ਢੀਂਡਸੇ ਦਾ ਸ਼੍ਰੋਮਣੀ ਕਮੇਟੀ ਚੋਣਾਂ ਲਈ ਕਮਰਕੱਸਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਕਮਰ ਕਸ ਲਈ ਹੈ। ਪਹਿਲੇ ਪੜਾਅ ਉਤੇ ਉਨ੍ਹਾਂ ਵਲੋਂ ਧਾਰਮਿਕ ਫਰੰਟ ਉਪਰ ਲੜਾਈ ਲੜੀ ਜਾਵੇਗੀ। ਸ੍ਰੀ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਸ਼੍ਰੋਮਣੀ ਕਮੇਟੀ ਚੋਣਾਂ ਲਈ ਕੇਂਦਰ ਸਰਕਾਰ ਤੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਜਲਦੀ ਨਿਯੁਕਤੀ ਕੀਤੇ ਜਾਣ ਦੀ ਮੰਗ ਕੀਤੀ ਗਈ।

ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਾਉਣ ਲਈ ਢੀਂਡਸਾ ਦੀ ਅਗਵਾਈ ਵਿਚ ਵਫਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ। ਇਸ ਦੌਰਾਨ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੀ ਗੁੰਮਸ਼ੁਦਗੀ ਸਬੰਧੀ ਪਸ਼ਚਾਤਾਪ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ ਪਾਠ ਰੱਖੇ ਜਾਣਗੇ ਜਿਸ ਦੀ ਸ਼ੁਰੂਆਤ ਸ੍ਰੀ ਮਸਤੂਆਣਾ ਸਾਹਿਬ ਸੰਗਰੂਰ ਤੋਂ 30 ਜੁਲਾਈ ਨੂੰ ਹੋਵੇਗੀ ਅਤੇ 1 ਅਗਸਤ ਨੂੰ ਭੋਗ ਪਾਏ ਜਾਣਗੇ। ਇਸ ਲੜੀ ਦੀ ਸਮਾਪਤੀ ਅੰਮ੍ਰਿਤਸਰ ‘ਚ ਅਖੰਡ ਪਾਠ ਦੇ ਭੋਗ ਪਾ ਕੇ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਕਿਸਾਨ ਜਥੇਬੰਦੀਆਂ ਦੇ ਮੁਜ਼ਾਹਰੇ ਦਾ ਸਮਰਥਨ ਕਰਨ ਦਾ ਫੈਸਲਾ ਵੀ ਲਿਆ ਹੈ।
ਇਕ ਹੋਰ ਮਤੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਿੱਖ ਨੌਜਵਾਨਾਂ ਖਿਲਾਫ ਦਰਜ ਕੀਤੇ ਜਾ ਰਹੇ ਨਾਜਾਇਜ਼ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਪਾਰਟੀ ਵਲੋਂ ਜਥੇਬੰਦਕ ਢਾਂਚਾ ਵਿਧਾਨ ਮੁਤਾਬਕ ਬਣਾਉਣ ਲਈ ਜਲਦੀ ਭਰਤੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਕੰਮ ਚਲਾਉਣ ਲਈ ਸੰਵਿਧਾਨ ਕਮੇਟੀ, ਤਾਲਮੇਲ ਕਮੇਟੀ, ਅਤੇ ਮੀਡੀਆ ਕਮੇਟੀ ਆਦਿ ਜਲਦੀ ਬਣਾਏ ਜਾਣ ਦਾ ਫੈਸਲਾ ਵੀ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਵਡੇਰੇ ਹਿੱਤਾਂ ਵਿਚ ਪੰਜਾਬ ਨਾਲ ਸਬੰਧਤ ਉਚ ਅਹੁਦਿਆਂ ਤੋਂ ਸੇਵਾਮੁਕਤ ਹੋਏ ਅਫਸਰਾਂ, ਵਿਦਵਾਨਾਂ, ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਪਾਰਟੀ ਨੂੰ ਵਡਮੁੱਲੇ ਸੁਝਾਅ ਦੇਣ।
_____________________________________________
ਅਤਿਵਾਦੀ ਕਹਿ ਕੇ ਚੁੱਕੇ ਸਿੱਖ ਨੌਜਵਾਨਾਂ ਲਈ ਕਾਨੂੰਨੀ ਲੜਾਈ ਲੜਨ ਦਾ ਅਹਿਦ ਲਿਆ
ਮਾਨਸਾ: ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਪੁਲਿਸ ਵਲੋਂ ਅਤਿਵਾਦੀ ਕਹਿ ਕੇ ਚੁੱਕੇ ਨੌਜਵਾਨ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਉਹ ਇਸ ਨੌਜਵਾਨ ਦੇ ਬੇਕਸੂਰ ਹੋਣ ਦੀ ਕਾਨੂੰਨੀ ਲੜਾਈ ਲੜਨਗੇ ਤੇ ਸਰਕਾਰਾਂ ਦੀ ਧੱਕੇਸ਼ਾਹੀ ਦਾ ਜਵਾਬ ਦੇਣਗੇ।
ਸ੍ਰੀ ਖਹਿਰਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਵਿਧਾਇਕ ਨਿਰਮਲ ਸਿੰਘ ਖਾਲਸਾ ਭਦੌੜ ਨਾਲ ਮਾਨਸਾ ਸਥਿਤ ਗੁਰਤੇਜ ਸਿੰਘ ਦੇ ਘਰ ਪੁੱਜੇ। ਉਨ੍ਹਾਂ ਪਰਿਵਾਰ ਦਾ ਹਾਲ-ਚਾਲ ਪੁੱਛਿਆ ਤੇ ਆਖਿਆ ਕਿ ਗੁਰਤੇਜ ਸਿੰਘ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ, ਉਸ ਨੂੰ ਦਿੱਲੀ ਪੁਲਿਸ ਨੇ ਅਤਿਵਾਦੀ ਕਹਿ ਕੇ ਫਸਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਅਜਿਹੇ 16 ਨੌਜਵਾਨਾਂ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਗਏ ਹਨ, ਜਦੋਂਕਿ ਦੂਜੇ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਵਿਚ ਖਾਲਿਸਤਾਨ ਗਤੀਵਿਧੀ ਵਾਲੀ ਕੋਈ ਵੀ ਗੱਲ ਨਹੀਂ ਹੈ। ਸ੍ਰੀ ਖਹਿਰਾ ਨੇ ਆਖਿਆ ਕਿ ਮਾਨਸਾ ਤੋਂ ਗੁਰਤੇਜ ਸਿੰਘ ਤੇ ਪਿੰਡ ਅਚਾਨਕ ਤੋਂ ਇਕ ਸਿੱਖ ਨੌਜਵਾਨ ਸਮੇਤ ਹੋਰਨਾਂ ਨੂੰ ਝੂਠੇ ਮਾਮਲਿਆਂ ਦੀ ਫਸਾ ਕੇ ਜੇਲ੍ਹਾਂ ‘ਚ ਸੁੱਟਣ ਦੀ ਤਿਆਰੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਜਸਟਿਸ ਮਹਿਤਾਬ ਸਿੰਘ ਤੋਂ ਕਰਵਾਈ ਜਾਵੇ। ਸ੍ਰੀ ਖਹਿਰਾ ਨੇ ਆਖਿਆ ਕਿ ਮਾਨਸਾ ਤੋਂ ਗੁਰਤੇਜ ਸਿੰਘ ਨੂੰ 24 ਜੂਨ ਨੂੰ ਉਸ ਵੇਲੇ ਚੁੱਕਿਆ ਸੀ, ਜਦੋਂ ਉਹ ਆਪਣੀ ਪਤਨੀ ਨੂੰ ਦਵਾਈ ਦਿਵਾ ਕੇ ਘਰ ਪਰਤ ਰਿਹਾ ਸੀ ਪਰ ਉਸ ਦੀ ਗ੍ਰਿਫਤਾਰੀ ਦਿੱਲੀ ਤੋਂ ਦਿਖਾ ਕੇ ਇਹ ਇਹ ਸੰਕੇਤ ਦਿੱਤਾ ਹੈ ਕਿ ਗੁਰਤੇਜ ਸਿੰਘ ਖਾਲਿਸਤਾਨੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੈ ਤੇ ਉਸ ਨੇ ਕੁਝ ਨੇਤਾਵਾਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ।