ਸਰਹੱਦੀ ਵਿਵਾਦਾਂ ਪਿੱਛੇ ਚੀਨ ਦੇ ਅਸਲ ਇਰਾਦੇ ਕੀ ਹਨ?

ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ (ਆਸਟ੍ਰੇਲੀਆ)
ਫੋਨ: 0061411218801
ਚੀਨ ਜਿਸ ਤਰ੍ਹਾਂ ਪਸਾਰਵਾਦ ਦੀ ਰਾਹ ‘ਤੇ ਚੱਲਦਿਆਂ ਭਾਰਤ ਦੀ ਹੱਦ ਅੰਦਰ ਦਾਖਲ ਹੋਇਆ ਅਤੇ ਵਾਪਸ ਹਟਣ ਦਾ ਨਾਮ ਨਹੀਂ ਲੈ ਰਿਹਾ, ਉਸ ਨੂੰ ਦੇਖ ਕੇ ਲਗਦਾ ਹੈ ਕਿ ਛੇਤੀ ਕੀਤੇ ਸਰਹੱਦੀ ਤਣਾਅ ਖਤਮ ਹੋਣ ਦੇ ਆਸਾਰ ਨਹੀਂ ਹਨ। ਸੁਰੱਖਿਆ ਮਾਹਿਰਾਂ ਅਨੁਸਾਰ ਚੀਨ ਵਲੋਂ ਕੀਤੀ ਘੁਸਪੈਠ ਉਸ ਦੀ ਵਿਉਂਤਬੱਧ ਸਾਜਿਸ਼ ਦਾ ਹਿੱਸਾ ਹੈ, ਜਿਸ ਨੂੰ ਉਸ ਨੇ ‘ਚਾਈਨਾ ਡਰੀਮ’ ਦਾ ਨਾਮ ਦਿੱਤਾ ਹੋਇਆ ਹੈ। ਹੁਣ ਤਕ ਦੀ ਜਾਣਕਾਰੀ ਅਨੁਸਾਰ ਸੈਟੇਲਾਈਟ ਤਸਵੀਰਾਂ ਰਾਹੀਂ ਪਤਾ ਲੱਗਾ ਹੈ ਕਿ ਚੀਨ ਨੇ ਪੂਰਬੀ ਲੱਦਾਖ ਸੈਕਟਰ ਵਿਚ ਐਲ਼ ਏ. ਸੀ. (ਲਾਈਨ ਆਫ ਐਕਚੂਲ ਕੰਟਰੋਲ) ਦੇ ਨਾਲ ਕਰੀਬ 30 ਹਜਾਰ ਫੌਜੀ ਤਾਇਨਾਤ ਕਰ ਦਿੱਤੇ ਹਨ। ਭਾਰਤ ਹੀ ਨਹੀਂ, ਪੂਰੀ ਦੁਨੀਆਂ ਦੀਆਂ ਨਜ਼ਰਾਂ ਚੀਨ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਦੇਖ ਰਹੀਆਂ ਹਨ।

ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਭਾਰਤ ਨੇ ਵੀ ਪੂਰਬੀ ਲੱਦਾਖ ਸਰਹੱਦ ਨੇੜੇ ਡਿਵੀਜ਼ਨ ਫੌਜ ਤਾਇਨਾਤ ਕਰ ਦਿੱਤੀ ਹੈ। ਭਾਰਤ ਨੇ ਉਪਰੋਕਤ ਸੀਮਾ ਦੇ ਨੇੜੇ ਬਹੁਤ ਸਾਰਾ ਜੰਗੀ ਸਾਜ਼ੋ-ਸਾਮਾਨ ਪਹੁੰਚਾ ਦਿੱਤਾ ਹੈ। ਭਾਰਤ ਵਲੋਂ ਤ੍ਰਿਸ਼ੂਲ ਇਨਫੈਂਟਰੀ ਡਿਵੀਜ਼ਨ ਇਥੇ ਤਾਇਨਾਤ ਕੀਤੀ ਗਈ ਹੈ। ਗਲਵਾਨ ਘਾਟੀ ਤੋਂ ਲੈ ਕਾਰਕੋਰਮ ਦੱਰੇ ਤੱਕ ਚੀਨੀ ਹਰਕਤਾਂ ਨੂੰ ਜ਼ਮੀਨੀ ਅਤੇ ਹਵਾਈ ਉਪਕਰਨਾਂ ਦੇ ਜ਼ਰੀਏ ਭਾਰਤੀ ਫੌਜ ਵਲੋਂ ਨੋਟ ਕੀਤਾ ਜਾ ਰਿਹਾ ਹੈ। ਸਵਾਲ ਹੈ ਕਿ ਇਨ੍ਹਾਂ ਕਾਰਵਾਈਆਂ ਪਿੱਛੇ ਚੀਨ ਦਾ ਇਰਾਦਾ ਕੀ ਹੈ? ਕੀ ਚੀਨ ਤੀਜੇ ਯੁੱਧ ਦੀ ਭੂਮਿਕਾ ਬੰਨ ਰਿਹਾ ਹੈ? ਚੀਨ ਦੀ ਇਸ ਵਿਉਤਬੰਦੀ ਪਿਛੇ ਪੀ. ਐਲ਼ ਏ. ਦੇ ਇੱਕ ਸਾਬਕਾ ਕਰਨਲ ਲਿਉ ਮਿੰਗ ਫੂ ਵਲੋਂ ‘ਡਰੀਮ ਆਫ ਚਾਈਨਾ’ ਨਾਮ ਦੀ ਲਿਖੀ ਕਿਤਾਬ ਹੈ। ਇਸ ਕਿਤਾਬ ਵਿਚ ਮੋਟੇ ਤੌਰ ‘ਤੇ ਪੁਰਾਤਨ ਚੀਨ ਦੀਆਂ ਹੱਦਾਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਹੱਦਾਂ ਦੀ ਨਿਸ਼ਾਨਦੇਹੀ ਕਰਨ ਸਮੇਂ ਤਾਕਤਵਾਰ ਧਿਰਾਂ ਨੇ ਚੀਨ ਦੇ ਹਿਤਾਂ ਨੂੰ ਦਰਕਿਨਾਰ ਕੀਤਾ ਸੀ। ਇਨ੍ਹਾਂ ਹੱਦਾਂ ਨੂੰ ਨਿਸ਼ਚਿਤ ਕਰਨ ਸਮੇਂ ਚੀਨ ਨਾਲ ਇੱਕ ਕਮਜੋਰ ਧਿਰ ਵਾਲਾ ਸਲੂਕ ਕੀਤਾ ਗਿਆ ਸੀ।
ਇਸ ਕਿਤਾਬ ਵਿਚ ਉਸੇ ਤਰਜ਼ ‘ਤੇ ਚੀਨ ਦੀ ਪੁਨਰ ਸਥਾਪਤੀ ਦਾ ਸੁਪਨਾ ਸਿਰਜਿਆ ਗਿਆ ਹੈ, ਜਿਸ ਤਰ੍ਹਾਂ ਸੰਘ ਪਰਿਵਾਰ ਨੇ ਅਖੰਡ ਭਾਰਤ ਦਾ ਸੁਪਨਾ ਸਿਰਜਿਆ ਹੋਇਆ ਹੈ। ਬਾਹਰਲੀ ਦੁਨੀਆਂ ਜਾਣੇ ਜਾਂ ਨਾ ਜਾਣੇ, ਪਰ ਚੀਨ ਦੇ ਫੌਜੀ ਮਾਹਿਰ, ਰਾਜਸੀ ਲੋਕ, ਬੁੱਧੀਜੀਵੀ, ਫਿਲਮਸਾਜ਼, ਕਲਾਕਾਰ ਅਤੇ ਹੋਰ ਤਬਕੇ ਇਸ ਸੁਪਨੇ ਦੀ ਪੂਰਤੀ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਫਰਕ ਸਿਰਫ ਇੰਨਾ ਹੈ ਕਿ ਸ਼ੀ ਜਿੰਨ ਪਿੰਗ ਨੇ ਇਸ ਸੁਪਨੇ ਨੂੰ ਅਸਲੀਅਤ ਵਿਚ ਬਦਲਣ ਦਾ ਕੰਮ ਆਪਣੇ ਹੱਥ ਲੈ ਕੇ ਚੀਨੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਚੀਨ ਦਾ ਪੁਰਾਤਨ ਗੌਰਵ ਬਹਾਲ ਕੀਤਾ ਜਵੇਗਾ। ਆਪਣੇ ਇਸ ‘ਦਾ ਚਾਈਨਾ ਡਰੀਮ’ ਨੂੰ ਤਕਤਵਰ ਸੁਨੇਹੇ ਵਿਚ ਬਦਲਣ ਲਈ ਰਾਸ਼ਟਰਪਤੀ ਬਣਦੇ ਸਾਰ ਸ਼ੀ ਜਿਨਪਿੰਗ ਉਸ ਜੰਗੀ ਬੇੜੇ ਦੀ ਯਾਤਰਾ ‘ਤੇ ਗਏ ਸਨ, ਜੋ ਦੱਖਣੀ ਚੀਨ ਸਾਗਰ ਵਿਚ ਫੌਜ ਦੇ ਜ਼ਰੀਏ ਆਪਣਾ ਦਬਦਬਾ ਸਥਾਪਤ ਕਰਨ ਵਿਚ ਸ਼ਾਮਲ ਸੀ। ਸੰਖੇਪ ਵਿਚ ਗਲੋਬਲ ਤਕਨੀਕ ‘ਤੇ ਕਬਜਾ ਕਰਨ ਦੇ ‘ਚਾਈਨਾ 2025’ ਪ੍ਰੋਗਰਾਮ ਤੋਂ ਲੈ ਕੇ ਵਨ ਬੈਲਟ ਵਨ ਰੋਡ ਜਿਹੀਆਂ ਯੋਜਨਾਵਾਂ ਇਸੇ ਡਰੀਮ ਦੀ ਬੁਨਿਆਦ ਹਨ।
ਨੇਪਾਲ, ਪਾਕਿਸਤਾਨ, ਮੀਆਂ ਮਾਰ ਅਤੇ ਸ੍ਰੀ ਲੰਕਾ ਨੂੰ ਚੀਨ ਨੇ ਵੱਡੀਆਂ ਆਰਥਕ ਰਾਹਤਾਂ ਦੇ ਕੇ ਆਪਣੇ ਖੇਮੇ ਵਿਚ ਕੀਤਾ ਹੋਇਆ ਹੈ। ਭੂਟਾਨ ਵੀ ਦਬਾਅ ਹੇਠ ਚੱਲ ਰਿਹਾ ਹੈ। ਮਾਲਦੀਵ ਤੋਂ ਕੁਝ ਟਾਪੂ ਚੀਨ ਨੇ ਲੀਜ਼ ‘ਤੇ ਲੈ ਲਏ ਹਨ। ਚੀਨ ਬੰਗਲਾ ਦੇਸ਼ ਦੀ ਨਾਗਰਿਕਤਾ ਬਿੱਲ ਨੂੰ ਲੈ ਕੇ ਭਾਰਤ ਨਾਲ ਨਾਰਾਜ਼ਗੀ ਨੂੰ ਆਪਣੇ ਹੱਕ ਵਿਚ ਵਰਤ ਰਿਹਾ ਹੈ। ਕਿਸੇ ਸਮੇਂ ਜਿਸ ਰੂਸ ਨਾਲ ਚੀਨ ਦੇ ਸਬੰਧ ਅਣਸੁਖਾਵੇਂ ਸਨ, ਅੱਜ ਬਹੁਤ ਸੁਖਾਵੇਂ ਹਨ। ਚੀਨ ਅਤੇ ਰੂਸ ਦਰਮਿਆਨ ‘ਸ਼ੰਘਾਈ ਕਨਫਰੰਟਰੇਸ਼ਨ’ ਨਾਂ ਦੀ ਸੰਧੀ ਵੀ ਹੋ ਚੁਕੀ ਹੈ। ਚੀਨ ਦਾ ਉਦੇਸ਼ ਏਸ਼ੀਆ ਅੰਦਰ ਅਮਰੀਕਾ ਦੇ ਪ੍ਰਭਾਵ ਨੂੰ ਘੱਟ ਕਰਨਾ ਹੈ। ਇਸ ਖੇਤਰ ਵਿਚ ਭਾਰਤ ਉਸ ਲਈ ਅੜਿੱਕਾ ਬਣ ਰਿਹਾ ਹੈ। ਪਹਿਲਾਂ ਚੀਨ ਨੇ ਭਾਰਤ ਨੂੰ ਰੂਸ, ਇੰਡੀਆ, ਚੀਨ (ਆਰ. ਆਈ. ਸੀ.) ਗਰੁੱਪ ਵਲੋਂ ‘ਗਲੋਬਲ ਨਿਯਮ ਆਧਾਰਿਤ ਵਿਵਸਥਾ’ ਨਾਮਕ ਪੱਛਮੀ ਨਜ਼ਰੀਏ ਦੇ ਮੁਕਾਬਲੇ ‘ਸਾਂਝਾ ਦ੍ਰਿਸ਼ਟੀਕੋਣ’ ਨਾਮਕ ਨਜ਼ਰੀਆ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਇਸ ਨਜ਼ਰੀਏ ਤਹਿਤ ਆਰ. ਆਈ. ਸੀ. ਗਰੁੱਪ ਆਪਣੇ ਇਤਿਹਾਸਕ ਅਨੁਭਵ ਅਤੇ ਮੁੱਲਾਂ ਦੇ ਬਲ ‘ਤੇ ਇੱਕ ਐਸਾ ਬਦਲਵਾਂ ਦ੍ਰਿਸ਼ਟੀਕੋਣ ਵਿਕਸਿਤ ਕਰੇ, ਜੋ ਗਲੋਬਲ ਸ਼ਾਸਨ ਦੇ ਪੱਛਮੀ ਆਦਰਸ਼ ਨਾਲ ਟਕਰਾਏ ਬਿਨਾ ਪ੍ਰਗਤੀ ਦਾ ਮਾਰਗ ਤਿਆਰ ਕਰੇ। ਜਿਨਪਿੰਗ ਨੇ ਇਹ ਸੁਪਨਾ ਭਾਰਤ ਨੂੰ ਵੇਚਣ ਲਈ ਸਾਬਰਮਤੀ ਨਦੀ ਦੇ ਕਿਨਾਰੇ ਪੀ. ਐਮ. ਨਰਿੰਦਰ ਮੋਦੀ ਦੇ ਨਾਲ ਝੂਲਾ ਝੂਲਿਆ। ਚੀਨੀ ਝੀਲ ਦੇ ਕਿਨਾਰੇ ਚਹਿਲ ਕਦਮੀ ਕੀਤੀ ਅਤੇ ਦੁਵੱਲੇ ਸਮਝੌਤਿਆਂ ਦੇ ਜ਼ਰੀਏ ਵੁਹਾਨ ਸਪਿਰਿਟ ਬਣਾਏ ਰੱਖਣ ਦੇ ਵਾਅਦੇ ਕੀਤੇ। ਇਸ ਦਾ ਨਤੀਜਾ ਇਹ ਹੋਇਆ ਕਿ ਨਵੀਂ ਦਿੱਲੀ ਵਲੋਂ ਵੀ ਵਿਸ਼ਵ ਗੁਰੂ ਬਣਨ ਅਤੇ 5 ਟ੍ਰਿਲੀਅਨ ਅਰਥ ਵਿਵਸਥਾ ਹਾਸਲ ਕਰਨ ਦੇ ਸੁਪਨੇ ਦੇਖੇ ਜਾਣ ਲੱਗੇ; ਪਰ ਨਵੀਂ ਦਿੱਲੀ ਨੂੰ ਅਹਿਸਾਸ ਹੋ ਗਿਆ ਕਿ ਸਾਂਝਾ ਦ੍ਰਿਸ਼ਟੀਕੋਣ ਅਸਲ ਵਿਚ ਇਕੱਲੇ ਚੀਨ ਦਾ ਦ੍ਰਿਸ਼ਟੀਕੋਣ ਹੈ, ਜਿਸ ਵਿਚ ਭਾਰਤ ਦੀ ਕੋਈ ਥਾਂ ਨਹੀਂ ਹੈ। ਇਹ ਸਾਰੀ ਕਵਾਇਦ ਚਾਈਨਾ ਡਰੀਮ ਸਾਕਾਰ ਕਰਨ ਦਾ ਯਤਨ ਹੈ, ਜਿਸ ਦੇ ਅਸੰਤੁਲਿਤ ਗਠਜੋੜ ਵਿਚ ਭਾਰਤ ਦੀ ਭੂਮਿਕਾ ਪਿਛਲੱਗੂ ਤੋਂ ਵੱਧ ਨਹੀਂ ਹੋਵੇਗੀ। ਇਸ ਲਈ ਉਸ ਨੇ ਬੀ. ਆਰ. ਆਈ. ਵਿਚ ਸ਼ਾਮਲ ਨਾ ਹੋ ਕੇ ਬੀਜਿੰਗ ਨੂੰ ਸਪਸ਼ਟ ਸੁਨੇਹਾ ਦੇ ਦਿੱਤਾ ਕਿ ਉਸ ਨੂੰ ਪਿਛਲੱਗੂ ਦੀ ਭੂਮਿਕਾ ਨਹੀਂ ਅਪਨਾ ਹੈ।
ਭਾਰਤ ਦੇ ਲਗਾਤਾਰ ਅਮਰੀਕਾ ਵਲ ਝੁਕਾਅ ਤੋਂ ਚੀਨ ਨੂੰ ਵੀ ਅਹਿਸਾਸ ਹੋ ਗਿਆ ਕਿ ਭਾਰਤ ਨੂੰ ਪੱਛਮੀ ਤਾਕਤਾਂ ਨਾਲ ਨੇੜਤਾ ਤੋਂ ਮਿੱਠੀਆਂ ਗੱਲਾਂ ਨਾਲ ਨਹੀਂ ਰੋਕਿਆ ਜਾ ਸਕਦਾ। ਇਸ ਸਮੇਂ ਜੋ ਅਸਲ ਕੰਟਰੋਲ ਰੇਖਾ ਤੇ ਭਾਰਤ ਚੀਨ ਦਾ ਫੌਜੀ ਟਕਰਾਅ ਚੱਲ ਰਿਹਾ ਹੈ, ਉਹ ਹਿਮਾਲਿਆ ਦੇ ਕੁਝ ਵਰਗ ਕਿਲੋਮੀਟਰ ਬੇਜਾਨ ਪੱਥਰਾਂ ਉਤੇ ਕਬਜਾ ਕਰਨ ਨੂੰ ਲੈ ਕੇ ਨਹੀਂ ਹੈ, ਸਗੋਂ ਬੀਜਿੰਗ ਦਾ ਵਿਸ਼ਾਲ ਰਣਨੀਤਕ ਉਦੇਸ਼ ਹੈ ਕਿ ਭਾਰਤ ਆਪਣੀ ਤਾਕਤ ਦੀਆਂ ਹੱਦਾਂ ਨੂੰ ਅਪਨਾ ਕੇ ਚੀਨ ਦਾ ਪਿਛਲੱਗੂ ਬਣ ਜਾਵੇ। ਜ਼ਿਕਰਯੋਗ ਹੈ ਕਿ ਸੰਨ 1979 ਵਿਚ ਚੀਨ ਨੇ ਇਨ੍ਹਾਂ ਕਾਰਨਾਂ ਕਰਕੇ ਹੀ ਵੀਅਤਨਾਮ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਵੀਅਤਨਾਮ ਵਿਚ ਪਰਵੇਸ਼ ਕੀਤਾ ਸੀ, ਪਰ ਉਸ ਦੀ ਇਸ ਮਾਮਲੇ ਵਿਚ ਵਿਸ਼ਵ ਵਿਆਪੀ ਫਜੀਅਤ ਹੋਈ ਸੀ। ਚੀਨ ਦੇ ਮਨਸੂਬੇ ਭਾਰਤ ਵਿਚ ਵੀ ਸਫਲ ਨਹੀਂ ਹੋਣਗੇ।
ਖੁਦਾ ਨਾ ਖਾਸਤਾ ਜੇ ਜੰਗ ਲੱਗੀ ਤਾਂ ਇਹ ਗਲਵਾਨ ਘਾਟੀ ਤੱਕ ਮਹਿਦੂਦ ਨਹੀਂ ਰਹੇਗੀ, ਇਸ ਦਾ ਘੇਰਾ ਬਹੁਤ ਵਿਸ਼ਾਲ ਹੋਵੇਗਾ। ਇਸ ਦੇ ਵਿਸ਼ਵ ਯੁੱਧ ਵਿਚ ਤਬਦੀਲ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੁਨੀਆਂ ਦੇ ਬਹੁਤ ਸਾਰੇ ਦੇਸ਼ ਚੀਨ ਨਾਲ ਕਿਸੇ ਨਾ ਕਿਸੇ ਗੱਲੋਂ ਨਾਰਾਜ਼ ਹਨ। ਮਿਸਾਲ ਵਜੋਂ ਆਸਟ੍ਰੇਲੀਆ ਚੀਨ ਨਾਲ ਕੋਵਿਡ-19 ਮਹਾਮਾਰੀ ਫੈਲਾਉਣ ਕਰਕੇ ਨਾਰਾਜ਼ ਹੈ, ਅਮਰੀਕਾ ਨਾਲ ਜਿਥੇ ਪਿਛਲੇ 3 ਕੁ ਸਾਲ ਤੋਂ ਟਰੇਡ ਵਾਰ ਚੱਲ ਰਹੀ ਹੈ, ਉਥੇ ਕੋਵਿਡ-19 ਮਹਾਮਾਰੀ ਕਰਕੇ ਵੀ ਉਹ ਨਾਰਾਜ਼ ਹੈ। 10 ਦੇਸ਼ਾਂ ਦਾ ਸਮੂਹ ‘ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼’ ਇਸ ਗੱਲ ਨੂੰ ਲੈ ਕੇ ਚੀਨ ਨਾਲ ਖਫਾ ਹੈ ਕਿ ਚੀਨ ਸਾਊਥ ਚਾਈਨਾ ਸਮੁੰਦਰ ਅਤੇ ਹਿੰਦ ਮਹਾਸਾਗਰ ਵਿਚ ਕੌਮਾਂਤਰੀ ਸਮੁੰਦਰੀ ਨਿਯਮਾਂ ਦਾ ਉਲੰਘਣ ਕਰਕੇ ਧੌਂਸ ਜਮਾ ਰਿਹਾ ਹੈ। ਅਹਿਸਾਸ ਬੀਜਿੰਗ ਨੂੰ ਵੀ ਹੈ ਕਿ ਵੱਖ ਵੱਖ ਦੇਸ਼ ਉਸ ਵਿਰੁੱਧ ਲਾਮਬੰਦ ਹੋ ਰਹੇ ਹਨ। ਇਸ ਲਈ ਉਸ ਨੇ ਆਪਣੇ ਸੈਨਿਕ ਰਿਜ਼ਰਵ ਬਲਾਂ ਨੂੰ ਕੇਂਦਰੀ ਕਮਾਂਡ ਅਧੀਨ ਕਰ ਕੇ ਵਿਸ਼ਵ ਪੱਧਰੀ ਫੌਜ ਵਿਕਸਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।