ਤੂੰ ਭਰੀਂ ਹੁੰਗਾਰਾ

ਭਵਿੱਖ ਕਿਸੇ ਨੇ ਨਹੀਂ ਦੇਖਿਆ। ਹਾਂ, ਇਸ ਬਾਰੇ ਕਿਆਸਆਰਾਈਆਂ ਜ਼ਰੂਰ ਲਗਦੀਆਂ ਰਹਿੰਦੀਆਂ ਹਨ ਪਰ ਸੁਰਜੀਤ ਦੀ ਕਹਾਣੀ ‘ਤੂੰ ਭਰੀਂ ਹੁੰਗਾਰਾ’ ਅਸਲ ਵਿਚ ਭਵਿੱਖ ਦੀ ਕਹਾਣੀ ਹੈ। ਇਸ ਦੇ ਐਨ ਕੇਂਦਰ ਵਿਚ ਮਨੁੱਖ ਅਤੇ ਕੁਦਰਤ ਹੈ। ਮਨਮੋਹਣੀ ਕੁਦਰਤ ਨਾਲ ਗੱਲੀਂ ਪੈ ਕੇ ਹੀ ਮਨੁੱਖ ਲਈ ਰਾਹ ਮੋਕਲੇ ਹੋ ਸਕਦੇ ਹਨ।

-ਸੰਪਾਦਕ

ਸੁਰਜੀਤ

ਉਸ ਦਿਨ ਡਰਾਈਵੇਅ ਵਿਚ ਕਾਰ ਖੜ੍ਹੀ ਕਰ ਕੇ ਮੈਂ ਬੜੇ ਚਾਅ ਨਾਲ ਆਪਣੀ ਬਗੀਚੀ ਵੱਲ ਵੇਖਿਆ। ਬਹਾਰ ਦੇ ਮੌਸਮ ਵਿਚ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਵਿਹੜਾ ਇੰਦਰਧਨੁਸ਼ੀ ਰੰਗਾਂ ਨਾਲ ਭਰਿਆ ਪਿਆ ਸੀ। ਸ਼ੋਖ ਹਵਾ ਦੇ ਇਕ ਬੁੱਲੇ ਨੇ ਮੈਨੂੰ ਛੂਹਿਆ। ਮੈਂ ਘਰ ਦੇ ਬੂਹੇ ਵੱਲ ਵਧੀ; ਪਹਿਲੀ ਪੌੜੀ ‘ਤੇ ਪੈਰ ਹੀ ਧਰਿਆ ਸੀ ਕਿ ਬੂਹੇ ਅੱਗੇ ਲੱਗੇ ‘ਰਬੜ ਪਲਾਂਟ’ ਨੇ ਜਿਵੇਂ ਮੇਰੇ ਨਾਲ ਖਹਿ ਕੇ ਮੈਨੂੰ ਰੋਕ ਲਿਆ। ਮੈਂ ਹੱਸ ਕੇ ਉਸ ਨੂੰ ਕਿਹਾ, “ਉਇ, ਮੇਰੇ ਸੁਹਣੇ ਪਲਾਂਟ ਜੀ, ਕਿਵੇਂ ਐਂ! ਆਇ ਹਾਇ ਤੂੰ ਤਾਂ ਕਿੰਨਾ ਵੱਡਾ ਹੋ ਗਿਐਂ, ਮੇਰੇ ਤੋਂ ਵੀ ਉਚਾ! ਕਿੰਨੇ ਸੋਹਣੇ ਪੱਤੇ ਨੇ ਤੇਰੇ। ਕਿੰਨੇ ਚੌੜੇ! ਕੁਝ ਕੁਝ ਪਿੱਪਲ ਦੇ ਪੱਤਿਆਂ ਜਿਹੇ; ਨਹੀਂ! ਨਹੀਂ! ਸੱਚ, ਇਹ ਤਾਂ ਬੋਹੜ ਦੇ ਪੱਤਿਆਂ ਜਿਹੇ ਲੱਗਦੇ ਆ! ਪਿੱਪਲ ਦੇ ਪੱਤੇ ਤਾਂ ਜ਼ਰਾ ਛੋਟੇ ਹੁੰਦੇ ਨੇ ਤੇਰਿਆਂ ਤੋਂ।”
“ਮੰਮਾ ਕੌਣ ਐ? ਕੀਹਦੇ ਨਾਲ ਗੱਲਾਂ ਕਰੀ ਜਾਂਦੇ ਓਂ?”
ਮੇਰੀ ਆਵਾਜ਼ ਸੁਣ ਕੇ ਮੇਰੀਆਂ ਦੋਵੇਂ ਬੇਟੀਆਂ ਬਾਹਰ ਆ ਗਈਆਂ, “ਹਮਮ…! ਇਸ ਪਲਾਂਟ ਨਾਲ!”
ਮੈਨੂੰ ਆਪਣੇ ਬੂਟਿਆਂ ਨਾਲ ਗੱਲਾਂ ਕਰਨ ਦੀ ਆਦਤ ਹੈ। ਮੈਂ ਇਨ੍ਹਾਂ ਨੂੰ ਵੀ ਆਪਣੇ ਬੱਚਿਆਂ ਵਾਂਗ ਹੀ ਪਿਆਰ ਕਰਦੀ ਹਾਂ। ਮੇਰਾ ਪਰਿਵਾਰ ਮੈਨੂੰ ਬੂਟਿਆਂ ਨਾਲ ਗੱਲਾਂ ਕਰਦਿਆਂ ਵੇਖ ਅਕਸਰ ਮੇਰੇ ‘ਤੇ ਹੱਸਦਾ ਹੈ ਕਿ ਮੈਂ ਕਮਲੀ ਹੋ ਗਈ ਹਾਂ। ਮੈਂ ਹਮੇਸ਼ਾ ਝਿੜਕ ਕੇ ਉਨ੍ਹਾਂ ਤੋਂ ਪਿੱਛਾ ਛੁਡਾਉਂਦੀ ਹਾਂ, “ਜੇ ਤੁਹਾਡੇ ਅੰਦਰ ਸੰਵੇਦਨਾ ਨਹੀਂ ਤਾਂ ਕੀ ਹੋਰਨਾਂ ਵਿਚ ਵੀ ਖਤਮ ਹੋ ਜਾਵੇ? ਤੁਸੀਂ ਜਾਉ ਅੰਦਰ।”
ਉਨ੍ਹਾਂ ਨੂੰ ਮੈਂ ਤਾੜਿਆ ਅਤੇ ਇਕ ਪੱਤੇ ਨੂੰ ਛੂਹ ਕੇ ਉਸ ਦੀ ਮੁਲਾਇਮ ਛੋਹ ਨੂੰ ਮਹਿਸੂਸ ਕਰਨ ਲੱਗੀ। ਮੇਰੀ ਆਵਾਜ਼ ਸੁਣ ਕੇ ਬੂਟਾ ਜ਼ਰਾ ਜਿਹਾ ਹਿੱਲਿਆ ਜਿਵੇਂ ਮੇਰੀ ਗੱਲ ਦਾ ਹੁੰਗਾਰਾ ਭਰਦਾ ਹੋਵੇ। ਬੱਚੀਆਂ ਵੀ ਉਥੇ ਖੜ੍ਹੀਆਂ ਰਹੀਆਂ। ਮੈਂ ਉਨ੍ਹਾਂ ਨੂੰ ਦੱਸਣ ਲੱਗੀ, “ਆਪਣੀ ਹਵੇਲੀ ‘ਚ ਪਿੱਪਲ ਹੁੰਦਾ ਸੀ; ਕਿੰਨਾ ਵੱਡਾ ਤੇ ਕਿੰਨਾ ਖੂਬਸੂਰਤ! ਚੌੜੇ ਚੌੜੇ ਪੱਤੇ! ਸਾਉਣ ਦੇ ਮਹੀਨੇ ਕੁੜੀਆਂ ਪਿੰਡ ‘ਚੋਂ ਪੈਸੇ ਉਗਰਾਹ ਕੇ ਰੱਸਾ ਖਰੀਦਦੀਆਂ; ਪਿੱਪਲ ‘ਤੇ ਪੀਂਘ ਪਾਉਂਦੀਆਂ। ਕੁੜੀਆਂ ਪੀਂਘ ਇੰਨੀ ਉਚੀ ਚੜ੍ਹਾ ਲੈਂਦੀਆਂ ਕਿ ਪਿੰਡ ਦੇ ਕੋਠੇ ਦਿੱਸਣ ਲੱਗਦੇ। ਉਦੋਂ ਮੈਂ ਬਹੁਤ ਛੋਟੀ ਸਾਂ, ਮਸਾਂ ਪੰਜਾਂ-ਛਿਆਂ ਵਰ੍ਹਿਆਂ ਦੀ। ਇਕ ਵਾਰੀ ਇਕ ਕੁੜੀ ਨੇ ਮੈਨੂੰ ਵੀ ਪੀਂਘ ‘ਤੇ ਬਿਠਾ ਲਿਆ। ਮੈਂ ਤਾਂ ਡਰ ਕੇ ਚੀਕਾਂ ਈ ਛੱਡ ਦਿੱਤੀਆਂ। ਹਾ…ਹਾ…ਹਾ…! ਪਤੈ ਮੈਂ ਅਜੇ ਵੀ ਇੰਨੀ ਹੀ ਡਰਪੋਕ ਆਂ!”
ਉਹ ਦੋਵੇਂ ਖਿੜਖਿੜਾ ਕੇ ਹੱਸ ਪਈਆਂ, “ਮੰਮੀ ਤੁਸੀਂ ਇਸ ਲਈ ਫੇਰ ਕਦੇ ਪੀਂਘ ਨਹੀਂ ਚੜ੍ਹਾਈ, ਹੈ ਨਾ?”
“ਨਾ ਕਦੇ ਨਹੀਂ! ਪਰ ਉਨ੍ਹਾਂ ਨੂੰ ਉਚੀ ਉਚੀ ਪੀਂਘਾਂ ਝੂਟਦਿਆਂ ਵੇਖ ਬਹੁਤ ਇੰਜੁਆਏ ਕਰਦੀ। ਕਿਹਾ ਸਮਾਂ ਸੀ ਉਹ ਵੀ! ਕੁੜੀਆਂ ਪੀਂਘ ਚੜ੍ਹਾਉਂਦੀਆਂ ਤਾਂ ਪਿੱਪਲ ਦੇ ਪੱਤੇ ਖੜ ਖੜ ਕਰ ਕੇ ਹੁੰਗਾਰਾ ਭਰਦੇ, ਬਿਲਕੁਲ ਇਵੇਂ ਹੀ; ਜਿਵੇਂ ਕੁੜੀਆਂ ਦੇ ਗੀਤ ਸੁਣ ਕੇ ਪਿੱਪਲ ਵੀ ਖੁਸ਼ ਹੁੰਦਾ ਹੋਵੇ। ਸਾਡਾ ਵਿਹੜਾ ਰੌਣਕਾਂ ਨਾਲ ਭਰਿਆ ਰਹਿੰਦਾ। ਹੁਣ ਤਾਂ ਉਹ ਪਿੱਪਲ ਪਤਾ ਨਹੀਂ ਕਿੱਥੇ ਗਿਆ? ਰੌਣਕਾਂ ਵੀ ਨਹੀਂ ਰਹੀਆਂ। ਐਤਕੀਂ ਜਦੋਂ ਆਪਾਂ ਪਿੰਡ ਗਏ ਤਾਂ ਵੇਖਿਆ ਨਾ, ਸਾਰੇ ਪਿੰਡ ਵਿਚ ਨਾ ਕਿਤੇ ਪਿੱਪਲ ਸੀ, ਨਾ ਕਿਤੇ ਕੋਈ ਬੋਹੜ, ਨਾ ਕੋਈ ਕਿੱਕਰ ਤੇ ਨਾ ਟਾਹਲੀ। ਇਕ ਬੋਹੜ ਦਾ ਦਰਖਤ ਅੰਮ੍ਰਿਤਸਰ ਜ਼ਰੂਰ ਵੇਖਿਆ ਸੀ। ਜਦੋਂ ਆਪਾਂ ਦਰਬਾਰ ਸਾਹਿਬ ਤੋਂ ਵਾਪਿਸ ਆ ਰਹੇ ਸਾਂ ਤਾਂ ਕਿਸੇ ਚੌਕ ਵਿਚ ਖੜ੍ਹਾ ਸੀ। ਵੇਖਿਆ, ਕਿੰਨਾ ਮੈਲਾ ਹੋ ਗਿਆ ਸੀ ਵਿਚਾਰਾ ਧੂੜ ਤੇ ਧੂੰਏਂ ਨਾਲ।”
ਉਹ ਇਕ ਦੂਜੇ ਵੱਲ ਵੇਖ ਕੇ ਹੈਰਾਨ ਹੋ ਰਹੀਆਂ ਸਨ, ਸ਼ਾਇਦ ਉਨ੍ਹਾਂ ਨੇ ਉਸ ਦਰਖਤ ਨੂੰ ਵੇਖਿਆ ਈ ਨਹੀਂ ਸੀ।
“ਪਤੈ ਉਹਦੇ ਪੱਤੇ ਬਿਲਕੁਲ ਇਹਦੇ ਵਰਗੇ ਸਨ। ਉਂਜ ਉਹ ਤਾਂ ਮਿੱਟੀ ਨਾਲ ਭਰੇ ਹੋਏ ਸਨ। ਇਹ ਤਾਂ ਉਸ ਤੋਂ ਬਹੁਤ ਸੁਹਣੈ। ਜਿਵੇਂ ਸਾਡੇ ਬੂਹੇ ਅੱਗੇ ਖੁਸ਼ੀਆਂ ਵੰਡਣ ਲਈ ਹੀ ਖੜ੍ਹਾ ਹੋਵੇ। ਖੂਬ ਵੱਡਾ ਹੋ ਸੋਹਣਿਆ!”
ਮੈਂ ਪਿੱਛੇ ਮੁੜ ਕੇ ਵੇਖਿਆ, ਕੁੜੀਆਂ ਅੰਦਰ ਜਾ ਚੁਕੀਆਂ ਸਨ। ਮੈਂ ਵੀ ਘਰ ਦੇ ਅੰਦਰ ਆ ਗਈ। ਘਰ ਦੇ ਉਹੀ ਕੰਮ! ਰੋਟੀ-ਟੁੱਕ, ਰਸੋਈ-ਬਰਤਨ, ਸਾਫ-ਸਫਾਈ, ਅਗਲੇ ਦਿਨ ਸਵੇਰੇ ਬੱਚਿਆਂ ਨੂੰ ਸਕੂਲ ਭੇਜਣ ਦੀ ਅਤੇ ਆਪਣੇ ਕੰਮ ‘ਤੇ ਜਾਣ ਦੀ ਤਿਆਰੀ! ਤੌਬਾ ਤੌਬਾ, ਰੇਲ ਹੀ ਬਣ ਜਾਂਦੀ ਐ ਸਵੇਰੇ ਸਵੇਰੇ! ਬੂਹਿਉਂ ਬਾਹਰ ਨਿਕਲੀ ਤਾਂ ਮੇਰਾ ਬੂਟਾ ਤਾਂ ਗਿੱਠ-ਗਿੱਠ ਹੋਰ ਵੱਡਾ ਹੋਇਆ ਪਿਆ-ਲਗਰ ਦੀ ਲਗਰ। ਮੈਂ ਆਪ-ਮੁਹਾਰੇ ਬੋਲ ਪਈ, “ਉਇ! ਹਾਲੇ ਕੱਲ੍ਹ ਤਾਂ ਨਿੱਕਾ ਜਿਹਾ ਸੀ ਤੂੰ! ਲੈ ਰਾਤੋ-ਰਾਤ ‘ਚ ਤੂੰ ਅਸਮਾਨ ਨਾਲ ਗੱਲਾਂ ਕਰਨ ਲੱਗੈਂ! ਖੂਬ ਵੱਡਾ ਹੋ ਗਿਐਂ! ਕੈਲੀਫੋਰਨੀਆ ਦਾ ਮੌਸਮ ਹੀ ਇੰਨਾ ਖੂਬਸੂਰਤ ਹੈ ਕਿ ਇੱਥੇ ਹਰ ਬੂਟਾ ਕੁਝ ਦਿਨਾਂ ਵਿਚ ਹੀ ਵਧ ਜਾਂਦੈ। ਆਪਣੇ ‘ਬੈਕਯਾਰਡ’ ਦੀਆਂ ਸਫੈਦ ਲਿਲੀਆਂ ਵੀ ਤਾਂ ਦਿਨਾਂ ਵਿਚ ਹੀ ਕਿੰਨੀਆਂ ਫੈਲ ਗਈਆਂ ਨੇ। ਕਿੰਨੀਆਂ ਖੂਬਸੂਰਤ ਲੱਗਦੀਆਂ ਨੇ ਉੁਹ ਵੀ। ਹੁਣ ਤੂੰ ਤਾਂ ਇੰਨਾ ਫੈਲ ਗਿਐਂ ਕਿ ਬੂਹੇ ਵਿਚੋਂ ਲੰਘਦਿਆਂ-ਵੜਦਿਆਂ ਨਾਲ ਖਹਿਣ ਲੱਗੈਂ। ਥਾਂ ਜੁ ਥੋੜ੍ਹੀ ਹੈ ਇੱਥੇ! ਵੇਖ, ਕੱਲ੍ਹ ਮੈਨੂੰ ਛੁੱਟੀ ਹੈ। ਤੈਨੂੰ ਕਿਸੇ ਮੋਕਲੀ ਜਿਹੀ ਥਾਂ ‘ਤੇ ਲਾਉਂਦੀ ਹਾਂ ਤਾਂ ਕਿ ਤੂੰ ਪੂਰਾ ਫੈਲ ਸਕੇਂ।”
ਮੈਂ ਸਕੂਲ ਗਈ ਤਾਂ ਸੋਚਦੀ ਰਹੀ ਕਿ ਕਿੱਥੇ ਲਾਇਆ ਜਾਵੇ ਉਸ ਨੂੰ। ਛੁੱਟੀ ਵਾਲੇ ਦਿਨ ਮੈਂ ਬੂਟੇ ਕੋਲ ਜਾ ਕੇ ਖੜ੍ਹੀ ਹੋ ਗਈ। ਬੱਚਿਆਂ ਨੂੰ ਆਵਾਜ਼ ਮਾਰੀ। ਉਹ ਕਹਿੰਦੇ, “ਮਾਮ ਇਹ ਸਾਡਾ ਬਿਜਨਸ ਨਹੀਂ। ਤੁਸੀਂ ਜਾਣੋ ਅਤੇ ਤੁਹਾਡਾ ਇਹ ਰਬੜ ਪਲਾਂਟ!”
ਮੈਂ ਬੂਟੇ ਨੂੰ ਪੁੱਛਣ ਵਾਂਗ ਕਿਹਾ, “ਹਾਂ! ਤੇ ਫਿਰ, ਹੁਣ ਤੂੰ ਜੁਆਨ ਹੋ ਗਿਐਂ। ਹੈਂ ਨਾ! ਮੋਕਲੀ ਥਾਂ ਚਾਹੀਦੀ ਹੈ ਨਾ ਤੈਨੂੰ? ਚੱਲ ਦੇਖਦੀ ਹਾਂ। ਕੁਝ ਕਰਦੀ ਆਂ। ਇਥੋਂ ਪੁੱਟ ਕੇ ਵਿਹੜੇ ਦੇ ਪਾਰਲੇ ਖੂੰਜੇ ਵਿਚ ਖੁੱਲ੍ਹੀ ਥਾਂਵੇਂ ਲਾਉਂਦੀ ਆਂ ਤੈਨੂੰ।”
ਸਾਡੇ ਸਾਹਮਣੇ ਇਕ ਗੋਰਾ ਰਹਿੰਦਾ ਸੀ, ਮਾਰਕ! ਉਹ ਵੇਲੇ-ਕੁਵੇਲੇ ਕੰਮ ਕਰ ਦਿੰਦਾ ਸੀ, ਸਿਗਰੇਟ ਜੋਗੇ ਪੈਸੇ ਲੈ ਕੇ। ਉਸ ਨੂੰ ਬੁਲਾ ਕੇ ਕਿਹਾ ਕਿ ਡੂੰਘਾ ਜਿਹਾ ਟੋਇਆ ਪੁੱਟ ਕੇ ਬੂਟੇ ਨੂੰ ਵਿਹੜੇ ਦੇ ਦੂਜੇ ਕੋਨੇ ਵਿਚ ਲਾ ਦੇਵੇ। ਉਹਨੇ ਬੂਟਾ ਬੂਹੇ ਅਗਿਉਂ ਪੁੱਟ ਕੇ ਦੂਜੇ ਥਾਂ ਲਾ ਦਿੱਤਾ।
“ਚੱਲ ਇਥੇ ਠੀਕ ਏਂ ਹੁਣ? ਮੌਜਾਂ ਕਰ। ਵਧ ਫੁਲ। ਜਿੰਨਾ ਮਰਜ਼ੀ ਵੱਡਾ ਹੋ ਜਾਵੀਂ। ਬਥੇਰੀ ਥਾਂ ਹੈ ਇੱਥੇ।”
ਮੈਂ ਰੋਜ਼ ਉਸ ਨੂੰ ਪਾਣੀ ਪਾਉਂਦੀ, ਪਰ ਉਹ ਤਾਂ ਜਿਵੇਂ ਮੁਰਝਾ ਹੀ ਗਿਆ। ਮੇਰੇ ਢਿੱਡ ਵਿਚ ਹੌਲ ਪੈਣ ਲੱਗੇ। ਮੈਂ ਉਸ ਨੂੰ ਕਿਹਾ, “ਹਾਇ ਹਫਤਾ ਹੋ ਗਿਐ ਤੇਰੀ ਦੇਖ ਭਾਲ ਕਰਦੀ ਨੂੰ। ਰੋਜ਼ ਪਾਣੀ ਪਾਉਂਦੀ ਹਾਂ। ਤੂੰ ਹੁਣ ਤਾਂ ਜੜ੍ਹਾਂ ਫੜ੍ਹ ਲੈ ਬਈ! ਇਹ ਕੀ, ਤੂੰ ਤਾਂ ਮੁਰਝਾਉਂਦਾ ਈ ਜਾਂਦੈ!”
ਮੈਂ ਪ੍ਰੇਸ਼ਾਨ ਹੋ ਗਈ। ਆਪਣੇ ਆਪ ਨੂੰ ਕੋਸਣ ਲੱਗੀ, “ਲੈ ਮੈਂ ਇਹ ਕੀ ਕੀਤਾ?…ਮੈਂ ਇਹ ਕਿਉਂ ਕੀਤਾ?”
ਮੈਂ ਫਿਰ ਉਸ ਕੋਲ ਜਾ ਬੈਠਦੀ ਤੇ ਲੱਗ ਪੈਂਦੀ ਉਸ ਨਾਲ ਗੱਲਾਂ ਕਰਨ; “ਤੂੰ ਚੰਗਾ ਭਲਾ ਤਾਂ ਸੀ। ਇੰਨਾ ਸੋਹਣਾ ਲਗਦਾ ਸੀ ਬੂਹੇ ਅੱਗੇ ਲੱਗਿਆ! ਮੈਨੂੰ ਇਹ ਕੀ ਸੁੱਝੀ ਤੈਨੂੰ ਮੋਕਲੀ ਥਾਂਵੇਂ ਲਾਉਣ ਦੀ।
ਸੱਚੀਂ ਮੈਂ ਇਸ ਗੱਲ ‘ਤੇ ਬਹੁਤ ਪਛਤਾ ਰਹੀ ਹਾਂ। ਮੈਨੂੰ ਤੇਰੀ ਥਾਂ ਤੋਂ ਪੁੱਟਣਾ ਹੀ ਨਹੀਂ ਸੀ ਚਾਹੀਦਾ, ਪਰ ਅਜੇ ਵੀ ਮੈਨੂੰ ਆਸ ਹੈ; ਫਿਕਰ ਨਾ ਕਰ; ਮੈਂ ਤੈਨੂੰ ਰੋਜ਼ ਪਾਣੀ ਪਾਉਂਦੀ ਰਹੂੰ; ਤੇਰੀਆਂ ਮੁਰਝਾਈਆਂ ਕਰੂੰਬਲਾਂ ਨੂੰ ਹੱਲਾਸ਼ੇਰੀ ਦਿਆਂਗੀ, ਤੇਰੇ ਨਾਲ ਲਾਡ ਲਡਾਵਾਂਗੀ, ਤੇਰੇ ਨਾਲ ਗੱਲਾਂ ਕਰਦੀ ਰਹਾਂਗੀ। ਦੇਖੀਂ ਤੂੰ ਇਕ ਦਿਨ ਠੀਕ ਹੋ ਜਾਣੈ; ਤੈਨੂੰ ਕੁਝ ਨਹੀਂ ਹੋਇਆ।
ਪਲੀਜ਼ ਮੈਨੂੰ ਮੁਆਫ ਕਰ ਦੇ। ਮੈਂ ਇਸ ਲਈ ਤੈਨੂੰ ਉਥੋਂ ਨਹੀਂ ਪੁੱਟਿਆ ਸੀ ਕਿ ਤੂੰ ਕੁਮਲਾ ਜਾਵੇਂ। ਮੈਂ ਤਾਂ ਚਾਹੁੰਦੀ ਸਾਂ ਤੂੰ ਖੂਬ ਵੱਡਾ ਹੋਵੇਂ।
ਮੈਂ ਤਾਂ ਤੈਨੂੰ ਮੌਲਿਆ ਵੇਖਣਾ ਚਾਹੁੰਦੀ ਸਾਂ! ਤੂੰ ਕਿੰਨਾ ਖੂਬਸੂਰਤ ਏਂ!
ਮੈਂ ਤਾਂ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਤੂੰ ਇੰਜ ਸੁੱਕ ਜਾਵੇਂ!
ਮੈਨੂੰ ਮੁਆਫ ਕਰ ਦੇ! ਤੈਨੂੰ ਕੁਮਲਾਇਆ ਵੇਖ ਕੇ ਮੈਂ ਤਾਂ ਖੁਦ ਕੁਮਲਾ ਗਈ ਹਾਂ।
ਉਹ ਵੇਖ ਤੇਰੇ ਸਾਹਮਣੇ ਪਾਈਨ ਦਾ ਦਰਖਤ ਕਿੰਨਾ ਉਚਾ ਹੋ ਗਿਐ। ਦੂਰੋਂ ਦਿਸਦੈ। ਸਾਡੇ ਘਰ ਦਾ ਪਛਾਣ ਚਿੰਨ੍ਹ ਬਣ ਗਿਐ। ਤੂੰ ਵੀ ਉਠ ਇਸ ਦਾ ਮੁਕਾਬਲਾ ਕਰ। ਮੈਨੂੰ ਪਤੈ, ਥਾਂ ਬਦਲਣ ਨਾਲ ਉਦਾਸ ਹੋ ਜਾਈਦੈ। ਵੇਖ ਅਸੀਂ ਵੀ ਤਾਂ ਜ਼ਿੰਦਗੀ ਭਰ ਥਾਂਵਾਂ ਬਦਲਦੇ ਰਹੇ ਹਾਂ। ਇਕ ਦੇਸ਼ ਤੋਂ ਦੂਜੇ ਦੇਸ਼। ਬੱਸ ਪੈਰਾਂ ਨੂੰ ਚੱਕਰ ਹੀ ਪਿਆ ਰਿਹੈ। ਹਰ ਵਾਰੀ ਨਵੇਂ ਸਿਰਿਉਂ ਸ਼ੁਰੂ ਕਰਨਾ ਸੌਖਾ ਨਹੀਂ ਹੁੰਦਾ। ਹੌਲੀ ਹੌਲੀ ਜਿੱਥੇ ਰਹਿਣ ਲੱਗ ਜਾਈਏ, ਉਥੇ ਦਿਲ ਲੱਗ ਈ ਜਾਂਦੈ। ਫਿਰ ਉਹੀ ਥਾਂ ਆਪਣਾ ਘਰ ਲੱਗਣ ਲੱਗ ਜਾਂਦੀ ਏ। ਤੂੰ ਇੰਜ ਨਾ ਝੂਰ। ਤੈਨੂੰ ਵੀ ਚੰਗਾ ਲੱਗੇਗਾ ਇੱਥੇ, ਬਾਅਦ ਵਿਚ।
ਅਕਸਰ ਲੋਕ ਵਧੀਆ ਜ਼ਿੰਦਗੀ ਲਈ ਪਰਦੇਸਾਂ ਵਿਚ ਜਾ ਵਸਦੇ ਨੇ। ਘਰ ਤਾਂ ਕਿਸੇ ਦਾ ਕੋਈ ਹੁੰਦਾ ਹੀ ਨਹੀਂ। ਨਾ ਜ਼ਮੀਨ ਆਪਣੀ, ਨਾ ਅਸਮਾਨ ਆਪਣਾ। ਨਾ ਕਿਸੇ ਨੇ ਉਥੇ ਰਹਿਣੈ, ਨਾ ਇੱਥੇ। ਥਾਂ ਦਾ ਕਾਹਦਾ ਹੌਲ! ਇੱਥੇ ਵੀ ਤਾਂ ਉਹੀ ਰੱਬ ਹੈ, ਜਿਹੜਾ ਉਥੇ ਸੀ।”
ਮੈਂ ਉਸ ਕੋਲ ਘਾਹ ‘ਤੇ ਬੈਠੀ ਹੋਈ ਸਾਂ।
“ਚੱਲ ਤੈਨੂੰ ਇਕ ਹੋਰ ਗੱਲ ਸੁਣਾਉਂਦੀ ਹਾਂ, ਜਦੋਂ ਅਸੀਂ ਪਿੰਡ ਰਹਿੰਦੇ ਹੁੰਦੇ ਸਾਂ ਤਾਂ ਵਿਹੜੇ ਤੂਤ ਹੁੰਦਾ ਸੀ। ਉਸ ‘ਤੇ ਕਿੰਨੀਆਂ ਮਿੱਠੀਆਂ ਤੂਤੀਆਂ ਲਗਦੀਆਂ। ਆਪਾਂ ਖੂਬ ਤੂਤੀਆਂ ਖਾਂਦੇ। ਇਕ ਵਾਰੀ ਉਸ ਨੂੰ ਤੂਤੀਆਂ ਨਾ ਲੱਗੀਆਂ। ਸਾਰੇ ਕਹਿਣ ਵੱਢ ਸੁੱਟੋ ਇਹਨੂੰ। ਬੀਜੀ ਕਹਿੰਦੇ, ਫਲ ਲਾਹ ਕੇ ਹੁਣ ਇਸ ਨੂੰ ਵੱਢ ਦੇਈਏ? ਨਾ! ਨਾ! ਅਗਲੇ ਸਾਲ ਉਸ ਤੇ ਫਿਰ ਫਲ ਲੱਗ ਗਿਆ। ਉਮੀਦ ਨਹੀਂ ਛੱਡਣੀ ਚਾਹੀਦੀ ਕਦੇ ਵੀ।”
ਮੈਂ ਉਸ ਦੇ ਪੱਤਿਆਂ ਨੂੰ ਛੂਹ ਕੇ ਫੇਰ ਕਿਹਾ, “ਕਿੰਨੀ ਸੰਘਣੀ ਛਾਂ ਸੀ ਆਪਣੇ ਘਰ ਲੱਗੀ ਧਰੇਕ ਦੀ। ਗਰਮੀਆਂ ਵਿਚ ਭਾਪਾ ਜੀ ਹਮੇਸ਼ਾ ਇਹਦੇ ਥੱਲੇ ਹੀ ਸੌਂਦੇ। ਉਨ੍ਹਾਂ ਕਹਿਣਾ, ‘ਆ ਕੇ ਵੇਖੋ ਜ਼ਰਾ ਬਾਹਰ, ਤੁਹਾਡੇ ਪੱਖੇ ਨਾਲੋਂ ਠੰਢੀ ਹਵਾ ਵਗਦੀ ਆ ਇੱਥੇ।’ ਆਹ, ਇੱਥੇ! ਆਪਣੇ ਪਿਛਲੇ ਵਿਹੜੇ ਲੱਗਿਆ ਰੁੱਖ ਮੈਨੂੰ ਹਮੇਸ਼ਾ ਉਸ ਧਰੇਕ ਦੀ ਯਾਦ ਦਿਵਾਉਂਦੈ ਤੇ ਨਾਲੇ ਭਾਪਾ ਜੀ ਦੀ ਵੀ। ਹੁਣ ਤਾਂ ਧਰੇਕ ਵੀ ਨਹੀਂ ਰਹੀ ਤੇ ਭਾਪਾ ਜੀ ਵੀ ਬਹੁਤ ਬਜ਼ੁਰਗ ਹੋ ਗਏ। ਆਪਣੇ ਖੂਹ ‘ਤੇ ਕਿੰਨੀਆਂ ਟਾਹਲੀਆਂ ਹੁੰਦੀਆਂ ਸਨ। ਸਾਡੇ ਖੂਹ ਨੂੰ ਲੋਕ ਟਾਹਲੀਆਂ ਵਾਲਾ ਖੂਹ ਕਹਿੰਦੇ। ਹੁਣ ਤਾਂ ਪੰਜਾਬ ਵਿਚੋਂ ਪਤਾ ਨਹੀਂ ਰੁੱਖ ਕਿਥੇ ਗਏ? ਪਰ ਮੈਂ ਤੈਨੂੰ ਕਿਧਰੇ ਨਹੀਂ ਜਾਣ ਦਿੰਦੀ।
ਆਪਣੇ ਤਾਂ ਕਿਹਾ ਕਰਦੇ ਸੀ, ਰੁੱਖ ਤਾਂ ਰਿਸ਼ੀ ਹੁੰਦੇ ਨੇ। ਖੌਰੇ ਰੁੱਖ-ਰਿਸ਼ੀਆਂ ਦਾ ਹੀ ਸਰਾਪ ਹੈ ਕਿ ਪੰਜਾਬ ਦੀ ਧਰਤੀ ਬੰਜਰ ਅਤੇ ਖੋਖਲੀ ਹੋ ਗਈ। ਖੂਹਾਂ ‘ਚੋਂ ਪਾਣੀ ਮੁੱਕ ਗਿਐ। ਜ਼ਮੀਨ ‘ਚ ਜ਼ਹਿਰ ਫੈਲ ਗਿਐ। ਲੋਕ ਬਿਮਾਰੀਆਂ ਨਾਲ ਜੂਝ ਰਹੇ ਨੇ। ਮਨੁੱਖ ਦੀਆਂ ਰੁੱਖਾਂ ਨਾਲ ਜੁੜੀਆਂ ਕਿੰਨੀਆਂ ਕਹਾਣੀਆਂ ਨੇ। ਰੁੱਖਾਂ ਨੇ ਬੰਦੇ ਦਾ ਆਦਿ ਕਾਲ ਤੋਂ ਕਿੰਨਾ ਸਾਥ ਦਿਤੈ। ਕਿੰਨੇ ਲੋਕ ਗੀਤ ਨੇ ਰੁੱਖਾਂ ਨਾਲ ਜੁੜੇ ਹੋਏ। ‘ਕਿੱਕਰਾਂ ਵੀ ਲੰਘ ਆਈ, ਟਾਹਲੀਆਂ ਵੀ ਲੰਘ ਆਈ’, ‘ਕੱਲਾ ਨਾ ਜਾਈਂ ਖੇਤ ਨੂੰ ਕਿੱਕਰ ‘ਤੇ ਕਾਟੋ ਰਹਿੰਦੀ। ਤੂੰ ਤਾਂ ਅਮਰੀਕਨ ਐ; ਤੂੰ ਕਿੱਥੇ ਸੁਣੇ ਹੋਣੇ ਨੇ, ਹੈ ਨਾ!
ਪੁਰਾਣੇ ਜ਼ਮਾਨੇ ‘ਚ ਰਾਹੀ ਥੱਕ ਕੇ ਰੁੱਖਾ ਹੇਠਾਂ ਆਰਾਮ ਕਰਦੇ ਹੁੰਦੇ ਸਨ। ਰੁੱਖ ਨਹੀਂ ਰਹੇ, ਖੌਰੇ ਤਾਂ ਹੀ ਪੰਜਾਬ ‘ਚ ਗਰਮੀ ਵਧ ਗਈ। ਨਾ ਹੁਣ ਉਹੋ ਜਿਹੇ ਸਾਉਣ-ਭਾਦੋਂ ਤੇ ਨਾ ਹੁਣ ਪੀਂਘਾਂ ਪੈਂਦੀਆਂ। ਹੁਣ ਤਾਂ ਬੱਸ ਓਪਰੇ ਜਿਹੇ ਬੰਦੇ ਤੇ ਓਪਰੇ ਜਿਹੇ ਇਨ੍ਹਾਂ ਦੇ ਤਿਉਹਾਰ। ਪੀਂਘਾਂ ਝੂਟਣ ਦੀ ਥਾਂ ਉਥੇ ਤਾਂ ਹੁਣ ਕੁੜੀਆਂ ਸੈਲ-ਫੋਨਾਂ ‘ਤੇ ਹੀ ਬਿਜ਼ੀ ਰਹਿੰਦੀਆਂ ਨੇ। ਚਲੋ ਤਰੱਕੀ ਤਾਂ ਚੰਗੀ ਐ, ਪਰ ਆਹ ਰੁੱਖ ਨਹੀਂ ਸੀ ਮੁਕਾਉਣੇ ਚਾਹੀਦੇ। ਰੁੱਖ ਵੱਢੀ ਜਾਂਦੇ ਨੇ ਤੇ ਕੁੜੀਆਂ ਮਾਰੀ ਜਾਂਦੇ ਨੇ। ਕੁੜੀਆਂ ਨਹੀਂ ਸਨ ਮਾਰਨੀਆਂ ਚਾਹੀਦੀਆਂ!”
ਬਹੁਤ ਗੱਲਾਂ ਕੀਤੀਆਂ ਉਸ ਨਾਲ ਪਰ ਉਹ ਹਰਾ ਹੋਣ ‘ਚ ਈ ਨਾ ਆਵੇ। ਮੈਂ ਬਹੁਤ ਉਦਾਸ ਹੋ ਗਈ। ਉਸ ਨਾਲ ਅਪਲ-ਟੱਪਲੀਆਂ ਮਾਰਦੀ ਰਹੀ! ਬੜੀ ਹੈਰਾਨ ਕਿ ਕਰੋੜਾਂ ਬੂਟਿਆਂ ਨੂੰ ਲੋਕ ਆਪਣੇ ਸਵਾਰਥ ਲਈ ਖਤਮ ਕਰ ਦਿੰਦੇ ਨੇ! ਕੀ ਉਨ੍ਹਾਂ ਨੂੰ ਇੰਜ ਦਾ ਦਰਦ ਮਹਿਸੂਸ ਨਹੀਂ ਹੁੰਦਾ? ਕੀ ਉਹ ਕਦੇ ਵੀ ਨਹੀਂ ਸੋਚਦੇ ਕਿ ਉਹ ਕੀ ਕਰ ਰਹੇ ਹਨ?
ਮੈਂ ਵੀ ਤਾਂ ਕੇਵਲ ਆਪਣੇ ਵਿਹੜੇ ਦੇ ਬੂਟੇ ਬਾਰੇ ਹੀ ਸੋਚਦੀ ਹਾਂ। ਮੇਰੇ ਵਰਗੇ ਕਈ ਹੋਣਗੇ, ਜੋ ਆਪਣੇ ਵਿਹੜੇ ਬਾਰੇ ਹੀ ਸੋਚਦੇ ਨੇ। ਇਸ ਧਰਤੀ ਬਾਰੇ, ਜਿਸ ਨੂੰ ਅਸੀਂ ਹੌਲੀ ਹੌਲੀ ਤਬਾਹ ਕਰ ਰਹੇ ਹਾਂ, ਉਸ ਬਾਰੇ ਕੋਈ ਨਹੀਂ ਸੋਚਦਾ! ਕੀ ਇਹ ਧਰਤੀ ਸਿਰਫ ਸਾਡੀ ਹੀ ਮਲਕੀਅਤ ਹੈ? ਕੀ ਸਾਡੇ ਵਰਗੇ ਹੋਰਨਾਂ ਲੱਖਾਂ-ਕਰੋੜਾਂ ਜੀਵਾਂ ਦੀ ਸਾਂਝੀ ਨਹੀਂ ਹੈ? ਜੇ ਕੁਦਰਤ ਨੇ ਮਨੁੱਖ ਨੂੰ ਸਭ ਤੋਂ ਵਿਕਸਿਤ ਦਿਮਾਗ ਦਿੱਤਾ ਤਾਂ ਉਸ ਦਾ ਫਰਜ਼ ਨਹੀਂ ਬਣਦਾ ਕਿ ਜਿਸ ਧਰਤੀ ‘ਚੋਂ ਪੈਦਾ ਹੋਇਆ, ਉਸ ਧਰਤੀ ਦੀ ਰੱਖਿਆ ਕਰਦਾ?
ਜੇ ਅਸੀਂ ਆਪਣੇ ਘਰਾਂ ਦੇ ਬੂਟਿਆਂ ਨੂੰ ਮਰਦਿਆਂ ਨਹੀਂ ਵੇਖ ਸਕਦੇ ਤਾਂ ਜੰਗਲਾਂ ਦਾ ਵੀ ਅਸੀਂ ਹੀ ਖਿਆਲ ਰੱਖਣਾ ਹੈ ਨਾ!
ਦੱਸ ਖਾਂ ਭਲਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਲੈਣ ਲਈ ਸ਼ੁੱਧ ਹਵਾ ਵੀ ਨਹੀਂ ਨਸੀਬ ਹੋਣੀ! ਨਿਰਮਲ ਪਾਣੀ ਨਹੀਂ ਲੱਭਣਾ।
ਕੱਲ ਗੱਲਾਂ ਕਰਦੀ ਕਰਦੀ ਬਹੁਤ ਥੱਕ ਗਈ। ਥੱਕ ਕੇ ਮੈਂ ਬੇਆਸ ਹੋ ਕੇ ਅੰਦਰ ਆ ਗਈ। ਸਵੇਰੇ ਬਾਹਰ ਥੋੜ੍ਹੀ ਤੇਜ਼ ਹਵਾ ਚੱਲ ਰਹੀ ਸੀ। ਲੱਗਦਾ ਸੀ ਕਿ ਉਹ ਬੂਟਾ ਇਸ ਹਵਾ ਨੂੰ ਸਹਾਰ ਨਹੀਂ ਸਕਿਆ ਹੋਣਾ ਤੇ ਟੁੱਟ ਗਿਆ ਹੋਣਾ। ਜੀਅ ਕੀਤਾ ਕਿ ਜਾ ਕੇ ਇਕ ਵਾਰ ਫਿਰ ਉਸ ਨੂੰ ਵੇਖ ਲਵਾਂ। ਉਦਾਸ ਮਨ ਨਾਲ ਬਾਹਰ ਨਿਕਲੀ! ਹੌਲੀ ਹੌਲੀ ਬੂਟੇ ਕੋਲ ਪਹੁੰਚੀ। ਸੋਚ ਰਹੀ ਸਾਂ ਕਿ ਜੇ ਉਹ ਨਾ ਹਰਾ ਹੋਇਆ ਤਾਂ ਅੱਜ ਪੁੱਟ ਕੇ ਸੁੱਟ ਦਿਆਂਗੀ। ਮੁਰਝਾਏ ਬੂਟੇ ਵਿਹੜੇ ਵਿਚ ਨਹੀਂ ਰੱਖੀਦੇ।
ਬੂਟੇ ਕੋਲ ਪਹੁੰਚਦਿਆਂ ਮੇਰੀ ਚੀਕ ਨਿਕਲ ਗਈ। ਮੇਰੀਆਂ ਬੇਟੀਆਂ ਬਾਹਰ ਭੱਜੀਆਂ ਆਈਆਂ। “ਕੀ ਹੋ ਗਿਆ ਮਾਮਾ?” ਉਹ ਵੀ ਚੀਕ ਪਈਆਂ।
“ਆਹ ਵੇਖੋ ਮੇਰੇ ਬੂਟੇ ਦੀਆਂ ਮੁਰਝਾਈਆਂ ਕਰੂੰਬਲਾਂ ਨੇ ਉਪਰ ਨੂੰ ਸਿਰ ਚੁਕ ਲਏ।” ਮੈਂ ਬੱਚਿਆਂ ਵਾਂਗ ਹੈਰਾਨੀ ਭਰੀ ਖੁਸ਼ੀ ਵਿਚ ਕਿਹਾ ਅਤੇ ਉਸ ਦੇ ਕੋਲ ਜ਼ਮੀਨ ‘ਤੇ ਹੀ ਬੈਠ ਗਈ। ਮੇਰੀ ਤਾਂ ਜਿਵੇਂ ਕਿਸੇ ਨੇ ਜਾਨ ਹੀ ਵਾਪਿਸ ਕਰ ਦਿੱਤੀ ਹੋਵੇ। ਮੇਰੀ ਖੁਸ਼ੀ ਦੀ ਹੱਦ ਨਾ ਰਹੀ। ਮੈਂ ਚਹਿਕ ਕੇ ਕਿਹਾ, “ਵਾਹ ਮੇਰੇ ਲਾਡਲਿਆ! ਅੱਜ ਤਾਂ ਤੂੰ ਕਮਾਲ ਕਰ ਦਿੱਤੀ। ਜ਼ਿੰਦਗੀ ਦੀ ਬਾਜ਼ੀ ਤੂੰ ਜਿੱਤ ਕੇ ਵਿਖਾ ਦਿੱਤੀ! ਮੈਂ ਬਹੁਤ ਖੁਸ਼ ਹਾਂ। ਥੈਂਕਯੂ, ਥੈਕਯੂ, ਥੈਂਕਯੂ! ਤੂੰ ਮੇਰਾ ਦਿਲ ਨਹੀਂ ਟੁੱਟਣ ਦਿੱਤਾ! ਜੇ ਤੂੰ ਨਾ ਹਰਾ ਹੁੰਦਾ ਤਾਂ ਮੈਂ ਜ਼ਿੰਦਗੀ ਭਰ ਆਪਣੇ ਆਪ ਨੂੰ ਮੁਆਫ ਨਹੀਂ ਸੀ ਕਰ ਸਕਣਾ!”
ਬੂਟਾ ਹਵਾ ‘ਚ ਝੂਮ ਰਿਹਾ ਸੀ। ਮੇਰੀਆਂ ਬੇਟੀਆਂ ਨੇ ਹੱਸਦਿਆਂ ਹੱਸਦਿਆਂ ਆ ਕੇ ਮੈਨੂੰ ਕਲਾਵੇ ‘ਚ ਲੈ ਲਿਆ, “ਮਾਮ ਯੂ ਆਰ ਅਮੇਜ਼ਿੰਗ! ਵਾਓ! ਕੌਂਗਰੈਚੂਲੇਸ਼ਨਜ਼ ਮਾਮਾ!”
ਮੈਂ ਉਪਰ ਨੂੰ ਹੱਥ ਚੁੱਕ ਕੇ ਕੁਦਰਤ ਦਾ ਧੰਨਵਾਦ ਕੀਤਾ, “ਹੇ ਕੁਦਰਤ! ਤੂੰ ਇਸ ਧਰਤੀ ‘ਤੇ ਵਿਗਸ ਰਹੇ ਜੀਵਨ ਦਾ ਹਮੇਸ਼ਾ ਇੰਜ ਹੀ ਹੁੰਗਾਰਾ ਭਰਦੀ ਰਹੀਂ।”