ਸ਼ਾਮਲਾਟ ਜ਼ਮੀਨਾਂ ਸਸਤੇ ਭਾਅ ਖਰੀਦਣ ਦਾ ਸਿਲਸਿਲਾ ਸ਼ੁਰੂ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਨਅਤਾਂ ਲਾਉਣ ਵਾਸਤੇ ਜ਼ਮੀਨ ਬੈਂਕ ਬਣਾਉਣ ਲਈ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਸਸਤੇ ਭਾਅ ਖਰੀਦਣ ਦਾ ਸਿਲਸਿਲਾ ਸ਼ੁਰੂ ਕਰ ਕੇ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਪੰਚਾਇਤੀ ਮਤਿਆਂ ਨੂੰ ਆਧਾਰ ਬਣਾ ਕੇ ਇਹ ਜ਼ਮੀਨਾਂ ਹਥਿਆਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਲੁਧਿਆਣਾ ਦੇ ਨੇੜਲੇ ਮੱਤੇਵਾੜਾ ਜੰਗਲ ਦੇ ਨਾਲ ਲੱਗਦੇ ਪਿੰਡਾਂ ਦੀ 995 ਏਕੜ ਜ਼ਮੀਨ ਮਕਾਨ ਉਸਾਰੀ ਵਿਭਾਗ ਵੱਲੋਂ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਨ੍ਹਾਂ ਪਿੰਡਾਂ ਵਿਚੋਂ ਸੱਖੇਵਾਲ ਸਭ ਤੋਂ ਵੱਧ ਪੀੜਤ ਹੈ। ਸੌ ਫੀਸਦੀ ਦਲਿਤ ਆਬਾਦੀ ਵਾਲੇ ਇਸ ਪਿੰਡ ਕੋਲ ਆਪਣੀ ਹੋਰ ਇਕ ਮਰਲਾ ਵੀ ਜ਼ਮੀਨ ਨਹੀਂ ਹੈ। ਪਿੰਡ ਵਾਸੀਆਂ ਅਨੁਸਾਰ 80 ਕੁ ਘਰਾਂ ਨੇ ਪੰਜ ਪੰਜ ਏਕੜ ਸ਼ਾਮਲਾਟ ਜ਼ਮੀਨ ਉਤੇ ਖੇਤੀ ਕਰ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਾਸਤੇ ਉਨ੍ਹਾਂ 36 ਸਾਲ ਸੁਪਰੀਮ ਕੋਰਟ ਤੱਕ ਇਨਸਾਫ ਦੀ ਲੜਾਈ ਲੜੀ।
ਪਿੰਡ ਦੀ ਔਰਤ ਸਰਪੰਚ ਅਨੁਸਾਰ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਬੁਲਾ ਕੇ ਦੋ ਸੌ ਏਕੜ ਜ਼ਮੀਨ ਲੈਣ ਦਾ ਮਤਾ ਪਵਾਇਆ ਸੀ ਪਰ ਹੁਣ ਸਾਰੀ ਜ਼ਮੀਨ (ਲਗਭਗ 407 ਏਕੜ) ਲਈ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਨੂੰ ਗੁਮਰਾਹ ਕੀਤਾ ਗਿਆ ਹੈ। ਜੇਕਰ ਪੰਚਾਇਤ ਦਾ ਦਾਅਵਾ ਸਹੀ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਸ਼ੂ ਪਾਲਣ ਅਤੇ ਬਾਗਬਾਨੀ ਵਿਭਾਗਾਂ ਅਤੇ ਨੇੜਲੇ ਪਿੰਡਾਂ ਦੀਆਂ ਹੋਰ ਜ਼ਮੀਨਾਂ ਵੀ ਸਨਅਤੀ ਪਾਰਕ ਵਾਸਤੇ ਲਈਆਂ ਗਈਆਂ ਹਨ। ਸਤਲੁਜ ਦਰਿਆ ਦੇ ਕੰਢੇ ਉਦਯੋਗਿਕ ਪਾਰਕ ਬਣਨ ਨਾਲ ਜਿਥੇ ਸਨਅਤਾਂ ਤੋਂ ਪੈਦਾ ਹੁੰਦਾ ਮੁਆਦ ਪੈਣ ਕਾਰਨ ਸਤਲੁਜ ਦਾ ਪਾਣੀ ਹੋਰ ਗੰਧਲਾ ਹੋਵੇਗਾ ਅਤੇ ਵਾਤਾਵਰਨਕ ਸੰਕਟ ਖੜ੍ਹਾ ਹੋਣ ਦੀ ਸੰਭਾਵਨਾ ਹੈ, ਉਥੇ ਮੱਤੇਵਾੜਾ ਜੰਗਲੀ ਰੱਖ ਉਤੇ ਵੀ ਬੁਰਾ ਪ੍ਰਭਾਵ ਪਵੇਗਾ।
ਪੰਜਾਬ ਵਿਚ ਪਹਿਲਾਂ ਹੀ 18 ਹਜ਼ਾਰ ਤੋਂ ਵੱਧ ਉਦਯੋਗ ਬੰਦ ਜਾਂ ਹੋਰਾਂ ਰਾਜਾਂ ਵਿਚ ਤਬਦੀਲ ਹੋ ਗਏ ਹਨ। ਰਾਜਪੁਰਾ ਨੇੜਲੇ ਅੱਠ ਪਿੰਡਾਂ ਦੇ ਲੋਕ 1994 ਵਿਚ 1119 ਏਕੜ ਜ਼ਮੀਨ ਲੈਣ ਖਿਲਾਫ ਉਜਾੜਾ ਰੋਕੂ ਕਮੇਟੀ ਦੀ ਅਗਵਾਈ ਵਿਚ ਲੜ ਰਹੇ ਹਨ। ਉਥੇ ਕੇਵਲ 98 ਏਕੜ ਵਿਚ ਉਦਯੋਗ ਲੱਗਿਆ ਹੈ। ਬਠਿੰਡਾ ਅਤੇ ਗੋਬਿੰਦਪੁਰਾ ਥਰਮਲ ਪਲਾਂਟਾਂ ਦੀਆਂ ਜ਼ਮੀਨਾਂ ਖਾਲੀ ਪਈਆਂ ਹਨ। ਉਦਯੋਗਿਕ ਨਿਵੇਸ਼ ਦਾ ਕੋਈ ਮਾਹੌਲ ਨਜ਼ਰ ਨਹੀਂ ਆਉਂਦਾ।
________________________________________
ਮੱਤੇਵਾੜਾ ਜੰਗਲ ਉਜਾੜਿਆ ਨਹੀਂ ਜਾਵੇਗਾ: ਅਮਰਿੰਦਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੱਤੇਵਾੜਾ ਜੰਗਲ ਦੇ ਉਜਾੜੇ ਬਾਰੇ ਸਾਹਮਣੇ ਆ ਰਹੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਐਲਾਨ ਕੀਤਾ ਕਿ ਮੱਤੇਵਾੜਾ ਜੰਗਲ ਦਾ ਇਕ ਵੀ ਰੁੱਖ ਨਹੀਂ ਪੁੱਟਿਆ ਜਾਵੇਗਾ ਅਤੇ ਨਾ ਹੀ ਉਦਯੋਗਿਕ ਪਾਰਕ ਦੇ ਵਿਕਾਸ ਲਈ ਸਰਕਾਰ ਵੱਲੋਂ ਜੰਗਲ ਦੀ ਇਕ ਇੰਚ ਵੀ ਜ਼ਮੀਨ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਜੰਗਲ ਨੂੰ ਉਜਾੜਨ ਦੀ ਗੱਲ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਸਰਕਾਰ ਨੇ ਪਸ਼ੂ ਪਾਲਣ ਵਿਭਾਗ, ਬਾਗਬਾਨੀ ਵਿਭਾਗ ਅਤੇ ਗ੍ਰਾਮ ਪੰਚਾਇਤ ਦੀ 955 ਏਕੜ ਜ਼ਮੀਨ ਲਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐਕਵਾਇਰ ਕੀਤੀ ਜ਼ਮੀਨ ਵਿਚ ਮੱਤੇਵਾੜਾ ਜੰਗਲ ਦੇ 2300 ਏਕੜ ਵਿਚੋਂ ਇਕ ਇੰਚ ਜ਼ਮੀਨ ਵੀ ਸ਼ਾਮਲ ਨਹੀਂ ਹੈ।
_______________________________________
ਥਰਮਲ ਪਲਾਂਟ ਢਹਿਣਾ ਉਜਾੜੇ ਦੀ ਦਾਸਤਾਨ: ਹਰਸਿਮਰਤ
ਬਠਿੰਡਾ: ਥਰਮਲ ਪਲਾਂਟ ਨੂੰ ਢਹਿ-ਢੇਰੀ ਕਰਨ ਦੇ ਟੈਂਡਰ ਨੋਟਿਸ ਦਾ ਸਖਤ ਨੋਟਿਸ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਜਿਹੜੇ ਸਾਲ ‘ਚ ਦੁਨੀਆਂ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ, ਉਸੇ ਸਾਲ ‘ਚ ਸੂਬਾ ਸਰਕਾਰ ਨੇ ਥਰਮਲ ਪਲਾਂਟ ਨੂੰ ਢਹਿ-ਢੇਰੀ ਕਰਨ ਦਾ ਫੈਸਲਾ ਕਰਕੇ ਦੁਨੀਆਂ ਭਰ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਮਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਪੰਜਾਬ ਦੇ ਉਜਾੜੇ ਦੇ ਕੌੜੇ ਸੱਚ ਦਾ ਪ੍ਰਗਟਾਵਾ ਕਰਦੇ ਹਨ।