ਕਰੋਨਾ: ਦੁਨੀਆਂ ਦੇ ਮੁਕਾਬਲੇ ਭਾਰਤ ‘ਚ ਮੌਤ ਦੀ ਦਰ ਸਭ ਤੋਂ ਘੱਟ

ਨਵੀਂ ਦਿੱਲੀ: ਭਾਰਤ ਵਿਚ ਕਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਲਗਾਤਾਰ ਘਟ ਰਹੀ ਹੈ ਅਤੇ ਇਹ ਹੁਣ 2.49 ਫੀਸਦੀ ਹੈ, ਜੋ ਕਿ ਦੁਨੀਆਂ ਭਰ ਵਿਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਸਭ ਹਸਪਤਾਲ ਦਾਖਲ ਮਰੀਜ਼ਾਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਪ੍ਰਬੰਧਾਂ ਕਾਰਨ ਹੋਇਆ ਹੈ।

ਸਿਹਤ ਮੰਤਰਾਲੇ ਨੇ ਦੱਸਿਆ ਕਿ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਮੌਤ ਦਰ ਪੂਰੇ ਦੇਸ਼ ਨਾਲੋਂ ਘੱਟ ਹੈ, ਪੰਜ ਸੂਬਿਆਂ ਵਿਚ ਮੌਤ ਦਰ ਸਿਫਰ ਹੈ ਤੇ 14 ਸੂਬਿਆਂ ‘ਚ ਮੌਤ ਦਰ ਇਕ ਫੀਸਦੀ ਤੋਂ ਵੀ ਘੱਟ ਹੈ। ਕੇਂਦਰ, ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀਆਂ ਕੋਸ਼ਿਸ਼ਾਂ ਸਦਕਾ ਹਸਪਤਾਲਾਂ ‘ਚ ਮਰੀਜ਼ਾਂ ਦੇ ਇਲਾਜ ਦਾ ਪ੍ਰਭਾਵਸ਼ਾਲੀ ਪ੍ਰਬੰਧ ਹੋਣ ਕਾਰਨ ਭਾਰਤ ਵਿਚ ਮੌਤ ਦਰ ਘੱਟ ਕੇ 2.5 ਫੀਸਦੀ ਤੋਂ ਵੀ ਘੱਟ ਹੋ ਗਈ ਹੈ। ਇਸ ਮਹੀਨੇ ਦੇਸ਼ ਵਿਚ ਕਰੋਨਾ ਮੌਤ ਦਰ ਪਹਿਲਾਂ 2.82 ਫੀਸਦੀ ਸੀ, ਜਦੋਂ ਕਿ 10 ਜੁਲਾਈ ਨੂੰ ਇਹ 2.72 ਫੀਸਦੀ ਹੋ ਗਈ ਅਤੇ ਹੁਣ ਇਹ 2.49 ਫੀਸਦੀ ਉਤੇ ਆ ਗਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮਨੀਪੁਰ, ਨਾਗਾਲੈਂਡ, ਸਿੱਕਮ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਮੌਤ ਦਰ ਸਿਫਰ ਹੈ। ਤਕਰੀਬਨ 7 ਲੱਖ ਲੋਕ ਠੀਕ ਹੋ ਚੁੱਕੇ ਹਨ ਜਦੋਂ ਕਿ ਚਾਰ ਲੱਖ ਦੇ ਕਰੀਬ ਐਕਟਿਵ ਕੇਸ ਦੇਸ਼ ਵਿਚ ਹਨ। ਭਾਰਤੀ ਮੈਡੀਕਲ ਖੋਜ ਕਾਸਲ (ਆਈ.ਸੀ.ਐਮ.ਆਰ.) ਅਨੁਸਾਰ ਹੁਣ ਤੱਕ 1, 37, 91, 869 ਟੈਸਟ ਕੀਤੇ ਗਏ ਹਨ।
ਦੇਸ਼ ਦੇ ਦੋ ਸੂਬਿਆਂ ਆਸਾਮ ਅਤੇ ਕੇਰਲ ਨੇ ‘ਕਮਿਊਨਿਟੀ ਟਰਾਂਸਮਿਸ਼ਨ’ ਦੇ ਸੰਕੇਤ ਦਿੱਤੇ ਹਨ ਹਾਲਾਂਕਿ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਆਈ. ਸੀ. ਐਮ. ਆਰ. ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਦੇਸ਼ ‘ਚ ਕਰੋਨਾ ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਆਇਆ ਸੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਰੋਨਾ ਦੇ ਮਾਮਲੇ ਵੱਧ ਜ਼ਰੂਰ ਰਹੇ ਹਨ ਪਰ ਇਹ ਕਮਿਊਨਿਟੀ ਟਰਾਂਸਮਿਸ਼ਨ ਦਾ ਸੰਕੇਤ ਨਹੀਂ ਹੈ ਜਦੋਂ ਕਿ ਆਸਾਮ ਸਰਕਾਰ ਦਾ ਕਹਿਣਾ ਹੈ ਕਿ ਗੁਹਾਟੀ ਵਿਚ 28 ਜੂਨ ਤੋਂ ਲੌਕਡਾਊਨ ਲਾਗੂ ਹੈ ਪਰ ਫਿਰ ਵੀ ਹਾਲਾਤ ਚਿੰਤਾਜਨਕ ਹਨ।
___________________________________________
ਸੱਤ ਭਾਰਤੀ ਕੰਪਨੀਆਂ ਕਰੋਨਾ ਦੇ ਟੀਕੇ ਲਈ ਸਰਗਰਮ
ਨਵੀਂ ਦਿੱਲੀ: ਤਕਰੀਬਨ ਸੱਤ ਭਾਰਤੀ ਫਾਰਮਾ ਕੰਪਨੀਆਂ ਕਰੋਨਾ ਵਾਇਰਸ ਦਾ ਟੀਕਾ ਬਣਾਉਣ ਲਈ ਕੰਮ ਕਰ ਰਹੀਆਂ ਹਨ। ਆਲਮੀ ਪੱਧਰ ਉਤੇ ਕੀਤੇ ਜਾ ਰਹੇ ਯਤਨਾਂ ‘ਚ ਭਾਰਤੀ ਕੰਪਨੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ।
ਭਾਰਤ ਬਾਇਓਟੈੱਕ, ਸੀਰਮ ਇੰਸਟੀਚਿਊਟ, ਜ਼ਾਇਡਸ ਕੈਡਿਲਾ, ਪੈਨਾਸ਼ੀਆ ਬਾਇਓਟੈੱਕ, ਇੰਡੀਅਨ ਇਮਿਊਨੋਲੋਜੀਕਲਜ਼, ਮਿਨਵੈਕਸ ਤੇ ਬਾਇਓਲੋਜੀਕਲ ਈ ਜਿਹੀਆਂ ਘਰੇਲੂ ਕੰਪਨੀਆਂ ਕਰੋਨਾ ਵਾਇਰਸ ਦਾ ਇਲਾਜ ਵਿਕਸਿਤ ਕਰਨ ਦੇ ਯਤਨਾਂ ਵਿਚ ਜੁਟੀਆਂ ਹੋਈਆਂ ਹਨ। ਟੀਕਾ ਤਿਆਰ ਕਰਨ ‘ਚ ਆਮ ਤੌਰ ਉਤੇ ਸਾਲਾਂ ਦੇ ਪ੍ਰੀਖਣ ਤੇ ਮਗਰੋਂ ਵੱਡੀ ਪੱਧਰ ਦੇ ਉਤਪਾਦਨ ਦੀ ਲੋੜ ਪੈਂਦੀ ਹੈ। ਪਰ ਵਿਗਿਆਨੀਆਂ ਨੂੰ ਆਸ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਮਹੀਨਿਆਂ ਵਿਚ ਹੀ ਇਸ ਨੂੰ ਤਿਆਰ ਕਰ ਲਿਆ ਜਾਵੇਗਾ। ਭਾਰਤ ਬਾਇਓਟੈੱਕ ਨੂੰ ਪਹਿਲੇ ਤੇ ਦੂਜੇ ਗੇੜ ਦੇ ਕਲੀਨਿਕਲ ਟਰਾਇਲ ਲਈ ਇਜਾਜ਼ਤ ਮਿਲ ਚੁੱਕੀ ਹੈ। ਕੰਪਨੀ ‘ਕੋਵੈਕਸਿਨ’ ਨਾਂ ਦਾ ਟੀਕਾ ਤਿਆਰ ਕਰਨ ਵਿਚ ਜੁਟੀ ਹੋਈ ਹੈ। ਹੈਦਰਾਬਾਦ ਵਿਚ ਕੰਪਨੀ ਦੀ ਇਕਾਈ ਵਿਚ ਪਿਛਲੇ ਹਫਤੇ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤੇ ਗਏ ਹਨ। ਵਿਸ਼ਵ ਪੱਧਰ ਉਤੇ ਟੀਕੇ ਤਿਆਰ ਕਰਨ ਵਾਲੀ ਉੱਘੀ ਕੰਪਨੀ ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਇਹ ਸਾਲ ਦੇ ਅਖੀਰ ਤੱਕ ਕੋਵਿਡ-19 ਲਈ ਦਵਾਈ ਤਿਆਰ ਕਰ ਲਏਗੀ। ਮੌਜੂਦਾ ਸਮੇਂ ਕੰਪਨੀ ਆਕਸਫੋਰਡ ਦੇ ਟੀਕੇ ਉਤੇ ਕੰਮ ਕਰ ਰਹੀ ਹੈ ਤੇ ਤੀਜੇ ਗੇੜ ਦੇ ਟਰਾਇਲ ਚੱਲ ਰਹੇ ਹਨ।
________________________________________________
ਕਰੋਨਾ: 55% ਪਰਿਵਾਰ ਰੋਟੀ ਦਾ ਪ੍ਰਬੰਧ ਹੀ ਕਰ ਸਕੇ
ਨਵੀਂ ਦਿੱਲੀ: ਇਕ ਐਨ.ਜੀ.ਓ. ਵੱਲੋਂ ਕੀਤੇ ਗਏ ਸਰਵੇਖਣ ਵਿਚ ਖੁਲਾਸਾ ਹੋਇਆ ਹੈ ਕਿ ਕਰੋਨਾ ਸੰਕਟ ਦੌਰਾਨ ਪਹਿਲੀ ਅਪਰੈਲ ਤੋਂ 15 ਮਈ ਤੱਕ ਦੇਸ਼ ਦੇ 24 ਸੂਬਿਆਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 55% ਆਮ ਲੋਕਾਂ ਕੋਲ ਸਿਰਫ ਦੋ ਵਕਤ ਦੀ ਰੋਟੀ ਦਾ ਹੀ ਪ੍ਰਬੰਧ ਸੀ।
ਵਰਲਡ ਵਿਜ਼ਨ ਏਸ਼ੀਆ ਪੈਸੇਫਿਕ ਨਾਂ ਦੀ ਐਨ.ਜੀ.ਓ. ਵੱਲੋਂ 5568 ਪਰਿਵਾਰਾਂ ਉਤੇ ਕੀਤੇ ਗਏ ਸਰਵੇਖਣ ਤੋਂ ਬਾਅਦ ਇਸ ਸਬੰਧੀ ਰਿਪੋਰਟ ਜਾਰੀ ਕੀਤੀ ਗਈ ਹੈ। ਸਰਵੇਖਣ ‘ਚ ਖੁਲਾਸਾ ਹੋਇਆ ਕਿ ਲੌਕਡਾਊਨ ਦੌਰਾਨ ਭਾਰਤੀ ਪਰਿਵਾਰਾਂ ਉਤੇ ਆਰਥਿਕ, ਮਾਨਸਿਕ ਤੇ ਸਰੀਰਕ ਦਬਾਅ ਵਧਣ ਕਾਰਨ ਇਸ ਦਾ ਪ੍ਰਭਾਵ ਬੱਚਿਆਂ ਦੇ ਖਾਣ-ਪੀਣ, ਪੌਸ਼ਟਿਕਤਾ, ਸਿਹਤ, ਦਵਾਈਆਂ, ਸਵੱਛਤਾ ਤੇ ਨਾਲ-ਨਾਲ ਬੱਚਿਆਂ ਦੀ ਸੁਰੱਖਿਆ ਉਤੇ ਵੀ ਪਿਆ ਹੈ। ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ 60 ਫੀਸਦ ਤੋਂ ਵੱਧ ਮਾਪੇ ਕੋਵਿਡ-19 ਤੋਂ ਪ੍ਰਭਾਵਿਤ ਹੋਏ ਹਨ। ਲੌਕਡਾਊਨ ਦੌਰਾਨ ਸਭ ਤੋਂ ਵੱਧ ਨੁਕਸਾਨ ਦਿਹਾੜੀਦਾਰਾਂ ਨੂੰ ਹੋਇਆ ਹੈ। ਸੰਸਥਾ ਨੇ ਦੱਸਿਆ, ‘ਸ਼ਹਿਰੀ ਇਲਾਕਿਆਂ ‘ਚ ਪਿਛਲੇ ਹਫਤਿਆਂ ਦੌਰਾਨ 67 ਫੀਸਦ ਮਾਪਿਆਂ ਦੀਆਂ ਨੌਕਰੀਆਂ ਗਈਆਂ ਹਨ ਜਾਂ ਉਨ੍ਹਾਂ ਦੀ ਆਮਦਨ ਘਟੀ ਹੈ।’
ਸਰਵੇਖਣ ਅਨੁਸਾਰ 55.1 ਫੀਸਦ ਪਰਿਵਾਰਾਂ ਕੋਲ ਸਿਰਫ ਦੋ ਵਕਤ ਦੀ ਰੋਟੀ ਦਾ ਹੀ ਪ੍ਰਬੰਧ ਸੀ ਜਿਸ ਤੋਂ ਪਤਾ ਲੱਗਦਾ ਹੈ ਜ਼ਰੂਰੀ ਵਸਤਾਂ ਦੀ ਸਪਲਾਈ ਘਟਣ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆਈਆਂ ਹਨ।