ਸਿਦਕੀ, ਅਣਥੱਕ ਆਜ਼ਾਦੀ ਘੁਲਾਟੀਆ ਗਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ

ਕ੍ਰਿਪਾਲ ਸਿੰਘ ਸੰਧੂ
ਫੋਨ: 559-259-4844
ਕੋਟਿ ਕੋਟਿ ਪ੍ਰਣਾਮ ਸੰਗਰਾਮੀਆਂ ਵੇ,
ਸਾਡੀ ਕਰੀਂ ਸਲਾਮ ਕਬੂਲ ਅੜਿਆ।
ਦੇਸ਼ ਭਗਤੀ, ਕੁਰਬਾਨੀ ਕਿਸੇ ਖਿੱਤੇ, ਧਰਮ, ਜਾਤ, ਰੰਗ, ਨਸਲ ਅਤੇ ਲਹੂ ਦੀ ਕਿਸੇ ਖਾਸ ਕਲਾਸ ਨਾਲ ਬੱਝੀ ਹੋਈ ਨਹੀਂ ਹੁੰਦੀ। ਜ਼ਿੰਦਗੀ ਦੀਆਂ ਲੋੜਾਂ ਹੀ ਇਨਸਾਨ ਨੂੰ ਸਮੇਂ ਦਾ ਹਾਣੀ ਬਣਨ ਲਈ ਪ੍ਰੇਰਦੀਆਂ ਹਨ। ਸਮਾਜ ਵਿਚ ਇੱਜ਼ਤ ਮਾਣ ਦੀ ਜ਼ਿੰਦਗੀ ਜੀਣਾ ਹਰ ਬੰਦੇ ਦੀ ਕੁਦਰਤੀ ਖਾਹਿਸ਼ ਹੁੰਦੀ ਹੈ। ਅੱਜ ਮੈਂ ਉਸ ਦੇਸ਼ ਭਗਤ ਦੀ ਗੱਲ ਕਰਨ ਲੱਗਾ ਹਾਂ ਜਿਹੜਾ ਜਲਾਲਦੀਵਾਲ ਦਾ ਬਾਬਾ ਦੁੱਲਾ ਸਿੰਘ ਗਦਰੀ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਤਹਿਸੀਲ ਬਰਨਾਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਲਾਲਦੀਵਾਲ ਵਿਚ ਸ਼ ਹਜ਼ਾਰਾ ਸਿੰਘ ਦੇ ਘਰ 1884 ਵਿਚ ਦੁੱਲਾ ਸਿੰਘ ਦਾ ਜਨਮ ਹੋਇਆ। ਘਰੇਲੂ ਹਾਲਾਤ ਆਮ ਸਾਧਾਰਨ ਕਿਸਾਨ ਵਰਗੇ ਸਨ। ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਖੇਤੀ ਵਿਚ ਹੱਥ ਪਵਾਉਣ ਲੱਗ ਪਏ। ਚੜ੍ਹਦੀ ਜਵਾਨੀ ਵਿਚ ਸਾਦਾ ਖੁਰਾਕ, ਸਾਦਾ ਲਿਬਾਸ, ਸੱਚਾ ਸੁੱਚਾ, ਇਖਲਾਕ ‘ਤੇ ਪਹਿਰਾ ਦੇਣ ਦੇ ਵਿਚਾਰਵਾਨ ਹੋਣ ਕਰ ਕੇ ਹਾਣੀਆਂ ਤੋਂ ਵੱਡੇ ਵੀ ਦੁੱਲਾ ਸਿੰਘ ਨੂੰ ਇੱਜ਼ਤ ਦੀ ਨਿਗ੍ਹਾ ਨਾਲ ਦੇਖਦੇ ਸਨ। ਵਿਦੇਸ਼ਾਂ ਵਿਚ ਜਾ ਕੇ ਮਿਹਨਤ ਮਜ਼ਦੂਰੀ ਕਰ ਕੇ ਘਰੇਲੂ ਹਾਲਤ ਸੁਧਾਰਨ ਦੇ ਮੰਤਵ ਨਾਲ ਆਪਣੇ ਮਾਂ ਬਾਪ ਨਾਲ ਸਲਾਹ ਮਸ਼ਵਰਾ ਕਰਨ ਲੱਗੇ। ਇਸੇ ਦੌਰਾਨ 9 ਸਤੰਬਰ 1923 ਨੂੰ ਨਾਭਾ ਦਿਵਸ ਦੇ ਰੂਪ ਵਿਚ ਦਿਨ ਮਨਾਉਣ ਕਰ ਕੇ ਗੁਰੂਘਰ ਵਿਚ ਰੱਖੇ ਅਖੰਡ ਪਾਠ ਸਮੇਂ ਪੁਲਿਸ ਨੇ ਵਿਘਨ ਪਾਇਆ। ਇਸ ਤੋਂ ਬਾਅਦ ਇਸ ਖਿਲਾਫ ਉਠੀ ਕਾਂਗ ਮੋਰਚੇ ਦਾ ਰੂਪ ਧਾਰ ਗਈ। ਦੁੱਲਾ ਸਿੰਘ ਨੇ ਵੀ ਇਸ ਮੋਰਚੇ ਵਿਚ ਯੋਗਦਾਨ ਪਾਇਆ। ਨਾਲੇ ਸਦਾ ਲਈ ਸਿੱਖੀ ਸਰੂਪ ਵਿਚ ਰਹਿਣ ਦਾ ਮਨ ਬਣਾਇਆ। ਇਹ ਮੋਰਚਾ ਜੈਤੋ ਦੇ ਮੋਰਚੇ ਵਜੋਂ ਦੇਸ਼ ਭਰ ਵਿਚ ਪ੍ਰਸਿੱਧ ਹੋਇਆ। ਇਸ ਮੋਰਚੇ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਗ੍ਰਿਫ਼ਤਾਰੀ ਦਿੱਤੀ ਸੀ। ਆਖਰ ਸਰਕਾਰ ਨੂੰ ਝੁਕਣਾ ਪਿਆ। ਲੋਕਾਂ ਦੀ ਜਿੱਤ ਹੋਈ। ਮਹਾਤਮਾ ਗਾਂਧੀ ਨੇ ਵੀ ਇਸ ਮੋਰਚੇ ਨੂੰ ਬ੍ਰਿਟਿਸ਼ ਸਰਕਾਰ ਖਿਲਾਫ਼ ਹਿੰਦੁਸਤਾਨ ਦੀ ਆਜ਼ਾਦੀ ਦੇ ਘੋਲ ਦੀ ਪਹਿਲੀ ਜਿੱਤ ਕਰਾਰ ਦਿੱਤਾ ਸੀ। ਦੁੱਲਾ ਸਿੰਘ ਦੀ ਅੰਗਰੇਜ਼ ਸਰਕਾਰ ਖ਼ਿਲਾਫ਼ ਸ਼ੁਰੂਆਤ ਇਸ ਮੋਰਚੇ ਤੋਂ ਹੀ ਹੋਈ ਸੀ।
ਹਿੰਦੋਸਤਾਨ ਦੇ ਮੁੱਢਲੇ ਇਤਿਹਾਸ ਦੀ ਜਾਣਕਾਰੀ ਰਿਗਵੇਦ ਤੋਂ ਵੀ ਪ੍ਰਾਪਤ ਹੁੰਦੀ ਹੈ ਅਤੇ ਹਿਊਨਸਾਂਗ ਤੇ ਮੰਗਸਤਨੀਜ਼ ਦੀਆਂ ਲਿਖਤਾਂ ਤੋਂ ਵੀ। ਕੁਦਰਤੀ ਸੋਮਿਆਂ, ਪੌਣ ਪਾਣੀ ਦਾ ਅਨੁਭਵ ਹੋਣ ਕਰ ਕੇ ਖੁੱਲ੍ਹੇ ਡੁੱਲ੍ਹੇ ਪਹਾੜ ਤੇ ਮੈਦਾਨਾਂ ਵਿਚ ਲੋਕ ਪਸ਼ੂ ਪਾਲਣ ਤੋਂ ਸ਼ੁਰੂ ਹੋ ਕੇ ਮੁੱਖ ਕਿੱਤਾ ਖੇਤੀਬਾੜੀ ਅਪਨਾ ਚੁੱਕੇ ਸਨ। ਵਪਾਰ ਖੁਸ਼ਕ ਰਸਤੇ ਗੁਆਂਢੀ ਮੁਲਕਾਂ ਤੋਂ ਸ਼ੁਰੂ ਹੋ ਕੇ ਮਿਸਰ ਤੱਕ ਹੁੰਦਾ। ਬੱਚਿਆਂ ਦੇ ਪੜ੍ਹਨ ਲਈ ਨਾਲੰਦਾ, ਬਨਾਰਸ, ਟੈਕਸਲਾ ਯੂਨੀਵਰਸਿਟੀਆਂ ਸਨ। ਗੁਆਂਢੀ ਦੇਸ਼ਾਂ ਤੋਂ ਵੀ ਬੱਚੇ ਉਥੇ ਪੜ੍ਹਨ ਆਉਂਦੇ ਸਨ। ਚੋਰੀ ਅਤੇ ਇਖਲਾਕੀ ਗਿਰਾਵਟ ਦਾ ਨਾਂ ਨਿਸ਼ਾਨ ਨਹੀਂ ਸੀ। ਲੋਕ ਆਪਣੇ ਘਰਾਂ ਨੂੰ ਤਾਲੇ ਨਹੀਂ ਸਨ ਲਾਉਂਦੇ। ਔਰਤਾਂ ਦੀ ਬੜੀ ਇੱਜ਼ਤ ਸੀ। ਇਹ ਲੋਕ ਕਿਸੇ ਗੁਆਂਢੀ ਮੁਲਕ ‘ਤੇ ਹਮਲਾ ਕਰਨਾ ਜਾਂ ਕਿਸੇ ਬੰਦੇ ਨੂੰ ਆਪਣੇ ਅਧੀਨ ਰੱਖਣਾ ਪਾਪ ਸਮਝਦੇ ਸਨ। ਲੋਕ ਖੁਸ਼ਹਾਲ ਸਨ। ਇਨ੍ਹਾਂ ਗੁਣਾਂ ਕਰ ਕੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ।
ਮਨੁੱਖ ਕਬੀਲਿਆਂ, ਪੱਥਰ ਤੇ ਧਾਤ ਦੇ ਜ਼ਮਾਨੇ, ਗੁਲਾਮਦਾਰੀ, ਜਗੀਰਦਾਰੀ ਤੋਂ ਹੁੰਦਾ ਹੋਇਆ ਸਰਮਾਏਦਾਰੀ ਯੁੱਗ ਵੱਲ ਪੈਰ ਵਧਾਉਣ ਲੱਗਾ। ਨਵੀਆਂ ਖੋਜਾਂ ਤੇ ਕਾਢਾਂ ਦੇ ਜਨਮ ਨਾਲ ਵੀ ਮਨੁੱਖ ਦੀ ਸਰਮਾਏ ਵੱਲ ਰੁਚੀ ਵਧਣ ਲੱਗੀ। ਇਹ ਮੰਡੀਆਂ ਤਲਾਸ਼ਣ ਲੱਗਾ। ਹਿੰਦੁਸਤਾਨ ਦੇ ਵਪਾਰ ਅਤੇ ਧਨ-ਦੌਲਤ ਨਾਲ ਮਾਲਾ ਮਾਲ ਹੋਣ ਦੀਆਂ ਖ਼ਬਰਾਂ ਹੌਲੀ-ਹੌਲੀ ਦੂਰ ਨੇੜੇ ਦੇ ਦੇਸ਼ਾਂ ਵਿਚ ਅੱਪੜ ਚੁੱਕੀਆਂ ਸਨ। ਪੁਰਤਗਾਲੀ, ਫਰਾਂਸੀਸੀ, ਇੰਗਲੈਂਡ ਵਾਲੇ ਪਾਣੀਆਂ ਰਾਹੀਂ ਵਪਾਰ ਕਰਨ ਲਈ ਆਉਣੇ ਸ਼ੁਰੂ ਹੋਏ। ਇੰਗਲੈਂਡ ਦੇ ਧਨੀ ਲੋਕਾਂ ਨੇ ਈਸਟ ਇੰਡੀਆ ਕੰਪਨੀ ਬਣਾਈ। ਉਹ ਸੰਨ 1600 ਦੇ ਨੇੜੇ-ਤੇੜੇ ਜਹਾਂਗੀਰ ਬਾਦਸ਼ਾਹ ਵੇਲੇ ਪਹਿਲਾਂ ਕੋਲਕਾਤਾ ਆਏ, ਫਿਰ ਆਪਣੀ ਕੂਟਨੀਤੀ ਰਾਹੀਂ ਮੁਲਕ ਵਿਚ ਪੈਰ ਪੱਕੇ ਕਰਨ ਲੱਗ ਪਏ। ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ 27 ਜੂਨ 1839 ਹੋਈ। ਇਸ ਤੋਂ ਬਾਅਦ 10 ਫਰਵਰੀ 1848 ਨੂੰ ਸਭਰਾਵਾਂ ਦੀ ਲੜਾਈ ਵਿਚ ਖਾਲਸਾ ਪੰਜਾਬੀ ਫੌਜ ਦੇ ਹਾਰ ਜਾਣ ਤੋਂ ਬਾਅਦ ਇੰਗਲੈਂਡ ਦੀ ਮਹਾਰਾਣੀ ਸਾਰੇ ਭਾਰਤ ਦੀ ਮਾਲਕ ਬਣ ਗਈ। ਬਰਤਾਨੀਆ ਦਾ ਯੂਨੀਅਨ ਜੈਕ ਝੰਡਾ ਸਾਰੇ ਦੇਸ਼ ‘ਚ ਝੁਲਾ ਦਿੱਤਾ ਗਿਆ।
ਚਿੱਟੇ ਦਿਨ ਵਿਦੇਸ਼ੀ ਬਰਤਾਨਵੀ ਕੱਚਾ ਮਾਲ ਵਪਾਰੀਆਂ ਰਾਹੀਂ ਖਰੀਦ ਕਰਵਾ ਕੇ ਕਰਾਚੀ ਬੰਦਰਗਾਹ ਤੋਂ ਲੈ ਜਾਂਦੇ। ਇੰਗਲੈਂਡ ਦੇ ਕਾਰਖਾਨਿਆਂ ਵਿਚ ਮਾਲ ਤਿਆਰ ਕਰਵਾ ਕੇ ਵਾਪਸ ਹਿੰਦੁਸਤਾਨ ਪਹੁੰਚਾ ਕੇ ਆਪਣੀ ਮਨ ਮਰਜ਼ੀ ਦੇ ਭਾਅ ਫਰੋਖਤ ਕਰਦੇ। ਇਸ ਤਰ੍ਹਾਂ ਦੋਵੇਂ ਤਰ੍ਹਾਂ ਲੋਕਾਂ ਦੀ ਲੁੱਟ ਕਰਦੇ। ਹਿੰਦੁਸਤਾਨੀ ਕਾਰਖਾਨੇ ਬੰਦ ਹੋਣ ਲੱਗੇ ਤੇ ਸਨਅਤੀ ਮਜ਼ਦੂਰ ਬੇਕਾਰ। 19ਵੀਂ ਸਦੀ ਦੇ ਅਖੀਰਲੇ ਦਹਾਕੇ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਅੰਗਰੇਜ਼ ਸਰਕਾਰ, ਰਜਵਾੜਾਸ਼ਾਹੀ, ਜਗੀਰਦਾਰੀ ਢਾਂਚਾ ਤੇ ਸ਼ਾਹੂਕਾਰਾਂ ਦੀ ਮਿਲੀਭੁਗਤ ਕਰ ਕੇ ਕਿਸਾਨ ਤਨ ਕੱਜਣ ਤੇ ਢਿੱਡ ਭਰਨ ਤੋਂ ਵੀ ਆਪਣੇ ਆਪ ਨੂੰ ਅਸਮਰਥ ਸਮਝਣ ਲੱਗ ਪਿਆ। ਮਜਬੂਰੀਵਸ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿਚ ਮਜ਼ਦੂਰੀ ਕਰਨ ਲਈ ਭੇਜਣ ਲੱਗਾ।
ਘਰ ਦੀ ਗਰੀਬੀ ਤੋਂ ਪਿੱਛਾ ਛਡਾਉਣ ਖਾਤਰ ਦੁੱਲਾ ਸਿੰਘ ਹਾਂਗਕਾਂਗ ਕੁਝ ਸਮਾਂ ਮਜ਼ਦੂਰੀ ਕਰ ਕੇ ਪਨਾਮਾ ਪਹੁੰਚ ਗਿਆ। ਉਥੇ ਕੱਪੜਾ ਵੇਚਣ ਲੱਗਾ ਤੇ ਡਾਲਰ ਵੀ ਖੂਬ ਕਮਾਏ। ਹਿੰਦੋਸਤਾਨੀ ਕਾਮੇ ਜਿਨ੍ਹਾਂ ਵਿਚ ਬਹੁਤੇ ਪੰਜਾਬੀ ਸਨ, ਜਦੋਂ ਅਮਰੀਕਾ, ਕੈਨੇਡਾ ਦੀ ਧਰਤੀ ‘ਤੇ ਹੱਡ ਭੰਨਵੀਂ ਮਿਹਨਤ ਕਰ ਕੇ ਕਮਾਈ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਨਸਲੀ ਵਿਤਕਰੇ ਕਰ ਕੇ ਔਕੜਾਂ ਆਉਂਦੀਆਂ ਤੇ ਕਈ ਵਾਰੀ ਤਸ਼ੱਦਦ ਦਾ ਟਾਕਰਾ ਵੀ ਕਰਨਾ ਪਿਆ। ਇਸੇ ‘ਚੋਂ ਇਹ ਸੋਚ ਨਿਕਲੀ ਸੀ ਕਿ ਪਹਿਲਾਂ ਦੇਸ਼ ਦੀ ਗੁਲਾਮੀ ਖਤਮ ਕੀਤੀ ਜਾਵੇ। ਗਦਰ ਲਹਿਰ 1913-14 ਵਿਚ ਅਮਰੀਕਾ ਵਿਚ ਗਦਰ ਪਾਰਟੀ ਦੇ ਰੂਪ ‘ਚ ਜਨਮ ਲੈ ਚੁੱਕੀ ਸੀ। ਦੁੱਲਾ ਸਿੰਘ ਨੂੰ ਜੈਤੋ ਦੇ ਮੋਰਚੇ ਵਿਚ ਹਿੱਸਾ ਲੈਣ ਕਰ ਕੇ ਦੇਸ਼ ਭਗਤੀ ਦਾ ਜਾਗ ਲੱਗ ਚੁੱਕਾ ਸੀ। ਸੋ ਉਹ 1923 ਵਿਚ ਆਪਣੇ ਸਾਥੀਆਂ ਅਮਰ ਸਿੰਘ, ਦਲੀਪ ਸਿੰਘ, ਰਲਾ ਸਿੰਘ, ਵਰਿਆਮ ਸਿੰਘ, ਚੈਨ ਸਿੰਘ ਨਾਲ ਗਦਰ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ। ‘ਗਦਰ ਦੀ ਗੂੰਜ’ ਅਖ਼ਬਾਰ ਮੰਗਵਾਉਂਦੇ, ਪੜ੍ਹਦੇ ਤੇ ਵਿਚਾਰਾਂ ਕਰਦੇ ਉਹ ਸੈਨ ਫਰਾਂਸਿਸਕੋ ਵੀ ਗਏ ਸਨ।
ਜਦੋਂ 23 ਮਾਰਚ 1931 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਤਾਂ ਗਦਰ ਪਾਰਟੀ ਦੀ ਪਨਾਮਾ ਬਰਾਂਚ ਨੇ ਇਕ ਦਿਨ ਦੀ ਭੁੱਖ ਹੜਤਾਲ ਵੀ ਕੀਤੀ। ਹਾਲ ਵਿਚ ਮੀਟਿੰਗ ਕਰ ਕੇ ਫੰਡ ਵੀ ਇਕੱਠਾ ਕੀਤਾ ਗਿਆ। 1932 ਵਿਚ ਜਦੋਂ ਗਦਰੀ ਦੇਸ਼ ਭਗਤ ਤੇਜਾ ਸਿੰਘ ਸੁਤੰਤਰ ਪਨਾਮਾ ਗਿਆ ਸੀ ਤਾਂ ਪਨਾਮਾ ਬਰਾਂਚ ਨੂੰ ਗਦਰ ਪਾਰਟੀ ਵੱਲੋਂ ਉਲੀਕੇ ਹੋਏ ਹਥਿਆਰਬੰਦ ਘੋਲ ਰਾਹੀਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਸਮਝਾਇਆ ਸੀ। ਉਸ ਵੇਲੇ ਗਦਰ ਪਾਰਟੀ ਦੀ ਪਨਾਮਾ ਬਰਾਂਚ ਦੇ 500 ਮੈਂਬਰ ਸਨ। ਸਰਬਸੰਮਤੀ ਨਾਲ ਦੁੱਲਾ ਸਿੰਘ ਨੂੰ ਪ੍ਰਧਾਨ, ਚੈਨ ਸਿੰਘ ਨੂੰ ਸਕੱਤਰ ਅਤੇ ਅਮਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਗਦਰ ਪਾਰਟੀ ਵੱਲੋਂ ਮਿਲੇ ਸੁਨੇਹੇ ਮੁਤਾਬਕ ਦੁੱਲਾ ਸਿੰਘ ਫੌਜੀ ਟਰੇਨਿੰਗ ਵਾਸਤੇ ਮਾਸਕੋ ਚਲੇ ਗਏ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਗਦਰ ਪਾਰਟੀ ਦੇ ਇਤਿਹਾਸ ਵਿਚ ਪਨਾਮਾ ਬਰਾਂਚ ਗਦਰੀ ਸਰਗਰਮੀਆਂ ਅਤੇ ਫੰਡ ਇਕੱਠਾ ਕਰਨ ਲਈ ਅਹਿਮ ਸਥਾਨ ਰੱਖਦੀ ਹੈ।
ਬ੍ਰਿਟਿਸ਼ ਸਰਕਾਰ ਇਨ੍ਹਾਂ ਗਦਰੀਆਂ, ਖਾਸ ਕਰ ਕੇ ਜਿਹੜੇ ਮਾਸਕੋ ਤੋਂ ਟਰੇਨਿੰਗ ਲੈ ਕੇ ਆਉਂਦੇ ਸਨ, ਉਤੇ ਧਿਆਨ ਰੱਖ ਰਹੀ ਸੀ। ਪੰਜਾਬ ਵਿਚ ਦੇਸ਼ ਭਗਤਾਂ ਨੇ ‘ਕਿਰਤੀ’ ਨਾਂ ਦਾ ਅਖ਼ਬਾਰ ਕੱਢਣਾ ਸ਼ੁਰੂ ਕੀਤਾ ਹੋਇਆ ਸੀ ਜਿਹੜਾ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਦੇਸ਼ ਭਗਤਾਂ, ਗਦਰੀਆਂ, ਕਿਸਾਨਾਂ, ਮਿਹਨਤ ਮਜ਼ਦੂਰੀ ਕਰਨ ਵਾਲਿਆਂ ਦੇ ਹੱਕ ਵਿਚ ਪ੍ਰਚਾਰ ਕਰਦਾ ਅਤੇ ਨਾਲ ਨਾਲ ਬਰਤਾਨੀਆ ਸਰਕਾਰ ਦੀ ਗਰੀਬ ਮਾਰੂ ਬੇਈਮਾਨ ਨੀਤੀ ਦਾ ਪਰਦਾ ਵੀ ਫਾਸ਼ ਕਰਦਾ ਸੀ। ਫੌਜੀ ਟਰੇਨਿੰਗ ਲੈਣ ਤੋਂ ਬਾਅਦ ਦੁੱਲਾ ਸਿੰਘ ਵੀ ਪੰਜਾਬ ਅੱਪੜ ਗਏ ਤੇ ‘ਕਿਰਤੀ’ ਅਖ਼ਬਾਰ ਵਿਚ ਕੰਮ ਕਰਨ ਲੱਗੇ।
27 ਅਕਤੂਬਰ 1935 ਨੂੰ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਵਿਚ ਦੇਸ਼ ਭਗਤ ਪਰਿਵਾਰਕ ਸਹਾਇਤਾ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਵਿਚ ਆਪਣੇ ਸਾਥੀ ਨਾਲ ਸ਼ਿਰਕਤ ਕਰਨ ਗਏ ਸਨ ਕਿ ਉਥੋਂ ਦੋਹਾਂ ਗਦਰੀ ਯੋਧਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲਾਹੌਰ ਇੰਟੈਰੋਗੇਸ਼ਨ ਸੈਂਟਰ ਵਿਚ ਲੈ ਗਏ ਜਿਸ ਨੂੰ ਧਰਤੀ ‘ਤੇ ਦੋਜਖ ਕਿਹਾ ਜਾਂਦਾ ਸੀ। ਦੁੱਲਾ ਸਿੰਘ ਨੇ ਦੋ ਮਹੀਨੇ ਸਰੀਰਕ ਤਸ਼ੱਦਦ ਆਪਣੇ ਪਿੰਡੇ ਉਤੇ ਹੰਢਾਇਆ। ਇਸੇ ਤਸ਼ੱਦਦ ਨਾਲ ਅੱਖਾਂ ਦੀ ਰੌਸ਼ਨੀ ਵੀ ਕਮਜ਼ੋਰ ਹੋ ਗਈ ਪਰ ਪੁਲਿਸ ਦੇ ਹੱਥ ਪੱਲੇ ਕੁਝ ਨਾ ਪਿਆ। ਇਸ ਤੋਂ ਖਫਾ ਹੋ ਕੇ ਉਨ੍ਹਾਂ ਦੇ ਇਕੋ ਇੱਕ ਪੁੱਤਰ ਹਰਨਾਮ ਸਿੰਘ ਜੋ ਅਜੇ ਜਵਾਨੀ ਵਿਚ ਪੈਰ ਧਰ ਰਿਹਾ ਸੀ, ਨੂੰ ਫੜ ਕੇ ਪੁਲਿਸ ਉਸੇ ਇੰਟੈਰੋਗੇਸ਼ਨ ਸੈਂਟਰ ਵਿਚ ਲੈ ਆਈ ਸੀ। ਦੁੱਲਾ ਸਿੰਘ ਨੇ ਆਪਣੀਆਂ ਅੱਖਾਂ ਨਾਲ ਪੁਲਿਸ ਵੱਲੋਂ ਕੁੱਟੇ ਜਾਂਦੇ ਆਪਣੇ ਪੁੱਤਰ ਨੂੰ ਦੇਖਿਆ ਤੇ ਉਸ ਦੀਆਂ ਪੈਂਦੀਆਂ ਲੇਰਾਂ ਆਪਣੇ ਕੰਨਾਂ ਨਾਲ ਸੁਣੀਆਂ ਪਰ ਆਫਰੀਨ ਸਿਦਕੀ ਯੋਧੇ ਦੇ, ਆਜ਼ਾਦੀ ਦੀ ਲੜੀ ਜਾ ਰਹੀ ਲੜਾਈ ਦਾ ਇਕ ਵੀ ਸੁਰਾਗ ਪੁਲਿਸ ਨਾ ਲੱਭ ਸਕੀ। ਆਖਰ ਥੱਕ ਟੁੱਟ ਕੇ ਦੁੱਲਾ ਸਿੰਘ ਨੂੰ ਇਕ ਸਾਲ ਲਈ ਉਸ ਦੇ ਪਿੰਡ ਨਜ਼ਰਬੰਦੀ ਦਾ ਹੁਕਮ ਸੁਣਾਇਆ।
ਦੁੱਲਾ ਸਿੰਘ ਨੇ ਪਿੰਡ ਆ ਕੇ ਹੱਟੀ ਪਾ ਲਈ। ਹੱਟੀ ‘ਤੇ ਹਰ ਆਏ ਗਏ ਨੂੰ ਹਿੰਦੁਸਤਾਨ ਦੀ ਆਜ਼ਾਦੀ ਲਈ ਪ੍ਰੇਰਦੇ ਰਹਿੰਦੇ। 1936-37 ਦੀਆਂ ਅਸੈਂਬਲੀ ਚੋਣਾਂ ਹੋਈਆਂ। ਯੂæਪੀæ ਸੂਬੇ ਵਿਚ ਕਾਂਗਰਸ ਦੀ ਵਜ਼ਾਰਤ ਕਾਇਮ ਹੋਈ। ਪੰਡਿਤ ਪੰਨਤ ਮੁੱਖ ਮੰਤਰੀ ਬਣਿਆ। ਸੋ, ਕਾਂਗਰਸ ਦਾ ਫਾਇਦਾ ਉਠਾਉਂਦਿਆਂ ਅਖ਼ਬਾਰ ‘ਕਿਰਤੀ’ ਉਰਦੂ ਤੇ ਪੰਜਾਬੀ ਵਿਚ ਮੇਰਠ ਤੋਂ ਕੱਢਣਾ ਸ਼ੁਰੂ ਕਰ ਦਿੱਤਾ। ਕਰਮ ਸਿੰਘ ਧੂਤ ਅਤੇ ਦੁੱਲਾ ਸਿੰਘ ਮੇਰਠ ਚਲੇ ਗਏ ਅਤੇ ਇਲਾਕੇ ਵਿਚ ਕਿਸਾਨ ਕਮੇਟੀਆਂ ਬਣਾਉਣ ਲੱਗ ਪਏ। ਨਾਲ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਸਟੱਡੀ ਸਰਕਲ ਵੀ ਦੇਣ ਲੱਗੇ। ਇਹ ਅਖ਼ਬਾਰ 1939 ਤਕ ਬਾਖੂਬੀ ਚੱਲਿਆ। ਸਰਕਾਰ ਨੇ ਫਿਰ ਪ੍ਰੈਸ ਜ਼ਬਤ ਕਰ ਲਈ। ਦੁੱਲਾ ਸਿੰਘ ਤੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ। ਦੁੱਲਾ ਸਿੰਘ ਮਿੰਟਗੁਮਰੀ, ਰਾਵਲਪਿੰਡੀ, ਗੁਜਰਾਤ, ਲਾਹੌਰ, ਬਠਿੰਡਾ, ਸੰਗਰੂਰ, ਪਟਿਆਲਾ, ਅੰਬਾਲਾ, ਮੇਰਠ ਜੇਲ੍ਹਾਂ ਵਿਚ ਰਹੇ। ਉਨ੍ਹਾਂ ਨੇ ਦੋ ਦਫ਼ਾ ਕਈ-ਕਈ ਸਾਲ ਗੁਪਤਵਾਸ ਦੀ ਜ਼ਿੰਦਗੀ ਵੀ ਗੁਜ਼ਾਰੀ। ਗੁਪਤਵਾਸ ਦੀ ਜ਼ਿੰਦਗੀ ਸਮੇਂ ਇਕ ਦਫ਼ਾ ਉਹ ਕਿਸੇ ਖਾਸ ਕੰਮ ਲਈ ਜਲੰਧਰ ਸ਼ਹਿਰ ਦੇ ਨੂਰਮਹਿਲ ਸਟੇਸ਼ਨ ਤੋਂ ਉਤਰ ਕੇ ਗਦਰੀ ਬਾਬੇ ਕਰਮ ਸਿੰਘ ਚੀਮਾ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਜਾ ਰਹੇ ਸਨ ਕਿ ਸੀæਆਈæਡੀæ ਇੰਸਪੈਕਟਰ ਨੇ ਪਹਿਰਾਵੇ ਅਤੇ ਬੋਲੀ ਤੋਂ ਪਛਾਣ ਕੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵੇਲੇ ਉਨ੍ਹਾਂ ਕੋਲ 10,000 ਰੁਪਿਆ ਵੀ ਸੀ। ਪੁਲਿਸ ਨੇ ਫਿਰ ਸਰੀਰਕ ਤਸ਼ੱਦਦ ਕੀਤਾ ਜੋ ਉਨ੍ਹਾਂ ਨੇ ਬੁਢਾਪੇ ਵਿਚ ਵੀ ਖਿੜੇ ਮੱਥੇ ਸਹਾਰਿਆ।
ਸਿਆਣੇ ਆਖਦੇ ਹਨ ਕਿ ਜ਼ਿੰਦਗੀ ਵਿਚ ਵਿਆਹ ਵਾਲਾ ਦਿਨ ਅਹਿਮ ਦਿਨ ਹੁੰਦਾ ਹੈ। ਦੁੱਲਾ ਸਿੰਘ ਦੀ ਪਤਨੀ ਬੀਬੀ ਦਿਆ ਕੌਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੇ ਜੀਵਨ ਸਾਥੀ ਨਾਲ ਦੁੱਖ ਸੁੱਖ ਵਿਚ ਸਾਰੀ ਜ਼ਿੰਦਗੀ ਗੁਜ਼ਾਰਨ ਦਾ ਵਾਅਦਾ ਯਾਦ ਆਇਆ। ਸੋ, ਬੀਬੀ ਦਿਆ ਕੌਰ ਨੇ ਘਰ ਦੇ ਇੱਜ਼ਤ ਮਾਣ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਪਣੀ ਮਿਠਾਸ ਭਰੀ ਬੋਲੀ ਵਿਚ ਲੋਹੜੇ ਦੀ ਕੁੜੱਤਣ ਤੇ ਸਖ਼ਤੀ ਲੈ ਆਂਦੀ। ਸਾਰੀ ਜ਼ਿੰਦਗੀ ਆਪਣੇ ਦੇਸ਼ ਭਗਤ ਪਤੀ ਦੇ ਵਿਚਾਰਾਂ ਨਾਲ ਸਹਿਮਤ ਹੋ ਕੇ ਗੁਜ਼ਾਰ ਦਿੱਤੀ। ਆਪਣੇ ਦੋਵੇਂ ਬੱਚਿਆਂ-ਹਰਨਾਮ ਸਿੰਘ ਤੇ ਗੁਰਨਾਮ ਕੌਰ ਨੂੰ ਚੰਗੇ ਗੁਣ ਗ੍ਰਹਿਣ ਕਰਵਾਏ ਜਿਨ੍ਹਾਂ ਨੇ ਵੱਡੇ ਹੋ ਕੇ ਅੱਗੇ ਆਪਣੇ ਬੱਚਿਆਂ ਨੂੰ ਇਹ ਗੁਣ ਵਿਰਾਸਤ ਵਿਚ ਦਿੱਤੇ। ਜਿਵੇਂ ਬਾਬਾ ਦੁੱਲਾ ਸਿੰਘ ਦੀ ਪੋਤੀ ਬੀਬੀ ਗਿਆਨ ਕੌਰ ਆਪਣੇ ਨਿੱਗਰ ਤੇ ਨਰੋਈ ਸੋਚ ਵਾਲੇ ਪਤੀ ਜਿਨ੍ਹਾਂ ਨੂੰ ਗਦਰੀ ਬਾਬਾ ਦੁੱਲਾ ਸਿੰਘ ਹਰਦੇਵ ਸਿੰਘ ਦੇ ਨਾਂ ਨਾਲ ਬੁਲਾਉਂਦੇ ਸਨ, ਅੱਜਕੱਲ੍ਹ ਫਰਿਜ਼ਨੋ ਰਹਿੰਦੇ ਹਨ। ਦੇਸ਼ ਭਗਤੀ ਦੀ ਸੋਚ ਰੱਖਣ ਵਾਲੇ ਘਰ ਆਏ ਹਰ ਬੰਦੇ ਨੂੰ ਖਿੜੇ ਮੱਥੇ ਜੀ ਆਇਆਂ ਆਖਦੇ ਹਨ।
ਗਦਰ ਪਾਰਟੀ ਦੇ ਆਗੂ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਭੁੱਖ ਹੜਤਾਲਾਂ, ਨਾ ਮਿਲਵਰਤਣ ਲਹਿਰਾਂ, ਬਾਈਕਾਟ ਦੇਸ਼ ਦੀ ਜਨਤਾ ਦੇ ਮਨੋਬਲ ਦਾ ਗਰਾਫ ਡਿੱਗਣ ਤੋਂ ਬਚਾਉਣ ਲਈ ਹਥਿਆਰ ਤਾਂ ਸਾਬਤ ਹੋ ਸਕਦੀਆਂ ਹਨ ਪਰ ਬਰਤਾਨੀਆ ਸਰਕਾਰ ਨੂੰ ਹਿੰਦੁਸਤਾਨ ਵਿਚੋਂ ਸਿਖ਼ਰ ਦੁਪਹਿਰੇ ਤੁਰਦਾ ਕਰਨ ਲਈ ਇਕ ਵਦਾਣੀ ਸੱਟ ਸਾਬਤ ਨਹੀਂ ਹੋ ਸਕਦੀਆਂ। ਇਸੇ ਲਈ ਗਦਰ ਪਾਰਟੀ ਹਥਿਆਬੰਦ ਘੋਲ ‘ਤੇ ਜ਼ੋਰ ਦੇ ਰਹੀ ਸੀ। ਗਦਰੀਆਂ ਤੇ ਦੇਸ਼ ਭਗਤਾਂ ਦੀ ਇਹੀ ਮੁਢਲੀ ਤੇ ਆਖਰੀ ਖਾਹਿਸ਼ ਸੀ ਕਿ ਭਾਰਤ ਦੇਸ਼ ਆਜ਼ਾਦ ਹੋਵੇ, ਖੁਸ਼ਹਾਲ ਹੋਵੇ ਤੇ ਪਹਿਲਾਂ ਵਾਂਗ ਸੋਨੇ ਦੀ ਚਿੜੀ ਕਹਾਵੇ। ਆਖਰਕਾਰ ਲਗਾਤਾਰ ਸੰਘਰਸ਼ ਅਤੇ ਕੁਰਬਾਨੀਆਂ ਸਦਕਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ।
1955 ਵਿਚ ਜਲੰਧਰ ਵਿਚ ਦੇਸ਼ ਭਗਤ ਯਾਦਗਾਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ। ਗਦਰੀ ਬਾਬਾ ਦੁੱਲਾ ਸਿੰਘ ਇਸ ਕਮੇਟੀ ਦੇ ਵੀ ਮੈਂਬਰ ਸਨ। ਉਨ੍ਹਾਂ ਦੀ ਪਿੱਠ ‘ਤੇ ਨਾਸੂਰ ਫੋੜਾ ਸੀ ਜੋ ਜਾਨਲੇਵਾ ਸਾਬਤ ਹੋਇਆ। ਉਹ 82 ਸਾਲ ਦਾ ਸੰਘਰਸ਼ੀ ਜੀਵਨ ਗੁਜ਼ਾਰ ਕੇ 29 ਦਸੰਬਰ 1966 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

Be the first to comment

Leave a Reply

Your email address will not be published.