ਬੌਧਿਕ ਸਫਰ ਤੇ ਜ਼ਮੀਨੀ ਹਕੀਕਤਾਂ

ਕਮਲਜੀਤ ਸਿੰਘ ਫਰੀਮਾਂਟ
‘ਪੰਜਾਬ ਟਾਈਮਜ਼’ ਦੇ 18 ਜੁਲਾਈ 2020 ਦੇ ਅੰਕ ਵਿਚ ਖਾਲਿਸਤਾਨ ਦੇ ਮੁੱਦੇ ਬਾਰੇ ਸ਼ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਇਕ ਵਾਰ ਫਿਰ ਪੜ੍ਹਨ ਨੂੰ ਮਿਲੇ। ਆਪਣੇ ਲੇਖ ਵਿਚ ਉਨ੍ਹਾਂ ਕਬੂਲ ਕੀਤਾ ਹੈ ਕਿ ‘ਗੁਰਬਾਣੀ ਦੀਆਂ ਅਜੋਕੀਆਂ ਵਿਆਖਿਆਵਾਂ ਆਧੁਨਿਕਵਾਦ ਅਤੇ ਮਾਰਕਸਵਾਦ ਵਰਗੇ ਪੱਛਮੀ ਫਲਸਫਿਆਂ ਤੋਂ ਪ੍ਰਭਾਵਿਤ ਹਨ।’ ਉਨ੍ਹਾਂ ਦੇ ਇਸ ਇਕੋ ਵਾਕ ਨੇ ਅੱਜ ਤੱਕ ਹੋਏ ਸਿੱਖ ਵਿਦਵਾਨਾਂ ਵਲੋਂ ਗੁਰਬਾਣੀ ਅਤੇ ਗੁਰਬਾਣੀ ਦੇ ਫਲਸਫੇ ਦੀ ਵਿਆਖਿਆਵਾਂ ਉਤੇ ਕਾਲਾ ਰੰਗ ਸੁੱਟ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾਲ ਹੀ ਉਨ੍ਹਾਂ ਮੁਤਾਬਿਕ ’19ਵੀਂ, 20ਵੀਂ ਸਦੀ ਦੇ ਪੱਛਮੀ ਫਲਸਫੇ ਦੇ ਵਿਧੀਵਤ ਅਧਿਐਨ’ ਸਦਕਾ ਹੀ, ਭਾਰਤੀ ਪਰੰਪਰਾ ਨੂੰ ਬਾਰੀਕੀ ਨਾਲ ਸਮਝਿਆ ਜਾ ਸਕਦਾ ਹੈ। ਸਵਾਲ ਹੈ ਕਿ ਭਾਰਤੀ ਪਰੰਪਰਾ ਵਿਚ ਤਾਂ ਮੁਸਲਮਾਨ ਅਤੇ ਸਿੱਖ ਵੀ ਸ਼ਾਮਲ ਹਨ; ਜਿਵੇਂ ਮਹਾਰਾਜਾ ਰਣਜੀਤ ਸਿੰਘ ਤੇ ਔਰੰਗਜ਼ੇਬ, ਪਾਕਿਸਤਾਨ ਤੇ ਬੰਗਲਾਦੇਸ਼ ਵੀ।

ਪ੍ਰਭਸ਼ਰਨਦੀਪ ਸਿੰਘ ਨੇ ਇਹ ਵੀ ਮੰਨਿਆ ਹੈ ਕਿ ‘ਸਿੱਖ ਗੁਰਬਾਣੀ ਦੀ ਓਟ ਦੋ ਪੱਧਰਾਂ ‘ਤੇ ਲੈਂਦਾ ਹੈ: ਇਕ ਤਾਂ ਗੁਰਬਾਣੀ ਦੇ ਪਾਠ ਅਤੇ ਕੀਰਤਨ ਰਸ਼..,ਦੂਜਾ, ਗੁਰਬਾਣੀ ਤੋਂ ਸਿਆਸੀ ਅਤੇ ਸਮਾਜਕ ਪ੍ਰੰਸਗ ਵਿਚ ਸਿਧਾਂਤਕ ਸੇਧ ਹਾਸਲ ਕਰਨ ਦਾ ਮਕਸਦ।’
ਪ੍ਰਭਸ਼ਰਨਦੀਪ ਸਿੰਘ ਨੇ ਗੁਰਬਾਣੀ ਦੀ ਅਜੋਕੀ ਵਿਆਖਿਆ ਨੂੰ ਇਹ ਕਹਿ ਕੇ ਨਕਾਰਿਆ ਹੈ ਕਿ ਇਹ ਵਿਆਖਿਆਵਾਂ ਮਾਰਕਸਵਾਦ ਜਾਂ ਪੱਛਮੀ ਫਲਸਫਿਆਂ ਤੋਂ ਪ੍ਰਭਾਵਿਤ ਹਨ। ਇਥੇ ਉਨ੍ਹਾਂ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਦਾ ਇਨਾਮੀ ਹਾਰ ਆਪਣੇ ਗਲ ਵਿਚ ਪਾ ਲਿਆ ਹੈ, ਪਰ ਇਹ ਹਾਰ ਅੱਧਾ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਨੇ ਗੁਰਬਾਣੀ ਵਿਚ ਪਾਠ ਅਤੇ ਕੀਰਤਨ ਵਾਲੇ ਭਾਗ ‘ਤੇ ਉਨ੍ਹਾਂ ਵਲੋਂ ਕੀਤੀ ਗਈ ਸਾਹਿਤ ਅਤੇ ਫਲਸਫਿਆਂ ਦੀ ‘ਬੌਧਿਕ’ ਵਿਦਿਆ ਦੀ ਰੋਸ਼ਨੀ ਉਨ੍ਹਾਂ ਨੇ ਨਹੀਂ ਪਾਈ।
ਅਜੋਕੀ ਵਿਆਖਿਆ ਨੂੰ ਰੱਦ ਕਰ ਕੇ ਉਨ੍ਹਾਂ ਭਾਈ ਵੀਰ ਸਿੰਘ, ਸਾਹਿਬ ਸਿੰਘ ਵਰਗੇ ਅਨੇਕਾਂ ਸਿੱਖ ਵਿਦਵਾਨਾਂ ਦੀ ਹੇਠੀ ਕੀਤੀ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਧਰਾਤਲ ‘ਤੇ ਰਹਿ ਕੇ ਇਸ ਦੀ ਮਾਂ ਭੋਂ ਵਿਚ ਵਿਚਰ ਕੇ ਇਸ ਨੂੰ ਸਮਝਿਆ ਸੀ, ਨਾ ਕਿ ਜਰਮਨੀ ਜਾਂ ਇੰਗਲੈਂਡ ਤੋਂ ਇਸ ਦਾ ਮੂਲ ਸਮਝਾਇਆ ਸੀ, ਜੋ ਕਰੋੜਾਂ ਸਿੱਖ ਸੰਗਤਾਂ ਨੇ ਕਬੂਲ ਕੀਤਾ ਅਤੇ ਆਪਣੇ ਜੀਵਨ ਪੰਧ ਨੂੰ ਸੁਖਾਵਾਂ ਬਣਾਇਆ।
ਜਿਥੇ ਪ੍ਰਭਸ਼ਰਨਦੀਪ ਸਿੰਘ ਨੇ ਇਨ੍ਹਾਂ ਸਤਿਕਾਰਤ ਵਿਆਖਿਆਕਾਰਾਂ ਦਾ ਅਪਮਾਨ ਕੀਤਾ ਹੈ, ਉਥੇ ਸਿੱਖ ਸੰਗਤ ਜਿਨ੍ਹਾਂ ਨੇ ਇਨ੍ਹਾਂ ਵਿਦਵਾਨਾਂ ਦੀ ਵਿਆਖਿਆ ਨੂੰ ਮੰਨਿਆ ਹੈ, ਉਨ੍ਹਾਂ ਦਾ ਅਪਮਾਨ ਵੀ ਕੀਤਾ ਹੈ। ਇਹੋ ਜਿਹੀ ਟਿੱਪਣੀ ਕਰਮਜੀਤ ਸਿੰਘ ਦੇ ਲੇਖਾਂ ਵਿਚ ਵੀ ਮਿਲਦੀ ਹੈ, ਜਿਥੇ ਉਨ੍ਹਾਂ ਨੇ ਸਿੱਖ ਸੰਗਤ ਨੂੰ ‘ਲਾਈਲੱਗ’, ‘ਗੁਮਰਾਹ’ ਕਹਿ ਕੇ ਲਤਾੜਿਆ ਹੈ। ਇਨ੍ਹਾਂ ‘ਵਿਦਵਾਨਾਂ’ ਦੀ ਬੌਧਿਕ ਸਮਰਥਾ ਦਾ ਅੰਦਾਜ਼ਾ ਪਾਠਕ ਲਾ ਸਕਦੇ ਹਨ।
ਪ੍ਰਭਸ਼ਰਨਦੀਪ ਸਿੰਘ ਦੇ ਲੇਖ ਦਾ ਇਕ ਹੋਰ ਫਿਕਰਾ ਗਹੁ ਲੋਚਦਾ ਹੈ, “ਸਰਕਾਰਾਂ ਜਨਤਕ ਰਾਇ ਆਪਣੇ ਹੱਕ ਵਿਚ ਰੱਖਣ ਲਈ ਲੋਕ-ਮਨ ਨੂੰ ਸਾਮ, ਦਾਮ, ਦੰਡ ਅਤੇ ਭੇਦ ਵਰਗੇ ਅਨੇਕ ਹੀਲਿਆਂ ਨਾਲ ਕਾਬੂ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ।” ਕੀ ਇਹੋ ਕੋਸ਼ਿਸ਼ ਖਾਲਿਸਤਾਨੀ ਵੀਰਾਂ ਨੇ ਨਹੀਂ ਕੀਤੀ? ਕੀ ਉਨ੍ਹਾਂ ਨੇ ਸਹਿਮ, ਭੇਦਭਾਵ, ਦੰਡ ਅਤੇ ਸੋਨੇ ਰੰਗੇ ਭਵਿੱਖ ਦੇ ਸੁਪਨੇ ਦਾਮ ਵਜੋਂ ਨਹੀਂ ਵਰਤਾਏ?
ਗੋਲੀ ਦਾ ਸਹਿਮ, ਨਾਂ ਵਾਦੀ ਸਿੱਖ, ਜਾਤਪਾਤ ਦਾ ਭੇਦ-ਭਾਵ, ਸੰਵਾਦ ਵਿਚੋਂ ਭੱਜ ਕੇ ਜ਼ੋਰ-ਜਬਰ ਦਾ ਪਹਿਰਾ ਆਦਿ ਉਹ ਸਾਰੇ ਗੁਣ ਸਨ, ਜਿਸ ਕਾਰਨ ਖਾਲਿਸਤਾਨ ਦੇ ਰਾਹ ਵਿਚ ਆਮ ਲੋਕਾਂ ਦੀ ਰਾਇ ਅੜਿੱਕਾ ਬਣ ਗਈ।
ਪ੍ਰਭਸ਼ਰਨਦੀਪ ਸਿੰਘ ਦੀ ‘ਬੌਧਿਕ’ ਪੱਧਰ ਦਾ ਮਿਆਰ ਵੀ ਉਨ੍ਹਾਂ ਵਲੋਂ ਕਿਸੇ ਵਿਅਕਤੀ ਨੂੰ ‘ਫਲਾਂ ਸਿੰਘ ਵਰਗੇ’ ਕਹਿਣ ਨਾਲ ਕਾਫੀ ਉਘੜ ਕੇ ਸਾਹਮਣੇ ਆਉਂਦਾ ਹੈ, ਜਿਥੇ ਉਹ ਸ਼ਾਇਸਤਗੀ ਅਤੇ ਇਨਸਾਨੀਅਤ ਦੇ ਰੁਤਬੇ ਤੋਂ ਹੇਠ ਵੱਲ ਤੁਰੇ ਜਾਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਸੋਚ ਦਾ ਇਕ ਹੋਰ ਪਹਿਲੂ ਇਹ ਹੈ ਕਿ ‘ਇਤਿਹਾਸਕ ਫੈਸਲਿਆਂ ਵਿਚ ਆਮ ਲੋਕਾਂ ਦੀ ਰਾਇ ਘੱਟ ਮਾਇਨਾ ਰੱਖਦੀ ਹੈ।’
ਇਹ ਸੂਝਵਾਨ ਅਤੇ ‘ਬੌਧਿਕ’ ਸੱਜਣ ਆਮ ਲੋਕਾਂ ਦੀ ਰਾਇ ਦਾ ਮਖੌਲ ਉਡਾ ਕੇ ਆਪਣੀ ਸੋਚ ਦਾ ਸਹੀ ਤਰਜਮਾ ਕਰਨ ਵਿਚ ਕਾਮਯਾਬ ਹੋ ਗਏ ਹਨ। ਜਿਸ ਕੌਮ, ਦੇਸ਼ ਜਾਂ ਖਿੱਤੇ ਦੇ ਲੋਕਾਂ ਨੂੰ ਅਜਿਹੇ ‘ਬੌਧਿਕ’ ਫਲਸਫੇ ਦੇ ਗਿਆਤਾ ਮਿਲ ਜਾਣ, ਉਨ੍ਹਾਂ ਨੂੰ ਹੋਰ ਕਿਸੇ ਦੁਸ਼ਮਣ ਦੀ ਲੋੜ ਹੋ ਸਕਦੀ ਹੈ?
ਜੇ ਪ੍ਰਭਸ਼ਰਨਦੀਪ ਸਿੰਘ ਨੂੰ ਆਪਣੀ ਸੋਚ ਅਤੇ ਗੁਰਬਾਣੀ ਦੀ ਵਿਆਖਿਆ ‘ਤੇ ਸੱਚੀ-ਮੁੱਚੀ ਭਰੋਸਾ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਰਹਿ ਕੇ ਆਪਣੀ ਸੋਚ ਦਾ ਪ੍ਰਚਾਰ ਕਰਨ ਅਤੇ ਦੇਖ ਲੈਣ, ਕਿੰਨੇ ਕੁ ਸਿੱਖ ਉਨ੍ਹਾਂ ਨੂੰ ਵੋਟ ਪਾਉਂਦੇ ਹਨ! ਬੰਦ ਕਮਰਿਆਂ ਵਿਚ ਬੈਠ ਕੇ ਫਲਸਫੇ ਝਾੜਨ ਅਤੇ ਨੌਜਵਾਨਾਂ ਨੂੰ ਗੁਮਰਾਹ ਕਰਨ ਵਿਚ ਕਿਸੇ ਦਾ ਕੋਈ ਭਲਾ ਨਹੀਂ ਹੈ।
ਇਹ ਕਹਿਣਾ ਵੀ ਬਣਦਾ ਹੈ ਕਿ ਹਰਜੀਤ ਦਿਓਲ ਅਤੇ ਅਮਰਜੀਤ ਸਿਘ ਮੁਲਤਾਨੀ ਦੇ ਉਠਾਏ ਸਵਾਲਾਂ ਦਾ ਕੋਈ ਜਵਾਬ ਨਾ ਦੇ ਕੇ ਅਤੇ ਉਪਰ ਦਿੱਤੇ ਆਪਾ-ਵਿਰੋਧੀ ਵਿਚਾਰ ਰੱਖ ਕੇ ਉਹ ਆਪਣੇ ਜਾਲ ਵਿਚ ਖੁਦ ਹੀ ਫਸ ਗਏ ਹਨ।