ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2806
“ਬਾਈ ਸਰਬਣ ਸਿਆਂ! ਜੇ ਗੁੱਸਾ ਨਾ ਕਰੇਂ ਤਾਂ ਇਕ ਗੱਲ ਕਰਨੀ ਸੀ ਤੇਰੇ ਨਾਲ,” ਤੇਜੇ ਨੇ ਆਪਣੇ ਵੱਡੇ ਭਰਾ ਤੋਂ ਆਗਿਆ ਮੰਗਦਿਆਂ ਪੁੱਛਿਆ।
“ਜਿੰਨੀਆਂ ਗੱਲਾਂ ਮਰਜ਼ੀ ਕਰ ਛੋਟੇ ਵੀਰ,” ਸਰਬਣ ਦੇ ਦੋ ਪੈਗ ਲੱਗ ਚੁੱਕੇ ਸਨ।
“ਬਾਈ! ਬੇਸ਼ੱਕ ਆਪਣਾ ਵੱਟ-ਬੰਨੇ ਦਾ ਰੌਲਾ ਚੱਲਦੈ, ਪਰ ਬਾਪੂ ਦੀ ਇੱਜ਼ਤ ਆਪਾਂ ਰਾਹਾਂ ‘ਤੇ ਨਹੀਂ ਰੁਲਣ ਦੇਣੀ,” ਤੇਜੇ ਨੇ ਥੋੜ੍ਹੇ ਸ਼ਬਦਾਂ ਵਿਚ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ।
“ਤੇਰਾ ਮਤਲਬ ਕੀ ਐ?” ਸਰਬਣ ਉਠ ਕੇ ਖੜ੍ਹਾ ਹੋ ਗਿਆ।
“ਆਪਣੀ ਚੰਨੋ ਜਗਰਾਵਾਂ ਦੇ ਮੁੰਡੇ ਨਾਲ ਕੱਲ੍ਹ ਫਿਲਮ ਦੇਖ ਕੇ ਨਿਕਲੀ ਸੀ ਤੇ ਉਸ ਨੂੰ ਚੋਰੀ ਚੋਰੀ ਮਿਲਦੀ ਐ। ਹੁਣ ਵੇਲਾ ਐ, ਉਸ ਨੂੰ ਸਾਂਭ ਲੈ; ਨਹੀਂ ਫਿਰ ਅੱਖਾਂ ਵਿਚ ਘਸੁੰਨ ਦੇ ਕੇ ਰੋਵੇਂਗਾ।” ਤੇਜੇ ਨੇ ਸਭ ਕੁਝ ਖੋਲ੍ਹ ਕੇ ਬਿਆਨ ਕਰ ਦਿੱਤਾ।
“ਤੇਰੀ ਐਨੀ ਮਜਾਲ? ਤੂੰ ਮੇਰੀ ਧੀ ਬਾਰੇ ਇੰਨਾ ਘਟੀਆ ਕਿਵੇਂ ਸੋਚ ਲਿਆ?” ਸਰਬਣ ਨੇ ਤੇਜੇ ਦਾ ਗਲਾਵਾਂ ਫੜਦਿਆਂ ਕਿਹਾ। ਤੇਜੇ ਨੇ ਝਟਕੇ ਨਾਲ ਗਲਾਵਾਂ ਛੁਡਾਇਆ, ਤੇ ਚੁੱਪ ਕਰ ਕੇ ਬਾਹਰ ਨਿਕਲ ਗਿਆ। ਰੌਲਾ ਸੁਣ ਕੇ ਸਰਬਣ ਦੀ ਪਤਨੀ ਆਉਂਦੀ ਹੋਈ ਬੋਲੀ, “ਇਹ ਕੀ ਆ ਕੇ ਲਾਂਬੂ ਲਾ ਗਿਆ ਪੁੱਤਾਂ ਮਰਨੀ ਦਾ।”
“ਆਪਣੀ ਚੰਨੋ ਬਾਰੇ ਅਵਾ-ਤਵਾ ਬੋਲ ਕੇ ਗਿਆ ਮੇਰਾ ਸਾਲਾ।” ਸਰਬਣ ਨੇ ਤੀਜਾ ਪੈਗ ਖਾਲੀ ਕਰਦਿਆਂ ਕਿਹਾ।
ਨਾਂ ਅਤੇ ਥਾਂ ਬਦਲ ਕੇ ਇਕ ਪਰਿਵਾਰ ਨਾਲ ਵਾਪਰੀ ਘਟਨਾ ਲਿਖਣ ਲੱਗਾ ਹਾਂ:
ਸਰਬਣ ਤੇ ਤੇਜਾ ਦੋ ਸਕੇ ਭਰਾ ਹਨ। ਜ਼ਮੀਨ ਗੁਜ਼ਾਰੇ ਜੋਗੀ। ਮੱਝਾਂ ਦਾ ਦੁੱਧ ਪਾ ਕੇ ਤੋਰੀ-ਫੁਲਕਾ ਚਲਾਈ ਜਾਂਦੇ ਸਨ। ਮਾਂ ਤੇ ਪਿਉ ਦੋਵਾਂ ਨੂੰ ਵਿਆਹ ਕੇ ਸੁਰਖਰੂ ਹੋ ਸੰਸਾਰਕ ਯਾਤਰਾ ਪੂਰੀ ਕਰ ਚੁੱਕੇ ਸਨ। ਦੋਵੇਂ ਭਰਾ ਇਕੱਠੇ ਹੀ ਖੇਤੀਬਾੜੀ ਕਰੀ ਜਾਂਦੇ ਸਨ। ਸਰਬਣ ਟਰੈਕਟਰਾਂ ਦਾ ਵਪਾਰ ਵੀ ਕਰ ਛੱਡਦਾ। ਮਹੀਨੇ ਵਿਚ ਇਕ ਦੋ ਟਰੈਕਟਰ ਖਰੀਦ ਕੇ ਵੇਚ ਛੱਡਦਾ। ਸਰਬਣ ਦਾ ਮੂੰਹ ਕੌੜਾ ਹੋ ਜਾਂਦਾ ਤੇ ਘਰਦਿਆਂ ਦਾ ਮਿੱਠਾ ਕਰਵਾ ਛੱਡਦਾ। ਹਰ ਪਾਸੇ ਫੁੱਲਾਂ ਦੀ ਸੁਗੰਧ ਵਰਗੀ ਮਿਠਾਸ ਆ ਰਹੀ ਸੀ। ਸਰਬਣ ਦੀ ਕਾਟੋ ਚੌਵੀ ਘੰਟੇ ਫੁੱਲਾਂ ‘ਤੇ ਖੇਡਦੀ ਸੀ। ਤੇਜਾ ਖੇਤਾਂ ਦਾ ਰਾਜਾ ਸੀ। ਉਸ ਨੇ ਸਾਰਾ ਕੁਝ ਵੱਡੇ ਭਰਾ ‘ਤੇ ਛੱਡਿਆ ਹੋਇਆ ਸੀ। ਘਰਵਾਲੀ ਤੇ ਭਰਜਾਈ ਨਾਲ ਮਖੌਲ ਕਰ ਛੱਡਦਾ। ਉਸ ਦੀਆਂ ਘਰੇ ਹੀ ਤੀਆਂ ਲੱਗੀਆਂ ਰਹਿੰਦੀਆਂ। ਦਰਾਣੀ-ਜੇਠਾਣੀ ਵੀ ਸਕੀਆਂ ਭੈਣਾਂ ਤੋਂ ਵੱਧ ਇਕ ਦੂਜੀ ਦਾ ਆਦਰ-ਮਾਣ ਕਰਦੀਆਂ। ਨਾ ਸਿਰ ‘ਤੇ ਸੱਸ ਸੀ ਤੇ ਨਾ ਨਣਾਨ। ਦੋਵੇਂ ਵਿਆਹ ਵਾਂਗ ਦਿਨ ਲੰਘਾਉਂਦੀਆਂ। ਖੱਟੇ ਡੋਰੀਏ ਹਵਾ ਵਿਚ ਉਡਦੇ, ਗਿੱਧਾ ਪਾਉਂਦੇ। ਦੋਵਾਂ ਦੇ ਪੈਰਾਂ ਦੀਆਂ ਝਾਂਜਰਾਂ ਤਾਲ ਨਾਲ ਤਾਲ ਮਿਲਾਉਂਦੀਆਂ। ਐਤਵਾਰ, ਸੰਗਰਾਂਦਾਂ ਵਿਚ ਬਦਲ ਕੇ ਨਵਾਂ ਸਾਲ ਲੈ ਆਉਂਦੇ। ਤਿੰਨ ਸਾਲਾਂ ਬਾਅਦ ਦਰਾਣੀ-ਜੇਠਾਣੀ ਦੇ ਇਕੱਠਿਆਂ ਹੀ ਪੈਰ ਭਾਰੀ ਹੋ ਗਏ। ਦੋਵੇਂ ਢਿੱਡਾਂ ‘ਤੇ ਹੱਥ ਫੇਰ ਕੇ ਆਖ ਛੱਡਦੀਆਂ, ‘ਰੱਬਾ! ਖੰਡ ਅਤੇ ਮਿਸਰੀ ਵਿਚ ਕੋਈ ਫਰਕ ਤਾਂ ਜ਼ਿਆਦਾ ਨਹੀਂ ਹੁੰਦਾæææਤੂੰ ਸਾਨੂੰ ਦੋਵਾਂ ਨੂੰ ਖੰਡ ਦੇ ਖਿਡੌਣੇ ਬਖ਼ਸ਼ ਦੇਈਂ।’ ਪਰ ਰੱਬ ਨੇ ਪਤਾ ਨਹੀਂ ਕਿਹੜੀ ਖੇਡ ਖੇਡੀ, ਖਰਬੂਜਿਆਂ ਦੀ ਵੇਲ ਨੂੰ ਇਕ ਅੰਬੀ ਲੱਗ ਗਈ। ਜੇਠਾਣੀ ਦੀ ਕੁੱਖੋਂ ਚੰਨੋ ਪੈਦਾ ਹੋਈ ਤੇ ਦਰਾਣੀ ਨੇ ਪ੍ਰਿੰਸ ਨੂੰ ਜਨਮ ਦਿੱਤਾ। ਦੋਵਾਂ ਦੇ ਧੀ, ਪੁੱਤ ਦੇ ਜਨਮ ਨੇ ਜੇਠਾਣੀ ਦੇ ਦਿਲ ਵਿਚ ਨਫਰਤ ਦਾ ਬੀਜ ਬੀਜ ਦਿੱਤਾ। ਵਿਆਹ ਵਰਗੇ ਦਿਨ ਮੁੜ ਨਾ ਆਏ। ਨਿੱਕੀ ਨਿੱਕੀ ਗੱਲ ‘ਤੇ ਵੱਡੀ ਬਹਿਸ ਹੋ ਜਾਂਦੀ। ਸਰਬਣ ਹੁਰਾਂ ਦੀ ਮਾਸੀ ਰਾਏਕੋਟ ਰਹਿੰਦੀ ਸੀ ਜਿਸ ਦੇ ਕੋਈ ਔਲਾਦ ਨਹੀਂ ਸੀ। ਮਾਸੀ ਨੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਉਹਨੇ ਆਪਣੀ ਜ਼ਮੀਨ ਤੇ ਘਰ-ਬਾਰ ਆਪਣੇ ਭਾਣਜਿਆਂ ਨੂੰ ਦੇਣਾ ਹੈ। ਸਾਰੇ ਘਰ ਦੀ ਮੁਖਤਾਰ ਮਾਸੀ ਸੀ। ਸਰਬਣ ਤੇ ਤੇਜੇ ਦੇ ਨਿਆਣਿਆਂ ਦੀ ਖਬਰ ਸੁਣ ਕੇ ਮਾਸੀ ਤਾਂ ਅੱਠ ਵਾਲੀ ਬੱਸ ਚੜ੍ਹ ਆਈ ਤੇ ਬਲਦੀ ਉਤੇ ਤੇਲ ਪਾ ਦਿੱਤਾ। ਸਰਬਣ ਦੀ ਧੀ ਚੰਨੋ ਨੂੰ ਗੋਦੀ ਲੈ ਕੇ ਬੋਲੀ, “ਮੈਂ ਤਾਂ ਸਾਰੀ ਜ਼ਮੀਨ ਤੇਰੇ ਨਾਂ ਕਰਵਾ ਦਊਂ। ਵਿਆਹ ਤੱਕ ਤਾਂ ਤੇਰੇ ਜਿੰਨੀ ਉਚੀ ਰਕਮ ਦੀ ਢੇਰੀ ਲਾ ਦਊਂ। ਮੇਰੀ ਚੰਨ ਵਰਗੀ ਚੰਨੋ।” ਮਾਸੀ ਦੇ ਬੋਲਾਂ ਨੇ ਦਰਾਣੀ ਦਾ ਅੰਦਰ ਚੀਰ ਕੇ ਰੱਖ ਦਿੱਤਾ। ਮਾਸੀ ਨੇ ਉਸ ਦੇ ਪੁੱਤ ਲਈ ਤਾਂ ਇਕ ਪਲਾਟ ਵੀ ਨਾ ਰੱਖਿਆ।
ਸਰਬਣ ਤੇ ਉਸ ਦੀ ਪਤਨੀ ਨੇ ਪ੍ਰਿੰਸ ਦੀ ਲੋਹੜੀ ਮਨਾਉਣ ‘ਤੇ ਵੀ ਲੜਾਈ ਸ਼ੁਰੂ ਕਰ ਦਿੱਤੀ। ਹੁਣ ਭਰਾਵਾਂ ਦੇ ਪਿਆਰ ਵਿਚ ਵੀ ਧੀ ਪੁੱਤ ਦਾ ਫਰਕ ਦੀਵਾਰ ਬਣਨ ਲੱਗਾ। ਦੋਹਾਂ ਬੱਚਿਆਂ ਦੇ ਖਿਡੌਣਿਆਂ-ਕੱਪੜਿਆਂ ਵਿਚ ਵੀ ਜੇਠਾਣੀ ਚਲਾਕੀ ਖੇਡ ਜਾਂਦੀ। ਦਰਾਣੀ ਨੇ ਸਬਰ ਦਾ ਘੁੱਟ ਭਰ ਲਿਆ ਕਿ ਜੋ ਇਹ ਕਰਦੀ ਹੈ, ਕਰ ਲੈਣ ਦੇ। ਦੋ ਸਾਲ ਨਾ ਲੰਘੇ, ਜੇਠਾਣੀ ਫਿਰ ਮਾਂ ਬਣਨ ਵਾਲੀ ਹੋ ਗਈ। ਮੋਰ ਦੇ ਖੰਭ ਨੂੰ ਗਾਂ ਦੇ ਦੁੱਧ ਵਿਚ ਡੁਬੋ ਕੇ ਪੀਂਦੀ। ਕਦੇ ਕੱਚੇ ਆਟੇ ਦੀਆਂ ਪੇੜੀਆਂ ਗਾਊਸ਼ਾਲਾ ਵੰਡ ਕੇ ਆਉਂਦੀ। ਦਰਾਣੀ ਤੋਂ ਚੋਰੀ ਕਿਤੇ ਪੁੰਨਿਆ ਨਹਾਉਂਦੀ, ਕਦੇ ਪਿੱਪਲ ਨੂੰ ਪਾਣੀ ਪਾ ਕੇ ਆਉਂਦੀ। ਦਰਾਣੀ ਸੋਚਦੀ ਕਿ ਘਰੇ ਛੇ ਮੱਝਾਂ ਤੇ ਤਿੰਨ ਗਾਊਆਂ ਹਨ, ਇਨ੍ਹਾਂ ਨੂੰ ਪੇੜੇ ਕਿਉਂ ਨਹੀਂ ਪਾਉਂਦੀ? ਘਰੇ ਸਬਜ਼ੀ ਦੀਆਂ ਵੇਲਾਂ ਬੀਜੀਆਂ ਨੇ, ਇਨ੍ਹਾਂ ਦੀਆਂ ਜੜ੍ਹਾਂ ਵਿਚ ਪਾਣੀ ਕਿਉਂ ਨਹੀਂ ਪਾਉਂਦੀ?
ਅੰਧ-ਵਿਸ਼ਵਾਸ ਦੀਆਂ ਵਿਧੀਆਂ ਨਾਲ ਅੱਕਾਂ ਨੂੰ ਅੰਬ ਨਹੀਂ ਲੱਗ ਸਕਦੇ! ਪਰਮਾਤਮਾ ਦੀ ਕਿਰਪਾ ਨਾਲ ਸੂਲੀ ਤੋਂ ਸੂਲ ਹੋ ਜਾਂਦੀ ਹੈ ਅਤੇ ਕੱਚਾ ਆਵਾ ਪੱਕਿਆਂ ਦੇ ਭਾਅ ਵਿਕ ਜਾਂਦਾ ਹੈ। ਪਰਮਾਤਮਾ ਵੱਲ ਪਿੱਠ ਕਰ ਕੇ ਦਾਤਾਂ ਨਹੀਂ ਮੰਗੀਆਂ ਜਾ ਸਕਦੀਆਂ। ਸ਼ਰਧਾ ਅਤੇ ਵਿਸ਼ਵਾਸ ਨਾਲ ਹੀ ਝੋਲੀਆਂ ਭਰ ਹੁੰਦੀਆਂ ਨੇ।
ਜੇਠਾਣੀ ਦਾ ਮੜ੍ਹੀਆਂ ਨੂੰ ਇਸ਼ਨਾਨ ਕਰਵਾਇਆ ਐਵੇਂ ਹੀ ਗਿਆ। ਉਸ ਨੇ ਦੂਜੀ ਧੀ ਰਾਣੋ ਨੂੰ ਜਨਮ ਦੇ ਦਿੱਤਾ। ਉਹ ਆਪਣੇ ਢਿੱਡ ‘ਤੇ ਆਪੇ ਮੁੱਕੀਆਂ ਮਾਰਦੀ। ਸਰਬਣ ਨੇ ਗਮ ਨਾਲ ਦਾਰੂ ਵੱਧ ਪੀਣੀ ਸ਼ੁਰੂ ਕਰ ਦਿੱਤੀ। ਇਸ ਵਾਰ ਮਾਸੀ ਛੇ ਵਾਲੀ ਬੱਸ ਚੜ੍ਹ ਆਈ। ਆਪਣੇ ਵੱਲੋਂ ਤਾਂ ਸਰਬਣ ਤੇ ਉਸ ਦੀ ਪਤਨੀ ਨੂੰ ਹੌਸਲਾ ਦਿੰਦੀ ਸੀ, ਦੂਜੇ ਪਾਸੇ ਜਿਵੇਂ ਜ਼ਹਿਰ ਦੀਆਂ ਘੁੱਟਾਂ ਭਰ ਰਹੀ ਸੀ। ਤੇਜੇ ਦੇ ਪ੍ਰਿੰਸ ਨੂੰ ਚੁੱਕਦੀ ਵੀ ਨਾ, ਪਰ ਚੰਨੋ ਤੇ ਰਾਣੋ ਨੂੰ ਗੋਦੀ ਵਿਚੋਂ ਨਾ ਉਤਾਰਦੀ। ਮਾਸੀ ਨੇ ਤੇਜੇ ਤੋਂ ਚੋਰੀ ਚੰਨੋ ਤੇ ਰਾਣੀ ਦੇ ਨਾਂ ਇਕ-ਇਕ ਲੱਖ ਰੁਪਿਆ ਜਮ੍ਹਾਂ ਕਰਵਾ ਦਿੱਤਾ। ਪੈਸੇ ਕਾਹਦੇ ਜਮ੍ਹਾਂ ਕਰਵਾਏ, ਉਸ ਨੇ ਤਾਂ ਭਾਰਾਵਾਂ ਦੇ ਦਿਲਾਂ ਵਿਚਲਾ ਪਿਆਰ ਹੀ ਕੱਢ ਕੇ ਪਰ੍ਹਾਂ ਮਾਰਿਆ। ਕਹਿੰਦੇ ਨੇ ਨੀਵਿਆਂ ਦੀ ਰੱਬ ਸੁਣਦਾ ਹੈ। ਇੱਧਰ ਫਿਰ ਦਰਾਣੀ ਨੇ ਦੂਜਾ ਪੁੱਤ ਰਾਜਾ ਜੰਮ ਦਿੱਤਾ। ਜੇਠਾਣੀ ਦੀ ਹਿੱਕ ‘ਤੇ ਸੱਪ ਮੇਲ੍ਹਣ ਲੱਗੇ। ਮਾਸੀ ਨੇ ਵੀ ਸ਼ਾਮ ਵਾਲੀ ਬੱਸ ਲੰਘਾ ਦਿੱਤੀ। ਉਹ ਨਾ ਆਈ। ਰੱਬ ਦੀ ਕਾਣੀ ਵੰਡ ਸਮਝੋ ਜਾਂ ਭਰਾਵਾਂ ਦੇ ਦਿਲਾਂ ਵਿਚ ਨਫਰਤ ਦਾ ਉਠਿਆ ਭੂਚਾਲ, ਜਿਸ ਨੇ ਘਰ ਵਿਚ ਉਚੀ ਕੰਧ ਅਤੇ ਖੇਤ ਵਿਚ ਵੱਟ ਪੁਆ ਦਿੱਤੀ। ਘਰ ਦਾ ਕਲੇਸ਼ ਖੇਤਾਂ ਵਿਚ ਜਾ ਕੇ ਲਲਕਾਰੇ ਮਾਰਨ ਲੱਗਿਆ। ਦੋਵਾਂ ਭਰਾਵਾਂ ਦੀਆਂ ਪੱਗਾਂ ਅਤੇ ਦਾੜ੍ਹੀਆਂ ਫੜੀਆਂ ਲੋਕਾਂ ਨੇ ਛੁਡਵਾਈਆਂ।
ਕੰਧ ਦੇ ਉਹਲੇ ਰਹਿੰਦਿਆਂ ਬਚਪਨ ਨੇ ਜਵਾਨੀ ਵਿਚ ਦਾਖਲ ਹੁੰਦਿਆਂ, ਆਪਣੇ ਅੰਦਰ ਦੀ ਨਫਰਤ ਇਕ ਦੂਜੇ ਨੂੰ ਦਿਖਾਉਣੀ ਸ਼ੁਰੂ ਕੀਤੀ। ਚੰਨੋ ਤੇ ਰਾਣੋ ਨੇ ਕਦੇ ਪ੍ਰਿੰਸ ਤੇ ਰਾਜੇ ਨੂੰ ਭਰਾ ਸਮਝਿਆ ਹੀ ਨਹੀਂ। ਸਰਬਣ ਦੀ ਪਤਨੀ ਆਪ ਭਲਾ ਲੂਣ ਤੇਲ ਲਿਆਉਣ ਲੱਗੀ ਸਰਫਾ ਕਰਦੀ, ਪਰ ਦੋਵਾਂ ਧੀਆਂ ਦੇ ਕੱਪੜੇ ਫੈਸ਼ਨ ਮੁਤਾਬਕ ਲਿਆ ਕੇ ਦਿੰਦੀ। ਪਿੰਡ ਦੇ ਮੱਸ-ਫੁੱਟ ਗੱਭਰੂ ਵੀ ਘਰ ਦੀ ਫੁੱਟ ਦਾ ਲਾਹਾ ਲੈਂਦੇ, ਸਰਬਣ ਦੇ ਘਰ ਅੱਗੇ ਗੇੜੀਆਂ ਕੱਢਦੇ। ਚੰਨੋ ਤੇ ਰਾਣੀ ਵੀ ਰਾਹ ਜਾਂਦਿਆਂ ਨੂੰ ਚੁੰਨੀ ਦੇ ਪੱਲੇ ਨਾਲ ਇਸ਼ਾਰੇ ਕਰਨ ਲੱਗੀਆਂ।
ਕਾਲਜ ਦੀਆਂ ਕਿਤਾਬਾਂ ਨਾਲ ਹੀ ਚੰਨੋ ਨੇ ਮੋਬਾਇਲ ਫੋਨ ਲੈ ਲਿਆ। ਫਿਰ ਜਗਰਾਵਾਂ ਦੇ ਪੰਡਤਾਂ ਦੇ ਮੁੰਡੇ ਨਾਲ ਇਸ਼ਕ ਦਾ ਪੇਚਾ ਪਾ ਲਿਆ। ਮੱਸਿਆ ਦੀਆਂ ਰਾਤਾਂ ਵਿਚ ਚੰਨੋ ਚੰਨ ਚੜ੍ਹਾਉਣ ਲੱਗੀ। ਟੱਚ ਸਕਰੀਨ ਫੋਨ ਨੇ ਚੰਨੋ ਦੀ ਇਸ਼ਕ ਵਾਲੀ ਖੇਡ ਕਾਫੀ ਸੁਖਾਲੀ ਕਰ ਦਿੱਤੀ ਸੀ। ਹੀਰ ਤੇ ਰਾਂਝਾ ਪੱਬਾਂ, ਕਲੱਬਾਂ ਤੇ ਸਿਨੇਮਿਆਂ ਵਿਚ ਮਿਲਣ ਲੱਗੇ ਤਾਂ ਇਕ ਦਿਨ ਪ੍ਰਿੰਸ ਨੇ ਆਪਣੀਆਂ ਅੱਖਾਂ ਨਾਲ ਚੰਨੋ ਨੂੰ ਜਗਰਾਵਾਂ ਵਾਲੇ ਮੁੰਡੇ ਨਾਲ ਬਾਂਹ ਵਿਚ ਬਾਂਹ ਪਾ ਕੇ ਤੁਰਦੀ ਨੂੰ ਦੇਖਿਆ, ਤੇ ਘਰ ਆ ਕੇ ਤੇਜੇ ਨੂੰ ਦੱਸਿਆ। ਤੇਜਾ ਸਰਬਣ ਦੇ ਘਰ ਗਿਆ ਤਾਂ ਉਹ ਉਲਟਾ ਹੀ ਗਲ ਪੈ ਗਿਆ।
ਫਿਰ ਉਸ ਦਿਨ ਤੋਂ ਬਾਅਦ ਹੋਰ ਨੇੜੇ ਵਾਲਿਆਂ ਨੇ ਵੀ ਸਰਬਣ ਦੇ ਕੰਨਾਂ ਵਿਚ ਚੰਨੋ ਦੀਆਂ ਗੁੱਝੀਆਂ ਮੁਲਕਾਤਾਂ ਦਾ ਹਾਲ ਬਿਆਨਿਆ, ਪਰ ਸਰਬਣ ਸਾਰਿਆਂ ਨਾਲ ਗੁੱਸੇ ਹੋਇਆ। ਫਿਰ ਇਕ ਦਿਨ ਸਰਬਣ ਨੇ ਆਪਣੀਆਂ ਅੱਖਾਂ ਨਾਲ ਆਪਣੇ ਹੀ ਘਰ ਉਸ ਮੁੰਡੇ ਨੂੰ ਦੇਖ ਲਿਆ ਜੋ ਦੇਖਣ ਦੀ ਹਾਲਤ ਵਿਚ ਨਹੀਂ ਸੀ। ਉਸ ਦਿਨ ਤੋਂ ਬਾਅਦ ਸਰਬਣ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਚੰਨੋ ਉਤੇ ਪਾਬੰਦੀਆਂ ਲੱਗ ਗਈਆਂ। ਚੰਨੋ ਦਾ ਪਿਆਰ ਬਹੁਤਾ ਸਮਾਂ ਟਿਕ ਕੇ ਨਾ ਬੈਠਾ। ਉਹ ਟੂਰ ਦੇ ਬਹਾਨੇ ਘਰੋਂ ਨਿਕਲ ਗਈ। ਫਿਰ ਜਦ ਦਸਾਂ ਦਿਨਾਂ ਬਾਅਦ ਵੀ ਨਾ ਆਈ, ਚੰਨੋ ਦੀ ਭਾਲ ਸ਼ੁਰੂ ਕੀਤੀ ਗਈ। ਮੋਬਾਇਲ ਦੀਆਂ ਕਾਲਾਂ ਅਤੇ ਉਸ ਦੀ ਰੇਂਜ ਤੋਂ ਪਤਾ ਲੱਗਿਆ ਕਿ ਉਹ ਹਰਿਆਣੇ ਦੇ ਕਿਸੇ ਪਿੰਡ ਵਿਚ ਠਹਿਰੇ ਹੋਏ ਹਨ। ਸਰਬਣ ਦੀ ਜਦੋਂ ਕੋਈ ਪੇਸ਼ ਨਾ ਗਈ ਤਾਂ ਉਹ ਤੇਜੇ ਦੇ ਘਰ ਆਇਆ ਤੇ ਰੋਂਦਾ ਹੋਇਆ ਬੋਲਿਆ, “ਛੋਟੇ ਵੀਰ, ਆਪਾਂ ਪੱਟੇ ਗਏ। ਚੰਨੋ ਨੇ ਚਾੜ੍ਹ’ਤਾ ਚੰਨ। ਮੇਰੀਆਂ ਅੱਖਾਂ ਤੋਂ ਪੱਟੀ ਉਦੋਂ ਖੁੱਲ੍ਹੀ ਜਦੋਂ ਪੱਗ ਪੈਰਾਂ ਵਿਚ ਆਣ ਡਿੱਗੀ। ਆਪਣੀ ਇੱਜ਼ਤ ਮਿੱਟੀ ਵਿਚ ਮਿਲ ਗਈ।”
“ਬਾਈ! ਤੈਨੂੰ ਉਸ ਦਿਨ ਸਮਝਾਉਣ ਹੀ ਗਿਆ ਸੀ। ਉਦੋਂ ਜਿਹੜਾ ਹੱਥ ਮੇਰੇ ਗਲਾਵੇਂ ਨੂੰ ਪਾਇਆ ਸੀ, ਉਸੇ ਹੱਥ ਨਾਲ ਉਸ ਦੀ ਗੁੱਤ ਫੜਦਾ ਤੇ ਪੁੱਛਦਾ, ਤਾਂ ਤੈਨੂੰ ਅੱਜ ਵਾਲਾ ਦਿਨ ਨਾ ਦੇਖਣਾ ਪੈਂਦਾ।” ਤੇਜੇ ਨੇ ਅੰਦਰਲਾ ਗੁੱਸਾ ਸ਼ਬਦਾਂ ਰਾਹੀਂ ਬਾਹਰ ਕੱਢਦਿਆਂ ਕਿਹਾ।
“ਜਿਹੜਾ ਕੁਝ ਹੋ ਗਿਆ, ਉਹ ਮੇਰੀ ਗਲਤੀ ਸੀ। ਹੁਣ ਉਸ ਨੂੰ ਮਨਾ ਕੇ ਲਿਆਈਏ ਤੇ ਕਿਤੇ ਫੇਰੇ ਦੇ ਕੇ ਫਾਹਾ ਵੱਢੀਏ।” ਸਰਬਣ ਕਿਸੇ ਫੈਸਲੇ ‘ਤੇ ਪੁੱਜਣਾ ਚਾਹੁੰਦਾ ਸੀ।
ਤੇਜੇ ਦਾ ਇਕ ਰਿਸ਼ਤੇਦਾਰ ਪੁਲਿਸ ਵਿਚ ਸੀ। ਉਸ ਦੀ ਸਿਫਾਰਸ਼ ਨਾਲ ਚੰਨੋ ਤੇ ਉਸ ਦਾ ਪ੍ਰੇਮੀ ਲੱਭ ਲਏ, ਉਹ ਤਾਂ ਕੋਰਟ ਮੈਰਿਜ ਅਤੇ ਹਿੰਦੂ ਮਰਿਆਦਾ ਅਨੁਸਾਰ ਫੇਰੇ ਲੈ ਕੇ ਕਾਨੂੰਨਨ ਪਤੀ-ਪਤਨੀ ਬਣ ਚੁੱਕੇ ਸਨ। ਚੰਨੋ, ਕੌਰ ਤੋਂ ਮਿਸਿਜ਼ ਸ਼ਰਮਾ ਬਣ ਚੁੱਕੀ ਸੀ। ਤੇਜੇ ਹੁਰਾਂ ਨੇ ਬਹੁਤ ਜ਼ੋਰ ਲਾਇਆ ਕਿ ਚੰਨੋ ਨੂੰ ਵਾਪਸ ਲਿਆਂਦਾ ਜਾਵੇ, ਪਰ ਪੰਡਤਾਂ ਦਾ ਵੀ ਇਕੱਲਾ ਪੁੱਤ ਸੀ। ਉਸ ਦੀ ਖੁਸ਼ੀ ਵਿਚ ਹੀ ਪੰਡਤ ਖੁਸ਼ ਸਨ। ਚੰਨੋ ਨੇ ਆਪ ਹੀ ਜੱਜ ਅੱਗੇ ਕਹਿ ਦਿੱਤਾ ਕਿ ਉਹ ਮਰਜ਼ੀ ਨਾਲ ਘਰੋਂ ਆਈ ਸੀ ਤੇ ਮਰਜ਼ੀ ਨਾਲ ਹੀ ਵਿਆਹ ਕਰਵਾਇਆ ਹੈ। ਹੁਣ ਉਹ ਆਪਣੇ ਪਤੀ ਨਾਲ ਰਹਿ ਕੇ ਆਪਣਾ ਜੀਵਨ ਬਿਤਾਉਣਾ ਚਾਹੁੰਦੀ ਹੈ। ਜੇ ਉਹ ਘਰ ਵਾਪਸ ਜਾਂਦੀ ਹੈ, ਤਾਂ ਉਸ ਦੀ ਜਾਨ ਨੂੰ ਖਤਰਾ ਹੈ।
ਦੋਵੇਂ ਭਰਾ ਤੇ ਸਰਪੰਚ ਬਾਜ਼ੀ ਹਾਰ ਕੇ ਕੋਰਟ ਵਿਚੋਂ ਬਾਹਰ ਨਿਕਲੇ ਤਾਂ ਸਰਪੰਚ ਬੋਲਿਆ, “ਸਰਬਣ ਸਿਆਂ! ਛੋਟੇ ਵੀਰ ਸਾਡੇ ਬੰਦਿਆਂ ਵਿਚ ਇਸ ਗੱਲ ਦਾ ਹੀ ਵੱਡਾ ਭੈੜ ਹੈ। ਜਦੋਂ ਕੋਈ ਸਾਡੇ ਨੇੜੇ ਦਾ ਸਨੇਹੀ ਸਾਨੂੰ ਸਾਡੇ ਬੱਚਿਆਂ ਦੀਆਂ ਕਰਤੂਤਾਂ ਦੀ ਸੂਹ ਦਿੰਦਾ ਹੈ ਤਾਂ ਅਸੀਂ ਉਸ ਦੇ ਗਲ ਪੈ ਜਾਂਦੇ ਹਾਂ ਜਿਸ ਕਰ ਕੇ ਲੋਕ ਅੱਜਕੱਲ੍ਹ ਕਿਸੇ ਦੀ ਧੀ ਪੁੱਤ ਦੀ ਕੋਈ ਵੀ ਗੱਲ ਨਹੀਂ ਕਰਦੇ। ਤੈਨੂੰ ਤਾਂ ਤੇਰੇ ਆਪਣੇ ਨੇ ਸਮਝਾਇਆ ਸੀ, ਪਰ ਜੋ ਕੁਝ ਤੈਂ ਕੀਤਾ, ਉਹ ਤੈਨੂੰ ਪਤਾ ਹੀ ਹੈ। ਧੀ, ਪੁੱਤ ਤੇ ਰੰਬਾ ਤਾਂ ਚੰਡੇ ਹੀ ਚੰਗੇ ਹੁੰਦੇ ਨੇ। ਜਦੋਂ ਤੋਂ ਕੁੜੀਆਂ ਦੇ ਸਿਰੋਂ ਚੁੰਨੀਆਂ ਲਹਿ ਗਈਆਂ ਤੇ ਹੱਥਾਂ ਵਿਚ ਮੋਬਾਇਲ ਆ ਗਏ ਹਨ, ਉਦੋਂ ਤੋਂ ਤੇਰੇ ਵਰਗੇ ਕਈ ਸਰਬਣ ਇਸ ਕੋਰਟ ਵਿਚੋਂ ਰੋਂਦੇ ਨਿਕਲੇ ਹਨ।”
ਘਰ ਪਹੁੰਚੇ ਤਾਂ ਦਰਾਣੀ ਤੇ ਜੇਠਾਣੀ ਗਲ ਲੱਗ ਰੋ ਰਹੀਆਂ ਸਨ। ਪ੍ਰਿੰਸ ਤੇ ਰਾਜੇ ਨੂੰ ਮਾਸੀ ਬੁੱਕਲ ਵਿਚ ਲਈ ਬੈਠੀ ਸੀ। ਜੇਠਾਣੀ ਰੋਂਦੀ ਹੋਈ ਕਹਿ ਰਹੀ ਸੀ, “ਮੈਨੂੰ ਪਤਾ ਹੁੰਦਾ ਕਲਜੋਗਣ ਨੇ ਇੰਜ ਕਰਨੀ ਹੈ ਤਾਂ ਮੈਂ ਢਿੱਡ ਵਿਚ ਹੀ ਨਿੱਕਾ ਨਿੱਕਾ ਕਰ ਕੇ ਕਟਵਾ ਦਿੰਦੀ”, ਪਰ ਹੁਣ ਸਮਾਂ ਲੰਘ ਚੁੱਕਿਆ ਸੀ। ਕੰਧਾਂ ਉਚੀਆਂ ਕਰਨ ਨਾਲ ਕਾਂ ਆਉਣੋਂ ਨਹੀਂ ਹਟਦੇ, ਰੋਟੀ ਦੇ ਟੁਕੜੇ ਆਪ ਹੀ ਬਚਾਉਣੇ ਪੈਂਦੇ ਨੇ।
Leave a Reply