ਪ੍ਰਭਸ਼ਰਨ ਭਰਾਵਾਂ ਦੀ ਰੌਂਗ ਐਂਟਰੀ ਦੇ ਪ੍ਰਤੀਕਰਮ ਦਾ ਪ੍ਰਤੀਕਰਮ

‘ਪੰਜਾਬ ਟਾਈਮਜ਼’ ਦੇ ਪਿਛਲੇਰੇ ਅੰਕ (11 ਜੁਲਾਈ) ਵਿਚ ਹਜ਼ਾਰਾ ਸਿੰਘ ਮਿਸੀਸਾਗਾ ਦਾ ਲੇਖ ‘ਪ੍ਰਭਸ਼ਰਨ ਭਰਾਵਾਂ ਦੀ ਰੌਂਗ ਐਂਟਰੀ: ਸੰਤਾਂ ਦੇ ਅਸਲ ਵਾਰਸ ਹੋਣ ਦਾ ਦਾਅਵਾ’ ਛਾਪਿਆ ਸੀ। ਇਸ ਲੇਖ ਬਾਰੇ ਪ੍ਰਭਸ਼ਰਨਦੀਪ ਸਿੰਘ ਦੀ ਟਿੱਪਣੀ ਪਿਛਲੇ ਅੰਕ (18 ਜੁਲਾਈ) ਵਿਚ ਛਾਪੀ ਗਈ ਸੀ। ਇਸੇ ਸਿਲਸਿਲੇ ਵਿਚ ਹੁਣ ਹਜ਼ਾਰਾ ਸਿੰਘ ਮਿਸੀਸਾਗਾ ਨੇ ਉਸ ਪ੍ਰਤੀਕਰਮ ਬਾਰੇ ਆਪਣਾ ਪ੍ਰਤੀਕਰਮ ਭੇਜਿਆ ਹੈ। ਸਾਡਾ ਯਤਨ ਹੈ ਕਿ ਇਸ ਬਹਿਸ ਵਿਚ ਕਿਸੇ ਦੇ ਨਿੱਜ ਦੀ ਥਾਂ ਸਿੱਖ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਜਾਣ ਤਾਂ ਜੋ ਚਾਨਣ ਦੀ ਕੋਈ ਲੀਕ ਲੱਭ ਸਕੇ।

-ਸੰਪਾਦਕ

ਹਜ਼ਾਰਾ ਸਿੰਘ ਮਿਸੀਸਾਗਾ
ਫੋਨ: 905-795-3428

‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ (18 ਜੁਲਾਈ) ਵਿਚ ਪ੍ਰਭਸ਼ਰਨਦੀਪ ਸਿੰਘ ਦੀ ਲਿਖਤ ‘ਬੌਧਿਕ ਸਫਰ ਤੇ ਜ਼ਮੀਨੀ ਹਕੀਕਤਾਂ: ਇੱਕ ਦੂਜੇ ਦੇ ਪੂਰਕ ਜਾਂ ਵਿਰੋਧੀ’ ਪੜ੍ਹੀ, ਜੋ ਉਨ੍ਹਾਂ ਮੇਰੀ ਲਿਖਤ ‘ਪ੍ਰਭਸ਼ਰਨ ਭਰਾਵਾਂ ਦੀ ਰੌਂਗ ਐਂਟਰੀ’ ਦੇ ਪ੍ਰਤੀਕਰਮ ਵਜੋਂ ਲਿਖੀ ਹੈ। ਮੇਰੀ ਲਿਖਤ ਦਾ ਤੱਤਸਾਰ ਸਿਰਫ ਇੰਨਾ ਹੀ ਸੀ ਕਿ ਜੇ ਇਹ ਵਿਦਵਾਨ ਭਰਾ ਆਪਣੀਆਂ ਤਾਜ਼ਗੀ ਭਰਪੂਰ ਨਰੋਈਆਂ ਅਤੇ ਠੋਸ ਲਿਖਤਾਂ ਨਾਲ ਸਿੱਖ ਬੌਧਿਕ ਮੰਚ ‘ਤੇ ਐਂਟਰੀ ਕਰਦੇ ਤਾਂ ਚੰਗਾ ਹੋਣਾ ਸੀ; ਕਿਉਂਕਿ ਇਹ ਮੰਚ ਕਰੀਬ ਵਿਹਲਾ ਹੀ ਪਿਆ ਹੈ, ਇਸ ਲਈ ਪੰਥ ਤਾਂ ਵਿਦਵਾਨਾਂ ਦਾ ਸੁਆਗਤ ਕਰਨ ਲਈ ਉਡੀਕ ਰਿਹਾ ਹੈ, ਪਰ ਪਿਛਲੇ ਸਮੇਂ ਵਿਚ ਚਲਦੇ ਰਹੇ ਵਿਵਾਦਾਂ ਦੇ ਘੜਮੱਸ ਤੋਂ ਪੰਥ ਦੇ ਆਮ ਮੈਂਬਰ ਪ੍ਰੇਸ਼ਾਨ ਹਨ। ਵਿਦਵਾਨਾਂ ਵਲੋਂ ਇੱਕ ਦੂਜੇ ਖਿਲਾਫ ਵਿੱਢੇ ਮੋਰਚਿਆਂ ਵਿਚੋਂ ਕੁਝ ਠੋਸ ਪ੍ਰਾਪਤੀ ਨਾ ਹੋਣ ਕਾਰਨ ਨਿਰਾਸ਼ ਵੀ ਹਨ। ਇਸ ਲਈ ਸਿੱਖ ਪੰਥ ਦੇ ਆਮ ਮੈਂਬਰਾਂ ਦੀ ਲੋਚਾ ਹੈ ਕਿ ਵਿਦਵਾਨ ਲੋਕ ਦੂਜਿਆਂ ਨੂੰ ਛੁਟਿਆਉਣ ਲਈ ਦੋਸ਼ਾਂ ਅਤੇ ਊਜਾਂ ਦੀ ਹਨੇਰੀ ਝੁਲਾਉਣ ਦੀ ਥਾਂ ਕੋਈ ਨਿੱਗਰ ਵਿਚਾਰ ਲੈ ਕੇ ਆਉਣ।
ਵਿਦਵਾਨ ਲੋਕਾਂ ਨੇ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ, ਇਹ ਤਾਂ ਲੋਕਾਂ ਦੇ ਵੱਸ ਨਹੀਂ, ਪਰ ਉਨ੍ਹਾਂ ਦੀ ਲੋਚਾ ਜ਼ਰੂਰ ਹੈ ਕਿ ਵਿਦਵਾਨ ਲੋਕ ਇੱਕ ਦੂਜੇ ਖਿਲਾਫ ਚਿੱਕੜ-ਉਛਾਲੀ ਤੋਂ ਗੁਰੇਜ਼ ਕਰਨ ਤਾਂ ਜੋ ਬੌਧਿਕ ਕਾਰਜਾਂ ਵਿਚ ਲੱਗਣ ਵਾਲੀ ਸ਼ਕਤੀ ਅਤੇ ਸਮਾਂ ਵਿਅਰਥ ਨਾ ਜਾਏ। ਮੈਨੂੰ ਇਸ ਭਾਵਨਾ ਵਿਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਅਤੇ ਮੇਰੀ ਭਾਵਨਾ ਵੀ ਇਹੋ ਹੀ ਹੈ। ਪ੍ਰਭਸ਼ਰਨ ਭਰਾਵਾਂ ਦੇ ਕੇਸ ਵਿਚ ਵੀ ਮੈਨੂੰ ਦੋਸ਼ਾਂ, ਊਜਾਂ ਅਤੇ ਮੋੜਵੇਂ ਦੋਸ਼ਾਂ ਦੀ ਹਨੇਰੀ ਪਹਿਲਾਂ ਵਾਂਗ ਹੀ ਝੁੱਲਦੀ ਮਹਿਸੂਸ ਹੋਈ। ਇਹ ਮੇਰੀ ਲੋਚਾ ਦੇ ਉਲਟ ਹੋਣ ਕਾਰਨ ਮੈਨੂੰ ਲੱਗਾ, ਜਿਵੇਂ ਪੰਥਕ ਮੰਚ ‘ਤੇ ਪ੍ਰਭਸ਼ਰਨ ਭਰਾਵਾਂ ਦੀ ਐਂਟਰੀ ਹੀ ਰੌਂਗ ਹੋ ਗਈ ਹੋਏ। ਇਹ ਵਿਦਵਾਨ ਭਰਾ ਪੰਥ ਦੇ ਬੌਧਿਕ ਮੰਚ ‘ਤੇ ਸਥਾਪਿਤ ਹੋਣਾ ਚਾਹੁੰਦੇ ਹਨ ਜਾਂ ਨਹੀਂ, ਇਸ ਬਾਰੇ ਮੈਨੂੰ ਕੋਈ ਇਲਮ ਨਹੀਂ ਅਤੇ ਨਾ ਹੀ ਮੇਰਾ ਇਨ੍ਹਾਂ ਨਾਲ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿਚ ਹਿਤਾਂ ਦਾ ਟਕਰਾਓ ਹੈ। ਮੇਰਾ ਨਾ ਤਾਂ ਕੋਈ ਨਿੱਜੀ ਵਿਰੋਧ ਹੈ ਅਤੇ ਨਾ ਮੈਂ ਕਿਸੇ ਵਿਦਵਾਨ ਨੂੰ ਮਸ਼ਵਰਾ ਦੇਣ ਦੀ ਹੈਸੀਅਤ ਵਿਚ ਹਾਂ। ਹੋਰਨਾਂ ਵਾਂਗ ਜਨਤਕ ਮੰਚ ਦਾ ਦਰਸ਼ਕ ਹੋਣ ਨਾਤੇ ਟਿੱਪਣੀ ਕਰਨ, ਆਪਣੀ ਰਾਇ ਰੱਖਣ ਜਾਂ ਕੋਈ ਸਵਾਲ ਕਰਨ ਦਾ ਹੱਕ ਜ਼ਰੂਰ ਰੱਖਦਾ ਹਾਂ।
ਸਿੱਖ ਪੰਥ ਦੇ ਵਿਹੜੇ ਵਿਚ ਲੱਗੀ ਬੌਧਿਕ ਔੜ ਤੋਂ ਉਦਾਸ ਹੋਇਆ ਪੰਥ ਕਾਮਨਾ ਕਰਦਾ ਸੀ (ਹੈ) ਕਿ ਕੋਈ ਵਿਦਵਾਨ ਵਿਦਵਤਾ ਭਰਪੂਰ ਬਿਰਤਾਂਤ ਦੀਆਂ ਠੰਢੀਆਂ ਕਣੀਆਂ ਨਾਲ ਚਿਰਾਂ ਤੋਂ ਪੈਦਾ ਹੋਈ ਵਿਵਾਦਾਂ ਅਤੇ ਭੰਬਲਭੂਸਿਆਂ ਦੀ ਤਪਸ਼ ਨੂੰ ਠੰਢਿਆਂ ਕਰੇ। ਦੋਸ਼ਾਂ, ਊਜਾਂ ਤੋਂ ਨਿਰਲੇਪ ਕੋਈ ਐਸਾ ਖਰਾ ਵਿਚਾਰ ਆਏ, ਜਿਸ ਦੀ ਖੁਸ਼ਬੂ ਪੰਥਕ ਵਿਹੜੇ ਨੂੰ ਮਹਿਕਾ ਕੇ ਬਾਕੀ ਸੰਸਾਰ ਵਿਚ ਵੀ ਫੈਲ ਜਾਏ। ਕਈ ਹਨੇਰੇ ਪੱਖ ਰੌਸ਼ਨ ਹੋ ਜਾਣ। ਸੋਚ ਦੇ ਬੰਜਰ ਖੇਤਾਂ ਵਿਚ ਵੀ ਰੌਣਕ ਆ ਜਾਵੇ। ਲੋਕ ਆਪ ਮੁਹਾਰੇ ਕਹਿ ਉਠਣ, “ਬਾਰਾਂ ਬਰਸ ਦੀ ਔੜ ਸੀ ਮੀਂਹ ਵੁੱਠਾ, ਲੱਗਾ ਰੰਗ ਫਿਰ ਖੁਸ਼ਕ ਬਗੀਚਿਆਂ ਨੂੰ।” ਪਰ ਪ੍ਰਭਸ਼ਰਨ ਭਰਾਵਾਂ ਦੀ ਆਮਦ ਜਿਸ ਤਰ੍ਹਾਂ ਦੋਸ਼ਾਂ, ਊਜਾਂ, ਨਿੱਜੀ ਹਮਲਿਆਂ ਅਤੇ ਜਵਾਬੀ ਇਲਜ਼ਾਮਾਂ ਦੀ ਗਰਦ ਨਾਲ ਹੋਈ ਹੈ, ਉਸ ਨੇ ਅਸਲ ਵਿਚਾਰ ਨੂੰ ਸਾਹਮਣੇ ਨਹੀਂ ਆਉਣ ਦਿੱਤਾ। ਨਿੱਜੀ ਤੌਰ ‘ਤੇ ਮੈਂ ਮਹਿਸੂਸ ਕਰਦਾਂ ਹਾਂ ਕਿ ਇਹ ਚੰਗੀ ਸ਼ੁਰੂਆਤ ਨਹੀਂ ਪਰ ਪ੍ਰਭਸ਼ਰਨਦੀਪ ਸਿੰਘ ਹੁਰੀਂ ਦੂਜਿਆਂ ਨੂੰ ਛੁਟਿਆਉਣ ਲਈ ਜਿਵੇਂ ਪ੍ਰਤੀਕਰਮ ਕਰਦੇ ਹਨ, ਜਾਂ ਜਿਵੇਂ ਸੰਬੋਧਿਤ ਹੁੰਦੇ ਹਨ, ਉਸ ਤੋਂ ਕੋਈ ਠੰਢਕ ਵਰਤਦੀ ਨਹੀਂ ਜਾਪਦੀ, ਸਗੋਂ ‘ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ, ਲਾਟਾਂ ਕੱਢੀਆਂ ਤਾਓ ਤੰਦੂਰ ਦੇ ਜੀ’ ਅਨੁਸਾਰ ਦੋਸ਼ਾਂ, ਇਲਜ਼ਾਮਾਂ ਦੀਆਂ ਹੋਰ ਲਾਟਾਂ ਹੀ ਨਿਕਲਣਗੀਆਂ। ਉਂਜ ਜੇ ਐਸਾ ਨਾ ਹੋਏ ਤਾਂ ਚੰਗਾ ਹੋਵੇਗਾ।
ਹੁਣ ਮੈਂ ਕੁਝ ਗੱਲਾਂ ਪ੍ਰਭਸ਼ਰਨਦੀਪ ਸਿੰਘ ਹੁਰਾਂ ਨਾਲ ਉਨ੍ਹਾਂ ਦੇ ਲਿਖੇ ਪ੍ਰਤੀਕਰਮ ਵਿਚਲੇ ਨੁਕਤਿਆਂ ਬਾਰੇ ਕਰਨਾ ਚਾਹਾਂਗਾ। ਪ੍ਰਭਸ਼ਰਨਦੀਪ ਸਿੰਘ ਜੀ, ਤੁਸੀਂ ਮਿਆਰੀ ਅਕਾਦਮਿਕ ਬਹਿਸ ਦੀ ਗੱਲ ਕਰਦੇ ਹੋ, ਇਸ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਅਕਾਦਮਿਕ ਹਲਕਿਆਂ ਵਿਚ ਆਮ ਲੋਕਾਂ ਦਾ ਕੋਈ ਦਖਲ ਨਹੀਂ ਹੈ। ਜਦ ਤੁਸੀਂ ਕਿਸੇ ਬਹਿਸ ਨੂੰ ਜਨਤਕ ਮੰਚ ‘ਤੇ ਲੈ ਆਓਗੇ ਤਾਂ ਆਮ ਲੋਕਾਂ ‘ਤੇ ਅਕਾਦਮਿਕ ਮਿਆਰ ਦੀਆਂ ਸਖਤ ਸ਼ਰਤਾਂ ਨਹੀਂ ਲਾਈਆਂ ਜਾ ਸਕਦੀਆਂ। ਤੁਸੀਂ ਗੱਲ ਅਖਬਾਰੀ ਮੰਚ ‘ਤੇ ਕਰਦੇ ਹੋਏ ਆਪਣੀ ਗੱਲ ਨੂੰ ਨਜ਼ਰੀਆ ਕਹਿ ਲੈਣ ਦੀ ਖੁਲ੍ਹ ਲੈ ਲੈਂਦੇ ਹੋ, ਪਰ ਦੂਜਿਆਂ ਦੀ ਗੱਲ ਨੂੰ ਅਕਾਦਮਿਕ ਛਾਣਨੀ ਲਾ ਕੇ ਪ੍ਰਦੂਸ਼ਣ ਗਰਦਾਨ ਦਿੰਦੇ ਹੋ। ਤੁਸੀਂ ਵਿਦਵਾਨ ਲੋਕ ਵੱਡੀਆਂ, ਡੂੰਘੀਆਂ ਗੱਲਾਂ ਕਰਦੇ ਹੋ। ਲੋਕ ਸੁਣਦੇ ਹਨ, ਪੜ੍ਹਦੇ ਹਨ ਅਤੇ ਆਪਣੇ ਵਲੋਂ ਜੋ ਉਨ੍ਹਾਂ ਦੇ ਸਮਝ ਆਇਆ, ਕਹਿਣ ਦੇ ਵੀ ਹੱਕਦਾਰ ਹਨ। ਗੁਰਬਾਣੀ ਦਾ ਵੀ ਫਰਮਾਨ ਹੈ, ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥’ ਪਰ ਤੁਹਾਨੂੰ ਤੁਹਾਡੇ ਤੋਂ ਵੱਖਰਾ ਵਿਚਾਰ ਸਾਜ਼ਿਸ਼ੀ ਸਿਧਾਂਤ ਜਾਪਦਾ ਹੈ। ਜੇ ਤੁਸੀਂ ਆਪਣਾ ਨਜ਼ਰੀਆ ਰੱਖ ਸਕਦੇ ਹੋ ਤਾਂ ਅਖਬਾਰੀ ਮੰਚ ‘ਤੇ ਮੇਰਾ ਨਜ਼ਰੀਆ ਨਮੋਸ਼ੀ ਖੱਟਣ ਦਾ ਬੰਦੋਬਸਤ ਕਿਉਂ? ਇਹ ਬੌਧਿਕ ਧੌਂਸ ਹੈ। ਅਖਬਾਰੀ ਮੰਚ ‘ਤੇ ਕਿਸੇ ਵਿਚਾਰ ਨੂੰ ਅਕਾਦਮਿਕ ਨਾ ਹੋਣ ਦਾ ਮਿਹਣਾ ਮਾਰਨਾ ਯੋਗ ਨਹੀਂ। ਜੇ ਗੈਰ-ਅਕਾਦਮਿਕ ਬਹਿਸ ਠੀਕ ਨਹੀਂ ਸਮਝਦੇ ਤਾਂ ਅਕਾਦਮਿਕ ਹਲਕਿਆਂ ਤੱਕ ਸੀਮਿਤ ਰਹੋ। ਯਾਦ ਰਹੇ, ਇਹ ਵੀ ਅਖਬਾਰੀ ਲਿਖਤ ਹੈ ਨਾ ਕਿ ਕੋਈ ਅਕਾਦਮਿਕ ਬੌਧਿਕ ਕਾਰਜ।
ਤੁਸੀਂ ਖਾਲਿਸਤਾਨ ਦੀ ਸੂਖਮ ਸਿਧਾਂਤਕਾਰੀ ਪੇਸ਼ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਖਾਲਿਸਤਾਨ ਦਾ ਸੁਪਨਾ ਜਗਦਾ ਰੱਖੋ, ਕੋਈ ਇਤਰਾਜ਼ ਨਹੀਂ; ਪਰ ਜਦ ਤੁਸੀਂ ਜਨਤਕ ਮੰਚ ‘ਤੇ ਖਾਲਿਸਤਾਨ ਦੇ ਨਾਂ ‘ਤੇ ਵਾਪਰੀਆਂ ਘਟਨਾਵਾਂ ਦੀ ਕਹਾਣੀ ਛੇੜੋਗੇ ਤਾਂ ਕਈ ਅਸਹਿਜ ਟਿੱਪਣੀਆਂ ਵੀ ਹੋਣਗੀਆਂ ਅਤੇ ਸਵਾਲ ਵੀ। ਜਵਾਬ ਦੇਣਾ ਜਾਂ ਨਾ ਦੇਣਾ ਤੁਹਾਡਾ ਆਪਣਾ ਫੈਸਲਾ ਹੈ। ਜਨਤਕ ਮੰਚ ‘ਤੇ ਆ ਕੇ ਆਪ ਆਖਦੇ ਹੋ ਕਿ ਕਿਸੇ ਸਾਜ਼ਿਸ਼ ਅਧੀਨ 26 ਜਨਵਰੀ 1986 ਨੂੰ ਖਾਲਿਸਤਾਨ ਦਾ ਐਲਾਨ ਰੁਕਵਾ ਦਿੱਤਾ ਗਿਆ ਅਤੇ ਡਾ. ਸੋਹਨ ਸਿੰਘ ਨੇ ਬੜੀ ਮਿਹਨਤ ਨਾਲ 29 ਅਪਰੈਲ ਨੂੰ ਕਰਵਾਇਆ। ਇਸ ਐਲਾਨ ਬਾਰੇ ਡਾ. ਸੰਗਤ ਸਿੰਘ ਦਾ ਕਹਿਣਾ ਹੈ ਕਿ ਇਹ ਐਲਾਨ ਕੀਤਾ ਨਹੀਂ ਸੀ, ਸਰਕਾਰੀ ਮਿਲੀਭੁਗਤ ਨਾਲ ਕਰਵਾਇਆ ਗਿਆ ਸੀ। ਡਾ. ਜਗਜੀਤ ਸਿੰਘ ਚੌਹਾਨ, ਡਾ. ਸੋਹਨ ਸਿੰਘ ਦੀ ਪੰਥਕ ਕਮੇਟੀ ਨੂੰ ਸਾਰੀ ਉਮਰ ਸਰਕਾਰ ਵਲੋਂ ਖੜ੍ਹੀ ਕਮੇਟੀ ਕਹਿੰਦਾ ਰਿਹਾ। ਆਮ ਸਿੱਖ ਤੁਹਾਡੇ ਵਰਗੇ ਸਿਧਾਂਤਕਾਰਾਂ ਨੂੰ ਸਵਾਲ ਕਰ ਸਕਦਾ ਹੈ ਕਿ ਇਹ ਸਭ ਕੀ ਘਾਲਾ-ਮਾਲਾ ਸੀ? ਜੇ ਡਾ. ਸੋਹਨ ਸਿੰਘ ਨੇ ਮਿਹਨਤ ਨਾਲ ਐਲਾਨ ਕਰਵਾ ਹੀ ਲਿਆ ਸੀ ਅਤੇ ਬੰਦੂਕ ਦਾ ਡਰਾਵਾ ਦੇ ਕੇ ਚੋਣਾਂ ਦਾ ਬਾਈਕਾਟ ਵੀ ਕਰਵਾ ਲਿਆ ਸੀ ਤਾਂ ਫਿਰ ਭਾਰਤੀ ਸੰਵਿਧਾਨ ਅਧੀਨ ਸ਼੍ਰੋਮਣੀ ਕਮੇਟੀ ਦੀ ਚੋਣ ਕਿਉਂ ਲੜੀ? ਆਮ ਸਿੱਖਾਂ ਦੇ ਤਾਂ ਖਾਲਿਸਤਾਨੀ ਘਟਨਾਵਾਂ ਬਾਰੇ ਐਸੇ ਕਈ ਸਵਾਲ ਹੋਣਗੇ। ਕੀ ਤੁਸੀਂ ਸਭ ਨੂੰ ਗੈਰ ਅਕਾਦਮਿਕ ਕਹਿ ਕੇ ਰੱਦ ਕਰ ਦਿਓਗੇ? ਜਾਂ ਬੌਧਿਕ ਧੌਂਸ ਜ਼ਰੀਏ ਇਨ੍ਹਾਂ ਨੂੰ ਨਮੋਸ਼ੀ ਦਾ ਸਾਮਾਨ ਸਿੱਧ ਕਰ ਦਿਓਗੇ ਤਾਂ ਜੋ ਆਮ ਬੰਦਾ ਤੁਹਾਡੀ ਵਿਦਵਤਾ ਤੋਂ ਦਹਿਲ ਕੇ ਚੁੱਪ ਰਹਿਣ ਵਿਚ ਹੀ ਭਲਾਈ ਸਮਝੇ?
ਤੁਸੀਂ ਖਾਲਿਸਤਾਨੀ ਲਹਿਰ ਨੂੰ ਸਿੱਖਾਂ ਅੰਦਰਲੇ ਦਰਦ ਦਾ ਸ਼ਿੱਦਤ ਭਰਿਆ ਪ੍ਰਗਟਾਵਾ ਅਤੇ ਇਸ ਨੂੰ ਸਿੱਖਾਂ ਦੇ ਆਤਮਿਕ ਸਫਰ ਦੀ ਪੁਨਰ ਸੁਰਜੀਤੀ ਕਹਿ ਕੇ ਲਹਿਰ ਨੂੰ ਵਡਿਆ ਸਕਦੇ ਹੋ, ਪਰ ਜਨਤਕ ਮੰਚ ਦੇ ਦਰਸ਼ਕ, ਲਹਿਰ ਵਲੋਂ ਬੁਨਿਆਦੀ ਸਿੱਖ ਕਦਰਾਂ-ਕੀਮਤਾਂ ਦੇ ਘਾਣ ਦੀਆਂ ਘਟਨਾਵਾਂ ਸਬੰਧੀ ਵੀ ਕੁਝ ਕਹਿ ਜਾਂ ਪੁੱਛ ਸਕਦੇ ਹਨ। ਸੱਚ ਇਹ ਵੀ ਹੈ ਕਿ ਸਿੱਖ ਬੰਦ ਖਲਾਸੀ ਦੀ ਮੋਹਰ-ਛਾਪ ਹੇਠ ਚਲਦੀ ਲਹਿਰ ਦੌਰਾਨ ਇੱਕ ਸਮਾਂ ਐਸਾ ਵੀ ਆ ਗਿਆ ਸੀ, ਜਦ ਹਾਲਾਤ ‘ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ’ ਜਿਹੇ ਬਣ ਗਏ ਸਨ। ਖਾਲਿਸਤਾਨ ਦਾ ਰੋਮਾਂਚਿਕ ਪੱਖ ਪੇਸ਼ ਕਰਨ ਵਾਲੇ ਵਿਦਵਾਨ ਅਤੇ ਨਾਹਰੇ ਲਾਉਣ ਵਾਲੇ ਵਪਾਰੀਆਂ ਦੀ ਵੀ ਘਾਟ ਨਹੀਂ ਰਹੀ। ਇਨ੍ਹਾਂ ਜੋ ਕੀਤਾ, ਉਹ ਇਹ ਸੀ, ‘ਵਾਰਿਸਾ ਕਿਨ੍ਹਾਂ ਫੁਲੇਲੀਆਂ ਪੀੜੀਆਂ ਈ, ਇਤਰ ਕੱਢ ਕੇ ਫੋਗ ਨੂੰ ਸੁੱਟ ਗਏ ਜੀ।’ ਬਿਨਾ ਕਿਸੇ ਤਿਆਰੀ ਦੇ ਵਿੱਢੀ ਖਾਲਿਸਤਾਨ ਦੀ ਮੁਹਿੰਮ ਵਿਚ ਫਸੇ ਬਹੁਤ ਲੋਕਾਂ ਦੀ ਹਾਲਤ ‘ਵਾਰਿਸ ਸ਼ਾਹ ਕੁਸੰਭੇ ਦੇ ਫੋਕ ਵਾਂਗੂ, ਸਾਡਾ ਓੜਕਾਂ ਰਸਾ ਨਿਚੋੜਿਆ ਈ’ ਜਿਹੀ ਵੀ ਹੋ ਗਈ ਸੀ। ਸੋ, ਜਨਤਕ ਮੰਚ ‘ਤੇ ਸਿੱਖ ਚਿੰਤਕ ਅਜਮੇਰ ਸਿੰਘ, ਕਰਮਜੀਤ ਸਿੰਘ ਜਾਂ ਤੁਹਾਡੇ ਵਰਗੇ ਖਾਲਿਸਤਾਨ ਦੇ ਸਿਧਾਂਤਕਾਰਾਂ ਨੂੰ ਅਜਿਹੇ ਹਾਲਾਤ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜਿਨ੍ਹਾਂ ਨੂੰ ਗੈਰ-ਅਕਾਦਮਿਕ ਕਹਿ ਕੇ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਜਮੇਰ ਸਿੰਘ ਦੀਆਂ ਟੋਰਾਂਟੋ ਦੀਆਂ ਫੇਰੀਆਂ ਦੌਰਾਨ ਮੈਂ ਉਸ ਕੋਲੋਂ ਵੀ ਇਸੇ ਤਰ੍ਹਾਂ ਦੇ ਸਵਾਲ ਪੁੱਛਣ ਦੀ ਗੁਸਤਾਖੀ ਕੀਤੀ ਸੀ, ਪਰ ਪੈਰਾਂ ਦਾ ਡਾਢਾ ਛੋਹਲਾ ਹੋਣ ਕਰ ਕੇ ਉਹ ਬਿਨਾ ਕੋਈ ਤਸੱਲੀਬਖਸ਼ ਜਵਾਬ ਦਿਤਿਆਂ ਹੀ ਪੱਲਾ ਛੁਡਾ ਗਿਆ ਸੀ।
ਪ੍ਰਭਸ਼ਰਨਦੀਪ ਸਿੰਘ ਜੀ, ਮੈਨੂੰ ਤੁਹਾਡੇ ਨਾਗਾਂ ਨਾਲ ਉਲਝਣ ਬਾਰੇ ਬਹੁਤਾ ਨਹੀਂ ਪਤਾ, ਪਰ ਜ਼ਹਿਰ ਦਾ ਅਸਰ ਤੁਹਾਡੇ ਦੱਸਣ ਤੋਂ ਪਹਿਲਾਂ ਹੀ ਪ੍ਰਗਟ ਹੋਇਆ ਜਾਪਣ ਲੱਗ ਪਿਆ ਸੀ। ਤੁਹਾਡੀ ਮਜਬੂਰੀ ਜਾਂ ਚਾਅ ਦਾ ਮੈਨੂੰ ਗਿਆਨ ਨਹੀਂ, ਪਰ ਮੇਰੀ ਮਨੋਕਾਮਨਾ ਇਹ ਹੈ ਕਿ ਐਸਾ ਨਾ ਹੁੰਦਾ ਅਤੇ ਭਵਿੱਖ ਵਿਚ ਵੀ ਐਸਾ ਨਾ ਹੋਵੇ। ਮੇਰੇ ਵਾਸਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਭਿਆਚਾਰਕ ਪ੍ਰਦੂਸ਼ਣ ਬਾਰੇ ਜਾਣਦਿਆਂ ਵੀ ਡਾ. ਢਿੱਲੋਂ, ਅਜਮੇਰ ਸਿੰਘ, ਦਲਬੀਰ ਸਿੰਘ ਆਦਿ ਬਾਰੇ ਦੂਸ਼ਣਬਾਜ਼ੀ ਦਾ ਪ੍ਰਦੂਸ਼ਣ ਕਿਉਂ ਫੈਲਾਇਆ? ਤੁਸੀਂ ਉਨ੍ਹਾਂ ਨਾਲ ਸਿਧਾਂਤਕ ਬਹਿਸ ਛੇੜੀ ਰੱਖਦੇ, ਸਿਧਾਂਤਕ ਸਵਾਲ ਪੁੱਛੀ ਜਾਂਦੇ। ਡਾ. ਢਿੱਲੋਂ ਬਾਰੇ ਇਹ ਕਹਿਣਾ ਕਿ ਨਾ ਉਸ ਨੂੰ ਅੰਗਰੇਜ਼ੀ ਆਉਂਦੀ ਹੈ, ਨਾ ਪੰਜਾਬੀ, ਇਹ ਕਿਹੜੇ ਸਿਧਾਂਤਕ ਮਸਲੇ ਦੀ ਲੋੜ ਸੀ? ਕੀ ਡਾ. ਢਿੱਲੋਂ ਦੇ ਦੋਸ਼ਾਂ ਅਤੇ ਸਵਾਲਾਂ ਨੂੰ ਛੁਟਿਆਉਣ ਲਈ ਇਹ ਕਹਿ ਦੇਣਾ ਕਾਫੀ ਹੈ ਕਿ ਗੁਰਦਰਸ਼ਨ ਸਿੰਘ ਢਿੱਲੋਂ ਜਿਹੇ ਬੰਦੇ ਵਲੋਂ ਤੁਹਾਡੇ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ? ਕੀ ਤੁਸੀਂ ਸਮਝਦੇ ਹੋ ਕਿ ਸਿੱਖ ਡਾ. ਢਿੱਲੋਂ ਦੀਆਂ ਕਹੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ? ਆਮ ਸਿੱਖਾਂ ਦੀ ਲੋਚਾ ਹੈ ਕਿ ਐਸੇ ਵਿਵਾਦ ਵਾਲੇ ਹਾਲਾਤ ਪੈਦਾ ਹੀ ਨਾ ਹੋਣ ਅਤੇ ਜੇ ਕੋਈ ਗੱਲ ਹੋ ਗਈ ਹੈ ਤਾਂ ਧੁੰਦ ਸਾਫ ਹੋ ਜਾਣੀ ਚਾਹੀਦੀ ਹੈ।
ਵਿਦੇਸ਼ਾਂ ਵਿਚ ਸਿੱਖ ਕਈ ਵਾਰ ਠੱਗੇ ਗਏ ਮਹਿਸੂਸ ਕਰ ਚੁਕੇ ਹਨ। ਪਹਿਲਾਂ ਵੱਖ-ਵੱਖ ਅਦਾਰਿਆਂ ਵਿਚ ਸਿੱਖੀ ਬਾਰੇ ਖੋਜ ਕਾਰਜਾਂ ਲਈ ਧਨ ਇਕੱਠਾ ਕਰ ਕੇ ਦਿੱਤਾ ਅਤੇ ਫਿਰ ਉਹੋ ਚੇਅਰਾਂ ਬੰਦ ਕਰਵਾਉਣ ਲਈ ਮੁਜਾਹਰੇ ਕੀਤੇ। ਕੀਤੇ ਗਏ ਖੋਜ ਕਾਰਜਾਂ ਨੂੰ ਰੱਦ ਕਰਵਾਉਣ ਲਈ ਬਰਾਬਰ ਦੀਆਂ ਕਾਨਫਰੰਸਾਂ ਕਰਵਾਉਣ ਲਈ ਸਿੱਖ ਵਿਦਵਾਨ ਬੁਲਾਏ। ਯਾਦ ਰਹੇ, ਡਾ. ਢਿੱਲੋਂ ਵੀ ਇਨ੍ਹਾਂ ਸੱਦੇ ਜਾਂਦੇ ਰਹੇ ਵਿਦਵਾਨਾਂ ਵਿਚ ਸ਼ਾਮਿਲ ਸੀ। ਸੋ, ਸਿੱਖਾਂ ਨੂੰ ਥੋੜ੍ਹੇ ਸਮੇਂ ਦੌਰਾਨ ਹੀ ਹੱਥੀਂ ਲਾਏ ਬੂਟੇ ਵੱਢਣ ਜਿਹੇ ਔਖੇ ਕੰਮਾਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਗੰਭੀਰ ਗੱਲ ਇਹ ਹੈ ਕਿ ਡਾ. ਢਿੱਲੋਂ ਬਨਾਮ ਪ੍ਰਭਸ਼ਰਨ ਭਰਾ ਛਿੜੀ ਬੇਸੁਆਦੀ ਗੱਲਬਾਤ ਵੀ ਇਸੇ ਦਿਸ਼ਾ ਵੱਲ ਤੁਰਨ ਦੇ ਸੰਕੇਤ ਦੇ ਰਹੀ ਹੈ। ਮੇਰੀ ਮਨੋਕਾਮਨਾ ਇਹ ਹੈ ਕਿ ਐਸਾ ਨਾ ਹੋਏ।
ਮੇਰਾ ਮਨੋਰਥ ਕੋਈ ਸਾਜ਼ਿਸ਼ੀ ਸਿਧਾਂਤ ਪੇਸ਼ ਕਰਨਾ ਨਹੀਂ। ਪ੍ਰਭਸ਼ਰਨਦੀਪ ਸਿੰਘ ਜੀ, ਤੁਸੀਂ ਵੀ ਮਹਿਸੂਸ ਕਰਦੇ ਹੋ ਕਿ 1984 ਬਾਰੇ ਸਹੀ ਵਿਆਖਿਆ ਅਜੇ ਤੱਕ ਪੇਸ਼ ਨਹੀਂ ਹੋਈ। ਦਿੱਤੇ ਗਏ ਜਵਾਬ ਪੂਰੀ ਤਰ੍ਹਾਂ ਤਸੱਲੀਬਖਸ਼ ਨਹੀਂ। ਇਸੇ ਹੀ ਤਰ੍ਹਾਂ ਮੇਰਾ ਇਹ ਕਹਿਣਾ ਕਿ ਸਿੱਖ 6 ਜੂਨ 1984 ਨੂੰ ਸ਼ਾਮ ਦੇ ਪੰਜ ਵਜੇ ਤੱਕ ਖਾਲਿਸਤਾਨ ਦਾ ਯੁੱਧ ਹਾਰ ਗਏ ਸਨ, ਵੀ 1984 ਦੇ ਇੱਕ ਪੱਖ ਦੀ ਸੰਖੇਪ ਵਿਆਖਿਆ ਹੈ, ਨਾ ਕਿ ਕੋਈ ਸਾਜ਼ਿਸ਼। ਤੱਥਾਂ ਦੀ ਰੌਸ਼ਨੀ ਵਿਚ ਦੇਖਿਆ ਜਾਏ ਤਾਂ ਖਾਲਸਾ ਰਾਜ ਦਾ ਸੂਰਜ ਸਭਰਾਵਾਂ ਦੀ ਜੰਗ ਹਾਰਨ ਸਮੇਂ ਹੀ ਅਸਤ ਹੋ ਗਿਆ ਸੀ, ਜਿਸ ਦੀ ਬਹਾਲੀ ਲਈ ਚਿੱਲਿਆਂ ਵਾਲੀ ਅਤੇ ਗੁਜਰਾਤ ਦੀਆਂ ਲੜਾਈਆਂ ਹੋਈਆਂ। 1848-1849 ਵਿਚ ਹੋਈਆਂ ਇਨ੍ਹਾਂ ਲੜਾਈਆਂ ਤੋਂ ਬਾਅਦ ਜੂਨ 1984 ਵਿਚ ਸਿੱਖਾਂ ਦੀ ਜੋ ਹਥਿਆਰਬੰਦ ਜੰਗ ਹੋਈ, ਉਹ ਵੀ ਆਪਣੇ ਵੱਖਰੇ ਰਾਜ ਲਈ ਸੀ, ਜੋ ਹਾਲਾਤ ਸਾਜ਼ਗਰ ਨਾ ਹੋਣ ਕਾਰਨ ਸਿੱਖ ਹਾਰ ਗਏ। 1984 ਵਿਚ ਅੰਤਰ-ਵਿਰੋਧਾਂ ਦੇ ਬਾਵਜੂਦ ਸਮੁੱਚੀ ਸਿੱਖ ਸ਼ਕਤੀ ਇੱਕ ਬਿੰਦੂ ‘ਤੇ ਇਕੱਠੀ ਹੋ ਗਈ ਸੀ, ਜਿਸ ਵਾਸਤੇ 1984 ਇੱਕ ਤਰ੍ਹਾਂ ਬਿਗ ਬੈਂਗ ਸਾਬਿਤ ਹੋਇਆ ਅਤੇ ਇਹ ਸ਼ਕਤੀ ਬਿਖਰ ਗਈ। ਇਹ ਬਿਖਰਾਓ ਅੱਜ ਤੱਕ ਜਾਰੀ ਹੈ।
ਤੁਹਾਡੇ ਵਲੋਂ ਖਾਲਿਸਤਾਨ ਦਾ ਸੁਪਨਾ ਆਬਾਦ ਰੱਖਣ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਖਿਆਲ ਰਹੇ, ਹੁਣ ਤੱਕ ਨਾਹਰਾ ਆਬਾਦ ਰੱਖਣ ਵਾਲਿਆਂ ਬਾਰੇ ਲੋਕਾਂ ਦੀ ਰਾਇ ਚੰਗੀ ਨਹੀਂ। ਸ਼ ਗੁਰਤੇਜ ਸਿੰਘ ਦੇ ਸ਼ਬਦਾਂ ਅਨੁਸਾਰ, ਇਹ ਨਾਹਰੇ ਲਾਉਣ ਵਾਲੇ ਅਜੇ ਤੱਕ ਖਾਲਿਸਤਾਨ ਨੂੰ ਸ਼ਬਦਾਂ ਦੀਆਂ ਝਾੜੀਆਂ ਵਿਚੋਂ ਬਾਹਰ ਨਹੀਂ ਕੱਢ ਸਕੇ ਅਤੇ ਖਾਲਿਸਤਾਨੀ ਢੁੱਡਾਂ ਨਾਲ ਪੰਥਕ ਏਕਤਾ ਨੂੰ ਖਦੇੜ ਕੇ ਪੰਥ ਵਿਰੋਧੀਆਂ ਲਈ ਸੱਤਾ ਪੱਕੀ ਕਰਨ ਦਾ ਇੰਤਜ਼ਾਮ ਕਰਦੇ ਆ ਰਹੇ ਹਨ। ਅਖੀਰ ਵਿਚ ਡਾ. ਹਰਪਾਲ ਸਿੰਘ ਪੰਨੂ ਦੀ ਗੱਲ ਯਾਦ ਆਈ। ਉਨ੍ਹਾਂ ਲਿਖਿਆ ਸੀ ਕਿ ਸਿਰਦਾਰ ਕਪੂਰ ਸਿੰਘ ਵੀ ਵਿਦਵਾਨ ਸਨ, ਪਰ ਉਸ ਵਿਦਵਤਾ ਦਾ ਕੀ ਲਾਭ, ਜੋ ਨਾ ਉਨ੍ਹਾਂ ਦੇ ਆਪਣੇ ਕੰਮ ਆਈ, ਨਾ ਕੌਮ ਦੇ! ਹੁਣ ਇਹੋ ਵਰਤਾਰਾ ਸ਼ ਗੁਰਤੇਜ ਸਿੰਘ ਨਾਲ ਵਾਪਰ ਰਿਹਾ ਹੈ। ਸੋ, ਭਾਈ ਤੁਸੀਂ ਵੀ ਵਿਦਵਾਨ ਹੋ, ਮੇਰੀ ਕਾਮਨਾ ਹੈ ਕਿ ਤੁਹਾਡੀ ਮਿਹਨਤ ਅਤੇ ਵਿਦਵਤਾ ਦਾ ਸਭ ਨੂੰ ਲਾਭ ਹੋਵੇ।