨਹੀਂ ਹੋਵੇਗੀ ਜਦੋਂ ਤੁਸੀਂ ਇਹ ਸੁਣੋਗੇ ਕਿ ਤੁਹਾਡਾ ਇਕ ਸਾਥੀ ਹੱਸਦਾ ਹੋਇਆ ਫਾਂਸੀ ਚੜ੍ਹ ਗਿਆ ਅਤੇ ਮਰਦੇ ਦਮ ਤੱਕ ਉਹ ਬਹੁਤ ਖੁਸ਼ ਸੀ। ਮੈਂ ਜਾਣਦਾ ਹਾਂ ਕਿ ਤੁਹਾਡੇ ਦਲ ਵਿਚ ਬਹੁਤ ਸਪਿਰਿਟ ਹੈ। ਮੈਨੂੰ ਵੀ ਮਾਣ ਹੈ ਅਤੇ ਬਹੁਤ ਜ਼ਿਆਦਾ ਫਖਰ। ਮੈਂ ਤੁਹਾਡੇ ਵਿਚੋਂ ਹਾਂ ਅਤੇ ਇਕ ਸੱਚਾ ਇਨਕਲਾਬੀ ਹੋ ਕੇ ਸ਼ਹਾਦਤ ਦਾ ਜਾਮ ਪੀ ਰਿਹਾ ਹਾਂ। ਮੇਰਾ ਫਰਜ਼ ਸੀ ਕਿ ਮੈਂ ਆਪਣਾ ਪੈਗਾਮ ਤੁਹਾਡੇ ਤੱਕ ਪੁੱਜਦਾ ਕਰਾਂ। ਮੈਂ ਖੁਸ਼ ਹਾਂ ਅਤੇ ਬਹੁਤ ਰੁਝਿਆ ਹੋਇਆ ਹਾਂ। ਮੈਂ ਉਸ ਸਿਪਾਹੀ ਦੀ ਤਰ੍ਹਾਂ ਹਾਂ ਜੋ ਫਾਇਰਿੰਗ ਲਾਈਨ ‘ਤੇ ਹੱਸਦਾ-ਹੱਸਦਾ ਚਲਾ ਜਾ ਰਿਹਾ ਹੋਵੇ ਅਤੇ ਮੋਰਚੇ ਵਿਚ ਵੀ ਬੈਠਾ ਗਾ ਰਿਹਾ ਹੋਵੇ। ਤੁਹਾਨੂੰ ਦੋ ਸ਼ਿਅਰ ਹਸਰਤ ਮੋਹਾਨੀ ਸਾਹਿਬ ਦੇ ਲਿਖ ਰਿਹਾ ਹਾਂ:
ਜਾਨ ਕੋ ਮਹਣੇ ਗਮ ਬਨਾ ਦਿਲ ਕੋ ਵਫਾ ਨਿਹਾਦ ਕਰ,
ਬੰਦ-ਏ-ਇਸ਼ਕ ਹੈ ਤੋ ਯੂ ਕਤਾ ਰਹੇ ਮੁਰਾਦ ਕਰ।
ਏ ਕਿ ਨਿਜਾਤੇ ਹਿੰਦ ਕੀ ਦਿਲ ਸੇ ਹੈ ਤੁਝਕੋ ਆਰਜ਼ੂ,
ਹਿਮਤੇ ਸਰ ਬੁਲੰਦ ਸੇ ਖਾਸ ਯਾ ਇੰਸਦਾਦ ਕਰ।
ਹਜ਼ਾਰਾਂ ਮੁਸੀਬਤਾਂ ਕਿਉਂ ਨਾ ਹੋਣ, ਸਮੁੰਦਰ ਦੇ ਝੱਖੜੀ ਤੂਫਾਨ ਜਿਹੀਆਂ ਉਚੀਆਂ ਤੂਫਾਨੀ ਲਹਿਰਾਂ ਅਤੇ ਭਾਵੇਂ ਅੱਗ ਦਾ ਪਹਾੜ ਕਿਉਂ ਨਾ ਸਾਹਮਣੇ ਹੋਵੇ। ਹਾਲਾਤ ਕਿਹੋ ਜਿਹੇ ਵੀ ਹੋਣ, ਮਗਰ ਐ ਆਜ਼ਾਦੀ ਦੇ ਸ਼ੇਰੋ, ਆਪਣੇ ਤੱਤੇ ਲਹੂ ਨੂੰ ਮਾਤ ਭੂਮੀ ‘ਤੇ ਛਿੜਕਦੇ ਹੋਏ ਆਪਣੇ ਪ੍ਰਾਣਾਂ ਨੂੰ ਮਾਤ ਭੂਮੀ ਦੀ ਦੇਵੀ ‘ਤੇ ਕੁਰਬਾਨ ਕਰਦੇ ਹੋਏ ਅੱਗੇ ਵਧਦੇ ਜਾਓ। ਕੀ ਤੁਹਾਨੂੰ ਖੁਸ਼ੀ ਨਹੀਂ ਹੋਵੇਗੀ, ਜਦੋਂ ਤੁਹਾਨੂੰ ਇਹ ਖਬਰ ਮਿਲੇਗੀ ਕਿ ਅਸੀਂ ਕਿਸ ਤਰ੍ਹਾਂ ਹੱਸਦੇ ਵਤਨ ਦੀ ਖਾਤਰ ਫਾਂਸੀ ‘ਤੇ ਝੂਲ ਗਏ।
ਮੈਂ ਤੁਹਾਨੂੰ ਇਕ ਹੋਰ ਗੱਲ ਦੱਸ ਦੇਵਾਂ ਕਿ ਮੇਰਾ ਵਜ਼ਨ ਜ਼ਰੂਰ ਘੱਟ ਗਿਆ ਹੈ। ਉਹ ਡਰ ਜਾਂ ਦਹਿਸ਼ਤ ਕਰਕੇ ਨਹੀਂ ਸਗੋਂ ਘੱਟ ਖੁਰਾਕ ਖਾਣ ਕਰਕੇ ਹੈ। ਕਿਉਂਕਿ ਮੈਂ ਅੱਜ ਕੱਲ੍ਹ ਪੜ੍ਹਨ ਲਿਖਣ ‘ਤੇ ਬਹੁਤਾ ਸਮਾਂ ਦੇ ਰਿਹਾ ਹਾਂ। ਹਾਂ ਇਕ ਗੱਲ ਜ਼ਰੂਰ ਹੈ ਕਿ ਮੈਂ ਆਪਣੇ ਸਾਥੀ ਕੰਨੀਆ ਲਾਲ ਦੱਤ ਵਾਂਗ ਤੂੜ ਤੂੜ ਕੇ ਖਾ ਅਤੇ ਰਾਤ ਦਿਨ ਸੌਂ ਕੇ ਆਪਣਾ ਵਜ਼ਨ ਨਹੀਂ ਵਧਾ ਸਕਿਆ। ਪਰ ਮੈਂ ਖੁਸ਼ ਹਾਂ ਅਤੇ ਬਹੁਤ ਖੁਸ਼। ਕੀ ਮੇਰੇ ਲਈ ਇਸ ਤੋਂ ਵੀ ਕੋਈ ਵੱਡੀ ਇਜ਼ਤ ਤੇ ਫਖਰ ਦੀ ਗੱਲ ਹੋ ਸਕਦੀ ਹੈ ਕਿ ਮੈਂ ਸਭ ਤੋਂ ਪਹਿਲਾਂ ਅਤੇ ਅੱਵਲ ਮੁਸਲਮਾਨ ਹਾਂ ਜੋ ਆਜ਼ਾਦ-ਏ-ਵਤਨ ਦੀ ਖਾਤਰ ਫਾਂਸੀ ਚੜ੍ਹ ਰਿਹਾ ਹਾਂ।
ਮੇਰੇ ਭਾਈਓ ਮੇਰਾ ਸਲਾਮ ਲਵੋ ਅਤੇ ਇਹ ਮੁਸ਼ਕਲ ਕੰਮ ਜੋ ਸਾਡੇ ਕੋਲੋਂ ਰਹਿ ਗਿਆ ਹੈ, ਉਹ ਤੁਸੀਂ ਪੂਰਾ ਕਰਨਾ। ਤੁਹਾਡੇ ਲਈ ਅਸੀਂ ਯੂ.ਪੀ ਵਿਚ ਕੰਮ ਕਰਨ ਲਈ ਜੰਗੇ ਆਜ਼ਾਦੀ ਦਾ ਮੈਦਾਨ ਤਿਆਰ ਕਰ ਦਿੱਤਾ ਹੈ। ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਇਸ ਤੋਂ ਵਧੀਆ ਅਤੇ ਜ਼ਿਆਦਾ ਮੌਕਾ ਤੁਹਾਡੇ ਹਜ਼ਾਰਾਂ ਪ੍ਰਾਪੇਗੰਡਾ ਕਰਨ ‘ਤੇ ਵੀ ਨਾ ਬਣ ਸਕਦਾ। ਸਕੂਲਾਂ ਅਤੇ ਕਾਲਜਾਂ ਦੇ ਪੜ੍ਹੇ ਲਿਖੇ ਨੌਜਵਾਨ ਸਾਡੇ ਵੱਲ ਖਿਚੇ ਚਲੇ ਆ ਰਹੇ ਹਨ। ਹੁਣ ਤੁਹਾਨੂੰ ਮੁਸ਼ਕਲ ਨਹੀਂ ਆਉਣ ਲੱਗੀ।
ਉਠੋ ਉਠੋ ਸੋ ਰਹੇ ਹੋ ਨਾਹਕ ਪਿਆਮੇ ਬਾਂਗ ਜਾਮ ਤੋਂ ਸੁਨ ਲੋ।
ਬੜੇ ਕਿ ਕੋਈ ਬੁਲਾ ਰਹਾ ਹੈ ਨਿਸ਼ਾਨੇ ਮੰਜ਼ਿਲ ਦਿਖਾ ਦਿਖਾ ਕਰ।
ਬਸ ਹੋਰ ਕੀ ਲਿਖਾਂ, ਸਲਾਮ ਕਬੂਲ ਕਰੋ। ਕਮਰ ਕੱਸੇ ਕਰ ਲਵੋ ਅਤੇ ਮੈਦਾਨੇ ਅਮਲ ਵਿਚ ਆਣ ਪਹੁੰਚੋ। ਖੁਦਾ ਤੁਹਾਡੇ ਅੰਗ ਸੰਗ ਹੈ। ਮੇਰੇ ਮੁਲਕ ਦੇ ਰਹਿਨੁਮਾ ਸਿਆਸੀ ਲੀਡਰੋ, ਤੁਸੀਂ ਵੀ ਸਾਡਾ ਸਲਾਮ ਕਬੂਲ ਕਰੋ। ਤੁਸੀਂ ਸਾਨੂੰ ਉਨ੍ਹਾਂ ਨਿਗਾਹਾਂ ਨਾਲ ਨਾ ਦੇਖਣਾ ਜਿਨ੍ਹਾਂ ਨਾਲ ਦੁਸ਼ਮਨਾਨੇ ਵਤਨ (ਦੇਸ਼ ਧਰੋਹੀ) ਅਤੇ ਖਾਏਨੀਨੇ ਕੌਮ (ਦੇਸ਼ ਨੂੰ ਲੁੱਟਣ ਵਾਲੇ) ਦੇਖਦੇ ਹਨ। ਨਾ ਅਸੀਂ ਡਾਕੂ ਹਾਂ ਤੇ ਨਾ ਹੀ ਕਾਤਿਲ।
ਕਹਾਂ ਗਯਾ ਕੋਹੇਨੂਰ ਹੀਰਾ, ਕਿਧਰ ਗਈ ਹਾਏ ਮੇਰੀ ਦੋਲਤ।
ਵਹ ਸਬਕਾ ਸਬ ਲੂਟ ਕਰ ਕਿ ਉਲਟਾ ਹਮੀ ਕੋ ਬਤਾ ਰਹੇ ਡਾਕੂ ਹੈਂ।
ਸਾਨੂੰ ਇਨ੍ਹਾਂ ਫਰੰਗੀਆਂ ਦਿਨ ਦਿਹਾੜੇ ਚਿੱਟੀ ਦੁਪਿਹਰ ਨੂੰ ਲੁੱਟਿਆ ਅਤੇ ਫਿਰ ਅਸੀਂ ਹੀ ਡਾਕੂ ਹਾਂ?
ਮੇਰੇ ਭਰਾਵਾਂ ਨੂੰ ਮੇਰੀਆਂ ਮਾਵਾਂ ਭੈਣਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਜੱਲ੍ਹਿਆਂਵਾਲਾ ਬਾਗ ਵਿਚ ਗੋਲੀਆਂ ਨਾਲ ਭੁੰਨ ਸੁੱਟਿਆ। ਅਣਮਨੁੱਖੀ ਅੱਤਿਆਚਾਰ! ਮੇਰੀਆਂ ਗਰਭਵਤੀ ਭੈਣਾਂ ਨੂੰ ਢਿੱਡ ਦੇ ਭਾਰ ਰਿੜ੍ਹ ਕੇ ਜਾਣ ਲਈ ਹੁਕਮ ਚਾੜ੍ਹੇ ਗਏ। ਫਿਰ ਵੀ ਅਸੀਂ ਹੀ ਦੋਸ਼ੀ? ਅਤੇ ਹੁਣ ਸਾਨੂੰ ਕਾਲਸ ਬਲੂਟ ਫੈਸਲੇ ਵਿਚ ਲਿਖਿਆ ਜਾਂਦਾ ਹੈ।
ਜੇਕਰ ਅਸੀਂ ਇਹੋ ਜਿਹੇ ਹਾਂ ਤਾਂ ਫਿਰ ਇਹ ਫਰੰਗੀ ਕਿਹੋ ਜਿਹੇ ਹਨ। ਇਨ੍ਹਾਂ ਨੂੰ ਕੀ ਕਿਹਾ ਜਾਵੇ? ਇਨ੍ਹਾਂ ਨੂੰ ਕਿਸ ਖਿਤਾਬ ਨਾਲ ਪੁਕਾਰਿਆ ਜਾਵੇ ਜਿਸ ਦੇ ਇਹ ਕਾਬਲ ਹਨ। ਇਨ੍ਹਾਂ ਨੇ ਹਿੰਦੋਸਤਾਨ ਦਾ ਸੁਹਾਗ ਲੁੱਟ ਲਿਆ। ਜਿਨ੍ਹਾਂ ਮੇਰੇ ਦੇਸ਼ ਦੀਆਂ ਲੱਖਾਂ ਜਵਾਨੀਆਂ ਨੂੰ ਆਪਣੀ ਗਰਜ਼ ਲਈ ਮੈਸੋਪੋਟਾਮੀਆਂ ਅਤੇ ਫਰਾਂਸ ਵਿਚ ਹਜ਼ਾਰਾਂ ਮੀਲ ਦੂਰ ਆਪਣੀ ਧਰਤੀ ਤੋਂ ਦੂਰ, ਅੰਗ ਸਾਕ, ਭੈਣ ਭਾਈਆਂ, ਮਾਂ ਬਾਪ ਤੋਂ ਦੁਰਾਡੇ ਪਰਾਈ ਧਰਤੀ ਵਿਚ ਹਮੇਸ਼ਾ ਹਮੇਸ਼ਾ ਲਈ ਦਫਨ ਕਰ ਦਿੱਤਾ। ਕੀ ਖੂੰਖਾਰ ਜ਼ਾਲਮ ਦਰਿੰਦੇ ਉਹ ਹਨ ਜਾਂ ਅਸੀਂ?
ਅਸੀਂ ਕਮਜ਼ੋਰ ਸੀ, ਬੇਬਸ ਸੀ। ਕਾਲਾ ਚੋਰ, ਡਰਟੀ, ਸਭ ਕੁਝ ਸੁਣ ਲਿਆ। ਓ! ਮੇਰੇ ਦੇਸ਼ ਵਾਸੀਓ, ਓ ਮੇਰੇ ਵਤਨੀ ਭਰਾਵੋ, ਇਹ ਸਭ ਕੁਝ ਤੁਸੀਂ ਹੀ ਤਾਂ ਸੁਣਵਾਇਆ। ਮੈਂ ਆਖਦਾ ਹਾਂ, ਆਓ ਫਿਰ ਇੱਕਜੁੱਟ ਹੋ ਕੇ ਮੈਦਾਨੇ ਅਮਲ ਵਿਚ ਕੁੱਦ ਪਵੋ ਅਤੇ ਮੁਕੰਮਲ, ਬਸ ਮੁਕੰਮਲ ਆਜ਼ਾਦੀ ਦਾ ਐਲਾਲ ਕਰ ਦਿਓ। ਚੰਗਾ ਫਿਰ ਮੈਂ ਹੁਣ ਰੁਖਸਤ ਹੁੰਦਾਂ ਹਾਂ। ਤੇ ਹਮੇਸ਼ਾ ਲਈ ਖੈਰਬਾਦ ਕਹਿੰਦਾ ਹਾਂ। ਖੁਦਾ ਤੁਹਾਡੇ ਸਾਥ ਹੈ ਤੇ ਹਿੰਦ ਦੀ ਫਿਜ਼ਾ ਵਿਚ ਆਜ਼ਾਦੀ ਦਾ ਝੰਡਾ ਜ਼ਰੂਰ ਲਹਿਰਾਏਗਾ।
ਮੇਰੇ ਕੋਲ ਹੁਣ ਨਾ ਤਾਂ ਉਹ ਤਾਕਤ ਹੈ ਤੇ ਨਾ ਹੀ ਵਕਤ ਕਿ ਹਿਮਾਲੀਆ ਦੀ ਟੀਸੀ ‘ਤੇ ਚੜ੍ਹ ਕੇ ਕੋਈ ਇਹੋ ਜਿਹੀ ਬੜ੍ਹਕ ਮਾਰਾਂ ਜਾਂ ਗਰਜ਼ ਪੈਦਾ ਕਰੂ ਜਿਹੜੀ ਹਰ ਸ਼ਖਸ ਨੂੰ ਬੇਦਾਰ (ਜਾਗ੍ਰਿਤ) ਕਰ ਦੇਵੇ ਅਤੇ ਤੁਹਾਡੇ ਦਿਲ ਵਿਚ ਜੋਸ਼ ਭਰ ਦੇਵਾਂ ਅਤੇ ਉਸੀ ਜੋਸ਼ ਨਾਲ ਤੁਸੀਂ ਅੱਗੇ ਆਣ ਖੜ੍ਹੇ ਹੋ ਜਾਓ ਜਿਸ ਤਰ੍ਹਾਂ 20-21 (1920-21) ਵਿਚ ਸੀ। ਆਓ ਮੈਂ ਇਨ੍ਹਾਂ ਚੰਦ ਸਤਰਾਂ ਨਾਲ ਵਿਦਾ ਹੁੰਦਾ ਹਾਂ,
ਠੋ eਵeਰੇ ਮਅਨ ੁਪ ੋਨ ਟਹe eਅਰਟਹ,
ਧeਅਟਹ ਚੋਮeਟਹ ਸੋਨ ੋਰ ਲਅਟe।
ਠਹeਨ ਹੋੱ ਅ ਮਅਨ ਚਅਨ ਦਇ, ੋਰ ਬeਟਟeਰ ਦeਅਟਹ,
ਠਹeਨ ਾਅਚਨਿਗ ਾeਅਰ ੁਲਲ ੋਦਦਸ,
ਾਂੋਰ ਟਹe ਅਸਹeਸ ਾ ਹਸਿ ਾਅਟਹeਰ’ਸ,
Aਨਦ ਟਹe ਠeਮਪਲeਸ ਾ ਹਸਿ ਗੋਦਸ।

ਕਬੀਰ ਮਰਤਾ ਮਰਤਾ ਜੱਗ ਮੂਆ,
ਮਰਨ ਨਾ ਜਾਣੇ ਕੋਇ।
ਐਸੀ ਮਰਨੀ ਜੋ ਮਰੇ, ਬਹੁਰ ਨਾ ਮਰਨਾ ਹੋਇ।
ਅੰਤ ਵਿਚ ਮੈਂ ਆਪਣੇ ਭਰਾਵਾਂ ਦੀ ਮਿਹਰਬਾਨੀ ਨਾਲ ਵਿਦਾ ਹੁੰਦਾ ਹਾਂ ਜਿਨ੍ਹਾਂ ਨੇ ਸਾਡੀ ਜ਼ਾਹਿਰਾ ਅਤੇ ਪੋਸ਼ੀਦਾ (ਗੁਪਤ) ਤੌਰ ‘ਤੇ ਮਦਦ ਕੀਤੀ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਅਸ਼ਫਾਕ ਨੇ ਆਖਰੀ ਦਮ ਤੱਕ ਹੱਕ, ਸੱਚ ਅਤੇ ਇਨਸਾਫ ਦਾ ਦਾਮਨ ਨਹੀਂ ਛੱਡਿਆ ਅਤੇ ਖੁਸ਼ੀ ਖੁਸ਼ੀ ਫਾਂਸੀ ਦੇ ਤਖਤੇ ‘ਤੇ ਜਾ ਚੜ੍ਹਿਆ। ਵਤਨ ਨੂੰ ਲੁਟਣ ਅਤੇ ਗਦਾਰੀ ਕਰਨ ਦਾ ਉਸ ‘ਤੇ ਕੋਈ ਜੁਰਮ ਨਹੀਂ ਲਾਇਆ ਜਾ ਸਕਦਾ।
ਮੇਰੀ ਦੇਸ਼ਵਾਸੀਆਂ ਨੂੰ ਬੇਨਤੀ ਹੈ ਕਿ ਮੇਰੇ ਬਾਅਦ ਮੇਰੇ ਭਾਈਆਂ, ਮੇਰੇ ਸਾਥੀਆਂ ਨੂੰ ਨਾ ਭੁਲਿਓ। ਜ਼ਰੂਰਤ ਦੇ ਵਕਤ ਉਨ੍ਹਾਂ ਦੀ ਮਦਦ ਕਰਨਾ ਅਤੇ ਖਿਆਲ ਰੱਖਣਾ।
ਵਤਨ ਪਰ ਮਰ ਮਿਟਨੇ ਵਾਲਾ,
ਅਸ਼ਫਾਕ ਵਾਰਸੀ ‘ਹਸਰਤ’
ਅੱਜ, ਫੈਜ਼ਾਬਾਦ ਜੇਲ੍ਹ।

ਮੇਰਾ ਇਹ ਪੈਗਾਮ ਮੇਰੇ ਦੇਸ਼ ਵਾਸੀਆਂ ਤੱਕ ਪੁਜਦਾ ਕੀਤਾ ਜਾਵੇ। ਖਵਾਹ ਵਿਦਿਆਰਥੀ ਅਖਬਾਰ ਰਾਹੀਂ ਜਾਂ ਅੰਗਰੇਜ਼ੀ, ਹਿੰਦੀ, ਉਰਦੂ ਵਿਚ ਛਾਪ ਕੇ ਕਾਂਗਰਸ ਦੇ ਅਜਲਾਸ ਵਿਚ ਵੰਡ ਦਿੱਤਾ ਜਾਵੇ। ਧੰਨਵਾਦੀ ਹੋਵਾਂਗਾ। ਮੇਰਾ ਸਲਾਮ ਇੱਕ ਵਾਰ ਫਿਰ ਕਬੂਲ ਕਰੋ ਅਤੇ ਮੇਰੇ ਭਾਈਆਂ ਨੂੰ ਉਹ ਕਦੀ ਨਾ ਭੁਲਣ ਅਤੇ ਨਾ ਹੀ ਮੇਰੇ ਦੇਸ਼ਵਾਸੀ ਭੁਲਾਉਣ।
ਅਲਵਿਦਾ।
ਅਸ਼ਫਾਕ ਉਲਾ ਵਾਰਸੀ ‘ਹਸਰਤ’
ਫੈਜ਼ਾਬਾਦ ਜੇਲ੍ਹ,
19 ਦਸੰਬਰ 1927
___________________

ਚਲੋ ਚਲੋ ਯਾਰੋ
ਸੁਨਾਏਂ ਗਮ ਕੀ ਕਿਸੇ ਕਹਾਨੀ, ਹਮੇਂ ਤੋ ਅਪਨੇ ਸਤਾ ਰਹੇ ਹੈਂ,
ਹਮੇਸ਼ਾਂ ਸੁਭੇ ਸ਼ਾਮ ਦਿਲ ਪਰ, ਸਿਤਮ ਕੇ ਖੰਜਰ ਚਲਾ ਰਹੇ ਹੈਂ।
ਨਾ ਕੋਈ ਇੰਗਲਿਸ਼, ਨਾ ਕੋਈ ਜਰਮਨ,
ਨਾ ਕੋਈ ਰਸ਼ੀਅਨ, ਨਾ ਕੋਈ ਟਰਕੀ।
ਮਿਟਾਨੇ ਵਾਲੇ ਹੈ ਅਪਨੇ ਹਿੰਦੀ, ਜੋ ਆਜ ਹਮਕੋ ਮਿਟਾ ਰਹੇ ਹੈਂ।
ਕਹਾਂ ਗਿਆ ਕੋਹੇਨੂਰ ਹੀਰਾ, ਕਿਧਰ ਗਈ ਹਾਏ ਮੇਰੀ ਦੌਲਤ।
ਵਹ ਸਭ ਕਾ ਸਭ ਲੂਟ ਕਰਕੇ, ਉਲਟਾ ਹਮੀ ਕੋ ਡਾਕੂ ਬਤਾ ਰਹੇ ਹੈਂ।
ਜਿਸੇ ਫਨਾ ਵਹ ਸਮਝ ਰਹੇ ਹੈਂ, ਬਕਾ ਕਾ ਹੈ ਰਾਜ਼ ਉਸੀ ਮੇਂ ਮਜਮਰ।
ਨਹੀਂ ਮਿਟਾਏ ਸੇ ਮਿਟ ਸਕੇਗੇਂ, ਵਹ ਲਾਖ ਹਮਕੋ ਮਿਟਾ ਰਹੇ ਹੈ।
ਜੋ ਹੈ ਹਕੂਮਤ ਵਹ ਮੁੱਦਈ ਹੈਂ, ਜੋ ਅਪਨੇ ਭਾਈ ਹੈਂ, ਹੈ ਵਹ ਦੁਸ਼ਮਨ,
ਗਜ਼ਬ ਮੇਂ ਜਾਨ ਅਪਨੀ ਆ ਗਈ ਹੈ, ਕਜ਼ਾ ਕੇ ਪਹਲੂ ਮੇ ਜਾ ਰਹੇ ਹੈਂ।
ਚਲੋ ਚਲੋ ਯਾਰੋ ਰਿੰਗ ਥੇਟਰ ਦਿਖਾਏ ਤੁਮਕੋ, ਵਹਾਂ ਪੇ ਲਿਬਰਲ,
ਜੋ ਚੰਦ ਟੁਕੜੋਂ ਪੇ ਸੀਮੋਜ਼ਰ ਕੇ, ਨਇਆ ਤਮਾਸ਼ਾ ਦਿਖਾ ਰਹੇ ਹੈਂ।
ਖਾਮੋਸ਼ ਹਸਰਤ ਖਾਮੋਸ਼ ਹਸਰਤ, ਅਗਰ ਹੈ ਜਜ਼ਬਾ ਵਤਨ ਕਾ ਦਿਲ ਮੇਂ,
ਸਜ਼ਾ ਕੋ ਪਹੁੰਚੇਂਗੇ ਅਪਨੀ, ਬੇਸ਼ਕ ਜੋ ਆਜ ਹਮਕੋ ਫਸਾਂ ਰਹੇ ਹੈਂ।
-ਅਸ਼ਫਾਕ ਉਲਾ ਖਾਂ ‘ਵਾਰਸੀ’ (ਹਸਰਤ)
_______________________
ਅਦਾਲਤ ਵਿਚ ਸੁਣਵਾਈ ਦੌਰਾਨ ਜੋ ਗਵਾਹੀਆਂ ਦੇ ਵਾਲੇ, ਸ਼ਨਾਖਤ ਕਰਨ ਵਾਲੇ ਸੀ ਤੇ ਵਕੀਲ ਸੀ, ਸਭ ਝੂਠੇ ਸੀ। ਮੁੱਖ ਮੁਕੱਦਮੇ ਦਾ ਵਕੀਲ ਪੰਡਤ ਜਗਤ ਨਰਾਇਣ ਮੁੱਲਾ ਅਦਾਲਤ ਵਿਚ ਥੋੜ੍ਹੇ ਸਮੇਂ ਲਈ ਆਇਆ। ਉਸ ਵਕਤ ਅਜੇ ਫੈਸਲਾ ਨਹੀਂ ਸੀ ਦਿੱਤਾ ਗਿਆ। ਉਹ ਸਰਕਾਰ ਤੋਂ ਉਸ ਸਮੇਂ ਇਕ ਦਿਨ ਦਾ 500 ਰੁਪਿਆ ਬਟੋਰਦਾ ਸੀ। ਇਹ ਸ਼ਿਅਰ ਉਸ ਵਕਤ ਅਦਾਲਤ ਵਿਚ ਕਿਹਾ ਗਿਆ।
ਕੋਈ ਸਾਢੇ ਤਿੰਨ ਦਹਾਕੇ ਤੋਂ ਵੀ ਪਹਿਲਾਂ ਮੈਂ ਕਕੋਰੀ ਕਾਂਡ ਦੇ ਮਹਾਨ ਸ਼ਹੀਦਾਂ ਦੀ ਧਰਤੀ ‘ਤੇ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਸ਼ਹੀਦ ਅਸ਼ਫਾਕ ਉਲਾ ਖਾਂ ਦੇ ਮਜ਼ਾਰ ‘ਤੇ ਹੀ ਗਿਆ। ਕਬਰ ਸਾਧਾਰਨ ਜਿਹੀ, ਆਮ ਵਾਂਗ ਹੀ ਇੱਟਾਂ ਦੀ ਬਣੀ ਹੋਈ ਸੀ। ਬਾਰਸ਼ਾਂ ਕਰਕੇ ਕਾਈ ਜੰਮੀ ਹੋਈ ਸੀ। ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਕਕੋਰੀ ਕਾਂਡ ਬਾਰੇ ਪਤਾ ਨਹੀਂ ਹੈ। ਪੰਡਤ ਰਾਮ ਪ੍ਰਸ਼ਾਦ ਬਿਸਮਿਲ ਬਾਰੇ ਤਾਂ ਉਨ੍ਹਾਂ ਦੀ ਸ਼ਾਇਰੀ ਤੇ ਮਸ਼ਹੂਰ ਗੀਤਾਂ ਕਰਕੇ ਲੋਕ ਜਾਣਦੇ ਹਾਂ। ਸ਼ਹੀਦ ਭਗਤ ਸਿੰਘ ਹੁਰੀਂ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦਾ ਗੀਤ ਗਾਉਂਦੇ ਜਾਂਦੇ ਸਨ, ਤੇ ‘ਸਰਫਰੋਸ਼ੀ ਕੀ ਤਮੰਨਾ’ ਵਾਲਾ ਗੀਤ ਵੀ। ਲੋਕ ਅਸ਼ਫਾਕ ਉਲਾ ਖਾਂ ਅਤੇ ਠਾਕੁਰ ਰੋਸ਼ਨ ਸਿੰਘ ਬਾਰੇ ਘੱਟ ਜਾਣਦੇ ਹਨ। ਅਸ਼ਫਾਕ ਉਲਾ ਖਾਂ ਬਹੁਤ ਵਧੀਆ ਸ਼ਾਇਰ ਵੀ ਸੀ। ਉਸ ਦੀ ਹੱਥਲਿਖਤ ਛੋਟੀ ਜਿਹੀ ਡਾਇਰੀ ਜੋ ਜੇਲ੍ਹ ਦੀ ਹੈ, ਮੌਜੂਦ ਹੈ। ਅੰਗਰੇਜ਼ੀ ਅਤੇ ਉਰਦੂ ਦੀ ਹੱਥਲਿਖਤ ਬਾਕਮਾਲ ਹੈ। ਬਹੁਤ ਖੁਸ਼ਖਤ।
-ਕਸ਼ਮੀਰ ਸਿੰਘ ਕਾਂਗਣਾ