ਭਾਰਤ ਨੇ ਹਿੰਦ ਮਹਾਂਸਾਗਰ ਵਿਚ ਚੀਨ ਨੂੰ ਦਿਖਾਈ ਤਾਕਤ

ਨਵੀਂ ਦਿੱਲੀ: ਭਾਰਤ ਤੇ ਚੀਨ ਦੇ ਵਿਚਕਾਰ ਲੱਦਾਖ ‘ਚ ਤਣਾਅ ਭਾਵੇਂ ਥੋੜ੍ਹਾ ਘਟ ਹੋ ਗਿਆ ਹੈ ਪਰ ਡਰੈਗਨ ਦੀਆਂ ਪੁਰਾਣੀਆਂ ਹਰਕਤਾਂ ਤੋਂ ਵਾਕਿਫ ਭਾਰਤ ਹੁਣ ਜ਼ਰਾ ਵੀ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦਾ। ਭਾਰਤ ਨੇ ਜ਼ਮੀਨ ਉਤੇ ਮਜ਼ਬੂਤੀ ਨਾਲ ਚੀਨ ਨੂੰ ਘੇਰਨ ਤੋਂ ਬਾਅਦ ਹੁਣ ਹਿੰਦ ਮਹਾਂਸਾਗਰ ‘ਚ ਵੀ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਉਸ ਵੱਲੋਂ ਅੰਡੇਮਾਨ ਤੇ ਨਿਕੋਬਾਰ ‘ਚ ਯੁੱਧ ਅਭਿਆਸ ਕੀਤਾ ਗਿਆ, ਜਿਸ ਵਿਚ ਜੰਗੀ ਬੇੜੇ, ਪਣਡੁੱਬੀਆਂ ਤੇ ਲੜਾਕੂ ਜਹਾਜ਼ ਸ਼ਾਮਲ ਹੋਏ।

ਇਸ ਯੁੱਧ ਅਭਿਆਸ ਨਾਲ ਭਾਰਤੀ ਫੌਜ ਨੇ ਸਾਫ ਕਰ ਦਿੱਤਾ ਹੈ ਕਿ ਹਿੰਦ ਮਹਾਂਸਾਗਰ ਤੋਂ ਹਿਮਾਲਿਆ ਤੱਕ ਉਸ ਦੀ ਪੂਰੀ ਤਿਆਰੀ ਹੈ ਤੇ ਇਸ ਨੂੰ ਚੀਨ ਨੂੰ ਸੰਦੇਸ਼ ਦੇਣ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹਿੰਦ ਮਹਾਂਸਾਗਰ ਵਿਚ ਚੀਨ ਦਾ ਦਖਲ ਲਗਾਤਾਰ ਵਧ ਰਿਹਾ ਹੈ, ਦੂਜੇ ਪਾਸੇ ਭਾਰਤੀ ਜਲ ਸੈਨਾ ਵੱਲੋਂ ਮਲਕੱਕਾ ਸਟਰੋਕ ਦੇ ਨਜ਼ਦੀਕ ਉਕਤ ਯੁੱਧ ਅਭਿਆਸ ਕੀਤਾ ਗਿਆ, ਜਿਥੋਂ ਦੀ ਚੀਨ ਦੇ ਵਪਾਰਕ ਸਮੁੰਦਰੀ ਰਸਤੇ ਪੈਂਦੇ ਹਨ। ਮਲਕੱਕਾ ‘ਚ ਹੀ ਭਾਰਤ ਤੇ ਜਾਪਾਨ ਨੇ ਪਿਛਲੇ ਮਹੀਨੇ ਸੰਯੁਕਤ ਯੁੱਧ ਅਭਿਆਸ ਕੀਤਾ ਸੀ ਪਰ ਉਹ ਸੀਮਤ ਪੱਧਰ ਦਾ ਸੀ। ਭਾਰਤੀ ਜਲ ਸੈਨਾ ਨੇ ਇਹ ਯੁੱਧ ਅਭਿਆਸ ਉਸ ਸਮੇਂ ਸ਼ੁਰੂ ਕੀਤਾ ਹੈ, ਜਦੋਂ ਪਹਿਲਾਂ ਤੋਂ ਹੀ ਦੋ ਅਮਰੀਕੀ ਸੁਪਰ ਏਅਰਕ੍ਰਾਫਟ ਯੂ.ਐਸ਼ਏ. ਨਿਮਤਜ ਤੇ ਰੋਨਾਲਡ ਰੀਗਨ ਦੱਖਣੀ ਚੀਨ ਸਾਗਰ ਵਿਚ ਚੀਨ ਨੂੰ ਘੇਰੇ ਹੋਏ ਹਨ।
ਭਾਰਤ ਵੱਲੋਂ ਚੀਨ ਨਾਲ ਜੁੜੀ ਸਮੁੰਦਰੀ ਸਰਹੱਦ ਉਤੇ ਜਲ ਸੈਨਾ ਦੀ ਅੰਡੇਮਾਨ ਨਿਕੋਬਾਰ ਕਮਾਂਡ (ਏ.ਐਨ.ਸੀ.) 2001 ‘ਚ ਬਣਾਈ ਗਈ ਸੀ। ਇਹ ਕਮਾਂਡ ਦੇਸ਼ ਦੀ ਪਹਿਲੀ ਤੇ ਇਕਲੌਤੀ ਕਮਾਂਡ ਹੈ, ਜੋ ਇਕ ਹੀ ਆਪ੍ਰੇਸ਼ਨਲ ਕਮਾਂਡਰ ਦੇ ਅਧੀਨ ਜ਼ਮੀਨ, ਜਲ ਸੈਨਾ ਤੇ ਹਵਾਈ ਫੌਜ ਦੇ ਨਾਲ ਕੰਮ ਕਰਦੀ ਹੈ। ਜਲ ਸੈਨਾ ਖੁਦ ਨੂੰ ਮਜ਼ਬੂਤ ਕਰਨ ਲਈ 248 ‘ਅਸਤਰ’ ਮਿਜ਼ਾਈਲ ਤੇ ਕਰੂਜ਼ ਮਿਜ਼ਾਈਲ ਪ੍ਰਣਾਲੀ ਖਰੀਦਣ ਜਾ ਰਹੀ ਹੈ, ਜਿਸ ਦੀ ਮਨਜ਼ੂਰੀ ਵੀ ਸਰਕਾਰ ਤੋਂ ਮਿਲ ਚੁੱਕੀ ਹੈ। ਅਮਰੀਕਾ ਵੀ ਭਾਰਤ ਨਾਲ ਖੜ੍ਹਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਮਿਲ ਕੇ ਚੀਨ ਨੂੰ ਜਵਾਬ ਦੇਵੇਗਾ। ਚੀਨ, ਦੱਖਣੀ ਚੀਨ ਸਾਗਰ ‘ਚ ਕਈ ਟਾਪੂਆਂ ਉਤੇ ਕਬਜ਼ੇ ਦੀ ਕੋਸ਼ਿਸ਼ ‘ਚ ਹੈ, ਜਿਸ ਕਾਰਨ ਅਮਰੀਕਾ ਉਸ ਨੂੰ ਰੋਕਣਾ ਚਾਹੁੰਦਾ ਹੈ।
________________________________________
ਭਾਰਤ ਦੀ ਜ਼ਮੀਨ ਨੂੰ ਕੋਈ ਤਾਕਤ ਛੂਹ ਨਹੀਂ ਸਕਦੀ: ਰਾਜਨਾਥ
ਲੁਕਾਂਗ (ਲੱਦਾਖ): ਚੀਨ ਅਤੇ ਪਾਕਿਸਤਾਨ ਨਾਲ ਸਰਹੱਦ ‘ਤੇ ਵਧੇ ਤਣਾਅ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਗਏ। ਭਾਰਤੀ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਚੀਨ ਨਾਲ ਪੂਰਬੀ ਲੱਦਾਖ ‘ਚ ਚੱਲ ਰਹੇ ਮਤਭੇਦ ਗੱਲਬਾਤ ਰਾਹੀਂ ਹੱਲ ਹੋ ਜਾਣ ਪਰ ਇਸ ਦਾ ਕਿਥੇ ਤੱਕ ਹੱਲ ਨਿਕਲਦਾ ਹੈ, ਇਸ ਦੀ ਮੈਂ ਗਾਰੰਟੀ ਨਹੀਂ ਦੇ ਸਕਦਾ ਪਰ ਮੈਂ ਤੁਹਾਨੂੰ ਇੰਨਾ ਭਰੋਸਾ ਦੇ ਸਕਦਾ ਹਾਂ ਕਿ ਦੁਨੀਆਂ ਦੀ ਕੋਈ ਵੀ ਤਾਕਤ ਸਾਡੀ ਇਕ ਇੰਚ ਵੀ ਜ਼ਮੀਨ ਸਾਡੇ ਤੋਂ ਨਹੀਂ ਲੈ ਸਕਦੀ, ਕਿਉਂਕਿ ਭਾਰਤ ਕਮਜ਼ੋਰ ਦੇਸ਼ ਨਹੀਂ ਹੈ।