ਦੀਪਿਕਾ ਤੇ ਪ੍ਰਭਾਸ ਦੀ ਜੋੜੀ ਬਣੇਗੀ

ਦੀਪਿਕਾ ਪਾਦੂਕੋਣ ਅਤੇ ਪ੍ਰਭਾਸ ਪਹਿਲੀ ਵਾਰ ਇਕੱਠਿਆਂ, ਇਕ ਵੱਡੀ, ਵਿਗਿਆਨ ਆਧਾਰਿਤ ਬਹੁ-ਭਾਸ਼ਾਈ ਫਿਲਮ ‘ਚ ਕੰਮ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਨਾਗ ਅਸ਼ਵਿਨ ਕਰਨਗੇ। ਵਿਜਯੰਤੀ ਮੂਵੀਜ਼ ਜਿਸ ਨੇ ਫਿਲਮ ਜਗਤ ਵਿਚ 50 ਸਾਲ ਪੂਰੇ ਕੀਤੇ ਹਨ, ਨੇ ਆਪਣੀ ਗੋਲਡਨ ਜੁਬਲੀ ਮੌਕੇ ਇਸ ਪ੍ਰਾਜੈਕਟ ਦਾ ਐਲਾਨ ਕੀਤਾ ਹੈ। ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਇਸ ਨਵੇਂ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਭਾਸ ਨੇ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਦੀਪਿਕਾ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ।

ਜ਼ਿਕਰਯੋਗ ਹੈ ਕਿ ਪ੍ਰਭਾਸ ਦੀ ‘ਸਾਹੋ’ ਫਿਲਮ 2019 ਵਿਚ ਆਈ ਸੀ ਜਿਸ ਵਿਚ ਉਸ ਨੇ ਸ਼ਰਧਾ ਕਪੂਰ ਨਾਲ ਕੰਮ ਕੀਤਾ ਸੀ। ਦੀਪਿਕਾ ਦੀ ਪਿਛਲੀ ਫਿਲਮ ‘ਛਪਾਕ’ ਜਿਸ ਦੀ ਡਾਇਰੈਕਟਰ ਮੇਘਨਾ ਗੁਲਜ਼ਾਰ ਸੀ, 10 ਜਨਵਰੀ 2020 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਤੇਜ਼ਾਬ ਪੀੜਤ ਕੁੜੀਆਂ ਦਾ ਦਰਦ ਬਿਆਨ ਕੀਤਾ ਗਿਆ ਸੀ। ਦੀਪਿਕਾ ਦੀ ਇਸ ਫਿਲਮ ਨਾਲ ਵੱਡਾ ਮਸਲਾ ਵੀ ਜੁੜ ਗਿਆ ਸੀ। ਉਸ ਵਕਤ ਦਿੱਲੀ ਵਿਚ ਜੇ.ਐਨ.ਯੂ. ਵਿਦਿਆਰਥੀਆਂ ਦਾ ਤਕੜਾ ਅੰਦੋਲਨ ਚੱਲ ਰਿਹਾ ਸੀ ਅਤੇ ਦੀਪਿਕਾ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ ਸੀ। ਇਸ ਤੋਂ ਭਾਰਤੀ ਜਨਤਾ ਪਾਰਟੀ ਅਤੇ ਇਸ ਨਾਲ ਜੁੜੀਆਂ ਸਭ ਜਥੇਬੰਦੀਆਂ ਨੇ ਇਸ ਫਿਲਮ ਖਿਲਾਫ ਮੁਹਿੰਮ ਛੇੜ ਦਿੱਤੀ ਸੀ ਅਤੇ ਫਿਲਮ ਦੇ ਬਾਈਕਾਟ ਦਾ ਸੱਦਾ ਸੀ। ਫਿਰ ਵੀ ਦੀਪਿਕਾ ਪਾਦੂਕੋਣ ਅਤੇ ਮੇਘਨਾ ਗੁਲਜ਼ਾਰ ਡਟੀਆਂ ਰਹੀਆਂ ਅਤੇ ਫਿਲਮ ਕਮਾਈ ਅਤੇ ਚਰਚਾ ਪੱਖੋਂ ਝੰਡੇ ਗੱਡਣ ਵਿਚ ਕਾਮਯਾਬ ਹੋਈ। -ਆਮਨਾ ਕੌਰ