ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ। ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਆਪਣੇ ਭਰਾ ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ ਤੇ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ ਜਿਨ੍ਹਾਂ ਦਾ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਕਹਿਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਜਹਾਦ ਦੇ ਮਾਮਲੇ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਇਕ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ। ਫਿਰ ਵਾਪਸ ਪਾਕਿਸਤਾਨ ਪੁੱਜੀ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿਚ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ਬੀæਆਈæ ਨੇ ਸਾਰੀ ਸੂਹ ਕੱਢ ਲਈ। 9/11 ਹਮਲਿਆਂ ਦੇ ਸੂਤਰਧਾਰ ਖਾਲਿਦ ਸ਼ੇਖ ਮੁਹੰਮਦ ਫੜਿਆ ਗਿਆ। ਹੋਰ ਗ੍ਰਿਫਤਾਰੀਆਂ ਵੀ ਹੋਈਆਂ, ਪਰ ਆਫੀਆ ਘਰੋਂ ਫਰਾਰ ਹੋ ਗਈ। ਫਿਰ ਉਸ ਦੇ ਫੜੇ ਜਾਣ ਦੀ ਖਬਰ ਆ ਗਈ। ਉਸ ਖਿਲਾਫ ਕੇਸ ਚਲਾਇਆ ਗਿਆ। ਹੁਣ ਪੜ੍ਹੋ ਅੱਗੇæææ
ਹਰਮਹਿੰਦਰ ਚਹਿਲ
ਫੋਨ: 703-362-3239
ਉਸ ਰਾਤ ਆਫੀਆ ਦਾ ਸੈੱਲ ਬਦਲ ਦਿੱਤਾ ਗਿਆ। ਨਵਾਂ ਸੈੱਲ ਬਹੁਤਾ ਤਕਲੀਫਦੇਹ ਨਹੀਂ ਸੀ। ਰਾਤ ਵੇਲੇ ਰੋਜ਼ ਵਾਂਗ ਉਸ ਨੂੰ ਜਾਗਦੀ ਰੱਖਣ ਲਈ ਤੰਗ ਪ੍ਰੇਸ਼ਾਨ ਵੀ ਨਾ ਕੀਤਾ ਗਿਆ, ਪਰ ਅੱਜ ਉਸ ਨੂੰ ਆਪ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਛੋਟੇ ਜਿਹੇ ਕਮਰੇ ‘ਚ ਗੇੜੇ ਕੱਢੀ ਜਾ ਰਹੀ ਸੀ। ਆਖਰ ਉਹ ਬੈਠ ਗਈ ਤੇ ਪਾਸੇ ਪਿਆ ਕਾਗਜ਼ ਪੈੱਨ ਚੁੱਕ ਲਿਆ। ਕਾਫੀ ਦੇਰ ਪੈੱਨ ਦਾ ਪਿਛਲਾ ਪਾਸਾ ਮੂੰਹ ‘ਚ ਲਈ ਉਹ ਕੰਧ ਵੱਲ ਵੇਖਦੀ ਰਹੀ। ਫਿਰ ਉਸ ਨੇ ਕਾਪੀ ਖੋਲ੍ਹੀ ਤੇ ਲਿਖਣ ਲੱਗੀ, “ਅਮਜਦ, ਕੱਲ੍ਹ ਨੂੰ ਮੇਰੀ ਜ਼ਿੰਦਗੀ ਦਾ ਫੈਸਲਾ ਹੋ ਜਾਣਾ ਐ। ਮੈਨੂੰ ਪਹਿਲਾਂ ਹੀ ਪਤਾ ਕਿ ਮੈਨੂੰ ਲੰਬੀ ਸਜ਼ਾ ਹੋਊਗੀ। ਇਸ ਗੱਲ ਦਾ ਕੋਈ ਅਫਸੋਸ ਨਹੀਂ। ਬੱਸ ਇੱਕ ਸਿੱਕ ਜਿਹੀ ਦਿਲ ‘ਚ ਹੈ ਕਿ ਕਾਸ਼ ਤੂੰ ਕੱਲ੍ਹ ਨੂੰ ਕੋਰਟ ‘ਚ ਮੌਜੂਦ ਹੋਵੇਂ। ਬੱਸ ਆਖਰੀ ਵਾਰ ਤੈਨੂੰ ਵੇਖਣ ਦੀ ਚਾਹਤ ਦਿਲ ‘ਚ ਐ। ਤੂੰ ਇਹ ਨਾ ਸੋਚੀਂæææ।” ਲਿਖਦੀ ਲਿਖਦੀ ਆਫੀਆ ਇੱਕਦਮ ਤ੍ਰਭਕੀ ਤੇ ਲਿਖਣੋਂ ਰੁਕ ਗਈ। ਫਿਰ ਉਸ ਨੇ ਲਿਖੀਆਂ ਹੋਈਆਂ ਲਾਈਨਾਂ ਪੜ੍ਹੀਆਂ। ਪੈੱਨ ਕਾਪੀ ਪਾਸੇ ਰੱਖਦਿਆਂ ਉਹ ਲਿਖੀ ਹੋਈ ਇਬਾਰਤ ਨੂੰ ਗਹੁ ਨਾਲ ਵੇਖਦੀ ਆਪਣੇ ਆਪ ਨੂੰ ਬੋਲੀ, ‘ਹੈਂ ਅਮਜਦ! ਇਸ ਵੇਲੇ ਇਹ ਮੇਰੇ ਮਨ ‘ਚ ਕਿਵੇਂ ਆ ਗਿਆ’, ਉਸ ਨੇ ਅੱਖਾਂ ਮੀਚ ਲਈਆਂ ਤੇ ਉਸ ਦੀਆਂ ਅੱਖਾਂ ਦੇ ਕੋਏ ਗਿੱਲੇ ਹੋ ਗਏ। ਫਿਰ ਉਸ ਨੇ ਲਿਖਿਆ ਹੋਇਆ ਕਾਗਜ਼ ਪਾੜ ਦਿੱਤਾ ਤੇ ਕਾਪੀ ਪਾਸੇ ਰੱਖ ਦਿੱਤੀ।
ਉਹ ਉਠ ਕੇ ਫਿਰ ਤੋਂ ਕਮਰੇ ‘ਚ ਗੇੜੇ ਕੱਢਣ ਲੱਗੀ। ਤੁਰਦੀ-ਫਿਰਦੀ ਰੁਕ ਗਈ ਤੇ ਕਾਗਜ਼ ਪੈੱਨ ਫਿਰ ਤੋਂ ਚੁੱਕ ਲਿਆ। ਐਤਕੀਂ ਵਾਰ ਉਹ ਠੀਕ ਹੋ ਕੇ ਬੈਠ ਗਈ ਤੇ ਬੜੇ ਧਿਆਨ ਨਾਲ ਲਿਖਣ ਲੱਗੀ, “ਮੇਰੀ ਪਿਆਰੀ ਅੰਮੀ, ਮੈਨੂੰ ਪਤਾ ਐ ਕਿ ਮੇਰੀ ਤਰ੍ਹਾਂ ਅੱਜ ਤੈਨੂੰ ਵੀ ਨੀਂਦ ਨਹੀਂ ਆਵੇਗੀ। ਤੂੰ ਤਾਂ ਸਗੋਂ ਪਤਾ ਨਹੀਂ ਪਿਛਲੇ ਕਿੰਨੇ ਈ ਚਿਰਾਂ ਤੋਂ ਚੰਗੀ ਤਰ੍ਹਾਂ ਸੁੱਤੀ ਨਹੀਂ ਹੋਵੇਂਗੀ। ਮੈਂ ਸਮਝ ਸਕਦੀ ਆਂ ਕਿ ਔਲਾਦ ਦਾ ਦੁੱਖ ਕੀ ਹੁੰਦਾ ਐ, ਪਰ ਮੇਰੀ ਪਿਆਰੀ ਅੰਮੀ, ਤੇਰੇ ਦੱਸੇ ਰਾਹਾਂ ‘ਤੇ ਚੱਲਦੀ ਮੈਂ ਅੱਜ ਇੱਥੋਂ ਤੱਕ ਦਾ ਸਫਰ ਤੈਅ ਕਰ ਆਈ ਆਂ। ਮੈਂ ਤੇਰੀ ਸ਼ੁਕਰਗੁਜ਼ਾਰ ਹਾਂ ਜੋ ਤੂੰ ਮੈਨੂੰ ਮਜ਼ਹਬ ਦੇ ਇਸ ਅਸਲੀ ਰਾਹ ਪਾਇਆ, ਪਰ ਮੈਂ ਤੇਰੀਆਂ ਸੋਚਾਂ ‘ਤੇ ਖਰੀ ਨਹੀਂ ਉਤਰੀ। ਤੂੰ ਚਾਹੁੰਦੀ ਸੀ ਕਿ ਮੈਂ ਰਾਜਨੀਤੀ ‘ਚ ਮੱਲਾਂ ਮਾਰਦੀ, ਪਰ ਉਹ ਮੇਰਾ ਰਾਹ ਨਹੀਂ ਐ। ਮੈਨੂੰ ਪਤਾ ਐ ਕਿ ਅੱਜ ਮੈਂ ਜੋ ਵੀ ਆਂ, ਇਹ ਤੇਰੀ ਸਿੱਖਿਆ ਕਰ ਕੇ ਈ ਆਂ, ਪਰ ਆਪਣੇ ਰਾਹ ਉਥੇ ਆ ਕੇ ਵੱਖ ਵੱਖ ਹੋ ਜਾਂਦੇ ਨੇ ਜਦੋਂ ਤੂੰ ਇਸ ਮਜ਼ਹਬੀ ਕੰਮ ਨੂੰ ਰਾਜਨੀਤੀ ਲਈ ਪੌੜੀ ਬਣਾਉਣ ਨੂੰ ਕਹਿੰਦੀ ਐਂ ਤੇ ਮੈਂ ਇਸ ਪਾਕ ਕੰਮ ਨੂੰ ਅਸਲੀ ਮਾਅਨਿਆਂ ‘ਚ ਨਿਭਾਉਣਾ ਚਾਹੁੰਦੀ ਆਂ। ਖੈਰ, ਇਹ ਗੱਲਾਂ ਹੁਣ ਦੂਰ ਦੀਆਂ ਨੇ।
ਮੈਨੂੰ ਪਤਾ ਐ ਕਿ ਤੂੰ ਵੀ ਹੋਰਾਂ ਵਾਂਗ ਮੇਰੇ ਕੇਸ ਦੀ ਹਰ ਰੋਜ਼ ਦੀ ਕਾਰਗੁਜ਼ਾਰੀ ਵੇਖਦੀ ਹੋਵੇਂਗੀ। ਅੱਜ ਤੂੰ ਵੀ ਬੇਹੱਦ ਨਿਰਾਸ਼ ਹੋਈ ਹੋਵੇਂਗੀ ਕਿ ਮੈਂ ਆਪਣੇ ਵਕੀਲਾਂ ਦਾ ਕਹਿਣਾ ਨਹੀਂ ਮੰਨਿਆਂ, ਨਹੀਂ ਤਾਂ ਸ਼ਾਇਦ ਮੈਂ ਬਚ ਰਹਿੰਦੀ। ਅੰਮੀ, ਤੁਹਾਡਾ ਸਭ ਦਾ ਇਹ ਭੁਲੇਖਾ ਐ, ਕਿਉਂਕਿ ਅਮਰੀਕਨਾਂ ਨੇ ਮੈਨੂੰ ਕਿਸੇ ਵੀ ਕੀਮਤ ‘ਤੇ ਛੱਡਣਾ ਨਹੀਂ। ਇੱਕ ਕੇਸ ਨਾ ਹੋਇਆ ਤਾਂ ਕੋਈ ਹੋਰ ਘੜ ਲੈਣਗੇ। ਇਸ ਕਰ ਕੇ ਮੈਂ ਇਸ ਅਦਾਲਤ ਦੀ ਕਾਰਵਾਈ ਨੂੰ ਮਹਿਜ਼ ਡਰਾਮੇ ਦੇ ਤੌਰ ‘ਤੇ ਲੈ ਰਹੀ ਆਂ। ਨਹੀਂ ਤਾਂ ਤੁਸੀਂ ਦੱਸੋ ਕਿ ਇਨ੍ਹਾਂ ਨੇ ਮੈਨੂੰ ਦੁਨੀਆਂ ਦੀ ਨਿਹਾਇਤ ਖਤਰਨਾਕ ਜਹਾਦੀ ਐਲਾਨਿਆਂ ਹੋਇਆ ਐ। ਇਨ੍ਹਾਂ ਦੀ ਲੋੜੀਂਦੇ ਮੁਜਰਮਾਂ ਦੀ ਲਿਸਟ ਵਿਚ ਮੇਰਾ ਸੱਤਵਾਂ ਨੰਬਰ ਐ। ਹਰ ਰੋਜ਼ ਟੀæਵੀæ ‘ਤੇ ਮੇਰਾ ਜ਼ਿਕਰ ਚੱਲਦਾ ਐ ਤਾਂ ਉਸ ਵਿਚ ਵੀ ਮੈਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਐ, ਪਰ ਜਦੋਂ ਮੇਰੇ ‘ਤੇ ਕੇਸ ਚਲਾਉਣ ਦੀ ਗੱਲ ਆਈ ਤਾਂ ਇਨ੍ਹਾਂ ਐਵੇਂ ਫਰਜ਼ੀ ਜਿਹਾ ਕੇਸ ਘੜ ਲਿਆ। ਜਦੋਂ ਮੈਨੂੰ ਇੱਕ ਪਾਸੇ ਇਹ ਇੰਨੀ ਖਤਰਨਾਕ ਜਹਾਦੀ ਐਲਾਨਦੇ ਹਨ ਤਾਂ ਮੇਰੇ ਤੇ ਕੇਸ ਵੀ ਉਹੀ ਕਿਉਂ ਨਹੀਂ ਚਲਾਇਆ ਗਿਆ? ਗੱਲ ਤਾਂ ਫਿਰ ਬਣਦੀ, ਜੇ ਇਹ ਮੇਰੇ ‘ਤੇ ਉਹੀ ਕੇਸ ਚਲਾਉਂਦੇ ਜਿਸ ਕਰ ਕੇ ਇਨ੍ਹਾਂ ਮੁਤਾਬਕ ਇਹ ਮੈਨੂੰ ਕਿੰਨੇ ਈ ਸਾਲਾਂ ਤੋਂ ਲੱਭਦੇ ਫਿਰਦੇ ਨੇ। ਜੇ ਮੇਰੇ ‘ਤੇ ਦਹਿਸ਼ਤਪਸੰਦੀ ਦਾ ਕੇਸ ਚੱਲਦਾ ਤਾਂ ਮੈਂ ਵਿਖਾਉਂਦੀ ਇਨ੍ਹਾਂ ਨੂੰ, ਕਿ ਅਸਲੀ ਦਹਿਸ਼ਤਪਸੰਦੀ ਕੀ ਹੁੰਦੀ ਐ। ਮੈਂ ਇਨ੍ਹਾਂ ਦਾ ਦੂਹਰਾ ਚਿਹਰਾ ਦੁਨੀਆਂ ਸਾਹਮਣੇ ਨੰਗਾ ਕਰਦਿਆਂ ਇਨ੍ਹਾਂ ਦੇ ਬਖੀਏ ਉਧੇੜ ਸੁੱਟਦੀ, ਪਰ ਕੀ ਕਰਾਂ? ਇਨ੍ਹਾਂ ਦੋਗਲੇ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਮੇਰੇ ‘ਤੇ ਉਹ ਕੇਸ ਚਲਾਇਆ ਈ ਨਹੀਂ, ਕਿਉਂਕਿ ਜੇ ਇਹ ਮੇਰੇ ‘ਤੇ ਟੈਰਰਿਜ਼ਮ ਦਾ ਕੇਸ ਚਲਾਉਂਦੇ ਨੇ ਤਾਂ ਇਨ੍ਹਾਂ ਨੂੰ ਉਹ ਸਾਰੇ ਵੱਡੇ ਜਹਾਦੀ ਕੋਰਟ ਵਿਚ ਪੇਸ਼ ਕਰਨੇ ਪੈਂਦੇ ਹਨ ਜਿਹੜੇ ਇਨ੍ਹਾਂ ਨੇ ਅਫਗਾਨਿਸਤਾਨ ਦੀਆਂ ਨਿਹਾਇਤ ਭਿਆਨਕ ਜੇਲ੍ਹਾਂ ‘ਚ ਬੰਦ ਕੀਤੇ ਹੋਏ ਨੇ। ਉਨ੍ਹਾਂ ਨੂੰ ਬਾਹਰ ਲਿਆ ਕੇ ਇਹ ਆਪਣਾ ਦੋਗਲਾ ਚਿਹਰਾ ਆਪ ਹੀ ਕਿਵੇਂ ਨੰਗਾ ਕਰ ਸਕਦੇ ਨੇ? ਚਲੋ ਫਿਰ ਜੋ ਵੀ ਮੇਰੇ ‘ਤੇ ਕੇਸ ਬਣਾਇਆ ਗਿਆ, ਉਸ ਵਿਚ ਕਿਹੜਾ ਇਨ੍ਹਾਂ ਨੇ ਕੋਈ ਇਨਸਾਫ ਵਾਲੀ ਗੱਲ ਕੀਤੀ ਐ। ਬੱਸ ਪੰਜ ਸੱਤ ਬੰਦਿਆਂ ਨੇ ਕਹਿ ਦਿੱਤਾ ਕਿ ਆਫੀਆ ਨੇ ਸਾਡੇ ‘ਤੇ ਗੋਲੀ ਚਲਾਈ, ਤੇ ਜੱਜ ਨੇ ਮੰਨ ਲਿਆ ਕਿ ਹਾਂ, ਆਫੀਆ ਇਨ੍ਹਾਂ ਬੰਦਿਆਂ ਦੇ ਕਤਲ ਦੇ ਇਰਾਦੇ ਦੀ ਦੋਸ਼ੀ ਐ। ਜੋ ਗੋਲੀ ਮੇਰੇ ਮਾਰੀ ਗਈ, ਉਹ ਤਾਂ ਸਭ ਨੂੰ ਦਿਸਦੀ ਐ, ਪਰ ਉਸ ਦੀ ਕੋਈ ਗੱਲ ਨਹੀਂ ਕਰਦਾ ਅਤੇ ਜੋ ਗੋਲੀਆਂ ਇਹ ਕਹਿੰਦੇ ਨੇ ਕਿ ਮੈਂ ਇਨ੍ਹਾਂ ‘ਤੇ ਚਲਾਈਆਂ, ਉਨ੍ਹਾਂ ਦੇ ਕਿਧਰੇ ਖੋਲ ਵੀ ਬਰਾਮਦ ਨਹੀਂ ਕੀਤੇ ਗਏ। ਕਿਸੇ ਹਥਿਆਰ ਤੋਂ ਮੇਰੇ ਫਿੰਗਰ ਪ੍ਰਿੰਟ ਨਹੀਂ ਮਿਲੇ। ਕੋਈ ਫੋਰੈਂਸਿਕ ਜਾਂਚ ਨਹੀਂ ਹੋਈ। ਬੱਸ ਇਨ੍ਹਾਂ ਦੇ ਆਪਣੇ ਬੰਦਿਆਂ ਦੇ ਕਹਿਣ ‘ਤੇ ਜੱਜ ਨੇ ਮੈਨੂੰ ਦੋਸ਼ੀ ਮੰਨ ਲਿਆ। ਅੱਛਾ, ਇਹ ਕਹਿੰਦੇ ਨੇ ਕਿ ਇਹ ਜਿਊਰੀ ਸਿਸਟਮ ਰਾਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਦਿੰਦੇ ਨੇ, ਪਰ ਇੱਥੇ ਇਹ ਅਸੂਲ ਕਿਧਰ ਗਿਆ? ਕਿਸੇ ਜਿਊਰੀ ਮੈਂਬਰ ਨੇ ਵੀ ਇਹ ਸੁਆਲ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਮ ਸੇ ਕਮ ਕੋਈ ਇੱਕ ਅੱਧ ਸਬੂਤ ਹੀ ਪੇਸ਼ ਕੀਤਾ ਜਾਵੇ ਜਿਸ ਤੋਂ ਇਹ ਸਾਬਤ ਹੋਵੇ ਕਿ ਆਫੀਆ ਨੇ ਗੋਲੀ ਚਲਾਈ। ਇਹ ਹੋ ਵੀ ਨਹੀਂ ਸਕਣਾ ਸੀ, ਕਿਉਂਕਿ ਜਿਊਰੀ ਮੈਂਬਰ ਉਹੀ ਅਮਰੀਕੀ ਨੇ ਜਿਹੜੇ ਪਿਛਲੇ ਕਿੰਨੇ ਹੀ ਸਾਲਾਂ ਤੋਂ ਮੇਰੇ ਬਾਰੇ ਆਪਣੀ ਸਰਕਾਰ ਵਲੋਂ ਦੱਸਿਆ ਹੀ ਸੁਣਦੇ ਆ ਰਹੇ ਨੇ। ਉਨ੍ਹਾਂ ਲਈ ਤਾਂ ਮੈਂ ਪਹਿਲਾਂ ਤੋਂ ਈ ਦੋਸ਼ੀ ਆਂ। ਹਾਂ, ਗੱਲ ਫਿਰ ਬਣਦੀ ਜੇ ਕੇਸ ਕਿਸੇ ਅਜਿਹੀ ਜਗ੍ਹਾ ਚਲਾਇਆ ਜਾਵੇ ਜਿਥੇ ਲੋਕੀਂ ਅਮਰੀਕਾ ਦੇ ਗਲਬੇ ਤੋਂ ਉਪਰ ਹੋਣ, ਪਰ ਅਜਿਹਾ ਸੰਭਵ ਨਹੀਂ। ਇਸੇ ਕਰ ਕੇ ਮੈਂ ਇਨ੍ਹਾਂ ਦੇ ਕਿਸੇ ਡਰਾਮੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਸੀ ਤੇ ਨਾ ਹੀ ਬਣੀ। ਮੈਂ ਇਹ ਵੀ ਨਹੀਂ ਚਾਹੁੰਦੀ ਕਿ ਕੋਈ ਮੇਰੇ ‘ਤੇ ਤਰਸ ਕਰੇ। ਹਾਂ! ਸਬੂਤਾਂ ਦੇ ਆਧਾਰ ‘ਤੇ ਮੇਰੇ ਕੇਸ ਦਾ ਫੈਸਲਾ ਹੁੰਦਾ ਤਾਂ ਮੈਂ ਖਿੜੇ ਮੱਥੇ ਸਵੀਕਾਰ ਕਰਦੀ।
ਚਲੋ ਛੱਡੋ, ਇਸ ਕਚੀਰੇ ਨੂੰ ਹੋਰ ਕੀ ਵਧਾਉਣਾ ਐ। ਮੈਂ ਉਨ੍ਹਾਂ ਸਭਨਾਂ ਦੀ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਮੇਰੇ ਲਈ ਆਵਾਜ਼ ਉਠਾਈ। ਅੱਛਾ ਚਿੱਠੀ ਬਹੁਤ ਲੰਬੀ ਹੋ ਗਈ, ਬੱਸ ਕਰਦੀ ਆਂ। ਅੰਮੀ, ਜਦੋਂ ਤੱਕ ਭਾਈਜਾਨ ਰਾਹੀਂ ਇਹ ਚਿੱਠੀ ਤੈਨੂੰ ਮਿਲੂਗੀ, ਉਦੋਂ ਨੂੰ ਮੈਂ ਆਪਣੀ ਲੰਬੀ ਸਜ਼ਾ ਭੁਗਤਣ ਲਈ ਕਿਸੇ ਜੇਲ੍ਹ ਦੀ ਕੋਠੜੀ ਵਿਚ ਪੱਕੇ ਤੌਰ ‘ਤੇ ਬੰਦ ਹੋ ਚੁੱਕੀ ਹੋਵਾਂਗੀ। ਬੱਸ, ਇੱਕ ਆਖਰੀ ਗੱਲ ਹੋਰ। ਬੜਾ ਈ ਦਿਲ ਕਰਦਾ ਐ ਕਿ ਇੱਕ ਵਾਰ ਉਸ ਘਰ ਨੂੰ ਵੇਖਣ ਦਾ ਜਿਥੇ ਮੈਂ ਜੰਮੀ, ਪਲੀ ਪੜ੍ਹੀ ਤੇ ਵੱਡੀ ਹੋ ਕੇ ਉਸ ਘਰ ‘ਚ ਹੱਸਦੀ ਖੇਡਦੀ ਨੇ ਆਪਣੀ ਜ਼ਿੰਦਗੀ ਦਾ ਸੁਹਾਵਣਾ ਸਮਾਂ ਗੁਜ਼ਾਰਿਆ। ਇਸ ਤੋਂ ਬਿਨਾਂ ਦਿਲ ਵਿਚ ਬੜੀ ਸਿੱਕ ਐ ਕਿ ਇੱਕ ਵਾਰ ਆਪਣੇ ਬੱਚਿਆਂ ‘ਚ ਬਹਿ ਕੇ ਉਨ੍ਹਾਂ ਦੀਆਂ ਕਿਲਕਾਰੀਆਂ ਸੁਣ ਸਕਦੀ, ਪਰ ਮੈਨੂੰ ਪਤਾ ਐ ਕਿ ਇਹ ਖੁਆਹਿਸ਼ਾਂ ਕਦੇ ਪੂਰੀਆਂ ਨਹੀਂ ਹੋਣੀਆਂ। ਆਖਰ ‘ਤੇ ਇਹੀ ਕਹਾਂਗੀ ਕਿ ਮੈਨੂੰ ਆਪਣੇ ਕੀਤੇ ਕਰਾਏ ਦਾ ਕੋਈ ਅਫਸੋਸ ਨਹੀਂ। ਮੈਨੂੰ ਤਾਂ ਸਗੋਂ ਮਾਣ ਐਂ ਕਿ ਮੈਂ ਵੀ ਅੱਲਾ ਦੇ ਦੱਸੇ ਰਾਹ ‘ਤੇ ਚਲਦਿਆਂ ਜਹਾਦ ਦੀ ਥੋੜ੍ਹੀ ਬਹੁਤੀ ਖਿਦਮਤ ਕਰ ਸਕੀæææਆਫੀਆ।” ਚਿੱਠੀ ਲਿਖ ਕੇ ਆਫੀਆ ਨੇ ਕੰਧ ਨਾਲ ਢੋਹ ਲਾ ਲਈ। ਹੌਲੀ ਹੌਲੀ ਉਸ ਦੀਆਂ ਅੱਖਾਂ ਮਿਚ ਗਈਆਂ।
ਸਤੰਬਰ 23, 2010 ਨੂੰ ਕੋਰਟ ਫਿਰ ਸ਼ੁਰੂ ਹੋਈ। ਕੋਰਟ ਖਚਾ-ਖਚ ਭਰੀ ਹੋਈ ਸੀ। ਮੀਡੀਏ ਤੋਂ ਇਲਾਵਾ ਆਫੀਆ ਦੇ ਹਮਦਰਦ ਅਤੇ ਰਿਸ਼ਤੇਦਾਰ ਕੋਰਟ ਵਿਚ ਹਾਜ਼ਰ ਸਨ। ਯੂæਐਸ਼ ਮਾਰਸ਼ਲਾਂ ਨੇ ਆਫੀਆ ਨੂੰ ਕੋਰਟ ਵਿਚ ਲਿਆਂਦਾ। ਉਸ ਨੇ ਬੈਠੇ ਲੋਕਾਂ ਵੱਲ ਨਜ਼ਰ ਮਾਰੀ। ਕੋਰਟ ਸ਼ੁਰੂ ਹੋਈ ਤਾਂ ਜੱਜ ਨੇ ਆਫੀਆ ਨੂੰ ਕਿਹਾ ਕਿ ਉਹ ਕੁਝ ਕਹਿਣਾ ਚਾਹੁੰਦੀ ਹੈ ਤਾਂ ਉਸ ਨੇ ਸਿਰ ਫੇਰਦਿਆਂ ਨਾਂਹ ਕਰ ਦਿੱਤੀ। ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਬੋਲਣਾ ਸ਼ੁਰੂ ਕਰਦਿਆਂ ਕਿਹਾ, “ਡਾਕਟਰ ਆਫੀਆ ਦਾ ਕੇਸ ਉਲਝੀ ਹੋਈ ਕਹਾਣੀ ਵਾਂਗ ਐ। ਮੈਂ ਇਸ ਕੇਸ ਦੀ ਤਹਿ ਤੱਕ ਪਹੁੰਚਣ ‘ਚ ਅਸਫਲ ਰਿਹਾ ਆਂ। ਉਸ ‘ਤੇ ਜੋ ਵੀ ਦੋਸ਼ ਲੱਗੇ ਹਨ, ਉਨ੍ਹਾਂ ਮੁਤਾਬਕ ਭਾਵੇਂ ਉਹ ਮੁਲਜ਼ਿਮ ਸਾਬਤ ਹੋ ਗਈ ਐ, ਪਰ ਬਹੁਤ ਕੁਝ ਅਜਿਹਾ ਐ ਜੋ ਅਣਸੁਲਝਿਆ ਰਹਿ ਗਿਆ ਐ। ਇਸ ਅਜੀਬੋ-ਗਰੀਬ ਕਹਾਣੀ ਨੂੰ ਸੁਲਝਾਉਣ ਵਿਚ ਨਾ ਹੀ ਐਫ਼ਬੀæਆਈæ ਨੇ ਮਦਦ ਕੀਤੀ ਤੇ ਨਾ ਹੀ ਡਾਕਟਰ ਆਫੀਆ ਨੇ। ਦੋਨੋਂ ਇਸ ਬਾਰੇ ਬੋਲਣ ਤੋਂ ਕਤਰਾਉਂਦੇ ਰਹੇ। ਇਸ ਕਰ ਕੇ ਇਹ ਕਹਿਣਾ ਮੁਸ਼ਕਿਲ ਐ ਕਿ ਅਸਲ ‘ਚ ਪਿਛਲੇ ਇੰਨੇ ਸਾਲਾਂ ਦੌਰਾਨ ਹੋਇਆ ਕੀ? ਮਿਸਾਲ ਦੇ ਤੌਰ ‘ਤੇ ਡਾਕਟਰ ਆਫੀਆ ਕਹਿ ਰਹੀ ਐ ਕਿ ਉਹ ਅਫਗਾਨਿਸਤਾਨ ਦੇ ਸ਼ਹਿਰ ਗਜ਼ਨੀ ‘ਚ ਉਸ ਦਿਨ ਇਸ ਲਈ ਗਈ ਕਿ ਉਹ ਆਪਣੇ ਘਰਵਾਲੇ ਨੂੰ ਲੱਭ ਰਹੀ ਸੀ; ਜਦੋਂ ਕਿ ਸਰਕਾਰ ਕਹਿ ਰਹੀ ਐ ਕਿ ਆਫੀਆ ਉਸ ਦਿਨ ਆਤਮਘਾਤੀ ਹਮਲੇ ਕਰਨ ਲਈ ਅਫਗਾਨਿਸਤਾਨ ਗਈ ਸੀ, ਜਾਂ ਫਿਰ ਹੋ ਸਕਦਾ ਹੈ ਕਿ ਉਹ ਅਫਗਾਨਿਸਤਾਨ ਵਿਚ ਅਜਿਹੇ ਦਸਤਾਵੇਜ਼ ਦੇਣ ਗਈ ਹੋਵੇ ਜਿਨ੍ਹਾਂ ਤੋਂ ਡਰਟੀ ਬੰਬ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਕੋਰਟ ਇਹ ਵੀ ਨਹੀਂ ਜਾਣ ਸਕੀ ਕਿ ਡਾਕਟਰ ਆਫੀਆ 2003 ਤੋਂ 2008 ਤੱਕ ਕਿੱਥੇ ਰਹੀ। ਇਹ ਟਰਾਇਲ ਵੀ ਬਹੁਤ ਔਖਾ ਰਿਹਾ ਕਿਉਂਕਿ ਡਾਕਟਰ ਆਫੀਆ ਨੇ ਕੋਰਟ ਦੀ ਕਾਰਵਾਈ ਬਹੁਤ ਵਾਰੀ ਰੋਕੀ।” ਆਪਣੀ ਗੱਲ ਕਹਿ ਕੇ ਜੱਜ ਕਾਗਜ਼ ‘ਤੇ ਕੁਝ ਲਿਖਣ ਲੱਗ ਪਿਆ।
ਇਸ ਦੇ ਉਲਟ ਡਿਫੈਂਸ ਵਕੀਲ ਨੇ ਆਪਣੇ ਬਿਆਨ ‘ਚ ਕਿਹਾ, “ਇਹ ਕੇਸ ਆਫੀਆ ਦੇ ਖਿਲਾਫ ਇਸ ਕਰ ਕੇ ਗਿਆ ਕਿਉਂਕਿ ਉਹ ਮਾਨਸਿਕ ਤੌਰ ‘ਤੇ ਸਹੀ ਨਹੀਂ ਹੈ। ਜੋ ਊਟ-ਪਟਾਂਗ ਉਤਰ ਆਫੀਆ ਨੇ ਦਿੱਤੇ ਨੇ, ਉਹ ਉਸ ਨੇ ਜਾਣ ਬੁੱਝ ਕੇ ਨਹੀਂ ਦਿੱਤੇ ਬਲਕਿ ਉਸ ਦੀ ਮਾਨਸਿਕ ਹਾਲਤ ਖਰਾਬ ਹੋਣ ਕਾਰਨ ਉਸ ਦੇ ਹੱਥ-ਵੱਸ ਕੁਝ ਨਹੀਂ ਹੈ। ਵਾਰ ਵਾਰ ਉਹ ਬਿਨਾਂ ਮਤਲਬੋਂ ਈ ਚੱਲਦੀ ਕਾਰਵਾਈ ‘ਚ ਬੋਲਣ ਲੱਗ ਪੈਂਦੀ ਸੀ, ਕਿਉਂਕਿ ਉਹ ਮਾਨਸਿਕ ਰੋਗੀ ਐ। ਨਹੀਂ ਤਾਂ ਡਾਕਟਰ ਆਫੀਆ ਵਰਗੀ ਪੜ੍ਹੀ ਲਿਖੀ ਔਰਤ ਤੋਂ ਅਜਿਹੇ ਵਤੀਰੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਾਰੇ ਹੀ ਕੇਸ ਦੌਰਾਨ ਰਿਹਾ ਉਸ ਦਾ ਵਤੀਰਾ ਇਹ ਸਾਬਤ ਕਰ ਦਿੰਦਾ ਐ ਕਿ ਉਹ ਦਿਮਾਗੀ ਤੌਰ ‘ਤੇ ਬਿਮਾਰ ਹੈ। ਉਸ ਦੀ ਇਸ ਤਰ੍ਹਾਂ ਦੀ ਦਿਮਾਗੀ ਹਾਲਤ ਐਫ਼ਬੀæਆਈæ ਦੇ ਅਣਮਨੁੱਖੀ ਤਸ਼ੱਦਦ ਕਾਰਨ ਹੋਈ ਐ। ਇਸੇ ਕਰ ਕੇ ਉਸ ਨੂੰ ਕੁਛ ਵੀ ਯਾਦ ਨਹੀਂ ਕਿ ਉਹ ਇਸ ਪਿਛਲੇ ਅਰਸੇ ਦੌਰਾਨ ਕਿੱਥੇ ਸੀ। ਜਿਹੜੀ ਔਰਤ ਇੰਨੇ ਸਾਲਾਂ ਤੋਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਅਤੇ ਉਨ੍ਹਾਂ ਦੀ ਜਾਨ ਬਚਾਉਂਦੀ ਲੁਕਦੀ ਫਿਰਦੀ ਰਹੀ ਹੋਵੇ, ਫਿਰ ਭਾਵੇਂ ਉਹ ਕਿਸੇ ਤੋਂ ਵੀ ਲੁਕਦੀ ਹੋਵੇ, ਉਹ ਨਰਮ ਵਤੀਰੇ ਦੀ ਹੱਕਦਾਰ ਐ। ਇੰਨੇ ਸਾਲਾਂ ਤੋਂ ਹਰ ਵਕਤ ਡਰ ਦੇ ਸਾਏ ਹੇਠ ਜਿਉ ਰਹੀ ਔਰਤ ‘ਤੇ ਵੈਸੇ ਵੀ ਰਹਿਮ ਕਰਨ ਦਾ ਇਨਸਾਨੀ ਫਰਜ਼ ਐ। ਜਿੰਨੀ ਕੁ ਸਜ਼ਾ ਦੀ ਉਹ ਹੱਕਦਾਰ ਹੈ ਵੀ, ਉਹ ਉਸ ਨੇ ਪਿਛਲੇ ਸਾਲਾਂ ਦੌਰਾਨ ਭੁਗਤ ਲਈ ਐ। ਮੇਰੀ ਕੋਰਟ ਨੂੰ ਅਪੀਲ ਐ ਕਿ ਨਿੱਕੇ ਨਿੱਕੇ ਤਿੰਨ ਬੱਚਿਆਂ ਦੀ ਮਾਂ ਅਤੇ ਦਿਮਾਗੀ ਤਵਾਜ਼ਨ ਖੋ ਚੁੱਕੀ ਇਸ ਔਰਤ ਨੂੰ ਸਜ਼ਾ ਸੁਣਾਉਣ ਵੇਲੇ ਇਨ੍ਹਾਂ ਨੁਕਤਿਆਂ ਨੂੰ ਧਿਆਨ ‘ਚ ਰੱਖਿਆ ਜਾਵੇ।”
ਸਫਾਈ ਵਕੀਲ ਬੋਲ ਕੇ ਹਟੀ ਤਾਂ ਆਫੀਆ ਨੇ ਜੱਜ ਨੂੰ ਕਿਹਾ ਕਿ ਉਹ ਕੁਝ ਕਹਿਣਾ ਚਾਹੁੰਦੀ ਐ। ਜੱਜ ਨੇ ਇਜਾਜ਼ਤ ਦੇ ਦਿੱਤੀ ਤਾਂ ਆਫੀਆ ਬੋਲਣ ਲੱਗੀ, “ਮੈਂ ਅਮਰੀਕਾ ਨੂੰ ਬਹੁਤ ਪਿਆਰ ਕਰਦੀ ਹਾਂ, ਇਸ ਕਰ ਕੇ ਮੈਂ ਇਸ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦੀ। ਮੇਰਾ ਮਿਸ਼ਨ ਐ ਕਿ ਸੰਸਾਰ ‘ਚ ਸ਼ਾਂਤੀ ਰਹੇ। ਆਖਰ ‘ਚ ਮੈਂ ਮੇਰੇ ਮੁਸਲਮਾਨ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਆਂ ਕਿ ਉਹ ਮੇਰੇ ਕਾਰਨ ਕਿਸੇ ‘ਤੇ ਗੁੱਸੇ ਨਾ ਹੋਣ। ਉਹ ਕਿਸੇ ਪ੍ਰਤੀ ਵੀ ਮਨ ‘ਚ ਈਰਖਾ ਜਾਂ ਬਦਲੇ ਦੀ ਭਾਵਨਾ ਨਾ ਰੱਖਣ।” ਇੰਨਾ ਕਹਿੰਦਿਆਂ ਉਹ ਚੁੱਪ ਹੋ ਗਈ।
ਆਖਰ ‘ਚ ਜੱਜ ਨੇ ਉਸ ਦੀ ਫਾਈਲ ‘ਤੇ ਕੁਝ ਲਿਖਿਆ ਤੇ ਫਿਰ ਸਜ਼ਾ ਸੁਣਾ ਦਿੱਤੀ। ਜੱਜ ਨੇ ਆਫੀਆ ਨੂੰ ਛਿਆਸੀ ਸਾਲ ਦੀ ਲੰਬੀ ਸਜ਼ਾ ਸੁਣਾਈ। ਸੁਣਾਈ ਗਈ ਸਜ਼ਾ ਸੁਣਦਿਆਂ ਹੀ ਅਦਾਲਤ ਵਿਚੋਂ ਕਈਆਂ ਦੀਆਂ ਸ਼ੇਮ-ਸ਼ੇਮ ਦੀਆਂ ਆਵਾਜ਼ਾਂ ਆਈਆਂ ਤਾਂ ਆਫੀਆ ਫਿਰ ਤੋਂ ਖੜ੍ਹੀ ਹੋ ਗਈ। ਉਹ ਅਦਾਲਤ ‘ਚ ਮੌਜੂਦ ਲੋਕਾਂ ਵੱਲ ਵੇਖਦਿਆਂ ਬੋਲੀ, “ਵੇਖੋ, ਮੈਂ ਪਹਿਲਾਂ ਈ ਕਹਿ ਚੁੱਕੀ ਆਂ ਕਿ ਮੇਰੇ ਕਾਰਨ ਕਿਸੇ ‘ਤੇ ਗੁੱਸੇ ਨਾ ਹੋਵੋ। ਮੁਹੰਮਦ ਸਾਹਿਬ ਨੇ ਆਪਣੀਆਂ ਸਿਖਿਆਵਾਂ ‘ਚ ਕਿਹਾ ਐ ਕਿ ਆਪਣੇ ਦੁਸ਼ਮਣਾਂ ਨੂੰ ਵੀ ਮੁਆਫ ਕਰ ਦਿਉ। ਮੇਰੀ ਸਭ ਨੂੰ ਬੇਨਤੀ ਐ ਕਿ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ‘ਤੇ ਅਮਲ ਕਰਕੇ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿਉ। ਤੁਸੀਂ ਹਰ ਉਸ ਸਖਸ਼ ਨੂੰ ਮੁਆਫ ਕਰ ਦਿਉ ਜਿਸ ‘ਤੇ ਤੁਹਾਨੂੰ ਗੁੱਸਾ ਆ ਰਿਹਾ ਐ। ਕਿਸੇ ਨਾਲ ਗੁੱਸੇ ਨਾ ਹੋਵੋ। ਸ਼ਾਇਦ ਅੱਲਾ ਨੂੰ ਇਹੀ ਮਨਜ਼ੂਰ ਐ। ਮੈਨੂੰ ਵੀ ਅੱਲਾ ਦੀ ਇਹ ਮਰਜ਼ੀ ਮਨਜ਼ੂਰ ਐ। ਮੈਨੂੰ ਕਿਸੇ ਨਾਲ ਕੋਈ ਰੰਜ਼ਿਸ਼ ਨਹੀਂ। ਜੇ ਮੈਨੂੰ ਖੁਦ ਨੂੰ ਕਿਸੇ ‘ਤੇ ਗੁੱਸਾ ਨਹੀਂ ਤਾਂ ਤੁਹਾਨੂੰ ਵੀ ਨਹੀਂ ਹੋਣਾ ਚਾਹੀਦਾ। ਖੁਦਾ ਹਾਫਿਜ਼। ਇੰਸ਼ਾ ਅੱਲਾ, ਸਭ ਖੁਸ਼ੀ ਖੁਸ਼ੀ ਇੱਥੋਂ ਜਾਵੋ।”
ਉਸ ਦੀ ਇਹ ਗੱਲ ਸੁਣ ਕੇ ਜੱਜ ਉਸ ਨੂੰ ਮੁਖਾਤਬ ਹੋਇਆ, “ਡਾਕਟਰ ਆਫੀਆ, ਤੇਰਾ ਇਨ੍ਹਾਂ ਗੱਲਾਂ ਲਈ ਸ਼ੁਕਰੀਆ। ਖੁਦਾ ਕਰੇ ਤੇਰਾ ਅੱਗੇ ਦੀ ਜ਼ਿੰਦਗੀ ਦਾ ਸਫਰ ਖੁਸ਼ਗਵਾਰ ਰਹੇ।” ਇਸ ਪਿੱਛੋਂ ਜੱਜ ਉਠ ਗਿਆ। ਯੂæਐਸ਼ ਮਾਰਸ਼ਲ, ਆਫੀਆ ਨੂੰ ਪਿਛਲੇ ਦਰਵਾਜ਼ੇ ਰਾਹੀਂ ਜੇਲ੍ਹ ਨੂੰ ਲੈ ਤੁਰੇ।
(ਸਮਾਪਤ)
Leave a Reply