‘ਬੋਸਕੀ ਦਾ ਪਜਾਮਾ’ ਪੜ੍ਹਦਿਆਂ

ਸੰਤੋਖ ਮਿਨਹਾਸ
ਫੋਨ: 559-283-6376
ਕਰਮ ਸਿੰਘ ਮਾਨ ਪਿਛਲੇ ਦੋ ਦਹਾਕਿਆਂ ਤੋਂ ਲਿਖੀ ਜਾ ਰਹੀ ਆਧੁਨਿਕ ਪੰਜਾਬੀ ਕਹਾਣੀ ਵਿਚ ਇੱਕ ਸਥਾਪਤ ਨਾਂ ਹੈ। ਉਹ ਹੁਣ ਤੱਕ ਚਾਰ ਕਹਾਣੀ ਸੰਗ੍ਰਿਹ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕਾ ਹੈ। ਇਨ੍ਹਾਂ ਕਹਾਣੀਆਂ ਨੂੰ ਪਾਠਕਾਂ ਤੇ ਆਲੋਚਕ ਅੱਖ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਪੰਜਾਬੀ ਸਾਹਿਤ ਦੇ ਸਿਰਮੌਰ ਪਰਚਿਆਂ ਨੇ ਵੀ ਚੰਗੀ ਥਾਂ ਦਿੱਤੀ ਹੈ। ਕਰਮ ਸਿੰਘ ਮਾਨ ਮਾਨਵਵਾਦੀ ਸੰਵੇਦਨਸ਼ੀਲ ਯਥਾਰਥਵਾਦੀ ਲੇਖਕ ਹੈ। ਉਸ ਨੂੰ ਅਜੋਕੇ ਸਮੇਂ ਵਿਚ ਖੰਡਿਤ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਅੰਦਰਲੇ ਥਹੁ ਦੀ ਸੋਝੀ ਹੈ।

ਇਸੇ ਲਈ ਉਸ ਨੂੰ ਮਨੁੱਖੀ ਜੀਵਨ ਦੀ ਜਟਿਲਤਾ ਫੜਨ ਦਾ ਵੱਲ ਆਉਂਦਾ ਹੈ। ਉਹ ਮਨੁੱਖ ਅੰਦਰ ਹੋ ਰਹੀ ਟੁੱਟ ਭੱਜ ਨੂੰ ਬਿਆਨ ਕਰਦਿਆਂ ਪਾਠਕ ਨੂੰ ਪਾਤਰ ਦੇ ਅੰਦਰ ਝਾਕਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਪਾਠਕ ਤੇ ਲੇਖਕ ਦੀ ਵਿੱਥ ਨੂੰ ਦੂਰ ਕਰਦਿਆਂ ਪਾਠਕ ਨੂੰ ਉਂਗਲੀ ਫੜ ਕਹਾਣੀ ਦੇ ਨਾਲ ਤੋਰ ਲੈਂਦਾ ਹੈ। ਪਾਠਕ ਨੂੰ ਕਹਾਣੀ ਦੇ ਪਾਤਰਾਂ ਨਾਲ ਜਾਣੀ-ਪਛਾਣੀ ਸਾਂਝ ਮਾਹਿਸੂਸ ਹੂੰਦੀ ਹੈ। ਇਹੀ ਉਸ ਦੀਆਂ ਕਹਾਣੀਆਂ ਦੀ ਵਡੱਤਣ ਹੈ।
ਲੇਖਕ ਕੋਲ ਠੇਠ ਮੁਹਾਵਰੇਦਾਰ ਮਲਵਈ ਬੋਲੀ ਦਾ ਲਹਿਜ਼ਾ ਹੈ। ਪੇਂਡੂ ਸੰਵੇਦਨਾ ਨਾਲ ਲਬਰੇਜ਼ ਇਹ ਕਹਾਣੀਆਂ ਨਿਮਨ ਕਿਸਾਨੀ ਜੀਵਨ ਦੇ ਧਰਾਤਲ ‘ਤੇ ਜਦੋ-ਜਹਿਦ ਕਰ ਰਹੇ ਮਨੁੱਖ ਦੇ ਅੰਦਰ ਪਸਰੇ ਖਲਾਅ ਤੋਂ ਉਤਪੰਨ ਦੁਸ਼ਵਾਰੀਆਂ, ਬੇਸਬਰੀਆਂ ਤੇ ਰਿਸ਼ਤਿਆਂ ਦੀ ਬੇਭਰੋਸਗੀ ਦੇ ਦੁਖਾਂਤ ਦਾ ਵਰਣਨ ਹੀ ਨਹੀਂ, ਸਗੋਂ ਗਲੋਬਲੀ ਸੰਸਾਰ ਦੀ ਪੂੰਜਵਾਦੀ ਵਿਵਸਥਾ ਵਿਚ ਮਨੁੱਖ ਦੀ ਭੁੱਖ ਦਾ ਵਰਣਨ ਵੀ ਹੈ। ਇਸੇ ਲਈ ਜਿੱਥੇ ਉਸ ਦੀ ਕਹਾਣੀ ਭਾਰਤੀ ਚਿੰਤਨ ਦੇ ਸੁਖਾਂਤਕ ਪਰੰਪਰਾ ਦੇ ਅਵਚੇਤਨ ਵਿਚੋਂ ਉਤਪੰਨ ਪ੍ਰਤੀਤ ਹੁੰਦੀ ਦਿਸਦੀ ਹੈ, ਉਥੇ ਉਸ ਦੀ ਕਹਾਣੀ ਦੇ ਯਥਾਰਥ ਦਾ ਵਿਚਾਰਧਾਰਕ ਸੂਤਰ ਪ੍ਰਗਤੀਵਾਦੀ ਦਰਸ਼ਨ ਨਾਲ ਓਤਪੋਤ ਹੈ।
ਲੇਖਕ ਦਾ ਲੋਕ ਪੱਖੀ ਮਾਨਵਵਾਦੀ ਚਿਹਰਾ ਦ੍ਰਿਸ਼ਟੀਗੋਚਰ ਹੁੰਦਾ ਹੈ। ਜੇ ਉਸ ਦੀਆਂ ਕਹਾਣੀਆ ਦੇ ਵਿਸ਼ੇ ਪਸਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਬਟਵਾਰੇ ਦਾ ਦੁਖਾਂਤ, ਹਰੀ ਕ੍ਰਾਂਤੀ ਦੀ ਚੜ੍ਹਤ ਤੇ ਉਸ ਦੇ ਨਿਘਾਰ, ਖਾੜਕੂ ਲਹਿਰ, ਪਰਵਾਸ ਨਾਲ ਕਿਸਾਨੀ ਜੀਵਨ ਵਿਚ ਆਈਆਂ ਤਬਦੀਲੀਆਂ ਜਿਵੇਂ ਸਾਂਝੇ ਪਰਿਵਾਰਾਂ ਦਾ ਟੁੱਟਣਾ, ਸ਼ਰੀਕੇਬਾਜ਼ੀ ਨਾਲ ਪੈਦਾ ਹੋਈ ਧੜੇਬੰਦੀ, ਗਲੋਬਲੀਕਰਨ, ਨਿੱਜੀਕਰਨ, ਉਦਾਰੀਕਰਨ ਤੇ ਸੂਚਨਾ ਸੰਚਾਰ ਉਨਤੀ ਨਾਲ ਮਨੁੱਖੀ ਜੀਵਨ ‘ਤੇ ਪਏ ਪ੍ਰਭਾਵਾਂ ਸਦਕਾ ਹੋਈ ਉਥਲ-ਪੁਥਲ ਨੂੰ ਬੜੇ ਰੌਚਕ ਲੋਕਧਰਾਈ ਮਾਨਵੀ ਬਿਰਤਾਂਤ ਰਾਹੀਂ ਪੇਸ਼ ਕੀਤਾ ਹੈ।
ਕਰਮ ਸਿੰਘ ਮਾਨ ਨੇ ਦੇਸ ਤੇ ਪਰਦੇਸ ਦੇ ਜੀਵਨ ਨੂੰ ਜਿਉਂ ਕੇ ਵੇਖਿਆ ਹੈ। ਪਰਵਾਸੀ ਜੀਵਨ ਦੀਆਂ ਦੁਸ਼ਵਾਰੀਆਂ ਤੇ ਆਪਣੀ ਜੜ੍ਹ ਨਾਲੋਂ ਟੁੱਟਣ ਦਾ ਸੰਤਾਪ ਤੇ ਹੇਰਵਾ ਹੰਢਾ ਕੇ ਵੇਖਿਆ ਹੈ। ਇਸੇ ਲਈ ਪਰਵਾਸ ਨਾਲ ਜੁੜੀਆਂ ਕਹਾਣੀਆਂ ਵਿਚ ਮਨੁੱਖੀ ਜੀਵਨ ਦੇ ਦਵੰਦਮਈ ਜੀਵਨ ਦੀ ਚੀਸ ਉਚੀ ਸੁਰ ਵਿਚ ਵਿਦਮਾਨ ਹੈ। ਹਥਲੇ ਸੰਗ੍ਰਿਹ ਵਿਚ ‘ਬਿੰਦੂ’ ਅਤੇ ‘ਮੁਤਬੰਨਾ’ ਕਹਾਣੀਆਂ ਮਸਨੂਈ ਜੀਵਨ ਜਿਉਂਦੇ ਮਨੁੱਖ ਦੇ ਆਪਣੇ ਸਿਰਜੇ ਦੁਖਾਂਤ ਨੂੰ ਭੋਗਦੇ ਇੱਕ ਕਾਲਪਨਿਕ ਖੁਸ਼ੀ ਦੀ ਭਾਲ ਵਿਚ ਜਿਉਂਦੇ ਮਨੁੱਖ ਦਾ ਤਰਲਾ ਮਾਤਰ ਸੁਪਨਾ ਹਨ; ਪਰ ਲੇਖਕ ਮਨੁੱਖੀ ਜੀਵਨ ਦੀ ਜਟਿਲਤਾ ਤੋਂ ਉਤਪੰਨ ਪ੍ਰਸਿਥੀਆਂ ਨੂੰ ਮਾਨਵਵਾਦੀ ਦ੍ਰਿਸ਼ਟੀ ਰਾਹੀਂ ਸੁਲਝਾਉਂਦਾ ਪ੍ਰਤੀਤ ਨਜ਼ਰ ਆਉਂਦਾ ਹੈ, ਪਰ ਕਈ ਥਾਂਈਂ ਆਪਣੇ ਕਥਾ-ਸੰਸਾਰ ਵਿਚ ਜਾਗੀਰੂ ਕਥਾ ਪਰੰਪਰਾ ਦੀਆਂ ਜੁਗਤਾਂ ਦਾ ਸਹਾਰਾ ਵੀ ਲੈਂਦਾ ਹੈ। ਜਿਵੇਂ ‘ਨੂਰਾਂ ਅਜੇ ਮਰੀ ਨਹੀਂ’ ਕਹਾਣੀ ਪੰਜਾਬ ਬਟਵਾਰੇ ਦੇ ਦੁਖਾਂਤ ਦੇ ਥੀਮ ‘ਤੇ ਉਸਰੀ ਕਹਾਣੀ ਹੈ, ਜਿਸ ਵਿਚ ਬੰਦੇ ਦੇ ਅਮਾਨਵੀ ਤੇ ਮਾਨਵੀ ਚਰਿੱਤਰ ਦੇ ਅੰਤਰ-ਵਿਰੋਧਾਂ ਦੇ ਸੰਕਟਾਂ ਨੂੰ ਬਾਖੂਬੀ ਸਿਰਜਿਆ ਹੈ।
ਕਹਾਣੀ ‘ਖੁਸ਼ਹਾਲ ਸਿੰਘ’ ਦ੍ਰਿੜ ਇਰਾਦੇ ਤੇ ਜਿੰਦਾ-ਦਿਲ ਇੱਕ ਕੁਸ਼ਲ ਪ੍ਰਧੰਬਕ ਬਾਰੇ ਹੈ। ਉਸ ਵਿਚ ਫਿਊਡਲ ਮਾਨਤਾਵਾਂ ਹੋਣ ਦੇ ਬਾਵਜੂਦ ਉਸ ਨੂੰ ਸਮਾਜ ਨਾਲ ਜਿਉਣ ਦਾ ਵੱਲ ਆਉਂਦਾ ਹੈ। ‘ਕੁੱਤੇ ਦਾ ਡਰ’ ਕਹਾਣੀ ਇੱਕ ਅਤ੍ਰਿਪਤ ਬੀਮਾਰ ਮਾਨਸਿਕਤਾ ਦੇ ਸ਼ਿਕਾਰ ਮਨੁੱਖ ਦੀ ਸੋਚ ਦੀ ਨੈਗੇਟਿਵ ਮਨੋਦਸ਼ਾ ਦਾ ਖੂਬਸੂਰਤ ਚਿਤਰਣ ਹੈ। ‘ਮੁਤਬੰਨਾ’ ਕਹਾਣੀ ਵਿਚ ਪਿਆਰ ਦੇ ਛਲ-ਕਪਟ ਦੀ ਸ਼ਿਕਾਰ ਰੋਹਿਨੀ ਅਤੇ ਬੇਜੋੜ ਕਰੇਜ਼ ‘ਚੋਂ ਪੈਦਾ ਹੋਏ ਬੱਚੇ ਟੋਨੀ ਦਾ ਪਿਆਰ, ਉਦਰੇਵਾਂ, ਡਰੱਗਜ਼ ਤੇ ਗਲੈਮਰ ਦੀ ਦੁਨੀਆਂ ‘ਚੋਂ ਉਪਜੇ ਦੁਖਾਂਤ ਅਤੇ ਔਲਾਦ ਦੇ ਪਿਆਰ ਵਿਹੂਣੇ ਜੋੜੇ ਜੀਤੀ ਤੇ ਜਗਪਾਲ ਦੀ ਟੋਨੀ ਨੂੰ ਗੋਦ ਲੈਣ ਦਾ ਕ੍ਰਿਸ਼ਮਈ ਸੁਖਾਂਤ ਪੇਸ਼ ਕੀਤਾ ਹੈ।
ਅਜੋਕੀ ਪੂੰਜਵਾਦੀ ਵਿਵਸਥਾ ਵਿਚ ਜਿੱਥੇ ਲੋਕਤੰਤਰੀ ਢਾਂਚੇ ਵਿਚ ਵਿਗਿਆਨ ਨੇ ਨਵੀਆਂ ਪੁਲਾਂਘਾਂ ਪੁੱਟੀਆਂ ਹਨ, ਉਥੇ ਲੋਕਾਂ ਦਾ ਸਾਇੰਸ ਵਿਚ ਵੀ ਵਿਸ਼ਵਾਸ ਪੈਦਾ ਹੋਇਆ ਹੈ। ਡੀ. ਐਨ. ਏ. ਦੀਆਂ ਖੋਜਾਂ ਨਾਲ ਜਿੱਥੇ ਮਨੁੱਖ ਦੀਆਂ ਸੁੱਖ ਸਹੂਲਤਾਂ ਵਿਚ ਵਾਧਾ ਹੋਇਆ ਹੈ, ਉਥੇ ਮਨੁੱਖੀ ਰਿਸ਼ਤਿਆਂ ਦੇ ਓਹਲੇ ਨੂੰ ਵੀ ਨੰਗਿਆਂ ਕੀਤਾ ਹੈ। ਜਿਵੇਂ ਕਹਾਣੀ ‘ਬਿੰਦੂ’ ਵਿਚ ਸਰਨਾ ਸਾਰੀ ਉਮਰ ਆਪਣੇ ਪਰਿਵਾਰ ਨੂੰ ਅਮਰੀਕਾ ਸੱਦਣ ਲਈ ਸੰਘਰਸ਼ ਕਰਦਾ ਹੈ; ਆਪਣੀ ਬੇਟੀ, ਜਿਸ ਨੂੰ ਉਹ ਰੱਜ ਕੇ ਪਿਆਰ ਕਰਦਾ ਹੈ, ਦੇ ਡੀ. ਐਨ. ਏ. ਦੇ ਟੈਸਟ ਨਾਲ ਉਸ ਦੀ ਸਾਰੀ ਦੁਨੀਆਂ ਹੀ ਉਜੜ ਜਾਂਦੀ ਹੈ। ਇਹ ਇੱਕ ਪਰਵਾਸੀ ਬੰਦੇ ਦੀ ਤ੍ਰਾਸਦਿਕ ਵੇਦਨਾ ਦਾ ਅੰਤ ਹੈ।
ਇਸੇ ਤਰ੍ਹਾਂ ‘ਪੱਕਾ ਪੈਂਚਰ’ ਵਿਚ ਜਗੀਰੋ ਦੇ ਪੁੱਤਰ ਭੋਲੇ ਦੇ ਡੀ. ਐਨ. ਏ. ਦੇ ਟੈਸਟ ਨਾਲ ਮਨੁੱਖੀ ਰਿਸ਼ਤਿਆਂ ਦੇ ਵਿਸ਼ਵਾਸ ਦਾ ਰਹੱਸ ਨੰਗਾ ਹੁੰਦਾ ਹੈ। ਜਿੱਥੇ ਇਸ ਕਹਾਣੀ ਨੂੰ ਆਧੁਨਿਕ ਪਰਿਪੇਖ ਦੀ ਪੁੱਠ ਦੇ ਕੇ ਪੇਸ਼ ਕੀਤਾ ਹੈ, ਉਥੇ ਪੇਂਡੂ ਪੱਧਰ ਦੀ ਜਾਗੀਰੂ ਜਮਾਤੀ ਮਾਨਸਿਕਤਾ ਦੀ ਧੌਂਸ ਵੀ ਨਜ਼ਰ ਆਉਂਦੀ ਹੈ। ਬੋਸਕੀ ਦਾ ਪਜਾਮਾ ਕਹਾਣੀ ਪੰਜਾਬੀ ਕਿਸਾਨੀ ਜੀਵਨ ਵਿਚ ਇੱਕ ਔਰਤ ਜਾਗੀਰੂ ਕਦਰਾਂ-ਕੀਮਤਾਂ ਦੀ ਸੋਚ ਨੂੰ ਪ੍ਰਨਾਏ ਮਾਹੌਲ ਵਿਚ ਆਪਣੇ ਰਿਸ਼ਤਿਆਂ ਦੇ ਧਰਵਾਸ ਦਾ ਮੋਹ ਭਾਲਦੀ ਹੈ। ਜਗੀਰੋ ਦੇ ਆਪਣੇ ਭਰਾ ਦੇ ਪਿਆਰ ਦੀ ਅਣਹੋਂਦ ਦਾ ਦਰਦ ਹੀ ਨਹੀਂ, ਸਗੋਂ ਇੱਕ ਧਿਰ ਨਾ ਹੋਣ ਦਾ ਸੰਤਾਪ ਵੀ ਉਹ ਸਾਰੀ ਉਮਰ ਹੰਢਾਉਂਦੀ ਹੈ ਅਤੇ ਕਿਵੇਂ ਹੋਰ ਨਿੱਕੇ ਨਿੱਕੇ ਰਿਸ਼ਤਿਆਂ ਵਿਚੋਂ ਮੋਹ ਦੀ ਤੰਦ ਭਾਲਦੀ ਪਿਆਰ ਉਮਰ ਵਿਹਾਜ ਦਿੰਦੀ ਹੈ।
‘ਹੰਝੂ’ ਕਹਾਣੀ ਵੀ ਪਿਆਰ ਵਿਹੂਣੇ ਰਿਸ਼ਤਿਆਂ ਦੀ ਮਨੋਦਸ਼ਾ ਨੂੰ ਕੁਰੇਦਦੀ ਮਨੁੱਖੀ ਸੰਵੇਦਨਾ ਦਾ ਭਾਵੁਕ ਚਿਤਰਨ ਹੈ। ਅਤੀਤ ਵਿਚ ਬੈਠਾ ਆਪਣਿਆਂ ਨੂੰ ਖੋਹਣ ਦਾ ਦਰਦ ਦੂਜਿਆਂ ਤੋਂ ਮਿਲੇ ਪਿਆਰ ਨਾਲ ਉਛਲ ਪੈਂਦਾ ਹੈ। ‘ਦਰਦ ਵਿਛੋੜੇ’ ਦਾ ਕਹਾਣੀ ਲੇਖਕ ਦੀ ਆਪਣੀ ਪਤਨੀ ਦੇ ਸੁਰਗਵਾਸ ਹੋਣ ਪਿਛੋਂ ਇੱਕਲਾਪੇ ਜੀਵਨ ਵਿਚ ਅਤੀਤ ਦੀਆਂ ਯਾਦਾਂ, ਜੋ ਸਿਮਰਤੀ ਦਾ ਅਮੁੱਲ ਖਜਾਨਾ ਹਨ, ਨੂੰ ਬੜੇ ਸਹਿਜ ਭਾਵੀ ਸ਼ਬਦਾਂ ਰਾਹੀਂ ਚਿੱਤਰਿਆ ਹੈ। ਇਹ ਇੱਕ ਔਰਤ ਦੇ ਪੇਂਡੂ ਜੀਵਨ ਦੇ ਬੁਰਜ਼ੂਆ ਧਰਾਤਲ ‘ਤੇ ਉਸਰੇ ਸਾਂਝੇ ਪਰਿਵਾਰਾਂ ਵਿਚ ਆਪਣੇ ਚਾਅਵਾਂ ਤੇ ਜਜ਼ਬਾਤ ਦੀ ਕੁਰਬਾਨੀ ਦੀ ਤਸਵੀਰ ਹੈ। ਅਮਰੀਕਾ ਪਰਵਾਸ ਸਮੇਂ ਇੱਕ ਦਿਨ ਲੇਖਕ ਦਾ ਹੱਥ ਫੜ ਕੇ ਬਰਾਬਰ ਤੁਰਨਾ ਇਹ ਦਰਸਾਉਂਦਾ ਹੈ ਕਿ ਕਿੰਨਾ ਜਵਾਰਭਾਟਾ ਸੀ ਉਸ ਦੇ ਅੰਦਰ, ਜੋ ਪਰਿਵਾਰਕ ਲੋਕ-ਲੱਜ ਲਈ ਸਾਰੀ ਉਮਰ ਦਬਾਈ ਰੱਖਿਆ।
‘ਭਾਰੀ ਗੰਨ’ ਕਹਾਣੀ ਪੰਜਾਬ ਦੇ ਹਰੇ ਇਨਕਲਾਬ ਦੀ ਚੜ੍ਹਤ ਤੇ ਨਿਘਾਰ ਦੀ ਕਿਸਾਨੀ ਜੀਵਨ ਦੀ ਦਸ਼ਾ ‘ਤੇ ਪਏ ਪ੍ਰਭਾਵ ਨਾਲ ਇੱਕ ਨਵੇਂ ਅਥਰਚਾਰੇ ਦੇ ਪੈਦਾ ਹੋਣ ਨਾਲ ਨਵੀਂ ਜਮਾਤੀ-ਵੰਡ ਦਾ ਦਵੰਦਾਤਮਿਕ ਕਰੁਣਾਮਈ ਬਿਰਤਾਂਤ ਹੈ। ਦਰਮਿਆਨੇ ਕਿਸਾਨ ਮਿਹਰ ਤੇ ਉਸ ਦੀ ਪਤਨੀ ਚੰਦ ਕੁਰ ਦੇ ਪਰਿਵਾਰ ਦੀ ਇੱਕ ਮਜਦੂਰ ਜਮਾਤ ਵਿਚ ਤਬਦੀਲ ਹੋਣ ਅਤੇ ਉਸ ਦਾ ਜਾਤੀਗਤ ਜੱਟ ਹੋਣ ਤੇ ਉਚ ਸ਼੍ਰੇਣੀ ਦਾ ਭਰਮ ਉਸ ਨੂੰ ਪਲ ਪਲ ਕੁਰੇਦਦਾ ਹੈ। ਠੇਕੇਦਾਰ ਦੀ ਬਣਦੀ ਕੋਠੀ ਤੇ ਹੋਰ ਮਜਦੂਰਾਂ ਵਾਂਗ ਦਿਹਾੜੀ ਕਰਦਿਆਂ ਆਪਣੇ ਆਪ ਨੂੰ ਮਜਦੂਰ ਸਮਝਣਾ ਉਸ ਨੂੰ ਔਖਾ ਲੱਗਦਾ ਹੈ। ਪੂੰਜੀਵਾਦੀ ਵਿਵਸਥਾ ਵਿਚ ਕਿਸਾਨ ਜੀਵਨ ‘ਤੇ ਪੈਂਦੇ ਬਹੁਪੱਖੀ ਪ੍ਰਭਾਵਾਂ ਸਦਕਾ ਉਸ ਦੇ ਵਿਹਾਰ ਵਿਚ ਬਹੁਤ ਤਬਦੀਲੀਆਂ ਆਈਆਂ ਹਨ। ਇਸ ਨਵੇਂ ਪਰਿਵਰਤਨ ਨਾਲ ਕਿਵੇਂ ਇੱਕ ਮਨੁੱਖ ਨੂੰ ਬਦਲੇ ਹੋਏ ਸਮਕਾਲੀ ਯਥਾਰਥ ਨਾਲ ਜੂਝਣਾ ਪੈ ਰਿਹਾ ਹੈ। ਇਸ ਕਹਾਣੀ ਵਿਚ ਲੇਖਕ ਨੇ ਇੱਕ ਕਿਸਾਨ ਤੋਂ ਮਜਦੂਰ ਬਣੀ ਮਾਨਸਿਕਤਾ ਦੀਆ ਡੂੰਘੀਆਂ ਤਹਿਆਂ ਨੂੰ ਫਰੋਲਣ ਦਾ ਸਫਲ ਯਤਨ ਕੀਤਾ ਹੈ।
ਕਰਮ ਸਿੰਘ ਮਾਨ ਆਪਣੇ ਇਸ ਕਹਾਣੀ ਸੰਗ੍ਰਿਹ ‘ਬੋਸਕੀ ਦਾ ਪਜਾਮਾ’ ਵਿਚ ਕਥਾ-ਵਸਤੂ ਅਤੇ ਰਚਨਾ ਦ੍ਰਿਸ਼ਟੀ ਪੱਖੋਂ ਆਪਣੇ ਦੂਜੇ ਕਹਾਣੀ ਸੰਗ੍ਰਿਹਾਂ ਵਾਂਗ ਹੀ ਵਿਲੱਖਣ ਮੁਹਾਂਦਰਾ ਸਿਰਜਣ ਵਿਚ ਸਫਲ ਰਿਹਾ ਹੈ। ਪੰਜਾਬੀ ਸਾਹਿਤ ਦੇ ਕਹਾਣੀ ਜਗਤ ਵਿਚ ਇਹ ਨਿੱਗਰ ਵਾਧਾ ਹੋਵੇਗਾ। ਮੈਂ ਇਨ੍ਹਾਂ ਕਹਾਣੀਆਂ ਨੂੰ ਜੀ ਆਇਆਂ ਆਖਦਾ ਹਾਂ।