ਜੰਗਲਾਂ ਦੀ ਹੋਣੀ ਅਤੇ ਪੰਜਾਬ ਦਾ ਭੂਗੋਲਕ ਅਵਚੇਤਨ

ਮੱਤੇਵਾੜਾ ਜੰਗਲ ਦੇ ਸੰਦਰਭ ਵਿਚ
ਪ੍ਰਭਸ਼ਰਨਬੀਰ ਸਿੰਘ
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ
1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦਾ ਜੰਗਲ ਹੇਠਲਾ ਰਕਬਾ 24 ਪ੍ਰਤੀਸ਼ਤ ਦੇ ਨੇੜੇ ਸੀ। ਫਾਰੈਸਟ ਸਰਵੇ ਆਫ ਇੰਡੀਆ ਦੀ 2019 ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਇਹ ਰਕਬਾ ਘਟ ਕੇ ਸਿਰਫ 3.67 ਪ੍ਰਤੀਸ਼ਤ ਰਹਿ ਗਿਆ ਹੈ। ਇਸ ਦੇ ਮੁਕਾਬਲੇ ਸਮੁੱਚੇ ਭਾਰਤ ਦਾ ਜੰਗਲ ਹੇਠਲਾ ਰਕਬਾ 21.67 ਪ੍ਰਤੀਸ਼ਤ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਜੰਗਲ ਹੇਠਲਾ ਰਕਬਾ 60 ਪ੍ਰਤੀਸ਼ਤ ਤੋਂ ਉਤੇ ਹੈ। ਇਨ੍ਹਾਂ ਅੰਕੜਿਆਂ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਇਸ ਮਾਮਲੇ ਵਿਚ ਪੰਜਾਬ ਦੀ ਸਥਿਤੀ ਪਹਿਲਾਂ ਹੀ ਕਿੰਨੀ ਭਿਆਨਕ ਹੈ।

ਏਨੀ ਮਾੜੀ ਸਥਿਤੀ ਦੇ ਬਾਵਜੂਦ ਸਰਕਾਰਾਂ ਵੱਲੋਂ ਜੰਗਲਾਂ ਦੇ ਰੱਖ-ਰਖਾਅ ਲਈ ਗੰਭੀਰ ਨਾ ਹੋਣਾ ਅਜੋਕੇ ਪੰਜਾਬ ਦੀ ਸੱਭਿਆਚਾਰਕ ਅਤੇ ਰਾਜਨੀਤਕ ਦੁਰਦਸ਼ਾ ਦੀ ਦੱਸ ਪਾਉਂਦਾ ਹੈ। ਇਹ ਫੈਸਲਾ ਦੱਸਦਾ ਹੈ ਕਿ ਪੰਜਾਬ ਦਾ ਰਾਜਨੀਤਕ ਵਰਗ ਇਸ ਧਰਤੀ ਦਾ ਰਖਵਾਲਾ ਨਹੀਂ, ਸਗੋਂ ਇਸ ਨੂੰ ਉਜਾੜਨ ਵਾਲਾ ਹੈ। ਇਹ ਵੇਲਾ ਜਿੱਥੇ ਸਰਕਾਰ ਦੇ ਇਸ ਨਾਅਹਿਲ ਵਤੀਰੇ ਦੇ ਵਿਰੋਧ ਵਿਚ ਲਾਮਬੰਦੀ ਕਰਨ ਦਾ ਹੈ, ਉਥੇ ਹੀ ਜੰਗਲ ਦੀ ਹਸਤੀ ਬਾਰੇ ਅਤੇ ਇਸ ਦੀ ਸਾਡੇ ਸਮੂਹਕ ਜੀਵਨ ਵਿਚਲੀ ਥਾਂ ਬਾਰੇ ਪੁਨਰ-ਵਿਚਾਰ ਕਰਨ ਦਾ ਵੀ ਹੈ।
ਜੰਗਲ ਕਿਸੇ ਇਲਾਕੇ ਦੇ ਮਹਿਜ਼ ਕੁਦਰਤੀ ਸਰੋਤ ਹੀ ਨਹੀਂ ਹੁੰਦੇ, ਇਹ ਉਸ ਇਲਾਕੇ ਦੇ ਭੂਗੋਲਕ ਅਵਚੇਤਨ ਦੇ ਲਖਾਇਕ ਵੀ ਹੁੰਦੇ ਹਨ। ਪੰਜਾਬ ਦੇ ਲੋਕਾਂ ਦਾ ਇਸ ਧਰਤੀ ਨਾਲ ਇਕ ਅਪਣੱਤ ਭਰਿਆ ਰਿਸ਼ਤਾ ਹੈ। ਇੱਥੋਂ ਦੇ ਰੁੱਖਾਂ ਅਤੇ ਜੰਗਲਾਂ ਦਾ ਉਜਾੜਾ ਇਸ ਰਿਸ਼ਤੇ ਨੂੰ ਵੀ ਤਾਰ-ਤਾਰ ਕਰਦਾ ਹੈ।
ਜੰਗਲ ਬਹੁਤ ਸਾਰੇ ਦਰੱਖਤਾਂ ਦਾ ਸਮੂਹ ਹੀ ਨਹੀਂ ਹੁੰਦਾ, ਜੰਗਲ ਦੀ ਆਪਣੀ ਇਕ ਹਸਤੀ ਹੁੰਦੀ ਹੈ। ਜੰਗਲ ਵਿਚ ਜੀਵਨ ਆਪਣੀ ਬੇਪਰਵਾਹੀ ਵਿਚ ਮੌਲਦਾ ਹੈ। ਤਕਨਾਲੋਜੀ ਦੇ ਕਹਿਰ ਤੋਂ ਦੂਰ, ਜੰਗਲ ਜੀਵਨ ਦੇ ਖੇੜੇ ਲਈ ਅਜਿਹਾ ਮਾਹੌਲ ਪ੍ਰਦਾਨ ਕਰਦਾ ਹੈ, ਜਿੱਥੇ ਬਨਸਪਤੀ ਅਤੇ ਪਸੂ-ਪੰਛੀਆਂ ਦੀ ਸਮਾਜਕਤਾ ਇਕ ਸਹਿਜ ਰੂਪ ਗ੍ਰਹਿਣ ਕਰਦੀ ਹੈ।
ਜੰਗਲਾਂ ਨੂੰ ਸਿਰਫ ਕੁਦਰਤੀ ਸਰੋਤਾਂ ਵਜੋਂ ਵੇਖਣਾ ਇਕ ਬੱਜਰ ਗੁਨਾਹ ਹੈ। ਅਜਿਹਾ ਕਰਨਾ ਇਕ ਆਧੁਨਿਕ ਅਲਾਮਤ ਹੈ। ਸਾਡੀ ਪਰੰਪਰਾ ਵਿਚ ਅਜਿਹਾ ਕਦੇ ਵੀ ਨਹੀਂ ਸੀ ਕੀਤਾ ਗਿਆ। ਸਾਡੀ ਪਰੰਪਰਾ ਤਾਂ ਬਿਰਖਾਂ ਨੂੰ ਗਾਉਣ, ਮਾਣਨ ਅਤੇ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਣ ਦੀ ਪਰੰਪਰਾ ਹੈ। ਸਾਡਾ ਬਿਰਖਾਂ ਨਾਲ ਰਿਸ਼ਤਾ ਪਦਾਰਥਕ ਅਤੇ ਆਰਥਕ ਨਹੀਂ, ਰੂਹਾਨੀ ਹੈ। ਇਸੇ ਲਈ ਅਸੀਂ ਗਾਉਂਦੇ ਹਾਂ,
ਬਿਰਖਾਂ ਦੇ ਗੀਤ ਸੁਣ ਕੇ,
ਮੇਰੇ ਦਿਲ ਵਿਚ ਚਾਨਣ ਹੋਇਆ।
ਉਪਰੋਕਤ ਪੰਜਾਬੀ ਲੋਕ-ਗੀਤ ਸਾਨੂੰ ਦੱਸਦਾ ਹੈ ਕਿ ਬਿਰਖ ਪੰਜਾਬੀ ਲੋਕਾਂ ਦੇ ਅਧਿਆਤਮਕ ਰਹਿਬਰ ਵੀ ਹਨ। ਸਾਡੀ ਰਹਿਤਲ ਅੰਦਰਲਾ ਅਮੁਕ ਸਬਰ, ਜਿਸਨੂੰ ਕੁਲਵੰਤ ਸਿੰਘ ਵਿਰਕ ਨੇ ਆਪਣੀ ਕਹਾਣੀ ‘ਧਰਤੀ ਹੇਠਲਾ ਬਲਦ’ ਰਾਹੀਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਰੂਪਮਾਨ ਕੀਤਾ ਹੈ, ‘ਰੁੱਖਾਂ ਦੀ ਜੀਰਾਂਦ’ ਦਾ ਹੀ ਮਨੁੱਖੀ ਪ੍ਰਗਟਾਵਾ ਹੈ। ਬਿਰਖ ਸਾਨੂੰ ਜਿਉਣਾ ਸਿਖਾਉਂਦੇ ਹਨ। ਇਕ ਬਿਰਖ ਜਿਵੇਂ ਜੰਗਲ ਵਿਚ ਮੌਲ ਸਕਦਾ ਹੈ, ਉਵੇਂ ਅਲਹਿਦਗੀ ਵਿਚ ਨਹੀਂ ਜਿਉਂ ਸਕਦਾ। ਜੰਗਲ ਬਿਰਖਾਂ ਦੀ ਸਮਾਜਕਤਾ ਦਾ ਸਹਿਜ ਪ੍ਰਗਟਾਵਾ ਹੁੰਦਾ ਹੈ। ਇਹ ਗੱਲ ਕਿਤੇ ਨਾ ਕਿਤੇ ਸਾਡੇ ਪੁਰਖਿਆਂ ਨੂੰ ਅਚੇਤ ਹੀ ਪਤਾ ਸੀ, ਇਸੇ ਲਈ ਉਹ ਗਾਉਂਦੇ ਰਹੇ ਹਨ,
‘ਕੱਲਾ ਰੁੱਖ ਨਾ ਰੋਹੀ ਦੇ ਵਿਚ ਹੋਵੇ,
ਤੇ ‘ਕੱਲਾ ਨਾ ਹੋਵੇ ਪੁੱਤ ਜੱਟ ਦਾ।
ਜਰਮਨ ਜੰਗਲਵਾਨ ਪੀਟਰ ਵੋਹਲੇਬੇਨ ਆਪਣੀ ਜਗਤ-ਪ੍ਰਸਿੱਧ ਪੁਸਤਕ ‘ਬਿਰਖਾਂ ਦਾ ਗੁਪਤ ਜੀਵਨ’ ਵਿਚ ਸਾਨੂੰ ਦੱਸਦਾ ਹੈ ਕਿ ਰੋਹੀ-ਬੀਆਬਾਨ ਵਿਚ ‘ਕੱਲਾ ਰੁੱਖ ਕਿਉਂ ਨਹੀਂ ਹੋਣਾ ਚਾਹੀਦਾ। ਉਸ ਦਾ ਕਹਿਣਾ ਹੈ ਕਿ ਜੰਗਲ ਇਕ ਜਿਉਂਦੀ-ਜਾਗਦੀ ਸ਼ੈਅ ਹੁੰਦਾ ਹੈ। ਜੰਗਲ ਵਿਚਲੇ ਬਿਰਖ ਇਕ ਦੂਜੇ ਨਾਲ ਦੋਸਤੀਆਂ ਵੀ ਪਾਉਂਦੇ ਹਨ, ਇਕ ਦੂਜੇ ਨੂੰ ਖਤਰਿਆਂ ਬਾਰੇ ਜਾਣੂੰ ਵੀ ਕਰਵਾਉਂਦੇ ਹਨ ਅਤੇ ਇਕ ਦੂਜੇ ਨੂੰ ਬਿਪਤਾ ਸਮੇਂ ਖੁਰਾਕ ਵੀ ਮੁਹੱਈਆ ਕਰਵਾਉਂਦੇ ਹਨ। ਵੋਹਲੇਬੇਨ ਅਨੁਸਾਰ ਦਰੱਖਤਾਂ ਦੀ ਵੀ ਇਕ ਬੋਲੀ ਹੁੰਦੀ ਹੈ, ਜੋ ਹਰ ਇਲਾਕੇ ਵਿਚ ਵੱਖਰੀ-ਵੱਖਰੀ ਹੋ ਸਕਦੀ ਹੈ। ਉਹ ਦੱਸਦਾ ਹੈ ਕਿ ਜੰਗਲਾਂ ਦੇ ਮਿਜ਼ਾਜ ਵੀ ਹੁੰਦੇ ਹਨ, ਜੋ ਸਮੇਂ ਅਨੁਸਾਰ ਬਦਲਦੇ ਰਹਿੰਦੇ ਹਨ। ਜਿਵੇਂ ਬਾਬਾ ਫਰੀਦ ਜੀ ਦਾ ਫੁਰਮਾਨ ਹੈ,
ਫਰੀਦਾ ਰੁਤਿ ਫਿਰੀ ਵਣੁ ਕੰਬਿਆ॥
ਭਾਵ ਇਹ ਕਿ ਵਣ ਨੂੰ ਵੀ ਰੁੱਤ ਬਦਲਣ ਦਾ ਸਾਡੇ ਜਿੰਨਾ ਹੀ, ਸ਼ਾਇਦ ਸਾਡੇ ਤੋਂ ਵੀ ਵਧੇਰੇ, ਅਹਿਸਾਸ ਹੁੰਦਾ ਹੈ। ਜੰਗਲ ਵੀ ਬਹੁਤ ਸ਼ਿੱਦਤ ਨਾਲ ਚੀਜ਼ਾਂ ਨੂੰ ਮਹਿਸੂਸ ਕਰਦੇ ਹਨ। ਵੋਹਲੇਬੇਨ ਦਾ ਕਹਿਣਾ ਹੈ ਕਿ ਜਦੋਂ ਜੰਗਲ ਕੱਟਣ ਵਾਲੀ ਭਾਰੀ ਮਸ਼ੀਨਰੀ ਨੂੰ ਜੰਗਲ ਵਿਚ ਲਿਜਾਇਆ ਜਾਂਦਾ ਹੈ ਤਾਂ ਇਸ ਦਾ ਉਨ੍ਹਾਂ ਰੁੱਖਾਂ ਉਤੇ ਵੀ ਨਾਂਹ-ਪੱਖੀ ਪ੍ਰਭਾਵ ਪੈਂਦਾ ਹੈ, ਜਿਨ੍ਹਾਂ ਨੂੰ ਕੱਟਿਆ ਨਹੀਂ ਜਾਂਦਾ। ਇਸੇ ਲਈ ਵੋਹਲੇਬੇਨ ਨੇ ਆਪਣੇ ਪਿੰਡ ਵਾਲਿਆਂ ਨੂੰ ਨੇੜਲੇ ਇਕ ਜੰਗਲ ਵਿਚ ਮਸ਼ੀਨਰੀ ਦੇ ਦਾਖਲੇ ਉਤੇ ਪਾਬੰਦੀ ਲਾਉਣ ਲਈ ਰਾਜ਼ੀ ਕਰ ਲਿਆ। ਜੰਗਲ ਵਿਚਲੇ ਰੁੱਖ ਅਲਹਿਦਗੀ ਵਿਚ ਨਹੀਂ ਜਿਉਂਦੇ, ਸਗੋਂ ਇਕ ਸੋਸ਼ਲ ਨੈੱਟਵਰਕ ਵਿਚ ਬੱਝੇ ਹੁੰਦੇ ਹਨ। ਜੰਗਲ ਵਿਚ ਮਨੁੱਖਾਂ ਵੱਲੋਂ ਪਾਇਆ ਜਾਣ ਵਾਲਾ ਖਲਲ ਸਮੁੱਚੇ ਚੌਗਿਰਦੇ ਨੂੰ ਪ੍ਰਭਾਵਿਤ ਕਰਦਾ ਹੈ।
ਵੋਹਲੇਬੇਨ ਦਾ ਆਖਣਾ ਹੈ ਕਿ ਜੰਗਲੀ ਦਰੱਖਤ ਇਕ ਦੂਜੇ ਨਾਲ ਸੁਗੰਧ ਅਤੇ ਜੜ੍ਹਾਂ ਦੇ ਨੈੱਟਵਰਕ ਰਾਹੀਂ ਗੱਲਬਾਤ ਕਰਦੇ ਹਨ। ਅਫਰੀਕਾ ਦੇ ਅਕੇਸ਼ੀਆ ਨਾਂ ਦੇ ਰੁੱਖ ਦੇ ਪੱਤਿਆਂ ਨੂੰ ਜਦੋਂ ਕੋਈ ਜਿਰਾਫ ਖਾਣ ਲੱਗਦਾ ਹੈ ਤਾਂ ਉਹ ਰੁੱਖ ਆਪਣੇ ਆਲੇ-ਦੁਆਲੇ ਦੇ ਹੋਰ ਅਕੇਸ਼ੀਆ ਰੁੱਖਾਂ ਨੂੰ ਆਗਾਹ ਕਰਨ ਲਈ ਇਕ ਰਸਾਇਣ ਛੱਡਦਾ ਹੈ, ਜਿਸ ਦੀ ਗੰਧ ਤੋਂ ਬਾਕੀ ਰੁੱਖਾਂ ਨੂੰ ਖਤਰੇ ਦਾ ਅਹਿਸਾਸ ਹੋ ਜਾਂਦਾ ਹੈ। ਇਹ ਪਤਾ ਲੱਗਦਿਆਂ ਹੀ ਉਹ ਆਪਣੇ ਪੱਤਿਆਂ ਰਾਹੀਂ ਇਕ ਹੋਰ ਰਸਾਇਣ ਛੱਡਣ ਲੱਗਦੇ ਹਨ, ਜਿਸ ਦੀ ਗੰਧ ਜਿਰਾਫ ਨੂੰ ਚੰਗੀ ਨਹੀਂ ਲੱਗਦੀ ਤੇ ਉਹ ਭੱਜ ਜਾਂਦਾ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਜੰਗਲਵਾਨ ਸੁਜ਼ੈਨ ਸੀਮਰਦ ਨੇ ਤਾਂ ਇਹ ਵੀ ਸਾਬਤ ਕੀਤਾ ਹੈ ਕਿ ਜੰਗਲੀ ਦਰੱਖਤ ਆਪਣੇ ਮੁੱਢਾਂ ਦੇ ਆਲੇ-ਦੁਆਲੇ ਜੰਮੀ ਉਲੀ ਰਾਹੀਂ ਵੀ ਰਸਾਇਣੀ ਸੁਨੇਹੇ ਭੇਜ ਕੇ ਇਕ ਦੂਜੇ ਨਾਲ ਸੰਪਰਕ ਸਥਾਪਤ ਕਰ ਸਕਦੇ ਹਨ। ਇਸੇ ਤਰ੍ਹਾਂ ਰੁੱਖ ਜੜ੍ਹਾਂ ਰਾਹੀਂ ਸੰਚਾਰ ਸਥਾਪਤ ਕਰਨ ਦੇ ਨਾਲ-ਨਾਲ ਇਕ ਦੂਜੇ ਨਾਲ ਖੁਰਾਕ ਦਾ ਵਟਾਂਦਰਾ ਵੀ ਕਰਦੇ ਹਨ।
ਵੋਹਲੇਬੇਨ ਨੇ ਜਰਮਨੀ ਦੇ ਇਕ ਜੰਗਲ ਵਿਚ ਪੰਜ ਸਦੀਆਂ ਪਹਿਲਾਂ ਵੱਢੇ ਗਏ ਇਕ ਬਿਰਖ ਦਾ ਮੁੱਢ ਵੇਖਿਆ, ਜੋ ਅਜੇ ਵੀ ਹਰਾ ਸੀ। ਉਸ ਨੂੰ ਇਹ ਵੇਖ ਕੇ ਅਤਿਅੰਤ ਹੈਰਾਨੀ ਹੋਈ ਕਿ ਏਨਾ ਲੰਮਾ ਸਮਾਂ ਕੋਈ ਬਿਰਖ ਪੱਤਿਆਂ ਤੋਂ ਬਿਨਦ ਕਿਵੇਂ ਜਿਉਂਦਾ ਰਹਿ ਸਕਦਾ ਹੈ। ਥੋੜ੍ਹੀ ਛਾਣਬੀਣ ਪਿਛੋਂ ਪਤਾ ਲੱਗਾ ਕਿ ਆਲੇ-ਦੁਆਲੇ ਦੇ ਬਿਰਖ ਉਸ ਨੂੰ ਜਿਉਂਦਾ ਰੱਖਣ ਲਈ ਖੁਰਾਕ ਪ੍ਰਦਾਨ ਕਰ ਰਹੇ ਸਨ। ਵੋਹਲੇਬੇਨ ਦੱਸਦਾ ਹੈ ਕਿ ਜੰਗਲੀ ਬਿਰਖ ਅਜਿਹਾ ਕਿਸੇ ਕਿਸੇ ਖਾਸ ਬਿਰਖ ਲਈ ਹੀ ਕਰਦੇ ਹਨ, ਜਿਸ ਲਈ ਉਨ੍ਹਾਂ ਅੰਦਰ ਵਧੇਰੇ ਸਤਿਕਾਰ ਹੁੰਦਾ ਹੈ।
ਵੋਹਲੇਬੇਨ ਇਕ ਖਾਸ ਗੱਲ ਇਹ ਵੀ ਦੱਸਦਾ ਹੈ ਕਿ ਕੁਦਰਤਨ ਉਗੇ ਜੰਗਲਾਂ ਵਿਚਲੇ ਰੁੱਖਾਂ ਵਿਚ ਇਕ ਦੂਜੇ ਨਾਲ ਸੰਪਰਕ ਬਣਾਉਣ ਦੀ ਤਾਕਤ ਯੋਜਨਾਬੱਧ ਤਰੀਕੇ ਨਾਲ ਉਗਾਏ ਜੰਗਲਾਂ ਵਿਚਲੇ ਰੁੱਖਾਂ ਨਾਲੋਂ ਵਧੇਰੇ ਹੁੰਦੀ ਹੈ। ਜੇ ਕਿਸੇ ਕੁਦਰਤੀ ਜੰਗਲ ਨੂੰ ਉਜਾੜ ਕੇ ਓਨੇ ਹੀ ਰਕਬੇ ਵਿਚ ਰੁੱਖ ਲਾ ਵੀ ਦਿੱਤੇ ਜਾਣ ਤਾਂ ਵੀ ਉਹ ਗੱਲ ਨਹੀਂ ਬਣਦੀ, ਜੋ ਕੁਦਰਤੀ ਜੰਗਲ ਵਿਚ ਹੁੰਦੀ ਹੈ। ਉਹ ਕਹਿੰਦਾ ਹੈ ਕਿ ਮਸਨੂਈ ਜੰਗਲਾਂ ਵਿਚਲੇ ਦਰੱਖਤ ਸ਼ਹਿਰੀ ਨਿਆਣਿਆਂ ਜਿਹੇ ਹੁੰਦੇ ਹਨ, ਭੀੜ ਵਿਚ ਹੁੰਦਿਆਂ ਵੀ ‘ਕੱਲਮ-‘ਕੱਲੇ।
ਉਪਰੋਕਤ ਵਿਚਾਰਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਜੰਗਲ ਦਾ ਉਜਾੜਾ ਵੀ ਨਸਲਘਾਤ ਤੋਂ ਘੱਟ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਜੰਗਲ ਨੂੰ ਤਬਾਹ ਕਰਦੇ ਹਾਂ ਤਾਂ ਅਸੀਂ ਇਕ ਪੂਰਾ ਸਮਾਜਕ ਤਾਣਾ-ਬਾਣਾ ਉਜਾੜ ਦਿੰਦੇ ਹਾਂ, ਜੋ ਸਾਡੀਆਂ ਨਜ਼ਰਾਂ ਦੇ ਸਾਹਮਣੇ ਹੁੰਦਾ ਹੋਇਆ ਵੀ ਸਾਡੇ ਲਈ ਅਦਿੱਖ ਹੁੰਦਾ ਹੈ। ਅਜਿਹਾ ਕਰਦਿਆਂ ਅਸੀਂ ਸਿਰਫ ਕੁਦਰਤ ਦਾ ਹੀ ਉਜਾੜਾ ਨਹੀਂ ਕਰ ਰਹੇ ਹੁੰਦੇ, ਆਪਣੇ ਭੂਗੋਲਕ ਅਵਚੇਤਨ ਦਾ ਕਤਲ ਵੀ ਕਰ ਰਹੇ ਹੁੰਦੇ ਹਾਂ।
ਭੂਗੋਲਕ ਅਵਚੇਤਨ ਤੋਂ ਮੇਰਾ ਭਾਵ ਕਿਸੇ ਖਿੱਤੇ ਦੇ ਉਨ੍ਹਾਂ ਕੁਦਰਤੀ ਨਕਸ਼ਾਂ ਤੋਂ ਹੈ, ਜੋ ਉਥੋਂ ਦੇ ਵਾਤਾਵਰਣ ਦਾ ਅਟੁੱਟ ਅੰਗ ਹੋਣ ਦੇ ਨਾਲ ਨਾਲ ਉਥੋਂ ਦੇ ਸੱਭਿਆਚਾਰਕ ਅਵਚੇਤਨ ਨੂੰ ਘੜਨ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹੋਣ। ਜਿਨ੍ਹਾਂ ਇਲਾਕਿਆਂ ਨਾਲ ਸਮੁੰਦਰ ਲੱਗਦਾ ਹੋਵੇ, ਉਥੋਂ ਦੇ ਲੋਕਾਂ ਲਈ ਉਹ ਸਿਰਫ ਖੁਰਾਕ (ਮੱਛੀਆਂ) ਅਤੇ ਆਵਾਜਾਈ ਦਾ ਸਾਧਨ ਹੀ ਨਹੀਂ ਹੁੰਦਾ, ਸਗੋਂ ਉਥੋਂ ਦੀ ਰਹਿਤਲ, ਬੋਲੀ ਅਤੇ ਮਨੌਤਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸੇ ਤਰ੍ਹਾਂ ਹੀ ਮਾਰੂਥਲ ਹੁੰਦਾ ਹੈ। ਭਾਵੇਂ ਮਾਰੂਥਲ ਵਿਚ ਕੁਝ ਵੀ ਪੈਦਾ ਨਹੀਂ ਹੁੰਦਾ, ਪਰ ਮਾਰੂਥਲ ਵਿਚ ਰਹਿਣ ਵਾਲੇ ਲੋਕਾਂ ਦਾ ਰਹਿਣ-ਸਹਿਣ ਮਾਰੂਥਲ ਤੋਂ ਬਿਨਾ ਚਿਤਵਿਆ ਨਹੀਂ ਜਾ ਸਕਦਾ। ਕੈਨੇਡਾ ਦੇ ਮੂਲ-ਨਿਵਾਸੀ ਲੋਕਾਂ ਦੀ ਰਹਿਤਲ ਬਰਫ ਦੇ ਅਨੁਭਵ ਤੋਂ ਬਿਨਾ ਹੋਂਦ ਨਹੀਂ ਰੱਖਦੀ। ਆਧੁਨਿਕ ਵਿਗਿਆਨਕ ਨਜ਼ਰ ਲਈ ਕੁਦਰਤ ਦੇ ਇਹ ਨਕਸ਼ ਸਮੱਸਿਆਵਾਂ ਤੋਂ ਵੱਧ ਕੋਈ ਦਰਜਾ ਨਹੀਂ ਰੱਖਦੇ, ਜਿਨ੍ਹਾਂ ਨੂੰ ਤਕਨਾਲੋਜੀ ਦੇ ਆਸਰੇ ਹੱਲ ਕੀਤਾ ਜਾਣਾ ਹੁੰਦਾ ਹੈ; ਪਰ ਅਸਲ ਵਿਚ ਕੁਦਰਤ ਦੇ ਇਨ੍ਹਾਂ ਨਕਸ਼ਾਂ ਰਾਹੀਂ ਹੀ ਕਿਸੇ ਕੌਮ ਦਾ ਸੱਭਿਆਚਾਰਕ ਅਵਚੇਤਨ ਘੜਿਆ ਜਾਂਦਾ ਹੈ।
ਪੰਜਾਬ ਦੇ ਸੱਭਿਆਚਾਰਕ ਅਵਚੇਤਨ ਨੂੰ ਘੜਨ ਵਿਚ ਇੱਥੋਂ ਦੇ ਦਰਿਆਵਾਂ, ਮਿੱਟੀ ਦੇ ਉਪਜਾਊਪਣ, ਧਰਤੀ ਹੇਠਲੇ ਪਾਣੀ ਅਤੇ ਜੰਗਲ-ਬੇਲਿਆਂ ਨੇ ਬਹੁਤ ਅਹਿਮ ਰੋਲ ਨਿਭਾਇਆ ਹੈ। ਅੱਜ ਇਹ ਚਾਰੇ ਨਕਸ਼ ਹੀ ਖੁਰਨ ਦੇ ਕੰਢੇ ਉਤੇ ਖੜ੍ਹੇ ਹਨ। ਕੁਦਰਤ ਦੇ ਇਨ੍ਹਾਂ ਨਕਸ਼ਾਂ ਤੋਂ ਬਿਨਾ ਪੰਜਾਬ ਦੀ ਨਿਵੇਕਲੀ ਸੱਭਿਆਚਾਰਕ ਹੋਂਦ ਨੂੰ ਬਹੁਤੀ ਦੇਰ ਜਿਉਂਦਾ ਨਹੀਂ ਰੱਖਿਆ ਜਾ ਸਕਦਾ।
ਪੁਰਾਤਨ ਪੰਜਾਬ ਵਿਚ ਬਹੁਤੇ ਪਿੰਡਾਂ ਦੇ ਨਾਲ ਇਕ ਸੰਘਣਾ ਵਣ ਹੁੰਦਾ ਸੀ, ਜਿਸ ਨੂੰ ਮਾਲਵੇ ਵਿਚ ਆਮ ਕਰਕੇ ਝਿੜੀ ਕਿਹਾ ਜਾਂਦਾ ਹੈ। ਇਹ ਝਿੜੀਆਂ ਜੀਵ-ਜੰਤੂਆਂ ਦੀ ਪਨਾਹਗਾਹ ਵਜੋਂ ਕੰਮ ਕਰਨ ਦੇ ਨਾਲ-ਨਾਲ ਪਿੰਡ ਦੀ ਆਬੋ-ਹਵਾ ਨੂੰ ਸਾਫ ਰੱਖਣ ਅਤੇ ਮੀਂਹ ਦਾ ਪਾਣੀ ਧਰਤੀ ਵਿਚ ਜਜ਼ਬ ਕਰਨ ਵਿਚ ਵੀ ਯੋਗਦਾਨ ਪਾਉਂਦੀਆਂ ਸਨ, ਪਰ ਇਨ੍ਹਾਂ ਝਿੜੀਆਂ ਦੀ ਸਭ ਤੋਂ ਵੱਡੀ ਦੇਣ ਲੋਕ-ਮਨਾਂ ਅੰਦਰ ਕੁਦਰਤ ਦੇ ਨਾਯਾਬ ਹੁਸਨ ਦੀ ਤਸਵੀਰ ਨੂੰ ਧੁੰਦਲਾ ਨਾ ਪੈਣ ਦੇਣਾ ਸੀ। ਜਦੋਂ ਨਿਆਣੇ ਝਿੜੀ ਕੋਲ ਦੀ ਲੰਘਦੇ ਤਾਂ ਵਡੇਰਿਆਂ ਤੋਂ ਸੁਣੀਆਂ ਬਾਤਾਂ ਵਿਚਲੇ ਭੂਤ-ਪ੍ਰੇਤ ਤੇ ਆਤਮਾਵਾਂ ਉਨ੍ਹਾਂ ਦੀ ਕਲਪਨਾ ਵਿਚ ਸਜੀਵ ਹੋ ਉਠਦੀਆਂ। ਇਹ ਝਿੜੀਆਂ ਸਾਡੀ ਲੋਕ-ਧਾਰਾ ਦਾ ਅਟੁੱਟ ਅੰਗ ਸਨ। ਇਨ੍ਹਾਂ ਝਿੜੀਆਂ ਉਤੇ ਮੇਲੇ ਵੀ ਲੱਗਦੇ ਸਨ। ਮਸ਼ੀਨੀਕਰਨ ਅਤੇ ਉਦਯੋਗੀਕਰਨ ਨੇ ਇਨ੍ਹਾਂ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ। ਜਿਹੜਾ ਥੋੜ੍ਹਾ ਜਿਹਾ ਬਚਿਆ ਹੈ, ਜੇ ਉਹ ਵੀ ਉਜੜ ਗਿਆ ਤਾਂ ਸਾਡੇ ਲਈ ਵੱਡੀ ਸ਼ਰਮ ਦੀ ਗੱਲ ਹੋਵੇਗੀ।
ਪੰਜਾਬ ਦੇ ਜੰਗਲਾਂ ਨੂੰ ਬਚਾਉਣ ਦਾ ਸੰਘਰਸ਼ ਪੰਜਾਬ ਦੇ ਸੱਭਿਆਚਾਰਕ ਅਤੇ ਭੂਗੋਲਕ ਅਵਚੇਤਨ ਨੂੰ ਬਚਾਉਣ ਦਾ ਸੰਘਰਸ਼ ਹੈ। ਸਮੂਹ ਪੰਜਾਬ-ਹਿਤੈਸ਼ੀਆਂ ਨੂੰ ਵਿਚਾਰਧਾਰਕ ਵਲਗਣਾਂ ਵਿਚੋਂ ਬਾਹਰ ਆ ਕੇ ਇਹ ਸੰਘਰਸ਼ ਲੜਨਾ ਚਾਹੀਦਾ ਹੈ। ਸਰਕਾਰ ਉਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਉਤੇ ਜੰਗਲ ਲਾਏ ਜਾਣ। ਨਾਲ ਹੀ ਸਮੂਹ ਪਰਵਾਸੀ ਵੀਰਾਂ-ਭੈਣਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਪੰਜਾਬ ਵਿਚਲੀਆਂ ਜ਼ਮੀਨਾਂ ਦੇ ਘੱਟੋ-ਘੱਟ ਤੀਜੇ ਹਿੱਸੇ ਉਤੇ ਜੰਗਲ ਜਰੂਰ ਲਾਉਣ। ਜੰਗਲ ਹੇਠਲਾ ਰਕਬਾ ਵਧਣ ਨਾਲ ਪੰਜਾਬ ਦੀ ਆਬੋ-ਹਵਾ ਦਾ ਸੁਧਾਰ ਤਾਂ ਹੋਵੇਗਾ ਹੀ, ਪੰਜਾਬ ਦੇ ਸੁੱਕ ਰਹੇ ਸੱਭਿਆਚਾਰਕ ਅਵਚੇਤਨ ਦੀ ਹਰਿਆਵਲ ਵੀ ਵਾਪਸ ਆਵੇਗੀ।