ਇੱਕਮਿੱਕਤਾ ਦਾ ਇੱਕਤਾਰਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪਰਦੇਸੀਆਂ ਪ੍ਰਤੀ ਬੇਰੁਖੀ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਸੰਭਾਵੀ ਵੱਡੇ ਆਰਥਕ ਘਾਟੇ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਸੀ, “ਮਨਾਂ ਵਿਚਲੀਆਂ ਤਰੇੜਾਂ ਦਾ ਦਰਦ, ਇਕ ਰਿਸਦਾ ਫੋੜਾ ਹੁੰਦਾ, ਜੋ ਪਲ ਪਲ ਬੀਤੇ ਦੀ ਯਾਦ ਦਿਵਾਉਂਦਾ, ਸਾਹਾਂ ਨੂੰ ਸੰਤਾਪਦਾ ਰਹਿੰਦਾ। ਪਰਦੇਸੀਆਂ ਨੇ ਇਕ ਸੰਤਾਪ ਤਾਂ ਪਰਵਾਸ ਕਰਨ ਲੱਗਿਆਂ ਹੰਢਾਇਆ ਸੀ,

ਪਰ ਹੁਣ ਆਪਣਿਆਂ ਦੀ ਬੇਰੁਖੀ ਦਾ ਸੰਤਾਪ ਤੇ ਸੋਗ, ਸਮਿਆਂ ਨੂੰ ਵੀ ਸੰਤਾਪਣ ਲੱਗ ਪਿਆ ਏ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਇੱਕਮਿੱਕਤਾ ਦਾ ਵਿਖਿਆਨ ਕਰਦਿਆਂ ਕਿਹਾ ਹੈ, “ਇੱਕਮਿੱਕਤਾ ਜੀਵਨ ਦਾ ਉਹ ਰੰਗ, ਜਿਸ ਵਿਚੋਂ ਜੀਵਨ-ਦਾਰਸ਼ਨਿਕਤਾ ਦਾ ਝਲਕਾਰਾ। ਮਨੁੱਖੀ ਹੋਂਦ, ਭਵਿੱਖਮੁਖੀ ਸੋਚ, ਮਨੁੱਖਵਾਦੀ ਦ੍ਰਿਸ਼ਟੀ ਅਤੇ ਮਨੁੱਖ ਹੋਣ ਦਾ ਮਾਣ।” ਉਹ ਕਹਿੰਦੇ ਹਨ, “ਸਾਂਝ ਨੂੰ ਨਿਭਾਉਣ ਵਾਲੇ ਦਰਵੇਸ਼ ਲੋਕ, ਜਿਨ੍ਹਾਂ ਨੇ ਰੂਹਾਨੀ ਦਰਦ ਵਿਚੋਂ ਹੀ ਮਿਲੀ ਸਕੂਨਤਾ ਨੂੰ ਸੰਵੇਦਨਾ ਦਾ ਹਿੱਸਾ ਬਣਾ, ਜੀਵਨ-ਦਾਰਸ਼ਨਿਕਤਾ ਨੂੰ ਨਵੀਂ ਦਿਸ਼ਾ ਦਿਤੀ।…ਇੱਕਮਿੱਕਤਾ ਪਰਿਵਾਰਕ, ਸਮਾਜਕ, ਲੋਕਾਈ ਜਾਂ ਸੰਸਾਰਕ ਪੱਧਰ ‘ਤੇ ਹੁੰਦੀ ਅਤੇ ਇਸ ਵਿਚੋਂ ਹੀ ਬਹੁਤ ਪਹਿਲਕਦਮੀਆਂ ਅਤੇ ਨਿਵੇਕਲੀਆਂ ਪੈੜਾਂ ਦੀ ਸਿਰਜਣਾ ਹੁੰਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਇੱਕਮਿੱਕਤਾ, ਇਕ ਦੂਜੇ ਵਿਚ ਰਮਾਉਣਾ, ਆਪੇ ਨੂੰ ਗਵਾ ਕੇ ਕੁਝ ਪਾਉਣਾ, ਖੁਦ ਵਿਚੋਂ ਦੂਜੇ ਨੂੰ ਪਾਉਣਾ ਅਤੇ ਜ਼ਿੰਦਗੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣਾ।
ਇੱਕਮਿੱਕਤਾ, ਇੱਕਸੁਰਤਾ, ਇੱਕਸਾਰਤਾ, ਇੱਕਰੰਗਤਾ, ਇੱਕਜੁੱਟਤਾ ਅਤੇ ਇਕਾਗਰਤਾ ਦਾ ਸੁੰਦਰ ਸਰੂਪ, ਜਿਸ ਦੇ ਵਜਦ ਵਿਚ ਵੱਜਦਾ ਏ ਇੱਕਤਾਰਾ।
ਇੱਕਮਿੱਕਤਾ ਸਿਰਫ ਸੋਚਾਂ, ਸੁਪਨਿਆਂ ਤੇ ਸੰਭਾਵਨਾਵਾਂ ਦੀ ਸਾਂਝ ਹੀ ਨਹੀਂ ਹੁੰਦੀ, ਇਹ ਤਾਂ ਇਕ ਦੇ ਨੈਣਾਂ ਵਿਚ ਦੂਜੇ ਦਾ ਦੀਦਾਰ, ਇਕ ਦੇ ਬੋਲਾਂ ਵਿਚ ਦੂਜੇ ਦੇ ਵਿਚਾਰ ਅਤੇ ਇਕ ਦੇ ਹਰਫਾਂ ਵਿਚ ਅਪਣੱਤ ਦਾ ਪਸਾਰ ਹੁੰਦਾ।
ਇੱਕਮਿੱਕਤਾ ਜੀਵਨ ਦਾ ਉਹ ਰੰਗ, ਜਿਸ ਵਿਚੋਂ ਜੀਵਨ-ਦਾਰਸ਼ਨਿਕਤਾ ਦਾ ਝਲਕਾਰਾ। ਮਨੁੱਖੀ ਹੋਂਦ, ਭਵਿੱਖਮੁਖੀ ਸੋਚ, ਮਨੁੱਖਵਾਦੀ ਦ੍ਰਿਸ਼ਟੀ ਅਤੇ ਮਨੁੱਖ ਹੋਣ ਦਾ ਮਾਣ।
ਇੱਕਮਿੱਕਤਾ ਹੋਣੀ ਬਹੁਤ ਜਰੂਰੀ, ਕਿਸੇ ਵੀ ਪ੍ਰਾਪਤੀ ਲਈ। ਸੁਪਨਿਆਂ ਨਾਲ ਇਕਸੁਰ ਹੋ ਕੇ ਹੀ ਸੁਪਨ-ਹਾਸਲ ਹੁੰਦਾ। ਕਵਿਤਾ ‘ਚ ਕਵਿਤਾ-ਕਵਿਤਾ ਹੋ ਕੇ ਹੀ ਕਵਿਤਾ ਲਿਖੀ ਜਾ ਸਕਦੀ। ਕਿੱਤੇ ਵਿਚ ਪੂਰਨ ਸਮਰਪਿਤਾ ਅਤੇ ਇੱਕਮਿੱਕਤਾ ਹੀ ਮੁਹਾਰਤ ਬਣਦੀ। ਖੁਦ ਦੀ ਇੱਕਮਿੱਕਤਾ ਜਦ ਦੂਸਰਿਆਂ ਦੀ ਇਕਜੁੱਟਤਾ ਦਾ ਸਾਥ ਮਾਣਦੀ ਤਾਂ ਫਿਰ ਕ੍ਰਿਸ਼ਮਾ ਹੁੰਦਾ। ਯਾਦ ਰੱਖਣਾ! ਕੁਦਰਤ ਕਦੇ ਵੀ ਕ੍ਰਿਸ਼ਮੇ ਨਹੀਂ ਕਰਦੀ। ਮਨੁੱਖੀ ਇੱਕਮਿਕਤਾ ਵਿਚੋਂ ਹੀ ਚਮਤਕਾਰੀ ਵਰਤਾਰਿਆਂ ਦਾ ਜਨਮ ਹੁੰਦਾ।
ਇੱਕਮਿੱਕਤਾ ਪਰਿਵਾਰਕ, ਸਮਾਜਕ, ਲੋਕਾਈ ਜਾਂ ਸੰਸਾਰਕ ਪੱਧਰ ‘ਤੇ ਹੁੰਦੀ ਅਤੇ ਇਸ ਵਿਚੋਂ ਹੀ ਬਹੁਤ ਪਹਿਲਕਦਮੀਆਂ ਅਤੇ ਨਿਵੇਕਲੀਆਂ ਪੈੜਾਂ ਦੀ ਸਿਰਜਣਾ ਹੁੰਦੀ।
ਇੱਕਮਿੱਕਤਾ ਦੇ ਬਹੁਤ ਸਾਰੇ ਰੂਪ ਤੇ ਰੰਗ। ਆਲੇ-ਦੁਆਲੇ ਪਸਰੀ। ਕਈ ਵਾਰ ਦਿਸਦੀ ਅਤੇ ਕਈ ਵਾਰ ਅਦਿੱਖ। ਲੋੜ ਹੈ, ਇਕ ਤੀਸਰੀ ਅੱਖ ਰਾਹੀਂ ਇਸ ਨੂੰ ਦੇਖਣ, ਪਰਖਣ ਅਤੇ ਮਨੁੱਖੀ ਵਿਚਾਰਧਾਰਾ ਨੂੰ ਸੋਚ-ਹਾਣੀ ਬਣਾ ਕੇ ਸਾਰਥਕ ਸੰਭਾਵਨਾਵਾਂ ਨੂੰ ਪੈਦਾ ਕਰਨ ਦੀ।
ਇਕਮਿੱਕਤਾ ਰੂਹ ਦੀ ਸਰੀਰ ਨਾਲ ਹੋਵੇ ਤਾਂ ਮਨੁੱਖ ਹੁੰਦਾ। ਰੂਹ-ਹੀਣ ਲੋਕ ਸਿਰਫ ਰੋਬੋਟ, ਜੋ ਭਾਵਹੀਣ, ਅਹਿਸਾਸ-ਵਿਹੁਣੇ ਅਤੇ ਅੱਥਰੂਆਂ ਦੀ ਭਾਸ਼ਾ ਸਮਝਣ ਤੋਂ ਅਣਜਾਣ।
ਇੱਕਮਿੱਕਤਾ ਨੂੰ ਅੰਤਰੀਵ ਵਿਚ ਵਸਾਉਣ, ਇਸ ‘ਚੋਂ ਖੁਦ ਨੂੰ ਪਰਿਭਾਸ਼ਤ ਕਰਨ ਅਤੇ ਇਸ ਅਨੁਸਾਰ ਜਿਉਣ ਦੀ ਜਾਚ ਆ ਜਾਵੇ ਤਾਂ ਇੱਕਮਿੱਕਤਾ ਨੂੰ ਆਪਣੀ ਸੰਵੇਦਨਾ ਅਤੇ ਸਾਰਥਕਤਾ ਦਾ ਅਹਿਸਾਸ ਹੁੰਦਾ।
ਅੰਬਰ-ਪਸਾਰੇ ਦਾ ਇਕ ਕਣ ਹੈ ਧਰਤੀ ਅਤੇ ਧਰਤ ਹੈ ਅੰਬਰ ਵਿਚ ਸਮਾਈ। ਇਕ ਦੂਜੇ ਵਿਚੋਂ ਹੀ ਇਕ ਦੂਜੇ ਨੂੰ ਹੋਂਦ ਦਾ ਅਹਿਸਾਸ। ਧਰਤ ਤੋਂ ਬਿਨਾ ਅੰਬਰ ਦੇ ਕੋਈ ਅਰਥ ਨਹੀਂ ਅਤੇ ਅੰਬਰ ਨੂੰ ਅੰਬਰ ਵੀ ਧਰਤ-ਵਾਸੀਆਂ ਨੇ ਹੀ ਕਹਿਣਾ।
ਬਚਪਨਾ ਅਤੇ ਜਵਾਨੀ ਇਕ ਦੂਜੇ ਦੇ ਸਾਹੀਂ ਵੱਸਦੇ। ਜਵਾਨੀ, ਬਚਕਾਨੇਪਣ ਨੂੰ ਮਾਣਦੀ ਅਤੇ ਬਚਪਨਾ ਜਵਾਨੀ ਵਿਚ ਪੈਰ ਧਰਨਾ ਲੋਚਦਾ। ਬਚਕਾਨੇ ਵਿਚ ਵੀ ਹੁੰਦਾ ਏ ਸਿਆਣਪਾਂ ਦਾ ਵਾਸ। ਇਹ ਸਿਆਣਪਾਂ ਕਈ ਵਾਰ ਸਿਆਣਿਆਂ ਨੂੰ ਵੀ ਸੋਚੀਂ ਪਾਉਂਦੀਆਂ।
ਬਜੁਰਗ ਦੇ ਅੰਦਰ ਵੱਸਦਾ ਹੈ ਇਕ ਬੱਚਾ ਅਤੇ ਬੱਚੇ ਵੀ ਬਜੁਰਗੀ ਦਾ ਹੀ ਰੂਪ। ਦੋਵੇਂ ਇੱਕਮਿੱਕ, ਇਕੋ ਜਿਹੀਆਂ ਆਦਤਾਂ ਤੇ ਲੋੜਾਂ, ਆਸਰਾ ਲੋੜੀਂਦੇ ਅਤੇ ਕੋਮਲਭਾਵੀ ਸੋਚਾਂ ਨੂੰ ਪ੍ਰਗਟ ਕਰਨ ਤੋਂ ਨਹੀਂ ਹਟਕਦੇ। ਸਫਾਫ, ਬੇਲਾਗ, ਬੇਖੌਫ ਤੇ ਪਾਰਦਰਸ਼ੀ ਗੱਲਾਂ ਅਤੇ ਹਰਕਤਾਂ। ਬੱਚੇ ਵਿਚੋਂ ਬਜੁਰਗ ਅਤੇ ਬਜੁਰਗ ਵਿਚੋਂ ਬੱਚੇ ਨੂੰ ਮਨਫੀ ਕਿੰਜ ਕਰੋਗੇ? ਇੱਕਮਿੱਕਤਾ ਦਾ ਸੁੰਦਰ ਰੂਪ ਹੀ ਏ, ਇਨ੍ਹਾਂ ਦੀ ਸਾਂਝ।
ਮਾਂ ਅਤੇ ਬਾਪ ਜੀਵਨ ਦੇ ਗਾਡੀ ਰਾਹ ਦੇ ਦੋ ਪਹੀਏ। ਇਕ ਦੀ ਅਣਹੋਂਦ ਵਿਚ ਦੂਜਾ ਅਧੂਰਾ। ਇਕ ਦੂਜੇ ਵਿਚ ਪੂਰਨ ਰੂਪ ਵਿਚ ਸਮਾਏ। ਮਾਂ, ਬਾਪ ਵੀ ਹੁੰਦੀ ਅਤੇ ਬਾਪ, ਮਾਂ ਵੀ ਹੁੰਦਾ। ਮਾਨਸਿਕ ਪੱਧਰ ‘ਤੇ ਦੋਵੇਂ ਰੂਪਾਂ ਨੂੰ ਹੰਢਾਉਂਦੇ; ਪਰ ਜਦ ਬਾਪ ਅਣਿਆਈ ਮੌਤੇ ਪਰਿਵਾਰ ਨੂੰ ਛੱਡ ਜਾਂਦਾ ਤਾਂ ਮਾਂ ਸਿਰ ‘ਤੇ ਮੜਾਸਾ ਬੰਨ ਹਲ ਵੀ ਵਾਹੁੰਦੀ, ਬੱਚਿਆਂ ਦੇ ਸਿਰ ਦੀ ਛਾਂ ਅਤੇ ਪਰਿਵਾਰ ਦੀ ਮੁਹਰੈਲ ਵੀ ਬਣਦੀ। ਜਦ ਮਾਂ ਮਰ ਜਾਂਦੀ ਤਾਂ ਬਾਪ ਮਾਂ ਵੀ ਬਣ ਜਾਂਦਾ। ਬੱਚਿਆਂ ਨੂੰ ਮਮਤਾਈ ਮੋਹ ਨਾਲ ਲਬਰੇਜ਼ ਕਰ, ਮਾਂ ਦੀ ਘਾਟ ਪੂਰੀ ਕਰਦਾ। ਮਾਂ ਦੀ ਮੌਤ ਪਿਛੋਂ ਇਸ ਕੋਮਲ ਰੂਪ ਨੂੰ ਮਾਣਦਿਆਂ, ਮੇਰੀ ਕਲਮ ਵਿਚੋਂ ਹਰਫ ਉਗੇ ਸਨ,
ਮਾਂ ਦੀ ਮੌਤ ਤੋਂ ਬਾਅਦ
ਪਹਿਲੀ ਵਾਰ ਪਿੰਡ ਆਇਆਂ ਹਾਂ,
ਘਰ ਦੇ ਸਾਰੇ ਜੀਅ
ਪੀਰ ਦੀ ਦਰਗਾਹ ‘ਤੇ ਗਏ ਹੋਏ ਨੇ।

ਮੈਂ ਘਰ ‘ਚ ਇਕੱਲਾ
ਸਿਮਰਤੀਆਂ ‘ਚ ਗਵਾਚ ਜਾਂਦਾ ਹਾਂ।
‘ਮਾਂ ਦਾ ਉਚੇਚ ਨਾਲ ਪਿੰਡ ਆਉਣ ਲਈ ਕਹਿਣਾ
ਸਵੇਰ ਤੋਂ ਹੀ ਦਰਾਂ ਦੀ ਬਿੜਕ ਲੈਣਾ
ਅਤੇ ਦੇਰ ਨਾਲ ਆਉਣ ‘ਤੇ ਨਿਹੋਰਾ ਦਿੰਦਿਆਂ
ਕਲਾਵੇ ‘ਚ ਲੈ
ਅਸੀਸਾਂ ਦੀ ਝੜੀ ਲਾਉਣਾ’ ਦੀਆਂ ਯਾਦਾਂ
ਮੇਰੀ ਉਦਾਸੀ ਨੂੰ ਹੋਰ ਸੰਘਣਾ ਕਰ
ਅੱਖਾਂ ਨਮ ਕਰ ਜਾਂਦੀਆਂ ਹਨ।

ਪੈਰਾਂ ਦੀ ਬਿੜਕ
ਮੇਰੀ ਨਮ-ਚੁੱਪ ਨੂੰ ਤੋੜਦੀ ਹੈ
ਨੰਗੇ ਪੈਰੀਂ ਘਰ ਵੜਦਾ ਬਾਪ,
ਬੋਝੇ ‘ਚੋਂ ਅੰਬ ਕੱਢ
ਮੈਨੂੰ ਦਿੰਦਿਆਂ ਕਹਿੰਦਾ ਹੈ,
“ਮੈਨੂੰ ਪਤਾ ਸੀ
ਤੂੰ ਆਇਆ ਹੋਵੇਂਗਾ
ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ
ਅੱਜ ਇਕ ਪੱਕਾ ਅੰਬ ਲੱਭਾ ਸੀ
ਲੈ ਫੜ੍ਹ, ਚੂਪ ਲੈ”
ਅਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥ ‘ਚੋਂ ਅੰਬ ਲੈਂਦਿਆਂ
ਸੋਚਦਾ ਹਾਂ…
ਮਾਂ ਦੀ ਮੌਤ ਤੋਂ ਬਾਅਦ
ਬਾਪ, ਮਾਂ ਵੀ ਬਣ ਗਿਆ ਹੈ!!!
ਸ਼ਬਦ ਅਤੇ ਅਰਥ, ਇਕ ਦੂਜੇ ਦੀ ਜਿੰਦ-ਜਾਨ। ਸ਼ਬਦਾਂ ਵਿਚ ਵੱਸਦਾ ਅਰਥ-ਪ੍ਰਵਾਹ ਜਿਸ ਕਰਕੇ ਸ਼ਬਦਾਂ ਨੂੰ ਆਪਣੀ ਅਹਿਮੀਅਤ ਦਾ ਅਹਿਸਾਸ ਹੁੰਦਾ। ਅਰਥ-ਵਿਹੂਣੇ ਸ਼ਬਦ ਕਿਸ ਕੰਮ? ਅਰਥਾਂ ਨੂੰ ਵਿਸਥਾਰ ਦੇਣ ਲਈ ਵੀ ਸ਼ਬਦ ਹੀ ਬਹੁੜਦੇ। ਸ਼ਬਦਾਂ ਵਿਚ ਸਮਾਏ ਅਰਥਾਂ ਦਾ ਇਹ ਕਾਰਵਾਂ ਇਕ ਦੂਜੇ ਵਿਚੋਂ ਪਛਾਣ ਸਿਰਜਦਾ। ਜੀਵਨ-ਦਿਸਹੱਦਿਆਂ ਨੂੰ ਰੌਸ਼ਨ ਕਰ, ਪੰਧ-ਪਗਡੰਡੀਆਂ ਰੁਸ਼ਨਾਉਂਦਾ। ਹਰਫਾਂ ਵਿਚ ਵੱਸਦੀਆਂ ਨੇ ਕਿਤਾਬਾਂ ਅਤੇ ਕਿਤਾਬਾਂ ‘ਚੋ ਉਗਦੀ ਏ ਹਰਫਾਂ ਦੀ ਫਸਲ। ਕਿਤਾਬਾਂ ਅਤੇ ਹਰਫਾਂ ਦੀ ਅਨੂਠੀ ਸਾਂਝ ਰੂਹ-ਰੇਜ਼ਤਾ ਨੂੰ ਲਬਰੇਜ਼ ਕਰਦੀ। ਸ਼ਬਦ-ਜੋਤ ਜਦ ਮਸਤਕ ਵਿਚ ਜਗਦੀ ਤਾਂ ਬੰਦਾ ਚਾਨਣ ਦਾ ਵਣਜਾਰਾ ਹੁੰਦਾ।
ਮੱਸਿਆ ਅਤੇ ਪੁੰਨਿਆਂ ਇਕ ਦੂਜੇ ਵਿਚ ਸਮਾਈਆਂ। ਮੱਸਿਆ ਪਿਛੋਂ ਹੌਲੀ ਹੌਲੀ ਪੁੰਨਿਆਂ ਦੀ ਆਮਦ ਅਤੇ ਫਿਰ ਪੁੰਨਿਆਂ ਵਿਚੋਂ ਹੀ ਮੱਸਿਆ ਦਾ ਜਨਮ। ਇਨ੍ਹਾਂ ਦੁਆਲੇ ਹੀ ਘੁੰਮਦਾ ਏ ਚੰਦਰਮਾ ਦਾ ਵਜੂਦ। ਕਦੇ ਚਾਨਣੀ ਭਰੀਆਂ ਰਾਤਾਂ ਵਰਗਾ ਜੀਵਨ, ਕਦੇ ਮੱਸਿਆਂ ਦੀ ਰਾਤ ਵਰਗਾ ਹਨੇਰ ਢੋਂਦਾ ਜੀਵਨ।
ਪੱਤਝੜ ਵਿਚੋਂ ਬਾਹਰ ਦਸਤਕ ਦਿੰਦੀ ਅਤੇ ਬਹਾਰ, ਹੌਲੀ ਹੌਲੀ ਪੱਤਝੜ ਨੂੰ ਗਲਵੱਕੜੀ ਪਾਉਣ ਨੂੰ ਕਾਹਲੀ। ਬਹਾਰ ਅਤੇ ਪੱਤਝੜ ਦੀ ਸਾਂਝ, ਜੀਵਨ ਦੇ ਦੋ ਰੂਪ। ਦੋ ਰੰਗਾਂ ਦੀ ਦਾਸਤਾਨ। ਇਕ ਵਿਚੋਂ ਦੂਜੇ ਦਾ ਉਗਮਣਾ। ਪੱਤਝੜ ਦੀ ਹਿੱਕ ਵਿਚ ਗੁਣਗਣਾਉਂਦੀ ਏ ਬਹਾਰ। ਬਹਾਰ ਨਾਲੋਂ ਪੱਤੜਝ ਨੂੰ ਵੱਖ ਕਿਵੇਂ ਕਰੋਗੇ?
ਦੁੱਖ ਅਤੇ ਸੁੱਖ ਜੀਵਨ ਦੀਆਂ ਦੋ ਧਾਰਾਵਾਂ। ਦੁੱਖਾਂ ਨੂੰ ਘਟਾਉਣ/ਮਿਟਾਉਣ ਵਿਚੋਂ ਹੀ ਸੁੱਖਾਂ ਦਾ ਨਿਉਂਦਾ ਅਤੇ ਸੁੱਖ-ਸਹੂਲਤਾਂ ਹੀ ਦੁੱਖਾਂ ਦਾ ਪੈਗਾਮ। ਦੋਹਾਂ ਨੂੰ ਸਮ-ਕਰ ਜਾਣਨ ਵਾਲੇ ਲੋਕਾਂ ਲਈ ਸੁੱਖ ਤੇ ਦੁੱਖ ਵਿਚ ਨਹੀਂ ਕੋਈ ਅੰਤਰ। ਸਗੋਂ ਉਹ ਦੁੱਖ ਵਿਚ ਸੁੱਖ ਅਤੇ ਸੁੱਖ ਵਿਚ ਦੁੱਖ ਦੇ ਅਹਿਸਾਸ ਨੂੰ ਜੀਵਨ ਦਾ ਰੰਗ-ਢੰਗ ਬਣਾ ਲੈਂਦੇ। ਇਨ੍ਹਾਂ ਦੀ ਆੜੀ ਵਿਚੋਂ ਹੀ ਜ਼ਿੰਦਗੀ ਨੂੰ ਜਿਉਣਾ ਕਹਿੰਦੇ।
ਅਕ੍ਰਿਤਘਣਤਾ ਅਤੇ ਸ਼ੁਕਰਗੁਜ਼ਾਰੀ ਦੀ ਪੀਢੀ ਸਾਂਝ। ਮਨੁੱਖੀ ਜ਼ਹਿਨੀਅਤ ਵਿਚਲਾ ਫਾਸਲਾ। ਨਾਲ ਨਾਲ ਚੱਲਦੇ। ਇਕ ਵਿਚੋਂ ਹੀ ਦੂਜੇ ਦੀ ਹੋਂਦ ਦਿਖਾਈ ਦਿੰਦੀ। ਜਦ ਕੋਈ ਸ਼ੁਕਰਗੁਜਾਰ ਨਹੀਂ ਹੁੰਦਾ ਤਾਂ ਉਹ ਅਕ੍ਰਿਤਘਣ ਹੁੰਦਾ। ਅਕ੍ਰਿਤਘਣ ਲੋਕਾਂ ਵਿਚੋਂ ਸ਼ੁਕਰਗੁਜਾਰੀ ਨੂੰ ਕਿਆਸਿਆ ਨਹੀਂ ਜਾ ਸਕਦਾ। ਸ਼ੁਕਰਗੁਜ਼ਾਰੀ ਨੂੰ ਜੀਵਨ ਦਾ ਸੂਤਰਧਾਰ ਬਣਾਉਣ ਵਾਲੇ ਲੋਕ ਹੀ ਜੀਵਨ ਦਾ ਹਾਸਲ ਹੁੰਦੇ।
ਦਿਨ ਢਲਦਿਆਂ ਹੀ ਪੈ ਜਾਂਦੀ ਰਾਤ ਅਤੇ ਫਿਰ ਹੌਲੇ ਹੌਲੇ ਖਿਸਕਦੀ ਰਾਤ ਵਿਚੋਂ ਹੀ ਦਿਨ ਦਾ ਉਜਾਲਾ ਪ੍ਰਗਟਦਾ। ਇਹ ਨਿਰੰਤਰ ਵਰਤਾਰਾ ਜੀਵਨ ਦਾ ਸੁਹਜ ਅਤੇ ਸਹਿਜ। ਧੁੱਪ ਵਿਚ ਛਹਿ ਜਾਂਦੀ ਏ ਛਾਂ ਅਤੇ ਛਾਂ ਵਿਚ ਕਈ ਵਾਰ ਧੁੱਪ ਜਿਹਾ ਸੇਕ ਪਿੰਡਿਆਂ ਨੂੰ ਲੂਹਣ ਲੱਗਦਾ। ਧੁੱਪਾਂ-ਛਾਂਵਾਂ ਸਿਰਜ ਜਾਂਦੀਆਂ ਨੇ ਜੀਵਨ-ਤਿੱਤਰਖੰਭੀਆਂ। ਡੱਬ-ਖੜੱਬੀ ਛਾਂ ਵਿਚੋਂ ਹੀ ਉਨ੍ਹਾਂ ਪੈਂਡਿਆਂ ਦਾ ਆਭਾਸ ਹੁੰਦਾ, ਜੋ ਕਰਨੇ ਬਾਕੀ ਹੁੰਦੇ। ਅਸੀਂ ਆਪਣੇ ਪੈਰਾਂ ਦੇ ਨਾਮ ਉਨ੍ਹਾਂ ਰਾਹਾਂ ਨੂੰ ਕਰਦੇ, ਜਿਨ੍ਹਾਂ ਨੇ ਮੰਜ਼ਿਲਾਂ ਨੂੰ ਮਿੱਥਣਾ ਅਤੇ ਮਿਣਨਾ ਹੁੰਦਾ। ਦਿਨ-ਰਾਤ ਅਤੇ ਧੁੱਪ-ਛਾਂ ਦੀ ਇੱਕਮਿੱਕਤਾ ਜੀਵਨ ਵਿਚ ਅਜਿਹੀ ਰਚ-ਮਿਚ ਗਈ ਏ ਕਿ ਦੋਹਾਂ ਤੋਂ ਬਿਨਾ ਜੀਵਨ-ਅਸੰਭਵ।
ਕਿਸੇ ਹੋਂਦ ਦਾ ਹੀ ਪ੍ਰਛਾਂਵਾਂ ਹੁੰਦਾ ਅਤੇ ਪ੍ਰਛਾਂਵੇਂ ‘ਚੋਂ ਹੀ ਕਿਸੇ ਦੀ ਹੋਂਦ ਤੇ ਨਕਸ਼ਾਂ ਨੂੰ ਪਛਾਣਿਆ ਜਾ ਸਕਦਾ। ਲੰਮੇਰੀ ਜਾਂ ਸੁੰਗੜੇ ਪ੍ਰਛਾਂਵਿਆਂ ਜਿਹੇ ਲੋਕ ਹੀ ਹੁੰਦੇ, ਜਿਨ੍ਹਾਂ ਨੇ ਜੀਵਨ ਨੂੰ ਬੁਲੰਦੀਆਂ ਬਖਸ਼ੀਆਂ ਹੁੰਦੀਆਂ। ਜਦ ਪ੍ਰਛਾਂਵੇਂ ਲੰਮੇ ਹੋਣ ਲੱਗਦੇ ਤਾਂ ਧੁੱਪਾਂ ਜਿਹੇ ਲੋਕ ਵੀ ਅਣਗੌਲੇ ਹੋ ਜਾਂਦੇ। ਪ੍ਰਛਾਂਵੇਂ ਤੇ ਹੋਂਦ ਦਾ ਬਹੁਤ ਗੂੜ੍ਹਾ ਸਬੰਧ। ਇਕ ਦੂਜੇ ਵਿਚੋਂ ਹੀ ਇਕ ਦੂਜੇ ਦੀ ਹੋਂਦ ਤੇ ਹਾਸਲ।
ਦਿਲ ਵਿਚੋਂ ਧੜਕਣ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ? ਧੜਕਣ ਹੈ ਤਾਂ ਦਿਲ ਹੈ, ਵਰਨਾ ਦਿਲ ਅਤੇ ਮਨੁੱਖ ਦੇ ਕੀ ਅਰਥ? ਆਪਣਿਆਂ ਨੂੰ ਮਿਲ ਕੇ ਦਿਲ ਵਿਚ ਪੈਦਾ ਹੋਈ ਧੜਕਣ ਵਿਚੋਂ ਹੀ ਪੈਦਾ ਹੋਏ ਅਹਿਸਾਸਾਂ ਨੂੰ ਰਾਹਤ ਅਤੇ ਰੂਹਾਨੀਅਤ ਮਿਲਦੀ।
ਦਰਦ ਵਿਚ ਹੀ ਸਕੂਨ ਹੁੰਦਾ, ਜਦ ਕੋਈ ਆਪਣਾ ਦਰਦ ਦਿੰਦਾ। ਸਕੂਨ ਵਿਚੋਂ ਫਿਰ ਦਰਦ ਦਾ ਦਰਿਆ ਭਰ ਵੱਗਦਾ, ਜਦ ਸਕੂਨ ਦੀ ਹਿੱਕ ਵਿਚ ਕੋਈ ਸੂਲ ਖੋਭਦਾ। ਦਰਦ ਅਤੇ ਸਕੂਨ ਦਾ ਕੇਹਾ ਰਿਸ਼ਤਾ ਕਿ ਕਈ ਵਾਰ ਇਹ ਰਿਸ਼ਤਾ ਸਿਰਜਦਿਆਂ ਹੀ ਬੰਦਾ ਅਉਧ ਵਿਹਾਜ ਜਾਂਦਾ। ਇਸ ਸਾਂਝ ਨੂੰ ਨਿਭਾਉਣ ਵਾਲੇ ਦਰਵੇਸ਼ ਲੋਕ, ਜਿਨ੍ਹਾਂ ਨੇ ਰੂਹਾਨੀ ਦਰਦ ਵਿਚੋਂ ਹੀ ਮਿਲੀ ਸਕੂਨਤਾ ਨੂੰ ਸੰਵੇਦਨਾ ਦਾ ਹਿੱਸਾ ਬਣਾ, ਜੀਵਨ-ਦਾਰਸ਼ਨਿਕਤਾ ਨੂੰ ਨਵੀਂ ਦਿਸ਼ਾ ਦਿਤੀ।
ਸੋਚ ਅਤੇ ਸੰਵੇਨਦਾ ਦਾ ਗੂੜ੍ਹਾ ਰਿਸ਼ਤਾ, ਕਿਉਂਕਿ ਸੋਚ ਵਿਚੋਂ ਹੀ ਸੰਵੇਦਨਾ ਪੈਦਾ ਹੁੰਦੀ। ਸੰਵੇਦਨਾ ਕਾਰਨ ਹੀ ਸੋਚ-ਸਰਵਰ ਵਿਚ ਹਲਚਲ ਹੁੰਦੀ। ਸੰਵੇਦਨਾ ਹੀ ਸੇਧ, ਸੰਦੇਸ਼ ਅਤੇ ਸੂਝ-ਸਰਗਮ ਬਣ ਕੇ ਜ਼ਿੰਦਗੀ ਦਾ ਮੁੱਖ ਨਿਖਾਰਦੀ। ਸੋਚ ਵਿਚੋਂ ਸਮਿਆਂ ਦੇ ਨਕਸ਼ ਜਨਮ ਲੈਂਦੇ ਅਤੇ ਇਨ੍ਹਾਂ ਵਿਚੋਂ ਨਵੀਆਂ ਸੋਚਾਂ ਪੈਦਾ ਹੁੰਦੀਆਂ। ਬਹੁਤ ਕਰੀਬੀ ਹੈ ਇਹ ਸਾਂਝੀਵਾਲਤਾ।
ਫਿਕਰ ਅਤੇ ਫਿਕਰਮੰਦੀ, ਇਕ ਦੂਜੇ ਦੇ ਸਾਹ। ਇਕ ਚੀਸ ਤੇ ਦੂਜੀ ਹਾਅ। ਇਕ ਦਰਦ ਤੇ ਦੂਜਾ ਦਵਾ। ਇਕ ਭਟਕਣ ਅਤੇ ਦੂਜੀ ਟਿਕਾਅ। ਇਕ ਹਉਕਾ ਅਤੇ ਦੂਜਾ ਹੂੰਗਰ। ਇਕ ਹੀ ਧਰਾਤਲ ਵਿਚੋਂ ਪੈਦਾ ਹੋਈਆਂ, ਇਕ ਦੂਜੇ ਦੇ ਫਿਕਰ ਵਿਚ ਹੀ ਜਿਉਂਦੀਆਂ।
ਚਿੰਤਾ ਵਿਚੋਂ ਪਨਪਦੀ ਚੇਤਨਾ ਅਤੇ ਚਿੰਤਾਵਾਨ ਮਨੁੱਖ ਹੀ ਚਿੰਤਕ ਹੁੰਦਾ। ਜਦ ਕੋਈ ਚਿੰਤਾ ਤੋਂ ਚਿੰਤਨ ਤੀਕ ਦਾ ਸਫਰਨਾਮਾ ਬਣਦਾ ਤਾਂ ਬਹੁਤ ਕੁਝ ਅਵਚੇਤਨ ਵਿਚ ਪੈਦਾ ਹੁੰਦਾ, ਜੋ ਚੇਤਨ ਰੂਪ ਵਿਚ ਸਮਾਜ ਲਈ ਨਵੀਂ ਸੇਧ ਅਤੇ ਸੰਭਾਵਨਾ ਦਾ ਸੂਰਜੀ ਆਗਾਜ਼ ਹੁੰਦਾ।
ਗਮ ਕਾਰਨ ਹੀ ਗਮੀਆਂ ਦੇ ਰੂਬਰੂ ਹੋਣਾ ਪੈਂਦਾ ਅਤੇ ਗਮਗੀਨ ਵਕਤ ਹੀ ਗਮ ਲਈ ਜਰਖੇਜ਼ ਧਰਾਤਲ। ਲੋੜ ਹੈ, ਗਮ ਅਤੇ ਗਮਗੀਨ ਵਕਤਾਂ ਦੀ ਸਾਂਝ ਨੂੰ ਤੋੜ, ਗਮ ਵਿਚੋਂ ਹੀ ਗਹਿਰ-ਗੰਭੀਰਤਾ ਅਤੇ ਗਹਿਰੀ ਵਿਸ਼ਲੇਸ਼ਣ ਨੂੰ ਜੀਵਨ-ਮੰਤਰ ਬਣਾਈਏ ਤਾਂ ਗਮ ਵਿਚ ਖੁਰ ਰਹੀ ਮਨੁੱਖੀ ਹੋਂਦ ਨੂੰ ਕਿਨਾਰੇ ਲੱਗਣ ਅਤੇ ਜੀਵਨ ਨੂੰ ਨਵੇਂ ਸਿਰਿਉਂ ਵਿਉਂਤਣ ਦਾ ਵਰ ਮਿਲੇਗਾ।
ਬੋਲ ਅਤੇ ਚੁੱਪ ਦੀ ਗੂੜ੍ਹੀ ਆੜੀ। ਬੋਲ ਹੀ ਕਈ ਵਾਰ ਚੁੱਪ ਪੈਦਾ ਕਰਦੇ, ਪਰ ਚੁੱਪ ਵਿਚੋਂ ਪੈਦਾ ਹੋਏ ਬੋਲਾਂ ਨੂੰ ਸੁਣਨਾ ਬਹੁਤ ਔਖਾ ਹੁੰਦਾ, ਕਿਉਂਕਿ ਚੁੱਪ ਜਦ ਚੀਖ ਬਣਦੀ, ਚਿੰਘਾੜਦੀ ਅਤੇ ਲਲਕਾਰ ਬਣਦੀ ਤਾਂ ਬੋਲ-ਬਹਾਦਰੀ ਦਾ ਬਾਣਾ ਪਾ, ਬੋਲਾਂ ਨੂੰ ਨਵੀਆਂ ਬੁਲੰਦੀਆਂ ਦਾ ਮਾਣ ਬਖਸ਼ਦੀ। ਬੋਲਣ ਲਈ ਚੁੱਪ ਰਹਿਣਾ ਵੀ ਜਰੂਰੀ ਅਤੇ ਚੁੱਪ ਨੂੰ ਮਾਣਨ ਲਈ ਕਈ ਵਾਰ ਬੋਲਣਾ ਵੀ ਜਰੂਰੀ। ਚੁੱਪ ਦੇ ਬੁੱਲਾਂ ‘ਤੇ ਬੋਲ ਸਿੱਕਰੀ ਨਾ ਬਣਨ, ਕਿਉਂਕਿ ਬਹੁਤ ਔਖਾ ਹੁੰਦਾ ਏ ਅਜਿਹੀ ਚੁੱਪ ਨੂੰ ਬੋਲ ਅਰਪਣੇ।
ਅੰਧੇਰ ਅਤੇ ਚਾਨਣ, ਇਕ ਦੂਜੇ ਨਾਲ ਅੰਤਰੀਵ ਤੀਕ ਜੁੜੇ। ਹਨੇਰੇ ਵਕਤਾਂ ਵਿਚ ਬੰਦੇ ਨੂੰ ਚਾਨਣ-ਝੀਤ ਦੀ ਆਸ ਹੁੰਦੀ ਅਤੇ ਚਾਨਣ ਦੇ ਚੋਰ ਉਜਲੇ ਸਮਿਆਂ ਨੂੰ ਅੰਧੇਰ ਨਗਰੀ ਬਣਾਉਣ ਲਈ ਕਾਹਲੇ ਹੁੰਦੇ; ਪਰ ਕਹਿਰ ਭਰੇ ਵਕਤਾਂ ਵਿਚ ਜੁਗਨੂੰ ਵੀ ਚਾਨਣ ਦੀ ਕਾਤਰ ਵੰਡਣ ਲਈ ਹਨੇਰੇ ਨਾਲ ਆਢਾ ਲਾਉਣ ਤੋਂ ਗੁਰੇਜ਼ ਨਹੀਂ ਕਰਦਾ। ਚਾਨਣ-ਝੀਤ ਹੀ ਕਾਫੀ ਹੁੰਦੀ ਏ, ਹਨੇਰ ਢੋ ਰਹੇ ਬਦਨਸੀਬਾਂ ਲਈ, ਕਿਉਂਕਿ ਇਸ ਝੀਤ ਨਾਲ ਹੀ ਕਿਸਮਤ ਰੇਖਾਵਾਂ ਦੀ ਸਿਰਜਣਾ ਹੁੰਦੀ। ਚਾਨਣ ਵਿਚ ਛੁਪਿਆ ਹੁੰਦਾ ਏ ਹਨੇਰ।
ਅੱਖ ਅਤੇ ਅੱਖਾਂ ਵਿਚ ਤੈਰਦੇ ਸੁਪਨੇ, ਸੁਪਨਸਾਜ਼ੀ ਵਿਚ ਰੰਗੇ। ਇਕ ਦੂਜੇ ਦੀ ਸਾਹ-ਰਗ। ਸੁਪਨਿਆਂ ਦੀ ਅੱਖ ਜਦ ਸਿੰਮਦੀ ਤਾਂ ਗਾਲ ਦਿੰਦੇ ਦੀਦੇ ਅਤੇ ਸੁਪਨਿਆਂ ਦਾ ਗੁੰਗਾ ਦਰਦ ਘਰਾਲਾਂ ਬਣ ਕੇ ਮੁਖੜੇ ਨੂੰ ਬੇਰੰਗ ਬਣਾ ਦਿੰਦਾ। ਸੁਪਨਾ ਤਿੜਕਣ ‘ਤੇ ਅੱਖ ਵਿਚ ਉਤਰੀ ਲਾਲੀ ਗਹਿਰੇ ਤੁਫਾਨਾਂ ਦਾ ਸੰਕੇਤ ਹੁੰਦੀ ਅਤੇ ਇਸ ਵਿਚੋਂ ਹੀ ਨੈਣਾਂ ਨੂੰ ਨਵੀਂ ਸੁਪਨ ਉਡਾਣ ਮਿਲਦੀ।
ਸ਼ਬਦ ਅਤੇ ਧੁਨੀ ਦਾ ਪਰਸਪਰ ਸਬੰਧ ਬਹੁਤ ਹੀ ਸੁਖਾਵਾਂ। ਸ਼ਬਦ ਵਿਚੋਂ ਹੀ ਧੁਨੀ ਪੈਦਾ ਹੁੰਦੀ। ਜਦ ਸ਼ਬਦ ਖਾਮੋਸ਼ ਹੋ ਜਾਂਦੇ ਤਾਂ ਆਲੇ-ਦੁਆਲੇ ਪਸਰ ਜਾਂਦੀ ਸੁੰਨਤਾ। ਇਸ ਸੁੰਨ-ਸਮਾਧੀ ਵਿਚ ਸਭ ਤੋਂ ਪਹਿਲਾਂ ਬੰਦਾ ਖੁਦ ਨੂੰ ਤਲਾਸ਼ਦਾ। ਇਹ ਤਲਾਸ਼ ਦਾ ਅਰੰਭ ਹੀ ਸ਼ਬਦ ਅਤੇ ਧੁਨੀ ਨੂੰ ਨਵਾਂ ਵਿਸਥਾਰ ਦੇਣ ਦਾ ਸਬੱਬ ਬਣਦਾ।
ਹਾਸੇ ਤੇ ਹੌਕੇ ਜੁੜਵੇਂ ਭਾਈ। ਹਾਸਿਆਂ ਵਿਚ ਵੱਸਦੇ ਹੌਕੇ ਅਤੇ ਹੌਕਿਆਂ ਨੂੰ ਮਿਲਦਾ ਹੱਸਣ ਦਾ ਵਰਦਾਨ। ਬਹੁਤ ਹੀ ਕਠਿਨ ਹੁੰਦਾ ਏ, ਰੋਂਦੇ ਰੋਂਦੇ ਹੱਸਣਾ ਅਤੇ ਹੱਸਦੇ ਹੱਸਦੇ ਰੋਣਾ। ਅਜਿਹਾ ਕਰਦਿਆਂ ਬਹੁਤ ਕੁਝ ਮਨ-ਤਹਿਆਂ ਵਿਚ ਛੁਪਾਉਣਾ ਪੈਂਦਾ।
ਇੱਕਮਿਕਤਾ ਏ ਇਕਰੰਗਤਾ। ਇਸ ਦੀ ਬਹੁ-ਰੂਪਤਾ ਨੂੰ ਅਧਿਆਤਮਕ ਅਤੇ ਸੰਸਾਰਕ ਪੱਖ ਤੋਂ ਵਿਚਾਰਿਆਂ ਗੁਰਬਾਣੀ ਦਾ ਖੂਬਸੂਰਤ ਫੁਰਮਾਨ ਏ,
ਰਾਮਕਲੀ ਮਹਲਾ ੧॥
ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ
ਕਵਣੁ ਬੁਝੈ ਬਿਧਿ ਜਾਣੈ॥

ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ
ਉਸਨ ਸੀਤ ਬਿਧਿ ਸੋਈ॥

ਪੁਰਖਿ ਮਹਿ ਨਾਰਿ ਨਾਰਿ ਮਹਿ
ਪੁਰਖਾ ਬੁਝਹੁ ਬ੍ਰਹਮ ਗਿਆਨੀ॥
ਧੁਨਿ ਮਹਿ ਧਿਆਨੁ ਧਿਆਨੁ ਮਹਿ ਜਾਨਿਆ
ਗੁਰਮੁਖਿ ਅਕੱਥ ਕਹਾਨੀ॥
ਮਨ ਮਹਿ ਜੋਤਿ ਜੋਤਿ ਮਹਿ ਮਨੂਆ
ਪੰਚ ਮਿਲੇ ਗੁਰ ਭਾਈ॥
ਨਾਨਕ ਤਿਨ ਕੈ ਸਦ ਬਲਿਹਾਰੀ
ਜਿਨ ਏਕ ਸਬਦਿ ਲਿਵ ਲਾਈ॥ (ਗੁਰੂ ਨਾਨਕ ਦੇਵ ਜੀ)
ਨੇੜਤਾ ਅਤੇ ਦੂਰੀ ਅਜਿਹੇ ਸ਼ਬਦ, ਜੋ ਮਹੀਨ ਸਮਝਾਂ ਅਤੇ ਮਨੋਬਿਰਤੀਆਂ ਦਾ ਸ਼ੀਸ਼ਾ। ਕਈ ਵਾਰ ਬਹੁਤ ਨੇੜੇ ਹੁੰਦਿਆਂ ਵੀ ਅਸੀਂ ਬਹੁਤ ਦੂਰ ਹੁੰਦੇ, ਪਰ ਕਈ ਵਾਰ ਦੂਰ ਹੁੰਦਿਆਂ ਵੀ ਬਹੁਤ ਕਰੀਬ ਹੁੰਦੇ। ਦੂਰ ਜਾਂ ਨੇੜਤਾ ਸਰੀਰਕ ਨਾਲੋਂ ਮਾਨਸਿਕਤਾ ਵਿਚ ਫੈਲ ਜਾਵੇ ਤਾਂ ਅਰਥਾਂ ਨੂੰ ਵਿਸ਼ਾਲਤਾ ਮਿਲਦੀ। ਯਾਦ ਰਹੇ, ਮਾਨਸਿਕ ਨੇੜਤਾ ਕਦੇ ਵੀ ਸਰੀਰਕ ਦੂਰੀਆਂ ਦੀ ਮੁਥਾਜ਼ ਨਹੀਂ ਹੁੰਦੀ। ਸਰੀਰਕ ਦੂਰੀਆਂ ਤਾਂ ਹੋਣ, ਪਰ ਕਦੇ ਵੀ ਮਾਨਸਿਕ ਦੂਰੀਆਂ ਨਾ ਪੈਦਾ ਕਰਿਓ, ਕਿਉਂਕਿ ਸਰੀਰਕ ਦੂਰੀਆਂ ਤੈਅ ਕਰਨੀਆਂ ਆਸਾਨ, ਪਰ ਮਾਨਸਿਕ ਤਰੇੜਾਂ ਦੀ ਭਰਪਾਈ ਸੌਖੀ ਨਹੀਂ ਹੁੰਦੀ ਅਤੇ ਤਰੇੜਾਂ ਦੇ ਨਿਸ਼ਾਨ ਹਮੇਸ਼ਾ ਰਹਿ ਹੀ ਜਾਂਦੇ।
ਆਪਣੇ ਜਦ ਬੇਗਾਨਗੀ ਦਾ ਅਹਿਸਾਸ ਕਰਵਾਉਂਦੇ ਅਤੇ ਬਿਗਾਨੇ ਆਪਣਿਆਂ ਨਾਲੋਂ ਜ਼ਿਆਦਾ ਅਪਣੱਤ ਜਤਾਉਂਦੇ ਤਾਂ ਆਪਣੇਪਣ ਵਿਚ ਛੁਪੀ ਹੋਈ ਬੇਗਾਨਗੀ ਅਤੇ ਬੇਗਾਨੇਪਣ ਵਿਚ ਰਮਿਆ ਆਪਣਾਪਣ, ਜੀਵਨੀ ਸੱਚ ਨੂੰ ਉਜਾਗਰ ਕਰਦਾ, ਜਿਸ ਤੋਂ ਅਸੀਂ ਬੇਲਗਾਮ ਹੋਣ ਦਾ ਭਰਮ ਪਾਲਦੇ। ਟੁੱਟ ਰਹੇ ਰਿਸ਼ਤੇ, ਤਿੜਕ ਰਹੇ ਸਬੰਧ ਤੇ ਵੱਧ ਰਹੀਆਂ ਦੂਰੀਆਂ ਤਾਂ ਆਪਣੇਪਣ ਅਤੇ ਬੇਗਾਨੇਪਣ ਦੀਆਂ ਗੁੰਝਲਾਂ ਵਿਚ ਹੀ ਗਵਾਚ ਗਏ ਨੇ।
ਰੰਗ ਅਤੇ ਰੋਸ਼ਨੀ ਆਪਸ ਵਿਚ ਇਕਮਿੱਕ। ਆਮ ਅੱਖ ਨਾਲ ਰੋਸ਼ਨੀ ਵਿਚੋਂ ਰੰਗਾਂ ਨੂੰ ਕਿੰਜ ਨਿਹਾਰੋਗੇ? ਕਦੇ ਅੰਬਰ ਵਿਚ ਪਈ ਸੱਤਰੰਘੀ ਨੂੰ ਦੇਖਣਾ, ਤੁਹਾਨੂੰ ਰੋਸ਼ਨੀ ਵਿਚ ਰਚੇ ਹੋਏ ਸੱਤ ਰੰਗਾਂ ਦੀ ਆਭਾ ਨਜ਼ਰ ਆਵੇਗੀ। ਸੱਤਰੰਗੀ ਅਚੇਤ ਰੂਪ ਵਿਚ ਇਹ ਸੁਨੇਹਾ ਦਿੰਦੀ ਕਿ ਰੋਸ਼ਨੀ ਜਿਹਾ ਸ਼ਖਸੀ ਬਿੰਬ ਬਣਾਉਣ ਵੰਨੀਂ ਕਦਮ ਉਠਾਉਣਾ, ਵਿਅਕਤੀਤਵ ਵਿਚਲੀ ਸੱਤਰੰਗੀ ਖੁਦ-ਬ-ਖੁਦ ਪ੍ਰਗਟ ਹੋ ਕੇ ਜੀਵਨ-ਅੰਬਰ ਨੂੰ ਰੰਗੀਨ ਅਤੇ ਸੁੰਦਰ ਬਣਾਵੇਗੀ। ਇਹ ਪੀਂਘ ਮਾਨਸਿਕ ਹੁਲਾਰ ਦੀ ਤਮੰਨਾ ਜਰੂਰ ਪੈਦਾ ਕਰੇਗੀ।
ਸਮਝ ਅਤੇ ਬੇਸਮਝੀ ਨਾਲੋ-ਨਾਲ ਚੱਲਦੇ। ਕਿਸੇ ਦੀ ਬੇਸਮਝੀ ਵਿਚੋਂ ਹੀ ਗਲਤਫਹਿਮੀਆਂ ਪੈਦਾ ਹੁੰਦੀਆਂ। ਇਨ੍ਹਾਂ ਨੂੰ ਦੂਰ ਕਰਨ ਲਈ ਸਮਝ ਦਾ ਪੱਲਾ ਜਰੂਰੀ। ਕੁਝ ਲੋਕ ਖੁਦ ਨੂੰ ਇੰਨਾ ਸਮਝਦਾਰ ਬਣਾ ਬਹਿੰਦੇ ਕਿ ਖੁਦ ਹੀ ਬੇਸਮਝੀ ਦਾ ਬਿੰਬ ਬਣ ਜਾਂਦੇ। ਸਮਝਦਾਰ ਤਾਂ ਹੋਵੋ, ਪਰ ਆਪਣੀ ਸਮਝ ਨੂੰ ਹਉਮੈ ਨਾ ਬਣਾਓ, ਸਗੋਂ ਸਲੀਮੀ ਬਣਾਓ। ਸਮਝ ਤੁਹਾਡੇ ਦਰ ਦੀ ਬਾਂਦੀ ਬਣੇਗੀ।
ਇੱਕਮਿੱਕਤਾ ਹੋਣੀ ਚਾਹੀਦੀ ਏ ਜਿਵੇਂ
ਫੁੱਲ ਤੇ ਮਹਿਕ,
ਚਾਅ ਤੇ ਚਹਿਕ,
ਸਮਾਂ ਤੇ ਸਹਿਕ
ਅਤੇ ਟੌਹਰ ਤੇ ਟਹਿਕ ਦੀ।
ਜਿਵੇਂ, ਤਾਰੇ ਤੇ ਲੋਅ,
ਸੱਜਣ ਤੇ ਸੋਅ,
ਖਾਮੋਸ਼ੀ ਤੇ ਖੋਹ
ਅਤੇ ਜਸ਼ਨ ਤੇ ਜਲੌਅ ਦੀ।
ਜਿਵੇਂ, ਅਦਬ ਤੇ ਆਦਾਬ,
ਆਸਥਾ ਤੇ ਆਜ਼ਾਬ,
ਖਿਆਲ ਤੇ ਖੁਆਬ
ਅਤੇ ਮਰਦਾਨਾ ਤੇ ਰਬਾਬ ਦੀ।
ਜਿਵੇਂ, ਜਿੰਦ ਤੇ ਜਾਨ,
ਵਿਦਿਆ ਤੇ ਵਿਦਵਾਨ,
ਗੁਰੂ ਤੇ ਗਿਆਨ
ਅਤੇ ਧਰਮ ਤੇ ਧਿਆਨ ਦੀ।
ਜਿਵੇਂ, ਵਿਸ਼ਵਾਸ ਤੇ ਆਸ,
ਧੀਰਜ ਤੇ ਧਰਵਾਸ,
ਪੰਛੀ ਤੇ ਪਰਵਾਸ
ਅਤੇ ਹਲੀਮੀ ਤੇ ਹੁਲਾਸ ਦੀ।
ਜਿਵੇਂ, ਪਰ ਤੇ ਪਰਵਾਜ਼,
ਸੁਰ ਤੇ ਸਾਜ਼,
ਅੰਤਰੀਵ ਤੇ ਅਵਾਜ਼
ਅਤੇ ਰੂਹ ਤੇ ਰੰਗਰਾਜ਼ ਦੀ।
ਪਿਆਰ ਅਤੇ ਨਫਰਤ, ਜੀਵਨ ਨਦੀ ਦੀਆਂ ਦੋ ਧਾਰਾਵਾਂ। ਇਕ ਦੂਜੇ ਦੇ ਰੰਗ ਵਿਚ ਰੰਗੇ। ਪਿਆਰ ਜਦ ਨਫਰਤ ਵਿਚ ਵਟੀਂਦਾ ਤਾਂ ਜੀਵਨ ਦਾ ਖੋਅ ਹੁੰਦਾ। ਜਦ ਨਫਰਤ ਪਿਆਰ ਦਾ ਬਾਣਾ ਪਾਉਂਦੀ ਤਾਂ ਗਲਵੱਕੜੀਆਂ ਅਤੇ ਨਿੱਘ-ਮਿਲਣੀਆਂ ਦੀ ਰੁੱਤ ਆਉਂਦੀ। ਬਹੁਤ ਮਨਹੂਸ ਹੁੰਦਾ ਹੈ ਪਿਆਰ ਕਰਦਿਆਂ ਦਿਲ ਵਿਚ ਨਫਰਤ ਨੂੰ ਥਾਂ ਦੇਣੀ ਅਤੇ ਨਫਰਤ ਕਰਦਿਆਂ ਕਿਸੇ ਲਈ ਪਿਆਰ ਦਾ ਭੁਲਾਵਾ ਪੈਦਾ ਕਰਨਾ।
ਕਵੀ ਵਿਚੋਂ ਕਵਿਤਾ ਅਤੇ ਲੇਖਕ ਵਿਚੋਂ ਲਿਖਤ ਨੂੰ ਕਿੰਜ ਵੱਖ ਕਰੋਗੇ? ਕਵੀ, ਕਵਿਤਾ ਵਿਚ ਹਮੇਸ਼ਾ ਹਾਜ਼ਰ-ਨਾਜ਼ਰ। ਲਿਖਤ ਵਿਚੋਂ ਹੀ ਲੇਖਕ ਦੇ ਸਮੁੱਚ ਨੂੰ ਨਿਹਾਰਿਆ ਜਾ ਸਕਦਾ। ਇਕ ਦੂਜੇ ਦੀ ਪਛਾਣ ਅਤੇ ਪ੍ਰਮਾਣ। ਇਕ ਦੂਜੇ ਦੀ ਵਿਆਖਿਆ ਅਤੇ ਵਰਣਨ। ਇਕ ਦੂਜੇ ਦਾ ਪਸਾਰ ਅਤੇ ਪਹਿਰਨ।
ਦਰਿਆਵਾਂ ਨਾਲ ਹੀ ਬਗਲਗੀਰ ਹੁੰਦੇ ਬਰੇਤੇ ਅਤੇ ਬਰੇਤਿਆਂ ਦੀ ਹਾਜਰੀ ਕਾਰਨ ਹੀ ਦਰਿਆ ਨਜ਼ਰ ਆਉਂਦੇ। ਬਰੇਤੇ ਅਤੇ ਦਰਿਆ ਇਕ ਦੂਜੇ ਦੇ ਹਮਰਾਜ਼ ਅਤੇ ਹਮਰੁਬਾ। ਜਦ ਬਰੇਤੇ ਦਰਿਆਵਾਂ ਨੂੰ ਹਜ਼ਮ ਲੈਂਦੇ ਜਾਂ ਦਰਿਆਵਾਂ ਦੀ ਹਿੱਕ ‘ਤੇ ਬਰੇਤੇ ਉਗਦੇ ਤਾਂ ਕਹਿਰ ਭਰੇ ਸਮਿਆਂ ਦੀ ਦਸਤਕ ਸੁਣਦੀ। ਇਕ ਦੀ ਗੈਰ-ਹਾਜ਼ਰੀ ਕਾਰਨ ਮਨੁੱਖ ਅਤੇ ਕੁਦਰਤ ਦੇ ਪਸਾਰੇ ਦੇ ਰੁਕਣ ਦੀ ਸੰਭਾਵਨਾ ਪੈਦਾ ਹੁੰਦੀ। ਲੋੜ ਹੈ, ਦਰਿਆ ਤੇ ਬਰੇਤਾ ਇਕ ਦੂਜੇ ਦੀ ਨੇੜਤਾ ਵਿਚੋਂ ਜੀਵਨ-ਸਾਹਾਂ ਦਾ ਸੰਦਲੀ ਵਪਾਰ ਕਰਦੇ ਰਹਿਣ।
ਮਿੱਟੀ ਅਤੇ ਮਨੁੱਖ, ਕੁਦਰਤ ਦਾ ਬੇਜੋੜ ਸਾਥ। ਮਿੱਟੀ ਵਿਚੋਂ ਹੀ ਪੈਦਾ ਹੁੰਦਾ ਏ ਮਨੁੱਖ ਅਤੇ ਆਖਰ ਨੂੰ ਮਿੱਟੀ ਬਣ ਕੇ ਮਿੱਟੀ ਵਿਚ ਹੀ ਰਲ ਜਾਂਦਾ। ਫਿਰ ਇਸ ਮਿੱਟੀ ਵਿਚੋਂ ਕੁਕਨੂਸ ਪੈਦਾ ਹੋ ਕੇ ਮਿੱਟੀ ਨੂੰ ਮਾਣ ਤੇ ਸਨਮਾਨ ਬਖਸ਼ਦਾ। ਮਿੱਟੀ ਅਤੇ ਮਨੁੱਖ ਦੀ ਇਹ ਸਾਂਝ ਸਦੀਵੀ ਬਣੇ ਰਹੇ। ਜਾਰੀ ਰਹੇ ਇਹ ਸਾਂਝ-ਕਾਰਵਾਂ ਤਾਂ ਕਿ ਜ਼ਿੰਦਗੀ ਦੇ ਸਾਜ਼ ਦੀ ਸੁਰਤਾਲ ਤੇ ਸੰਗੀਤਕਤਾ, ਹਵਾ ਨੂੰ ਰੁਮਕਣੀ ਅਤੇ ਮਿੱਟੀ ਨੂੰ ਮਹਾਨਤਾ ਮਿਲਦੀ ਰਹੇ।