ਭਾਰਤ ਨੇ ਸਭ ਤੋਂ ਵੱਧ 27.3 ਕਰੋੜ ਲੋਕਾਂ ਨੂੰ ਗਰੀਬੀ ਤੋਂ ਉਪਰ ਚੁੱਕਿਆ

ਜਨੇਵਾ (ਸਵਿਟਜ਼ਰਲੈਂਡ): ਭਾਰਤ ਵਿਚ 2005-06 ਤੋਂ ਲੈ ਕੇ 2015-16 ਦੌਰਾਨ 27.3 ਕਰੋੜ ਲੋਕ ਗਰੀਬੀ ਦੇ ਘੇਰੇ ਵਿਚੋਂ ਬਾਹਰ ਨਿਕਲੇ ਹਨ। ਇਹ ਇਸ ਸਮੇਂ ਦੌਰਾਨ ਕਿਸੇ ਵੀ ਦੇਸ਼ ‘ਚ ਗਰੀਬਾਂ ਦੀ ਗਿਣਤੀ ‘ਚ ਸਭ ਤੋਂ ਵੱਧ ਕਮੀ ਹੈ। ਉਕਤ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਦਿੱਤੀ ਗਈ ਹੈ।

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਤੇ ਆਕਸਫੋਰਡ ਗਰੀਬੀ ਤੇ ਮਨੁੱਖੀ ਵਿਕਾਸ ਪਹਿਲ (ਓ.ਪੀ.ਐਚ.ਆਈ.) ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 75 ਵਿਚੋਂ 65 ਦੇਸ਼ਾਂ ‘ਚ 2000 ਤੋਂ 2019 ਦੇ ਵਿਚਕਾਰ ਵੱਖ-ਵੱਖ ਪੱਧਰਾਂ ਉਤੇ ਗਰੀਬੀ ‘ਚ ਕਾਫੀ ਕਮੀ ਆਈ ਹੈ। ਵੱਖ-ਵੱਖ ਪੱਧਰਾਂ ਦੀ ਗਰੀਬੀ ‘ਚ ਖਰਾਬ ਸਿਹਤ, ਸਿੱਖਿਆ ਦੀ ਕਮੀ, ਜੀਵਨ ‘ਚ ਉਪਲਬਧਤਾ ਦੀ ਕਮੀ, ਕੰਮ ਦੀ ਖਰਾਬ ਗੁਣਵੱਤਾ, ਹਿੰਸਾ ਦਾ ਖਤਰਾ ਤੇ ਅਜਿਹੇ ਖੇਤਰਾਂ ‘ਚ ਰਹਿਣਾ ਜੋ ਸਿਹਤ ਲਈ ਖਤਰਨਾਕ ਹਨ, ਸ਼ਾਮਲ ਹਨ। ਇਨ੍ਹਾਂ 65 ਦੇਸ਼ਾਂ ਵਿਚੋਂ 50 ਨੇ ਵੀ ਗਰੀਬੀ ‘ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਨੂੰ ਘੱਟ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਰਮੀਨੀਆ (2010-2015/16), ਭਾਰਤ (2005-2014-15/16), ਨਿਕਾਰਾਗੁਆ (2001-2011/12) ਤੇ ਉਤਰੀ ਮੈਸੇਡੋਨੀਆ (2005-2014) ਨੇ ਵੱਖ-ਵੱਖ ਪੱਧਰਾਂ ਦੇ ਗਰੀਬੀ ਸੂਚਕ ਅੰਕ (ਐਮ.ਪੀ.ਆਈ.) ਨੂੰ ਅੱਧਾ ਕਰ ਦਿੱਤਾ ਹੈ।
ਸੰਯੁਕਤ ਰਾਸ਼ਟਰ (ਯੂ.ਐਨ.) ਦੀ ਇਕ ਰਿਪੋਰਟ ਦੀ ਮੰਨੀਏ ਤਾਂ ਭਾਰਤ ਵਿਚ ਪੌਸ਼ਟਿਕ ਖੁਰਾਕ ਤੋਂ ਵਾਂਝੇ ਲੋਕਾਂ ਦੀ ਗਿਣਤੀ ਵਿਚ ਵੱਡਾ ਨਿਘਾਰ ਆਇਆ ਹੈ। ਰਿਪੋਰਟ ਮੁਤਾਬਕ ਭਾਰਤ ਵਿਚ ਅਜਿਹੇ ਲੋਕ ਜਿਨ੍ਹਾਂ ਨੂੰ ਢੁਕਵੀਂ ਪੌਸ਼ਟਿਕ ਖੁਰਾਕ ਨਹੀਂ ਮਿਲਦੀ, ਦੀ ਗਿਣਤੀ 6 ਕਰੋੜ ਤਕ ਘੱਟ ਗਈ ਹੈ। ਸਾਲ 2004-06 ਵਿਚ ਜਿਹੜਾ ਅੰਕੜਾ 21.7 ਫੀਸਦ ਸੀ, ਉਹ ਸਾਲ 2017-19 ਵਿਚ 14 ਫੀਸਦ ਰਹਿ ਗਿਆ ਹੈ। ‘ਵਿਸ਼ਵ ਵਿਚ ਖੁਰਾਕ ਸੁਰੱਖਿਆ ਤੇ ਪੌਸ਼ਟਿਕ ਭੋਜਨ ਦੀ ਸਥਿਤੀ’ ਨਾਂ ਦੀ ਇਸ ਰਿਪੋਰਟ ਮੁਤਾਬਕ ਭਾਰਤ ਵਿਚ ਭੁੱਖਮਰੀ ਦਾ ਸ਼ਿਕਾਰ ਲੋਕਾਂ ਦੀ ਗਿਣਤੀ 2004-06 ਵਿਚ 249.4 ਮਿਲੀਅਨ ਦੇ ਕਰੀਬ ਸੀ, ਜੋ ਅਗਲੇ ਇਕ ਦਹਾਕੇ 2017-19 ਵਿਚ ਘੱਟ ਕੇ 189.2 ਮਿਲੀਅਨ ਰਹਿ ਗਈ।
ਰਿਪੋਰਟ ਦੀ ਮੰਨੀਏ ਤਾਂ ਏਸ਼ੀਆ ਮਹਾਦੀਪ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਭਾਰਤ ਤੇ ਚੀਨ ਵਿਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿਚ ਵੱਡਾ ਨਿਘਾਰ ਆਇਆ ਹੈ। ਰਿਪੋਰਟ ਮੁਤਾਬਕ ਸਖਤ ਮੁਸ਼ਕਲ ਹਾਲਾਤਾਂ, ਇਤਿਹਾਸ ਤੇ ਵਿਕਾਸ ਦੀ ਦਰ ਨੂੰ ਵੇਖਦਿਆਂ ਭੁੱਖਮਰੀ ਵਿਚ ਨਿਘਾਰ ਨਾਲ ਦੋਵਾਂ ਮੁਲਕਾਂ ਨੇ ਆਰਥਿਕ ਵਿਕਾਸ ਵੱਲ ਕਦਮ ਵਧਾਏ ਹਨ। ਇਸ ਨਾਲ ਨਾ ਸਿਰਫ ਨਾਬਰਾਬਰੀ ਘਟੀ ਬਲਕਿ ਬੁਨਿਆਦੀ ਵਸਤਾਂ ਤੇ ਸੇਵਾਵਾਂ ਤੱਕ ਰਸਾਈ ਵਿਚ ਵੀ ਸੁਧਾਰ ਹੋਇਆ। ਰਿਪੋਰਟ ਨੂੰ ਯੂ.ਐਨ. ਦੀ ਖੁਰਾਕ ਤੇ ਖੇਤੀ ਜਥੇਬੰਦੀ (ਐਫ਼ ਏ. ਓ.), ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰ ਡਿਵੈਲਪਮੈਂਟ (ਆਈ. ਐਫ਼ ਏ. ਡੀ.), ਯੂਨੀਸੈਫ, ਡਬਲਿਊ.ਐਫ਼ਪੀ. ਤੇ ਡਬਲਿਊ. ਐਚ. ਓ. ਨੇ ਮਿਲ ਕੇ ਤਿਆਰ ਕੀਤਾ ਹੈ।
________________________________________________
ਭਾਰਤ ਬਣ ਸਕਦੈ 2048 ‘ਚ ਵੱਧ ਆਬਾਦੀ ਵਾਲਾ ਦੇਸ਼
ਨਵੀਂ ਦਿੱਲੀ: ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਦੀ ਆਬਾਦੀ 2048 ‘ਚ 1.6 ਅਰਬ ਦੇ ਅੰਕੜੇ ਨੂੰ ਛੂਹ ਸਕਦੀ ਹੈ, ਜਦੋਂਕਿ 2100 ਵਿਚ ਇਹ 32 ਫੀਸਦੀ ਘੱਟ ਕੇ ਲਗਭਗ 1.09 ਅਰਬ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵੀ ਬਣ ਸਕਦਾ ਹੈ।
ਮੈਗਜ਼ੀਨ ‘ਦ ਲੈਨਸੇਟ’ ਵਿਚ ਪ੍ਰਕਾਸ਼ਿਤ ਉਕਤ ਰਿਪੋਰਟ ਵਿਚ ‘ਦੁਨੀਆਂ ‘ਚ ਬਿਮਾਰੀਆਂ ਦਾ ਭਾਰ 2017’ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ ਤੇ ਭਾਰਤ, ਅਮਰੀਕਾ, ਚੀਨ ਤੇ ਜਾਪਾਨ ਸਮੇਤ 183 ਦੇਸ਼ਾਂ ‘ਚ ਮੌਤ, ਜਨਮ ਤੇ ਪ੍ਰਵਾਸ ਦਰ ਨੂੰ ਲੈ ਕੇ ਭਵਿੱਖ ਦੀ ਕੌਮਾਂਤਰੀ, ਖੇਤਰੀ ਤੇ ਕੌਮੀ ਆਬਾਦੀ ਨੂੰ ਪੇਸ਼ ਕਰਨ ਲਈ ਨਵੀਨਤਮ ਮਾਡਲਾਂ ਦੀ ਵਰਤੋਂ ਕੀਤੀ ਗਈ ਹੈ।