ਸਿੱਖ ਅਫਰੀਕਨ ਬੱਚੀ ਨੇ ਉਠਾਇਆ ਵਿਤਕਰੇ ਦਾ ਮੁੱਦਾ

ਡਾ. ਗੁਰਨਾਮ ਕੌਰ
ਪ੍ਰੋਫੈਸਰ (ਰਿਟਾਇਰਡ)
ਪੰਜਾਬੀ ਯੂਨਵਰਸਿਟੀ, ਪਟਿਆਲਾ
ਜਲੰਧਰ, ਪੰਜਾਬ ਦੇ ਇੱਕ ਕਾਲਜ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸੌ ਸਾਲਾ ਗੁਰਪੁਰਬ ਦੇ ਜਸ਼ਨਾਂ ਤਹਿਤ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਲਈ ਪਰਚਾ ਲਿਖਣ ਦੀ ਤਿਆਰੀ ਕਰਨ ਲੱਗੀ ਸਾਂ; ਸੋਚਿਆ ਪਹਿਲਾਂ ਕੰਪਿਊਟਰ ‘ਤੇ ਆਪਣੀ ਈ-ਮੇਲ ਚੈੱਕ ਕਰ ਲਵਾਂ ਤਾਂ ਇੱਕ ਬਹੁਤ ਹੀ ਅਜੀਜ਼, ਪੁੱਤਰਾਂ ਜਿਹੇ ਵੈਟਨਰੀ ਡਾਕਟਰ ਮਨਜੀਤ ਸਿੰਘ ਜੰਮੂ ਵੱਲੋਂ ਭੇਜਿਆ ਸੁਨੇਹਾ ਦੇਖਿਆ, ਜਿਸ ਵਿਚ ਅਫਰੀਕਨ ਮੂਲ ਦੀ ਸਿੱਖ ਬੱਚੀ ਗੁਰਪ੍ਰੀਤ ਕੌਰ ਦੀ ਵੀਡੀਓ ਪਾਈ ਹੋਈ ਸੀ|

ਇਹ ਵੀਡੀਓ ਪੰਜਾਬ ਸਪੈਕਟਰਮ ਵੱਲੋਂ ਨਸ਼ਰ ਕੀਤੀ ਹੋਈ ਸੀ ਅਤੇ ਨਾਲ ਹੀ ਮੂਲ ਵੀਡੀਓ ਪਾਉਣ ਵਾਲੇ ਵੱਲੋਂ ਸੁਨੇਹਾ ਲਿਖਿਆ ਸੀ, “ਸਿੱਖ ਬਣੀ ਅਫਰੀਕਨ ਬੱਚੀ ਨੇ ਉਠਾਇਆ ਵਿਤਕਰੇ ਦਾ ਮੁੱਦਾ। ਅਫਰੀਕਨ ਬੱਚੀ ਗੁਰਪ੍ਰੀਤ ਕੌਰ ਨੇ ਗੈਰ-ਪੰਜਾਬੀ ਸਿੱਖਾਂ ਬਾਰੇ ਗੁਰਦੁਆਰਿਆਂ ‘ਚ ਹੋ ਰਹੇ ਵਿਤਕਰੇ ਬਾਰੇ ਕਵਿਤਾ ਗਾ ਕੇ ਆਪਣਾ ਦਰਦ ਬਿਆਨਿਆ ਹੈ| ਇਹ ਬਹੁਤ ਹੀ ਸ਼ਰਮਨਾਕ ਹੈ ਕਿ ਇਸ ਬੱਚੀ ਨੇ ਅਜਿਹਾ ਮਹਿਸੂਸ ਕੀਤਾ| ਇਹ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਐਨ ਉਲਟ ਹੈ| ਸਭ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਅਜਿਹੀਆਂ ਕੁਤਾਹੀਆਂ ਖੁਦ ਵੀ ਨਾ ਕਰੀਏ, ਤੇ ਜੇ ਕੋਈ ਕਰਦਾ ਦਿਸਦਾ ਹੈ, ਉਹਨੂੰ ਰੋਕੀਏ|”
ਮੈਂ ਵੀਡੀਓ ਚਲਾ ਕੇ ਬੱਚੀ ਗੁਰਪ੍ਰੀਤ ਕੌਰ ਦੀ ਕਵਿਤਾ ਸੁਣੀ| ਬੱਚੀ ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਹੈ| ਸਾਡੇ ਇਥੇ ਕੈਨੇਡਾ ਵਿਚ ਮੈਂ ਪੰਜਾਬੀ ਮੂਲ ਦੀਆਂ ਕਈ ਬੱਚੀਆਂ ਨੂੰ ਦੇਖਿਆ ਹੈ, ਜੋ ਚੰਗੀਆਂ ਨੌਕਰੀਆਂ ‘ਤੇ ਲੱਗੀਆਂ ਹੋਈਆਂ ਹਨ ਅਤੇ ਪੈਂਟ-ਸ਼ਰਟ ਦੇ ਨਾਲ ਉਨ੍ਹਾਂ ਨੇ ਦਸਤਾਰ ਸਜਾਈ ਹੁੰਦੀ ਹੈ ਅਤੇ ਨਾਲ ਕੋਈ ਦੁਪੱਟਾ ਨਹੀਂ ਕੀਤਾ ਹੁੰਦਾ| ਇਥੇ ਬੱਚੀਆਂ ਕੰਮਾਂ ‘ਤੇ ਜਾਂਦਿਆਂ ਜਾਂ ਆਉਂਦਿਆਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੀਆਂ ਹਨ ਤਾਂ ਬਹੁਤੀ ਵਾਰ ਪਜਾਮਾ, ਜੀਨ ਆਦਿ ਨਾਲ ਟਾਪ ਦੇ ਪਹਿਰਾਵੇ ਵਿਚ ਸਕਾਰਫ ਨਾਲ ਸਿਰ ਢਕਿਆ ਹੁੰਦਾ ਹੈ| ਭਾਵ ਇਸ ਕਿਸਮ ਦਾ ਕੋਈ ਡਰੈਸ-ਕੋਡ ਸਿੱਖ ਰਹਿਤ ਮਰਿਆਦਾ ਵਿਚ ਨਹੀਂ ਦਿੱਤਾ ਹੋਇਆ ਕਿ ਕੀ ਪਹਿਨਣਾ ਹੈ ਜਾਂ ਕੀ ਨਹੀਂ| ਪਰ ਬੱਚੀ ਦੀ ਕਵਿਤਾ ਪੜ੍ਹ-ਸੁਣ ਕੇ, ਇਹ ਸਭ ਕੁਝ ਦੇਖ ਕੇ ਮਨ ਵਿਚ ਬੇਹੱਦ ਅਫਸੋਸ ਹੋਇਆ ਕਿ ਅਸੀਂ ਜੋ ਆਪਣੇ ਆਪ ਨੂੰ ਬਾਬੇ ਨਾਨਕ ਦੇ ਪੈਰੋਕਾਰ ਅਤੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸਦਾਉਂਦੇ ਹਾਂ, ਕੀ ਅਸੀਂ ਅਸਲੀਅਤ ਵਿਚ ਗੁਰੂਆਂ ਦੇ ਵਾਰਿਸ ਸਿੱਖ ਜਾਂ ਖਾਲਸਾ ਕਹਾਉਣ ਦੇ ਹੱਕਦਾਰ ਹਾਂ ਜਾਂ ਅਸੀਂ ਸਿਰਫ ਆਪਣੀ ਦਿਖ ਵਿਚ ਹੀ ਸਿੱਖ ਹਾਂ? ਆਪਣੀ ਗੱਲ ਅੱਗੇ ਲੈ ਜਾਣ ਤੋਂ ਪਹਿਲਾਂ ਮੈਂ ਉਹ ਕਵਿਤਾ ਆਪ ਸਭ ਨਾਲ ਸਾਂਝੀ ਕਰਨੀ ਚਾਹਾਂਗੀ ਕਿ ਕਿਸ ਦਰਦ ਅਤੇ ਮਾਨਸਿਕ ਠੇਸ ਵਿਚੋਂ ਉਸ ਨੇ ਇਹ ਕਵਿਤਾ ਲਿਖੀ ਅਤੇ ਬੋਲੀ ਹੈ,
This is not what I expected
This is not what the videos online projected
“Everyone is welcomed at the Gurdwara” they proudly say
No matter you are skin color or how you pray
But this is not what your actions portray
All I’ve been getting is silence, giggles, or stares all day
This makes me miss the religion of my youth
Yes, this is most definitely the truth
Where people shook hands, talked, and supported each other
Where some were like sisters and were some I called ‘brother’
They say “Only go for Your Guru, the Guru Granth.”
But last time I checked, isn’t the Guru also the Khalsa Panth?
May be I don’t belong here, why should I stay?
I tried to do Seva but then was pushed out the way
I should have known when I had called
And the secretary said, “There’s no point of coming here at all.”
“No one speaks English here” she hurriedly tells me
But knew that this just could not be
Sitting here listening, eating silently in the Langar Hall
It was apparent that that was a lie and I think it’s time for me to go awol
“We don’t that here”, one Aunty Voices
“It might not be Punjabi” (I think to myself)
but I made modest clothing choices!”
How dare you have turned my Guru’s house into a cultural center!
Designed for people solely of your ethnic group to enjoy and enter
I’m here to learn while you’re here to gossip
Am I coming back? Well, that is most definitely to toss up
And for those who are reading this, you’re part of the problem
You might agree with me, but have done anything to solve ‘me?!
“It is the Gurdwara committee!” you say like they control your actions
You don’t need their permission to let compassion be your reaction
What I want is change, Sikhs to be part of the solution
To start looking outside of ourselves, a Gurdwara revolution!
But may be…my words are falling on deaf ears
Do you not realize my longing for Sangat? My sorrow can you not hear?
Gurbani says constantly to join the company of the Holy
And since it’s my Guru’s command, I try to follow it fully
But until then…I’m just lonely
I’m at the Gurdwara and I am lonely.
ਆਉ, ਗੁਰੂ ਦੇ ਸਿੱਖ ਹੋਣ ਦੇ ਨਾਤੇ ਆਪਣੇ ਆਪ ਨੂੰ ਪੁੱਛੀਏ ਕੀ ਅਸੀਂ ਬਾਬੇ ਨਾਨਕ ਦੇ ਜੀਵਨ-ਦਰਸ਼ਨ ਦੇ ਵਾਰਿਸ ਅਤੇ ਆਪਣੇ ਆਪ ਨੂੰ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤਧਾਰੀ ਸਿੱਖ ਕਹਾਉਣ ਦੇ ਯੋਗ ਹਾਂ? ਜਾਂ ਕੀ ਅਸੀਂ ਉਨ੍ਹਾਂ ਪਾਖੰਡੀ ਮੰਜੀਧਾਰੀਆਂ ਦੀ ਤਰ੍ਹਾਂ ਹੋ ਗਏ ਹਾਂ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ, ਨੌਵੀਂ ਨਾਨਕ ਜੋਤਿ ਲਈ ਦਰਵਾਜੇ ਬੰਦ ਕਰ ਦਿੱਤੇ ਸਨ, ਜਦੋਂ ਉਹ ਅੰਮ੍ਰਿਤਸਰ, ਹਰਿਮੰਦਰ ਸਾਹਿਬ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਤਾਂ ਕਿ ਉਹ ਅੰਦਰ ਆ ਕੇ ਨਤਮਸਤਕ ਨਾ ਹੋ ਸਕਣ? ਗੁਰੂ ਅਰਜਨ ਦੇਵ ਜੀ ਨੇ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਕਰਾਈ ਸੀ ਤਾਂ ਇਸ ਦੇ ਚਾਰ ਦਰਵਾਜੇ ਰੱਖੇ ਸਨ, ਜੋ ਇਸ ਗੱਲ ਦਾ ਪ੍ਰਤੀਕ ਹਨ ਕਿ ਗੁਰੂ ਘਰ ਰੱਬ ਸੱਚੇ ਦਾ ਘਰ ਹੈ ਅਤੇ ਇਥੇ ਕੋਈ ਵੀ ਮਾਈ ਭਾਈ, ਭਾਵੇਂ ਉਹ ਕਿਸੇ ਵੀ ਜਾਤ, ਧਰਮ, ਨਸਲ, ਦੇਸ਼ ਨਾਲ ਸਬੰਧਤ ਹੋਵੇ, ਆ ਸਕਦਾ ਹੈ| ਇਥੇ ਕਿਸੇ ਨਾਲ ਕੋਈ ਵਿਤਕਰਾ, ਕੋਈ ਵਖਰੇਵਾਂ ਨਹੀਂ ਹੋਵੇਗਾ| ਇਹੀ ਸਾਡੀ ਮਰਿਆਦਾ ਹੈ| ਕੀ ਅਸੀਂ ਉਸ ਪੁਜਾਰੀ ਜਮਾਤ ਦੇ ਢੰਗ-ਤਰੀਕਿਆਂ ‘ਤੇ ਤਾਂ ਨਹੀਂ ਚੱਲ ਰਹੇ, ਜਿਨ੍ਹਾਂ ਗਿਆਨੀ ਦਿੱਤ ਸਿੰਘ ਜਿਹੀ ਮਹਾਨ ਸ਼ਖਸੀਅਤ ਨੂੰ ਪ੍ਰਸ਼ਾਦ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ, ਕਿਉਂਕਿ ਉਹ ਪੁਜਾਰੀਆਂ ਵਾਲੀ ਉਚੀ ਜਾਤਿ ਨਾਲ ਸਬੰਧਤ ਨਹੀਂ ਸਨ?
ਗੁਰੂ ਨਾਨਕ ਦੇਵ ਜੀ ਨੇ ‘ਵਾਰ ਆਸਾ ਕੀ’ ਵਿਚ ਧਰਮ ਦੇ ਨਾਮ ‘ਤੇ ਪਖੰਡ ਕਰਨ ਵਾਲੇ ਅਜਿਹੇ ਲੋਕਾਂ ਪ੍ਰਤੀ ਫੁਰਮਾਇਆ ਹੈ ਕਿ ਵੇਲੇ ਦੇ ਮੁਸਲਮਾਨ ਹਾਕਮ ਇੱਕ ਪਾਸੇ ਲੋਕਾਂ ਤੋਂ ਵੱਢੀ ਖਾਂਦੇ ਹਨ, ਪਰ ਧਾਰਮਿਕ ਹੋਣ ਲਈ ਨਮਾਜ਼ ਪੜ੍ਹਦੇ ਹਨ| ਉਨ੍ਹਾਂ ਦੇ ਖੱਤਰੀ ਮੁਨਸ਼ੀ ਗਰੀਬਾਂ ਉਤੇ ਜ਼ੁਲਮ ਕਰਦੇ ਹਨ, ਪਰ ਗਲ ਵਿਚ ਜਨੇਊ ਪਾਉਂਦੇ ਹਨ| ਇਨ੍ਹਾਂ ਜ਼ੁਲਮ ਕਰਨ ਵਾਲੇ ਖੱਤਰੀਆਂ ਦੇ ਘਰ ਜਾ ਕੇ ਬ੍ਰਾਹਮਣ ਪੂਜਾ ਕਰਦੇ ਹਨ ਅਤੇ ਉਸ ਜ਼ੁਲਮ ਦੀ ਕਮਾਈ ਵਿਚੋਂ ਭੋਜਨ ਕਰਦੇ ਹਨ| ਇਸ ਤਰ੍ਹਾਂ ਇਨ੍ਹਾਂ ਲੋਕਾਂ ਦੀ ਕਮਾਈ ਪੂੰਜੀ ਵੀ ਝੂਠੀ ਹੈ ਅਤੇ ਇਹ ਸਾਰਾ ਵਪਾਰ ਹੀ ਝੂਠਾ ਹੈ| ਝੂਠ ਬੋਲ ਬੋਲ ਕੇ ਇਹ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ| ਇਸ ਤਰ੍ਹਾਂ ਸ਼ਰਮ ਅਤੇ ਧਰਮ-ਦੋਹਾਂ ਦਾ ਡੇਰਾ ਦੂਰ ਹੋ ਗਿਆ ਹੈ, ਚਾਰੇ ਪਾਸੇ ਝੂਠ ਦਾ ਪਸਾਰਾ ਹੈ| ਜਿਹੜੇ ਧਾਰਮਿਕ ਆਗੂ ਧਾਰਮਿਕ ਚਿੰਨ੍ਹ ਪਹਿਨ ਕੇ ਧਰਮ ਤੋਂ ਵਿਪਰੀਤ ਕੰਮ ਕਰਦੇ ਹਨ, ਅਜਿਹੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਨੇ ‘ਜਗਤ ਕਸਾਈ’ (ਪੰਨਾ 472) ਕਿਹਾ ਹੈ|
ਇਹ ਕੋਈ ਇੱਕ ਦਿਨ ਦਾ ਵਰਤਾਰਾ ਨਹੀਂ ਹੈ ਅਤੇ ਨਾ ਹੀ ਇਕੱਲੀ ਬੱਚੀ ਗੁਰਪ੍ਰੀਤ ਕੌਰ ਨਾਲ ਹੀ ਵਾਪਰਿਆ ਹੈ; ਇਹ ਹਰ ਰੋਜ਼ ਵਾਪਰਦਾ ਹੈ| ਇਹੀ ਵਜ੍ਹਾ ਹੈ ਕਿ ਅੱਜ ਜਾਤਾਂ-ਗੋਤਾਂ ਦੇ ਨਾਮ ‘ਤੇ ਗੁਰਦੁਆਰੇ ਉਸਰੇ ਹੋਏ ਹਨ| ਕੌਣ ਪਾਠ ਕਰਾ ਸਕਦਾ ਹੈ ਕੌਣ ਨਹੀਂ, ਇਹ ਹੁਣ ਧਰਮ ਦੇ ਆਪੂੰ ਬਣੇ ਘੜੰਮ ਚੌਧਰੀ ਫੈਸਲਾ ਕਰਦੇ ਹਨ| ਕਹਿਣ ਨੂੰ ਅਤੇ ਦੇਖਣ ਨੂੰ ਅਸੀਂ ਗੁਰੂ ਦੇ ਸਿੱਖ ਹਾਂ, ਪਰ ਗੁਰੂ ਦੇ ਦੱਸੇ ਹੋਏ ਰਸਤੇ ਤੋਂ ਬਿਲਕੁਲ ਉਲਟ ਚੱਲਦੇ ਹਾਂ| ਅਸੀਂ ਗੁਰੂ ਦੇ ਸਿੱਖ ਹੋ ਕੇ ਵੀ ਵੱਡੇ ਨਸਲਵਾਦੀ ਹਾਂ| ਸਭ ਨੇ ਖਬਰ ਪੜ੍ਹੀ ਹੋਣੀ ਹੈ ਕਿ ਨਿਹੰਗਾਂ ਦੇ ਕਿਸੇ ਡੇਰੇ ਵਿਚ ਦਲਿਤ ਨਿਹੰਗ ਸਿੰਘਾਂ ਦੇ ਬਰਤਨ ਅਲੱਗ ਰੱਖੇ ਜਾਂਦੇ ਹਨ| ਦਸਮ ਪਾਤਿਸ਼ਾਹ ਦੇ ਖੰਡੇ-ਬਾਟੇ ਦਾ ਅੰਮ੍ਰਿਤ ਛਕਣ ਵਾਲਿਆਂ ਲਈ ਇਹ ਕਿੱਡੀ ਕੋਝੀ ਅਤੇ ਸ਼ਰਮਨਾਕ ਗੱਲ ਹੈ| ਪੰਚਮ ਗੁਰੂ ਨੇ ਤਾਂ ਸਾਧ ਸੰਗਤਿ ਵਿਚ ਆਉਣ ਦਾ ਮਕਸਦ ਇਸ ਤਰ੍ਹਾਂ ਫੁਰਮਾਇਆ ਹੈ,
ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥1॥ ਰਹਾਉ॥
ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ॥1॥ (ਪੰਨਾ 1299)
‘ਧਰਮਸਾਲ’ ਅਰਥਾਤ ਗੁਰਦੁਆਰਾ ਸਾਧ ਸੰਗਤਿ ਵਿਚ ਜਾ ਕੇ ਨਾਮ ਬਾਣੀ ਦਾ ਅਭਿਆਸ ਕਰਨ, ਗੁਰੂ ਦੀ ਬਾਣੀ ਤੇ ਵਿਚਾਰ-ਚਰਚਾ ਕਰਨ ਅਤੇ ਗੁਰੂ ਦੇ ਦੱਸੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਥਾਂ ਹੈ| ਲੰਗਰ ਦੀ ਸੰਸਥਾ ਮਹਿਜ ਪ੍ਰਸ਼ਾਦ ਛਕਣ-ਛਕਾਉਣ ਲਈ ਨਹੀਂ ਸੀ ਸਥਾਪਤ ਕੀਤੀ ਗਈ| ਇਸ ਦਾ ਮਕਸਦ ਸੀ ਕਿ ਜਾਤ-ਪਾਤ, ਛੂਤ-ਛਾਤ ਵਰਗੇ ਨਾਸੂਰ ਬਣ ਚੁਕੇ ਸਮਾਜਕ ਅਤੇ ਧਾਰਮਿਕ ਵਖਰੇਵਿਆਂ ਨੂੰ ਮਿਟਾ ਕੇ, ਰਲ-ਮਿਲ ਕੇ, ਇੱਕ ਦੂਜੇ ਦਾ ਸਤਿਕਾਰ ਕਰਦਿਆਂ ਭਰਾਤਰੀ ਭਾਵ ਨਾਲ ਆਪਣੇ ਅੰਦਰਲੀ ਹਉਮੈ ਨੂੰ ਤਿਆਗ ਕੇ, ਗੁਰੂ ਨੂੰ ਸਮਰਪਤਿ ਹੋ ਕੇ ਸੇਵਾ ਕਰਨਾ ਅਤੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣਾ|
ਗੁਰੂ ਅਮਰਦਾਸ ਸਾਹਿਬ ਨੇ ਇਸ ਸਿਧਾਂਤ ਨੂੰ ਦ੍ਰਿੜ ਕਰਾਉਣ ਲਈ ‘ਪਹਲੇ ਪੰਗਤਿ ਪਾਛੇ ਸੰਗਤਿ’ ਅਰਥਾਤ ਪਹਿਲਾਂ ਦੂਸਰਿਆਂ ਨਾਲ ਮਿਲ ਕੇ, ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਣਾ ਹੈ, ਫਿਰ ਗੁਰੂ ਦੀ ਸੰਗਤਿ ਵਿਚ ਆਉਣਾ ਹੈ, ਦਰਸ਼ਨ ਕਰਨੇ ਅਤੇ ਸੰਗਤ ਮਾਣਨੀ ਹੈ, ਦਾ ਅਦੇਸ਼ ਕੀਤਾ| ਪਰ ਅੱਜ ਇਉਂ ਲਗਦਾ ਹੈ ਜਿਵੇਂ ਗੁਰਦੁਆਰਾ ਸਾਡੇ ਲਈ ਮਹਿਜ ਸੁੱਖਾਂ ਸੁਖਣ, ਸਮਾਜਕ ਦਿਖਾਵਾ ਕਰਨ ਅਤੇ ਪ੍ਰਬੰਧਕਾਂ ਲਈ ‘ਗੋਲਕ’ ਇਕੱਠੀ ਕਰਨ ਦਾ ਜ਼ਰੀਆ ਹੋਵੇ| ਅਸੀਂ ਪਹਿਲਾਂ ਗੁਰੂ ਦੇ ਦੱਸੇ ਰਸਤੇ ਦੀ ਪਛਾਣ ਕਰੀਏ, ਉਸ ਰਸਤੇ ‘ਤੇ ਤੁਰੀਏ ਅਤੇ ਹੋਰਾਂ ਨੂੰ ਵੀ ਤੋਰੀਏ, ਆਪਣੇ ਵਿਚ ਸੁਧਾਰ ਲਿਆਈਏ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਈਏ| ਅੱਜ ਸਿੰਘ ਸਭਾ ਲਹਿਰ ਜਿਹੀ ਇੱਕ ਹੋਰ ਲਹਿਰ ਦੀ ਬੇਹੱਦ ਲੋੜ ਹੈ| ਹਰ ਰੋਜ਼ ਕਦੇ ਖਾਲਿਸਤਾਨ ਦੇ ਨਾਹਰੇ ਲਾ ਕੇ, ਕਦੇ ਰੈਫਰੈਂਡਮ 2020 ਲਿਆ ਕੇ ਪੰਜਾਬ ਵਿਚ ਰਹਿ ਰਹੇ ਸਿੱਖ ਨੌਜੁਆਨਾਂ ਲਈ ਨਿੱਤ ਨਵੀਆਂ ਮੁਸੀਬਤਾਂ ਦਾ ਆਗਾਜ਼ ਕਰ ਰਹੇ ਹਾਂ, ਪਰ ਇਸਾਈ ਮਿਸ਼ਨਰੀਆਂ ਵਾਂਗ ਕਦੀ ਆਮ ਲੋਕਾਈ ਵਿਚ ਜਾ ਕੇ, ਉਨ੍ਹਾਂ ਨੂੰ ਗੁਰਬਾਣੀ ਵੱਲ ਜਾਂ ਸਿੱਖੀ ਵੱਲ ਤਾਂ ਕੀ ਪ੍ਰੇਰਨਾ ਹੈ, ਸਗੋਂ ਜਿਹੜੇ ਪ੍ਰੇਰੇ ਹੋਏ ਨੇ, ਉਨ੍ਹਾਂ ਨੂੰ ਅਪਨਾਉਣ ਦਾ ਵੀ ਜ਼ੇਰਾ ਸਾਡੇ ਵਿਚ ਹੈ ਨਹੀਂ| ਗੁਰੂ ਦੇ ਅਸੀਂ ਕਿਸ ਕਿਸਮ ਦੇ ਸਿੱਖ ਹਾਂ ਅਤੇ ਉਨ੍ਹਾਂ ਦੇ ਦਿੱਤੇ ਸਿਧਾਂਤਾਂ ਦਾ ਕਿਹੋ ਜਿਹਾ ਪਾਲਣ ਕਰ ਰਹੇ ਹਾਂ? ਕੀ ਇਹ ਸਰਬੱਤ ਦਾ ਭਲਾ ਹੈ? ਅਜਿਹੇ ਬਹੁਤ ਸਾਰੇ ਸਵਾਲ ਹਨ, ਜੋ ਉਤਰ ਮੰਗਦੇ ਹਨ ਕਿ ਅਸੀਂ ਗੁਰੂ ਦੇ ਦਿੱਤੇ ਸਿਧਾਂਤਾਂ ਤੇ ਕਿੱਥੋਂ ਤੱਕ ਖੜ੍ਹੇ ਹਾਂ? ਅੱਜ ਸਾਡੇ ਲਈ ਧਰਮ ਤਾਂ ਬਹੁਤ ਪਿੱਛੇ ਰਹਿ ਗਿਆ ਹੈ, ਸਿਰਫ ਰਾਜਨੀਤੀ ਪ੍ਰਧਾਨ ਹੋ ਗਈ ਹੈ| ਗੁਰੂ ਘਰਾਂ ‘ਤੇ ਕਬਜੇ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵੀ ਇੱਕ ਦੂਜੇ ਦੀਆਂ ਦਸਤਾਰਾਂ ਲਾਹੁਣ ਅਤੇ ਡਾਂਗ-ਸੋਟਾ ਹੋਣ ਤੋਂ ਗੁਰੇਜ਼ ਨਹੀਂ ਕਰਦੇ,
ਸਰਮ ਧਰਮ ਕਾ ਡੇਰਾ ਦੂਰਿ॥
ਨਾਨਕ ਕੂੜੁ ਰਹਿਆ ਭਰਪੂਰਿ॥
ਮੈਨੂੰ ਅੱਜ ਵੀ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਸੰਨ 2004 ਵਿਚ ਅਮਰੀਕਾ ਅਤੇ ਕੈਨੇਡਾ ਵਿਚ ਰੱਖੇ ਗਏ ਕੁਝ ਸੈਮੀਨਾਰਾਂ ਵਿਚ ਹਿੱਸਾ ਲੈਣ ਮੈਂ ਵੀ ਹੋਰ ਵਿਦਵਾਨਾਂ ਨਾਲ ਭਾਰਤ ਤੋਂ ਆਈ ਸਾਂ| ਪਹਿਲਾ ਪੜਾਅ ਸਾਡੇ ਸਤਿਕਾਰਯੋਗ ਡਾ. ਜਸਵੀਰ ਸਿੰਘ ਮਾਨ ਦੇ ਸ਼ਹਿਰ ਲਾਸ ਏਂਜਲਸ ਵਿਖੇ ਸੀ ਅਤੇ ਡਾ. ਮਾਨ ਹੀ ਸੈਮੀਨਾਰਾਂ ਦੇ ਮੁੱਖ ਪ੍ਰਬੰਧਕ ਸਨ| ਇੱਕ ਦਿਨ ਅਸੀਂ ਕਿਸੇ ਪਾਸੇ ਜਾਣਾ ਸੀ ਅਤੇ ਕਿਸੇ ਬਹੁਤ ਹੀ ਗੁਰਮੁਖਿ ਸਿਆਣੀ ਦਿੱਖ ਵਾਲੇ ਸਿੱਖ ਵੀਰ ਦੀ ਗੱਡੀ ਸੀ| ਉਹ ਵੀਰ ਸਾਰਾ ਰਸਤਾ ਯੋਗੀ ਹਰਭਜਨ ਸਿੰਘ ਦੀਆਂ ਹੀ ਬਦਖੋਈਆਂ ਕਰਦਾ ਰਿਹਾ, ਪਰ ਮੈਨੂੰ ਅੱਜ ਵੀ ਇਹ ਗੱਲ ਕਹਿਣ ਤੋਂ ਕੋਈ ਹਿਚਕਚਾਹਟ ਨਹੀਂ ਕਿ ਮੈਂ ਯੋਗੀ ਹਰਭਜਨ ਸਿੰਘ ਦੇ ਐਸਪੇਨੋਲਾ ਕੇਂਦਰ ਵਿਖੇ ਅਫਰੀਕਨ, ਗੋਰੇ, ਮੈਕਸੀਕਨ, ਚੀਨੀ, ਜਪਾਨੀ, ਯੂਰਪੀਅਨ-ਹਰ ਮੁਲਕ ਅਤੇ ਨਸਲ ਦੇ ਸਿੱਖ ਵੀਰਾਂ ਤੇ ਬੀਬੀਆਂ ਨੂੰ ਰਲ-ਮਿਲ ਕੇ, ਪੂਰੇ ਪ੍ਰੇਮ ਅਤੇ ਸ਼ਰਧਾ ਨਾਲ ਇੱਕ ਦੂਜੇ ਦੇ ਸਹਿਯੋਗ ਨਾਲ ਲੰਗਰ ਦੀ ਅਤੇ ਗੁਰੂ ਘਰ ਦੀ ਸੇਵਾ ਕਰਦਿਆਂ ਦੇਖਿਆ ਹੈ, ਜਿੱਥੇ ਕੋਈ ਭਿੰਨ-ਭੇਦ ਨਹੀਂ ਸੀ| ਇੱਕ ਦਿਨ ਇੱਕ ਸਿੱਖ ਬੱਚੀ, ਜੋ ਲੰਗਰ ਵਿਚ ਸੇਵਾ ਕਰ ਰਹੀ ਸੀ, ਨੂੰ ਮੈਂ ਅੰਗਰੇਜ਼ੀ ਵਿਚ ਕੁਝ ਪੁੱਛਿਆ ਤਾਂ ਹੱਸ ਕੇ ਪੰਜਾਬੀ ਵਿਚ ਬੋਲੀ, “ਆਂਟੀ ਜੀ, ਮੈਂ ਵੈਨਕੂਵਰ ਤੋਂ ਆਈ ਹਾਂ, ਪੰਜਾਬਣ ਹਾਂ|” ਦੂਸਰੇ ਦਿਨ ਬਿਲਕੁਲ ਉਸੇ ਵਰਗੀ ਨਜ਼ਰ ਆਉਂਦੀ ਇੱਕ ਹੋਰ ਲੜਕੀ ਲੰਗਰ ਵਿਚ ਸੇਵਾ ਕਰ ਰਹੀ ਸੀ, ਜਿਸ ਨੂੰ ਮੈਂ ਪੁੱਛ ਲਿਆ ਕਿ ਕੀ ਉਹ ਵੀ ਪੰਜਾਬਣ ਹੈ? ਤਾਂ ਉਸ ਨੇ ਮੈਨੂੰ ਦੱਸਿਆ ਕਿ ਉਹ ਮੈਕਸੀਕਨ ਹੈ| ਉਹ ਸਾਰੀਆਂ ਬੀਬੀਆਂ ਦਸਤਾਰ ਸਜਾਉਂਦੀਆਂ ਹਨ ਅਤੇ ਉਤੋਂ ਦੀ ਦੁਪੱਟਾ ਲੈਂਦੀਆਂ ਹਨ| ਜੇ ਤੁਸੀਂ ਉਨ੍ਹਾਂ ਨੂੰ ਕਹਿ ਦਿਉ ਕਿ ਕੀ ਉਹ ਯੋਗੀ ਹਰਭਜਨ ਸਿੰਘ ਦੀਆਂ ਸਿੱਖ ਹਨ ਤਾਂ ਉਹ ਬੇਹੱਦ ਗੁੱਸਾ ਕਰਦੀਆਂ ਹਨ ਅਤੇ ਉਨ੍ਹਾਂ ਦਾ ਜੋਸ਼ ਵਾਲਾ ਉੱਤਰ ਹੁੰਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹਨ| ਗੁਰੂ ਨੇ ਅਦੇਸ਼ ਕੀਤਾ ਹੈ,
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਪੰਨਾ 766)