ਸ਼ਿੰਦਾ ਮਝੈਲ: ਪਹਿਲੀ ਤੇ ਆਖਰੀ ਮੁਲਾਕਾਤ

ਸੁਖਦੇਵ ਸਿੱਧੂ
ਫੋਨ: +44-1234214170
ਮਾਝੇ ਬਾਰੇ ਮੇਰੀ ਜਾਣਕਾਰੀ ਸੀਮਤ ਰਹੀ ਹੈ। ਹੁਣ ਵੀ ਕੰਮ ਮੋਟਾ ਠੁੱਲਾ ਹੀ ਹੈ। ਮੇਰਾ ਗੁਰਦਿਆਲ ਬੱਲ ਨਾਲ ਸੰਪਰਕ ਹੋਇਆ। ਮਾਝੇ-ਮਝੈਲਾਂ ਨਾਲ ਮੇਰੀ ਜਾਣਕਾਰੀ ‘ਚ ਵਾਧਾ ਹੋਇਆ, ਸਣੇ ਸੁਰਿੰਦਰ ਸਿੰਘ ਬੱਲ ਦੇ। ਗੁਰਦਿਆਲ ਸਿੰਘ ਬੱਲ ਦਾ ਘੇਰਾ ਵਸੀਹ ਹੈ; ਲੋਕ ਕਈ ਤਰੀਕਿਆਂ ਨਾਲ ਜਾਣਦੇ ਹਨ। ਕੰਮੋਕਿਆਂ ਦਾ ਸੁਰਿੰਦਰ, ਬਾਬੇ ਬੱਲ ਦਾ ਹਮਸ਼ੀਰ ‘ਡਾਕਟਰ ਸ਼ਿੰਦਾ’ ਹੈ। ਨਿੱਕਾ ਭਾਊ-ਲਾਡਲਾ।
ਸਕੂਲ ਪਾਸ ਕਰਕੇ ਕਾਲਜ ਗਿਆ ਤਾਂ ਇਹਨੂੰ ਮੱਤ ਹੋ ਗਈ, “ਦੇਖ, ਬੀ. ਏ. ਬੂਏ ਕਰਕੇ ਕੀ ਹੋਣਾ, ਨੌਕਰੀ ਤਾਂ ਲੱਭਣੀ ਨਹੀਂ।

ਤੂੰ ਏਦਾਂ ਕਰ, ਕੋਈ ਕੋਰਸ ਕੂਰਸ ਕਰ ਲੈ, ਜੀਹਦੇ ਨਾਲ ਨੌਕਰੀ ਮਿਲ ਜੇ।” ਗੱਲ ਇਹਦੇ ਮਨ ਨੂੰ ਜਚ ਗਈ ਤੇ ਮਝੈਲ ਜਾ ਵੜਿਆ, ਮਾਲਵੇ ਦੇਸ। ਇਹਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ‘ਚ ਦਾਖਲਾ ਲੈ ਲਿਆ। ਵਿਸ਼ਵ ਵਿਦਿਆਲੇ ‘ਚੋਂ ਇਹ ਪਸੂ ਪਾਲਣ ਦਾ ਡਿਪਲੋਮਾ ਕਰ ਆਇਆ। ਡਿਪਲੋਮਾ ਕਾਹਦਾ ਸੀ, ਨਿਰੀ ਗਿੱਦੜਸਿੰਙੀ ਲੱਭ ਗਈ। ਮੁੜ ਕੇ ਆਉਂਦੇ ਨੂੰ ‘ਘਰੇ ਨੌਕਰੀ’ ਮਿਲ ਗਈ, ਧਰਦਿਓਂ ‘ਚ। ਇਹ ਘਰੋਂ ਮਸਾਂ ਪੰਜ ਕੁ ਮੀਲ ਦੀ ਵਾਟ ‘ਤੇ ਪੈਂਦਾ ਹੈ। ਏਥੋਂ ਬਦਲੀ ਹੋ ਗਈ ਬੱਲਸਰਾਂ ਦੀ, ਤਾਂ ਘਰ ਓਦੂੰ ਵੀ ਨੇੜੇ ਹੋ ਗਿਆ। ਨੌਕਰੀ ਦੇ ਮਾਮਲੇ ‘ਚ ਇਹ ਘਰ ਤੋਂ ਪੰਜ ਸੱਤ ਮੀਲ ਏਧਰ ਓਧਰ ਹੀ ਰਿਹਾ।
ਡਾ. ਸ਼ਿੰਦਾ ਕਾਲਜ ਉਦੋਂ ਦਾਖਿਲ ਹੋਇਆ, ਜਦੋਂ ਆਲੇ-ਦੁਆਲੇ ਨਕਸਲਬਾੜੀ ਦਾ ਪ੍ਰਭਾਵ ਸੀ। ਲਹਿਰ ਦਾ ਉਭਾਰ ਜੋਸ਼ ਆਸਰੇ ਸੀ। ਖੂਨ ਗਰਮ ਤੇ ਜੋਸ਼ ਜੁਆਨੀ ‘ਚ ਹੀ ਹੁੰਦਾ। ਮੁੰਡੇ, ਲਹਿਰ ਦੇ ਘੇਰੇ ‘ਚ ਝੱਟ ਆ ਜਾਂਦੇ ਸੀ। ਇਹ ਨਕਸਲਬਾੜੀ ਲਹਿਰ ਦੇ ਵਲ ‘ਚ ਆਉਂਦਾ ਆਉਂਦਾ ਬਚ ਗਿਆ। ਚਮਕੌਰ ਸਾਹਿਬ ਵਾਲੇ ਐਕਸ਼ਨ ਪਿਛੋਂ ਕੁਝ ਲੀਡਰ ਮਾਝੇ ‘ਚ ਆ ਗਏ ਸਨ। ਜਿਲਾ ਗੁਰਦਾਸਪੁਰ ਦਾ ਪਿੰਡ ਬੋਲੇਵਾਲ ਕੰਮੋਕੇ ਲਾਗੇ ਪੈਂਦਾ ਹੈ। ਇਸ ਪਿੰਡ ‘ਚ ਲਾਲ ਪਾਰਟੀ ਦੇ ਪੁਰਾਣੇ ਹਮਾਇਤੀ ਹੈ ਸਨ। ਉਚੇ ਪਿੰਡ ਵਾਲੇ ਬਲਦੇਵ ਦੀ ਏਥੇ ਵੀ ਠਾਹਰ ਸੀ ਤੇ ਇਹ ਆਪਣੀ ਸਾਖ ਏਸ ਇਲਾਕੇ ‘ਚ ਲਾਉਣ ਦੀ ਤਾੜ ‘ਚ ਸੀ। ਸਠਿਆਲਾ ਕਾਲਜ ਪੇਂਡੂ ਇਲਾਕੇ ‘ਚ ਸੀ। ਸਵਰਨ ਸਿੰਘ ਬੋਲੇਵਾਲ ਦੇ ਵਾਰ ਵਾਰ ਕਹਿਣ ‘ਤੇ ਸ਼ਿੰਦੇ ਨੇ ਕਾਲਜ ‘ਚ ਅੱਠ-ਦਸ ਬੰਦਿਆਂ ਦਾ ‘ਕੱਠ ਕਰ ਦਿੱਤਾ। ਹਰਭਜਨ ਹਲਵਾਰਵੀ ਦਾ ਏਸ ਏਰੀਏ ‘ਚ ਪਹਿਲਾ ਰਿਕਰੂਟਿੰਗ ਸਕੂਲ ਸੀ। ਗੁਬਿੰਦਰ ਸਿੰਘ ਅਤੇ ਬਾਬੂ ਰਾਮ ਬੈਰਾਗੀ ਵਗੈਰਾ ਦਾ ਘਰ ਆਉਣ-ਜਾਣ ਆਮ ਹੋ ਗਿਆ ਸੀ। ਅੰਡਰ ਗਰਾਊਂਡ ਹੋ ਗਏ ਇਨਕਲਾਬੀਆਂ ਲਈ ਐਸੀਆਂ ਥਾਂਵਾਂ ਸੁਰੱਖਿਅਤ ਠਾਹਰਾਂ ਵੀ ਹੁੰਦੀਆਂ ਸਨ। ਕਿਸੇ ਫੌਜੀ ਦੇ ਘਰ ਤਾਂ ਸ਼ੱਕ ਵੀ ਘੱਟ ਹੁੰਦੀ ਹੈ।
ਲਹਿਰ ਦੇ ਲੀਡਰਾਂ ਦਾ ਮਨਸ਼ਾ ਤਾਂ ਲਾਗਲੇ ਪਿੰਡ ਦੇ ਕਿਸੇ ਬ੍ਰਿਗੇਡੀਅਰ ‘ਤੇ ਹਮਲਾ ਕਰਨਾ ਸੀ; ਸਭ ਧਿਰਾਂ ਦਾ ਬਚਾਅ ਹੋ ਗਿਆ। ਸ਼ਿੰਦੇ ਦੀ ਇਨ੍ਹਾਂ ਨਾਲ ਨੇੜਤਾ ਹੋ ਗਈ, ਸਿਆਸੀ ਪ੍ਰਭਾਵ ਕਬੂਲ ਲੈਣਾ ਕੁਦਰਤੀ ਸੀ, ਪਰ ਵੱਡੇ ਭਾਊ ਦੀ ਖਬਰਦਾਰੀ ਮੰਨ ਗਿਆ, ਸਭ ਕੱਝ ਛੱਡ ਕੇ ਲਹਿਰ ‘ਚ ਕੁੱਦਣੋਂ ਰਹਿ ਗਿਆ। ਘਰ ‘ਚ ਬਹੁਤਾ ਆਉਣ-ਜਾਣ ਤੇ ਨੇੜ ਬੈਰਾਗੀ ਤੇ ਗੁਬਿੰਦਰ ਦਾ ਰਿਹਾ। ਓਧਰੋਂ ਲੁਧਿਆਣਾ ਵੀ ਲਹਿਰ ਦੀ ਨਰਸਰੀ ਸੀ। ਪ੍ਰਿਥੀਪਾਲ ਰੰਧਾਵਾ ਉਦੋਂ ਐਗਰੀਕਲਚਰ ਯੂਨੀਵਰਸਿਟੀ ‘ਚ ਪੂਰਾ ਸਰਗਰਮ ਸੀ। ਪੰਜਾਬ ਸਟੂਡੈਂਟ ਯੂਨੀਅਨ ਦੀ ਤੂਤੀ ਬੋਲਦੀ ਸੀ। ਪੰਜ ਕੁ ਮੀਲ ਦੀ ਦੂਰੀ ‘ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵੀ ਸੀ। ਇਹ ਸਠਿਆਲਿਓਂ ਨਿਕਲ ਕੇ ਲੁਧਿਆਣੇ ਜਾ ਕੇ ਪ੍ਰਿਥੀਪਾਲ ਦੇ ਬਹੁਤੇ ਨੇੜੇ ਹੋ ਗਿਆ। ਫਿਰ ਵੀ ਕਿਸੇ ਤਰ੍ਹਾਂ ਲਹਿਰ ‘ਚ ਸ਼ਾਮਿਲ ਹੋਣ ਤੋਂ ਬਚਿਆ ਰਿਹਾ।
ਬਾਪ, ਦੇਰ ਪਹਿਲਾਂ ਬੱਚਾ-ਫੌਜ ‘ਚ ਭਰਤੀ ਹੋ ਗਿਆ ਸੀ; ਅੰਗਰੇਜ਼ ਦੌਰ ‘ਚ ਉਮਰੋਂ ਛੋਟੇ ਭਰਤੀ ਹੋਏ ਫੌਜੀਆਂ ਨੂੰ ਆਮ ਭਾਸ਼ਾ ‘ਚ ਇਹੋ ਕਿਹਾ ਜਾਂਦਾ ਸੀ। ਪੰਜਾਬ ਦੀ ਪਿੰਡ ਰਹਿਤਲ ਦਾ ਸੁਭਾਅ ਖੁੱਲ੍ਹਾ ਹੈ ਤੇ ਹੱਦ ਤੀਕ ਜਾਣ ਵਾਲਾ ਹੈ। ਉਨ੍ਹੀਂ ਦਿਨੀਂ ਉਂਜ ਵੀ ਪੰਜਾਬ ਦੀ ਸਾਰੀ ਫਿਜ਼ਾ ਵਿਚ ਰੁਮਾਂਸ ਦਾ ਮਾਹੌਲ ਸੀ| ਨਕਸਲੀ ਲਹਿਰ ਨਾਲ ਰੁਮਾਂਸ, ਪੁਸਤਕਾਂ ਨਾਲ ਰੁਮਾਂਸ, ਦੋਸਤਾਂ ਨਾਲ ਰੁਮਾਂਸ ਇਨ੍ਹਾਂ ਦੇ ਨਾਲ ਹੀ ਜੁੜਿਆ ਹੋਇਆ ਸੀ| ਹਰ ਤਰ੍ਹਾਂ ਦੀ ਮਹਿਮਾਨ ਨਿਵਾਜੀ ਅਤੇ ਉਸ ਨਾਲ ਜੁੜਿਆ ਹੋਇਆ ਆਪ ਘਰੇ ਬਣਾਈ ਦਾਰੂ ਦਾ ਰੁਮਾਂਸ| ਸਭ ਨੂੰ ਪਤਾ ਹੈ ਕਿ ਮਾਝੇ ਤੇ ਘਰ ਦੀ ਦਾਰੂ ਦੀ ਆਪਣੀ ਕਿਸਮ ਦੀ ਠਾਠ ਬਾਠ ਹੈ। ਪੀਣ ਦੇ ਨਾਲ ਨਾਲ ਸ਼ਿੰਦਾ ਦਾਰੂ ਕੱਢਣ ਦਾ ਵੀ ਕਾਰੀਗਰ ਹੋ ਗਿਆ ਸੀ। ਇਹਦੀ ਆਪਣੀ ਪਰਖੀ ਹੋਈ ਰੈਸਿਪੀ ਸੀ-ਗੁੜ ਦਾ ਘੋਲ ਘੜਿਆਂ ‘ਚ ਪਾ ਕੇ ਰੂੜੀ ਦੱਬ ਦਿੰਦਾ; ਫਲ ਫਰੂਟ ਵੀ ਪਾਉਂਦਾ ਤੇ ਆਖਰੀ ਮਸਾਲਾ ਹੁੰਦਾ, ਮੁੱਠ ਕੁ ਕਣਕ ਦੀ। ਏਸ ਮੁੱਠ ਦੀ ਕਰਾਮਾਤ ਡਾਢੀ ਹੁੰਦੀ। ਹੋਰ ਲੋਕ ਆਮ ਕਰਕੇ ਘੜੇ ‘ਚ ਸੱਕ ਪਾਉਂਦੇ ਤੇ ਇਸ ਦੀ ਸੇਖੀ ਵੀ ਮਾਰਦੇ। ਇਹ ਕਦੇ ਵੀ ਘੜੇ ‘ਚ ਸੱਕ ਨਾ ਸੁੱਟਦਾ।
ਪੰਜਾਂ-ਸੱਤਾਂ ਦਿਨਾਂ ‘ਚ ਘੜੇ ਚਲ ਪੈਂਦੇ। ਜਿੰਨਾ ਚਿਰ ਨਾ ਚਲਦੇ, ਦੂਏ ਦਿਨ ਘੜੇ ‘ਚ ਹੱਥ ਫੇਰਨਾ ਜ਼ਰੂਰੀ ਹੁੰਦਾ। ਚੱਲੇ ਹੋਏ ਘੜੇ ਸਾਂਅ-ਸਾਂਅ ਸ਼ੂਕਰਾਂ ਮਾਰਦੇ। ਚੱਲੇ ਘੜੇ ਨਿੱਤਰ ਜਾਂਦੇ ਤਾਂ ਵਿਚ ਦੀ ਮੂੰਹ ਦਿਸਦਾ। ਮਾਲਕ ਨੂੰ ਸੱਦਦੇ, ਬਈ ਹੁਣ ਕੱਢ ਲੈ। ਕੱਢਿਆ ਸਮਾਨ ਐਸਾ ਸਮਾਨ ਤਿਆਰ ਹੁੰਦਾ ਕਿ ਪੀਣ ਵਾਲਾ ਹੈਰਾਨ ਹੁੰਦਾ, ਮੂੰਹ ਸੁਆਰਦਾ ਨਿਹਾਲ ਹੋਇਆ ਰਹਿੰਦਾ। ਘਰ ਦੀ ਦਾਰੂ ਦੀ ਵੱਡੀ ਸਿਫਤ ਤਾਂ ਇਹੋ ਸੀ ਕਿ ਆਪ ਨੂੰ ਪਤਾ ਹੁੰਦਾ ਕਿ ਵਿਚ ਪਾਇਆ ਕੀ ਕੀ ਹੈ! ਦੂਜੇ ਠੇਕੇ ਦੀ ਨਾਲੋਂ ਸਸਤੀ ਵੀ ਪੈਂਦੀ ਸੀ ਤੇ ਕੱਢ ਵਾਹਵਾ ਚਿਰ ਜਾਂਦੀ ਸੀ। ਆਇਆ-ਗਿਆ ਮਹਿਮਾਨ ਵੀ ਨਿਹਾਲ ਹੁੰਦਾ। ਸੱਜਣ ਬੇਲੀ ਸ਼ਿੰਦੇ ਦੀ ਕਾਰਾਗਰੀ ਦਾ ਗੁਣਗਾਣ ਕਰਦੇ।
ਫਿਰ ਘਰ ਦਾ ਮਾਹੌਲ ਬਦਲ ਗਿਆ। ਮਾਂ 2004 ‘ਚ ਤੁਰ ਗਈ ਤੇ ਬਾਪ 2007 ‘ਚ ਪੂਰਾ ਹੋ ਗਿਆ। ਪਰ ਮਾਂ ਦਾ ਪ੍ਰਾਹੁਣਚਾਰੀ ਵਾਲਾ ਪ੍ਰਤੌਅ, ਬੱਲ ਭਾਈਆਂ ‘ਚ ਆ ਹਾਜ਼ਿਰ ਹੋਇਆ। ਕਿਸੇ ਦੇ ਕੰਮ ਆ ਸਕਣ ਦਾ ਸੁਭਾਅ ਬਾਪ ‘ਚੋਂ ਆ ਰਲਿਆ। ਬਾਬਾ ਬੱਲ ਚੰਡੀਗੜ੍ਹ ਨੌਕਰੀ ਕਰਦਾ ਸੀ; ਰਿਹਾਇਸ਼ ਪਟਿਆਲੇ ਸੀ, ਫਿਰ ਕੈਨੇਡਾ ਚਲੇ ਗਿਆ, ਪਰ ਪ੍ਰਾਹੁਣਚਾਰੀ ਦੀ ਸਾਰੀ ਆਭਾ ਸ਼ਿੰਦੇ ਨੇ ਸਾਂਭ ਲਈ ਤੇ ਨਿਭਾਈ ਵੀ। ਪੰਜਾਬ ਸਰਕਾਰ ਦੇ ਪਸੂ ਚਿਕਿਸਤਾ ਵਿਭਾਗ ਦੀ ਨੌਕਰੀ ਨੇ ਸੁਰਿੰਦਰ ਸਿੰਘ ਬੱਲ ਨੂੰ ਡਾਕਟਰ ਸ਼ਿੰਦਾ ਬਣਾ ਦਿੱਤਾ। ਇਲਾਕੇ ਚ ਇਹਦੀ ਬੱਲੇ ਬੱਲੇ ਹੋ ਗਈ-ਪਸੂਆਂ ਦੀ ਤੰਦਰੁਸਤੀ ਤੇ ਸ਼ਿੰਦਾ ਇੱਕੋ ਗੱਲ ਸੀ। ਕੋਈ ਜੱਸ ਖੱਟਣਾ ਸੀ, ਇਹਦੇ ਹੱਥ ‘ਚ ਬਰਕਤ ਆ ਗਈ। ਇਲਾਕੇ ‘ਚ ਕਿਸੇ ਦਾ ਵੀ ਮਹਿਰੂ ਗੋਕਾ ਬੀਮਾਰ ਹੁੰਦਾ, ਓਹ ਝੱਟ ਕਹਿੰਦੇ, ਡਾਕਟਰ ਸ਼ਿੰਦੇ ਨੂੰ ਸੱਦੋ। ਸ਼ੌਕ ਨਾਲ ਰੱਖੇ ਜਾਨਵਰਾਂ ਦੀ ਜਾਨ ਦਾ ਧਿਆਨ ਵੀ ਤਨਦੇਹੀ ਨਾਲ ਰੱਖਦਾ। ਆਪਣੇ ਕੰਮ ਪ੍ਰਤੀ ਇਹ ਏਨਾ ਸੁਹਿਰਦ ਹੋ ਗਿਆ ਕਿ ਘੋਰ ਅਤਿਵਾਦ ਦੇ ਦੌਰ ‘ਚ ਵੀ ਮੋਟਰ ਸਾਈਕਲ ਚੁੱਕਦਾ ਤੇ ਬੀਮਾਰ ਪਸੂ ਦੀ ਸਾਰ ਲੈਣ ਵੇਲੇ-ਕੁਵੇਲੇ ਵੀ ਤੁਰ ਪੈਂਦਾ। ਕਈ ਵਾਰ ਸੀ. ਆਰ. ਪੀ. ਜਾਂ ਪੁਲਿਸ ਵਾਲੇ ਰੋਕ ਕੇ ਪੁੱਛ ਪੜਤਾਲ ਵੀ ਕਰਦੇ। ਕੰਮ ਭਲੇ ਦਾ ਹੁੰਦਾ ਸੀ, ਇਸ ਲਈ ਆਉਣ-ਜਾਣ ਦਿੰਦੇ। ਰੱਈਏ ਤੋਂ ਪਹਾੜ ਨੂੰ ਪੈਂਦੇ ਪਿੰਡ ਮੈਂ ਕਦੇ ਨਹੀਂ ਸੀ ਵੇਖੇ; ਇਨ੍ਹਾਂ ਬਾਰੇ ਬਹੁਤੀ ਜਾਣਕਾਰੀ ਵੀ ਨਹੀਂ ਸੀ, ਲੋੜ ਵੀ ਨਾ ਪਈ ਸੀ। ਇਸ ਮੋਹ ਦਾ ਸਬੱਬ ਡਾ ਸ਼ਿੰਦਾ ਬਣਿਆ।
ਜਦੋਂ ਵੀ ਪੰਜਾਬ ਜਾਣ ਬਾਰੇ ਗੱਲ ਹੋਣੀ ਤਾਂ ਬਾਬੇ ਬੱਲ ਦਾ ਹੁਕਮ ਹੋਣਾ ਕਿ ਯਾਰ, ਤੂੰ ਪਿੰਡ ਜਾਈਂ, ਸ਼ਿੰਦੇ ਨੂੰ ਮਿਲ ਕੇ ਆਈਂ। ਹਰ ਵਾਰੀ ਕੋਈ ਨਾ ਕੋਈ ਜ਼ਰੂਰੀ ਕੰਮ ਵਿਚ ਆ ਪੈਣਾ। ਕੰਮ ਦੀਆਂ ਬੰਦਿਸ਼ਾਂ ਦੀ ਸਖਤਾਈ ਸੀ। ਗਿਣਤੀ ਦੇ ਦਿਨਾਂ ਦੀ ਛੁੱਟੀ ਅੱਖ ਦੇ ਫੋਰ ‘ਚ ਮੁੱਕ ਜਾਣੀ ਤੇ ਸ਼ਿੰਦੇ ਨੂੰ ਮਿਲਣਾ ਰਹਿ ਜਾਣਾ। ਵਲੈਤ ਆ ਕੇ ਬਾਬੇ ਨੂੰ ਜੁਆਬਦੇਹ ਹੋਣਾ ਪੈਂਦਾ। ਹਰ ਵਾਰ ਨਾਮੋਸ਼ੀ ਝੱਲਣੀ ਪੈਂਦੀ।
ਅਗਲੀ ਵਾਰ ਜਾਣਾ ਸੀ ਤਾਂ ਬਾਬਾ ਬੱਲ ਮੈਨੂੰ ਫਿਰ ਕਹਿੰਦਾ ਰਿਹਾ, ਸ਼ਿੰਦੇ ਨੂੰ ਫੋਨ ਕਰੀਂ, ਤੂੰ ਨਿਰਾਸ਼ ਨਹੀਂ ਹੋਏਂਗਾ। ਉਹਨੂੰ ਵੀ ਚੰਗਾ ਲੱਗੂਗਾ। ਮੈਂ ਧਾਰ ਲਈ ਬਈ, ਐਤਕੀਂ ਤਾਂ ਕੰਮੋਕਿਆਂ ਨੂੰ ਜ਼ਰੂਰ ਜਾ ਕੇ ਆਊਂਗਾ, ਭਾਵੇਂ ਹੱਥ ਲਾ ਕੇ ਮੁੜ ਆਵਾਂ।
ਬਾਬੇ ਦੀ ਨਗਰੀਓਂ ਜਲੰਧਰ ਨੂੰ ਤੁਰਨ ਲੱਗਿਆਂ, ਮੈਂ ਫੋਨ ਕੀਤਾ। ਡਾਕਟਰ ਨੇ ਦੱਸਿਆ ਕਿ ਰੱਈਏ ਲਾਗੇ ਆ ਕੇ ਫੋਨ ਕਰਿਓ, ਸਾਰਾ ਰਾਹ ਡਿਟੇਲ ‘ਚ ਸਮਝਾ ਦਊਂਗਾ। ਗੁਰੂ ਕਾ ਜੰਡਿਆਲਾ ਟੱਪ ਕੇ ਟਾਂਗਰਾ ਤੇ ਖਲਚੀਆਂ ਨਿਕਲ ਗਏ। ਰਈਏ ਤੋਂ ਖੱਬੇ ਮੁੜ ਕੇ ਅਸੀਂ ਬਾਬਾ ਬਕਾਲਾ ਤੇ ਠੱਠੀਆਂ ਤੋਂ ਅੱਗੇ ਸਠਿਆਲੇ ਪਹੁੰਚ ਗਏ। ਮੈਂ ਗੱਡੀ ਰੁਕਵਾ ਕੇ ਘੰਟੀ ਮਾਰੀ ਤਾਂ ਡਾਕਟਰ ਕਹਿੰਦਾ, “ਹੁਣ ਤਾਂ ਤੁਸੀਂ ਘਰ ਹੀ ਆ ਗਏ ਓ੍ਹ ਕੇ।” ਬੁਤਾਲਾ ਤੇ ਕੰਮੋਕੇ ਦੋ ਪਿੰਡ ਹਨ; ਇਨ੍ਹਾਂ ਦੀ ਕਰੰਘੜੀ ਪਈ ਹੋਈ ਏ। ਨਵੇਂ ਬੰਦੇ ਨੂੰ ਪਤਾ ਨਹੀਂ ਲਗਦਾ ਕੰਮੋਕੇ ਕਿੱਥੋਂ ਸ਼ੁਰੂ ਹੁੰਦਾ ਤੇ ਬੁਤਾਲਾ ਕਿੱਥੇ ਮੁੱਕਦਾ। ਇਹਨੇ ਮੈਨੂੰ ਸਮਝਾ ਦਿੱਤਾ ਸੀ ਕਿ ਬੱਸ ਅੱਡੇ ਤੋਂ ਅਗਲੀ ਗਲੀ ‘ਚ ਆਟੇ ਵਾਲੀ ਚੱਕੀ ਆਏਗੀ, ਉਨ੍ਹਾਂ ਨੂੰ ਡਾ. ਸ਼ਿੰਦੇ ਦਾ ਘਰ ਪੁੱਛ ਲੈਣਾ। ਪੁੱਛਿਆ ਤਾਂ ਚੱਕੀ ਵਾਲੇ ਨੇ ਸਮਝਾ ਦਿੱਤਾ ਕਿ ਐਸ ਪਾਰਕ ਦੇ ਨਾਲ ਨਾਲ ਮੁੜ ਕੇ ਸੌ ਕੁ ਕਦਮਾਂ ‘ਤੇ ਖੱਬੇ ਹੱਥ ਵੱਡਾ ਸਾਰਾ ਪਿੱਪਲ ਦਿਸੂਗਾ। ਬੱਸ, ਸਾਹਮਣੇ ਡਾਕਟਰ ਦਾ ਘਰ ਹੈ।
ਸਾਡੇ ਪਹੁੰਚਣ ਤੋਂ ਪਹਿਲਾਂ ਹੀ ਸ਼ਿੰਦਾ ਬਾਹਰ ਟਹਿਲ ਰਿਹਾ ਸੀ। ਕਾਰ ਦੇਖ ਕੇ ਦੋਵੇਂ ਹੱਥ ਖੜੇ ਕੀਤੇ। ਕਾਰ ‘ਚੋਂ ਨਿਕਲਿਆ ਤਾਂ ਘੁੱਟ ਕੇ ਜੱਫੀ ਪਾਈ। ਇਉਂ ਲੱਗਾ, ਕਿਸੇ ਪੁਰਾਣੇ ਵਿਛੜੇ ਸੱਜਣ ਨੂੰ ਮੁੜ ਮਿਲਿਆ ਹੋਵਾਂ। ਏਨਾ ਖੁਸ਼ ਤਬੀਅਤ ਬੰਦਾ ਮੈਂ ਬੜੀ ਦੇਰ ਬਾਅਦ ਦੇਖਿਆ ਸੀ, ਮਨ ਦਾ ਸਾਫ। ਖੁੱਲ੍ਹਾ, ਉਚਾ ਹਾਸਾ, ਇਹਦੇ ਹੋਣੇ ਦਾ ਹਿੱਸਾ ਸੀ। ਸ਼ਿੰਦੇ ਨਾਲ ਇਹ ਪਹਿਲਾ ਮੇਲ ਸੀ। ਬਦਕਿਸਮਤੀ ਨਾਲ ਆਖਰੀ ਵੀ ਹੋ ਗਿਆ। ਗੱਲਾਂ ਹੋਈਆਂ। ਸ਼ਿੰਦਾ ਠਰੰ੍ਹਮੇ ਨਾਲ ਗੱਲ ਸ਼ੁਰੂ ਕਰਦਾ ਹੱਸਦਾ-ਮੁਸਕਰਾਉਂਦਾ ਨਿਬੇੜ ਦਿੰਦਾ-ਇਹ ਉਸ ਦਾ ਤਰੀਕਾ ਹੈ/ਸੀ। ਫਿਰ ਦਲਬੀਰ ਕੋਈ ਸਲੀਕੇ ਨਾਲ ਗੱਲ ਤੋਰਦੀ, ਤੇ ਖੁਸ਼ ਹੋ ਕੇ ਨਪੇਟਦੀ। ਫਿਰ ਦੋਵੇਂ ਅਗਲੇ ਦੀ ਕਹੀ ਸੁਣਨ ਲਈ ਸਲੀਕੇ ਨਾਲ ਧਿਆਨ ਲਾ ਲੈਂਦੇ। ਵਿਚ ਵਿਚ ਕਾਰ ਚਲਾਉਣ ਵਾਲਾ ਵੀ ਆਪਣਾ ਟੋਣਾ ਲਾ ਲੈਂਦਾ। ਏਨੇ ਕੁ ਸਮੇਂ ‘ਚ ਜਿੰਨੀਆਂ ਗੱਲਾਂ ਹੋ ਸਕਦੀਆਂ, ਓਦੂੰ ਕਿਤੇ ਵੱਧ ਹੋ ਗਈਆਂ।
ਬਾਬੇ ਬੱਲ ਦੇ ਸਭ ਜਾਣਨ ਵਾਲਿਆਂ ਨੂੰ ਬੀਬੀ ਦਲਬੀਰ ਜਾਣਦੀ ਹੈ, ਪਰ ਮੈਂ ਤਾਂ ਆਪ ਅਜੇ ਬਾਬੇ ਨਾਲ ਮਿਲਣਾ ਹੈ। ਪਿਆਰ, ਮਿਠਾਸ ਤੇ ਹਲੀਮੀ ‘ਚ ਸ਼ਿੰਦਾ ਤੇ ਬੀਬੀ ਦਲਬੀਰ ਆਸ ਤੋਂ ਉਪਰ ਨਿਕਲ ਗਏ। ਤਿੰਨ-ਚਾਰ ਘੰਟੇ ਅੱਖ ਦੇ ਫੋਰ ‘ਚ ਨਿਕਲ ਗਏ। ਸ਼ਿੰਦਾ ਗੱਲ ਕਰਕੇ ਖੁਸ਼ ਹੁੰਦਾ। ਮੇਰੀ ਕਹੀ ਸੁਣਦਾ, ਆਪਣੀ ਸੁਣਾਉਂਦਾ। ਵਿਚ ਵਿਚ ਦਲਬੀਰ ਵੀ ਦਸਦੀ ਕਿ ਇਹਦਾ ਕਿਤਾਬਾਂ ਨਾਲ ਮੋਹ ਬਾਬੇ ਬੱਲ ਦੀ ਬਦੌਲਤ ਪਿਆ। ਉਪਰ ਚੁਬਾਰੇ ‘ਚ ਬਾਬੇ ਦਾ ਗਿਆਨ ਖਜਾਨਾ ਹੈ। ਜੰਮਣ ਭੋਂਇ ਹੈ-ਬਾਬੇ ਦੇ ਮਨ ‘ਚੋਂ ਕੰਮੋਕੇ ਨਿਕਲਿਆ ਨਹੀਂ ਹੈ। ਏਨਾ ਘੁਲ ਮਿਲ ਗਏ ਕਿ ਮਨ ਉਠਣ ਨੂੰ ਨਾ ਕਰੇ, ਪਰ ਮੈਂ ਅੱਗੇ ਪਹੁੰਚਣਾ ਸੀ ਤੇ ਡਰਾਈਵਰ ਨੇ ਮੈਨੂੰ ਛੱਡ ਕੇ ਅੰਮ੍ਰਿਤਸਰ ਮੁੜਨਾ ਸੀ। ਮੈਂ ਕੰਮੋਕੇ ਤੋਂ ਅਨੰਦ ਭਰਪੂਰ ਹੋ ਕੇ ਜਲੰਧਰ ਨੂੰ ਤੁਰਿਆ। ਖੁਮਾਰ ਹੋਏ ਦਾ ਸਫਰ ਝੱਟ ਮੁੱਕ ਗਿਆ। ਮੈਂ ਧਾਰ ਲਿਆ, ਆਉਂਦਾ ਹੋਇਆ ਫਿਰ ਸ਼ਿੰਦੇ ਡਾਕਟਰ ਤੇ ਬੀਬੀ ਦਲਬੀਰ ਕੋਲ ਰੁਕੂੰਗਾ; ਪਰ ਉਲਝਾ ਬਹੁਤ ਵਧ ਗਿਆ ਤੇ ਮੇਰੇ ਵੱਸੋਂ ਬਾਹਰ ਦੀ ਹੋ ਗਈ। ਰੱਈਏ ਕੋਲ ਦੀ ਨਿਕਲਿਆ ਤਾਂ ਮੇਰੇ ਮਨ ‘ਚ ਕੁਝ ਹੋਇਆ। ਪਰ ਸਿੱਧਾ ਅੰਮ੍ਰਿਤਸਰ ਆਇਆ ਤੇ ਸਮਾਨ ਚੁੱਕ ਕੇ ਏਅਰਪੋਟ ਨੂੰ ਹੋ ਗਿਆ। ਜਹਾਜ ਫੜਿਆ ਤੇ ਘਰ ਆ ਗਿਆ।
ਡਾ. ਸ਼ਿੰਦਾ ਤੇ ਦਲਬੀਰ ਦਾ ਜੋੜ ਹੋਇਆ। ਬੁਟਾਰੀ ਤੇ ਕੰਮੋਕੇ ਘੁਲ ਮਿਲ ਗਏ। ਬਹੁਤ ਵਧੀਆ ਮੇਲ ਰਿਹਾ। ਇਹਦੀ ਦਲਬੀਰ ਦੇ ਭਾਈਆਂ ਭਤੀਜਿਆਂ ਨਾਲ ਵੀ ਖੁੱਭ ਕੇ ਨਿਭੀ। ਖਾਣ ਪੀਣ ਦੀਆਂ ਸ਼ੌਕੀਨ ਮਝੈਲ ਰੂਹਾਂ ਨਿਹਾਲ ਰਹਿੰਦੀਆਂ। ਡਾ. ਸ਼ਿੰਦੇ ਨਾਲ ਟੈਲੀਫੋਨ ‘ਤੇ ਗੱਲ ਹੁੰਦੀ ਤਾਂ ਸਿਆਸਤ ਤੋਂ ਲੈ ਕੇ ਕ੍ਰਿਕਟ ਤੇ ਹੋਰ ਜੱਗ-ਜਹਾਨ ਦੀਆਂ ਗੱਲਾਂ ਹੁੰਦੀਆਂ। ਪਿੱਛੇ ਜਿਹੇ ਗੱਲਾਂ ਗੱਲਾਂ ‘ਚ ਪਤਾ ਲੱਗਾ ਸੀ ਕਿ ਬੱਲ ਭਾਈ ਮੇਰੇ ਪਿੰਡ ਦੇ ਜ਼ੈਲਦਾਰਾਂ ਦੇ ਪੁੱਤ ਕੁਲਤਾਰ ਮਾਨ ਦੇ ਵਿਚੋਲੇ ਵੀ ਸਨ। ਉਸ ਦੀਆਂ ਗੱਲਾਂ ਕਰਕੇ ਖੁਸ਼ ਹੋਇਆ। ਏਸ ਬਹਾਨੇ ਪ੍ਰੋ. ਦਿਲਬਾਗ ਸਿੰਘ ਗਿੱਲ (ਨਕੋਦਰ) ਦੀਆਂ ਗੱਲਾਂ ਵੀ ਹੋਈਆਂ। ਲੌਕਡਾਊਨ ‘ਚ ਮੈਂ ਸੱਜਣਾਂ ਬੇਲੀਆਂ ਨੂੰ ਫੋਨ ਕਰਕੇ ਰਾਜ਼ੀ ਬਾਜ਼ੀ ਦੀ ਖਬਰ ਲੈਂਦਾ ਰਹਿੰਦਾ ਹਾਂ। ਮੈਂ ਅੱਜ ਭਲਕ ਸ਼ਿੰਦੇ ਨੂੰ ਫੋਨ ਕਰਨਾ ਸੀ, ਲੰਮੀਆਂ ਗੱਲਾਂ ਕਰਨੀਆਂ ਸਨ।
ਸੱਜਣਾਂ ਬੇਲੀਆਂ ਦਾ ਦਾਇਰਾ ਦੋਹਾਂ ਬੱਲਾਂ ਦਾ ਸਾਝਾਂ ਵੀ ਹੈ ਤੇ ਸ਼ਿੰਦੇ ਦਾ ਆਪਣਾ ਵੀ ਹੈ। ਜਦੋਂ ਖਾਲਿਸਤਾਨੀ ਲਹਿਰ ਉਠੀ ਤਾਂ ਇਹ ਮਹਿਤੇ ਦੇ ਲਾਗੇ ਹੀ ਨੌਕਰੀ ਕਰਦਾ ਸੀ। ਇਲਾਕੇ ਦੀਆਂ ਸਰਗਰਮੀਆਂ ਤੇ ਚੰਗੀ-ਮੰਦੀ ਤੋਂ ਜਾਣੂੰ ਸੀ। ਜਦੋਂ ਜਣਾ ਖਣਾ ਮਝੈਲ ਭਿੰਡਰਾਂਵਾਲੇ ‘ਤੇ ਫਿਦਾ ਹੋਇਆ ਫਿਰਦਾ ਸੀ, ਇਹ ਚੌਕਸ ਰਿਹਾ। ਆਲੇ ਦੁਆਲੇ ਹੋ ਰਹੀਆਂ ਵਾਰਦਾਤਾਂ ਦੀ ਜਾਣਕਾਰੀ ਦਾ ਅਸਰ ਸੀ। ਬਾਬੇ ਬੱਲ ਕੋਲ ਨਕਸਲੀਆਂ ਅਤੇ ਖਾਲਿਸਤਾਨੀਆਂ ਦੀਆਂ ਚੰਗੀਆਂ-ਮਾੜੀਆਂ ਦਾ ਘਣਾ ਕੱਚਾ ਚਿੱਠਾ ਹੈ। ਸ਼ਿੰਦੇ ਕੋਲ ਵੀ ਪੂਰੇ ਮਾਝੇ ਏਰੀਏ ਦੀ ਵਾਹਵਾ ਜਾਣਕਾਰੀ ਸੀ। ਉਸ ਦਿਨ ਗੱਲਾਂਬਾਤਾਂ ਦੌਰਾਨ ਬੀਬੀ ਦਲਬੀਰ ਨੇ ਦੱਸਿਆ ਕਿ ਉਹ ਆਪਣੇ ਪੇਕੇ ਪਿੰਡ ਗਈ ਹੋਈ ਸੀ ਤਾਂ ਬਾਹਰੋਂ ਕਿਸੇ ਬੂਹਾ ਖੜਕਾਇਆ। ਬੀਬੀ ਨੇ ਬੂਹਾ ਖੋਲ੍ਹਿਆ। ਬੂਹੇ ‘ਤੇ ਖਲੋਤਾ ਬੰਦਾ ਆਂਹਦਾ, “ਚਾਚੀ ਜੀ ਤੁਸੀ ਕਿੱਥੇ?” ਦਲਬੀਰ ਨੇ ਜੁਆਬ ਦਿੱਤਾ, “ਮੇਰਾ ਤਾਂ ਪੇਕਾ ਘਰ ਹੈ, ਪਰ ਤੂੰ ਕਿਵੇਂ ਆਇਆ?”
ਖਾਲਿਸਤਾਨੀ ਲਹਿਰ ਵਿਚ ਸਰਗਰਮ ਰਿਹਾ ਭਿੰਡਰਾਂਵਾਲਾ ਟਾਈਗਰ ਫੋਰਸ ਦਾ ‘ਲੈਫਟੀਨੈਂਟ ਜਨਰਲ’ ਭੁਪਿੰਦਰ ਸਿੰਘ ਭਿੰਦਾ ਪਿੰਡ ਵਿਚ ਉਨ੍ਹਾਂ ਦੇ ਸਭ ਤੋਂ ਨੇੜੂ ਪਰਿਵਾਰ ‘ਚੋਂ ਸੀ। ਦਲਬੀਰ ਦੇ ਪੇਕੇ ਪਿੰਡ, ਬੁਟਾਰੀ ਉਨ੍ਹਾਂ ਦੀ ਬਹਿਕ ‘ਤੇ ਪੈਂਟੇ ਦਾ ਪੈੜਾ ਉਸ ਨੇ ਹੀ ਪਵਾਇਆ ਸੀ| ਪੈਂਟੇ ਨੇ ਬਹਿਕ ਤੇ ਆਪਣੇ ਹਥਿਆਰਾਂ ਲਈ ਇੱਕ ਨਹੀਂ, ਸਗੋਂ ਦੋ ਬੰਕਰ ਬਣਾ ਲਏ ਸਨ ਤੇ ਪੂਰਾ ਸਾਲ ਉਨ੍ਹਾਂ ਦੇ ਪਰਿਵਾਰ ਦੀ ਜਾਨ ਸੂਲੀ ‘ਤੇ ਟੰਗੀ ਰਹੀ ਸੀ| ਪੈਂਟੇ ਦੀ ਕਿਸੇ ਹੋਰ ਚੰਗੀ-ਮਾੜੀ ਦਾ ਤਾਂ ਉਸ ਨੂੰ ਯਾਦ ਨਹੀਂ ਸੀ, ਪਰ ਪਤੀ-ਪਤਨੀ ਦੋਹਾਂ ਨੂੰ ਵੱਡੇ ਬੱਲ ਦੇ ਮਿੱਤਰ ਮਾਸਟਰ ਚਰਨ ਬਾਰੇ ਅਹਿਮ ਗੱਲਾਂ ਯਾਦ ਸਨ: ਉਨ੍ਹਾਂ ਡਾਢੇ ਦਿਨਾਂ ਦੌਰਾਨ, ਇਸ ਭਲੇ ਪੁਰਸ਼ ਤੇ ਪੈਂਟੇ ਨੇ ਕਾਮਰੇਡ ਹੋਣ ਦਾ ਦੋਸ਼ ਲਾਇਆ; ਮਗਰੋਂ ਉਸ ਨੂੰ ਜਿਉਂਦੇ ਨੂੰ ਅੱਗ ਲਾ ਦਿੱਤੀ ਸੀ| ਸੜਦੇ ਮਾਸਟਰ ਦੀ ਪਤਨੀ ਕੋਲ ਖੜ੍ਹੀ ਉਚੀ ਉਚੀ ਜਪੁਜੀ ਸਾਹਿਬ ਦਾ ਪਾਠ ਕਰਦੀ ਰਹਿ ਗਈ, ਪਰ ਕਿਸੇ ਦੀ ਪੈਂਟੇ ਕੋਲੋਂ ਕੁਝ ਵੀ ਪੁੱਛਣ ਦੀ ਹਿੰਮਤ ਨਹੀਂ ਸੀ ਪਈ| ਬੁਟਾਰੀ ਵਾਲੇ ਘਰ ਵਿਚ ਪਿੱਛੋਂ ਕਈ ਦਿਨ ਸੋਗ ਦਾ ਮਾਹੌਲ ਰਿਹਾ।
ਇਸ ਦੇ ਉਲਟ ਨਕਸਲੀ ਦੌਰ ਖਾਸ ਕਰ ਬਲਦੇਵ ਅਤੇ ਗੋਬਿੰਦਰ ਬਾਰੇ ਸ਼ਿੰਦਾ ਉਸ ਦਿਨ ਵੀ ਪੂਰੇ ਚਾਅ ਅਤੇ ਉਤਸ਼ਾਹ ਨਾਲ ਗੱਲ ਕਰ ਰਿਹਾ ਸੀ| ਗੱਲਬਾਤ ਦੌਰਾਨ ਉਸ ਨੇ ਗੋਬਿੰਦਰ (ਸਿੱਖ ਚਿੰਤਕ ਅਜਮੇਰ ਸਿੰਘ) ਦੀਆਂ ਖਾਲਿਸਤਾਨੀ ਲਹਿਰ ਬਾਰੇ ਦੋ-ਤਿੰਨ ਕਿਤਾਬਾਂ ਵੀ ਦਿਖਾਈਆਂ ਤੇ ਤੋਹਫੇ ਵਜੋਂ ਇੰਗਲੈਂਡ ਨਾਲ ਲਿਜਾਣ ਦੀ ਪੇਸ਼ਕਸ਼ ਵੀ ਕੀਤੀ| ਉਸ ਨੇ ਪੰਜਾਬੀ ਦੀ ਕਿਸੇ ਵੀ ਚਰਚਿਤ ਕਿਤਾਬ ਦੇ ਛਪਦਿਆਂ ਹੀ ਘਰੇ ਖਰੀਦ ਲਿਜਾਣ ਅਤੇ ਫਿਰ ਉਸ ਨੂੰ ਧੱਕ ਧੱਕ ਕੇ ਪੜ੍ਹਾਉਣ ਦੀ ਵੱਡੇ ਬੱਲ ਦੀ ਆਦਤ ਬਾਰੇ ਵੀ ਦੱਸਿਆ| ਬੱਲ ਦੇ ਵਾਰ ਵਾਰ ਜ਼ੋਰ ਦੇਣ ਤੇ ਸ਼ਿੰਦੇ ਨੇ ’20ਵੀਂ ਸਦੀ ਦੀ ਰਾਜਨੀਤੀ’ ਵਾਲੀ ਕਿਤਾਬ ਦੋ-ਚਾਰ ਵਾਰ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਕਿਤਾਬ ਉਸ ਕੋਲੋਂ ਤੁਰੀ ਨਾ| ਫਿਰ ਬੱਲ ਨੇ ਇਕ ਦਿਨ ਸਵੇਰੇ ਚਾਹ ਪੀਂਦਿਆਂ ਪੀਂਦਿਆਂ ਉਸ ਨੂੰ 78 ਦੀ ਵਿਸਾਖੀ ਦਿਹਾੜੇ ਵਾਲੀ ਨਿਰੰਕਾਰੀ ਝੜਪ ਵਾਲਾ ਕਾਂਡ ਪੜ੍ਹਨ ਲਈ ਕਿਤਾਬ ਖੋਲ੍ਹ ਕੇ ਫੜਾ ਦਿੱਤੀ| ਇਸ ਘਟਨਾ ਦੀ ਬੀਬੀ ਦਲਬੀਰ ਨੇ ਵੀ ਸ਼ਾਹਦੀ ਭਰੀ ਕਿ ਦੋ ਚਾਰ ਸਫੇ ਪੜ੍ਹ ਕੇ ਸ਼ਿੰਦੇ ਦੀ ਕਿਤਾਬ ਵਿਚ ਦਿਲਚਸਪੀ ਜਾਗ ਹੀ ਪਈ| ਉਹ ਕੰਮ ‘ਤੇ ਜਾਂਦਾ ਕਿਤਾਬ ਆਪਣੇ ਨਾਲ ਲੈ ਗਿਆ| ਸ਼ਾਮ ਨੂੰ ਘਰੇ ਵੜਿਆ ਤਾਂ ਹੱਸੀ ਜਾ ਰਿਹਾ ਸੀ| ਉਸ ਨੇ ਕੀ ਕਿਹਾ ਸੀ, ਇਹ ਮੈਨੂੰ ਅੱਜ ਐਨ ਉਸ ਦੇ ਆਪਣੇ ਲਫਜ਼ਾਂ ਵਿਚ ਤਾਂ ਯਾਦ ਨਹੀਂ, ਪਰ ਕੁਝ ਪ੍ਰਭਾਵ ਇਸ ਤਰ੍ਹਾਂ ਕਿ ‘ਇਕਪਾਸੜ ਕਥਾਕਾਰੀ ਦੀ ਅਜਮੇਰ ਨੇ ਤਹਿ ਲਾਈ ਹੋਈ ਸੀ|’
ਆਪਣੇ ਮੋਬਾਈਲ ਫੋਨ ‘ਤੇ ਉਸ ਨੇ ਅਜਮੇਰ ਦੇ ਸਿੱਖ ਗੁਰੂ ਸਾਹਿਬਾਨ ਦੇ ਦੈਵੀ ਸੰਦੇਸ਼ ਬਾਰੇ ਬੜੇ ਗਹੁ ਨਾਲ ਕਈ ਲੈਕਚਰ ਸੁਣੇ ਹੋਏ ਸਨ| ਸ਼ਿੰਦਾ ਅਜਮੇਰ ਬਾਰੇ ਬੜੇ ਮੋਹ ਨਾਲ ਗੱਲ ਕਰਦਿਆਂ ਦੱਸ ਰਿਹਾ ਸੀ ਕਿ ਉਸ ਨੇ ਦੇਰ ਪਹਿਲਾਂ ਜਸਵੰਤ ਸਿੰਘ ਕੰਵਲ ਦਾ ‘ਪਾਲੀ’ ਨਾਵਲ ਇਕ ਵਾਰੀਂ ਨਹੀਂ, ਸਗੋਂ ਦੋ-ਤਿੰਨ ਵਾਰ ਪੜ੍ਹਿਆ ਹੋਇਆ ਸੀ| ਉਸ ਨੂੰ ਅਜਮੇਰ ਦੀ ਅਜੋਕੀ ਕਥਾਕਾਰੀ ਵਿਚੋਂ ਪਾਲੀ ਦਾ ‘ਵੇਦਾਂਤੀ’ ਚੇਤੇ ਆਈ ਜਾਂਦਾ ਸੀ| ਪੁੱਠੀਆਂ ਛਾਲਾਂ ਲਾਉਂਦਾ ‘ਸਾਥੀ’ ਗੋਬਿੰਦਰ ਕਿੱਥੋਂ ਤੁਰਕੇ ਕਿੱਥੇ ਪਹੁੰਚ ਗਿਆ ਸੀ| ਗੱਲਾਂ ਸ਼ਿੰਦੇ ਨਾਲ ਪਾਸ਼ ਦੀਆਂ ਅਤੇ ਸੰਤ ਰਾਮ ਉਦਾਸੀ ਦੀਆਂ ਵੀ ਉਸ ਦਿਨ ਖੁੱਲ੍ਹ ਕੇ ਹੋਈਆਂ|
ਅੱਜ ਕਲ ਸ਼ਿੰਦੇ ਦੇ ਦੋ-ਤਿੰਨ ਵੱਡੇ ਸ਼ੌਕ ਸੀ: ਰਵੀਸ਼ ਕੁਮਾਰ ਨੂੰ ਨਿੱਠ ਕੇ ਦੇਖਣਾ-ਸੁਣਨਾ; ਉਹ ਰਵੀਸ਼ ਦਾ ਬਹੁਤ ਵੱਡਾ ਫੈਨ ਸੀ। ਮੋਦੀ ਦੀਆਂ ਨੀਤੀਆਂ ਤੇ ਕੀਤੀਆਂ ਕਰਾਈਆਂ ਦੀ ਚੀਰ ਫਾੜ ਕਰਕੇ, ਉਨ੍ਹਾਂ ਨੂੰ ਨੰਗਾ ਕਰਨਾ ਅਤੇ ਅੱਜ ਕਲ ਅਜਮੇਰ ਦੀਆਂ ਵੀਡੀਓ ਦੇਖ-ਸੁਣ ਕੇ ਵੀ ਹੱਸ ਲੈਂਦਾ ਸੀ। ਜਿਸ ਗੱਲ ਤੋਂ ਓਹ ਬਹੁਤਾ ਮੁਤਾਸਿਰ ਹੋਇਆ ਸੀ, ਇਹ ਮਹਾਭਾਰਤ ਸੀਰੀਅਲ ਸੀ। ਮਹਾਭਾਰਤ ਬਾਰੇ ਇਹਨੇ ਪਹਿਲਾਂ ਨਾਵਲੀ ਬਿਰਤਾਂਤ ਪੜ੍ਹਿਆ ਸੀ। ਸੀਰੀਅਲ ਬਣਿਆ ਤਾਂ ਸ਼ਿੰਦਾ ਇਹਦੇ ‘ਚ ਖੁੱਭ ਗਿਆ। ਇਹਦਾ ਅਸਰ ਇਹਦੇ ‘ਤੇ ਪੱਕਾ ਹੋ ਗਿਆ। ਪੰਜਾਬ ਦੀ ਅੰਦਰੂਨੀ ਵੰਡ ਭਾਈਚਾਰਿਆਂ, ਧਰਮਾਂ, ਜਾਤਾਂ ਤੇ ਵਿਚਾਰਧਾਰਵਾਂ ਦੇ ਆਸਰੇ ਹੋ ਗਈ ਹੈ। ਸ਼ਿੰਦਾ ਏਸ ਪਾਸਿਓਂ ਵੀ ਨਿਆਰਾ ਸੀ। ਰਾਧਾ ਸੁਆਮੀ ਡੇਰੇ ਦੇ ਨੇੜੇ ਹੋਣ ਕਰਕੇ ਇਹਦੇ ਨਾਲ ਨਿਭਣ ਵਾਲੇ ਬੇਲੀਆਂ ‘ਚ ਰਾਧਾ ਸੁਆਮੀਏ ਵੀ ਸਨ, ਨੂਰਮਹਿਲੀਏ ਵੀ ਤੇ ਸ਼ਾਇਦ ਹੋਰ ਅੱਡਰੇ ਵਿਚਾਰਾਂ ਵਾਲੇ ਵੀ। ਵਿਚਾਰਾਂ ਦਾ ਵਖਰੇਵਾਂ ਸੱਜਣਤਾਈ ‘ਚ ਰੱਟਾ ਨਾ ਬਣਨ ਦਿੰਦਾ।
ਬਾਬੇ ਬੱਲ ਦਾ ਫੋਨ ਆਇਆ; ਜਿਸ ਕੁ ਵੇਲੇ ਅਕਸਰ ਆਉਂਦਾ ਹੁੰਦਾ, ਓਦੂੰ ਰਤਾ ਕੁ ਲੇਟ ਸੀ। ਫੋਨ ‘ਤੇ ਗੱਲਾਂ ਹੋਈਆਂ, ਪਰ ਬਿਲਕੁਲ ਓਪਰੀਆਂ ਜਿਹੀਆਂ। ਮੈਨੂੰ ‘ਸਭ ਅੱਛਾ’ ਨਾ ਲੱਗਾ। ਬੱਲ ਸਾਹਿਬ ਦੀਆਂ ਗੱਲਾਂ ਦਾ ਹੁਣ ਮੈਨੂੰ ਪਤਾ ਲੱਗ ਗਿਆ ਹੈ, ਪਰ ਅੱਜ ਕੋਈ ਫੋਕਸ ਨਹੀਂ ਸੀ। ਗੱਲ ਲਮਕ ਰਹੀ ਸੀ, ਕੋਈ ਸੁਰ ਲੈਅ ਜੁੜ ਨਹੀਂ ਰਹੀ ਸੀ। ਉਸ ਦਿਨ ਬਾਬੇ ਨੇ ਪਹਿਲਾਂ ਵੀ ਫੋਨ ਕੀਤਾ ਸੀ; ਮੈਂ ਰਿਸੀਵ ਨਹੀਂ ਕਰ ਸਕਿਆ ਸਾਂ। ਮੈਂ ਕਿਆਸ ਅਰਾਈਂਆਂ ਹੀ ਲਾ ਰਿਹਾ ਸਾਂ ਕਿ ਅਗਲੇ ਪਲ ਬੱਲ ਸਾਹਿਬ ਨੇ ਮੇਰੇ ਸਿਰ ‘ਚ ਵਦਾਣ ਜਿਹੀ ਕੋਈ ਸ਼ੈਅ ਮਾਰੀ, “ਸ਼ਿੰਦਾ ਸਿਓਂ ਚਲ ਵਸਿਆ।” ਨਿੱਕਾ ਭਾਈ ਸੀ। ਦੋਹਾਂ ਭਾਈਆਂ ਨੇ ਕਈ ਸਲਾਹਾਂ ਬਣਾਈਆਂ ਹੋਈਆਂ ਸਨ।
ਦੁੱਖ ‘ਚ ਬਾਬਾ ਬੱਲ ਆਪਣੇ ਤਕੀਏ ਕਲਾਮ ਵਾਲੀਆਂ ਗੱਲਾਂ ਵੀ ਕਹੀ ਗਿਆ। ਅੱਜ ਕਲ ਚਾਰ ਚੁਫੇਰੇ ਅਨਿਸ਼ਚਿਤਤਾ ਦਾ ਆਲਮ ਹੈ। ਬੰਦੇ ਦੇ ਸਾਹਾਂ ਦੀ ਸੀਮਤਾਈ ਪ੍ਰਤੱਖ ਹੋ ਗਈ ਹੈ। ਬੰਦੇ ਦਾ ਅਗਲੇ ਪਲ ਨਾ ਹੋਣ ਦਾ ਸੱਚ ਸਾਹਮਣੇ ਦਿਸਦਾ ਹੈ। ਸਮਾਂ ਐਸਾ ਹੈ ਕਿ ਕੁਲ ਦੁਨੀਆਂ ‘ਚ ਮੌਤਾਂ ਦੀਆਂ ਖਬਰਾਂ ਦਾ ਜਮਘਟਾ ਹੈ; ਤਾਂ ਵੀ ਮੈਂ ਇਹ ਸੁਣਨ ਲਈ ਕਦਾਚਿੱਤ ਤਿਆਰ ਨਹੀਂ ਸੀ। ਮੋਹਰਿਓਂ ਮੈਨੂੰ ਕੋਈ ਗੱਲ ਨਾ ਅਹੁੜੀ। ਮੈਂ ਪੈਰੋਂ ਉੱਖੜ ਗਿਆ। ਬੱਸ ਐਵੇਂ ਹੂੰਅ-ਹਾਂਅ, ਹੂੰਅ-ਹਾਂਅ ਹੀ ਕਰਦਾ ਰਿਹਾ। ਗੱਲਾਂ ਕਰਦੇ ਕਰਦੇ ਨੇ ਮੈਂ ਆਪਣੇ ਸਿਰ ‘ਚ ਠੋਲਾ ਮਾਰਿਆ ਤਾਂ ਜੋ ਇਹ ਪੱਕਾ ਹੋ ਜਾਏ ਕਿ ਮੈਂ ਜਾਗਦਾ ਹਾਂ, ਸੁੱਤਾ ਤਾਂ ਨਹੀਂ। ਕਿਤੇ ਮੈਨੂੰ ਕੋਈ ਭੈੜਾ ਸੁਪਨਾ ਤਾਂ ਨਹੀਂ ਆ ਰਿਹਾ। ਮੇਰਾ ਧਿਆਨ ਜੁੜ ਨਹੀਂ ਸੀ ਰਿਹਾ ਤੇ ਅਖੀਰ ਮੈਂ ਬਾਬੇ ਬੱਲ ਤੋਂ ਮੁਆਫੀ ਮੰਗ ਲਈ ਕਿ ਮੈਂ ਕੱਲ ਨੂੰ ਫੋਨ ਕਰੂੰਗਾ। ਏਦੂੰ ਬਾਅਦ ਮੈਂ ਚੁੱਪ ਹੋ ਗਿਆ ਤੇ ਮਨ ‘ਚ ਕਈ ਤਰ੍ਹਾਂ ਦੀਆਂ ਕਿਆਸ ਅਰਾਈਂਆਂ ਆਈਆਂ। ਭਵਿੱਖ ਬਾਰੇ, ਕੰਮੋਕੇ ਬਾਰੇ। ਪਿੰਡੀਂ ਥਾਂਈਂ ਬਾਹਰਲੇ ਬਹੁਤੇ ਕੰਮ ਆਦਮੀ ਸਾਂਭਦੇ ਹਨ। ਖੇਤੀਬਾੜੀ, ਪੈਲੀ ਦਾ ਠੇਕਾ, ਖਰੀਦੋ ਫਰੋਖਤ, ਪੈਸੇ ਧੇਲੇ ਦਾ ਲੈਣ ਦੇਣ।
ਸਵੇਰੇ ਉੱਠ ਕੇ ਬੀਬੀ ਦਲਬੀਰ ਨੂੰ ਫੋਨ ਕੀਤਾ। ਕਿਸੇ ਹੋਰ ਕੁੜੀ ਨੇ ਚੁੱਕਿਆ। ਮੈਂ ਬੀਬੀ ਜੀ ਨਾਲ ਅਫਸੋਸ ਕੀਤਾ ਤੇ ਇਸ ਬੁਰੀ ਖਬਰ ਦੇ ਪਿਛੋਕੜ ਦਾ ਪਤਾ ਲਿਆ। ਬੀਬੀ ਨੇ ਕਿਹਾ, ਦੋ ਤਿੰਨ ਕੁ ਦਿਨ ਪਹਿਲਾਂ ਛਾਤੀ ‘ਚ ਦਰਦ ਹੋਇਆ ਸੀ। ਜਦੋਂ ਹਸਪਤਾਲ ਲੈ ਕੇ ਗਏ ਸੀਰੀਅਸ ਸੀ, ਫਿਰ ਠੀਕ ਹੋ ਗਏ। ਬਚਾਅ ਦੀ ਆਸ ਬੱਝ ਗਈ ਸੀ ਤੇ ਫਿਰ ਇਕ ਦਮ ਸਿਹਤ ਖਰਾਬ ਹੋ ਗਈ ਤੇ ਭਾਣਾ ਵਰਤ ਗਿਆ। ਇਹ ਗੱਲਾਂ ਮੈਨੂੰ ਬਾਬੇ ਬੱਲ ਨੇ ਵਿਸਥਾਰ ਨਾਲ ਦੱਸੀਆਂ ਸਨ। ਛਾਤੀ ‘ਚ ਦਰਦ ਹੋਈ ਤਾਂ ਡਾ. ਸ਼ਿੰਦੇ ਨੇ ਫੋਨ ‘ਤੇ ਸੱਜਣ ਡਾਕਟਰਾਂ ਦੀ ਸਲਾਹ ਲਈ। ਹਸਪਤਾਲ ਨਾ ਗਿਆ। ਜਦ ਗਿਆ ਤਾਂ ਰਤਾ ਕੁ ਲੇਟ ਹੋ ਗਿਆ ਸੀ। ਤਦ ਵੀ ਆਸ ਬੱਝ ਗਈ। ਬਲੱਡ ਪ੍ਰੈਸ਼ਰ ਸਹੀ ਹੋਣ ਲੱਗ ਪਿਆ ਸੀ। ਫਿਰ ਇਕ ਦਮ ਸਿਹਤ ਵਿਗੜ ਗਈ। ਦਲਬੀਰ ਨਾਲ ਨਿਰਾ ਧੱਕਾ ਹੋ ਗਿਆ ਸੀ।
ਗੁਰਦਿਆਲ ਬੱਲ ਆਪ ਟੋਰਾਂਟੋ ਵਸਦਾ ਹੈ। ਕੁਲ ਪਰਿਵਾਰ ਵੀ ਉਥੇ ਹੈ। ਬਾਬੇ ਨਾਲ ਮਹੀਨੇ ‘ਚ ਇਕ ਦੋ ਵਾਰ ਗੱਲ ਹੋ ਜਾਂਦੀ ਹੈ। ਬਾਬਾ ਮਨ ‘ਚ ਪੱਕਾ ਪਿੱਛੇ ਮੁੜਨ ਦੀ ਧਾਰੀ ਬੈਠਾ ਹੈ। ਪਿੰਡ ਵੀ ਤੇ ਪਟਿਆਲੇ ਵੀ, ਕਿਤਾਬਾਂ ਦਾ ਖਜਾਨਾ ਜਮ੍ਹਾਂ ਕੀਤੀ ਬੈਠਾ ਹੈ। ਮਨ ‘ਚ ਸੀ ਕਿ ਜਾ ਕੇ ਕੰਮੋਕੇ ਰਹਿਣਾ ਹੈ। ਰਹਿੰਦੀ ਉਮਰ ਪੜ੍ਹਨ-ਲਿਖਣ ਦੇ ਲੇਖੇ ਲਾਉਣੀ ਹੈ। ਹੁਣ ਉਮਰ ਦਾ ਪੜਾਅ ਐਸਾ ਹੈ ਕਿ ਨਿੱਕੀਆਂ ਮੋਟੀਆਂ ਔਹਰਾਂ ਵੀ ਹਾਜ਼ਰ ਹੋ ਜਾਂਦੀਆਂ ਹਨ। ਘਰਾਂ ਦੇ ਹੋਰ ਰੁਝੇਵੇਂ, ਮੁਸ਼ਕਿਲਾਂ ਵੀ ਆ ਖਲੋਦੀਆਂ ਹਨ। ਦਲਬੀਰ ਦਾ ਪੇਕਾ ਪਰਿਵਾਰ ਵੱਡਾ ਹੈ, ਪਰ ਕਈ ਥਾਂਈਂ ਖਿਲਰਿਆ ਹੋਇਆ ਹੈ। ਚਾਅ ਨਾਲ ਬਣਾਇਆ ਵੱਡਾ ਘਰ ਹੈ, ਵਿਚ ਖਿੜ ਖਿੜ ਜਾਂਦੇ ਫੁੱਲ ਬੂਟੇ ਸੋਂਹਦੇ ਹਨ। ਬਾਗਬਾਨੀ ਦਾ ਸ਼ੌਕ ਦੋਹਾਂ ਜੀਆਂ ਦਾ ਸਾਂਝਾ ਸੀ। ਬਗੀਚਾ ਸੋਹਣਾ ਹੋਣਾ ਸੀ; ਬੱਸ, ਵਿਚੋਂ ਸ਼ਿੰਦਾ ਹੀ ਮਿਸ ਹੋ ਗਿਆ।