ਦੋਆਬੇ ਦਾ ਮਾਣ ਕਬੱਡੀ ਖਿਡਾਰੀ-ਸ਼ੰਕਰੀਆ ਘੁੱਗਾ

ਇਕਬਾਲ ਸਿੰਘ ਜੱਬੋਵਾਲੀਆ
ਦੋਆਬੇ ਦੇ ਪ੍ਰਸਿੱਧ ਪਿੰਡ ਸ਼ੰਕਰ ‘ਤੇ ਹਮੇਸ਼ਾ ਪਰਮਾਤਮਾ ਦੀ ਅਪਾਰ ਕਿਰਪਾ ਰਹੀ ਹੈ। ਇਸ ਪਿੰਡ ਨੇ ਨਾਮਵਰ ਕਬੱਡੀ ਖਿਡਾਰੀ ਤੇ ਪਹਿਲਵਾਨ ਪੈਦਾ ਕੀਤੇ। ਜਦੋਂ ਕਬੱਡੀ ਦੀ ਗੱਲ ਚਲਦੀ ਹੈ ਤਾਂ ਘੁੱਗੇ ਦਾ ਨਾਂ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦੈ। 1971-72 ਦੌਰਾਨ ਖੇਡ-ਜਗਤ ਵਿਚ ਪੂਰੀ ਧਾਂਕ ਸੀ। ਨਾਮਵਰ ਧਾਵੀ ਖੜ੍ਹੇ ਕਰ ਕਰ ਰੋਕੇ। ਤਕੜੇ ਰੇਡਰ ਘੁੱਗੇ ਦੇ ਨਾਂ ਤੋਂ ਜਰਕਦੇ ਦੋਆਬੇ ਵੱਲ ਮੂੰਹ ਨਾ ਕਰਦੇ। ਉਹਦੀ ਖੇਡ ਨੇ ਦੋਆਬੇ ਨੂੰ ਬੜਾ ਮਾਣ ਬਖਸ਼ਿਆ। ਕਬੱਡੀ ਤੋਂ ਪਹਿਲਾਂ ਉਹ ਫੁੱਟਬਾਲ ਦਾ ਵਧੀਆ ਖਿਡਾਰੀ ਸੀ। ਜੇ ਉਹ ਫੁੱਟਬਾਲ ਖੇਡਦਾ ਰਹਿੰਦਾ ਤਾਂ ਸ਼ਾਇਦ ਐਨਾ ਮਸ਼ਹੂਰ ਨਾ ਹੁੰਦਾ, ਪਰ ਕਬੱਡੀ ‘ਚ ਤਾਂ ਘੁੱਗੇ ਦੀ ਗੁੱਡੀ ਪੂਰੀ ਅਸਮਾਨੀਂ ਚੜ੍ਹੀ ਹੋਈ ਸੀ।

ਹਰਮਿੰਦਰ ਸਿੰਘ ਤੱਖਰ ਖੇਡ-ਜਗਤ ਵਿਚ ਘੁੱਗੇ ਦੇ ਨਾਂ ਨਾਲ ਪ੍ਰਸਿੱਧ ਹੋਇਐ। 1954 ‘ਚ ਪਿਤਾ ਸਵਰਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ (ਹੁਣ ਦੋਵੇਂ ਸਵਰਗਵਾਸੀ) ਦੇ ਘਰ ਜਨਮੇ ਘੁੱਗੇ ਨੂੰ ਛੋਟੀ ਉਮਰੇ ਹੀ ਖੇਡਾਂ ਦਾ ਸ਼ੌਕ ਪੈ ਗਿਆ। ਪਿਤਾ ਵੀ ਉਹਨੂੰ ਨਾਮਵਰ ਖਿਡਾਰੀ ਬਣਿਆ ਵੇਖਣਾ ਚਾਹੁੰਦਾ ਸੀ। 1969 ‘ਚ ਪਿੰਡ ਦੇ ਹਾਈ ਸਕੂਲ ‘ਚ ਪੜ੍ਹਦਾ ਉਹ ਫੁੱਟਬਾਲ ਦਾ ਖਿਡਾਰੀ ਬਣਿਆ। 1970 ‘ਚ ਨੈਸ਼ਨਲ ਕਾਲਜ ਨਕੋਦਰ ਪੜ੍ਹਦੇ ਸਮੇਂ ਯੂਨੀਵਰਸਿਟੀ ਦੀਆਂ ਸਾਲਾਨਾ ਖੇਡਾਂ ‘ਚ ਜੈਵਲਿਨ-ਥਰੋ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ੌਕ ਵਧਦਾ ਵਧਦਾ ਕਬੱਡੀ ਵੱਲ ਨੂੰ ਹੋ ਤੁਰਿਆ।
1971 ‘ਚ ਕਬੱਡੀ ਦਾ ਸ਼ੌਕ ਰੱਖਣ ਵਾਲੇ ਖੁਦ ਘੁੱਗਾ, ਪਾਲਾ, ਲੱਖੀ, ਗੁਰਦਿਆਲ, ਅੰਬੀ, ਮੱਖਣ, ਦੇਬੀ, ਜੱਸੀ (ਕੈਨੇਡਾ ਦਾ ਰੇਡਰ), ਪਹਿਲਵਾਨ ਸਤਨਾਮ ਸੱਤੂ ਯੂ. ਕੇ., ਬੁੱਧੂ ਯੂ. ਕੇ. ਤੇ ਸ਼ੀਰਾ ਯੂ. ਕੇ. ਨੂੰ ਨਾਲ ਲੈ ਕੇ ਪਿੰਡ ਦੇ ਖਿਡਾਰੀਆਂ ਦੀ ਟੀਮ ਤਿਆਰ ਕੀਤੀ। ਪਿੰਡ ਦੀ ਟੀਮ ਤੋਂ ਇਲਾਵਾ ਨਕੋਦਰ ਕਾਲਜ ਵਿਚ ਵੀ ਕਬੱਡੀ ਟੀਮ ਬਣਾਈ, ਜਿਨ੍ਹਾਂ ‘ਚ ਹਰਬੰਸ ਢੰਡੋਵਾਲ, ਜੱਸੀ ਸ਼ੰਕਰ, ਅਵਤਾਰ ਤਾਰੀ, ਜਿੰਦਰ ਜਿੰਦਾ, ਕੁੰਦਰ ਜਹਾਂਗੀਰ ਤੇ ਬਿੱਲੀ ਜਹਾਰਮ ਜਿਹੇ ਖਿਡਾਰੀ ਸਨ। ਚੰਗਾ ਕੱਦ-ਕਾਠ ਤੇ ਵਾਧੂ ਜਾਨ ਕਰਕੇ ਦਿਨੋਂ ਦਿਨ ਗੇਮ ਨਿਖਰਦੀ ਗਈ। ਸਵੇਰ-ਸ਼ਾਮ ਭਾਰ ਚੁੱਕਣਾ, ਬੈਂਚ ਪ੍ਰੈਸਾਂ ਲਾਉਣੀਆਂ, ਬੈਠਕਾਂ ਮਾਰਨੀਆਂ, ਸਾਇਕਲ ਚਲਾਉਣਾ ਤੇ ਦੌੜ ਲਾਉਣੀ। ਖੁਰਾਕ ‘ਚ ਦੁਧ, ਘਿਉ, ਬਦਾਮ ਤੇ ਮੀਟ ਸ਼ਾਮਲ ਕਰਦਾ।
ਬੜੇ ਦਮ ਨਾਲ ਉਹਨੇਂ ਕਾਲਜ ਵਿਚ ਕਬੱਡੀ ਖੇਡੀ ਅਤੇ ਪੰਜਾਬ ਦੇ ਜ਼ਬਰਦਸਤ ਜਾਫੀਆਂ ‘ਚ ਨਾਂ ਦਰਜ ਕਰਵਾਇਆ। ਨਕੋਦਰ ਕਾਲਜ ਵਿਚ ਘੁੱਗੇ ਦੀ ਬੱਲੇ ਬੱਲੇ ਹੋਈ। ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਰੱਜਵਾਂ ਪਿਆਰ ਦਿੱਤਾ। ਇਕ ਵਾਰ ਫਾਈਨਲ ਮੈਚ ਵਿਚ ਨਕੋਦਰ ਕਾਲਜ ਅਤੇ ਖਾਲਸਾ ਕਾਲਜ ਜਲੰਧਰ ਦਾ ਪੇਚਾ ਪੈ ਗਿਆ। ਇਹ ਦਿਲਚਸਪ ਮੁਕਾਬਲਾ ਵੇਖਣ ਲਈ ਫੌਜ ਦੇ ਜਵਾਨ ਅਤੇ ਅਫਸਰ ਵੀ ਪਹੁੰਚ ਗਏ। ਘੁੱਗੇ ਨੇ ਵਿਰੋਧੀ ਟੀਮ ਦੇ ਤਕੜੇ ਰੇਡਰਾਂ ਦੀ ਇਕ ਨਾ ਚੱਲਣ ਦਿੱਤੀ। ਸਾਰੇ ਧਾਵੀ ਥੰਮੇ ਤੇ ਬੜੇ ਜੋਰ ਨਾਲ ਨਕੋਦਰ ਕਾਲਜ ਨੂੰ ਜਿਤਾਇਆ। ਮੈਚ ਖਤਮ ਹੋਣ ਪਿਛੋਂ ਫੌਜੀ ਅਫਸਰ ਘੁੱਗੇ ਕੋਲ ਆਇਆ ਤੇ ਕਲਾਵਾ ਭਰ ਕੇ ਥਾਪੜਾ ਦਿੱਤਾ।
ਘੁੱਗੇ ਦੀ ਕਪਤਾਨੀ ਹੇਠ ਟੀਮ ਨੇ 1971, 1972 ਤੇ 1973 ਤਿੰਨ ਸਾਲ ਲਗਾਤਾਰ ਟਰਾਫੀ ਜਿੱਤੀ। ਇਹ ਬਹੁਤ ਘੱਟ ਹੋਇਆ ਕਿ ਕੋਈ ਟੀਮ ਤਿੰਨ ਸਾਲ ਲਗਾਤਾਰ ਜਿੱਤੀ ਹੋਵੇ। ਆਮ ਕਰਕੇ ਟੀਮਾਂ ਇਕ ਜਾਂ ਦੋ ਸਾਲ ਹੀ ਜਿੱਤ ਪ੍ਰਾਪਤ ਕਰਦੀਆਂ ਨੇ ਤੇ ਤੀਜੇ ਸਾਲ ਜਿੱਤ ਕਿਸੇ ਹੋਰ ਹਿੱਸੇ ਚਲੀ ਜਾਂਦੀ ਹੈ। ਇਸੇ ਤਰ੍ਹਾਂ ਹੀ 1973, 1974 ਤੇ 1975 ਲਗਾਤਾਰ ਫਰੀਦਕੋਟ ਨੂੰ ਜਿੱਤ ਕੇ ਤਿੰਨ ਸਾਲ ਦੀ ਸਟੇਟ ਚੈਂਪੀਅਨਸ਼ਿਪ ‘ਤੇ ਕਬਜ਼ਾ ਕੀਤਾ। 1973 ਵਿਚ ਉਹਦੀ ਟੀਮ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਮਾਲਵੇ ਨੂੰ ਹਰਾਇਆ। ਜਿਹੜਾ ਵੀ ਉਹਨੂੰ ਹੱਥ ਲਾਉਂਦਾ, ਸੁੱਕਾ ਨਾ ਮੁੜਦਾ। ਲੋਕਾਂ ਨੇ ਉਹਦੀ ਗੇਮ ਨੂੰ ਬੜਾ ਪਸੰਦ ਕਰਦਿਆਂ ਰੱਜਵਾਂ ਪਿਆਰ ਦਿੱਤਾ ਤੇ ਮਾਇਆ ਦੇ ਗੱਫੇ ਦਿੱਤੇ। ਦੂਜੀ ਗੱਲ ਇਹ ਵੀ ਸੀ ਕਿ ਇੰਗਲੈਂਡ ਜਾਣ ਲਈ ਟੀਮ ਦੀ ਸਿਲੈਕਸ਼ਨ ਵੀ ਇਥੋਂ ਹੀ ਹੋਣੀ ਸੀ। ਇੰਗਲੈਂਡ ਜਾਣ ਦੇ ਚਾਅ ‘ਚ ਸਾਰੇ ਖਿਡਾਰੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾਉਣਾ ਸੀ। ਘੁੱਗੇ ਨੇ ਤਾਂ ਫਿਰ ਕਿਲਾ ਰਾਏਪੁਰ ਦੇ ਮੈਚਾਂ ‘ਚ ਕਮਾਲਾਂ ਕੀਤੀਆਂ।
1974 ਵਿਚ ਬੀ. ਏ. ਭਾਗ ਦੂਜਾ ਦੇ ਵਿਦਿਆਰਥੀ ਜੀਵਨ ਸਮੇਂ ਉਹਨੂੰ ਪ੍ਰੀਤਮ ਸਿੰਘ ਪ੍ਰੀਤਾ ਦੀ ਕਪਤਾਨੀ ਹੇਠ 14 ਖਿਡਾਰੀਆਂ ਸਮੇਤ ਇੰਗਲੈਂਡ ਜਾਣ ਦਾ ਮੌਕਾ ਮਿਲਿਆ। ਪ੍ਰੀਤਾ (ਕਪਤਾਨ), ਦੇਵੀ ਦਿਆਲ (ਵਾਈਸ ਪ੍ਰਧਾਨ), ਘੁੱਗਾ ਸ਼ੰਕਰ, ਗੁਰਪਾਲ ਪਾਲਾ ਸ਼ੰਕਰ, ਰਸਾਲ ਸਿੰਘ ਰਸਾਲਾ, ਸਤਨਾਮ ਸੱਤਾ, ਹਰਬੰਸ ਢੰਡੋਵਾਲ, ਜੱਗੀ ਰਸੂਲਪੁਰ, ਸੁਰਜੀਤ ਸੈਦੋਵਾਲ, ਬਿੰਦਰ ਘੱਲਕਲਾਂ, ਦਰਸ਼ਣ ਸਿੰਘ ਮੰਗਲੀ, ਭੱਜੀ ਖੁਰਦਪੁਰ ਤੇ ਮੋਹਣੀ ਜਡਿਆਲਾ ਜਿਹੇ ਧੱਕੜ ਖਿਡਾਰੀ ਸਨ। ਇੰਗਲੈਂਡ ਮੈਚਾਂ ‘ਚ ਤਾਕਤਵਰ ਘੁੱਗੇ ਦੀ ਖੇਡ ਦੇ ਦਰਸ਼ਕ ਦੀਵਾਨੇ ਹੋ ਗਏ। ਉਹਨੂੰ ਇੰਗਲੈਂਡ ਦੀਆਂ ਵੱਖ ਵੱਖ ਕਲੱਬਾਂ ਨੇ ਉਨ੍ਹਾਂ ਵਲੋਂ ਖੇਡਣ ਦੀ ਪੇਸ਼ਕਸ਼ ਕੀਤੀ, ਪਰ ਉਹਨੇ ਵਾਪਸ ਪੰਜਾਬ ਪਰਤਣਾ ਹੀ ਬਿਹਤਰ ਸਮਝਿਆ। ਉਨ੍ਹੀਂ ਇੰਗਲੈਂਡ ਵੀ ਮੈਚ ਖੇਡੇ। ਕੁਝ ਜਿੱਤੇ ਤੇ ਕੁਝ ਹਾਰੇ, ਪਰ ਘੁੱਗੇ ਦੀ ਗੇਮ ਨੂੰ ਬੜਾ ਪਸੰਦ ਕੀਤਾ ਗਿਆ।
1975 ‘ਚ ਬੀ. ਏ. ਭਾਗ ਤੀਜਾ ਦੀ ਪੜ੍ਹਾਈ ਵਿਚੇ ਛੱਡ ਮਾਤਾ-ਪਿਤਾ ਨਾਲ ਪੱਕੇ ਤੌਰ ‘ਤੇ ਕੈਨੇਡਾ ਪਹੁੰਚ ਗਿਆ। ਕੈਨੇਡਾ ਜਾ ਕੇ ਵੀ ਕਈ ਸਾਲ ਕਬੱਡੀ ਖੇਡੀ ਤੇ ਲੋਕਾਂ ਦੀ ਵਾਹਵਾ ਖੱਟੀ।
1980 ‘ਚ ਵਾਪਸ ਪੰਜਾਬ ਜਾ ਕੇ ਜਲੰਧਰ ਦੀ ਜੁਗਰਾਜ ਕੌਰ ਅਟਵਾਲ ਨਾਲ ਵਿਆਹ ਕਰਾਇਆ। ਉਮਰ ਦੇ ਲਿਹਾਜ਼ ਨਾਲ ਉਹ ਕਬੱਡੀ ਖੇਡਣੀ ਛੱਡ ਗਿਆ। ਕੈਨੇਡਾ ਦੇ ਕਬੱਡੀ ਮੈਚਾਂ ਨੂੰ ਵੇਖ ਕੇ ਖੂਨ ਉਬਾਲੇ ਮਾਰਦਾ ਤੇ ਪੁਰਾਣੇ ਦਿਨ ਯਾਦ ਕਰਦਾ। ਹਮੇਸ਼ਾ ਸਾਫ-ਸੁਥਰੀ ਕਬੱਡੀ ਖੇਡੀ। ਕਦੇ ਨਸ਼ਾ ਨਾ ਕੀਤਾ, ਸਗੋਂ ਗਰਾਊਂਡ ਵਿਚ ਰਹਿ ਕੇ ਮਿਹਨਤ ਕਰਦਾ ਰਹਿੰਦਾ।
ਘੁੱਗੇ ਦੇ ਪੇਂਡੂ ਪਾਲੇ ਤੇ ਘੁੱਗੇ ਨੇ ‘ਕੱਠਿਆਂ ਪਿੰਡ ਪੱਧਰ ਦੇ ਮੈਚ, ਸ਼ੋਅ-ਮੈਚ, ਚੈਂਪੀਅਨਸ਼ਿਪਾਂ ਅਤੇ ਇਲਾਕੇ ਦੇ ਬੜੇ ਕਬੱਡੀ ਕੱਪ ਖੇਡੇ। ਸੰਗਰੂਰ ਵਿਖੇ ਜਲੰਧਰ ਅਤੇ ਕਪੂਰਥਲਾ ਜਿਲਿਆਂ ਦਾ ਮੈਚ ‘ਕੱਠਿਆਂ ਖੇਡਿਆ। ਕਪੂਰਥਲਾ ਵਲੋਂ ਪ੍ਰੀਤਾ ਤਕੜਾ ਧਾਵੀ ਸੀ ਤੇ ਜਲੰਧਰ ਵਲੋਂ ਘੁੱਗਾ ਤਕੜਾ ਜਾਫੀ। ਕਬੱਡੀ ਦੇ ਦੋਹਾਂ ਸੂਪਰ ਸਟਾਰ ਖਿਡਾਰੀਆਂ ਦੀਆਂ ਫਸਵੀਆਂ ਝਪਟਾਂ ਹੋਈਆਂ। ਪ੍ਰੀਤੇ ਤੇ ਘੁੱਗੇ ਦੀ ਦਿਲਚਸਪ ਗੇਮ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ। ਸਾਊ ਸੁਭਾਅ ਦੇ ਘੁੱਗੇ ਨੇ ਕਦੇ ਗੇਮ ਦਾ ਮਾਣ ਨਹੀਂ ਕੀਤਾ। ਉਹਦੀ ਨਿਮਰਤਾ ਵੇਖੋ, “ਪ੍ਰੀਤਾ ਬਹੁਤ ਤਕੜਾ ਖਿਡਾਰੀ ਸੀ, ਅਚਾਨਕ ਹੱਥ ਪੈ ਗਿਆ ਸੀ।”
ਕੋਟਲੀ ਥਾਨ ਸਿੰਘ ਵਿਖੇ ਜਲੰਧਰ ਤੇ ਅੰਮ੍ਰਿਤਸਰ ਜਿਲਿਆਂ ਦਾ ਮੈਚ ਹੋਇਆ। ਘੁੱਗੇ ਨੇ ਬੜੇ ਬੜੇ ਜੁਆਨ ਧਾਵੀ ਰੋਕੇ। ਪਾਲਾ ਤੇ ਧਰਮਾ ਉਨ੍ਹਾਂ ਕੋਲੋਂ ਰੋਕਣੇ ਮੁਸ਼ਕਿਲ ਸਨ। ਜਲੰਧਰ ਖਿਡਾਰੀਆਂ ਵਿਚ ਸ਼ੰਕਰ ਦੇ ਚਾਰ ਖਿਡਾਰੀ-ਘੁੱਗਾ, ਪਾਲਾ, ਗੁਰਦਿਆਲ ਤੇ ਜੱਸੀ ਟੀਮ ਦੇ ਖਿਡਾਰੀ ਸਨ। ਉਸ ਯਾਦਗਾਰੀ ਮੈਚ ਨੂੰ ਨਿਊ ਯਾਰਕ ਰਹਿੰਦੇ ਕੋਟਲੀ ਥਾਨ ਸਿੰਘ ਦੇ ਸਤਵਿੰਦਰ ਸੰਧਰ ਨੇ ਅੱਖੀਂ ਵੇਖਿਆ ਸੀ। ਉਹ ਧਰਮੇ ਦੀਆਂ ਰੇਡਾਂ ਨੂੰ ਅੱਜ ਵੀ ਯਾਦ ਕਰਦੈ। ਘੁੱਗਾ ਪ੍ਰੀਤੇ ਨੂੰ ਤਕੜਾ ਖਿਡਾਰੀ ਮੰਨਦੈ। ਉਹਦੀ ਕਦਰ ਕਰਦੇ ਘੁੱਗੇ ਨੇ ਪ੍ਰੀਤੇ ਵਰਗੇ ਤੇਜ਼-ਤਰਾਰ, ਫੁਰਤੀਲੇ ਤੇ ਜ਼ੋਰਦਾਰ ਖਿਡਾਰੀ ਨੂੰ ਰੋਕਣਾ ਫਖਰ ਵਾਲੀ ਗੱਲ ਕਹੀ। ਇਹ ਵੀ ਕਿਹਾ ਕਿ ਉਹਨੂੰ ਰੋਕਣਾ ਤੁਫਾਨਾਂ ਨਾਲ ਟੱਕਰ ਲੈਣਾ ਸੀ। ਹੁਣ ਜਦੋਂ ਕਦੇ ਪ੍ਰੀਤਾ ਕੈਨੇਡਾ ਜਾਂਦਾ ਹੈ ਤਾਂ ਘੁੱਗੇ ਨੂੰ ਜਰੂਰ ਮਿਲਦੈ ਤੇ ਪੁਰਾਣੇ ਖਿਡਾਰੀ ਪੁਰਾਣੀਆਂ ਯਾਦਾਂ ਤਾਜ਼ਾ ਜਰੂਰ ਕਰਦੇ ਨੇ।
ਕੈਲੀਫੋਰਨੀਆ ਰਹਿੰਦਾ ਸ਼ੰਕਰੀਆ ਪਾਲਾ ਘੁੱਗੇ ਦੀ ਗੇਮ ਨੂੰ ਅੱਜ ਵੀ ਯਾਦ ਕਰਦਾ ਹੈ। ਤੋਖੀ ਹੋਰਾਂ ਤੋਂ ਬਾਅਦ ਘੁੱਗੇ ਨੂੰ ਟਾਪ ਦਾ ਜਾਫੀ ਮੰਨਦਾ ਤੇ ਘੁੱਗੇ ਤੋਂ ਬਾਅਦ ਮੱਖਣ ਪੁਆਦੜਾ। ਉਹਨੇ ਇਹ ਵੀ ਦੱਸਿਆ ਕਿ ਛੋਟੇ ਛੋਟੇ ਹੁੰਦੇ ਉਹ (ਪਾਲਾ) ਤੇ ਅਜੈਬ ਪਿੰਡ ਦੇ ਅਖਾੜੇ ‘ਚ ਜੋਰ ਕਰ ਰਹੇ ਸਨ। ਉਧਰੋਂ ਘੁੱਗੇ ਦਾ ਪਿਤਾ ਵੀ ਉਹਨੂੰ (ਘੁੱਗੇ) ਜ਼ੋਰ ਕਰਾਉਣ ਲੈ ਕੇ ਆ ਗਿਆ। ਘੁੱਗਾ ਉਨ੍ਹਾਂ ਦੋਹਾਂ ਨੂੰ ਢਾਹ ਕੇ ਅਹੁ ਅਹੁ ਗਿਆ। ਗੱਲ ਸੁਣਾਉਂਦਾ ਪਾਲਾ ਹੱਸਣ ਲੱਗ ਪਿਆ।
ਘੁੱਗੇ ਦੇ ਦੋ ਬੇਟੇ ਹਨ। ਵੱਡਾ ਦੀਪ ਤੱਖਰ ਤੇ ਛੋਟਾ ਭੱਜੀ ਤੱਖਰ। ਵੱਡਾ ਬੇਟਾ ਵੇਟ-ਲਿਫਟਰ ਬਣਿਆ, ਜਿਸ ਨੇ 2001 ਦੇ ਕੈਨੇਡਾ ਵੇਟ-ਲਿਫਟਿੰਗ ਮੁਕਾਬਲੇ ਵਿਚ ਆਪਣੇ ਭਾਰ ਵਿਚ 63 ਕਿਲੋਗ੍ਰਾਮ ਵਿਚੋਂ ਦੂਜੀ ਪੁਜ਼ੀਸ਼ਨ ਜਿੱਤੀ। ਕੈਨੇਡਾ ਵਲੋਂ ਭੇਜੀ ਗਈ ਵੇਟ-ਲਿਫਟਿੰਗ ਟੀਮ ਵਿਚ ਗਰੀਸ ਜਾਣ ਦਾ ਮੌਕਾ ਮਿਲਿਆ ਸੀ। ਉਥੇ ਵੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਛੋਟਾ ਬੇਟਾ ਵੀ ਬਾਸਕਿਟਬਾਲ ਦਾ ਵਧੀਆ ਖਿਡਾਰੀ ਰਿਹੈ। ਹੁਣ ਦੋਵੇਂ ਬੇਟੇ ਆਪੋ ਆਪਣੇ ਕਾਰੋਬਾਰ ਵਿਚ ਰੁਝੇ ਰਹਿੰਦੇ ਨੇ। ਅਜੋਕੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਹੋਣ ਦੀ ਤਾਕੀਦ ਕਰਦਾ ਹੈ। ਖੇਡਾਂ ਵਿਚ ਨਸ਼ੇ ਨੂੰ ਲੈ ਕੇ ਤੜਫ ਰਿਹਾ ਹੈ। ਨਸ਼ੇ ਕਰਕੇ ਬਹੁਤੀ ਦੇਰ ਨਹੀਂ ਖੇਡ ਸਕਦੇ। ਨਸ਼ਿਆਂ ਰਹਿਤ ਖੇਡੋ ਜਿਸ ਨਾਲ ਸਮਾਜ ਅਤੇ ਦੇਸ਼ ਨੂੰ ਮਾਣ ਹੋਵੇ।
ਘੁੱਗਾ ਘੁੱਗਾ ਹੁੰਦੀ ਰਹੂ,
ਜਿਥੇ ਜਿਥੇ ਮੱਲਾਂ ਮਾਰੀਆਂ ਨੇ।
ਕੌਡੀ-ਜਗਤ ਵਿਚ ਰਹੂ ਨਾਂ ਚਮਕਦਾ,
ਜਿਥੇ ਕੀਤੀਆਂ ਸਰਦਾਰੀਆਂ ਨੇ।
‘ਇਕਬਾਲ ਸਿੰਹਾਂ’ ਕਬੱਡੀ ‘ਚ ਘੁੱਗਾ ਮਿਸਾਲ ਬਣਿਆ,
ਰਾਹਾਂ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਖਿਡਾਰੀਆਂ ਨੇ।