‘ਕੁਝ ਨਾ ਕਹੋ’ ਪੜ੍ਹਦਿਆਂ

ਡਾ. ਗੁਰਬਖਸ਼ ਸਿੰਘ ਭੰਡਾਲ
ਰਵਿੰਦਰ ਸਹਿਰਾਅ ਪ੍ਰੋਢ, ਪ੍ਰਗਤੀਸ਼ੀਲ ਅਤੇ ਪ੍ਰਤੀਬੱਧ ਕਵੀ ਹੈ। ਸੰਵੇਦਨਾ ਸੰਗ ਭਰਪੂਰ ਅਤੇ ਚਿੰਤਾ ਤੋਂ ਚੇਤਨਾ ਤੇ ਚਿੰਤਨ ਦੇ ਸਫਰ ਦਾ ਰਾਹੀ। ਉਹ ਰਾਜਸੀ ਸੰਵੇਦਨਾ, ਸਮਝ ਤੇ ਸੋਚ ਦੇ ਪ੍ਰਵਚਨਾਂ ਨਾਲ ਤਬਦੀਲੀ ਦੀ ਅਭਿਲਾਸ਼ਾ ਪਾਲਦਾ ਹੈ। ਉਸ ਨੇ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰਤਾਂ ਵਿਚੋਂ ਜੀਵਨ ਦਾ ਕਰੂਰ ਸੱਚ ਦੇਖਿਆ ਅਤੇ ਹੰਢਾਇਆ ਹੈ। ਰੂਹਦਾਰ, ਰਮਜ਼ੀ ਤੇ ਰੰਗਰੇਜ਼ੀ ਭਾਅ ਵਾਲੇ ਰਵਿੰਦਰ ਵਿਚ ਸਮਾਇਆ ਹੋਇਆ ਏ-ਸੁਹਜ, ਸਿਆਣਪ ਤੇ ਸਰੋਕਾਰੀ ਸਮਝ।

ਸਮਾਜਕ ਤਾਣੇ-ਬਾਣੇ ਦੀਆਂ ਤੰਦਾਂ ਦਾ ਜ਼ਰਜ਼ਰੀ ਹੋਣਾ, ਰਿਸ਼ਤਈ ਰੰਗਾਂ ਦਾ ਕੱਚੜਾਪਣ ਅਤੇ ਰਾਜਸੀ ਧਰਾਤਲ ਦੀ ਬਾਰੀਕਬੀਨੀ ਨਾਲ ਝਾਤੀ ਮਾਰ ਕੇ, ਇਸ ਦੀਆਂ ਤਹਿਆਂ ਨੂੰ ਫਰੋਲਣ ਅਤੇ ਸਮਝਣ ਦੀ ਕਰਤਾਰੀ ਸੂਝ ਹੈ, ਸਹਿਰਾਅ ਦੀ ਖਾਸੀਅਤ। ਉਸ ਨੇ ਜ਼ਿੰਦਗੀ ਦੇ ਸੱਚ ਨੂੰ ਪਹਿਲੀ ਉਮਰੇ ਹੀ ਜਾਣ ਲਿਆ ਸੀ। ਇਸ ਕਰਕੇ ਹੀ ਉਸ ਦੇ ਹਰਫਾਂ ਵਿਚ ਲਿਤਾੜੇ ਤੇ ਨਿਮਾਣੇ ਲੋਕਾਂ ਦਾ ਦਰਦ ਅਤੇ ਰਾਜਸੀ ਧੌਂਸ ਦੀਆਂ ਕਾਲਖੀ ਪਰਤਾਂ ਨੂੰ ਜੱਗ-ਜਾਹਰ ਕਰਨ ਦਾ ਦਮ ਹੈ।
‘ਕੁਝ ਨਾ ਕਹੋ’ ਕਾਵਿ-ਪੁਸਤਕ ਆਪਣੇ ਨਾਮਕਰਨ ਤੋਂ ਉਲਟ ਬਹੁਤ ਕੁਝ ਕਹਿੰਦੀ ਹੈ। ਪਾਠਕ ਦੇ ਮਨ ਵਿਚ ਪ੍ਰਸ਼ਨਾਂ ਦੀ ਉਥਲ-ਪੁਥਲ ਪੈਦਾ ਕਰਦੀ ਹੈ, ਜਿਨ੍ਹਾਂ ਦਾ ਜਵਾਬ ਪਾਠਕ ਨੂੰ ਆਪਣੇ ਅੰਤਰੀਵ ਵਿਚ ਲੱਭਣਾ ਪੈਣਾ ਏ। ਕਵਿਤਾ ਬੋਲ ਕੇ ਬਹੁਤ ਕੁਝ ਦੱਸਣ ਅਤੇ ਸਮਝਾਉਣ ਤੋਂ ਇਲਾਵਾ ਅਬੋਲ ਰਹਿ ਕੇ ਬਹੁਤ ਕੁਝ ਅਰਥਾਂ ਵਿਚ ਧਰਦੀ ਏ। ਮਨੁੱਖੀ ਸੰਵੇਦਨਾ ਨੂੰ ਹਲੂਣਦੀ ਹੈ। ਰਵਿੰਦਰ ਸਹਿਰਾਅ ਮੂਲ ਰੂਪ ਵਿਚ ਰਾਜਸੀ ਪ੍ਰਵਚਨਾਂ ਨਾਲ ਸੰਵਾਦ ਰਚਾਉਂਦਾ ਹੈ ਅਤੇ ਸੰਸਾਰਕ ਪੱਧਰ ‘ਤੇ ਰਾਜਸੀ ਅਵਚੇਤਨ ਨੂੰ ਜਾਣਦਾ ਤੇ ਪਛਾਣਦਾ ਹੈ। ਇਹ ਕਵਿਤਾ ਪਰਤ-ਦਰ-ਪਰਤ ਬਹੁਤ ਕੁਝ ਕਹਿੰਦੀ, ਸੁਣਦੀ-ਸੁਣਾਉਂਦੀ ਬੋਲਦੀ-ਬੁਲਾਉਂਦੀ ਅਤੇ ਸੁੱਤੇ ਹੋਏ ਮਨੁੱਖ ਨੂੰ ਜਗਾਉਂਦੀ ਹੈ। ਇਹੀ ਤਾਂ ਬਹੁਤ ਕੁਝ ਕਹਿਣ ਦਾ ਸੱਚ ਹੈ।
ਪੰਜਾਬ ਪ੍ਰਤੀ ਉਦਾਸੀ ਦਾ ਕੇਹਾ ਆਲਮ ਕਿ ਉਹ ਹਤਾਸ਼ ਹੋਇਆ ਕਹਿੰਦਾ ਹੈ,
ਉਦਾਸੀ ਦੇ ਆਲਮ ‘ਚ
ਉਹ ਤੇ ਕਿਤਾਬਾਂ
ਰਲ ਬਹਿੰਦੇ ਨੇ…
ਤੇ ਦਿਲ ਦੀਆਂ ਗੱਲਾਂ ਕਹਿੰਦੇ ਨੇ।
ਕਿਤਾਬਾਂ ਨੂੰ ਦਰਦ ਸੁਣਉਣਾ ਅਤੇ ਕਿਤਾਬਾਂ ਵਿਚਲੇ ਦਰਦ ਨੂੰ ਪਛਾਣਨਾ, ਉਸ ਦਾ ਨਿੱਤ ਦਾ ਕਰਮ-ਧਰਮ ਹੈ। ਤਾਂ ਹੀ ਉਹ ਅਮਰੀਕਾ ਵਿਚ ਰਹਿੰਦਿਆਂ ਵੀ ਪੰਜਾਬ ਪ੍ਰਤੀ ਫਿਕਰਮੰਦ ਹੈ, ਕਿਉਂਕਿ ਉਹ ਤਾਂ,
ਆਪਣੀ ਹੋਂਦ ਬਸ ਬਜਿੱਦ ਹੈ
ਵਗਣ ਲਈ,
ਦਰਿਆ ਨੂੰ ਮਿਲਣ ਲਈ।
ਇਹੀ ਪ੍ਰਤੀਬੱਧਤਾ ਹੈ, ਰਵਿੰਦਰ ਦੀ ਕਵਿਤਾ ਦੀ, ਉਸ ਦੀ ਸੋਚ ਦੀ, ਵਿਲੱਖਣਤਾ ਦੀ ਅਤੇ ਸਮੁੱਚ ਵਿਚਲੇ ਵਿਕਲੋਤਰੇਪਣ ਦੀ। ਇਸ ਵਿਚੋਂ ਉਹ ਆਪਣੀ ਪਛਾਣ ਨੂੰ ਸਿਰਜਣ ਦੇ ਆਹਰ ਵਿਚ ਹੈ। ਉਹ ਆਪਣੇ ਪਿੰਡ ਰਾਹੀਂ ਆਪਣੇ ਆਪ ਨੂੰ ਮਿਲਦਾ ਹੈ ਅਤੇ ਇਸ ਮਿਲਣੀ ਵਿਚੋਂ ਉਹ ਆਪਣੇ ਬੀਤੇ ਨੂੰ ਪਛਾਣਦਾ, ਆਪਣੀ ਜੜ੍ਹਾਂ ਦੀ ਜਾਮਾ-ਤਲਾਸ਼ੀ ਵੀ ਕਰਦਾ ਹੈ। ਆਪਣਿਆਂ ਦੀ ਸੁੱਖਸਾਂਦ ਵਿਚੋਂ ਦਰਅਸਲ ਪੰਜਾਬ ਦੀ ਫਿਕਰਮੰਦੀ ਦਾ ਨਾਮਕਰਨ ਬਣ ਜਾਂਦਾ ਏ। ਉਹ ਜਾਣਦਾ ਹੈ,
ਸਭ ਅੱਛਾ ਤਾਂ ਏਧਰ ਵੀ ਨਹੀਂ
ਕਿਧਰੇ ਵੀ ਨਹੀਂ ਸ਼ਾਇਦ
ਕੁਝ ਨਾ ਕੁਝ ਅਲਾਮਤਾਂ
ਹਰ ਥਾਂ ਹੀ ਹੁੰਦੀਆਂ ਨੇ।
ਰਵਿੰਦਰ ਸਹਿਰਾਅ ਬਹੁਤ ਓਦਰਿਆ ਅਤੇ ਹਤਾਸ਼ ਹੈ, ਇਸ ਮਕਾਨਕੀ ਜ਼ਿੰਦਗੀ ਦੀ ਦੌੜਭੱਜ ਤੋਂ ਅਤੇ ਆਪਣੇ ਆਪ ਨੂੰ ਮਿਲਣ ਲਈ ਤਰਸਦਾ ਹੈ। ਤਾਂ ਹੀ ਉਸ ਨੂੰ ਨਿਊ ਯਾਰਕ ਜਿਹੇ ਸ਼ਹਿਰ ਦੀਆਂ ਰੰਗੀਨੀਆਂ, ਅੰਬਰ ਛੂਹੰਦੀਆਂ ਇਮਾਰਤਾਂ ਅਤੇ ਲੋਕਾਂ ਦੀ ਚਹਿਲ-ਪਹਿਲ ਖਿੱਚ ਨਹੀਂ ਪਾਉਂਦੀ। ਉਹ ਮੰਨਦਾ ਹੈ,
ਪਰ ਮੈਨੂੰ
ਖਿੱਚ ਪਾਉਂਦਾ ਨਿਊ ਯਾਰਕ
ਦਲਜੀਤ ਮੋਖਾ ਤੇ ਸੁਰਿੰਦਰ ਸੋਹਲ ਕਰਕੇ।
ਉਹ ਬਹੁਤ ਹੀ ਮਾਸੂਮ, ਕੋਮਲਭਾਵੀ ਅਤੇ ਸਹਿਜਭਾਵੀ ਸੋਚ ਦਾ ਮਾਲਕ ਹੈ, ਤਾਂ ਹੀ ਉਹ ਆਪਣੀ ਰੂਹ ਨੂੰ ਮਿਲਣ ਲਈ ਜਾਚਨਾ ਕਰਦਾ ਹੈ,
ਮਨ-ਮਸਤਕ ਵਿਚ
ਖਲਬਲੀ ਪਾਉਂਦੀ
ਕਿਸੇ ਪਿਆਰੀ ਨਜ਼ਮ ਵਾਂਗ।
ਦਰਅਸਲ ਨਜ਼ਮ ਵਾਂਗ ਮਿਲਣਾ ਹੀ ਅਸਲ ਵਿਚ ਮਿਲਣਾ ਹੁੰਦਾ, ਕਿਉਂਕਿ ਨਜ਼ਮ ਵਿਚ ਉਤਰ ਕੇ ਹੀ ਵਜੂਦ, ਬੇਵਜੂਦ ਹੁੰਦਾ। ਤਾਂ ਹੀ ਸੁੱਤ-ਉਨੀਂਦਰੇ ਵਿਚ ਨਜ਼ਮ ਨਾਲ ਸੰਵਾਦ ਰਚਾਉਂਦਾ,
ਅੱਖ ਖੁੱਲਣ ‘ਤੇ ਦੰਗ ਰਹਿ ਗਿਆ
ਦਰਵਾਜੇ ‘ਤੇ ਨਜ਼ਮ ਖੜੀ ਸੀ।
ਰਾਜਸੀ ਚੇਤਨਾ ਜਦ ਰਾਜਸੀ ਮੋਹਰਿਆਂ ਦੇ ਹੱਥੇ ਚੜ੍ਹਦੀ ਤਾਂ ਉਹ ਕੂਕਦਾ,
ਅਸੀਂ ਇਕ ਤੋਂ ਦੋ, ਦੋ ਤੋਂ ਚਾਰ
ਤੇ ਫਿਰ ਪਤਾ ਨਹੀਂ
ਕਿੰਨਿਆਂ ‘ਚ ਵੰਡੇ ਗਏ।
ਆਪੋ-ਆਪਣੀ ਡਫਲੀ ਤੇ ਆਪੋ ਆਪਣੇ ਰਾਗ ਦੀ ਆਪਾ-ਧਾਪੀ ਵਿਚ ਗਵਾਚ ਜਾਂਦੀ ਹੈ, ਸਮਾਜਕ ਪ੍ਰਤੀਬੱਧਤਾ। ਰਾਜਸੀ ਧੜਿਆਂ ਵਿਚ ਨਿਜੀ ਹਉਮੈ ਖਾਤਰ ਪਈਆਂ ਵੰਡੀਆਂ ਦਾ ਕੱਚਾ ਚਿੱਠਾ ਹੈ, ਉਸ ਦਾ ਕਾਵਿ-ਬੋਧ।
ਕਵਿਤਾ ਖੁਦ ਨੂੰ ਉਲਥਾਉਣ ਅਤੇ ਅੰਤਰੀਵ ਨੂੰ ਜਗਾਉਣ ਦਾ ਨਾਮ। ਰਵਿੰਦਰ ਸਹਿਰਾਅ ‘ਸਿਰਜਕ’ ਕਵਿਤਾ ਵਿਚ ਦਰਸਅਲ ਖੁਦ ਨੂੰ ਪਰਿਭਾਸ਼ਤ ਕਰ ਰਿਹਾ ਹੈ, ਕਿਉਂਕਿ ਸਿਰਜਕ ਦਾ ਨਿਮਰ ਰਹਿਣਾ ਅਤੇ ਖੁਦ ਦੇ ਵਿਸ਼ਲੇਸ਼ਣ ਵਿਚੋਂ ਆਪਣੀਆਂ ਤਰਜ਼ੀਹਾਂ ਤੇ ਤਮੰਨਾਵਾਂ ਨੂੰ ਮਨਫੀ ਕਰਨਾ ਜਦ ਕਿਸੇ ਦਾ ਕਰਮ ਬਣ ਜਾਵੇ ਤਾਂ ਕਵੀ ਤੇ ਕਵਿਤਾ ਇਕਮਿੱਕ ਹੋ ਜਾਂਦੇ।
ਰਵਿੰਦਰ ਤੂਫਾਨਾਂ ਤੇ ਝੱਖੜਾਂ ਤੋਂ ਅਡੋਲ ਅਤੇ ਆਪਣੀ ਤੋਰੇ ਜ਼ਿੰਦਗੀ ਨੂੰ ਜਿਉਣ ਵਾਲਾ ਸ਼ਖਸ ਹੈ ਤਾਂ ਹੀ ਉਸ ਦੀ ਕਵਿਤਾ ਵਿਚਲੀ ਚਿੱਤ-ਚਿੜੀ ਕਹਿੰਦੀ ਹੈ,
ਤੂਫਾਨਾਂ ਤੋਂ ਡਰ ਕੇ
ਮੈਂ ਬਹਿ ਨਹੀਂ ਸਕਦੀ
ਮੇਰੀ ਪਿਆਰੀਏ ਹਵਾਏ
ਇਸ ਤੋਂ ਵੱਧ ਮੈਂ ਤੈਨੂੰ
ਕੁਝ ਕਹਿ ਨਹੀਂ ਸਕਦੀ।
ਕਵਿਤਾ ਨੂੰ ਹਰ ਦਮ ਜਿਉਂਦਾ ਅਤੇ ਕਵਿਤਾ ਬਣਿਆ ਸਹਿਰਾਅ ਵੀ ਮਨ ਵਿਚ ਤਾਂਘ ਪਾਲਦਾ ਹੈ,
ਮੇਰਾ ਵੀ ਦਿਲ ਕਰਦਾ ਹੈ
ਲਿਖਾਂ ਕੋਈ ਕਵਿਤਾ
ਤੇ ਕਵਿਤਾ ਦਾ ਮਹੀਨਾ ਮਨਾਵਾਂ…
ਤੇ ਹਰ ਚਿਹਰੇ ਨੂੰ
ਖਿੜੇ ਹੋਏ ਫੁੱਲਾਂ ਵਾਂਗ ਸਜਾਵਾਂ।
ਫੁੱਲਾਂ ਵਾਂਗ ਸਜਣ ਅਤੇ ਸਜਾਉਣ ਦੀ ਲੋਚਾ-ਪੂਰਤੀ ਵਿਚੋਂ ਹੀ ਸਹਿਰਾਅ ਨੂੰ ਸਮਝਿਆ ਤੇ ਸਿਆਣਿਆ ਜਾ ਸਕਦਾ ਹੈ। ਉਸ ਦੇ ਮਨ ਵਿਚ ਬੀਤੇ ਨੂੰ ਮਿਲਣ ਦੀ ਚਾਹਤ ਹੈ। ਪਿਆਰੇ ਦਿਨਾਂ ਦੀ ਪਾਕੀਜ਼ਗੀ ਵਿਚੋਂ ਮਿਲੀ ਸੁਪਨ-ਪਾਹੁਲ ਨੂੰ ਯਾਦ ਕਰਦਿਆਂ ਹਰਫਾਂ ਵਿਚ ਉਤਰਦਾ ਹੈ,
ਜੇ ਮਿਲ ਜਾਣ ਮੈਨੂੰ
ਅਤੀਤ ਵਿਚ ਗੁਆਚੇ ਉਹ ਛਿੱਣ
ਭਾਵੇਂ ਇਕ ਹੀ ਛਿਣ ਕਿਉਂ ਨਾ ਹੋਵੇ…
ਜੋ ਕੁਝ ਵੀ ਹੈ ਮੇਰਾ
ਉਸ ਤੋਂ ਵਾਰਾਂਗਾ।
ਰਵਿੰਦਰ ਸਹਿਰਾਅ ਆਪਣੀ ਕਵਿਤਾ ਵਿਚ ਵਾਰ ਵਾਰ ਖੁਦ ਨੂੰ ਮਿਲਣ ਦਾ ਵਿਸਮਾਦ ਮਾਣਨਾ ਚਾਹੁੰਦਾ ਹੈ, ਤਾਂ ਹੀ ਉਸ ਦੇ ਅਲਫਾਜ਼ ਤਰਲਾ ਪਾਉਂਦੇ,
ਜੇ ਮਿਲਣਾ ਹੈ ਤਾਂ ਇਸ ਤਰ੍ਹਾਂ ਮਿਲੀ
ਜਿਵੇਂ ਢਲ ਰਹੇ ਸੂਰਜ ਦਾ ਅਕਸ
ਆਹਿਸਤਾ ਆਹਿਸਤਾ
ਝੀਲ ਦੇ ਪਾਣੀ ‘ਚ ਲੋਪ ਹੋ ਜਾਂਦਾ ਹੈ।
ਇਸ ਨੂੰ ਕਹਿੰਦੇ ਨੇ ਸਮਾ ਕੇ ਬਹੁਤ ਕੁਝ ਪਾਉਣ ਦੀ ਤੜਪ। ਸਥਾਪਤ ਫਰੇਮਾਂ ਵਿਚ ਕਦ ਫਿੱਟ ਹੁੰਦੀਆਂ ਨੇ ਬੇਬਾਕ, ਬੇਪ੍ਰਵਾਹ ਅਤੇ ਫੱਕਰਤਾ ਵਿਚੋਂ ਉਗੀਆਂ ਸਹਿਰਾਅ ਦੀਆਂ ਨਜ਼ਮਾਂ!
ਤੁਸੀਂ ਪਰਖਦੇ ਹੋ ਮੇਰੀਆਂ ਨਜ਼ਮਾਂ
ਆਪਣੇ ਹੀ ਪੈਮਾਨੇ ਨਾਲ।
ਸੱਚ ਤਾਂ ਇਹ ਹੈ ਕਿ ਸੀਮਤ ਦਾਇਰਿਆਂ ਵਿਚ ਰਹਿੰਦਿਆਂ ਸੋਚ ਸੁੰਗੜਦੀ ਹੈ, ਵਿਚਾਰਧਾਰਾ ਵਿਯੋਗੀ ਜਾਂਦੀ ਏ ਅਤੇ ਸਾਹ ਵਰੋਲਦੀ ਏ, ਸੁਖਨ-ਸੁਨੇਹੇ ਵਣਜਣ ਵਾਲੀ ਕਵਿਤਾ। ਸਫਲ ਤੇ ਅਸਫਲਤਾ ਦਾ ਨਿਖੇੜਾ ਕਰਦਿਆਂ, ਉਸ ਦੇ ਅੱਖਰ ਬੋਲਦੇ,
ਅਸਫਲਤਾ ਤੋਂ ਡਰ ਕੇ
ਘਰ ਬਹਿ ਜਾਣਾ ਹੀ ਅਸਫਲਤਾ ਹੈ
ਯਤਨ ਛੱਡ ਦੇਣਾ
ਤੇ ਕੁਝ ਨਾ ਪਾਉਣਾ ਹੀ ਅਸਫਲਤਾ ਹੈ।
ਸਫਲ-ਅਸਫਲ, ਸਾਡੇ ਮਨ ਤੋਂ ਸੋਚ, ਫਿਰ ਕਰਮ ਅਤੇ ਬਾਅਦ ਵਿਚ ਪ੍ਰਾਪਤੀ-ਅਪ੍ਰਾਪਤੀ ਦਾ ਸਿਰਨਾਵਾਂ ਹੁੰਦਾ। ਸਫਲ ਹੋਣ ਲਈ ਸੋਚ ਦੀ ਸਪੱਸ਼ਟਤਾ, ਸਿਰੜ ਅਤੇ ਨਿਰੰਤਰਤਾ ਜਰੂਰੀ ਹੈ, ਜਿਸ ਨਾਲ ਮਿਲਦਾ ਹੈ ਸੁਪਨਿਆਂ ਨੂੰ ਜੁਗ-ਜਿਉਣ ਦਾ ਵਰਦਾਨ। ਸ਼ਾਇਰ ਸਹਿਰਾਅ ਜੀਵਨ ਦੇ ਸੂਖਮ ਸੱਚ ਨੂੰ ਮੁਖਾਤਬ ਹੁੰਦਾ ਹੈ,
ਅੱਤ ਨਾ ਬਹੁਤਾ ਮੇਘਲਾ
ਅੱਤ ਨਾ ਬਹੁਤੀ ਧੁੱਪ
ਅੱਤ ਨਾ ਬਹੁਤਾ ਬੋਲਣਾ
ਅੱਤ ਨਾ ਬਹੁਤੀ ਚੁੱਪ।
ਇਹ ਹੀ ਹੈ, ਸਦੀਵ ਤੇ ਸਥਾਪਤ ਸੱਚ, ਜੋ ਨਵੀਨਤਮ ਬੁਲੰਦੀਆਂ ਦਾ ਨਾਮਕਰਨ ਵੀ ਹੈ। ਰਵਿੰਦਰ ਜਦ ਬਿਰਖ ਨਾਲ ਸੰਵਾਦ ਰਚਾਉਂਦਾ ਹੈ ਤਾਂ ਉਹ ਬਿਰਖ ਹੀ ਬਣ ਜਾਂਦਾ ਏ,
ਕਿਤੇ ਬਿਹਤਰ ਲੱਗਦਾ ਹੈ
ਮਨੁੱਖਾਂ ਨਾਲੋਂ ਰੁੱਖਾਂ ਨਾਲ ਗੱਲਾਂ ਕਰਨਾ
ਰੁੱਖ ਬੂਟੇ ਨਹੀਂ ਕਰਦੇ
ਆਏ ਗਏ ਦੀਆਂ ਚੁਗਲੀਆਂ।
ਕਦੇ ਬਿਰਖ ਬਣ ਕੇ ਇਨ੍ਹਾਂ ਦੀਆਂ ਨਿਆਮਤਾਂ ਦੀ ਆਰਤੀ ਉਤਾਰਨਾ, ਸਵੈ-ਸਿਰਜੀਆਂ ਮੂਰਤੀਆਂ ਦੀ ਆਰਤੀ ਉਤਾਰਨ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ।
ਰਵਿੰਦਰ ਸੱਜਣਾਂ ਦਾ ਸੱਜਣ ਹੈ। ਉਸ ਨੂੰ ਸਾਝਾਂ ਤੇ ਦੋਸਤੀਆਂ ਬਣਾਉਣੀਆਂ ਤੇ ਨਿਭਾਉਣੀਆਂ ਵੀ ਆਉਂਦੀਆਂ,
ਦਲਜੀਤ ਮੋਖਾ ਦੀ ਕਿਤਾਬ
ਜੋ ਸੋਹਲ ਨੇ ਮੇਲ ਕੀਤੀ ਸੀ
ਮਿਲ ਗਈ ਹੈ
ਕਿਤਾਬ ਤੋਂ ਨਿਗਾਹ ਨਹੀਂ ਹਟਦੀ
ਸਾਰੀ ਥਕਾਵਟ ਦੂਰ ਹੋ ਗਈ ਹੈ।
ਸੱਜਣਾਂ ਦੇ ਸੁਨੇਹੇ ਅਤੇ ਉਨ੍ਹਾਂ ਦੀ ਸ਼ਬਦ-ਜੋਤ ‘ਚੋਂ ਸਕੂਨ ਦੇ ਅਰਥ ਤਲਾਸ਼ਣੇ ਹੋਣ ਤਾਂ ਉਨ੍ਹਾਂ ਨੂੰ ਕਿਤਾਬਾਂ ਰਾਹੀਂ ਮਿਲਣਾ, ਗਲਵੱਕੜੀ ਜਿਹਾ ਅਹਿਸਾਸ ਮਨ ਵਿਚ ਤੈਰਨ ਲੱਗ ਪਵੇਗਾ। ਉਸ ਨੂੰ ਹਿਰਖ ਹੈ,
ਜਦੋਂ ਪਾੜਿਆਂ ਦੀਆਂ ਪਾਠ ਪੁਸਤਕਾਂ
ਚਿੱਟੀਆਂ ਨੀਲੀਆਂ
ਤੇ ਕਦੇ ਭਗਵੀਆਂ ਹੋਣ ਲੱਗਣ।
ਤਾਂ ਸੋਚ ਦਾ ਪੇਤਲੇ ਰੰਗਾਂ ਵਿਚ ਰੰਗੇ ਜਾਣਾ, ਮਜੀਠੀ ਸੋਚ ਨੂੰ ਨਮੋਸ਼ੀ ਵਿਚ ਧਕੇਲਦਾ ਏ। ਫਿਰ ਚੇਤਨਾ ‘ਚ ਚਿੰਤਾ ਨਹੀਂ, ਸਗੋਂ ਚਿਤਾ ਧੁਖਦੀ ਹੈ ਅਤੇ ਚਿੰਤਨ ਵਿਚੋਂ ਮੁਸ਼ਕ ਮਾਰਦੀ ਹੈ ਚੰਗੇਜ਼ਖਾਨੀ ਚਾਹਤ।
ਉਸ ਨੂੰ ਚੰਗਾ ਲੱਗਦਾ ਹੈ,
ਚੰਨ ਚਾਨਣੀ
ਰੁੱਖਾਂ ਦੀਆਂ ਟਾਹਣੀਆਂ ‘ਚੋਂ
ਛਣ ਛਣ ਕੇ ਆ ਰਹੀ ਹੈ
ਚਾਨਣੀ ਦਾ ਜ਼ਮੀਨ ਚੁੰਮਣਾ
ਕਿੰਨਾ ਚੰਗਾ ਲੱਗਦਾ ਹੈ।
ਰਵਿੰਦਰ ਸਹਿਰਾਅ ਨੇ ਕੁਝ ਕਾਵਿ ਰੇਖਾ-ਚਿੱਤਰ ਵੀ ਸੱਜਣ-ਪਿਆਰਿਆਂ ਦੇ ਲਿਖੇ ਹਨ, ਜਿਨ੍ਹਾਂ ਦੀ ਸ਼ਬਦ-ਜੜਤ ਵਿਚੋਂ ਉਨ੍ਹਾਂ ਦੀ ਸ਼ਖਸੀਅਤ ਦੇ ਦੀਦਾਰੇ ਹੁੰਦੇ ਨੇ, ਪਰ ਸਭ ਤੋਂ ਨਿਆਰੀ ਤੇ ਪਿਆਰੀ ਹੈ ਸ਼ਾਇਰ ਸੁਰਿੰਦਰ ਸੋਹਲ ਦੇ ਮਾਤਾ ਜੀ ‘ਬੱਬੋ’ ਦਾ ਰੇਖਾ-ਚਿੱਤਰ,
ਮੋਹ ਦਾ ਠੰਢਾ ਝਰਨਾ ਸੀ ਬੱਬੋ
ਹਾਸਿਆਂ ਦਾ ਅਤੁੱਟ ਜ਼ਖੀਰਾ
ਯਾਦਾਂ ਦਾ ਖਜਾਨਾ
ਅਤੇ ਮੁਹੱਬਤ ਦਾ ਸਿਰਨਾਵਾਂ।
ਰੂਹਦਾਰੀ ਨਾਲ ਹਰਫ-ਬ-ਹਰਫ ਮਮਤਾ ਦੀ ਮੂਰਤ ਦੀਆਂ ਪਰਤਾਂ ਫਰੋਲਦਾ, ਉਸ ਦੇ ਪਿਆਰ ਤੇ ਅਪਣੱਤ ਦੀ ਬਾਤਾਂ ਪਾਉਂਦਾ ਅਤੇ ‘ਬੱਬੋ’ ਦੀ ਪੁਰ-ਖੁਲਾਸ ਜ਼ਿੰਦਗੀ ਦੀਆਂ ਮਾਹੀਨ ਤਹਿਆਂ ਫਰੋਲਦਾ, ਇਹ ਕਾਵਿ-ਚਿੱਤਰ ਬਾ-ਕਮਾਲ ਹੈ। ਮੈਨੂੰ ਨਾਜ਼ ਹੈ ਕਿ ਮੈਂ ਵੀ ‘ਬੱਬੋ’ ਦੇ ‘ਕੇਰਾਂ ਦਰਸ਼ਨ ਕੀਤੇ ਸਨ ਅਤੇ ਉਨ੍ਹਾਂ ਦੀ ਰੂਹ-ਏ-ਸੰਗਤ ਮਾਣੀ ਸੀ।
‘ਕੁਝ ਨਾ ਕਹੋ’ ਕਹਿ ਕੇ ਬਹੁਤ ਕੁਝ ਕਹਿਣ ਵਾਲੀ ‘ਰਵਿੰਦਰ ਸਹਿਰਾਅ ਦੀ ਪੁਸਤਕ ਨੂੰ ਖੁਸ਼ਆਮਦੀਦ।