ਦੁਨੀਆਂ ਰੰਗ-ਬਰੰਗੀ, ਤੇਰਾ ਰੰਗ ਕਿਹੜਾ

ਸੰਤੋਖ ਸਿੰਘ ਮਿਨਹਾਸ
ਫੋਨ: 559-283-6376
ਰੰਗ ਮਨੁੱਖ ਦੇ ਅੰਗ-ਸੰਗ। ਰੰਗ ਹੀ ਜਿਉਣ ਦਾ ਚਾਅ। ਰੰਗ ਹੀ ਮਨੁੱਖ ਦੀ ਵੇਦਨਾ-ਸੰਵੇਦਨਾ ਦੀ ਸੁੱਚੀ ਗਵਾਹੀ। ਰੰਗ ਲਰਜ਼ਦੇ ਬੋਲਾਂ ਦੀ ਮਿੱਠੀ ਚਾਸ਼ਣੀ। ਰੰਗ ਸੋਹਣੇ ਵਿਚਾਰਾਂ ਦੀ ਉੱਚੀ ਪਰਵਾਜ਼। ਰੰਗ ਮਨੁੱਖ ਦੇ ਸੰਜੋਗ-ਵਿਯੋਗ ਦੀ ਮਿੱਠੀ ਚੀਸ ਦੀ ਧਰਵਾਸ। ਸਾਰੀ ਕਾਇਨਾਤ ਰੰਗਾਂ ਦੀ ਇਬਾਦਤ। ਸਾਡਾ ਜਿਉਣ-ਮਰਨ ਰੰਗਾਂ ਦੀ ਕਿਣ-ਮਿਣ ਕਿਣ-ਮਿਣ। ਰੰਗਾਂ ਦੀ ਪੀਂਘ ਸਾਡੀਆਂ ਅੱਖਾਂ ਦਾ ਸਕੂਨ। ਰੰਗ ਹੁਲਾਰਾ ਵੀ ਹਨ ਤੇ ਉਦਾਸੇ ਮਨ ਦੀ ਢਾਰਸ ਵੀ। ਕੁਦਰਤ ਦਾ ਹਰ ਕਿਣਕਾ ਰੰਗਾਂ ਦਾ ਝਲਕਾਰਾ। ਰੰਗ ਜੀਵਨ-ਜਾਚ ਵੀ ਹਨ ਤੇ ਭਵਿੱਖ ਦਾ ਸੁਨੇਹਾ ਵੀ।

ਖੂਬਸੂਰਤ ਸੋਚਣਾ ਤੇ ਸੁਖਦ ਪਲਾਂ ਦੀ ਸਿਰਜਣਾ ਕਰਨਾ ਰੰਗਾਂ ਦੀ ਇਲਾਹੀ ਬਰਕਤ। ਰੰਗ ਮਨੁੱਖ ਦੇ ਖੁਰਦੇ ਹੌਸਲੇ ਦਾ ਬਲ। ਰੰਗ ਬ੍ਰਹਿਮੰਡ ਦੀ ਖੂਬਸੂਰਤੀ ਦਾ ਸਾਕਾਰ ਸੁਪਨਾ। ਰੰਗ ਸਾਰੀ ਕੁਦਰਤੀ ਦਾਤ ਨੂੰ ਕਲਾਵੇ ਲੈਣ ਦਾ ਚਾਅ। ਰੰਗ ਧਰਤ ਦੀ ਅੰਬਰ ਨਾਲ ਸਾਂਝ ਦਾ ਮੁਹੱਬਤੀ ਸੁਨੇਹਾ। ਰੰਗ ਮਨੁੱਖ ਦੀਆਂ ਗਵਾਚੀਆਂ ਉਮੀਦਾਂ ਦੇ ਸਫੈਦ ਸਫੇ ‘ਤੇ ਉਕਰੇ ਆਸ ਦੇ ਅੱਖਰ। ਰੰਗ ਸਾਡੇ ਚਾਅ-ਮਲ੍ਹਾਰ ਦੇ ਆਪ ਮੁਹਾਰੇ ਉਮੜੇ ਖਰੂਦੀ ਜੋਸ ਨੂੰ ਨੱਚਣ-ਟੱਪਣ ਦੇ ਆਹਰੇ ਲਾਉਣ ਦੀ ਭਾਵਨਾ। ਰੰਗ ਰੁੱਤਾਂ ਤਿਉਹਾਰਾਂ ਦੀ ਨਿਸ਼ਾਨਦੇਹੀ। ਇਹ ਰੰਗਾਂ ਦੀ ਹੀ ਦੌਲਤ ਹੈ ਕਿ ਸਾਡੇ ਸੁਹਣੇ ਪਿਆਰੇ ਮੁਹੱਬਤੀ ਚਿਹਰੇ ਰੰਗਾਂ ਦੀ ਤਸ਼ਬੀਹ ਨਾਲ ਹੋਰ ਨਿਖਰ ਆਉਂਦੇ ਹਨ।
ਅਸੀਂ ਕੁਦਰਤ ਦੇ ਸੁਭਾਅ ਦੇ ਮੌਸਮ ਨੂੰ ਵੀ ਰੰਗਾਂ ਦਾ ਨਾਂ ਦੇ ਦਿੱਤਾ ਹੈ। ਬਹਾਰ ਹੋਵੇ ਜਾਂ ਪੱਤਝੜ, ਰੰਗਾਂ ਦੀ ਆਪਣੀ ਮਹਿਮਾ। ਬਹਾਰ ਦੀ ਰੁੱਤੇ ਜਦੋਂ ਕੁਦਰਤ ਠੰਡ ਦੀ ਅਲਸਾਈ ਸੂਰਜ ਦੇ ਨਿੱਘ ਨਾਲ ਅੰਗੜਾਈ ਭਰਦੀ ਹੈ ਤਾਂ ਸਾਰੀ ਕਾਇਨਾਤ ਜਾਗ ਪੈਂਦੀ ਹੈ। ਪੌਦਿਆਂ, ਰੁੱਖਾਂ ਦੇ ਨੰਗੇ ਪਿੰਡੇ ‘ਤੇ ਫੁੱਲ ਪੱਤੀਆਂ ਦੀ ਆਮਦ ਰੰਗਾਂ ਦੀ ਆਬਸ਼ਾਰ ਲੱਗਦੀ ਹੈ। ਚਾਰੇ ਪਾਸੇ ਰੰਗ-ਬਰੰਗੇ ਫੁੱਲਾਂ ਦੀ ਚਾਦਰ ਵਿਛ ਜਾਂਦੀ ਹੈ। ਮਨੁੱਖ ਵੀ ਵਿਸਵਾਦੀ ਰੰਗ ਵਿਚ ਰੰਗਿਆ ਜਾਂਦਾ ਹੈ। ਹਵਾ ਵੀ ਫੁੱਲਾਂ ਦੀ ਮਹਿਕ ਨਾਲ ਰੰਗੀ ਜਾਂਦੀ ਹੈ। ਕੁਦਰਤ ਦੇ ਪਾਸਾਰੇ ਵਿਚ ਇੱਕ ਨਸ਼ਾ ਘੁਲ ਜਾਂਦਾ ਹੈ। ਧਰਤੀ ਦਾ ਹਰ ਜੀਵ ਜੰਤੂ ਇੱਕ ਹੁਲਾਸੀ ਵੇਗ ਵਿਚ ਉਮੜ ਪੈਂਦਾ ਹੈ। ਰੰਗ ਮਨੁੱਖ ਦੀਆਂ ਖੁਸ਼ੀਆਂ ਖੇੜਿਆਂ ਦੀ ਰੌਣਕ। ਰੰਗ ਬੰਦੇ ਦੇ ਝੱਲ-ਵਵੱਲੇ ਹੋਣ ਦਾ ਚਾਅ।
ਰੰਗਾਂ ਦੀ ਹੋਂਦ ਹੀ ਮਨੁੱਖ ਦੇ ਜਿਉਣ ਦੀ ਸਵਕ੍ਰਿਤੀ ਹੈ। ਇਹ ਰੰਗ ਹੀ ਹਨ ਕਿ ਮਨੁੱਖ ਨਵੀਆਂ ਨਵੀਆਂ ਸ਼ਕਤੀਆਂ ਨੂੰ ਚੈਲਿੰਗ ਕਰ ਰਿਹਾ ਹੈ। ਰੰਗ ਹੀ ਹਨ ਕਿ ਮਨੁੱਖ ਨੇ ਰੰਗ ਦੇ ਆਧਾਰ ਤੇ ਸ਼੍ਰਿਸ਼ਟੀ ਦੀ ਰਚਨਾ ਨੂੰ ਤੂਲ ਬਣਾ ਕੇ ਆਪਣੇ ਆਪਣੇ ਹਿੱਤ ਦੇ ਦਾਅ ਦੇ ਪੱਤੇ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਕਿਹੜੇ ਰੰਗ ਦੇ ਮਨੁੱਖ ਉੱਤਮ ਤੇ ਕਿਹੜੇ ਰੰਗ ਦੇ ਦੂਜੇ ਦਰਜੇ ਦੇ। ਕਿਸੇ ਸਮੇਂ ਹਿਟਲਰ ਨੇ ਜਰਮਨ ਦੀ ਗੋਰੀ ਨਸਲ ਨੂੰ ਰੰਗ ਦੇ ਆਧਾਰ ਤੇ ਸੰਸਾਰ ਦੀ ਸਭ ਤੋਂ ਉੱਤਮ ਨਸਲ ਕਿਹਾ ਸੀ। ਭੂਰੇ ਜਾਂ ਕਾਲੇ ਰੰਗ ਦੀ ਨਸਲ ਦੇ ਲੋਕਾਂ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਸੀ। ਇਹ ਵਿਤਕਰਾ ਸੰਸਾਰ ਪੱਧਰ ‘ਤੇ ਬਹੁਤ ਸਾਰੇ ਦੇਸ਼ਾਂ ਵਿਚ ਅੱਜ ਵੀ ਜਾਰੀ ਹੈ। ਮਨੁੱਖੀ ਹੱਕਾਂ ਦਾ ਹੋਕਾ ਦੇਣ ਵਾਲੇ ਇੰਗਲੈਡ, ਕੈਨੇਡਾ, ਅਮਰੀਕਾ ਜਿਹੇ ਦੇਸ਼ਾਂ ਵਿਚ ਵੀ ਰੰਗ ਦੇ ਆਧਾਰ ‘ਤੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ।
ਅਮਰੀਕਾ ਵਿਚ ਗੋਰੇ ਪੁਲਿਸ ਆਫੀਸਰ ਵਲੋਂ ਕਾਲੇ ਰੰਗ ਦੇ ਕਥਿਤ ਦੋਸ਼ੀ ਦੀ ਧੌਣ ‘ਤੇ ਗੋਡਾ ਰੱਖ ਕੇ ਮਾਰ ਦੇਣ ਦੇ ਅੰਜਾਮ ਨੂੰ ਸਾਰੇ ਸੰਸਾਰ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਇਸ ਘਟਨਾ ਅਤੇ ਹੋਰ ਇਸ ਤਰ੍ਹਾਂ ਦੀਆਂ ਵਾਪਰੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਸੜਕਾਂ ‘ਤੇ ਉਤਰ ਆਏ ਸਨ। ‘ਬਲੈਕ ਮੈਟਰ ਲਾਇਵ’ ਦਾ ਨਾਹਰਾ ਸਾਹਮਣੇ ਆਇਆ ਹੈ। ਅਮਰੀਕਾ ਵਿਚ ਵੀ ਰੰਗਾਂ ਦੀ ਸਿਆਸਤ ਉਭਰ ਰਹੀ ਹੈ। ਮਨੁੱਖ ਨੂੰ ਰੰਗਾਂ ਦੇ ਆਧਾਰ ‘ਤੇ ਵੰਡਿਆ ਜਾ ਰਿਹਾ ਹੈ। ਰੰਗ ਹੀ ਮਨੁੱਖ ਦੇ ਚੰਗੇ-ਮਾੜੇ ਹੋਣ ਦੀ ਪਛਾਣ ਬਣ ਗਏ। ਕੰਮਾਂ ਕਾਰਾਂ ‘ਤੇ ਵੀ ਲੋਕਾਂ ਨੂੰ ਰੰਗ ਦੇ ਆਧਾਰ ‘ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲਾਂ ਵਿਚ ਵੀ ਬੱਚਿਆਂ ਨੂੰ ਬੁਲਿੰਗ ਦਾ ਤਸ਼ੱਦਦ ਸਹਿਣਾ ਪੈਂਦਾ ਹੈ। ਮੇਰਾ ਦੋਸਤ ਅਵਤਾਰ ਗੋਂਦਾਰਾ ਕਹਿਦਾ ਹੈ, “ਕਿਵੇਂ ਕਾਲੀ ਨਸਲ ਦੇ ਲੋਕਾਂ ਨਾਲ ਨਫਰਤ ਨੂੰ ਅੱਗੇ ਤੋਰਨ ਲਈ ਹਰ ਮਾੜੀ ਵਸਤੂ ਜਾਂ ਕੰਮ ਨੂੰ ਬਲੈਕ ਸ਼ਬਦ ਜੋੜ ਦਿੱਤਾ, ਜਿਵੇਂ ਬਲੈਕ ਮਨੀ ਜਾਂ ਮਾੜੇ ਧੰਧੇ ਕਰਨ ਵਾਲੇ ਨੂੰ ਬਲੈਕੀਆ।” ਜਦੋਂ ਕਿ ਹਰ ਰੰਗ ਕੁਦਰਤ ਜਾਂ ਇੱਕ ਖਾਸ ਖਿੱਤੇ ਦੇ ਵਾਤਾਵਰਣ ਪੌਣ ਪਾਣੀ ਤੇ ਮਨੁੱਖ ਦੇ ਜਿਉਣ ਢੰਗ ਦੇ ਹਾਲਾਤਾਂ ‘ਤੇ ਨਿਰਭਰ ਕਰਦਾ ਹੈ। ਜਦੋਂ ਕਿ ਰੰਗ ਦੀ ਚੋਣ ਵਿਚ ਮਨੁੱਖ ਦਾ ਕੋਈ ਰੋਲ ਨਹੀਂ ਹੈ।
ਹੁਣ ਮਨੁੱਖ ਨੇ ਰੰਗਾਂ ਨੂੰ ਵੀ ਧਰਮਾਂ ਦੇ ਆਧਾਰ ‘ਤੇ ਵੰਡ ਲਿਆ ਹੈ। ਰੰਗ ਕਿਸੇ ਇੱਕ ਦੇ ਰਾਂਖਵੇ ਨਹੀਂ ਹੁੰਦੇ। ਰੰਗ ਕੁਦਰਤ ਦੀ ਅਦੁੱਤੀ ਦਾਤ ਹੈ, ਜੋ ਧਰਤੀ ਤੇ ਅੰਬਰ ਨੂੰ ਬਖਸ਼ੇ ਹਨ। ਧਰਤੀ ਅਤੇ ਅੰਬਰ ਦਾ ਪਾਸਾਰਾ ਰੰਗਾਂ ਦੀ ਨਿਆਈ ਹੈ। ਰੰਗ ਕਬਜ਼ੇ ਦੀ ਜਾਇਦਾਦ ਨਹੀਂ, ਨਾ ਹੀ ਰੰਗ ਕਿਸੇ ਦੀ ਧੌਂਸ; ਪਰ ਤਖਤ ਦੀ ਬਦਨੀਤੀ ਹੈ ਕਿ ਉਸ ਨੇ ਮਨੁੱਖ ਨੂੰ ਧਰਮ ਦੇ ਆਧਾਰ ਰੰਗ ਵੀ ਵੰਡੇ ਦਿੱਤੇ ਹਨ। ਰੰਗਾਂ ਦੀ ਆਪਣੀ ਕੋਈ ਸਿਆਸਤ ਨਹੀਂ ਹੁੰਦੀ, ਪਰ ਮਨੁੱਖ ਆਪਣੇ ਨਿੱਜੀ ਹਿੱਤ ਲਈ ਰੰਗਾਂ ਦਾ ਵਾਪਾਰ ਕਰਦਾ ਹੈ।
ਵੱਖ ਵੱਖ ਦੇਸ਼ਾਂ ਨੇ ਆਪਣੇ ਰਾਸ਼ਟਰ ਦੇ ਝੰਡੇ ਨੂੰ ਆਪਣੇ ਦੇਸ਼ ਦੀ ਸਭਿਅਤਾ ਨੂੰ ਮੁੱਖ ਰੱਖ ਕੇ ਰੰਗਾਂ ਦੇ ਆਧਾਰ ਦਿੱਤੇ ਹਨ। ਸਾਡੇ ਦੇਸ਼ ਯਾਨਿ ਭਾਰਤ ਨੇ ਵੀ ਆਪਣੇ ਰਾਸ਼ਟਰੀ ਝੰਡੇ ਨੂੰ ਤਿੰਨ ਰੰਗਾਂ ਵਿਚ ਵੰਡਿਆ ਹੈ-ਕੇਸਰੀ, ਸਫੈਦ ਤੇ ਹਰਾ। ਕੇਸਰੀ ਕੁਰਬਾਨੀ ਦਾ ਪ੍ਰਤੀਕ, ਸਫੈਦ ਸ਼ਾਂਤੀ ਦਾ ਸੁਨੇਹਾ ਅਤੇ ਹਰਾ ਹਰਿਆਲੀ ਤੋਂ ਲਿਆ ਗਿਆ ਹੈ, ਜੋ ਖੁਸ਼ਹਾਲੀ ਦਾ ਰਾਹ ਦਸੇਰਾ ਹੈ; ਪਰ ਹੁਣ ਰਾਸ਼ਟਰਵਾਦ ਦੇ ਨਾਂ ‘ਤੇ ਕੇਸਰੀ ਨੂੰ ਭਗਵਾਂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਭਗਵਾਂ ਰੰਗ ਨੂੰ ਹੁਣ ਇੱਕ ਖਾਸ ਧਰਮ ਦੇ ਲੋਕਾਂ ਨੇ ਗੱਜ-ਵੱਜ ਕੇ ਕਹਿਣਾ ਸ਼ੁਰੂ ਕਰ ਦਿੱਤਾ ਹੈ, “ਇਹ ਰੰਗ ਸਾਡਾ ਹੈ। ਇਹੀ ਰੰਗ ਉੱਤਮ ਹੈ।”
ਹਰਾ ਰੰਗ ਇੱਕ ਖਾਸ ਧਰਮ ਦਾ ਹੈ। ਇਹ ਰੰਗ ਭਗਵੇਂ ਨੂੰ ਪਸੰਦ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਹਰੇ ਰੰਗ ਤੋਂ ਭਗਵੇਂ ਰੰਗ ਨੂੰ ਖਤਰਾ ਹੈ। ਅਸੀਂ ਸਾਰੇ ਦੇਸ਼ ਨੂੰ ਭਗਵੇਂ ਰੰਗ ਵਿਚ ਰੰਗ ਦੇਣਾ ਹੈ। ਇੱਕ ਖਾਸ ਧਰਮ ਕੇਸਰੀ ਰੰਗ ਨੂੰ ਆਪਣੇ ਗੌਰਵ ਦਾ ਨਿਸ਼ਾਨ ਸਮਝਦਾ ਹੈ। ਹੁਣ ਹੌਲੀ ਹੌਲੀ ਕੇਸਰੀ ਨੂੰ ਭਗਵੇਂ ਦੀ ਪੁੱਠ ਦੇ ਕੇ ਭਗਵੇਂ ਵਿਚ ਰਲ-ਗੱਡ ਕਰਨ ਦੀਆਂ ਵਿਉਤਾਂ ਸ਼ੁਰੂ ਹੋ ਗਈਆਂ ਹਨ; ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਗਵਾਂ ਰੰਗ ਰਾਸ਼ਟਰਵਾਦੀ ਹੈ। ਹੁਣ ਰੰਗਾਂ ਦੇ ਆਧਾਰ ‘ਤੇ ਮਨੁੱਖ ਦੀ ਪਛਾਣ ਹੋਣ ਲੱਗੀ ਹੈ। ਕੱਪੜੇ ਪਹਿਨਣ ਦੀ ਵਸਤੂ ਨਾ ਹੋ ਕੇ ਕੱਪੜਿਆਂ ਦੇ ਰੰਗ ਤੁਹਾਨੂੰ ਦੇਸ਼ ਧ੍ਰੋਹੀ ਜਾਂ ਰਾਸ਼ਟਰਵਾਦੀ ਬਣਾ ਸਕਦੇ ਹਨ।
ਪੱਗਾਂ ਦੀ ਸਿਆਸਤ ਵਿਚ ਪੱਗਾਂ ਦੇ ਖਾਸ ਰੰਗ ਸਿਆਸੀ ਪਾਰਟੀਆਂ ਦੀ ਪਛਾਣ ਬਣ ਗਏ ਹਨ, ਜਿਵੇਂ ਨੀਲਾ ਰੰਗ ਇੱਕ ਖਾਸ ਪਾਰਟੀ ਦੀ ਨਿਸ਼ਾਨਦੇਹੀ ਕਰਦਾ ਹੈ, ਸਫੈਦ ਰੰਗ ਇੱਕ ਹੋਰ ਪਾਰਟੀ ਦੀ ਪਛਾਣ ਹੈ। ਲਾਲ ਰੰਗ ਇੱਕ ਹੋਰ ਪਾਰਟੀ ਆਪਣਾ ਚਿੰਨ ਸਮਝਦੀ ਹੈ। ਵੋਟਾਂ ਦੇ ਸਮੇਂ ਇੱਕ ਨਾਹਰਾ ਇਨ੍ਹਾਂ ਪਾਰਟੀਆ ਦੇ ਸਤਾਏ ਕੁਝ ਲੋਕ ਬੋਲਦੇ ਸਨ, “ਚਿੱਟੇ ਚੋਰ, ਨੀਲੇ ਚੋਰ।” ਪਰ ਹੁਣ ਇਨ੍ਹਾਂ ਪਾਰਟੀਆਂ ਦੇ ਲੋਕ ਵੀ ਰੰਗ ਬਰੰਗੀਆਂ ਪੱਗਾਂ ਬੰਨ੍ਹਣ ਲੱਗ ਪਏ ਹਨ, ਕਿਉਂਕਿ ਲੋਕਾਂ ਨੇ ਚੋਰਾਂ ਦੇ ਸਿਆਸਤੀ ਰੰਗ ਦੀ ਪਛਾਣ ਕਰ ਲਈ ਸੀ।
ਸਿਆਸਤ ਦਾ ਆਪਣਾ ਰੰਗ ਹੰਦਾ ਹੈ। ਰੰਗਾਂ ਦੀ ਖੇਡ ਸਿਆਸਤ ਦੀ ਤਾਕਤ। ਤਖਤ ਲਈ ਰੰਗ ਤਾਸ਼ ਦੇ ਪੱਤੇ। ਹਰ ਪੁੱਠੀ ਪੈਂਦੀ ਬਾਜ਼ੀ ਨੂੰ ਵੀ ਰੰਗ ਦੇ ਪੱਤੇ ਨਾਲ ਕੱਟਣਾ। ਖਿਡਾਰੀ ਨੂੰ ਜਿੱਤ ਚਾਹੀਦੀ ਹੈ, ਇੱਕ ਰੰਗ ਭਾਵੇਂ ਜਿੰਨੇ ਮਰਜ਼ੀ ਰੰਗਾਂ ਨੂੰ ਮਾਰ ਮੁਕਾਵੇ। ਇਹ ਮਨੁੱਖ ਦੀ ਬਦਨਸੀਬੀ ਹੈ ਕਿ ਉਹ ਰੰਗਾਂ ਦੇ ਜਾਲ ਵਿਚ ਫਸਦਾ ਜਾ ਰਿਹਾ ਹੈ। ਇਹ ਸੁੱਖਾਵੇਂ ਦਿਸਦੇ ਰੰਗ ਮਨੁੱਖਤਾ ਦਾ ਘਾਣ ਕਰਦੇ ਦਿਖਾਈ ਦੇਣ ਲੱਗ ਪਏ ਹਨ। ਜਿਨ੍ਹਾਂ ਰੰਗਾਂ ਵਿਚ ਮਨੁੱਖ ਜਿਉਣਾ ਚਾਹੁੰਦਾ ਹੈ, ਉਹ ਸਾਰੇ ਰੰਗ ਉਸ ਤੋਂ ਖੋਹੇ ਜਾ ਰਹੇ ਹਨ। ਉਹ ਪੱਥਰ ਦੀ ਨਿਆਈ ਹੁੰਦਾ ਜਾ ਰਿਹਾ। ਇਸੇ ਲਈ ਮਾਰ-ਧਾੜ ਨਫਰਤ ਦਾ ਬੋਲ-ਬਾਲਾ ਵਧ ਰਿਹਾ ਹੈ, ਕਰੋਧ, ਹੰਕਾਰ ਮਨੁੱਖੀ ਮਨਾਂ ਵਿਚ ਵਸੇਬਾ ਕਰ ਗਏ ਹਨ। ਰੰਗ ਮੁਹੱਬਤ ਦਾ ਬੁਲਾਵਾ ਹੁੰਦੇ ਹਨ। ਰੰਗ ਬੰਦੇ ਨੂੰ ਪੱਥਰ ਤੋਂ ਫੁੱਲ ਬਣਾਉਂਦੇ ਹਨ। ਰੰਗਾਂ ਦੀ ਵੰਨ-ਸਵੰਨਤਾ ਮਨੁੱਖ ਦੇ ਸੁਭਾਅ ਨੂੰ ਉਜਾਗਰ ਕਰਦੀ ਹੈ। ਰੰਗ ਬੰਦੇ ਦਾ ਜਿਉਣ ਹੁੰਦੇ ਹਨ, ਇਸ ਲਈ ਉਸ ਦੇ ਵਿਅਕਤੀਤਵ ਵਿਚ ਰੰਗਾਂ ਦੀ ਆਪਣੀ ਆਭਾ ਹੁੰਦੀ ਹੈ। ਰੰਗਾਂ ਦੀ ਚੋਣ ਵੀ ਉਮਰ ਨਾਲ ਬਦਲਦੀ ਰਹਿਦੀ ਹੈ। ਹਰ ਉਮਰ ਦਾ ਆਪਣਾ ਰੰਗ ਹੁੰਦਾ ਹੈ। ਇਨ੍ਹਾਂ ਰੰਗਾਂ ਦੇ ਵੇਗ ਵਿਚ ਉਹ ਨੱਚਦਾ ਟੱਪਦਾ ਲੁੱਡੀਆਂ ਪਾਉਂਦਾ ਹੈ। ਛੰਝਾਂ ਪੈਂਦੀਆਂ ਹਨ, ਮੇਲੇ ਲੱਗਦੇ ਹਨ, ਤ੍ਰਿੰਜਣਾਂ ਦੀ ਹੇਕ ਬੇਲਿਆਂ ਵਿਚ ਗੂੰਜਦੀ ਹੈ, ਢੋਲ ਦੀ ਧਮਕ ‘ਤੇ ਧਮਾਲ ਪੈਂਦੀ ਹੈ। ਇਹ ਰੰਗਾਂ ਦੀ ਰਹਿਮਤ ਦਾ ਪਰਾਗਾ ਹੈ, ਜੋ ਆਪ ਮੁਹਾਰੇ ਮਨੁੱਖ ਦੀ ਝੋਲੀ ਪੈਂਦਾ ਹੈ। ਇਹ ਰੰਗਾਂ ਦਾ ਸਾਥ ਮਨੁੱਖ ਦੀ ਤੋਰ ਹੈ, ਜੋ ਉਮਰ ਭਰ ਉਸ ਨਾਲ ਸਫਰ ਕਰਦੇ ਹਨ।
ਮੈਨੂੰ ਈਦੂ ਖਾਨ ਦੇ ਬੋਲ ਸੁਣਾਈ ਦਿੰਦੇ ਹਨ,
ਜ਼ਿੰਦਗੀ ਦੇ ਰੰਗ ਸੱਜਣਾਂ
ਅੱਜ ਹੋਰ ਤੇ ਕੱਲ ਨੂੰ ਹੋਰ
ਜ਼ਿੰਦਗੀ ਦੇ ਰੰਗ ਸੱਜਣਾਂ।