ਖਾਲਿਸਤਾਨ ਬਾਰੇ ਚਰਚਾ: ਹਰਚਰਨ ਸਿੰਘ ਪਰਹਾਰ ਦਾ ਲੇਖ ਮਾਇਨੀਖੇਜ਼

ਸਿੱਖ ਸਿਆਸਤ ਦੇ ਪ੍ਰਸੰਗ ਵਿਚ ਸਾਹਮਣੇ ਆ ਰਹੇ ਨੁਕਤਿਆਂ ਬਾਰੇ ਪਿਛਲੇ ਅੰਕ (18 ਜੁਲਾਈ) ਵਿਚ ਅਸੀਂ ‘ਸਿੱਖ ਵਿਰਸਾ’ (ਕੈਨੇਡਾ) ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਦਾ ਲੇਖ ‘ਸਿੱਖ ਵਿਦਵਾਨ ਭੰਬਲਭੂਸੇ ਦਾ ਸ਼ਿਕਾਰ ਜਾਂ ਬੇਈਮਾਨ’ ਛਾਪਿਆ ਸੀ। ਉਘੇ ਸਿੱਖ ਵਿਦਵਾਨ ਪ੍ਰੋ. ਬਲਕਾਰ ਸਿੰਘ ਨੇ ਇਸ ਲੇਖ ਅਤੇ ਸਮੁੱਚੇ ਵਿਚਾਰ-ਵਟਾਂਦਰੇ ਬਾਰੇ ਕੁਝ ਟਿੱਪਣੀਆਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ। ਉਨ੍ਹਾਂ ਆਪਣੀ ਲਿਖਤ ਵਿਚ ਅਜਿਹੇ ਨੁਕਤੇ ਉਭਾਰੇ ਹਨ, ਜਿਨ੍ਹਾਂ ਬਾਰੇ ਗੱਲ ਕਰਨ ਤੋਂ ਕੁਝ ਸਿੱਖ ਵਿਦਵਾਨ ਅਕਸਰ ਟਾਲਾ ਵੱਟ ਜਾਂਦੇ ਹਨ।

-ਸੰਪਾਦਕ

ਬਲਕਾਰ ਸਿੰਘ ਪ੍ਰੋਫੈਸਰ

ਕਰਮਜੀਤ ਸਿੰਘ ਦੇ ‘ਪ੍ਰਚੰਡ ਜਜ਼ਬਿਆਂ’ ਵਾਲੇ ਲੇਖ ਨਾਲ ਸ਼ੁਰੂ ਹੋਈ ਲੜੀ ਦੇ ਪ੍ਰਸੰਗ ਵਿਚ ‘ਪੰਜਾਬ ਟਾਈਮਜ਼’ ਦੇ 18 ਜੁਲਾਈ 2020 ਦੇ ਅੰਕ ਵਿਚ ‘ਸਿੱਖ ਵਿਦਵਾਨ ਭੰਬਲਭੂਸੇ ਦਾ ਸ਼ਿਕਾਰ ਜਾਂ ਬੇਈਮਾਨ’ ਸਿਰਲੇਖ ਹੇਠਲਾ ਲੇਖ ਮੈਨੂੰ ਕਈ ਪੱਖਾਂ ਤੋਂ ਮਾਇਨੇਖੇਜ਼ ਲੱਗਾ। ਹਰਚਰਨ ਸਿੰਘ ਪਰਹਾਰ ਨੇ ਸਿਰਦਾਰ ਕਪੂਰ ਸਿੰਘ, ਦਲਬੀਰ ਸਿੰਘ ਪੱਤਰਕਾਰ ਅਤੇ ਅਜਮੇਰ ਸਿੰਘ ਜਿਹੇ ਸਿੱਖਾਂ ਨੂੰ ਸਿਆਸੀ ਸੇਧ ਦੇਣ ਵਾਲੇ ਵਿਦਵਾਨਾਂ ਦੀ ਭੂਮਿਕਾ ‘ਤੇ ਉਂਗਲ ਧਰੀ ਹੈ, ਉਸ ਬਾਰੇ ਦੋ ਰਾਵਾਂ ਹੋ ਸਕਦੀਆਂ ਹਨ, ਪਰ ਸਭ ਤੋਂ ਵੱਧ ਅਹਿਮ ਨੁਕਤਾ ਉਸ ਨੇ ਜੋ ਉਭਾਰਿਆ ਹੈ, ਉਹ ਸਿੱਖ ਮਾਨਸਿਕਤਾ ਲਈ ਨਾਸੂਰ ਬਣੀ ਆ ਰਹੀ ‘ਸਾਕਾ ਨੀਲਾ ਤਾਰਾ’ ਦੀ ਯਾਦ ਦਾ ਹੈ। ਉਸ ਨੇ ਮੰਨਿਆ ਹੈ ਕਿ ਇਹ ਕੁਲਹਿਣੀ ਵਾਰਦਾਤ ਨਹੀਂ ਵਾਪਰਨੀ ਚਾਹੀਦੀ ਸੀ, ਪਰ ਨਾਲ ਹੀ ਇਸਲਾਮੀ ਖਾੜਕੂਆਂ ਵਲੋਂ ਮੱਕੇ ਨੂੰ ਕਿਲ੍ਹਾ ਬਣਾਉਣ ਜਾਂ ਲਾਹੌਰ ਦੀ ਲਾਲ ਮਸਜਿਦ ਵਿਚ ਜਨਰਲ ਮੁਸ਼ੱਰਫ ਵਲੋਂ ਕੀਤੀ ਕਾਰਵਾਈ ਨਾਲ ਜੋੜ ਕੇ ਸਵਾਲ ਕੀਤਾ ਹੈ ਕਿ ਇਸ ਲਈ ਜ਼ਿੰਮੇਵਾਰ ਕੀ ਇਕੱਲੀ ਇੰਦਰਾ ਹੀ ਸੀ? ਇਸ ਦੁਰਭਾਗਪੂਰਨ ਘਟਨਾ ਨੂੰ ਜ਼ਕਰੀਏ ਜਾਂ ਅਬਦਾਲੀ ਨਾਲ ਲਗਾਤਾਰ ਤੁਲਨਾ ਕੇ ਜਿਸ ਤਰ੍ਹਾਂ ਅਜਮੇਰ ਸਿੰਘ ਅਤੇ ਉਸ ਦੀ ਸ਼ੈਲੀ ਦੇ ਕਈ ਹੋਰ ਵਿਦਵਾਨ ਪਿਛਲੇ 20 ਵਰ੍ਹਿਆਂ ਤੋਂ ਕਰਦੇ ਆ ਰਹੇ ਹਨ, ਕਿੰਨੇ ਕੁ ਸਾਰਥਕ ਸਿੱਟੇ ਨਿਕਲਣਗੇ? ਸਿੱਖ ਨੌਜਵਾਨਾਂ ਦੀ ਨਵੀਂ ਪੀੜ੍ਹੀ ਨੂੰ ਕਿੰਨੀ ਕੁ ਸਾਰਥਕ ਸੇਧ ਮਿਲ ਜਾਵੇਗੀ? ਖਾਲਿਸਤਾਨੀ ਦਾਨਿਸ਼ਵਰਾਂ ਦੀ ਫਸਲ 1984-1997 ਵਿਚ ਪੈਦਾ ਹੋਈ ਸੀ ਅਤੇ ਇਹ ਖਿੱਤਾ ਮੂਲਕ ਸਿਆਸਤ ਉਸ ਤੋਂ ਅੱਗੇ ਤੁਰਨ ਲਈ ਤਿਆਰ ਹੀ ਨਹੀਂ। ਉਦੋਂ ਵੀ ਉਹ ਜ਼ਬਾਨਬੰਦੀ ਦਾ ਲਾਹਾ ਲੈ ਰਹੇ ਸਨ ਅਤੇ ਹੁਣ ਵੀ ਇਹੀ ਚਾਹੁੰਦੇ ਹਨ, ਬੇਸ਼ੱਕ ਇਹ ਸੰਭਵ ਨਹੀਂ ਹੈ। ਪਰਹਾਰ ਦੇ ਸਵਾਲ ਵੀ ਬਹੁਤੇ ਇਸੇ ਵਰਤਾਰੇ ਨਾਲ ਜੁੜੇ ਹੋਣ ਕਰ ਕੇ ਵਰਤਮਾਨ ਵਿਚ ਉਸ ਤਰ੍ਹਾਂ ਪਰਵੇਸ਼ ਨਹੀਂ ਕਰਦੇ। ਇਸ ਹਾਲਾਤ ਵਿਚ ਸੰਤ ਭਿੰਡਰਾਂਵਾਲੇ ਦੀ ਸੋਚ ਦੇ ਵਾਹਦ ਪਹਿਰੇਦਾਰ ਦਾ ਗੁਰਜ ਬੇਸ਼ੱਕ ਅਜਮੇਰ ਸਿੰਘ ਦੇ ਹੱਥ ਆ ਗਿਆ ਹੈ, ਪਰ ਇਸ ਲਈ ਉਹ ਇਕੱਲਾ ਜ਼ਿੰਮੇਵਾਰ ਨਹੀਂ। ਪੰਜਾਬ ਬੜੀ ਦੇਰ ਤੋਂ ਕਿਸੇ ਵੀ ਰੰਗ ਦੀ ਸਿਆਸਤ ਦੇ ਏਜੰਡੇ ‘ਤੇ ਨਹੀਂ ਹੈ। ਇਸ ਨੂੰ ਰਿਐਕਟਿਵ ਸੁਰ ਵਿਚ ਉਸਾਰਨ ਦੀ ਥਾਂ ਪ੍ਰੋਐਕਟਿਵ ਸੁਰ ਵਿਚ ਸਮਝੇ ਜਾਣ ਦੀ ਲੋੜ ਹੈ। ਪੰਜਾਬ ਬਾਰੇ ਬੋਲਣ ਦੇ ਸਲੀਕੇ ਅਤੇ ਸੋਚਣ ਦੀ ਸਮਝ ਵਾਲਿਆਂ ਨੂੰ ਸਿਆਸਤ ਮੁਕਤ ਨੈਰੇਟਿਵ ਉਸਾਰਨ ਵਾਸਤੇ ਸਿਰ ਜੋੜਨ ਦੀ ਲੋੜ ਹੈ। ਪੰਜਾਬ ਵਿਚ ਅਜਿਹੇ ਸੰਵਾਦ ਦੀ ਸੰਭਾਵਨਾ ਨਾ ਹੋਣ ਜਿਹੀ ਹੈ, ਪਰ ‘ਪੰਜਾਬ ਟਾਈਮਜ਼’ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਨਤੀਜਿਆਂ ਵਲ ਲਿਜਾਇਆ ਜਾ ਸਕਦਾ ਹੈ। ਪਹਿਲਾਂ ਵੀ ਇਸ ਮੁੱਦੇ ‘ਤੇ ਕਿਤਾਬ ‘ਸਿੱਖ ਕੌਮ: ਹਸਤੀ ਤੇ ਹੋਣੀ’ (2012) ਛਪ ਚੁਕੀ ਹੈ ਅਤੇ ਦੂਜੀ ਦੀ ਨੀਂਹ ਵੀ ਟਿਕ ਗਈ ਲੱਗਦੀ ਹੈ।
ਮੈਨੂੰ ਕਦੇ ਕਿਸੇ ਨਹੀਂ ਪੁੱਛਿਆ ਕਿ ਮੈਂ ਖਾਲਿਸਤਾਨ ਦੇ ਹੱਕ ਵਿਚ ਕਿਉਂ ਨਹੀਂ ਹਾਂ? ਪਰ ਮੈਂ ਹਰ ਖਾਲਿਸਤਾਨੀ ਨੂੰ ਪੁੱਛਦਾ ਰਿਹਾ ਹਾਂ ਕਿ ਖਾਲਿਸਤਾਨ ‘ਤੇ ਘੰਟਿਆਂਬੱਧੀ ਬੋਲ ਸਕਣ ਵਾਲੇ ਦਾਨਸ਼ਵਰ ਵੀ ਖਾਲਿਸਤਾਨ ਦੀ ਅਜਿਹੀ ਵਿਆਖਿਆ ਕਿਉਂ ਨਹੀਂ ਕਰ ਸਕੇ, ਜਿਸ ਨਾਲ ਸ਼ ਪ੍ਰੀਤਮ ਸਿੰਘ ਕੁਮੇਦਾਨ ਜਾਂ ਮੇਰੇ ਵਰਗੇ ਪਾਠਕ ਨੂੰ ਸਮਝ ਆ ਜਾਵੇ ਕਿ ਖਾਲਿਸਤਾਨ ਹੈ ਕੀ? ਮੈਨੂੰ ਚੰਗਾ ਲੱਗਾ ਕਿ ਪ੍ਰਭਸ਼ਰਨ ਨੇ ਖਾਲਿਸਤਾਨ ਨੂੰ ਜਿਉਂਦੇ ਸੁਪਨਿਆਂ ਦੀ ਧਰਤੀ ਦੇ ਆਬਾਦ ਹੋਣ ਦੀਆਂ ਸੰਭਾਵਨਾਵਾਂ ਕਿਹਾ ਹੈ। ਅਜਿਹਾ ‘ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਖਾਲਿਸਤਾਨ’ ਕਿਥੇ, ਕਿਵੇਂ ਅਤੇ ਕਿਉਂ ਬਣ ਸਕਦਾ ਹੈ, ਇਸ ਬਾਰੇ ਲੋੜੀਂਦੀ ਚਰਚਾ ਦੇ ਮੁਦੱਈਆਂ ਨੂੰ ਚਰਚਾ ਇਸ ਕਰ ਕੇ ਛੇੜਨੀ ਚਾਹੀਦੀ ਹੈ, ਕਿਉਂਕਿ ਖਾਲਿਸਤਾਨ ਦੀ ਆੜ ਵਿਚ ਚੱਲ ਰਹੀਆਂ ਸਿਆਸੀ ਦੁਕਾਨਦਾਰੀਆਂ ਨਾਲ ਪੈਦਾ ਹੋ ਰਹੀ ਸਿੱਖ ਕੌਮ ਦੀ ਦਸ਼ਾ ਅਤੇ ਦਿਸ਼ਾ ਬਾਰੇ ਸਥਿਤੀ ਸਪਸ਼ਟ ਹੋ ਸਕੇ।
ਅਜਿਹਾ ਨਹੀਂ ਕਰਾਂਗੇ ਤਾਂ ਪੰਜਾਬ ਵਿਚ ਬਾਦਲਕੇ ਅਤੇ ਰੈਫਰੈਂਡਮ 2020 ਵਾਲੇ ਖਾਲਿਸਤਾਨੀ ਸੁਪਨਿਆਂ ਦਾ ਸਮਕਾਲੀ ਹਾਸਲ ਹੋ ਜਾਣਗੇ? ਇਸ ਬਾਰੇ ਚਰਚਾ ਦਾ ਆਗਾਜ਼ ਪਹਿਲਾਂ 20 ਜੂਨ ਨੂੰ ਸ਼ ਪ੍ਰੀਤਮ ਸਿੰਘ ਕੁਮੇਦਾਨ ਨੇ ‘ਖਾਲਿਸਤਾਨ ਬਾਰੇ ਕੁਝ ਸਵਾਲ’ ਅਤੇ ਹੁਣ ਹਰਚਰਨ ਸਿੰਘ ਪਰਹਾਰ ਨੇ ‘ਪੰਜਾਬ ਟਾਈਮਜ਼’ ਦੇ ਹੀ 18 ਜੁਲਾਈ ਵਾਲੇ ਅੰਕ ਰਾਹੀਂ ਸਵਾਲ ਪੈਦਾ ਕਰ ਕੇ ਕਰ ਦਿੱਤਾ ਹੈ।
ਸਿੱਖ ਅਕਾਦਮਿਕਤਾ ਨਾਲ ਚੱਲਦਿਆਂ ਮੈਨੂੰ ਇਹ ਲੱਗਦਾ ਰਿਹਾ ਹੈ ਕਿ ਸਿੱਖ ਵਿਦਵਾਨਾਂ ਵਿਚਾਲੇ ਚਰਚਾ ਦਾ ਸਭਿਆਚਾਰ ਅਤੇ ਸਲੀਕਾ ਉਸ ਤਰ੍ਹਾਂ ਪੈਦਾ ਨਹੀਂ ਹੋ ਸਕਿਆ, ਜਿਸ ਤਰ੍ਹਾਂ ਸਿੱਖ ਸਿਧਾਂਤਕੀ ਦੀ ਰੌਸ਼ਨੀ ਵਿਚ ਹੋਣਾ ਚਾਹੀਦਾ ਸੀ/ਹੈ। ਪ੍ਰਭਸ਼ਰਨ ਨੇ ਠੀਕ ਬੁੱਝਿਆ ਹੈ ਕਿ ਸੰਵਾਦ ਵਾਸਤੇ ਲੋੜੀਂਦੀਆਂ ਧਿਰਾਂ ਵਿਚਾਲੇ ‘ਇਕ ਪੱਧਰ ਦੀ ਨੈਤਿਕਤਾ ਸਦਾ ਕਾਇਮ ਰਹਿਣੀ ਚਾਹੀਦੀ ਹੈ।’ ਵਿਰੋਧ ਨੂੰ ਦੁਸ਼ਮਣੀ ਵਾਂਗ ਲਵਾਂਗੇ ਤਾਂ ਨੈਤਿਕਤਾ ਦੀ ਸਿਰਫ ਸਿਆਸਤ ਹੀ ਕਰ ਸਕਾਂਗੇ। ਇਸ ਮੁੱਦੇ ਨਾਲ ਜੁੜੇ ਹੋਏ ਦਾਨਿਸ਼ਵਰਾਂ ਦੀ ਗਿਣਤੀ ਬਹੁਤੀ ਕਦੇ ਵੀ ਨਹੀਂ ਸੀ ਅਤੇ ਇਸ ਨਿਗੁਣੀ ਗਿਣਤੀ ਵਿਚ ਪ੍ਰਾਪਤ ਧੜਿਆਂ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਕਿ ਚਰਚਾ ਨਾਲ ਲੋੜੀਂਦੇ ਬਿਰਤਾਂਤ ਦੀ ਉਸਾਰੀ ਵਲ ਵਧਣ ਦੀ ਥਾਂ ਆਪਸੀ ਵਿਰੋਧ ਦੁਆਰਾ ਬੇਲੋੜੀਆਂ ਸਥਾਪਤੀਆਂ ਹੀ ਹੁੰਦੀਆਂ ਰਹੀਆਂ ਹਨ। ਇਸ ਪਾਸੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਢਾਹੋਵਾੜਿਆਂ ਨਾਲ ਕੁਝ ਵੀ ਉਸਾਰਿਆ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਲੱਗਦਾ ਹੈ ਕਿ ਢਾਹ ਕੇ ਹੀ ਕੁਝ ਉਸਾਰਿਆ ਜਾ ਸਕਦਾ, ਉਨ੍ਹਾਂ ਨੂੰ ਹੀ ਮੈਂ ਸਿਆਸਤ ਕਹਿੰਦਾ ਆ ਰਿਹਾ ਹਾਂ। ਅਜਿਹੀ ਸਿਆਸਤ ਦੀਆਂ ਸਿਧਾਂਤਕੀਆਂ ਵੀ ਹਨ, ਪਰ ਸਿੱਖ ਸਿਧਾਂਤਕੀ ਨੂੰ ਉਨ੍ਹਾਂ ਵਿਚ ਨਹੀਂ ਗਿਣਿਆ ਜਾ ਸਕਦਾ। ਇਸੇ ਵਿਚੋਂ ਅਕਾਦਮਿਕਤਾ ਦੀ ਉਹ ਸਿਆਸਤ ਵੀ ਪੈਦਾ ਹੁੰਦੀ ਰਹੀ ਹੈ। ਸਿੱਖ ਧਰਮ ਦੇ ਵਿਦਿਆਰਥੀ ਦੇ ਤੌਰ ‘ਤੇ ਮੈਨੂੰ ਇਹੀ ਸਮਝ ਆਇਆ ਹੈ ਕਿ ਸਿੱਖ ਸਿਧਾਂਤਕੀ ਨਾਲ ਸੱਜੇ ਅਤੇ ਖੱਬੇ ਉਲਾਰ ਦੀਆਂ ਸਿਧਾਂਤਕੀਆਂ ਦਾ ਵਿਚਕਾਰਲਾ ਰਾਹ ਸਥਾਪਤ ਕੀਤਾ ਗਿਆ ਸੀ। ਇਸੇ ਨੂੰ ਨੇਮ ਤੇ ਪ੍ਰੇਮ, ਭਗਤੀ ਤੇ ਸ਼ਕਤੀ ਅਤੇ ਮੀਰੀ ਤੇ ਪੀਰੀ ਰਾਹੀਂ ਸਮਝਿਆ ਜਾ ਸਕਦਾ ਹੈ। ਸਿਆਸਤ ਵਲ ਸੇਧਤ ਸਿੱਖ ਦਾਨਿਸ਼ਵਰ ਸੱਜੇ ਅਤੇ ਖੱਬੇ ਉਲਾਰ ਵਲ ਜਿਵੇਂ ਜਿਵੇਂ ਵਧਦੇ ਰਹੇ ਹਨ, ਉਵੇਂ ਉਵੇਂ ਸਿੱਖੀ ਤੋਂ ਦੂਰ ਵੀ ਹੁੰਦੇ ਰਹੇ ਹਨ।
ਮਿਸਾਲ ਵਜੋਂ ਸਿੱਖਾਂ ਦੀਆਂ ਦੁਸ਼ਵਾਰੀਆਂ ਦਾ ਕਾਰਨ ਹਿੰਦੂ ਨੂੰ ਸਮਝ ਲੈਣ ਦੀ ਸਿਆਸਤ ਨਾਲ ਜਿਹੋ ਜਿਹੇ ਨਤੀਜੇ ਨਿਕਲੇ ਹਨ, ਉਹੋ ਜਿਹੇ ਨਤੀਜੇ ਹੀ ਕਾਮਰੇਡਾਂ ਤੋਂ ਸਿੱਖ ਹੋਇਆਂ ਦਾਨਿਸ਼ਵਰਾਂ ਦੇ ਵਿਰੋਧ ਨਾਲ ਨਿਕਲਣੇ ਹਨ। ਸਿੱਖ ਹੋਣ ਦੀ ਇਜਾਰੇਦਾਰੀ ਦੀ ਆਗਿਆ ਕਿਸੇ ਨੂੰ ਵੀ ਨਹੀਂ ਸੀ/ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੇ ਹਵਾਲੇ ਨਾਲ ਇਹ ਸਥਾਪਤ ਕਰ ਦਿੱਤਾ ਸੀ ਕਿ ਸਿੱਖ ਹੋਣ ਦਾ ਰਾਹ ਕਿਸੇ ਦਾ ਵੀ ਨਹੀਂ ਰੋਕਿਆ ਜਾ ਸਕਦਾ? ਸਰਬੱਤ ਦੇ ਭਲੇ ਦੀ ਇਸ ਸਦੀਵੀ ਸਿਧਾਂਤਕੀ ਨੂੰ ਸਰਬੱਤ ਦੇ ਭਲੇ ਦੀ ਵਕਤੀ ਸਿਆਸਤ ਨਹੀਂ ਹੋਣ ਦੇਣਾ ਚਾਹੀਦਾ। ਇਸ ਪ੍ਰਸੰਗ ਵਿਚ ਖਾਲਿਸਤਾਨ ਦੇ ਮੁੱਦੇ ਨੂੰ ਧਰਮ ਅਤੇ ਸਿਆਸਤ ਦੇ ਸਿੱਖ ਪ੍ਰਸੰਗ ਰਾਹੀਂ ਹੀ ਸਮਝਿਆ ਤੇ ਸਮਝਾਇਆ ਜਾਣਾ ਚਾਹੀਦਾ ਹੈ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਵਾਲਾਂ ਵਾਂਗ ਜਵਾਬ ਦੋ-ਟੁੱਕ ਬਹੁਤੀ ਵਾਰ ਨਹੀਂ ਹੋ ਸਕਦੇ। ਸਵਾਲ, ਸਿਰਲੇਖ ਜਿਹਾ ਹੁੰਦਾ ਹੈ ਅਤੇ ਜਵਾਬ, ਸਿਰਲੇਖ ਦੇ ਪ੍ਰਸੰਗਕ ਵਿਸਥਾਰ ਜਿਹਾ।
ਇਸ ਪਿਛੋਕੜ ਵਿਚ ਮੇਰੇ ਸਾਹਮਣੇ ਹਰਚਰਨ ਸਿੰਘ ਪਰਹਾਰ ਦਾ ਲੇਖ ‘ਸਿੱਖ ਵਿਦਵਾਨ ਭੰਬਲਭੂਸੇ ਦਾ ਸ਼ਿਕਾਰ ਜਾਂ ਬੇਈਮਾਨ’ ਹੈ। ਮੈਂ ਕਿਸੇ ਸਿੱਖ ਵਿਦਵਾਨ ਨੂੰ ਨਾ ਹੀ ਭੰਬਲਭੂਸੇ ਦਾ ਸ਼ਿਕਾਰ ਮੰਨਦਾ ਹਾਂ ਅਤੇ ਨਾ ਹੀ ਬੇਈਮਾਨ ਮੰਨਦਾ ਹਾਂ। ਕਾਰਨ ਇਹ ਹੈ ਕਿ ਜਿਹੜਾ ਕੀੜਿਆਂ ਵਾਲੇ ਭੌਣ ‘ਤੇ ਖਲੋਣ ਦੀ ਮਜਬੂਰੀ ਹੰਢਾ ਰਿਹਾ ਹੈ, ਉਸ ਨੂੰ ‘ਹੋਊ ਪਰੇ’ ਕਹਿ ਕੇ ਪਾਸਾ ਵੱਟਣ ਦੀ ਥਾਂ, ਉਸ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ। ਅਜਿਹਾ ਪ੍ਰਭਸ਼ਰਨ ਦੀ ਭਾਸ਼ਾ ਵਿਚ ਪੰਜਾਬੀਆਂ ਦੀਆਂ ਜ਼ਮੀਨੀ ਹਕੀਕਤਾਂ ਦੇ ਬੌਧਿਕ ਸਫਰ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਮੇਰੀ ਸਿੱਖ ਸਕਰਮਕਤਾ ਬੇਸ਼ੱਕ ਪ੍ਰਭਸ਼ਰਨ ਅਤੇ ਪਰਹਾਰ ਵਾਂਗ ਨਹੀਂ ਸੋਚ ਸਕੀ, ਪਰ ਇਨ੍ਹਾਂ ਦੋਹਾਂ ਵਲੋਂ ਉਠਾਏ ਸਵਾਲਾਂ ਦੇ ਸਨਮੁਖ ਹੋਣ ਦੀ ਕੋਸ਼ਿਸ਼ ਤਾਂ ਕਰਦੇ ਹੀ ਰਹਿਣਾ ਚਾਹੀਦਾ ਹੈ। ਇਹ ਸਵਾਲ ਹਰ ਸੁਹਿਰਦ ਪੰਜਾਬੀ ਚੇਤਨਾ ਦੇ ਇਰਦ-ਗਿਰਦ ਖਿਲਰੇ ਹੋਏ ਸਵਾਲ ਹੀ ਤਾਂ ਹਨ। ਪੰਜਾਬੀ ਚੇਤਨਾ ਨੇ ਹਰ ਕਿਸਮ ਦੀ ਨਵੀਨਤਾ ਦਾ ਹੁੰਗਾਰਾ ਭਰਿਆ ਹੈ। ਜਨਾਹ ਨੂੰ ਕਾਇਦੇ-ਆਜ਼ਮ ਪੰਜਾਬੀਆਂ ਨੇ ਬਣਾਇਆ, ਸਵਾਮੀ ਦਯਾ ਨੰਦ ਨੂੰ ਹੁੰਗਾਰਾ ਪੰਜਾਬ ਵਿਚੋਂ ਮਿਲਿਆ ਅਤੇ ਪੰਜਾਬੀਆਂ ਦਾ ਕਾਰਲ ਮਾਰਕਸ ਦੀ ਸਮਾਜਵਾਦੀ ਵਿਚਾਰਧਾਰਾ ਨੂੰ ਦਹਾਕਿਆਂ ਤੱਕ ਭਰਵਾਂ ਹੁੰਗਾਰਾ ਵੀ ਜੱਗ ਜਾਹਰ ਹੈ, ਜਿਸ ਵਿਚੋਂ ਕੋਈ ਸਾਰਥਕ ਸਿੱਟਾ ਕਦੀ ਵੀ ਕੱਢਿਆ ਨਾ ਜਾ ਸਕਿਆ। ਭਾਵ ਖੁਦ ਆਪਣੇ ਵਿਰਸੇ ਨੂੰ ਆਧਾਰ ਬਣਾ ਕੇ ਸੋਚ ਕੇ ਕਰਨ ਦੀ ਥਾਂ, ਕਰ ਕੇ ਸੋਚਣ ਦਾ ਪੰਜਾਬੀ ਸੁਭਾ ਪੰਜਾਬ ਦੇ ਸਭਿਆਚਾਰ ਦਾ ਹਿੱਸਾ ਰਿਹਾ ਹੈ। ਇਸ ਵਿਚ ਸਿੱਖ ਧਰਮ, ਸਿੱਖ ਅਧਿਆਤਮ ਅਤੇ ਸਿੱਖ ਸਭਿਆਚਾਰ ਦੀ ਭੂਮਿਕਾ ਦੇ ਨਤੀਜਿਆਂ ਨੂੰ ਪ੍ਰੋ. ਪੂਰਨ ਸਿੰਘ ਨੇ “ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ‘ਤੇ” ਕਿਹਾ ਹੋਇਆ ਹੈ। ਇਸ ਦੀ ਸਿਆਸਤ ਕਰਨ ਵਾਲਿਆਂ ਕਰਕੇ ਧਰਮਨੁਮਾ ਸਿਆਸਤਦਾਨਾਂ ਅਤੇ ਸਿਆਸਤਨੁਮਾ ਧਰਮੀਆਂ ਦੀਆਂ ਨਵੀਆਂ ਕੋਟੀਆਂ ਪੈਦਾ ਹੋ ਗਈਆਂ ਹਨ। ਇਨ੍ਹਾਂ ਕਰ ਕੇ ਪੈਦਾ ਹੋ ਗਏ ਸਵਾਲਾਂ ਦੇ ਉਤਰ ਇਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਹੀ ਦੇਣੇ ਚਾਹੀਦੇ ਹਨ। ਚਰਚਾ ਕਰਦਿਆਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਵੀ ਸਮਕਾਲ ਦੀ ਮਾਨਸਿਕਤਾ ਨੂੰ ਨਾਲ ਲਏ ਬਿਨਾ ਕੋਈ ਵੀ ਬਦਲਾਓ ਨਹੀਂ ਕੀਤਾ ਜਾ ਸਕਦਾ। ਬਦਲਾਓ ਦੀਆਂ ਸੰਭਾਵਨਾਵਾਂ ਬਾਰੇ ਸੋਚੇ ਬਿਨਾ ਬਦਲਾਓ ਦੀ ਸਿਆਸਤ ਹੋ ਰਹੀ ਹੋਵੇ ਤਾਂ ਮਾਨਸਿਕ ਘੜਮੱਸ ਦੇ ਜਨਤਕ ਪਾਸਾਰ ਪੈਦਾ ਹੋ ਜਾਂਦੇ ਹਨ। ਮਾਨਸਿਕ ਘੜਮੱਸ ਵਿਚੋਂ ਪੋਜ਼ੈਸਿਡ ਮਾਨਸਿਕਤਾ ਪੈਦਾ ਕਰਨੀ ਸੌਖੀ ਹੁੰਦੀ ਹੈ। ਖਾਲਿਸਤਾਨੀ ਦਾਨਿਸ਼ਵਰਾਂ ਦਾ ਇਹੋ ਹਾਸਲ ਮੇਰੇ ਸਾਹਮਣੇ ਹੈ। ਪਰਹਾਰ ਦੇ ਸਵਾਲ ਵੀ ਇਸੇ ਸਥਿਤੀ ਨਾਲ ਜੁੜੇ ਹੋਏ ਹਨ। ਇਸ ਪਰਥਾਏ ਮੈਂ ਕਰਮਜੀਤ ਸਿੰਘ ਦੇ ਪ੍ਰਚੰਡ ਜਜ਼ਬਿਆਂ ਦੇ ਹਵਾਲੇ ਨਾਲ ਚਰਚਾ ਛੇੜਨ ਦੀ ਕੋਸ਼ਿਸ਼ ਕੀਤੀ ਸੀ। ਕਾਰਨ ਇਹ ਵੀ ਸੀ ਕਿ ਕਰਮਜੀਤ ਨਾਲ ਛੋਟੇ ਭਾਈਆਂ ਵਾਲਾ ਮੁਹੱਬਤੀ ਰਿਸ਼ਤਾ ਰਿਹਾ ਹੋਣ ਦੇ ਬਾਵਜੂਦ ਉਸ ਦੀ ਖਾਲਿਸਤਾਨੀ ਸੁਪਨਸਾਜ਼ੀ ਕਦੀ ਵੀ ਮੇਰੀ ਸਮਝ ਵਿਚ ਨਹੀਂ ਆਈ। ਇਸ ਕਿਸਮ ਦੀ ਸੁਪਨਸਾਜ਼ੀ ਦੇ ਸਿੱਧੇ ਜਾਂ ਅਸਿੱਧੇ ਨਤੀਜੇ ਵਜੋਂ ਚੱਲੀ ਹਿੰਸਕ ਲਹਿਰ ਨਾਲ ਨੁਕਸਾਨ ਜੋ ਹੋਇਆ, ਉਹ ਮੇਰੇ ਸਾਹਮਣੇ ਹੈ ਅਤੇ ਮੇਰੇ ਮਨ ਅੰਦਰ ਲਗਾਤਾਰ ਇਹ ਸੰਸਾ ਬਣਿਆ ਰਿਹਾ ਹੈ ਕਿ ਕਰਮਜੀਤ ਸਿੰਘ ਤੇ ਅਜਮੇਰ ਸਿੰਘ ਜਿਹੇ ਵਿਦਵਾਨ ਪਹਿਲਾਂ ਹੀ ਮਰਨਾਊ ਪਏ ਪੰਜਾਬ ਦੀ ਧਰਤੀ ‘ਤੇ ਉਸੇ ਤਰ੍ਹਾਂ ਦਾ ਚੰਦ ਨਾ ਚੜ੍ਹਾ ਦੇਣ, ਜਿਸ ਦੇ ਮਨਹੂਸ ਸਾਏ ‘ਚੋਂ ਉਹ ਪਹਿਲਾਂ ਹੀ ਬਹੁੜੀ ਬਹੁੜੀ ਕਰ ਕੇ ਬੜੀ ਮੁਸ਼ਕਿਲ ਨਾਲ ਬਾਹਰ ਆਇਆ ਹੈ।
ਅਸਲ ਵਿਚ ਪੰਜਾਬ ਦੀ ਵੰਡ ਦਰ ਵੰਡ ਪਿਛੋਂ ਬਣੇ ਪੰਜਾਬੀ ਸੂਬੇ ਵਿਚ ਸਿੱਖ ਰਾਜਨੀਤੀ ਨੇ ਸਿੱਖ ਅਕਾਦਮਿਕਤਾ ਦਾ ਰਾਹ ਲਗਾਤਾਰ ਬੇਸ਼ੱਕ ਰੋਕਿਆ ਹੈ। ਇਹ ਪਰਹਾਰ ਦਾ ਸਵਾਲ ਵੀ ਹੈ। ਪਰਹਾਰ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਮਕਾਲ ਨਾਲ ਜੁੜੇ ਹੋਏ ਨਤੀਜੇ ਇਸ ਆਧਾਰ ‘ਤੇ ਸਮਝੇ ਜਾ ਸਕਦੇ ਹਨ ਕਿ ਪ੍ਰਚਲਿਤ ਵਰਤਾਰੇ ਦੇ ਕੇਂਦਰ ਵਿਚ ਕੀ ਹੋਣਾ ਚਾਹੀਦਾ ਹੈ ਅਤੇ ਹਾਸ਼ੀਏ ‘ਤੇ ਕੀ ਹੋਣਾ ਚਾਹੀਦਾ ਹੈ? ਪੰਜਾਬੀਆਂ ਦੇ ਵਰਤਾਰੇ ਦੇ ਕੇਂਦਰ ਵਿਚੋਂ ਸਿਆਸਤ ਨੇ ਧਰਮ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਹੈ ਅਤੇ ਨਤੀਜਨ ਧਰਮ ਦੀ ਸਿਆਸਤ ਪ੍ਰਧਾਨ ਹੋ ਗਈ। ਇਹ ਵਰਤਾਰਾ ਮਾਸਟਰ ਤਾਰਾ ਸਿੰਘ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਿਆ ਸੀ ਅਤੇ ਇਸ ਨਾਲ ਪੈਦਾ ਹੋਈਆਂ ਅਕਾਦਮਿਕ ਕਬਰਾਂ ਦਾ ਮਜੌਰ ਬਾਦਲਕਿਆਂ ਦੀ ਸਿਆਸਤ ਤੇ ਖਾਲਿਸਤਾਨੀ ਸਿਆਸਤ ਹੋ ਗਈ ਹੈ।
ਇਸ ਨੂੰ ਸਮਝਣ ਵਾਸਤੇ ਕਹਾਣੀ ਸੁਣੋ। ਇਕ ਮਾਈ ਦੇ ਘਰ ਚੋਰ ਗਏ ਤਾਂ ਮਾਈ ਨੇ ਰੌਲਾ ਪਾ ਦਿੱਤਾ। ਚੋਰਾਂ ਨੇ ਮਾਈ ਦਾ ਮੰਜਾ ਚੁੱਕਿਆ ਅਤੇ ਗਲੀ ਵਿਚ ਆ ਗਏ। ਮਾਈ ਕਹਿੰਦੀ ਰਹੀ, ਚੋਰ ਵੇ ਬੱਚਾ ਚੋਰ। ਅੱਗਿਓਂ ਚੋਰ ਕਹਿੰਦੇ ਰਹੇ, ਮਾਈ ਸੱਚ ਕਹਿੰਦੀ ਹੈ। ਇਸ ਤਰ੍ਹਾਂ ਦੋਹਾਂ ਸਿਆਸੀ ਧਿਰਾਂ ਨੂੰ ਸਮਝਿਆ ਜਾ ਸਕਦਾ ਹੈ। ਖਾਲਿਸਤਾਨੀ ਦਾਨਿਸ਼ਵਰ ਕਹਿੰਦੇ ਰਹੇ ਕਿ ਹਿੰਦੂ, ਸਿੱਖ ਦਾ ਦੁਸ਼ਮਣ ਹੈ। ਬਾਦਲ ਸਾਹਿਬ ਇਸ ਨੂੰ ਸੱਚ ਵਾਂਗ ਸੁਣਦੇ ਤੇ ਵਰਤਦੇ ਰਹੇ ਅਤੇ ਰਾਜ ਕਰਦੇ ਰਹੇ। ਇਕ ਹੋਰ ਸੱਚ ਸਾਹਮਣੇ ਆ ਰਿਹਾ ਹੈ। ਮਾਸਟਰ ਤਾਰਾ ਸਿੰਘ ਨੇ ਸਿੱਖ ਸਿਆਸਤ ਵਾਸਤੇ ਲੱਭੇ ਸ਼ ਹੁਕਮ ਸਿੰਘ, ਅਜੀਤ ਸਿੰਘ ਸਰਹੱਦੀ, ਪ੍ਰਤਾਪ ਸਿੰਘ ਕੈਰੋਂ, ਸ਼ ਕਪੂਰ ਸਿੰਘ ਅਤੇ ਹੋਰ ਵੀ। ਬਾਦਲ ਨੇ ਕੀ ਤੇ ਕਿਹੋ ਜਿਹੇ ਲੱਭੇ? ਜਿਸ ਨੂੰ ਨਹੀਂ ਪਤਾ, ਉਸ ਨੂੰ ਕਿਉਂ ਦੱਸਣਾ ਹੈ? ਅਜਿਹੀ ਹਾਲਤ ਵਿਚ ਪੰਜਾਬੀ ਦਾਨਿਸ਼ਵਰਾਂ ਦੀ ਭੂਮਿਕਾ ਸਿਆਸਤਦਾਨਾਂ ਦੇ ਹੱਕ ਵਿਚ ਬੇਸ਼ੱਕ ਭੁਗਤਦੀ ਰਹੀ ਹੈ। ਇਸ ਸਪੇਸ ਵਿਚ ਸਿਆਣਪ ਦੀ ਕੀਮਤ ਬਟੋਰੇ ਜਾਣ ਦੀ ਅਕਾਦਮਿਕ ਸਿਆਸਤ ਹੀ ਖਾਲਿਸਤਾਨ ਦੀ ਸਿਆਸਤ ਤੱਕ ਪਹੁੰਚ ਗਈ ਹੈ। ਇਸ ਨਾਲ ਧਾਰਮਿਕ ਕੱਟੜਤਾ ਅਤੇ ਧਾਰਮਿਕ ਡੇਰੇਦਾਰੀ ਦਾ ਬੋਲਬਾਲਾ ਹੁੰਦਾ ਗਿਆ ਹੈ ਅਤੇ ਕਿਸੇ ਵੀ ਰੰਗ ਦੀ ਸਿੱਖ ਦਾਨਿਸ਼ਵਰੀ ਕੰਧੀਂ ਕੌਲੀਂ ਵੱਜਦੀ ਰਹੀ ਹੈ। ਇਸ ਨਾਲ ਸਿੱਖੀ ਦਾ ਜੋ ਵੀ ਨੁਕਸਾਨ ਹੋਇਆ, ਉਸ ਲਈ ਪੰਜਾਬੀ ਚੇਤਨਾ ਕਿਸੇ ਨਾ ਕਿਸੇ ਮਾਤਰਾ ਵਿਚ ਬਰਾਬਰ ਜ਼ਿੰਮੇਵਾਰ ਹੈ। ਸਿੱਖੀ ਦਾ ਭਾਰੀ ਨੁਕਸਾਨ ਜੋ ਪਰਹਾਰ ਨੂੰ ਨਜ਼ਰ ਆ ਰਿਹਾ ਹੈ, ਉਸੇ ਦਾ ਲਾਭ ਇਸ ਵੇਲੇ ਦੀ ਸਿੱਖ ਸਿਆਸਤ ਲੈ ਰਹੀ ਹੈ। ਜਿਸ ਸਿੱਖ ਲੀਡਰਸ਼ਿਪ ਨੂੰ ਪਰਹਾਰ ਵਲੋਂ ਸਿੱਧੜ ਕਿਹਾ ਜਾ ਰਿਹਾ ਹੈ, ਉਸੇ ਦਾ ਪ੍ਰਤੀਨਿਧ ਬਾਦਲਕੇ ਹਨ। ਇਹ ਸਿੱਧੜ ਨਹੀਂ, ਮੀਸਣੀ ਸਿਆਸਤ ਹੈ ਅਤੇ ਇਹ ਕਰਨ ਵਾਲੇ ਤੋਂ ਬਿਨਾ ਕਿਸੇ ਹੋਰ ਦੇ ਹੱਕ ਵਿਚ ਨਹੀਂ ਭੁਗਤ ਸਕਦੀ। ਇਸ ਪ੍ਰਸੰਗ ਵਿਚ ਜਿਨ੍ਹਾਂ ਨਾਂਵਾਂ ਦਾ ਜ਼ਿਕਰ ਪਰਹਾਰ ਨੇ ਕੀਤਾ ਹੈ, ਇਹ ਸਾਰੇ ਸ਼ ਕਪੂਰ ਸਿੰਘ ਦੇ ਸ਼ਬਦਾਂ ਵਿਚ ਅਕਾਲੀਆਂ ਨੂੰ ਗੱਡੇ ਤੋਂ ਲਾਹ ਕੇ ਜਹਾਜ ‘ਤੇ ਚੜ੍ਹਾਉਣ ਦੀ ਸਿਆਸਤ ਦੇ ਹੀ ਕੰਮ ਆਏ ਹਨ। ਵੈਸੇ ਇਨ੍ਹਾਂ ਸਾਰਿਆਂ ਬਾਰੇ ਚਰਚਾ ਹੋਵੇ ਤਾਂ ਇਸ ਫੈਸਲੇ ਵਲ ਵਧਿਆ ਜਾ ਸਕਦਾ ਹੈ ਕਿ ਸਿਆਸਤ ਅਤੇ ਦਾਨਿਸ਼ਵਰੀ ਵਿਚੋਂ ਵਰਤਿਆ ਜਾਣ ਵਾਲਾ ਸਿੱਧੜ ਹੈ ਕਿ ਵਰਤਣ ਵਾਲਾ?
ਵੈਸੇ ਤਾਂ ਸਵਾਲ ਕਰਨ ਵਾਲੇ ਨੂੰ ਕੀਤੇ ਗਏ ਸਵਾਲਾਂ ਦਾ ਵੱਧ ਪਤਾ ਹੁੰਦਾ ਹੈ; ਫਿਰ ਵੀ ਪਰਹਾਰ ਦਾ ਪਹਿਲਾ ਸਵਾਲ ਕਿ ਖਾਲਿਸਤਾਨੀ ਦਾਨਸ਼ਵਰੀ ਵਿਚ ਬਾਹਰੋਂ ਪਰਵੇਸ਼ ਕਰਨ ਵਾਲਿਆਂ ਦੇ ਮਕਸਦ ਬਾਰੇ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਵੀ ਸਮਕਾਲ ਦੀਆਂ ਸੰਭਾਨਾਵਾਂ ਮੁਤਾਬਿਕ ਹੀ ਘੁਸਪੈਠ ਹੋ ਸਕਦੀ ਹੈ। ਅਜਮੇਰ ਸਿੰਘ ਇਸ ਪੱਖੋਂ ਨਾ ਪਹਿਲਾ ਹੈ ਅਤੇ ਨਾ ਆਖਰੀ। ਇਸ ਤਰ੍ਹਾਂ ਹੋਏ ‘ਸਭ ਸਿੱਖਾਂ ਅਤੇ ਸਿੱਖੀ ਦੇ ਭਾਰੀ ਨੁਕਸਾਨ’ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਕਿਸੇ ਵੀ ਕਾਰਨ ਕੌਮੀ ਮੁੱਖਧਾਰਾ ਜੇ ਹਾਸ਼ੀਏ ‘ਤੇ ਚਲੀ ਜਾਵੇ ਤਾਂ ਸਿੱਖਾਂ ਅਤੇ ਸਿੱਖੀ ਨੂੰ ਲੋੜ ਮੁਤਾਬਿਕ ਵਰਤਣ ਵਾਲੀ ਸਿਆਸਤ ਹੀ ਵਰਤਾਰੇ ਦੇ ਕੇਂਦਰ ਵਿਚ ਆ ਜਾਣ ਕਰ ਕੇ ਮੁੱਖਧਾਰਾ ਹੋ ਜਾਵੇਗੀ। ਜਵਾਬ ਦੇਣ ਲਈ ਸੰਵਾਦ ਵਿਚ ਕਿਉਂ ਨਾ ਪੈਣ ਨਾਲ ਪੈਦਾ ਹੋਣ ਵਾਲੀ ਸਾਜਿਸ਼ੀ ਚੁੱਪ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਅਜਿਹਾ ਸਿਆਸੀ ਮਜੌਰੀਕਰਨ ਕਰ ਕੇ ਵਾਪਰਦਾ ਹੈ। ਸਿਧਾਂਤ ਅਤੇ ਵਿਅਕਤੀ ਨਾਲ ਜੁੜੇ ਹੋਏ ਸਵਾਲ ਦੇ ਜਵਾਬ ਵਿਚ ਕਿਹਾ ਜਾ ਸਕਦਾ ਹੈ ਕਿ ਸਿਧਾਂਤਕ ਇਜਾਰੇਦਾਰੀ ਦੀ ਸਿਆਸਤ ਨਾਲ ਪੈਦਾ ਹੋਣ ਵਾਲੇ ਵਿਅਕਤੀ ਸਹੂਲਤ ਮੁਤਾਬਿਕ ਅਪਹਰਨ ਕਰਨ ਦੇ ਕਲਾਕਾਰ ਹੋ ਜਾਂਦੇ ਹਨ ਅਤੇ ਉਸ ਦੇ ਅੰਧ-ਭਗਤ ਉਸ ਦੇ ਪੈਰੋਂ ਹੋਣ ਵਾਲੇ ਨੁਕਸਾਨ ਨੂੰ ਸਾਹਮਣੇ ਨਹੀਂ ਆਉਣ ਦਿੰਦੇ। ਮੈਂ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹਾਂ ਕਿ ਵਰਤਮਾਨ ਵਿਚ ਸਿਆਸਤ ਨੂੰ ਸਿੱਖ ਕੌਮ ਦੀ ਹੋਣੀ ਵਜੋਂ ਨਹੀਂ ਲਿਆ ਜਾ ਸਕਦਾ, ਕਿਉਂਕਿ ਸਿੱਖਾਂ ਦੀ ਘਟਗਿਣਤੀ, ਬਹੁਗਿਣਤੀ ਦੀ ਗਲੋਬਲ ਸਿਆਸਤ ਵਿਚ ਉਸ ਤਰ੍ਹਾਂ ਆਪਣਾ ਥਾਂ ਨਹੀਂ ਬਣਾ ਸਕਦੀ, ਜਿਸ ਤਰ੍ਹਾਂ ਇਸ ਵੇਲੇ ਕਰੋਨਾ ਕਾਲ ਤੱਕ ਬਣ ਚੁਕਾ ਹੈ।
ਮਿਸਾਲ ਵਜੋਂ ਵੈਨਕੂਵਰ ਵਿਚ ਇਕ ਗੁਰਸਿੱਖ ਅੱਖਾਂ ਦੇ ਡਾਕਟਰ ਕੋਲ ਗਿਆ। ਉਸ ਦੀ ਪੱਗ ਟੈਸਟ ਦਾ ਰਾਹ ਰੋਕ ਰਹੀ ਸੀ। ਗੁਰਸਿੱਖ ਨੇ ਪਗੜੀ ਉਤਾਰ ਕੇ ਟੈਸਟ ਕਰਵਾ ਲਏ। ਪੈਸੇ ਦੇਣ ਲੱਗਿਆਂ ਡਾਕਟਰ ਨੇ ਇਸ ਕਰ ਕੇ ਨਾ ਲਏ ਕਿ ਉਸ ਕਰ ਕੇ ਗੁਰਸਿੱਖ ਨੂੰ ਪਗੜੀ ਉਤਾਰਨੀ ਪਈ ਹੈ। ਲੰਗਰ ਦੀ ਸੇਵਾ ਨਾਲ ਵੀ ਪਗੜੀ ਨੂੰ ਮਾਨਤਾ ਮਿਲੀ ਹੈ। ਬਾਣੀ ਦੀ ਰੌਸ਼ਨੀ ਵਿਚ ਸਿਆਸਤ ਵਲ ਪਿੱਠ ਕਰਨ ਦੀ ਲੋੜ ਨਹੀਂ ਹੈ, ਪਰ ਸਿਆਸਤ ਨੂੰ ਧਰਮ ਦੇ ਬਦਲ ਵਾਂਗ ਅਹਿਮੀਅਤ ਦੇਣ ਦੀ ਵੀ ਲੋੜ ਨਹੀਂ ਹੈ। ਕਿਸ ਨੂੰ ਨਹੀਂ ਪਤਾ ਕਿ ਵੋਟਾਂ ਦੀ ਸਿਆਸਤ ਨਾਲ ਸਰਬੱਤ ਦੇ ਭਲੇ ਦੀ ਦਾਅਵੇਦਾਰੀ ਨਹੀਂ ਕੀਤੀ ਜਾ ਸਕਦੀ। ਹਵਾਲੇ ਵਿਚਲੀ ਸਿੱਖ ਸਿਆਸਤ ਨਾਲ ਜੋ ਕੁਝ ਸਾਹਮਣੇ ਆ ਰਿਹਾ ਹੈ, ਉਸ ਨਾਲ ਤਾਂ ਦੁਨੀਆਂ ਭਰ ਵਿਚ ਹੋ ਰਹੀਆਂ ਪਗੜੀਧਾਰੀ ਪ੍ਰਾਪਤੀਆਂ ਵੀ ਨਹੀਂ ਨਿਭ ਸਕਦੀਆਂ।
ਪਰਹਾਰ ਅਤੇ ਪ੍ਰਭਸ਼ਰਨ ਭਰਾਵਾਂ ਦੇ ਹਵਾਲੇ ਨਾਲ ਇਹ ਕਹਿ ਕੇ ਸਮਾਪਤ ਕਰਨਾ ਚਾਹੁੰਦਾ ਹਾਂ ਕਿ ਜੋ ਸਿਧਾਂਤਕ ਪਹਿਲ-ਤਾਜ਼ਗੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਿੱਖਾਂ ਨੂੰ ਖਾਸ ਕਰ ਕੇ ਅਤੇ ਪੰਜਾਬੀਆਂ ਨੂੰ ਆਮ ਕਰ ਕੇ ਵਿਰਾਸਤ ਵਾਂਗ ਮਿਲ ਗਈ ਹੈ, ਇਸ ਨੂੰ ਗਲੋਬਲ ਵਿਰਾਸਤ ਵਿਚ ਤਬਦੀਲ ਕੀਤੇ ਜਾਣ ਦੀ ਲੋੜ ਹੈ। ਅਜਿਹਾ ਕਿਸੇ ਕਿਸਮ ਦੀ ਸਿਆਸਤ ਦੇ ਆਸਰੇ ਨਹੀਂ ਕੀਤਾ ਜਾ ਸਕਦਾ। ਇਹ ਸੱਚਾਈ ਜਿੰਨਾ ਛੇਤੀ ਪੱਲੇ ਬੰਨ੍ਹ ਲਈ ਜਾਵੇ, ਉਸੇ ਮਾਤਰਾ ਵਿਚ ਸਰਬੱਤ ਦੇ ਭਲੇ ਦੀਆਂ ਸੰਭਾਵਨਾ ਪੈਦਾ ਹੋ ਸਕਣ ਦਾ ਰਾਹ ਪੱਧਰਾ ਹੋ ਸਕਦਾ ਹੈ।