ਬੇਅਦਬੀ ਮਾਮਲਾ: ਅਦਾਲਤ ‘ਚ ਵਕੀਲਾਂ ਦੀ ਤਿੱਖੀ ਜਿਰ੍ਹਾ

ਮੁਹਾਲੀ: ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲਿਆਂ (ਕਲੋਜਰ ਰਿਪੋਰਟ ਅਤੇ ਨਵੇਂ ਸਿਰਿਉਂ ਜਾਂਚ) ਸਬੰਧੀ ਕੇਸ ਦੀ ਸੁਣਵਾਈ ਮੁਹਾਲੀ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜੀ.ਐਸ਼ ਸੇਖੋਂ ਦੀ ਅਦਾਲਤ ਵਿਚ ਹੋਈ। ਇਸ ਦੌਰਾਨ ਸੀ.ਬੀ.ਆਈ, ਪੰਜਾਬ ਸਰਕਾਰ ਅਤੇ ਸ਼ਿਕਾਇਤਕਰਤਾਵਾਂ ਅਤੇ ਡੇਰਾ ਸਿਰਸਾ ਦੇ ਵਕੀਲਾਂ ਵਿਚ ਭਖਵੀਂ ਬਹਿਸ ਹੋਈ। ਉਂਜ ਪੰਜਾਬ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰੇਨ ਰਾਵਲ ਨੇ ਪੇਸ਼ ਹੋਣਾ ਸੀ ਪਰ ਉਹ ਸਮੇਂ ਸਿਰ ਅਦਾਲਤ ਨਹੀਂ ਪਹੁੰਚ ਸਕੇ, ਜਿਸ ਕਾਰਨ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਅਦਾਲਤ ਤੋਂ 12 ਤੋਂ 2 ਵਜੇ ਤੱਕ ਦੀ ਮੋਹਲਤ ਮੰਗੀ।

ਸਰਕਾਰੀ ਨੁਮਾਇੰਦਾ ਆਪਣੀ ਗੱਲ ਰੱਖ ਹੀ ਰਿਹਾ ਸੀ ਕਿ ਏਨੇ ਵਿਚ ਸੀ.ਬੀ.ਆਈ, ਸ਼ਿਕਾਇਤ ਕਰਤਾਵਾਂ ਦਾ ਵਕੀਲ ਗਗਨ ਪਰਦੀਪ ਸਿੰਘ ਬੱਲ ਅਤੇ ਡੇਰਾ ਸਿਰਸਾ ਦਾ ਵਕੀਲ ਆਰਕੇ ਹਾਂਡਾ ਮਾਮਲੇ ਦੀ ਜਾਂਚ ਨੂੰ ਲੈ ਕੇ ਬਹਿਸਣ ਲੱਗ ਪਏ। ਅਦਾਲਤ ਵਿਚ ਸ਼ਿਕਾਇਤ ਕਰਤਾ ਰਣਜੀਤ ਸਿੰਘ ਬੁਰਜਸਿੰਘ ਵਾਲਾ ਅਤੇ ਗਰੰਥੀ ਗੋਰਾ ਸਿੰਘ ਅਤੇ ਸਿੱਖ ਆਗੂ ਕੁਲਦੀਪ ਸਿੰਘ ਭਾਗੋਵਾਲ ਵੀ ਹਾਜ਼ਰ ਸਨ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਨੁਮਾਇੰਦਾ ਹਰਚਰਨ ਸਿੰਘ ਵੀ ਮੌਜੂਦ ਸੀ।
ਸੀ.ਬੀ.ਆਈ. ਨੇ ਸੁਪਰੀਮ ਕੋਰਟ ਵਿਚ ਉਨ੍ਹਾਂ (ਸੀ.ਬੀ.ਆਈ.) ਦੀ ਰੀਵਿਊ ਪਟੀਸ਼ਨ ਪੈਂਡਿੰਗ ਪਈ ਹੋਣ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਜਦੋਂ ਤੱਕ ਉਚ ਅਦਾਲਤ ਵਿਚ ਰੀਵੀਊ ਪਟੀਸ਼ਨ ਦਾ ਨਿਬੇੜਾ ਨਹੀਂ ਹੋ ਜਾਂਦਾ, ਉਦੋਂ ਤੱਕ ਮੁਹਾਲੀ ਅਦਾਲਤ ਵਿਚ ਸੁਣਵਾਈ ਮੁਲਤਵੀ ਕੀਤੀ ਜਾਵੇ। ਸੀ.ਬੀ.ਆਈ. ਨੇ ਮੁੜ ਦੁਹਰਾਇਆ ਕਿ ਪੰਜਾਬ ਪੁਲਿਸ ਦੀ ਸਿੱਟ ਨੂੰ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਦਾ ਵਿਰੋਧ ਕਰਦਿਆਂ ਵਕੀਲ ਗਗਨ ਪਰਦੀਪ ਸਿੰਘ ਬੱਲ ਨੇ ਦੋ ਵੱਖੋ-ਵੱਖ ਅਰਜ਼ੀਆਂ ਦਾਇਰ ਕਰਕੇ ਕੇਸ ਮੁਤੱਲਕ 17 ਸਵਾਲ ਚੁੱਕੇ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਕੇਸ ਦੀ ਸੁਣਵਾਈ 29 ਜੁਲਾਈ ਤੱਕ ਲਈ ਟਾਲ ਦਿੱਤੀ।
____________________________________________
ਗਰਮਖਿਆਲੀਆਂ ਵਲੋਂ ਰੋਸ ਮੁਜਾਹਰਾ
ਜੈਤੋ: ਬੇਅਦਬੀ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰਨ ਦੇ ਤੌਖਲਿਆਂ ਦਰਮਿਆਨ ਗਰਮਖਿਆਲੀ ਪੰਥਕ ਜਥੇਬੰਦੀਆਂ ਨੇ ਬਰਗਾੜੀ ‘ਚ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਉਨ੍ਹਾਂ ਰਣਬੀਰ ਸਿੰਘ ਖੱਟੜਾ ਅਤੇ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ‘ਚ ਕੰਮ ਕਰਦੀਆਂ ਜਾਂਚ ਟੀਮਾਂ ਉਤੇ ਭਰੋਸਾ ਪ੍ਰਗਟਾਉਂਦਿਆਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਬੇਅਦਬੀ ਮਾਮਲੇ ‘ਚ ਗ੍ਰਿਫਤਾਰੀ ਮੰਗੀ। ਬਰਗਾੜੀ ਦੇ ਗੁਰਦੁਆਰੇ ‘ਚ ਮੀਟਿੰਗ ਕਰਨ ਪਿੱਛੋਂ ਪੰਥਕ ਆਗੂਆਂ ਦੀ ਅਗਵਾਈ ‘ਚ ਰੋਸ ਮਾਰਚ ਕਰਕੇ ਕੌਮੀ ਮਾਰਗ ਕਿਨਾਰੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ।
________________________________________
ਬਰਗਾੜੀ ਮਾਮਲੇ ਦੀ ਜਾਂਚ ਜਲਦ ਹੋਵੇਗੀ ਮੁਕੰਮਲ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫਤਾਵਾਰੀ ਲਾਈਵ ਪ੍ਰੋਗਰਾਮ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਬਰਗਾੜੀ ਮਾਮਲੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਾਂਚ ਜਲਦੀ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਤਹਿ ਤੱਕ ਜਾਵਾਂਗੇ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਕੈਪਟਨ ਨੇ ਮੱਤੇਵਾੜਾ ਜੰਗਲ ਦੇ ਉਜਾੜੇ ਬਾਰੇ ਸਾਹਮਣੇ ਆ ਰਹੀਆਂ ਰਿਪੋਰਟਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਐਲਾਨ ਕੀਤਾ ਕਿ ਮੱਤੇਵਾੜਾ ਜੰਗਲ ਦਾ ਇਕ ਵੀ ਰੁੱਖ ਨਹੀਂ ਕੱਟਿਆ ਜਾਵੇਗਾ ਅਤੇ ਨਾ ਹੀ ਉਦਯੋਗਿਕ ਪਾਰਕ ਦੇ ਵਿਕਾਸ ਲਈ ਸਰਕਾਰ ਵਲੋਂ ਜੰਗਲ ਦੀ ਇਕ ਇੰਚ ਵੀ ਜ਼ਮੀਨ ਲਈ ਜਾਵੇਗੀ।