ਬਲਜੀਤ ਬਾਸੀ
ਗਰਮ/ਗਰਮੀ ਸ਼ਬਦ ਅੱਜ ਅਸੀਂ ਆਮ ਹੀ ਬੋਲਦੇ ਹਾਂ ਪਰ ਹੈਰਾਨੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਹ ਇਕ ਵਾਰੀ ਵੀ ਨਹੀਂ ਲਭਦਾ। ਜ਼ਰੂਰੀ ਵੀ ਨਹੀਂ ਕਿ ਪੰਜਾਬੀ ਦਾ ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹੋਵੇ ਪਰ ਮੇਰੀ ਹੈਰਾਨੀ ਦੀ ਵੱਡੀ ਵਜ੍ਹਾ ਇਹ ਹੈ ਕਿ ਗੁਰੂਆਂ-ਭਗਤਾਂ ਨੇ ਮੌਸਮਾਂ ਬਾਰੇ ਇੰਨਾ ਲਿਖਿਆ ਹੈ ਤਾਂ ਉਨ੍ਹਾਂ ਦੀਆਂ ਰਚਨਾਵਾਂ ਵਿਚ ਗਰਮ ਸ਼ਬਦ ਦੇ ਮੌਜੂਦ ਹੋਣ ਦੀ ਪੂਰੀ ਸੰਭਾਵਨਾ ਸੀ, ਖਾਸ ਤੌਰ ‘ਤੇ ਜਦ ਤੱਤਾ, ਤਪਤ, ਘਾਮ ਸ਼ਬਦਾਂ ਦੀ ਭਰਮਾਰ ਹੈ। ਇਸ ਤੱਥ ਤੋਂ ਅੰਦਾਜ਼ਾ ਲਗ ਸਕਦਾ ਹੈ ਕਿ ਉਸ ਸਮੇਂ ਸ਼ਾਇਦ ਗਰਮ ਸ਼ਬਦ ਪੰਜਾਬੀ ਵਿਚ ਆਮ ਪ੍ਰਚਲਿਤ ਨਹੀਂ ਸੀ ਹੋਇਆ। ਅਸੀਂ ਪਿਛਲੇ ਲੇਖ ਵਿਚ ਦੱਸਿਆ ਸੀ ਕਿ ਘਾਮ ਸ਼ਬਦ ਫਾਰਸੀ ਵਲੋਂ ਆਏ ਗਰਮ ਸ਼ਬਦ ਦਾ ਸਕਾ ਸੋਹਦਰਾ ਹੈ। ਇਹ ਜਾਣ ਕੇ ਵਿਗੋਚਾ ਜਿਹਾ ਹੁੰਦਾ ਹੈ ਕਿ ਅੱਜ ਗਰਮ ਸ਼ਬਦ ਤਾਂ ਪੂਰੀ ਗਰਮਜੋਸ਼ੀ ਨਾਲ ਵਰਤਿਆ ਜਾ ਰਿਹਾ ਹੈ ਜਦ ਕਿ ਘਾਮ ਦਾ ਘਾਣ ਹੀ ਹੋ ਗਿਆ ਹੈ। ਹਾਂ, ਇਸ ਦੀ ਇਕ ਰਹਿੰਦ-ਖੂਹੰਦ ਹੈ, ਲਹਿੰਦੀ ਦਾ ਸ਼ਬਦ ਘਿਮ, ਜਿਸ ਦਾ ਅਰਥ ਵੱਟ ਜਾਂ ਗਰਮੀ ਹੈ। ਘਉ ਦਾ ਅਰਥ ਵੀ ਇਹੀ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚੋਂ ਘਾਮ ਦੀਆਂ ਕੁਝ ਮਿਸਾਲਾਂ ਲੈ ਕੇ ਗੱਲ ਸ਼ੁਰੂ ਕਰਦੇ ਹਾਂ, “ਆਗੇ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨ ਡੋਲੇ” -ਗੁਰੂ ਨਾਨਕ। “ਜੈਸੇ ਤਾਪਤੇ ਨਿਰਮਲ ਘਾਮਾ” -ਭਗਤ ਨਾਮਦੇਵ। ਭਗਤ ਕਬੀਰ ਦੀ ਤੁਕ “ਅਬਰਨ ਬਰਨ ਘਾਮ ਨਹੀ ਛਾਮ” ਵਿਚ ਘਾਮ ਦੁਖ ਅਤੇ ਛਾਮ (ਸ਼ਾਮ) ਸੁਖ ਦੇ ਅਰਥਾਵੇਂ ਹਨ। ਭਾਵੇਂ ਅੱਜ ਪੰਜਾਬੀ ਨੇ ਇਸ ਪਿਆਰੇ ਜਿਹੇ ਸ਼ਬਦ ਤੋਂ ਕਿਨਾਰਾ ਕਰ ਲਿਆ ਹੈ ਪਰ ਤਸੱਲੀ ਹੈ ਕਿ ਘਾਮ ਤੇ ਇਸ ਤੋਂ ਵਿਉਤਪਤ ਸ਼ਬਦ ਅਜ ਕਲ੍ਹ ਵੀ ਹਿੰਦੀ ਵਿਚ ਬਥੇਰੇ ਚਲਦੇ ਹਨ। ਹਿੰਦੀ ਵਿਚ ਇਸ ਦੀ ਵਰਤੋਂ ‘ਤੇ ਇਕ ਨਜ਼ਰ ਦੁੜਾਈਏ: ਆਜ ਬਹੁਤ ਘਾਮ ਹੈ; ਘਾਮ (ਧੁਪ) ਮੇਂ ਬੈਠੇਂ ਆਦਿ। ਇਸ ਤੋਂ ਬਣੇ ਹੋਰ ਸ਼ਬਦ ਹਨ, ਘਮਘਮਾ=ਧੁਪੈਲਾ ਦਿਨ; ਘਮਘਮਾਨਾ=ਸੀਆ ਸੇਕਣਾ; ਘਮਛੈਯਾ=ਧੁੱਪ-ਛਾਂ; ਘਮਸਾ=ਹੁੰਮਸ; ਘਮਾਇਲ=ਪੱਕਾ (ਫਲ); ਘਮਾਹ=ਧੁਪ ਤੋਂ ਡਰਦਾ ਬੌਲਦ; ਘਮੀਲਾ=ਮੁਰਝਾਇਆ; ਘਾਮੜ=ਧੁਪ ਤੋਂ ਵਿਆਕੁਲ; ਘਮਖੋਰ=ਧੁੱਪਖੋਰ। ਘਮੌਰੀ=ਪਿੱਤ (ਫਰਚਿਕੇ ੍ਹeਅਟ)। ਫਾਰਸੀ ਵਿਚ ਇਸ ਨੂੰ ਗਰਮੀ-ਦਾਨਾ ਆਖਦੇ ਹਨ। ਗੌਰਤਲਬ ਹੈ ਕਿ ਅੰਗਰੇਜ਼ੀ ਵਿਚ ਵੀ ਪਿੱਤ ਦੇ ਲੱਛਣ ਗਰਮੀ ਨਾਲ ਜੁੜੇ ਹੋਏ ਹਨ ਤੇ ਪੰਜਾਬੀ ਤੇ ਫਾਰਸੀ ਵਿਚ ਵੀ। ਹਿੰਦੀ ਦੇ ਇੰਨੇ ਸਾਰੇ ਸ਼ਬਦ ਦੇਖ ਕੇ ਇਸ ਭਾਸ਼ਾ ਪ੍ਰਤੀ ਰਸ਼ਕ ਹੋਣ ਲਗਦਾ ਹੈ।
ਘਾਮ ਸ਼ਬਦ ਦਾ ਸੰਸਕ੍ਰਿਤ ਰੂਪ ‘ਘਰਮ’ ਹੈ ਤੇ ਇਸ ਦੇ ਮੁਖ ਅਰਥ ਹਨ-ਗਰਮੀ, ਤੱਤਾਪਣ; ਗਰਮੀਆਂ ਦਾ ਮੌਸਮ; ਪਸੀਨਾ; ਦਿਨ (ਰਾਤ ਦੇ ਟਾਕਰੇ ‘ਤੇ); ਕੜਾਹਾ; ਯੱਗ ਵਿਚ ਭੇਟਾ ਕੀਤਾ ਜਾਣ ਵਾਲਾ ਗਰਮ ਪੀਣ-ਪਦਾਰਥ ਜਿਵੇਂ ਦੁਧ ਆਦਿ। ਧਿਆਨ ਦਿਓ, ਹਰ ਅਰਥ ਵਿਚ ਗਰਮੀ ਦਾ ਭਾਵ ਸਪਸ਼ਟ ਝਲਕਦਾ ਹੈ। ਪੰਜਾਬੀ ਹਿੰਦੀ ਵਿਚ ਆਉਂਦਿਆਂ ਇਸ ਦੀ ‘ਰ’ ਧੁਨੀ ‘ਆ’ ਜਾਂ ‘ਅ’ ਵਿਚ ਪਲਟ ਗਈ। ਇਹ ਆਮ ਵਰਤਾਰਾ ਹੈ। ਚਰਮ ਸ਼ਬਦ ਚੰਮ/ਚਾਮ ਵਿਚ ਬਦਲ ਗਿਆ ਅਤੇ ‘ਕਰਮ’ ਕੰਮ/ਕਾਮ ਵਿਚ। ‘ਘਰਮ’ ਦਾ ਧਾਤੂ “ਘ੍ਰਿ” ਹੈ ਜਿਸ ਵਿਚ ਗਰਮ ਕਰਨ, ਚਮਕਣ; ਛਿੜਕਣ, ਗਿੱਲਾ ਕਰਨ ਦੇ ਭਾਵ ਹਨ। ਇਉਂ ਲਗਦਾ ਹੈ ਕਿ ਇਸ ਦਾ ਮੁਢਲਾ ਭਾਵ ਫੈਲਾਉਣ, ਖਿਲਾਰਨ, ਛਿੜਕਣ ਦਾ ਹੈ। ਚਮਕ ਜਾਂ ਧੁੱਪ ਸੂਰਜ ਆਦਿ ਤੋਂ ਨਿਕਲ ਕੇ ਫੈਲਣ ਵਾਲੀ ਸ਼ੈਅ ਹੈ। ਚਮਕ ਜਾਂ ਧੁੱਪ ਤੋਂ ਹੀ ਗਰਮੀ, ਤਪਸ਼ ਦੇ ਭਾਵ ਪੈਦਾ ਹੋਏ। “ਘ੍ਰਿ” ਧਾਤੂ ਤੋਂ ਇਕ ਹੋਰ ਬਹੁਤ ਅਹਿਮ ਸ਼ਬਦ ਉਤਪੰਨ ਹੋਇਆ ਹੈ ਤੇ ਉਹ ਹੈ ‘ਘ੍ਰਿਤ’ ਜਿਸ ਨੇ ਪੰਜਾਬੀ ਦੀਆਂ ਵੱਖੋ ਵੱਖਰੀਆਂ ਉਪਬੋਲੀਆਂ ਵਿਚ ਘੀ, ਘੇ ਜਾਂ ਘਿਉ, ਦਾ ਰੂਪ ਲਿਆ। ਗੁਰੂ ਗ੍ਰੰਥ ਸਾਹਿਬ ਵਿਚ ਘੀਉ, ਘੀਆ ਸ਼ਬਦ ਵਰਤਿਆ ਮਿਲਦਾ ਹੈ। ਧੰਨੇ ਭਗਤ ਨੇ ਪਰਮਾਤਮਾ ਪਾਸੋਂ ਜਿਹੜੀਆਂ ਚੀਜ਼ਾਂ ਦੀ ਮੰਗ ਕੀਤੀ ਉਨ੍ਹਾਂ ਵਿਚ ਇਹ ਪਦਾਰਥ ਵੀ ਹੈ, “ਦਾਲ ਸੀਧਾ ਮਾਗਉ ਘੀਉ।” ਭਗਤ ਕਬੀਰ ਨੇ ਵੀ ਜੀਵਨ ਨਿਰਬਾਹ ਲਈ ਲੋੜੀਂਦੀਆਂ ਮੁਢਲੀਆਂ ਚੀਜ਼ਾਂ ਵਿਚ ਇਸ ਦੀ ਮੰਗ ਕੀਤੀ ਹੈ, “ਦੁਇ ਸੇਰ ਮਾਂਗਉ ਚੂਨਾ, ਪਾਉ ਘੀਉ ਸੰਗ ਲੂਨਾ।” ਚੂਨਾ ਆਟੇ ਨੂੰ ਕਿਹਾ ਗਿਆ ਹੈ। ਗੁਰੂ ਅਰਜਨ ਦੇਵ ਨੇ ਘੀਆ ਸ਼ਬਦ ਵਰਤਿਆ ਹੈ, “ਸਗਲ ਦੂਧ ਮਹਿ ਘੀਆ।”
ਕੁਝ ਸੰਸਕ੍ਰਿਤ ਵਿਦਵਾਨਾਂ ਦਾ ਮਤ ਹੈ ਕਿ “ਘ੍ਰਿ” ਧਾਤੂ ਤੋਂ ਘ੍ਰਿਤ (ਘਿਉ) ਇਸ ਲਈ ਬਣਿਆ ਕਿਉਂਕਿ ਘਿਉ ਹਵਨ ਵਿਚ ਛਿੜਕੇ ਜਾਣ ਵਾਲਾ ਪਦਾਰਥ ਹੈ। ਪਰ ਮੇਰਾ ਵਿਚਾਰ ਹੈ ਕਿ ਇਸ ਵਿਚ ਵੀ ਗਰਮੀ ਦਾ ਭਾਵ ਹੀ ਝਲਕਦਾ ਹੈ। ਆਖਿਰ ਘਿਉ ਮੱਖਣ ਨੂੰ ਗਰਮ ਕਰਕੇ ਹੀ ਪ੍ਰਾਪਤ ਹੁੰਦਾ ਹੈ। ਅਸੀਂ ਪਹਿਲਾਂ ਦੇਖ ਚੁਕੇ ਹਾਂ ਕਿ ਹਵਨ ਵਿਚ ਭੇਟ ਕੀਤੇ ਜਾਣ ਵਾਲੇ ਗਰਮ ਦੁਧ ਆਦਿ ਲਈ ਸੰਸਕ੍ਰਿਤ ਵਿਚ ਘਰਮ ਸ਼ਬਦ ਵਰਤਿਆ ਜਾਂਦਾ ਸੀ। ਘੀਆ ਸ਼ਬਦ ਲੌਕੀ ਜਾਂ ਬੱਡ ਲਈ ਵੀ ਵਰਤਿਆ ਜਾਂਦਾ ਹੈ। ਸਪਸ਼ਟ ਹੈ, ਲੌਕੀ ਲਈ ਇਹ ਸ਼ਬਦ ਇਸ ਲਈ ਚੱਲਿਆ ਹੋਵੇਗਾ ਕਿਉਂਕਿ ਇਸ ਦਾ ਹਲਕਾ ਸਾਵਾ ਰੰਗ ਘਿਉ ਨਾਲ ਮਿਲਦਾ ਹੈ। ਇਸ ਰੰਗ ਲਈ ਸਾਡੇ ਪਾਸ ਘੀਆ-ਕਪੂਰੀ ਸ਼ਬਦ ਵੀ ਹੈ। ਇਸੇ ਧਾਤੂ ਤੋਂ ਬਣੇ ਇਕ ਹੋਰ ਸ਼ਬਦ ਬਾਰੇ ਸੁਣ ਕੇ ਤੁਸੀਂ ਠਠੰਬਰ ਹੀ ਜਾਓਗੇ। ਉਹ ਸ਼ਬਦ ਹੈ ਨਫਰਤ ਦੇ ਅਰਥਾਂ ਵਾਲਾ ‘ਘਿਰਣਾ।’ ਸ਼ਬਦਾਂ ਦੇ ਅਰਥ-ਵਿਕਾਸ ਦੀ ਉਲਟਬਾਂਸੀ ਦੇਖੋ ਕਿ ਘਿਰਣਾ ਸ਼ਬਦ ਦਾ ਮੁਢਲਾ ਅਰਥ ਦਇਆ, ਤਰਸ, ਹਮਦਰਦੀ ਆਦਿ ਹੈ। ਇਹ ਅਰਥ ਇਸ ਧਾਤੂ ਦੇ ਗਰਮੀ ਅਰਥਾਤ ਨਿਘ ਦੇ ਭਾਵ ਤੋਂ ਵਿਕਸਿਤ ਹੋਇਆ ਲਗਦਾ ਹੈ। ਜੋ ਵਿਅਕਤੀ ਦੂਜੇ ਨੂੰ ਨਿਘ ਦਿੰਦਾ ਹੈ ਉਹ ਉਸ ਦੇ ਦੁਖ, ਪ੍ਰੇਸ਼ਾਨੀ ਨੂੰ ਘਟਾਉਂਦਾ ਹੈ। ਇਹੀ ਦਇਆ ਹੈ। ਕਿਸੇ ਭਾਵਨਾ ਦੀ ਤੀਬਰਤਾ ਸਮਾਂ ਪਾ ਕੇ ਉਲਟ ਜਿਹੇ ਅਰਥ ਵੀ ਦੇਣ ਲਗਦੀ ਹੈ। ਗਰਮੀ ਦਾ ਬਹੁਤਾ ਸੇਕ ਸਾੜਨ ਵੀ ਲੱਗ ਜਾਂਦਾ ਹੈ। ਜੇ ਕੋਈ ਤੁਹਾਡੇ ਵੱਲ ਤੀਬਰ ਭਾਵਨਾ ਰੱਖਦਾ ਹੋਵੇ ਤਾਂ ਇਸ ਦੇ ਦੋਵੇਂ ਆਸ਼ੇ ਹੋ ਸਕਦੇ ਹਨ, ਪਿਆਰ ਵੀ ਤੇ ਨਫਰਤ ਵੀ।
ਤੱਤੇ ਮੌਸਮ ਲਈ ਸਭ ਤੋਂ ਵਧ ਵਰਤੀਂਦਾ ਸ਼ਬਦ ਗਰਮੀ ਪੁਰਾਤਨ ਘਰਮ ਦਾ ਹੀ ਸੁਜਾਤੀ ਹੈ। ਪਾਠਕ ਨੋਟ ਕਰਨ ਕਿ ਇਸ ਸ਼ਬਦ ਵਿਚ ਸਿਰਫ ‘ਘ’ ਦੀ ਥਾਂ ‘ਗ’ ਧੁਨੀ ਦਾ ਹੀ ਵਖਰੇਵਾਂ ਹੈ। ਫਾਰਸੀ ਵਿਚ ‘ਘ, ਝ, ਧ, ਢ, ਭ’ ਧੁਨੀਆਂ ਨਹੀਂ ਹੁੰਦੀਆਂ। ਜਿਉਂ ਹੀ ਫਾਰਸੀ ਗਰਮੀ ਨੇ ਪੰਜਾਬੀ ਵਿਚ ਪੈਰ ਪਾਉਣੇ ਸ਼ੁਰੂ ਕੀਤੇ, ਘਾਮ ਦੇ ਪੈਰ ਲੜਖੜਾਉਣ ਲੱਗ ਪਏ ਤੇ ਅੰਤ ਇਹ ਮੂਧੇ ਮੂੰਹ ਜਾ ਡਿੱਗਾ। ਫਾਰਸੀ ਦੇ ਪੁਰਾਣੇ ਰੂਪ ਪਹਿਲਵੀ ਅਤੇ ਜ਼ੰਦ ਵਿਚ ਵੀ ਗਰਮ ਲਗਭਗ ਇਸੇ ਰੂਪ ਵਿਚ ਮਿਲਦਾ ਹੈ। ਫਾਰਸੀ, ਉਰਦੂ, ਹਿੰਦੀ ਅਤੇ ਹੋਰ ਅਨੇਕਾਂ ਭਾਸ਼ਾਵਾਂ ਵਿਚ ਇਸ ਸ਼ਬਦ ਦੇ ਬਹੁਤ ਅਰਥ ਹਨ। ਅਨੇਕਾਂ ਮੁਹਾਵਰਿਆਂ, ਉਕਤੀਆਂ ਅਤੇ ਕਹਾਵਤਾਂ ਵਿਚ ਗਰਮ/ਗਰਮੀ ਸ਼ਬਦ ਦੀ ਹਾਜ਼ਰੀ ਹੈ। ਇਸ ਦੇ ਵਿਉਤਪਤ ਰੂਪ ਵੀ ਚੋਖੀ ਗਿਣਤੀ ਵਿਚ ਮਿਲਦੇ ਹਨ। ਅਸਲ ਵਿਚ ਕਿਸੇ ਵੀ ਭਾਵ, ਸੰਵੇਗ, ਜਾਂ ਆਵੇਸ਼ ਦੀ ਅਤਿਤਾਈ ਲਈ ਗਰਮ ਜਾਂ ਗਰਮੀ ਸ਼ਬਦ ਦੀ ਵਰਤੋਂ ਹੁੰਦੀ ਹੈ। ਪੰਜਾਬੀ ਤੱਤਾ ਦੀ ਵੀ ਇਹ ਵਿਸ਼ੇਸ਼ਤਾ ਹੈ। ਮੁਖ ਅਰਥ ਤੋਂ ਬਿਨਾ ਕੁਝ ਹੋਰ ਅਰਥ ਯਾਦ ਕਰਾਉਣੇ ਚਾਹੁੰਦਾ ਹਾਂ-ਜੋਸ਼ੀਲਾ, ਉਤਸਕ; ਗਰਮ ਤਾਸੀਰ ਵਾਲਾ (ਭੋਜਨ ਆਦਿ); ਸਰਗਰਮ; (ਬਾਜ਼ਾਰ ਆਦਿ) ਤੇਜ਼, ਧੜਾ ਧੜ ਵਿਕਰੀ ਵਾਲਾ; ਕ੍ਰੋਧਵਾਨ, (ਰਾਜਨੀਤੀ ਆਦਿ ਵਿਚ) ਤਿੱਖੀਆਂ ਅਤੇ ਅਹਿੰਸਕ ਨੀਤੀਆਂ ਧਾਰਨ ਕਰਨ ਵਾਲਾ; ਬਹੁਤ ਕਾਮੁਕ (ਖਾਸ ਤੌਰ ‘ਤੇ ਇਸਤਰੀ)। ਕੁਝ ਲਾਖਣਿਕ ਤੇ ਮੁਹਾਵਰਈ ਪ੍ਰਯੋਗ ਸੁਣ ਕੇ ਵੀ ਪਾਠਕ ਗਰਮ ਹੋ ਜਾਣਗੇ: ਗਰਮਾ ਗਰਮ ਜਾਂ ਗਰਮ ਗਰਮ (ਤਾਜ਼ਾ); ਗਰਮ ਸਰਦ; ਗਰਮਾ ਗਰਮੀ (ਲੜਾਈ); ਗਰਮ ਬਾਜ਼ਾਰੀ; ਗਰਮਜੋਸ਼ੀ (ਨਿਘ, ਸਨੇਹ); ਗਰਮ ਖਬਰ (ਤਾਜ਼ੀ ਖਬਰ); ਗਰਮ ਕੱਪੜੇ; ਗਰਮ ਕਰਨਾ, ਬਿਸਤਰਾ ਗਰਮ ਕਰਨਾ; ਗਰਮ ਮਿਜ਼ਾਜ; ਗਰਮ ਲਹੂ; ਗਰਮ ਮਸਾਲਾ; ਗਰਮਾਇਸ਼; ਗਰਮਾਉਣਾ; ਮੁੱਠੀ ਗਰਮ ਕਰਨਾ; ਗਰਮ ਮਾਮਲਾ (ਤਾਜ਼ਾ); ਗਰਮੀ ਖਾਣਾ, ਗਰਮੀ ਵਿਚ ਆਉਣਾ। ਪ੍ਰਾਚੀਨ ਫਾਰਸ ਦੇ ਕੈਲੰਡਰ ਅਨੁਸਾਰ ਚੌਥੇ ਮਹੀਨੇ ਦਾ ਨਾਂ ‘ਗਰਮਪਦ’ ਹੈ। ਇਸ ਸ਼ਬਦ ਵਿਚ ਗਰਮ ਤਾਂ ਸਾਫ ਹੀ ਝਲਕਦਾ ਹੈ ਪਦ ਵੀ ਸਾਡੇ ਪਦ ਵਾਲਾ ਹੀ ਹੈ ਜਿਸ ਦਾ ਅਰਥ ਹੁੰਦਾ ਹੈ ਪੈਰ, ਕਦਮ, ਪੈੜ; ਫਰਸ਼, ਸਥਾਨ। ਇਸ ਦੇ ਕਈ ਅਰਥ ਕੀਤੇ ਜਾਂਦੇ ਹਨ ਪਰ ਸਭ ਤੋਂ ਢੁਕਵਾਂ ਹੈ, ਮਹੀਨਾ ਜਿਸ ਵਿਚ ਗਰਮੀ ਕਾਰਨ ‘ਪੈਰ ਸੜਦੇ ਹੋਣ।’ ਮੋਟੇ ਤੌਰ ‘ਤੇ ਇਹ ਮਹੀਨਾ ਸਾਡੇ ਹਾੜ ਦੇ ਸਾਵਾਂ ਬੈਠਦਾ ਹੈ। ਜ਼ਰਾ ਦੇਖੀਏ ਵਾਰਿਸ ਸ਼ਾਹ ਇਸ ਸ਼ਬਦ ਨੂੰ ਕਿਵੇਂ ਵਰਤਦਾ ਹੈ। ਸਹਿਤੀ ਤੋਂ ਕੁੱਟ ਖਾਣ ਪਿਛੋਂ,
ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ,
ਮਾਰੂ ਮਾਰਿਆ ਭੂਤ ਫਤੂਰ ਦੇ ਨੇ।
ਦੇਖ ਪਰੀ ਦੇ ਨਾਲ ਖੁਮ ਮਾਰਿਆਈ,
ਏਸ ਫਰਿਸ਼ਤੇ ਬੈਤ ਮਾਅਮੂਰ ਦੇ ਨੇ।
ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ,
ਲਾਈ ਥਾਪਨਾ ਮਲਕ ਹਜ਼ੂਰ ਦੇ ਨੇ।
ਡੇਰਾ ਬਖਸ਼ੀ ਦਾ ਮਾਰ ਕੇ ਲੁਟ ਲੀਤਾ,
ਪਾਈ ਫਤਿਹ ਪਠਾਨ ਕਸੂਰ ਦੇ ਨੇ।
ਜਦੋਂ ਨਾਲ ਟਕੋਰ ਦੇ ਗਰਮ ਹੋਇਆ,
ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ।
ਵਾਰਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ
ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ।
ਘਾਮ ਜਾਂ ਗਰਮ ਸ਼ਬਦ ਦੇ ਸਕੇ ਸੋਹਦਰੇ ਧੁਰ ਯੂਰਪ ਦੀਆਂ ਹਿੰਦ-ਆਰਿਆਈ ਭਾਸ਼ਾਵਾਂ ਵਿਚ ਵੀ ਬੈਠੇ ਹਨ। ਇਨ੍ਹਾਂ ਵਿਚੋਂ ਸਭ ਤੋਂ ਜਾਣਿਆ ਜਾਂਦਾ ਅੰਗਰੇਜ਼ੀ ਦਾ ਸ਼ਬਦ ਹੈ ੱਅਰਮ। ਇਸ ਸ਼ਬਦ ਦੇ ਬਹੁਤ ਸਾਰੇ ਅਰਥ-ਪ੍ਰਛਾਵੇਂ ਗਰਮ ਵਾਲੇ ਹੀ ਹਨ ਜਿਵੇਂ ਨਿਘਾ, ਸਨੇਹ ਭਰਿਆ, ਉਤਸ਼ਾਹੀ, ਕ੍ਰੋਧਤ, ਸੱਜਰਾ (A ੱਅਰਮ ਸਚeਨਟ), ਗਰਮ ਕੱਪੜੇ। ਫਿਰ ਵੀ ਆਮ ਤੌਰ ‘ਤੇ ੱਅਰਮ ਸ਼ਬਦ ਵਿਚ ਗਰਮ ਜਿੰਨੀ ਸ਼ਿੱਦਤ ਨਹੀਂ ਹੈ। ਕੁਝ ਸ੍ਰੋਤਾਂ ਅਨੁਸਾਰ ਤਾਂ ਅੰਗਰੇਜ਼ੀ ਦਾ ਭੁਰਨ ਸ਼ਬਦ ਵੀ ੱਅਰਮ ਦਾ ਸਕਾ ਹੀ ਹੈ। ਵਾਰਮ ਸ਼ਬਦ ਸੈਕਸਨ, ਫਰੀਜ਼ੀਅਨ, ਡੱਚ, ਜਰਮਨ, ਗੌਥਿਕ ਆਦਿ ਜਿਹੀਆਂ ਭਾਸ਼ਾਵਾਂ ਦੇ ਪੁਰਾਣੇ ਰੂਪਾਂ ਵਿਚ ਵੀ ਮਿਲਦਾ ਹੈ। ਪ੍ਰਾਕ-ਜਰਮਨ ਵਿਚ ਇਸ ਦਾ ਰੂਪ ਸੀ ‘ਵਾਰਮਜ਼।’ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦਾਂ ਦਾ ਮੂਲ ਪੁਰਾਣੀ ਜਰਮੈਨਿਕ ਭਾਸ਼ਾ ਹੀ ਹੈ। ਆਰਮੀਨੀਅਨ ਵਿਚ ‘ਜਰਮ’ ਅਤੇ ਗਰੀਕ ਵਿਚ ‘ਥਰਮੋਸ’ ਦੀ ਸ਼ਕਲ ਵਿਚ ਇਹ ਸ਼ਬਦ ਮਿਲਦਾ ਹੈ। ਇਨ੍ਹਾਂ ਸ਼ਬਦਾਂ ਦਾ ਅਰਥ ਗਰਮ ਹੀ ਹੈ। ਗਰੀਕ ਥਰਮੋਸ ਪੁਰਾਣੀ ਫਰਾਂਸੀਸੀ ਵਿਚ ਦੀ ਲੰਘਦਾ ਹੋਇਆ ਅੰਗਰੇਜ਼ੀ ਵਿਚ ਚਲੇ ਗਿਆ। ਇਸ ਦਾ ਮੁਢਲਾ ਅਰਥ ਸੀ, ‘ਗਰਮ ਚਸ਼ਮਿਆਂ ਸਬੰਧੀ।’ ਫਿਰ ਇਸ ਤੋਂ ਬਣਿਆ ਥਰਮਲ ਸ਼ਬਦ ਵਿਗਿਆਨਿਕ ਸ਼ਬਦਾਵਲੀ ਵਿਚ ਗਰਮੀ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ। ਅਸੀਂ ਪੰਜਾਬੀ ‘ਥਰਮਲ ਪਲਾਂਟ’ (ਤਾਪ ਬਿਜਲੀਘਰ) ਵਿਚ ਇਹ ਸ਼ਬਦ ਦੇਖ ਸਕਦੇ ਹਾਂ। ਇਸੇ ਤੋਂ ਅੱਗੇ ਭਖਮੇਚੂ ਦੇ ਅਰਥਾਂ ਵਾਲਾ ਥਰਮਾਮੀਟਰ ਸ਼ਬਦ ਬਣਿਆ। ਚਾਹ, ਦੁੱਧ ਆਦਿ ਗਰਮ ਰੱਖਣ ਲਈ ਥਰਮੋਸ (ਥਰਮਸ) ਦੀ ਵਰਤੋਂ ਕਿਸ ਨੇ ਨਹੀਂ ਕੀਤੀ। ਪੁਰਾਣੀ ਲਾਤੀਨੀ ਭਾਸ਼ਾ ਵਿਚ ਇਹ ਸ਼ਬਦ ਾਂੋਰਨੁਸ ਦੇ ਰੂਪ ਵਿਚ ਆਇਆ। ਇਸ ਤੋਂ ਭੱਠੀ, ਆਵਾ ਦੇ ਅਰਥਾਂ ਵਾਲਾ ਸ਼ਬਦ ਬਣਿਆ ਜੋ ਅੰਗਰੇਜ਼ੀ ਵਿਚ ਆ ਕੇ ੁਂਰਨਅਚe ਕਹਾਇਆ। ਚਿਮਟੇ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਾਂੋਰਚeਪਸ ਵੀ ਇਸੇ ਮਾਰਗ ਰਾਹੀਂ ਅੰਗਰੇਜ਼ੀ ਵਿਚ ਆਇਆ। ਚਿਮਟੇ ਦਾ ਅੱਗ ਜਾਂ ਗਰਮੀ ਨਾਲ ਹੀ ਤਾਂ ਸਬੰਧ ਹੈ। ਇਸ ਦਾ ਸ਼ਾਬਦਿਕ ਅਰਥ ਹੈ, ਗਰਮੀ ਨੂੰ ਪਕੜਨ ਵਾਲਾ।
Leave a Reply