ਸਿੱਖ ਲੀਡਰਾਂ ਦੀ ਗੈਰ-ਦਿਆਨਤਦਾਰੀ

ਅਮਰਜੀਤ ਸਿੰਘ ਮੁਲਤਾਨੀ
‘ਪੰਜਾਬ ਟਾਈਮਜ਼’ ਦੇ 18 ਜੁਲਾਈ ਦੇ ਅੰਕ ਵਿਚ ਪ੍ਰਭਸ਼ਰਨਬੀਰ ਸਿੰਘ ਵੱਲੋਂ ਦੋਹਾਂ ਭਰਾਵਾਂ ਦੇ ਮੌਜੂਦਾ ਦੌਰ ਬਾਰੇ ਨਜ਼ਰੀਏ ਅਤੇ ਲੇਖਣੀਆਂ ਨੂੰ ਸਪਸ਼ਟ ਕਰਦਾ ਇਕ ਲੇਖ ਛਪਿਆ ਹੈ। ਇਸ ਲੇਖ ਵਿਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੋਵਾਂ ਭਰਾਵਾਂ ਦਾ ਕਿਸੇ ਵੀ ਲੇਖਕ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ, ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ਦਾ ਪੱਧਰ ਬਹੁਤ ਉੱਚ ਪਾਏ ਦੀ ਬੌਧਿਕਤਾ ਨਾਲ ਭਰਿਆ ਹੁੰਦਾ ਹੈ। ਉਹ ਦੋਵੇਂ ਭਰਾ ਇਸ ਦੌਰ ਦੇ ਪ੍ਰਸਿੱਧ ਯੂਰਪੀ ਫਿਲਾਸਫਰਾਂ ਦਾ ਅਧਿਐਨ ਕਰ ਰਹੇ ਹਨ, ਸੋ ਇਸ ਕਰਕੇ ਉਨ੍ਹਾਂ ਵੱਲੋਂ ਸਿੱਖ ਸੰਘਰਸ਼ ਬਾਰੇ ਲਿਖੀਆਂ ਕਿਤਾਬਾਂ ਇਸ ਦੌਰ ਦੇ ਸੰਘਰਸ਼ਾਂ ਦੇ ਇਨਸਾਈਕਲੋਪੀਡੀਆ ਦੇ ਤੁੱਲ ਹੋਣਗੀਆਂ।

ਅਜਿਹਾ ਮੈਨੂੰ ਜਾਪਦਾ ਹੈ ਕਿ ਉਹ ਕਿਸੇ ਹੋਰ ਦੀ ਲਿਖਤ ਨੂੰ ਖਾਸ ਤਵੱਜੋ ਹੀ ਨਹੀਂ ਦਿੰਦੇ, ਸ਼ਾਇਦ ਇਸੇ ਕਰਕੇ ਉਹ ਸਮਕਾਲੀਆਂ ਨੂੰ ਮਹੱਤਵ ਨਹੀਂ ਦੇਣਾ ਚਾਹੁੰਦੇ ਅਤੇ ਇਸੇ ਕਰਕੇ ਅਜਮੇਰ ਸਿੰਘ, ਦਲਬੀਰ ਸਿੰਘ, ਹਜ਼ਾਰਾ ਸਿੰਘ ਮਿਸੀਸਾਗਾ ਆਦਿ ਨੂੰ ਕੁਝ ਨਾ ਕੁਝ ਨੁਕਸ ਤਹਿਤ ਖਾਰਜ ਕਰਦੇ ਹਨ। (ਪਰ ਕਰਮਜੀਤ ਸਿੰਘ ਦੀਆਂ ਲਿਖਤਾਂ ਵਿਚ ਪ੍ਰਭਸ਼ਰਨਦੀਪ ਸਿੰਘ ਨੂੰ ਸਭ ਠੀਕ ਲੱਗਾ ਹੈ ਸ਼ਾਇਦ)। ਜਿਵੇਂ ਉਨ੍ਹਾਂ ਨੇ ਲਿਖਿਆ ਹੈ, “ਪਹਿਲਾਂ ਅਸੀਂ ਸਿੱਖਾਂ ਦੀ ਆਜ਼ਾਦੀ ਨਾਲ ਸਰੋਕਾਰ ਰੱਖਣ ਵਾਲੇ ਵਿਦਿਆਰਥੀ ਕਾਰਕੁਨਾਂ ਵਜੋਂ ਆਪਣਾ ਜੀਵਨ ਸ਼ੁਰੂ ਕੀਤਾ, ਦੂਜਾ ਉਹ ਸਾਹਿਤ ਤੇ ਫਲਸਫੇ ਦੇ ਵਿਦਿਆਰਥੀ ਹਨ।” ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਸਮਾਂ ਪੈਣ ‘ਤੇ ਉਨ੍ਹਾਂ ਦੇ ਵਿਚਾਰਾਂ ਦੀਆਂ ਬਾਤਾਂ ਪਾਉਂਦੀਆਂ ਕਿਤਾਬਾਂ ਪ੍ਰਭਸ਼ਰਨ-ਭਰਾਵਾਂ ਨੂੰ ਮੀਲ ਪੱਥਰ ਜਿਹਾ ਮੁਕਾਮ ਪ੍ਰਦਾਨ ਕਰਨਗੀਆਂ ਅਤੇ ਉਨ੍ਹਾਂ ਦੇ ਸਮਕਾਲੀਆਂ ਦੀਆਂ ਲਿਖਤਾਂ ਕੁਝ ਸਮਾਂ ਬਾਅਦ ਹੀ ਧੁੰਦਲਾ ਜਾਣਗੀਆਂ, ਜਦੋਂ ਕਿ ਕਿਤਾਬਾਂ ਲਾਇਬ੍ਰੇਰੀਆਂ ਵਿਚ ਸਦੀਆਂ ਬੱਧੀ ਜੀਵਤ ਰਹਿੰਦੀਆਂ ਹਨ।
ਹਰਚਰਨ ਸਿੰਘ ਪਰਹਾਰ ਦਾ ਵਿਸਥਾਰਤ ਲੇਖ ਇਸ ਅਖੌਤੀ ਸਿੱਖ ਆਜ਼ਾਦੀ ਦੇ ਸੰਘਰਸ਼ ਦਾ ਮੁੱਢ ਬੰਨਣ ਵਾਲੇ ਤੇ ਫਿਰ ਉਸ ਨਾਲ ਸਮੇਂ-ਸਮੇਂ ਜੁੜਦੇ ਰਹੇ ਸਿੱਖ ਲੀਡਰਾਂ ਦੀਆਂ ਕਾਰਗੁਜ਼ਾਰੀਆਂ ‘ਤੇ ਵਿਸਤ੍ਰਿਤ ਤਬਸਰਾ ਹੈ। ਉਨ੍ਹਾਂ ਨੇ ਲੀਡਰਾਂ ਦੀਆਂ ਕਾਰਗੁਜ਼ਾਰੀਆਂ ਦਾ ਵੀ ਆਪਣੀ ਸੋਚ ਮੁਤਾਬਕ ਲੇਖਾ-ਜੋਖਾ ਕੀਤਾ ਹੈ। ਅੱਜ ਪੰਜਾਬ ਵਿਚ ਪਸਰੇ ਹੋਏ ਹਾਲਾਤ ‘ਤੇ ਪੰਜਾਬੀਆਂ ਦੀ ਧਾਰਮਿਕ, ਆਰਥਕ, ਸਮਾਜਕ ਅਤੇ ਰਾਜਨੀਤਕ ਦੁਰਦਸ਼ਾ ਲਈ ਹਰ ਉਹ ਸਿੱਖ ਲੀਡਰ ਜ਼ਿੰਮੇਵਾਰ ਹੈ, ਜਿਨ੍ਹਾਂ ਦਾ ਇਸ ਲਹਿਰ ਨਾਲ ਕਿਸੇ ਪੱਖੋਂ ਵੀ ਸੰਪਰਕ ਰਿਹਾ ਹੈ। ਕਿਸੇ ਵੀ ਲੀਡਰ ਨੇ ਸਿੱਖਾਂ ਦੀ ਰਾਜਨੀਤਕ ਹਸਤੀ ਦੀ ਗੱਲ ਨਹੀਂ ਕੀਤੀ, ਇਸ ਦੀ ਸਥਾਪਤੀ ਦੀ ਗੱਲ ਨਹੀਂ ਕੀਤੀ, ਸਗੋਂ ਆਪਣੇ ਰਾਜਨੀਤਕ ਜਾਂ ਆਰਥਕ ਲਾਭਾਂ ਲਈ ਹਮੇਸ਼ਾ ਸਿੱਖ ਕੌਮ ਦੀ ਹਸਤੀ ਨੂੰ ਹੀ ਦਾਅ ‘ਤੇ ਲਾਇਆ ਹੈ। ਆਪਣਾ ਢਿੱਡ ਭਰ ਕੇ ਸਿੱਖਾਂ ਨੂੰ ਲਾਵਾਰਿਸ ਛੱਡ ਕੇ ਪਾਸੇ ਹੋ ਗਏ ਲੀਡਰਾਂ ਨੇ ਇਕ ਅਜਿਹੀ ਪਿਰਤ ਪਾ ਦਿੱਤੀ, ਜਿਸ ਦਾ ਖਮਿਆਜਾ ਅੱਜ ਕਦੇ “ਗੁਰਾਂ ਦੇ ਨਾਂ ‘ਤੇ ਵੱਸਦੇ” ਪੰਜਾਬ ਵਾਸੀ ਰੋਂਦੇ, ਕੁਰਲਾਂਦੇ ਤੇ ਬੇਸਹਾਰਾ ਅਵਸਥਾ ਵਿਚ ਨਾ ਖਤਮ ਹੋਣ ਵਾਲਾ ਸੰਤਾਪ ਭੋਗ ਰਹੇ ਹਨ।
ਹੋਣਾ ਤਾਂ ਇੰਜ ਚਾਹੀਦਾ ਸੀ ਕਿ ਵੱਖਰੀ ਸਟੇਟ ਦੀ ਮੰਗ ਕਰਨ ਤੋਂ ਪਹਿਲਾਂ ਪੰਜਾਬ ਸਟੇਟ ਨੂੰ ਚੰਗੀ ਤਰ੍ਹਾਂ ਨਾਲ ਚੁਸਤ ਤੇ ਦਰੁੱਸਤ ਕੀਤਾ ਜਾਂਦਾ। ਜਿਥੇ ਰਹਿਣ ਵਾਲੇ ਪੰਜਾਬੀ ਨੰਬਰ ਵਨ ਸਟੇਟ ਦਾ ਵਾਸੀ ਹੋਣ ਦਾ ਗੌਰਵ ਕਰਦੇ ਤੇ ਪੰਜਾਬੀ ਆਪਣੀ ਆਰਥਕ ਤੇ ਸਮਾਜਕ ਖੁਸ਼ਹਾਲੀ ਕਰਕੇ ਸਾਰੇ ਭਾਰਤ ਦੀਆਂ ਹੋਰਨਾਂ ਸਟੇਟਾਂ ਦੇ ਨਿਵਾਸੀਆਂ ਲਈ ਈਰਖਾ ਦਾ ਸਬੱਬ ਬਣਦੇ, ਪਰ ਹੋਇਆ ਬਿਲਕੁਲ ਇਸ ਦੇ ਉਲਟ। ਆਜ਼ਾਦੀ ਮਿਲਣ ਤੋਂ ਫੌਰਨ ਬਾਅਦ ਦਾ ਸਮਾਂ ਅਜਿਹਾ ਸੀ ਕਿ ਸਿੱਖ ਅਤੇ ਪੰਜਾਬ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਵਾਲੇ ਰਸਤੇ ਚੱਲਦਾ ਤਾਜਾ ਹੋਂਦ ਵਿਚ ਆਏ ਭਾਰਤ ਦੀ ਆਰਥਕਤਾ ‘ਤੇ ਅਜਿਹਾ ਭਾਰੂ ਹੁੰਦਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਸਿੱਖਾਂ ਦੇ ਹਿਤਾਂ ਦੇ ਵਿਰੁੱਧ ਜਾਣ ਦਾ ਸਹਿਜ ਕੀਤੇ ਹੀਆ ਨਾ ਕਰ ਸਕਦੀਆਂ!
ਮੌਜੂਦਾ ਦੌਰ ਵਿਚ ਇਹ ਪਰਖਿਆ ਹੋਇਆ ਫਾਰਮੂਲਾ ਹੈ ਕਿ ਤੁਸੀਂ ਭਾਵੇਂ ਗਿਣਤੀ ਵਿਚ ਘੱਟ ਹੀ ਹੋਵੋ, ਪਰ ਉਸ ਦੇਸ਼ ਦੀ ਆਰਥਕਤਾ ‘ਤੇ ਤੁਹਾਡੀ ਸਰਮਾਏਦਾਰੀ ਭਾਰੂ ਹੋਏ। ਭਾਵੇਂ ਕੋਈ ਵੀ ਰਾਜਨੀਤਕ ਪਾਰਟੀ ਹੋਏ, ਤੁਹਾਡੀ ਸਰਮਾਏਦਾਰੀ ਦੇ ਦਬਾਉ ਹੇਠ ਹੋਵੇ, ਕਿਉਂਕਿ ਰਾਜਨੀਤਕ ਪਾਰਟੀਆਂ ਸਰਮਾਏਦਾਰਾਂ ਦੇ ਚੰਦਿਆਂ ‘ਤੇ ਚਲਦੀਆਂ ਹਨ। ਇਸ ਦੀ ਜਿਉਂਦੀ ਜਾਗਦੀ ਮਿਸਾਲ, ਅਸੀਂ ਅਮਰੀਕਾ, ਯੂਰਪ ਤੇ ਹੋਰਨਾਂ ਦੇਸ਼ਾਂ ਵਿਚ ਯਹੂਦੀਆਂ ਦੀ ਆਰਥਕ ਤਾਕਤਾਂ ਦੇ ਪ੍ਰਭਾਵ ਨੂੰ ਵਾਪਰਦਾ ਦੇਖਦੇ ਹਾਂ। ਇਹ ਆਮ ਯਹੂਦੀਆਂ ਦੀ ਆਪਸੀ ਭਰਾਤਰੀਵਾਦ ਅਤੇ ਉਨ੍ਹਾਂ ਦੀ ਰਾਜਨੀਤਕ ਤੇ ਧਾਰਮਿਕ ਲੀਡਰਸ਼ਿਪ ਵਿਚ ਸੁਭਾਇਮਾਨ ਨੈਤਿਕਤਾ ਦਾ ਨਤੀਜਾ ਹੈ ਕਿ ਯਹੂਦੀ ‘ਰਾਵਣ ਦੀ ਸੋਨੇ ਦੀ ਲੰਕਾ’, ਜੋ ਇਕ ਕਲਪਨਾ ਮਾਤਰ ਹੈ, ਤੋਂ ਵੀ ਬੇਸ਼ਕੀਮਤੀ ਦੇਸ਼ ਇਜ਼ਰਾਇਲ ਦੇ ਮਾਲਕ ਹਨ, ਜਿਨ੍ਹਾਂ ਨੂੰ ਦੁਨੀਆਂ ਦੀ ਵੱਡੀ ਤਾਕਤ ਅਮਰੀਕਾ ਹੱਥੀਂ ਛਾਂ ਕਰਨ ਨੂੰ ਮਜਬੂਰ ਹੈ।
ਅੱਸੀਵੇਂ ਦਹਾਕੇ ਤੱਕ ਤਾਂ ਪੰਜਾਬ ਭਾਰਤ ਦੇ ਕਰੀਬ ਵਧੇਰੇ ਸਰਕਾਰੀ ਪੈਮਾਨਿਆਂ ਅਨੁਸਾਰ ਨੰਬਰ ਇੱਕ ਹੀ ਸੀ। ਦੂਜੇ ਪਾਸੇ ਜਿਸ ਤੇਜੀ ਨਾਲ ਗੁਰਦੁਆਰਿਆਂ ਦਾ ਧਨ ਵਰਤ ਕੇ ਅਕਾਲੀਆਂ ਨੇ ਰਾਜਨੀਤੀ ਦੀ ਭਰਾ ਮਾਰੂ ਤੇ ਬਰਾਦਰੀਵਾਦ ਦੀ ਖੇਡ ਖੇਡਣੀ ਸ਼ੁਰੂ ਕੀਤੀ। ਗੁਰੂ ਘਰ ਦੇ ਧਨ ਨੇ ਅਕਾਲੀਆਂ ਦੀ ਅਜਿਹੀ ਬੁੱਧੀ ਭ੍ਰਿਸ਼ਟ ਕੀਤੀ ਕਿ ਉਨ੍ਹਾਂ ਨੇ ਪਹਿਲਾਂ ਨਿੱਜੀ ਰਾਜਨੀਤਕ ਲਾਭ ਲਈ ਵੱਡੇ ਪੰਜਾਬ ਸਟੇਟ ਤੋਂ ਪੰਜਾਬੀ ਸੂਬੀ ਬਣਾ ਲਈ, ਫਿਰ ਗੁਰਦੁਆਰਾ ਪ੍ਰਬੰਧਨ ‘ਤੇ ਪਾਰਟੀ ਦਾ ਕਬਜਾ ਅਤੇ ਅਖੀਰ ਵਿਚ ਇਕ ਪਰਿਵਾਰ ਦਾ ਅਜਿਹਾ ਦਬਦਬਾ ਸਥਾਪਿਤ ਕੀਤਾ, ਜਿਨ੍ਹਾਂ ਨੇ ਸ਼ਾਨਾਂ ਤੇ ਮਾਨਾਂ ਮੱਤੀਆਂ ਸਿੱਖ ਰਵਾਇਤਾਂ ਨੂੰ ਘੱਟੇ ਵਿਚ ਰੋਲ ਕੇ ਰੱਖ ਦਿੱਤਾ। ਅੱਜ ਪੰਜਾਬ ਇੰਨਾ ਪਛੜ ਗਿਆ ਹੈ ਕਿ ਅਕਾਲੀਆਂ ਵਲੋਂ ਥਾਲੀ ਵਿਚ ਪਰੋਸ ਕੇ ਦਿੱਤੇ ਸੂਬੇ ਹਿਮਾਚਲ ਤੇ ਹਰਿਆਣਾ ਕਈ ਸਰਕਾਰੀ ਪੈਮਾਨਿਆਂ ਵਿਚ ਪੰਜਾਬ ਤੋਂ ਅੱਗੇ ਜਾ ਨਿਕਲੇ ਹਨ।
ਹਰਚਰਨ ਸਿੰਘ ਪਰਹਾਰ ਨੇ ਆਪਣੇ ਲੇਖ ਦੇ ਅੰਤ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਮੌਜੂਦਾ ਸਥਿਤੀ ‘ਤੇ ਹਾਅ ਦਾ ਨਾਅਰਾ ਮਾਰਿਆ ਹੈ। ਪਹਿਲਾਂ ਅਕਾਲੀਆਂ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਬੰਧਕੀ ਕੋਤਾਹੀਆਂ ਕਾਰਨ ਦਰਬਾਰ ਸਾਹਿਬ ਅੰਦਰ ਲਾਕਾਨੂੰਨੀ ਵਾਲੀ ਸਥਿਤੀ ਬਣਨੀ ਤੇ ਫਿਰ ਅਕਾਲੀ ਲੀਡਰਸ਼ਿਪ ਦਾ ਧਰਾਸ਼ਾਈ ਹੋ ਜਾਣਾ? ਫਿਰ ਸਿੱਖਾਂ ਅਤੇ ਪੰਜਾਬ ‘ਤੇ ਅੰਤਹੀਣ ਦਰਦਨਾਕ ਘਟਨਾਵਾਂ ਦਾ ਦੌਰ ਸ਼ੁਰੂ ਹੋਣਾ, ਜਿਸ ਦੇ ਨਤੀਜੇ ਵਜੋਂ ਪੈਦਾ ਹੋਏ ਸੰਤਾਪ ਦੀਆਂ ਲਾਚਾਰੀਆਂ ਤੇ ਦੁਸ਼ਵਾਰੀਆਂ ਸਿੱਖ ਅਤੇ ਉਨ੍ਹਾਂ ਦੇ ਸਮਾਨੰਤਰ ਪੰਜਾਬ ਰਾਜ ਵੀ ਭੋਗ ਰਿਹਾ ਹੈ। ਡਾਢੇ ਅਫਸੋਸ ਦੀ ਗੱਲ ਹੈ ਕਿ ਅਕਾਲੀਆਂ ਦੀ ਪਾਰਟੀ ਨੇ ਸਿੱਖਾਂ ਦੇ ਸੰਤਾਪ ਦਾ ਭਰਪੂਰ ਰਾਜਨੀਤਕ ਲਾਹਾ ਲਿਆ, ਦੂਜੇ ਪਾਸੇ ਅਕਾਲੀ ਦਲ ‘ਤੇ ਕਾਬਜ ਪਰਿਵਾਰ ਨੇ ਅਟੁੱਟ ਆਰਥਕ ਲਾਭ ਲਿਆ ਹੈ। ਸਿੱਖ ਥਿੱਗੜ ਹੁੰਦੇ ਰਹੇ ਅਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਚਲਾ ਰਹੇ ਪਰਿਵਾਰ ਦੀ ਸੰਪਤੀ ਕੌੜੀ ਵੇਲ ਵਾਂਗ ਵਧੀ।
ਪੰਜਾਬ ਅਤੇ ਸਿੱਖਾਂ ‘ਤੇ ਆਏ ਮਾੜੇ ਸਮੇਂ ਵਿਚ ਵਿਦੇਸ਼ੀ ਸਿੱਖਾਂ ਨੇ ਵੀ ਆਪਣੀ ਆਰਥਕ ਸ਼ਕਤੀ ਅਨੁਸਾਰ ਮਦਦ ਕੀਤੀ। ਮਿਲੀਅਨਾਂ ਦੇ ਹਿਸਾਬ ਨਾਲ ਡਾਲਰ ਦਾਨ ਕੀਤੇ, ਪਰ ਇਸ ਪਾਸੇ ਕਿਸੇ ਵੀ ਸਿੱਖ ਨੇ ਧਿਆਨ ਨਹੀਂ ਦਿੱਤਾ ਕਿ ਉਨ੍ਹਾਂ ਵਲੋਂ ਦਿੱਤਾ ਦਾਨ ਸਹੀ ਥਾਂ ਪੁੱਜਾ ਵੀ ਹੈ ਜਾਂ ਨਹੀਂ? ਵਿਦੇਸ਼ੀ ਸਿੱਖਾਂ ਦੇ ਇਕ ਵਰਗ ਨੇ ‘ਜੇਨੋਸਾਈਡ’ ਸ਼ਬਦ ਦੀ ਕਾਢ ਕੱਢੀ ਅਤੇ ਉਸ ‘ਤੇ ਸਵਾਰੀ ਕਰਕੇ ਨੇਤਾਵਾਂ ਦਾ ਇਕ ਵਰਗ ਜਰੂਰ ਸਥਾਪਤ ਹੋ ਗਿਆ। ਇਹ ਲੀਡਰ ਜਾਂ ਇਨ੍ਹਾਂ ਦੇ ਸਮੂਹ ਪੰਜਾਬ ਜਾਂ ਪੰਜਾਬੀਆਂ ਦੀ ਆਰਥਕ ਮਦਦ ਤਾਂ ਨਹੀਂ ਕਰਦੇ, ਪਰ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਕੁਝ ਲਾਚਾਰ ਸਿੱਖਾਂ ਨੂੰ ਕੁਝ ਲਾਲਚ ਵਿਖਾ ਕੇ ਭਾਰਤੀ ਹਕੂਮਤ ਦੇ ਜੂਲਮਾਂ ਦਾ ਸ਼ਿਕਾਰ ਜਰੂਰ ਬਣਵਾ ਦਿੰਦੇ ਹਨ।
ਸਿੱਖ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਲਿਖਤ ਕਿਤਾਬ ‘ਇਕ ਦੇਸ ਦਾ ਜਨਮ’, ਜੋ ਯਹੂਦੀ ਕੌਮ ਵਲੋਂ ਆਪਣੇ ਦੇਸ਼ ਇਜ਼ਰਾਇਲ ਲਈ ਕੀਤੇ ਸੰਘਰਸ਼ ਦੀ ਦਾਸਤਾਨ ਹੈ। (ਇਹ ਕਿਤਾਬ ‘ਪੰਜਾਬ ਟਾਈਮਜ਼’ ਵਿਚ ਕਈ ਕਿਸ਼ਤਾਂ ਵਿਚ ਛਪ ਚੁਕੀ ਹੈ) ਇਸ ਵਿਚ ਕਈ ਵਾਰ ਜ਼ਿਕਰ ਹੈ ਕਿ ਇਜ਼ਰਾਇਲ ਦੇ ਮੁਢਲੇ ਸੰਸਥਾਪਕਾਂ ਨੂੰ ਜਦੋਂ ਵੀ ਪੈਸਿਆਂ ਦੀ ਲੋੜ ਪੈਂਦੀ ਸੀ ਤਾਂ ਅਮਰੀਕਾ ਤੇ ਯੂਰਪ ਵਿਚਲੇ ਯਹੂਦੀ ਬਿਲੀਅਨਾਂ ਦੇ ਹਿਸਾਬ ਨਾਲ ਡਾਲਰ ਆਪਣੇ ਲੀਡਰਾਂ ਦੀ ਝੋਲੀ ਵਿਚ ਪਾਉਂਦੇ ਸਨ। ਅੱਜ ਦਾ ਇਜ਼ਰਾਇਲ ਇਨ੍ਹਾਂ ਲੀਡਰਾਂ ਦੀ ਇਮਾਨਦਾਰੀ ਤੇ ਦਿਆਨਤਦਾਰੀ ਦਾ ਪ੍ਰਮਾਣ ਹੈ? ਪਰ ਸਾਡੇ ਲੀਡਰਾਂ ਦੀ ਇਮਾਨਦਾਰੀ ਤੇ ਦਿਆਨਤਦਾਰੀ ਬਾਰੇ ਕੋਈ ਢੁਕਵਾਂ ਸ਼ਬਦ ਨਹੀਂ ਮਿਲ ਰਿਹਾ!