ਜਫਰ ਪਨਾਹੀ: ‘ਇਹ ਕੋਈ ਫਿਲਮ ਨਹੀਂ’ ਵਾਲੀ ਬਗਾਵਤ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਜਫਰ ਪਨਾਹੀ ਦੀ ਫਿਲਮ ‘ਇਹ ਕੋਈ ਫਿਲਮ ਨਹੀਂ’ ਬਾਰੇ ਚਰਚਾ ਕੀਤੀ ਗਈ ਹੈ ਜੋ ਸੱਤਾ ਦੀ ਸਿਆਸਤ ਦੀ ਚਰਚਾ ਕਰਦੀ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਜਫਰ ਪਨਾਹੀ ਦੀ ਫਿਲਮ ‘ਇਹ ਕੋਈ ਫਿਲਮ ਨਹੀਂ’ ਦੇ ਜ਼ਿਆਦਾਤਰ ਦ੍ਰਿਸ਼ਾਂ ਵਿਚ ਕੈਮਰਾ ਜਫਰ ‘ਤੇ ਹੀ ਰਹਿੰਦਾ ਹੈ। ਦਸੰਬਰ 2010 ਵਿਚ ਫਿਲਮਸਾਜ਼ ਜਫਰ ਪਨਾਹੀ ਅਤੇ ਜਮਹੂਰੀ ਕਾਰਕੁਨ ਮੁਹੰਮਦ ਰਸੂਲਫ ਨੂੰ 6 ਸਾਲਾਂ ਲਈ ਸਜ਼ਾ ਸੁਣਾਈ ਗਈ। ਉਨ੍ਹਾਂ ‘ਤੇ ਇਲਜ਼ਾਮ ਸੀ ਕਿ ਉਹ ਇਰਾਨ ਦੇ ਕੌਮੀ ਸਰੱਖਿਆ ਹਿੱਤਾਂ ਖਿਲਾਫ ਫਿਲਮਾਂ ਅਤੇ ਕਲਾ ਰਾਹੀਂ ਪ੍ਰਚਾਰ ਕਰ ਰਹੇ ਹਨ। ਇਰਾਨੀ ਸਰਕਾਰ ਨੇ ਇਸ ਤੋਂ ਵੀ ਅਗਾਂਹ ਸਾਰੇ ਕਾਇਦੇ-ਕਾਨੂੰਨ ਤਾਕ ‘ਤੇ ਰੱਖਦਿਆਂ ਉਸ ਨੂੰ ਵੀਹ ਸਾਲਾਂ ਲਈ ਫਿਲਮਾਂ ਬਣਾਉਣ ਉਪਰ ਹੀ ਪਾਬੰਦੀ ਲਗਾ ਦਿੱਤੀ। ਇਸ ਤੋਂ ਬਿਨਾਂ ਉਸ ਉਪਰ ਕੋਈ ਵੀ ਇੰਟਰਵਿਊ ਦੇਣ ਅਤੇ ਮੀਡੀਆ ਨਾਲ ਕੋਈ ਗੁਫਤਗੂ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ।
ਅਜਿਹੀ ਹਾਲਤ ਵਿਚ ਕੋਈ ਫਿਲਮਸਾਜ਼ ਕਿਵੇਂ ਜੀਅ ਸਕਦਾ ਹੈ? ਜਫਰ ਪਨਾਹੀ ਦੀ ਫਿਲਮ ‘ਇਹ ਕੋਈ ਫਿਲਮ ਨਹੀਂ’ ਵਿਚ ਜਫਰ ਆਪਣੇ ਇੱਕ ਦਿਨ ਦੀ ਬੇਹੱਦ ਨਿੱਜੀ ਪਰ ਸਿਨੇਮਾ ਦੇ ਮੂਲ ਉਦੇਸ਼ਾਂ ਨੂੰ ਪ੍ਰਣਾਈ ਫਿਲਮ ਰਾਹੀ ਅਜਿਹੀ ਦਿਲ ਤੋੜਨ ਵਾਲੀ ਇਕੱਲਤਾ ਦੀ ਕਥਾ ਬੁਣਦਾ ਹੈ ਜਿਸ ਵਿਚੋਂ ਗੁਜ਼ਰਦੀ ਕਲਾਤਮਿਕ ਰੂਹ ਲਈ ਖੁਦ ਨੂੰ ਖੁਦ ਨਾਲ ਜੋੜੀ ਰੱਖਣ ਦਾ ਤਰੱਦਦ ਉਸ ਦੇ ਸਾਰੇ ਵਜੂਦ ਲਈ ਲੰਬਾ ਸੰਘਰਸ਼ ਹੋ ਨਿਬੜਦਾ ਹੈ। ਇਸ ਫਿਲਮ ਵਿਚ ਜਫਰ ਪਨਾਹੀ ਆਪਣੇ ਫਲੈਟ ਵਿਚ ਖਾਂਦਾ-ਪੀਂਦਾ, ਤੁਰਦਾ-ਫਿਰਦਾ, ਖਬਰਾਂ ਸੁਣਦਾ, ਇੰਟਰਨੈੱਟ ‘ਤੇ ਆਸ-ਪਾਸ ਵਾਪਰ ਰਹੀਆਂ ਤਰਾਸਦੀਆਂ ਅਤੇ ਵਰਤਾਰਿਆਂ ‘ਤੇ ਨਜ਼ਰ ਰੱਖਦਾ ਦਿਸਦਾ ਹੈ। ਉਸ ਦਾ ਕੈਮਰਾਮੈਨ ਉਸ ਦੀਆਂ ਅੱਖਾਂ, ਹੱਥਾਂ ਤੇ ਚਿਹਰੇ ਦੇ ਭਾਵਾਂ ਨੂੰ ਬੇਹੱਦ ਬਾਰੀਕੀ ਨਾਲ ਫੜਦਾ ਹੈ। ਫਿਲਮ ਵਿਚ ਜਫਰ ਪਨਾਹੀ ਆਪਣੀ ਰਸੋਈ ਵਿਚ ਖਾਣੇ ਵਾਲੇ ਮੇਜ਼ ‘ਤੇ ਬੈਠਾ ਹੈ। ਉਹ ਆਪਣੇ ਕੈਮਰਾਮੈਨ ਨੂੰ ਮਿਲਣ ਆਉਣ ਲਈ ਸੱਦਾ ਦੇ ਰਿਹਾ ਹੈ ਪਰ ਨਾਲ ਦੀ ਨਾਲ ਉਸ ਨੂੰ ਸਲਾਹ ਦਿੰਦਾ ਹੈ ਕਿ ਤੂੰ ਕਿਸੇ ਨੂੰ ਦੱਸੀ ਨਾ ਕਿ ਤੂੰ ਕਿੱਥੇ ਜਾ ਰਿਹਾਂ। ਉਨ੍ਹਾਂ ਦੀ ਇਸ ਆਪਸੀ ਗੱਲਬਾਤ ਤੋਂ ਦਰਸ਼ਕਾਂ ਨੂੰ ਆਪਣੇ-ਆਪ ਪਤਾ ਲੱਗ ਜਾਂਦਾ ਹੈ ਕਿ ਉਸ ਉਪਰ ਲਗਾਈਆਂ ਪਾਬੰਦੀਆਂ ਕਿੰਨੀਆਂ ਸਖਤ ਅਤੇ ਗੈਰ-ਜ਼ਰੂਰੀ ਹਨ।
ਇਸ ਤੋਂ ਅੱਗੇ ਅਸੀਂ ਜਫਰ ਪਨਾਹੀ ਨੂੰ ਉਸ ਦੇ ਬੈੱਡਰੂਮ ਵਿਚ ਦੇਖ ਸਕਦੇ ਹਾਂ ਜਿਥੇ ਉਸ ਦੇ ਕਾਲ ਰਿਕਾਰਡਰ ਉਪਰ ਲਗਾਤਾਰ ਸੁਨੇਹੇ ਆ ਰਹੇ ਹਨ ਅਤੇ ਇਨ੍ਹਾਂ ਵਿਚੋਂ ਇਕ ਸੁਨੇਹਾ ਉਸ ਦੇ ਪੁੱਤਰ ਦਾ ਇਹ ਦੱਸਣ ਲਈ ਹੈ ਕਿ ਉਸ ਨੂੰ ਆਪਣਾ ਕੈਮਰਾ ਕਿਹੜੀ ਕੁਰਸੀ ‘ਤੇ ਲਗਾਉਣਾ ਚਾਹੀਦਾ ਹੈ। ਇਹ ਸਾਰੀ ਗੱਲਬਾਤ ਬਿਲਕੁੱਲ ਸਾਧਾਰਨ ਹੈ ਪਰ ਇਸ ਨੂੰ ਦੇਖਦਿਆਂ ਤੇ ਸੁਣਦਿਆਂ ਅਣਦੇਖੀ ਕਿਸਮ ਦੀਆਂ ਪਾਬੰਦੀਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸਾਰੀ ਗੱਲਬਾਤ ਕੁਝ ਅਸਾਧਾਰਨ ਵਾਪਰਨ ਵੱਲ ਇਸ਼ਾਰਾ ਕਰਦੀ ਹੈ। ਇਸ ਅਸਾਧਾਰਨਤਾ ਨੂੰ ਜਫਰ ਪਨਾਹੀ ਦੇ ਆਪਣੇ ਆਪ ਨੂੰ ਕੰਮ ਵਿਚ ਰੁਝੇ ਰੱਖਣ ਦੀ ਤਤਪਰਤਾ ਤੋਂ ਕਿਆਸਿਆ ਜਾ ਸਕਦਾ ਹੈ। ਉਸ ਨੂੰ ਪਤਾ ਹੈ ਕਿ ਉਹ ਇਸ ਸਮੇਂ ਸੋਚਣ ਤੋਂ ਬਿਨਾਂ ਕੁਝ ਹੋਰ ਨਹੀਂ ਕਰ ਸਕਦਾ ਅਤੇ ਉਹ ਸੋਚਣ ਦੀ ਇਸ ਪ੍ਰਕਿਰਿਆ ਨੂੰ ਕਿਸੇ ਕਾਨੂੰਨ ਜਾਂ ਫਤਵੇ ਰਾਹੀਂ ਕੰਟਰੋਲ ਕਰਨ ਖਿਲਾਫ ਆਪਣੀ ਤਰ੍ਹਾਂ ਨਾਲ ਅਹਿੰਸਕ ਵਿਰੋਧ ਦਰਸਾਉਂਦਾ ਹੈ। ਉਹ ਇਸ ਫਿਲਮ ਰਾਹੀਂ ਸਾਬਿਤ ਕਰ ਦਿੰਦਾ ਹੈ ਕਿ ਸੋਚਣਾ ਅਤੇ ਆਪਣੇ ਆਲੇ-ਦੁਆਲੇ ਨਾਲ ਲਗਾਤਾਰ ਚੱਲਦਾ ਸੰਵਾਦ ਹੀ ਮਨੁੱਖੀ ਜ਼ਿੰਦਗੀ ਨੂੰ ਅਸਲ ਅਰਥ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ਉਸ ਉਪਰ ਪਾਬੰਦੀਆਂ ਦੀ ਕਿਸਮ ਉਸ ਦੇ ਹੋਣ ਦੀ ਸਾਰਥਿਕਤਾ ‘ਤੇ ਹੀ ਸਵਾਲ ਖੜ੍ਹੇ ਕਰਦੀ ਹੈ ਪਰ ਉਹ ਭਲੀ-ਭਾਂਤ ਦੇਖ ਸਕਦਾ ਹੈ ਕਿ ਕਿਸੇ ਵੀ ਕੀਮਤ ‘ਤੇ ਇਹ ਪਾਬੰਦੀਆਂ ਉਸ ਨੂੰ ਪ੍ਰੀਭਾਸ਼ਿਤ ਨਹੀਂ ਕਰ ਸਕਦੀਆਂ। ਤੁਰਕੀ ਦਾ ਕਵੀ ਨਾਜ਼ਿਮ ਹਿਕਮਤ ਆਪਣੀ ਇੱਕ ਕਵਿਤਾ ਵਿਚ ਆਖਦਾ ਹੈ ਕਿ ਉਹ ਤਹਾਨੂੰ ਗ੍ਰਿਫਤਾਰ ਕਰ ਸਕਦੇ ਹਨ ਪਰ ਤੁਹਾਡੇ ਦਿਲ ਤੋਂ ਆਤਮ-ਸਮਰਪਣ ਨਹੀਂ ਕਰਵਾ ਸਕਦੇ।
ਜਫਰ ਪਨਾਹੀ ਇਸ ਫਿਲਮ ਵਿਚ ਆਪਣੀਆਂ ਪਹਿਲੀਆਂ ਫਿਲਮਾਂ ‘ਕ੍ਰਿਮਸਨ ਗੋਲਡ’ ਅਤੇ ‘ਦਿ ਸਰਕਲ’ ਦੇ ਕਈ ਦ੍ਰਿਸ਼ਾਂ ਵਿਚ ਕੀਤੀਆਂ ਨਵੀਂ ਤਬਦੀਲੀਆਂ ਬਾਰੇ ਦੱਸਦਾ ਹੈ ਜਿਸ ਨਾਲ ਦਰਸ਼ਕ ਨੂੰ ਇਹ ਸਾਫ ਹੋ ਜਾਂਦਾ ਹੈ ਕਿ ਇਨ੍ਹਾਂ ਫਿਲਮਾਂ ਉਪਰ ਲਗਾਈਆਂ ਪਾਬੰਦੀਆਂ ਦੀ ਸਿਆਸਤ ਕੀ ਹੈ ਅਤੇ ਇਹ ਕਿਵੇਂ ਕਿਸੇ ਫਿਲਮਸਾਜ਼ ਦੀ ਕਲਾਤਮਿਕ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਵਿਚ ਸਿੱਧਾ-ਸਿੱਧਾ ਸਰਕਾਰੀ ਦਖਲ ਹੈ। ਉਹ ਫਿਲਮ ਵਿਚ ਆਪਣੇ ਅਦਾਕਾਰਾਂ ਬਾਰੇ ਫਿਕਰਮੰਦ ਹੁੰਦਾ ਹੈ ਕਿ ਉਹ ਪਤਾ ਨਹੀਂ ਕਿਥੇ ਹੋਣਗੇ ਤੇ ਕੀ ਕਰ ਰਹੇ ਹੋਣਗੇ। ਉਸ ਕੋਲ ਇਸ ਸਮੇਂ ਇੰਨੀ ਆਜ਼ਾਦੀ ਨਹੀਂ ਕਿ ਉਹ ਉਨ੍ਹਾਂ ਨਾਲ ਆਪਣੀ ਅਗਲੀ ਫਿਲਮ ਦਾ ਵਿਚਾਰ ਵੀ ਸਾਂਝਾ ਕਰ ਸਕੇ, ਕਿਉਂਕਿ ਉਸ ਨੂੰ ਇਹ ਪਤਾ ਹੀ ਨਹੀਂ ਕਿ ਉਹ ਹੁਣ ਕਦੇ ਦੁਬਾਰਾ ਫਿਲਮ ਬਣਾ ਵੀ ਸਕੇਗਾ ਜਾਂ ਨਹੀਂ?
ਜਿਸ ਸਮੇਂ ਜਫਰ ਪਨਾਹੀ ਇਹ ਸਭ ਕੈਮਰੇ ‘ਤੇ ਦੱਸ ਰਿਹਾ ਹੈ, ਉਸ ਸਮੇਂ ਮੁਲਕ ਵਿਚ ਨਵੇਂ ਵਰ੍ਹੇ ਦੇ ਜਸ਼ਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਉਸ ਦੇ ਆਸ-ਪਾਸ ਦੇ ਘਰਾਂ ਵਿਚੋਂ ਇਸ ਦੀਆਂ ਕਨਸੋਆਂ ਆ ਰਹੀਆਂ ਹਨ। ਉਸ ਨੂੰ ਕੋਈ ਅੰਦਾਜ਼ਾ ਨਹੀਂ ਕਿ ਉਹ ਆਪਣੇ ਨਵੇਂ ਸਾਲ ਦੇ ਜਸ਼ਨਾਂ ਵਿਚ ਖੁਸ਼ੀ ਵਾਲਾ ਕੀ ਸ਼ਾਮਿਲ ਕਰ ਸਕਦਾ ਹੈ ਜਦਕਿ ਉਸ ਨੂੰ ਆਪਣਾ ਮਨਪਸੰਦ ਕੰਮ (ਫਿਲਮਸਾਜ਼ੀ) ਕਰਨ ਤੋਂ ਰੋਕ ਦਿੱਤਾ ਗਿਆ ਹੈ। ਉਹ ਇਸ ਫਿਲਮ ਰਾਹੀਂ ਦਰਸ਼ਕਾਂ ਕੋਲ ਆਪਣੀ ਨਵੀਂ ਫਿਲਮ ਦਾ ਸਕਰੀਨ-ਪਲੇਅ ਪੜ੍ਹਦਾ ਹੈ। ਇਸ ਨੂੰ ਪੜ੍ਹਦਿਆਂ ਉਹ ਕਲਪਨਾ ਕਰਦਾ ਹੈ ਕਿ ਕਿਵੇਂ ਉਸ ਦੀ ਫਿਲਮ ਦੀ ਅਦਾਕਾਰਾ ਜਿਸ ਨੂੰ ਉਸ ਦੇ ਘਰਦਿਆਂ ਨੇ ਯੂਨੀਵਰਸਿਟੀ ਵਿਚ ਪੜ੍ਹਨ ਤੋਂ ਰੋਕਣ ਲਈ ਘਰ ਵਿਚ ਬੰਦ ਕਰ ਦਿੱਤਾ ਹੈ, ਤੇ ਉਹ ਖਿੜਕੀ ਰਾਹੀਂ ਗਲੀ ਵਿਚੋਂ ਗੁਜ਼ਰਦੇ ਅਜਨਬੀਆਂ ਦੀ ਆਜ਼ਾਦੀ ਬਾਰੇ ਅਸਹਿਜ ਮਹਿਸੂਸ ਕਰਦੀ ਹੈ। ਉਹ ਖੁਦ ਵੀ ਇਸੇ ਮਨੋ-ਅਵਸਥਾ ਵਿਚੋਂ ਗੁਜ਼ਰ ਰਿਹਾ ਹੈ ਜਿਸ ਨਾਲ ਉਸ ਲਈ ਭਵਿਖ ਖਲਾਅ ਵਿਚ ਲਟਕਿਆ ਹੋਣ ਦੇ ਮਾਇਨੇ ਸਪਸ਼ਟ ਹੁੰਦੇ ਹਨ।
ਜਫਰ ਪਨਾਹੀ ਤੋਂ ਬਿਨਾਂ ਇਸ ਫਿਲਮ ਵਿਚ ਦੂਜਾ ਕਿਰਦਾਰ ਉਸ ਦੁਆਰਾ ਘਰ ਵਿਚ ਰੱਖੀ ਗੋਹ ਹੈ ਜਿਹੜੀ ਵਾਰ-ਵਾਰ ਉਸ ਦੇ ਟੇਬਲ ਅਤੇ ਹੱਥਾਂ ਉਪਰ ਘੁੰਮਦੀ ਰਹਿੰਦੀ ਹੈ ਤੇ ਉਸ ਦਾ ਤਣਾਅ ਘਟਾਉਣ ਦਾ ਜ਼ਰੀਆ ਹੈ। ਕੁਝ ਦੇਰ ਲਈ ਉਸ ਦੀ ਗੁਆਂਢਣ ਉਸ ਕੋਲ ਆਪਣਾ ਪਾਲਤੂ ਕੁੱਤਾ ਛੱਡਣ ਆਉਂਦੀ ਹੈ ਜਿਸ ਦੀ ਸੰਭਾਲ ਕਰਨ ਤੋਂ ਉਹ ਪਿਆਰ ਨਾਲ ਮਨ੍ਹਾ ਕਰ ਦਿੰਦਾ ਹੈ। ਇੱਕ ਡਿਲਿਵਰੀ ਬੁਆਇ ਉਸ ਨੂੰ ਖਾਣਾ ਦੇਣ ਆਉਂਦਾ ਹੈ। ਇਸ ਸਭ ਦੇ ਵਿਚਕਾਰ ਲਗਾਤਾਰ ਪਟਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਫਿਲਮ ਦੇ ਇੱਕ ਦ੍ਰਿਸ਼ ਵਿਚ ਖਬਰ ਸੁਣਦਿਆਂ ਜਫਰ ਪਨਾਹੀ ਰਾਸ਼ਟਰਪਤੀ ਦੇ ਉਸ ਭਾਸ਼ਣ ‘ਤੇ ਅਟਕ ਜਾਂਦਾ ਹੈ ਜਿਥੇ ਰਾਸ਼ਟਰਪਤੀ ਨੇ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਫਿਲਮ ‘ਇਹ ਕੋਈ ਫਿਲਮ ਨਹੀਂ’ ਬਣਨ ਤੋਂ ਬਾਅਦ ਦਰਸ਼ਕਾਂ ਤੱਕ ਕਿਵੇਂ ਪਹੁੰਚੀ, ਇਸ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ। ਫਿਲਮ ਨੂੰ ਯੂ.ਐਸ਼ਵੀ. ਸਟਿੱਕ ‘ਤੇ ਡਾਊਨਲੋਡ ਕਰ ਕੇ ਕੇਕ ਵਿਚ ਲਕੋ ਕੇ ਮੁਲਕ ਤੋਂ ਬਾਹਰ ਸਮੱਗਲ ਕੀਤਾ ਗਿਆ ਅਤੇ 2011 ਦੇ ਕੇਨਜ਼ ਫਿਲਮ ਮੇਲੇ ਵਿਚ ਦਿਖਾਈ ਗਈ। ਫਿਲਮ ਦੀ ਵੱਡੀ ਸਾਰਥਿਕਤਾ ਇਹੀ ਹੈ ਕਿ ਇਰਾਨੀ ਸਰਕਾਰ ਇਹ ਹੁਣ ਤਕ ਸਪਸ਼ਟ ਨਹੀਂ ਕਰ ਸਕੀ ਕਿ ਆਖਿਰ ਉਸ ਨੂੰ ਜਫਰ ਪਨਾਹੀ ਦੀਆਂ ਫਿਲਮਾਂ ਨਾਲ ਸਮੱਸਿਆ ਕੀ ਹੈ। ਦਿਲਚਸਪ ਤੱਥ ਇਹ ਹੈ ਕਿ ਫਿਲਮਸਾਜ਼ ਅਤੇ ਦਰਸ਼ਕ, ਦੋਵਾਂ ਨੂੰ ਇਸ ਦਾ ਸਹੀ ਜਵਾਬ ਪਤਾ ਹੈ।