ਭੁਲੇਖਿਆਂ ਦਾ ਸੰਸਾਰ

ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਭੁਲੇਖਿਆਂ ਦੀ ਕਥਾ ਨਿਰਾਲੀ ਹੈ। ਕਈ ਵਾਰ ਭੁਲੇਖੇ ਨੂੰ ਗਲਤਫਹਿਮੀ ਕਹਿਣਾ ਯੋਗ ਹੈ। ਤਕਰੀਬਨ ਹਰ ਵਿਅਕਤੀ ਬਚਪਨ ਤੋਂ ਹੀ ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖਣ ਲੱਗ ਜਾਂਦਾ ਹੈ। ਆਪਣੀ ਸ਼ਕਲ-ਸੂਰਤ ਦਾ ਭੁਲੇਖਾ ਇਸ ਕਥਾ ਦੀ ਮਾਸੂਮ ਜਿਹੀ ਸ਼ੁਰੂਆਤ ਹੈ। ਜੇ ਇਹ ਭੁਲੇਖਾ ਨਾ ਹੋਵੇ ਤਾਂ ਘੱਟ ਸੋਹਣੇ ਲੋਕ ਕਦੀ ਵੀ ਸ਼ੀਸ਼ਾ ਨਾ ਦੇਖਣ। ਅਸਲੀਅਤ ਬਹੁਤ ਦਿਲਚਸਪ ਹੈ। ਕੁਦਰਤ ਨੇ ਹਰ ਇਨਸਾਨ ਵਿਚ ਕੁਝ ਨਾ ਕੁਝ ਖੂਬਸੂਰਤ ਚਿੰਨ੍ਹ ਬਖਸ਼ੇ ਹਨ। ਮੈਂ ਇੱਕ ਬੀਬੀ ਨੂੰ ਜਾਣਦਾ ਹਾਂ ਜਿਹੜੀ ਨੈਣ-ਨਕਸ਼ ਵਲੋਂ ਠੀਕ-ਠਾਕ ਹੀ ਸੀ। ਉਸ ਨੇ ਅਖੀਰਲੀ ਉਮਰ ਵਿਚ ਸ਼ੀਸ਼ਾ ਦੇਖਣਾ ਬੰਦ ਕਰ ਦਿੱਤਾ। ਕਾਰਨ ਉਸ ਦੇ ਦੰਦ ਬਹੁਤ ਖੂਬਸੂਰਤ ਸਨ। ਜਦੋਂ ਦੰਦ ਗਿਰ ਗਏ, ਕਹਿਣ ਲੱਗੀ, ਹੁਣ ਦੇਖਣ ਲਈ ਕੀ ਰਹਿ ਗਿਆ! ਭੁਲੇਖਾ ਦੂਰ ਹੋ ਗਿਆ।

ਅਗਲੀ ਕੜੀ ਵਿਚ ਸੁਪਨਿਆਂ ਦਾ ਭੁਲੇਖਾ ਸ਼ੁਰੂ ਹੁੰਦਾ ਹੈ। ਇਹ ਭੁਲੇਖਾ ਸਾਰੀ ਉਮਰ ਪਿੱਛਾ ਨਹੀਂ ਛੱਡਦਾ। ਕਰਮਾਂ ਵਾਲਿਆਂ ਨੂੰ ਇਹ ਭੁਲੇਖਾ ਆਨੰਦ ਦੀ ਅਵਸਥਾ ਵਿਚ ਲੈ ਆਉਂਦਾ ਹੈ। ਜਿਵੇਂ ਭਾਈ ਵੀਰ ਸਿੰਘ ਲਿਖਦੇ ਹਨ:
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨਾ ਆਏ
ਸਾਡੀ ਕੰਬਦੀ ਰਹੀ ਕਲਾਈ।
ਸਾਧਾਰਨ ਬੰਦਿਆਂ ਨੂੰ ਸੁਪਨੇ ਦਾ ਭੁਲੇਖਾ ਕੁਝ ਹੋਰ ਕਿਸਮ ਦਾ ਧਰਵਾਸ ਦਿੰਦਾ ਹੈ। ਉਹ ਸੋਚਦੇ ਹਨ:
ਸੁਪਨੇ ਤੂੰ ਸੁਲਤਾਨ ਹੈ, ਉਤਮ ਤੇਰੀ ਜਾਤ!
ਸੌ ਵਰ੍ਹਿਆਂ ਦੇ ਵਿੱਛੜੇ, ਆਣ ਮਿਲਾਵੇਂ ਰਾਤ।
ਇਕਲੌਤੇ ਗਮਗੀਨ ਅਤੇ ਮਾਯੂਸ ਵਿਅਕਤੀਆਂ ਲਈ ਸੁਪਨੇ ਦਾ ਭੁਲੇਖਾ ਬਹੁਤ ਧੋਖੇ ਵਾਲਾ ਅਤੇ ਮੰਦਭਾਗਾ ਮਹਿਸੂਸ ਹੁੰਦਾ ਹੈ। ਉਹ ਸ਼ਿਕਵੇ ਭਰੇ ਅੰਦਾਜ਼ ਵਿਚ ਬੋਲ ਉਠਦੇ ਹਨ:
ਨੀਂਦ ਵਿਚ ਅਸੀਂ ਦੋ-ਦੋ ਹੋਈਏ
ਜਾਗ ਪਈਏ ਤਾਂ ਇੱਕ!
ਆ ਸੁਪਨੇ ਤੈਨੂੰ ਕਤਲ ਕਰਾਂ ਮੈਂ
ਧੋਖੇ ਦਿੰਨੈ ਨਿੱਤ!
ਸੁਪਨਾ ਭੁਲੇਖਾ ਹੋਣ ਦੇ ਬਾਵਜੂਦ ਕਈ ਵਾਰ ਭਿਆਨਕ ਰੂਪ ਅਖਤਿਆਰ ਕਰ ਲੈਂਦਾ ਹੈ। ਕਈ ਵਿਅਕਤੀ ਡਰ-ਡਰ ਕੇ ਉਠ ਬੈਠਦੇ ਹਨ। ਉਨ੍ਹਾਂ ਨੂੰ ਕਿਸੇ ਮਨੋਵਿਗਿਆਨੀ ਕੋਲ ਜਾਣਾ ਚਾਹੀਦਾ ਹੈ। ਡਾਕਟਰ ਫਰਾਇਡ ਨੇ ਬਹੁਤ ਹੀ ਮਹੱਤਵਪੂਰਨ ਖੋਜ ਕੀਤੀ ਹੈ ਪਰ ਨੇੜਲੇ ਭਵਿੱਖ ਵਿਚ ਪੂਰਨ ਸੂਝ ਸ਼ਾਇਦ ਨਾ ਆ ਸਕੇ ਕਿਉਂਕਿ ਕਈ ਵਾਰ ਸੁਪਨੇ ਭੁਲੇਖਾ ਨਹੀਂ, ਹਕੀਕਤ ਬਣ ਜਾਂਦੇ ਹਨ। ਇਤਿਹਾਸ ਇਹੋ ਜਿਹੀਆਂ ਘਟਨਾਵਾਂ ਦਾ ਗਵਾਹ ਹੈ।
ਵੈਸੇ ਵੀ ਭਵਿੱਖ ਲਈ ਹੁਸੀਨ ਸੁਪਨੇ ਦੇਖਣਾ ਇਨਸਾਨੀ ਫਿਤਰਤ ਹੈ।
ਮਈ ਦੇ ਪਹਿਲੇ ਐਤਵਾਰ ਮਾਤਾ ਦਿਵਸ ਅਤੇ ਜੂਨ ਦੇ ਤੀਜੇ ਐਤਵਾਰ ਪਿਤਾ ਦਿਵਸ ਮਨਾਉਣਾ ਰਿਵਾਜ ਬਣ ਗਿਆ ਹੈ। ਬਹੁਤ ਚੰਗੀ ਗੱਲ ਹੈ ਪਰ ਇਸ ਨਾਲ ਭੁਲੇਖੇ ਨੇ ਵੀ ਜਨਮ ਲੈ ਲਿਆ ਹੈ। ਬਹੁਤ ਲੋਕ ਸੋਚਦੇ ਹਨ ਕਿ ਬੱਚੇ ਮਾਤਾ ਨਾਲ ਪਿਤਾ ਨਾਲੋਂ ਬਹੁਤ ਵੱਧ ਪਿਆਰ ਕਰਦੇ ਹਨ, ਇਸੇ ਲਈ ਮਾਤਾ ਲਈ ਤੋਹਫਾ ਪਿਤਾ ਵਾਲੇ ਤੋਹਫੇ ਨਾਲੋਂ ਬਹੁਤ ਮਹਿੰਗਾ ਹੁੰਦਾ ਹੈ। ਮੇਰੇ ਅਨੁਭਵ ਅਨੁਸਾਰ ਇਹ ਗੱਲ ਠੀਕ ਨਹੀਂ।
ਅੱਜ ਕੱਲ੍ਹ ਬਹੁਤੇ ਮਾਪਿਆਂ ਦਾ ਆਪਸ ਵਿਚ ਮੇਲ-ਮਿਲਾਪ ਘਟ ਰਿਹਾ ਹੈ। ਕਈ ਥਾਵਾਂ ‘ਤੇ ਤਲਾਕ ਹੈ। ਕਿਤੇ ਮਜਬੂਰੀ ਹੈ, ਕਿਤੇ ਖੁਦਗਰਜ਼ੀ ਪ੍ਰਧਾਨ ਹੈ। ਕਈ ਥਾਵਾਂ ‘ਤੇ ਮੀ ਟੂ (ਮe ਟੋ) ਦਾ ਬੋਲ-ਬਾਲਾ ਹੈ ਅਤੇ ਕੁਰਬਾਨੀ ਦਾ ਜਜ਼ਬਾ ਗਾਇਬ ਹੈ। ਇਨ੍ਹਾਂ ਹਾਲਾਤ ਵਿਚ ਬੱਚੇ ਭੰਬਲਭੂਸੇ ਦਾ ਜੀਵਨ ਬਤੀਤ ਕਰ ਰਹੇ ਹਨ ਅਤੇ ਖਾਨਾਪੂਰੀ ਜਾਂ ਲੋਕ-ਲੱਜ ਤੋਂ ਇਨ੍ਹਾਂ ਦਿਨਾਂ ਲਈ ਕਾਰਡ ਤੇ ਤੋਹਫਾ ਲੈ ਆਉਂਦੇ ਹਨ।
ਚੰਗੇ ਭਾਗੀਂ ਜਿਥੇ ਕਿਤੇ ਪਤੀ-ਪਤਨੀ ਦੇ ਰਿਸ਼ਤੇ ਸੁਖਾਵੇਂ, ਨਿੱਘੇ ਅਤੇ ਸੁਚੱਜੇ ਹਨ, ਉਥੇ ਬੱਚੇ ਇਨ੍ਹਾਂ ਦਿਨਾਂ ਨੂੰ ਬਹੁਤ ਪਿਆਰ ਨਾਲ ਉਡੀਕਦੇ ਹਨ। ਮੇਰੀ ਤੁੱਛ ਪਰ ਤਜਰਬੇ ਆਧਾਰਤ ਸੂਝ ਅਨੁਸਾਰ, ਮਾਂ ਬੱਚਿਆਂ ਅਤੇ ਪਰਿਵਾਰ ਦੇ ਸੁੱਖ ਤੇ ਖਾਣ-ਪੀਣ ਤੋਂ ਲੈ ਕੇ ਹਰ ਲੋੜ ਦੀ ਪੂਰਤੀ ਲਈ ਸਵੇਰ ਸ਼ਾਮ ਅਣਥੱਕ ਮਿਹਨਤ ਕਰਦੀ ਹੈ ਅਤੇ ਇਸ ਸਾਰੇ ਕੰਮ ਬਦਲੇ ਕੁਝ ਵੀ ਨਹੀਂ ਮੰਗਦੀ। ਕਈ ਵਾਰ ਹਕੀਕਤ ਨੂੰ ਨਜ਼ਰ ਅੰਦਾਜ਼ ਕਰ ਕੇ ਮੋਹ ਵਿਚ ਰੰਗੀ ਧੁੰਦਲੀ ਨਜ਼ਰ ਨਾਲ ਬੱਚਿਆਂ ਨੂੰ ਵੇਖਦੀ ਹੈ।
ਬਾਪ ਦਿਨ ਰਾਤ ਕੰਮ ਕਰ ਕੇ ਕਰਜ਼ ਲੈ ਕੇ ਅਤੇ ਕਈ ਵਾਰ ਜ਼ਮੀਨ ਵੇਚ ਕੇ ਵੀ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਾ ਹੈ। ਬਦਲੇ ਵਿਚ ਉਹ ਵੀ ਬਹੁਤ ਕੁਝ ਨਹੀਂ ਮੰਗਦਾ ਪਰ ਪਿਆਰ ਭਰੇ ਮੀਂਹ ਵਿਚ ਭਿੱਜੀ ਆਸ (ਉਮੀਦ) ਦਾ ਜ਼ਰੂਰ ਤਲਬਗਾਰ ਹੈ! ਜਿਥੋਂ ਤੱਕ ਤੋਹਫਿਆਂ ਦਾ ਸਬੰਧ ਹੈ, ਮਾਤਾ ਲਈ ਜੇ ਬੱਚਿਆਂ ਕੋਲ ਥੋੜ੍ਹੇ ਪੈਸੇ ਹੋਣ ਤਾਂ ਬਾਪ ਤੋਂ ਲੈਂਦੇ ਹਨ ਪਰ ਪਿਤਾ ਲਈ ਮਾਤਾ ਤੋਂ ਮੰਗਣਾ ਉਨ੍ਹਾਂ ਨੂੰ ਠੀਕ ਨਹੀਂ ਲੱਗਦਾ! ਪਿਆਰ ਉਹ ਪਿਤਾ ਨੂੰ ਵੀ ਘੱਟ ਨਹੀਂ ਕਰਦੇ!!
ਹਾਂ, ਆਖਰੀ ਉਮਰ ਵਿਚ ਬਾਪ ਨੂੰ ਇੱਕ ਭੁਲੇਖੇ ਤੋਂ ਮੁਕਤ ਹੋਣਾ ਚਾਹੀਦਾ ਹੈ; ਉਹ ਇਹ ਕਿ ਉਹ ਸਾਰੀ ਉਮਰ ਘਰ ਵਿਚ ਹੀਰੋ ਹੀ ਰਹੇਗਾ! ਜਦੋਂ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਅਤੇ ਕੰਨਾਂ ਵਲੋਂ ਜੇ ਕੁਝ ਸੁਣ ਵੀ ਜਾਵੇ, ਛੇਤੀ ਕੁਝ ਸਮਝ ਨਹੀਂ ਲਗਦੀ, ਉਸ ਵੇਲੇ ਬੱਚੇ ਕੋਈ ਸਲਾਹ-ਮਸ਼ਵਰਾ ਘੱਟ ਹੀ ਕਰਦੇ ਹਨ ਅਤੇ ਬਾਪ ਹੀਰੋ ਤੋਂ ਜੌਕਰ ਬਣ ਜਾਂਦਾ ਹੈ।
ਸਕੂਲਾਂ ਦੀ ਪੜ੍ਹਾਈ ਪਿਛੋਂ ਬੱਚੇ ਘਰੋਂ ਬਾਹਰ ਪੈਰ ਪੁੱਟਦੇ ਹਨ। ਨਵੇਂ ਵਿਦਿਆਰਥੀਆਂ ਅਤੇ ਹੋਰ ਲੋਕਾਂ ਨਾਲ ਮੇਲਜੋਲ ਦਾ ਇਹ ਸਮਾਂ ਬਹੁਤ ਮਹੱਤਵਪੂਰਨ ਹੈ। ਚੰਗੇ ਦੋਸਤਾਂ ਦੀ ਚੋਣ ਜੀਵਨ ਭਰ ਆਨੰਦਮਈ ਸਾਬਤ ਹੁੰਦੀ ਹੈ। ਹਰ ਆਦਮੀ ਵਿਚ ਕਈ ਆਦਮੀ ਹੁੰਦੇ ਹਨ, ਕਈ ਵਾਰ ਦੇਖਣ ਤੋਂ ਪਿੱਛੋਂ ਹੀ ਪੱਕੇ ਸਬੰਧ ਕਾਇਮ ਕਰਨੇ ਚਾਹੀਦੇ ਹਨ। ਕਈ ਕਿਸਮ ਦੇ ਭੁਲੇਖਿਆਂ ਵਿਚੋਂ ਇੱਕ ਦਾ ਜ਼ਿਕਰ ਕੁਥਾਂ ਨਹੀਂ ਸਮਝਣਾ ਚਾਹੀਦਾ। ਸਿੱਧੇ ਸਾਦੇ ਪਰ ਲਾਇਕ ਵਿਦਿਆਰਥੀਆਂ ਨਾਲ ਕਈ ਚੁਸਤ ਚਲਾਕ ਲੋਕ ਪੱਕੇ ਸਬੰਧ ਜੋੜ ਲੈਂਦੇ ਹਨ। ਨੇਕ ਆਦਮੀ ਸਭ ਕੁਝ ਜਾਣਦੇ ਹੋਏ ਵੀ ਇਸ ਭੁਲੇਖੇ ਵਿਚ ਰਹਿੰਦੇ ਹਨ ਕਿ ਜੇ ਉਹ ਚੰਗੇ ਹਨ ਤਾਂ ਸਬੰਧੀ ਭੀ ਚੰਗਾ ਹੀ ਬਣ ਜਾਵੇਗਾ। ਉਂਜ, ਜ਼ਿੰਦਗੀ ਦਾ ਤਜਰਬਾ ਇਹੀ ਸੁਝਾਉਂਦਾ ਹੈ ਕਿ ਕੋਲਾ ਦਹੀਂ ਨਾਲ ਧੋ ਕੇ ਭੀ ਕਾਲਾ ਹੀ ਰਹੇਗਾ। ਬੁੱਲ੍ਹੇ ਸ਼ਾਹ ਦਾ ਕਲਾਮ ਇਥੇ ਪੂਰੀ ਤਰ੍ਹਾਂ ਢੁੱਕਦਾ ਹੈ:
ਸੱਪ ਕਦੀ ਵੀ ਮਿੱਤ ਨਾ ਹੁੰਦੇ
ਚਾਹੇ ਮਣ-ਮਣ ਦੁੱਧ ਪਿਆਈਏ।
ਮਹਾਤਮਾ ਗਾਂਧੀ ਨੂੰ ਵੀ ਇਹ ਭੁਲੇਖਾ ਹੀ ਸੀ। ਮਾਰਨ ਵਾਲੇ ਨੇ ਕਦੀ ਪਛਤਾਵਾ ਵੀ ਨਹੀਂ ਕੀਤਾ। ਅਗਲੀ ਕੜੀ ਵਿਚ ਕੁਝ ਆਮ ਭੁਲੇਖੇ ਜਿਹੜੇ ਅਗਿਆਨਤਾ ਦੀ ਉਪਜ ਹਨ, ਉਨ੍ਹਾਂ ਵਲ ਧਿਆਨ ਕਰੀਏ। ਬਹੁਤ ਲੋਕ ਪੁੱਛਦੇ ਹਨ ਕਿ ਭਾਰਤ ਨੂੰ ਜਾਣ ਵੇਲੇ ਅਤੇ ਵਾਪਸ ਆਉਣ ਵੇਲੇ ਜਹਾਜ਼ ਦੀ ਉਡਾਣ ਦਾ ਸਮਾਂ ਇਕੋ ਜਿਹਾ ਕਿਉਂ ਨਹੀਂ? ਅਮਰੀਕਾ ਪਹੁੰਚਣ ਵਿਚ ਇਕ ਦਿਨ ਦਾ ਫਰਕ ਕਿਉਂ ਹੈ? ਇਸ ਵਾਰ ਪੰਜਾਬ ਦੀ ਫੇਰੀ ਵੇਲੇ ਮੈਨੂੰ ਇਕ ਲੜਕਾ ਕਹਿਣ ਲੱਗਾ, “ਅੰਕਲ ਜੀ, ਇੱਕ ਗੱਲ ਬੜੀ ਮਾੜੀ ਹੈ।” ਮੈਂ ਕਿਹਾ, “ਕੀ?” ਕਹਿੰਦਾ, “ਜਦੋਂ ਵੀ ਅਸੀਂ ਤੁਹਾਨੂੰ ਦਿਨ ਵੇਲੇ ਟੈਲੀਫੋਨ ਕਰਦੇ ਹਾਂ, ਤੁਹਾਡੇ ਰਾਤ ਕਿਉਂ ਹੁੰਦੀ ਹੈ?”
ਆਮ ਲੋਕ ਜ਼ਮੀਨ ਦੇ ਗੋਲ ਹੋਣ ਨੂੰ ਗਲਤ ਹੀ ਸਮਝਦੇ ਹਨ। ਸੈਰ ਕਰਨ ਸਮੇਂ ਪੜ੍ਹੇ ਲਿਖੇ ਬੰਦੇ ਮਿਲਦੇ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਇਹ ਪਤਾ ਨਹੀਂ ਕਿ ਵੈਜੀ ਆਂਡਿਆਂ ਵਿਚੋਂ ਚੂਚੇ ਨਹੀਂ ਨਿਕਲਦੇ। ਮੁਰਗੀਆਂ ਨੇ ਮੁਰਗਿਆਂ ਦੇ ਮੇਲ ਤੋਂ ਬਗੈਰ ਵੀ ਆਂਡੇ ਦੇਣੇ ਹਨ। ਇਹ ਪੂਰਨ ਖੁਰਾਕ ਕੁਦਰਤ ਦੀ ਵੱਡਮੁੱਲੀ ਦੇਣ ਹੈ। ਇਨ੍ਹਾਂ ਆਂਡਿਆਂ ਦੀ ਵਰਤੋਂ ਨਾਲ ਅਸੀਂ ਕੋਈ ਜੀਵ ਜੰਤੂ ਦਾ ਪਾਪ ਨਹੀਂ ਕਰ ਰਹੇ। ਕਰੋੜਾਂ ਬੰਦਿਆਂ ਨੂੰ ਇਹ ਗਿਆਨ ਨਹੀਂ ਕਿ ਉਨ੍ਹਾਂ ਦੀਆਂ ਪਤਨੀਆਂ ਦੇ ਜੇਕਰ ਲੜਕੀਆਂ ਹੀ ਜਨਮ ਲੈਂਦੀਆਂ ਹਨ ਤਾਂ ਉਸ ਲਈ ਉਹ ਜ਼ਿਆਦਾ ਜ਼ਿੰਮੇਵਾਰ ਹਨ, ਪਤਨੀਆਂ ਨਹੀਂ।
ਮੈਨੂੰ ਪੂਰਾ ਯਕੀਨ ਹੈ ਕਿ ਸੂਝਵਾਨ ਵਿਦਵਾਨ ਜਿਨ੍ਹਾਂ ਦੀ ਅੱਡ-ਅੱਡ ਵਿਸ਼ਿਆਂ ‘ਤੇ ਪੂਰਨ ਪਕੜ ਹੈ, ਉਹ ਇਨ੍ਹਾਂ ਭੁਲੇਖਿਆਂ ਨੂੰ ਲੋਕਾਂ ਦੇ ਮਨਾਂ ਵਿਚੋਂ ਰਫੂ ਚੱਕਰ ਕਰ ਸਕਦੇ ਹਨ। ਨਿੱਕੀ ਜਿਹੀ ਉਦਾਹਰਨ ਲੈਂਦੇ ਹਾਂ। ਅਸੀਂ ਘਰੇ ਪ੍ਰੈਸ਼ਰ ਕੁੱਕਰ ਲਿਆਂਦਾ। ਸਾਬਤ ਮਾਂਹ ਦੀ ਦਾਲ ਚਾਲੀ ਪਤਾਲੀ ਮਿੰਟਾਂ ਵਿਚ ਤਿਆਰ ਹੋ ਗਈ। ਇਸ ਤੋਂ ਪਹਿਲਾਂ ਕੁੱਜਾ ਪਿੰਡ ਦੇ ਹਾਰੇ ਵਿਚ ਰੱਖ ਕੇ ਸਾਰੇ ਦਿਨ ਉਬਲਣ ਪਿਛੋਂ ਵੀ ਇਹ ਦਾਲ ਇਤਨੀ ਖਸਤਾ ਨਹੀਂ ਹੁੰਦੀ ਸੀ। ਮੇਰੇ ਮਾਤਾ ਜੀ ਮੈਨੂੰ ਕਹਿਣ ਲੱਗੇ, “ਪੁੱਤਰ, ਪ੍ਰੈਸ਼ਰ ਕੁੱਕਰ ਵਿਚ ਕੋਈ ਜਾਦੂ ਹੈ।” ਮੈਂ ਕਿਹਾ, “ਆਓ ਮਾਤਾ ਜੀ, ਤੁਹਾਡਾ ਭੁਲੇਖਾ ਦੂਰ ਕਰਾਂ। ਜੇ ਆਪਾਂ ਇਸ ਦਾਲ ਨੂੰ ਠੰਢੇ ਪਾਣੀ ਵਿਚ ਰੱਖੀਏ ਤਾਂ ਪੰਜ ਛੇ ਦਿਨਾਂ ਵਿਚ ਕੁਝ ਖਸਤਾ ਹੋਵੇਗੀ। ਜੇ ਗਰਮ ਪਾਣੀ ਵਿਚ ਰੱਖੀਏ ਤਾਂ ਦੋ ਦਿਨ ਲੱਗਣਗੇ। ਜੇ ਹਾਰੇ ਵਿਚ ਉਬਲਦੇ ਪਾਣੀ ਵਿਚ ਰੱਖੀਏ ਤਾਂ ਦਸ ਘੰਟੇ। ਜਿਉਂ-ਜਿਉਂ ਪਾਣੀ ਬਹੁਤਾ ਗਰਮ ਹੁੰਦਾ ਹੈ, ਸਮਾਂ ਘਟਦਾ ਜਾਂਦਾ ਹੈ। ਪ੍ਰੈਸ਼ਰ ਕੁੱਕਰ ਦੇ ਉਪਰ ਛੋਟਾ ਜਿਹਾ ਵੇਟ ਕੁੱਕਰ ਵਿਚਲੇ ਪਾਣੀ ਨੂੰ ਹੋਰ ਵੀ ਜ਼ਿਆਦਾ ਗਰਮ ਕਰ ਕੇ ਉਬਲਣ ਦਿੰਦਾ ਹੈ। ਇਸ ਵਿਚਲਾ ਪਾਣੀ ਹਾਰੇ ਵਾਲੇ ਕੁੱਜੇ ਦੇ ਪਾਣੀ ਨਾਲੋਂ ਬਹੁਤ ਗਰਮ ਹੁੰਦਾ ਹੈ। ਇਸ ਲਈ ਦਾਲ ਜਲਦੀ ਖਸਤਾ ਹੋ ਜਾਂਦੀ ਹੈ।” ਮਾਤਾ ਜੀ ਦੇ ਗੱਲ ਸਮਝ ਆ ਗਈ। ਬਹੁਤ ਖੁਸ਼ ਹੋਏ।
ਬਹੁਤ ਥੋੜ੍ਹੇ ਵਿਅਕਤੀਆਂ ਨੂੰ ਪਤਾ ਹੈ ਕਿ ਕਰੰਸੀ ਨੋਟ ਕਿਸ ਹਿਸਾਬ ਨਾਲ ਛਪਦੇ ਹਨ। ਘਾਟੇ ਵਾਲੇ ਬੱਜਟ ਨਾਲ ਵੀ ਕਰਮਚਾਰੀਆਂ ਨੂੰ ਵੇਤਨ ਕਿਵੇਂ ਮਿਲ ਜਾਂਦਾ ਹੈ। ਐਸੀ ਕੀ ਗੱਲ ਹੈ ਕਿ ਹਰ ਸਾਲ ਸਰਕਾਰ ਬੱਜਟ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੀ ਹੈ ਅਤੇ ਮੁਖਾਲਿਫ ਪਾਰਟੀਆਂ ਉਸ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਣਾ ਬਿਹਤਰ ਸਮਝਦੀਆਂ ਹਨ। ਆਖਰ ਹਕੀਕਤ ਕੀ ਹੈ? ਆਮ ਆਦਮੀ ਦੀ ਜ਼ਿੰਦਗੀ ਵਿਚ ਇਹ ਭੁਲੇਖੇ ਘਟੀਆ ਕਿਸਮ ਦੇ ਸਿਆਸਦਾਨਾਂ ਲਈ ਮਨਭਾਉਂਦੀ ਖੇਡ ਹੈ। ਭੋਲੇ-ਭਾਲੇ ਲੋਕਾਂ ਦੇ ਭੁਲੇਖਿਆਂ ਦਾ ਅੰਦਾਜ਼ਾ ਛੋਟੀ ਜਿਹੀ ਘਟਨਾ ਤੋਂ ਲਾਇਆ ਜਾ ਸਕਦਾ ਹੈ। ਬਹੁਤ ਸਾਲ ਪਹਿਲਾਂ ਸਕੂਲ ਵਿਚ ਪੜ੍ਹਦਿਆਂ ਮੇਰੇ ਪੁੱਤਰ ਦਾ ਇਕ ਹਮਜਮਾਤੀ ਪੰਜਾਬ ਦੇ ਵਿਤ ਮੰਤਰੀ ਦਾ ਪੁੱਤਰ ਸੀ। ਇਕ ਦਿਨ ਉਹ ਕਹਿਣ ਲੱਗਾ ਕਿ ਕੁਝ ਦਿਨ ਪਹਿਲਾਂ ਉਸ ਦੇ ਡੈਡੀ ਨੂੰ ਉਸ ਦੇ ਹਲਕੇ ਦੇ ਲੋਕ ਮਿਲਣ ਆਏ। ਉਹ ਪੁੱਛਦੇ ਸਨ ਕਿ ਸਰਦਾਰ ਜੀ! ਹੁਣ ਤਾਂ ਪੰਜਾਬ ਦਾ ਖਜ਼ਾਨਾ ਤੁਹਾਡੇ ਘਰ ਹੀ ਹੋਵੇਗਾ, ਬਹੁਤ ਬੋਰੀਆਂ ਵਿਚ ਕਰੰਸੀ ਨੋਟ ਤੁਹਾਡੇ ਕਮਰਿਆਂ ਵਿਚ ਪਏ ਹੋਣਗੇ!
ਅੱਧੀ ਨਾਲੋਂ ਜ਼ਿਆਦਾ ਆਬਾਦੀ ਨੂੰ ਪਤਾ ਨਹੀਂ ਕਿ ਆਮਦਨ ਕਰ (ਇਨਕਮ ਟੈਕਸ) ਅਤੇ ਵਿਕਰੀ ਕਰ (ਸੇਲ ਟੈਕਸ) ਕਿੱਧਰ ਜਾਂਦਾ ਹੈ?
ਅਣਭੋਲ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਕਿ ਰਿਆਸਤਾਂ, ਜਗੀਰਦਾਰੀਆਂ ਅਤੇ ਜ਼ੈਲਦਾਰੀਆਂ ਕਿਸ ਤਰ੍ਹਾਂ ਹੋਂਦ ਵਿਚ ਆਈਆਂ! ਹਰ ਸਿਆਸੀ ਪਾਰਟੀ ਆਪੋ-ਆਪਣੀ ਲੋੜ ਅਨੁਸਾਰ ਜਨਤਾ ਨੂੰ ਅਸਲੀਅਤ ਤੋਂ ਵਾਂਝੇ ਰੱਖਦੀ ਹੈ! ਰਾਜਿਆਂ ਨੂੰ ਤਾਂ ਕੀ, ਸਭ ਤੋਂ ਬਾਅਦ ਬਣਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਲੁਟੇਰਾ ਕਹਿਣਾ ਮੁਨਾਸਿਬ ਸਮਝਦੀ ਹੈ। ਹਕੀਕਤ ਤਾਂ ਇਹ ਹੈ, ਜਿਹੜਾ ਭੁਲੇਖਾ ਨਹੀਂ ਕਿ ਲਾਹੌਰ ਦੇ ਕਿਲ੍ਹੇ ਅੰਦਰ ਵਸਦੇ ਦੁਕਾਨਦਾਰ ਅਤੇ ਸ਼ਰੀਫ ਲੋਕ ਕਰਿੰਦਿਆਂ ਦੀ ਲੁੱਟ ਤੋਂ ਤੰਗ ਆ ਗਏ ਸਨ। ਉਹ ਬੇਨਤੀ ਕਰ ਕੇ ਰਣਜੀਤ ਸਿੰਘ ਨੂੰ ਕਿਲ੍ਹੇ ਦੀਆਂ ਕਮਜ਼ੋਰ ਮੋਰੀਆਂ ਦੀ ਸੂਹ ਦੇ ਕੇ ਆਏ ਸਨ ਤਾਂ ਕਿ ਆਸਾਨੀ ਨਾਲ ਹੀ ਰਣਜੀਤ ਸਿੰਘ ਕਿਲ੍ਹਾ ਫਤਹਿ ਕਰ ਲਵੇ।
ਅੱਜ ਕੱਲ੍ਹ ਕਰੋਨਾ ਵਾਇਰਸ ਦੀ ਭਿਆਨਕ ਮੌਜੂਦਗੀ ਨੇ ਜਿਥੇ ਦੁਨੀਆਂ ਵਿਚ ਹਾਹਾਕਾਰ ਮਚਾ ਦਿੱਤੀ ਹੈ, ਉਥੇ ਇਸ ਨੇ ਕਈ ਭੁਲੇਖਿਆਂ ਨੂੰ ਫਤਹਿ ਬੁਲਾ ਦਿੱਤੀ ਹੈ। ਪੁਰਾਣੇ ਸਮੇਂ ਤੋਂ ਹੀ ਲੱਗਭਗ ਹਰ ਆਦਮੀ ਦਾ ਇਹ ਖਿਆਲ ਰਿਹਾ ਹੈ ਕਿ ਅੰਤ ਸਮੇਂ ਉਸ ਦੇ ਹੀ ਬੱਚੇ ਜਾਂ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਅਗਨ ਭੇਂਟ ਕਰਨ। ਉਹੀ ਉਸ ਦੀ ਅਰਥੀ ਨੂੰ ਮੋਢਾ ਲਾਉਣ। ਲੁਧਿਆਣੇ ਤੋਂ ਕਰੋਨਾ ਵਾਇਰਸ ਨਾਲ ਮਰਨ ਵਾਲੀ ਬੀਬੀ ਦੇ ਅੰਤਮ ਸਮੇਂ ਰਿਸ਼ਤੇਦਾਰਾਂ ਦਾ ਕਾਰ ਵਿਚ ਹੀ ਦੂਰ ਬੈਠੇ ਰਹਿਣਾ ਅਤੇ ਅੰਮ੍ਰਿਤਸਰ ਦੇ ਇਕ ਇੰਜੀਨੀਅਰ ਦੇ ਉਸ ਦੀ ਡਾਕਟਰ ਬੇਟੀ ਦਾ ਵੀ ਨੇੜੇ ਨਾ ਆਉਣਾ ਭੁਲੇਖਾ ਦੂਰ ਕਰ ਗਿਆ। ਬਹੁਤ ਸਾਰੀਆਂ ਸੰਸਥਾਵਾਂ ਨੇ ਅਜਿਹੇ ਮਸਲਿਆਂ ਵਿਚ ਸੇਵਾ ਕਰਨ ਨੇ ਦੁਨੀਆਂ ਨੂੰ ਯਕੀਨ ਕਰਵਾ ਦਿੱਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਡਰਨ ਦੀ ਲੋੜ ਨਹੀਂ, ਭੁਲੇਖਿਆਂ ਵਿਚ ਨਾ ਰਹਿਣ ਅਤੇ ਆਪਣਿਆਂ ਦੀ ਆਸ ਰੱਖਣ ਵਿਚ ਵਕਤ ਬਰਬਾਦ ਨਾ ਕਰਨ।
ਇਕ ਹੋਰ ਭੁਲੇਖੇ ਨੂੰ ਲਿਖਣ ਲਈ ਕਲਮ ਥੱਕਦੀ ਨਹੀਂ! ਦੇਖਦਾ ਹਾਂ ਕਿ ਅਮੀਰ ਅਤੇ ਕਾਰਖਾਨਿਆਂ ਦੇ ਮਾਲਕ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ। ਇਹ ਬਿਲਕੁਲ ਠੀਕ ਹੈ ਪਰ ਭੁਲੇਖੇ ਵਿਚ ਨਾ ਰਹੋ, ਜਦੋਂ ਮੌਕਾ ਮਿਲੇ, ਘੱਟ ਕੋਈ ਵੀ ਨਹੀਂ। ਖਰਾਬ ਮੌਸਮ ਵਿਚ ਕਿਸੇ ਰਿਕਸ਼ਾ ਚਾਲਕ ਤੋਂ ਰੇਟ ਪੁੱਛੋ। ਆਟੋ ਰਿਕਸ਼ਾ ਵਾਲੇ ਅਤੇ ਟੈਕਸੀ ਚਾਲਕ ਅਬਲਾ ਔਰਤਾਂ ਨਾਲ ਕਿਸ ਤਰ੍ਹਾਂ ਦੀ ਬਦਤਮੀਜ਼ੀ ਕਰਦੇ ਹਨ। ਪੰਜਾਬ ਵਿਚ ਝੋਨੇ ਦੀ ਕਾਸ਼ਤ ਲਈ ਗਰੀਬ ਮਜ਼ਦੂਰ ਉਨ੍ਹਾਂ ਜਿਹੇ ਹੀ ਕਰਜ਼ਾਈ ਕਿਸਾਨਾਂ ਤੋਂ ਦੁੱਗਣੇ ਰੇਟ ਮੰਗ ਰਹੇ ਹਨ।
ਭੁਲੇਖਿਆਂ ਤੋਂ ਕੁਝ ਹੱਦ ਤੱਕ ਮੁਕਤ ਕਰਨ ਲਈ ਇਕ ਕੋਸ਼ਿਸ਼ ਸਹਾਈ ਹੋ ਸਕਦੀ ਹੈ। ਕੁਝ ਦੇਰ ਪਹਿਲਾਂ ਖਬਰ ਪੜ੍ਹੀ ਕਿ ਪੰਜਾਬ ਸਕੂਲ ਬੋਰਡ ਨੇ ਨਵਾਂ ਵਿਸ਼ਾ (ਸਵਾਗਤ ਜ਼ਿੰਦਗੀ) ਜ਼ਰੂਰੀ ਕਰ ਦਿੱਤਾ ਹੈ। ਮੈਨੂੰ ਇਸ ਦੇ ਸਿਲੇਬਸ ਦਾ ਪੂਰਾ ਪਤਾ ਨਹੀਂ ਪਰ ਮੇਰੀ ਬੇਨਤੀ ਹੈ ਕਿ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰਵੀਂ ਜਮਾਤ ਵਿਚ ਇਸ ਜ਼ਰੂਰੀ ਵਿਸ਼ੇ ਦਾ ਸਿਲੇਬਸ ਭੁਲੇਖਿਆਂ ਨੂੰ ਦੂਰ ਕਰਨ ਦਾ ਭਾਗੀ ਬਣੇ। ਸਾਡੇ ਕੋਲ ਬਹੁਤ ਵਿਦਵਾਨ ਹਨ ਜਿਨ੍ਹਾਂ ਦੀ ਆਪਣੇ ਵਿਸ਼ੇ ‘ਤੇ ਮਜ਼ਬੂਤ ਪਕੜ ਹੈ। ਇਹ ਨੌਵੀਂ, ਦਸਵੀਂ ਦੇ ਵਿਦਿਆਰਥੀਆਂ ਨੂੰ ਸਿੱਧੇ-ਸਾਦੇ ਭੁਲੇਖਿਆਂ ਤੋਂ ਦੂਰ ਕਰ ਸਕਦੇ ਹਨ ਅਤੇ ਗਿਆਰਵੀਂ, ਬਾਰਵੀਂ ਦੇ ਬੱਚਿਆਂ ਲਈ ਬਜਟ ਟੈਕਸ ਆਦਿ ਬਾਬਤ ਬਹੁਤ ਸੁਚੱਜੇ ਢੰਗ ਨਾਲ ਰੋਸ਼ਨੀ ਪਾ ਸਕਦੇ ਹਨ।
ਹਰ ਸੈਕੰਡਰੀ ਪਾਸ ਬੱਚਾ ਘਰ ਦੇ ਬਾਕੀ ਜੀਆਂ ਨੂੰ ਕੁਝ ਹੱਦ ਤੱਕ ਭੁਲੇਖਿਆਂ ਤੋਂ ਦੂਰ ਕਰ ਸਕਦਾ ਹੈ। ਹਰ ਘਰ ਨੂੰ ਜਾਗਰੂਕ ਕਰਨ ਵਿਚ ਪੰਜਾਬੀ ਮੋਢੀ ਸੂਬਾ ਬਣ ਸਕਦਾ ਹੈ। ਹੌਲੀ-ਹੌਲੀ ਇਹ ਕੋਸ਼ਿਸ਼ ਬਾਕੀ ਭਾਰਤ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਦੇ ਫਲਸਰੂਪ ਸਾਰਾ ਭਾਰਤ ਕਾਫੀ ਹੱਦ ਤੱਕ ਜਾਗਰੂਕ ਹੋ ਜਾਵੇਗਾ। ਕਿਹਾ ਜਾਂਦਾ ਹੈ ਕਿ ਅਜੇ ਤੱਕ ਸਭ ਕਿਸਮ ਦੀਆਂ ਸਰਕਾਰਾਂ ਵਿਚੋਂ ਲੋਕਤੰਤਰ ਹੀ ਚੰਗੀ ਸਰਕਾਰ ਹੈ ਪਰ ਇਹ ਜਾਗਰੂਕ ਪਰਜਾ ਲਈ ਹੀ ਮਹੱਤਵਪੂਰਨ ਹੈ। ਸੁਣਿਆ ਹੈ, ਇੰਗਲਸਤਾਨ ਹੀ ਇਸ ਦੀ ਵਰਤੋਂ ਬਹੁਤ ਚੰਗੀ ਤਰ੍ਹਾਂ ਕਰ ਰਿਹਾ ਹੈ, ਕਿਉਂਕਿ ਉਥੋਂ ਦੇ ਲੋਕ ਬਹੁਤ ਜਾਗਰੂਕ ਹਨ। ਆਓ, ਭਾਰਤ ਨੂੰ ਵੀ ਚੰਗੇ ਭਵਿੱਖ ਦਾ ਦਲਾਸਾ ਦੇਈਏ!
ਬਹੁਤ ਸਾਲਾਂ ਤੋਂ ਅਗਾਂਹਵਧੂ ਸਾਹਿਤ ਦਾ ਆਨੰਦ ਮਾਣ ਰਿਹਾ ਹਾਂ। ਸ਼ਾਇਦ ਮੈਨੂੰ ਭੁਲੇਖਾ ਹੀ ਹੈ, ਫਿਰ ਵੀ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਸਾਹਿਤ ਲੋੜੀਂਦੇ ਮਨਸੂਬਿਆਂ ਵਿਚ ਪੂਰਨ ਕਾਮਯਾਬ ਨਹੀਂ ਹੋਇਆ। ਇਸ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਕਾਰਲ ਮਾਰਕਸ, ਡਾਰਵਿਨ, ਆਈਨਸਟਾਈਨ ਅਤੇ ਡਾਕਟਰ ਫਰਾਇਡ ਬਹੁਤ ਸਹਾਈ ਹੋਏ। ਹੋ ਸਕਦਾ ਹੈ, ਇਸ ਸਾਹਿਤ ਦੇ ਰਚੇਤਾ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੁਝ ਲੇਖਕ ਜਿਨ੍ਹਾਂ ਨੇ ਥੈਲੀਆਂ ਵਿਚ ਆਟਾ ਅਤੇ ਵੇਸਣ ਦੇਖਿਆ ਹੈ, ਉਨ੍ਹਾਂ ਨੂੰ ਪਤਾ ਨਹੀਂ ਕਿ ਕਣਕ ਦਰਖਤਾਂ ਉਪਰ ਲਗਦੀ ਹੈ ਜਾਂ ਜ਼ਮੀਨ ਵਿਚ ਉਗਦੀ ਹੈ, ਉਹ ਵੀ ਪੈਲੀਆਂ ਅਤੇ ਪਿੰਡਾਂ ਦੇ ਜੀਵਨ ਦੀਆਂ ਬਾਤਾਂ ਪਾਉਣ ਲੱਗ ਪਏ। ਇਹ ਸਭ ਕੁਝ ਹਕੀਕਤ ਤੋਂ ਕੋਹਾਂ ਦੂਰ ਹੈ। ਨਤੀਜਾ ਕੀ ਨਿਕਲਿਆ! ਸਾਹਿਤ ਅਧੂਰਾ ਰਹਿ ਗਿਆ। ਇਸ ਸਾਹਿਤ ਨੇ ਲੋਕਾਂ ਨੂੰ ਗੂੜ੍ਹੀ ਨੀਂਦ ਵਿਚੋਂ ਜਗਾ ਦਿੱਤਾ ਪਰ ਕੁਝ ਲੋਕ ਕੱਚੀ ਨੀਂਦ ਉਠ ਖਲੋਤੇ, ਕੁਝ ਅੱਖਾਂ ਮਲਦੇ ਫਿਰ ਸੌਂ ਗਏ ਅਤੇ ਕੁਝ ਉਠ ਤਾਂ ਖੜ੍ਹੇ ਲੇਕਿਨ ਕਿਸ ਦਿਸ਼ਾ ਵਿਚ ਅੱਗੇ ਜਾਣ, ਸਾਹਿਤ ਖਾਮੋਸ਼ ਰਿਹਾ।
ਇਨ੍ਹਾਂ ਪ੍ਰਗਤੀਸ਼ੀਲ ਵਿਚਾਰਾਂ ਅਧੀਨ ਜਨਤਾ ਆਪਣੇ ਹੱਕਾਂ ਲਈ ਤਾਂ ਜੂਝ ਉਠੀ ਪਰ ਆਪਣੇ ਫਰਜ਼ਾਂ ਬਾਬਤ ਅਵੇਸਲੀ ਹੋ ਗਈ। ਇਹ ਨਾਅਰੇ ਤਾਂ ਹਰ ਇਕ ਦੀ ਜ਼ੁਬਾਨ ‘ਤੇ ਹਨ, ਸਾਡੀਆਂ ਮੰਗਾਂ ਪੂਰੀਆਂ ਕਰੋ। ਮੈਂ ਕਦੀ ਨਹੀਂ ਸੁਣਿਆ ਕਿ ਮੰਗਾਂ ਪੂਰੀਆਂ ਹੋਣ ਪਿੱਛੋਂ ਅਸੀਂ ਰਿਸ਼ਵਤ ਨਹੀਂ ਲਵਾਂਗੇ, ਇਮਾਨਦਾਰੀ ਨਾਲ ਕੰਮ ਕਰਾਂਗੇ, ਵਗੈਰਾ ਵਗੈਰਾ!
ਚੌਥੇ ਦਰਜੇ ਦੇ ਕਰਮਚਾਰੀ ਆਪਣੀਆਂ ਮੰਗਾਂ ਨਾਲ ਇਕ ਹੋਰ ਗੱਲ ਬਹੁਤ ਸ਼ਿਦਤ ਨਾਲ ਕਹਿੰਦੇ ਹਨ, “ਵਗਾਰ ਕਰਾਉਣਾ ਬੰਦ ਕਰੋ।” ਕੋਈ ਨਹੀਂ ਕਹਿੰਦਾ, “ਅਸੀਂ ਹਰ ਰੋਜ਼ ਵਕਤ ਸਿਰ ਪਹੁੰਚਾਂਗੇ, ਅਫਸਰਾਂ ਨੂੰ ਮਿਲਣ ਵਾਲਿਆਂ ਤੋਂ ਰਿਸ਼ਵਤ ਨਹੀਂ ਲਵਾਂਗੇ।” ਮੈਨੂੰ ਜ਼ਾਤੀ ਤਜਰਬਾ ਹੈ ਕਿ ਜੇ ਦਫਤਰ ਵਿਚ ਟੇਬਲ ਸਾਫ ਨਾ ਹੋਵੇ ਤਾਂ ਚਪੜਾਸੀ ਕਹਿੰਦਾ ਹੈ, “ਜੀ ਇਹ ਤਾਂ ਸਫਾਈ ਕਰਮਚਾਰੀ ਦੀ ਡਿਊਟੀ ਹੈ।” ਜੇ ਛੱਤ ਉਪਰ ਜਾਲੇ ਲੱਗੇ ਹੋਣ ਤਾਂ ਸਵੀਪਰ ਕਹਿੰਦਾ ਹੈ, “ਮੇਰਾ ਕੰਮ ਤਾਂ ਜੀ ਫਰਸ਼ ਸਾਫ ਕਰਨਾ ਹੈ।”
ਮੰਨ ਲਵੋ ਕਿ ਇਸ ਵਾਤਾਵਰਨ ਦਾ ਇਕੱਲਾ ਪ੍ਰਗਤੀਸ਼ੀਲ ਸਾਹਿਤ ਹੀ ਜ਼ਿੰਮੇਵਾਰ ਨਹੀਂ, ਇਸ ਲਈ ਦੂਜੇ ਮਹਿਕਮਿਆਂ ਦੀ ਕਥਾ ਨਾ ਛੇੜੀਏ ਕਿਉਂਕਿ ਸਾਹਿਤ ਦਾ ਗਹਿਰਾ ਸਬੰਧ ਵਿਦਿਆ ਨਾਲ ਹੈ। ਵੱਧ ਤੋਂ ਵੱਧ ਲੋਕਾਂ ਦੇ ਵਿਦਿਆ ਪ੍ਰਾਪਤ ਕਰਨ ਲਈ ਬਹੁਤ ਸੰਸਥਾਵਾਂ ਹੋਂਦ ਵਿਚ ਆ ਗਈਆਂ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਵਿਸਥਾਰ ਵਿਦਿਆ ਦੇ ਮਿਆਰ ਨੂੰ ਬਹੁਤ ਨੀਵਾਂ ਕਰ ਗਿਆ ਹੈ। ਸਰਕਾਰਾਂ ਕਰਜ਼ਾਈ ਹਨ ਅਤੇ ਕਰਿਆਨੇ ਦੀਆਂ ਵਸਤਾਂ, ਦਵਾਈਆਂ ਅਤੇ ਮਿਠਾਈਆਂ ਵੇਚਣ ਵਾਲੇ ਅੰਨ੍ਹੀ ਕਮਾਈ ਨਾਲ ਯੂਨੀਵਰਸਟੀਆਂ, ਮੈਡੀਕਲ ਕਾਲਜਾਂ ਅਤੇ ਹੋਰ ਵੱਡੇ ਵਿਦਿਅਕ ਅਦਾਰਿਆਂ ਦੇ ਮਾਲਕ ਬਣ ਬੈਠੇ। ਉਹ ਵਿਚਾਰੇ ਕੀ ਜਾਨਣ, ਵਿਦਿਆ ਦੀਆਂ ਵਿਸ਼ੇਸ਼ਤਾਈਆਂ! ਸਭ ਕੁਝ ਸਾਡੇ ਸਾਹਮਣੇ ਹੈ।
ਸਿਨੇਮਾ ਵੀ ਵਿਦਿਆ ਦਾ ਇਕ ਸਾਧਨ ਹੈ। ਥੋੜ੍ਹੀਆਂ ਹੀ ਫਿਲਮਾਂ ਅਗਾਂਹਵਧੂ ਵਿਚਾਰਧਾਰਾ ਅਧੀਨ ਬਣੀਆਂ ਪਰ ਬਲਰਾਜ ਸਾਹਨੀ ਜਿਹੇ ਕਲਾਕਾਰ ਨੂੰ ਇਨ੍ਹਾਂ ਪਿੱਛੋਂ ਘਰ ਬੈਠਣਾ ਪਿਆ। ਫਿਰ ਰੋਟੀ-ਰੋਜ਼ੀ ਲਈ ਕਮਰਸ਼ੀਅਲ ਫਿਲਮਾਂ ਦਾ ਹੀ ਸਹਾਰਾ ਲੈਣਾ ਪਿਆ। ਜੋ ਕੁਝ ਅੱਜ ਦੇਖ ਰਹੇ ਹਾਂ, ਕੁਝ ਹੀ ਪਰਿਵਾਰਾਂ ਦਾ ਇਸ ਇੰਡਸਟਰੀ ‘ਤੇ ਕਬਜ਼ਾ ਹੈ। ਉਨ੍ਹਾਂ ਦੇ ਹੀ ਪੁੱਤ ਪੋਤੇ, ਪੜੋਤੇ, ਦੋਹਤੇ, ਦੋਹਤੀਆਂ ਨਾਇਕ ਤੇ ਨਾਇਕਾਵਾਂ ਹਨ। ਕੀ ਇਹ ਕੁਨਬਾਪ੍ਰਸਤੀ ਨਹੀਂ। ਚੰਗੇ-ਚੰਗੇ ਕਲਾਕਾਰ ਮਾਯੂਸੀ ਅਤੇ ਨਾਉਮੀਦੀ ਅਧੀਨ ਜੀਵਨ ਲੀਲ੍ਹਾ ਸਮਾਪਤ ਕਰ ਰਹੇ ਹਨ। ਜੇ ਸਿਨਮੇ ਨੂੰ ਵਿਦਿਆ ਦਾ ਅਹਿਮ ਅੰਗ ਸਮਝੀਏ ਤਾਂ ਤਰੱਕੀ ਪਸੰਦ ਸਾਹਿਤ ਤੋਂ ਸਿਨਮੇ ਨੇ ਕੀ ਸਿੱਖਿਆ? ਲੇਖ ਦੀ ਸੰਖੇਪਤਾ ਨੂੰ ਧਿਆਨ ਵਿਚ ਰੱਖਦਿਆਂ ਹੋਰ ਕੁਝ ਨਾ ਕਹੀਏ ਅਤੇ ਆਂਢ-ਗੁਆਂਢ ਦੇ ਮੁਲਕਾਂ ਉਪਰ ਪ੍ਰਗਤੀਸ਼ੀਲ ਲਹਿਰ ਦਾ ਅਸਰ ਦੇਖੀਏ।
ਪਾਕਿਸਤਾਨ ਵਿਚ ਫੈਜ਼ ਅਹਿਮਦ ਫੈਜ਼ ਦੀ ਕਵਿਤਾ ‘ਹਮ ਦੇਖੇਂਗੇ’ ਇਕਬਾਲ ਬਾਨੋ ਨੇ ਗਾ ਕੇ ਸਾਰਾ ਪਾਕਿਸਤਾਨ ਝੂਮਣ ਲਾ ਦਿੱਤਾ। ਨਤੀਜਾ ਕੀ ਨਿਕਲਿਆ? ਨਾ ਤਖਤ ਹਿੱਲੇ, ਨਾ ਧਰਤੀ ਥਰਥਰਾਈ ਅਤੇ ਨਾ ਕੁਝ ਰੂਈ ਦੀ ਤਰ੍ਹਾਂ ਉਡਿਆ। ਪਰਨਾਲਾ ਥਾਂ ਦੀ ਥਾਂ ਕਾਇਮ ਹੈ। 2018 ਵਿਚ ਮੈਨੂੰ ਦਸ ਦਿਨ ਲਈ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਮਹਿਮਾਨ ਨਵਾਜੀ ਦੇ ਕਿਆ ਕਹਿਣੇ! ਪਰ ਚੰਗੇ ਹੋਟਲਾਂ ਵਿਚ ਵੀ ਬਹਿਰਿਆਂ ਦੀ ਗਰੀਬੀ ‘ਤੇ ਤਰਸ ਆਉਂਦਾ ਹੈ। ਪਾਕਿਸਤਾਨ ਦੇ 165 ਰੁਪਏ ਤੋਂ ਵੀ ਉਪਰ ਇਕ ਅਮਰੀਕੀ ਡਾਲਰ ਬਰਾਬਰ ਹਨ।
ਪ੍ਰਗਤੀਸ਼ੀਲ ਕਮਿਊਨਿਸਟ ਲਹਿਰ ਦਾ ਚਮਕਦਾ ਹੀਰਾ ਮਾਓ ਜ਼ੇ ਤੁੰਗ ਚੀਨ ਵਿਚ ਕਿਹੋ ਜਿਹੇ ਬੰਦਿਆਂ ਨੂੰ ਵਾਰਿਸ ਬਣਾ ਗਿਆ। ਸਰਹੱਦਾਂ ਦੇ ਸਾਰੇ ਇਲਾਕਿਆਂ ਨੂੰ ਹੜੱਪ ਕਰਨ ‘ਤੇ ਤੁਲਿਆ ਹੋਇਆ ਹੈ ਇਹ ਦੇਸ਼! ਰੂਸ ਵਿਚ ਲੈਨਿਨ ਆਪਣੀ ਕਬਰ ਵਿਚ ਬਹੁਤ ਬੇਆਰਾਮ ਹੋ ਰਿਹਾ ਹੋਵੇਗਾ ਜਦੋਂ ਸਟਾਲਿਨ ਦਾ ਇਹ ਸੁਣਦਾ ਹੋਵੇਗਾ ਕਿ ਪੰਜ ਬੰਦਿਆਂ ਦਾ ਮਰ ਜਾਣਾ ਦੁਖਾਂਤ ਹੈ ਅਤੇ ਪੰਜ ਹਜ਼ਾਰ ਦਾ ਮਰਨਾ ਕੇਵਲ ਇੱਕ ਅੰਕੜਾ! ਇਸ ਬੇਰਹਿਮ ਦੁਨੀਆਂ ਵਿਚ ਕਈ ਡਿਕਟੇਟਰਾਂ ਨੇ ਇਸ ਸਿਧਾਂਤ ਦਾ ਪ੍ਰਯੋਗ ਕੀਤਾ ਹੈ। ਰੂਸ ਦੇ ਟੁਕੜੇ ਦੇਖ ਕੇ ਉਸ ਕ੍ਰਾਂਤੀਕਾਰੀ ਦੀ ਰੂਹ ਤੜਫ ਰਹੀ ਹੋਵੇਗੀ।
ਰੂਸ ਵਿਚ ਅੱਜ ਕੱਲ੍ਹ ਵਲਾਦੀਮੀਰ ਪੂਤਿਨ ਦਾ ਬੋਲਬਾਲਾ ਹੈ। ਕਮਾਲ ਦਾ ਵਿਅਕਤੀ ਹੈ, ਅਗਲੀ ਚੋਣ ਵਿਚ ਕਾਮਯਾਬ ਹੋਣ ਪਿੱਛੋਂ 25 ਸਾਲ ਸੱਤਾ ਵਿਚ ਰਹਿਣ ਦੀ ਝੰਡੀ ਗੱਡ ਦੇਵੇਗਾ। ਪਿਛਲੀਆਂ ਹਰ ਚੋਣਾਂ ਵੇਲੇ ਜੇ ਪਹਿਲੀ ਪਦਵੀ ਚੋਣ ਦੀ ਆਗਿਆ ਨਹੀਂ ਦਿੰਦੀ ਤਾਂ ਪਦਵੀ ਬਦਲ ਲੈਂਦਾ ਹੈ ਪਰ ਤਾਕਤ ਆਪਣੇ ਹੱਥਾਂ ਵਿਚ ਹੀ ਰੱਖਦਾ ਹੈ। ਇਹ ਤਰੱਕੀਪਸੰਦ ਲਹਿਰ ਦਾ ਨਵਾਂ ਪੈਂਤੜਾ ਹੈ।
ਕਿਊਬਾ ਛੋਟਾ ਜਿਹਾ ਦੇਸ਼ ਹੈ। ਰੂਸ ਦਾ ਉਸ ਦੀ ਪਿੱਠ ਉਪਰ ਥਾਪੜਾ ਹੈ। ਕਈ ਗੱਲਾਂ ਵਿਚ ਇਹ ਦੇਸ਼ ਵਧਾਈ ਦਾ ਹੱਕਦਾਰ ਹੈ ਪਰ ਫੀਦਲ ਕਾਸਤਰੋ ਦਾ ਦੁਨੀਆਂ ਵਿਚ ਸਭ ਤੋਂ ਲੰਮਾ ਸਮਾਂ ਡਿਕਟੇਟਰ ਰਹਿਣਾ ਤਰੱਕੀਪਸੰਦ ਲਹਿਰ ਨੂੰ ਸੋਭਦਾ ਨਹੀਂ। ਅਗਾਂਹਵਧੂ ਦਲੀਲ ਇਸ ਦੀ ਹਾਮੀ ਨਹੀਂ ਭਰਦੀ।
ਇਹੋ ਜਿਹੇ ਹਾਲਾਤ ਦੇਖਦਿਆਂ ਇਸ ਵਿਚਾਰਧਾਰਾ ਦੇ ਪ੍ਰਸੰਸਕ ਵੀ ਇੱਕ ਦਿਲਚਸਪ ਅਖਾਣ ਸੁਣ ਕੇ ਹੱਸ ਪੈਂਦੇ ਹਨ। ਇਹ ਅਖਾਣ ਹੈ: “ਜੋ ਆਦਮੀ 25 ਸਾਲ ਦੀ ਉਮਰ ਤੱਕ ਕਾਮਰੇਡ ਨਾ ਬਣ ਜਾਏ, ਉਸ ਦੇ ਜਿਸਮ ਅੰਦਰ ਧੜਕਦਾ ਦਿਲ ਨਹੀਂ ਅਤੇ ਜੇ 50 ਸਾਲ ਦੀ ਉਮਰ ਤੋਂ ਪਿੱਛੋਂ ਵੀ ਉਹ ਕਾਮਰੇਡ ਹੀ ਰਹੇ ਤਾਂ ਉਹ ਰੌਸ਼ਨ ਦਿਮਾਗ ਨਹੀਂ।” ਸ਼ਾਇਦ ਇਸੇ ਕਰ ਕੇ ਬਥੇਰੇ ਵੀਰ ਆਪਣੇ ਬੱਚਿਆਂ ਨੂੰ ਅਮਰੀਕਾ ਅਤੇ ਕੈਨੇਡਾ ਭੇਜ ਰਹੇ ਹਨ ਅਤੇ ਕਾਮਰੇਡ ਹੁੰਦਿਆਂ ਹੋਇਆਂ ਵੀ ਅਖੀਰਲੀ ਉਮਰ ਇਨ੍ਹਾਂ ਦੇਸ਼ਾਂ ਵਿਚ ਹੀ ਗੁਜ਼ਾਰਨਾ ਚਾਹੁੰਦੇ ਹਨ।
ਮੈਂ ਪ੍ਰਗਤੀਸ਼ੀਲ ਲਹਿਰ ਅਤੇ ਅਗਾਂਹਵਧੂ ਸਾਹਿਤ ਦੇ ਖਿਲਾਫ ਨਹੀਂ ਪਰ ਇਕ ਗੱਲ ਦਾ ਮੈਨੂੰ ਕੋਈ ਭੁਲੇਖਾ ਨਹੀਂ ਕਿ ਇਸ ਲਹਿਰ ਦੇ ਵਾਰਿਸ ਪੁਰਾਣੀ ਹਰਮਨਪਿਆਰਤਾ ਦੇ ਕਾਬਲ ਨਹੀਂ ਰਹੇ।
ਮਹਿਸੂਸ ਹੋ ਰਿਹਾ ਹੈ ਕਿ ਇਹ ਸਾਹਿਤ ਆਉਧ ਹੰਢਾ ਗਿਆ ਹੈ। ਇਸ ਖੂਬਸੂਰਤ ਪੌਦੇ ਦੇ ਪੱਤੇ ਪੀਲੇ ਹੋ ਗਏ ਹਨ। ਆਓ, ਇਸ ਨੂੰ ਬਹੁਤ ਸਤਿਕਾਰ ਨਾਲ ਅਲਵਿਦਾ ਕਹੀਏ! ਵੈਸੇ ਵੀ ਤਬਦੀਲੀ ਕੁਦਰਤ ਦਾ ਕਾਨੂੰਨ ਹੈ। ਸਾਰੇ ਪੁਰਾਣੀ ਕਿਸਮਾਂ ਦੇ ਵਾਦਾਂ (ਇਜ਼ਮਾਂ) ਨੂੰ ਫਤਹਿ ਬੁਲਾਈਏ। ਇਕ ਨਵਾਂ ਇਜ਼ਮ ਜਿਸ ਦਾ ਨਾਂ ਹੈ ਰੀਅਲਇਜ਼ਮ (ਯਥਾਰਥਵਾਦ) ਦਾ ਦਾਮਨ ਫੜੀਏ। ਇਸ ਨੂੰ ਪਿਆਰ, ਦਇਆ, ਸਬਰ-ਸਬੂਰੀ, ਨਿਰਮਾਣਤਾ ਅਤੇ ਸਚਾਈ ਦੇ ਅਨਮੋਲ ਸਿਧਾਂਤਾਂ ਨਾਲ ਲਬਰੇਜ਼ ਕਰੀਏ। ਯਥਾਰਥਵਾਦ ਦੇ ਇਹ ਪਹਿਲੂ ਸਮੇਂ ਦੇ ਮੁਹਤਾਜ ਨਹੀਂ। ਸਾਡੀਆਂ ਮੰਗਾਂ, ਦੁਨਿਆਵੀ ਹੱਕ, ਸਾਡੇ ਸਿਰਜੇ ਕਾਨੂੰਨ ਅਤੇ ਰਸਮ ਰਿਵਾਜ ਸਮੇਂ ਨਾਲ ਬਦਲਦੇ ਰਹਿੰਦੇ ਹਨ ਪਰ ਪਿਆਰ, ਦਇਆ ਅਤੇ ਸਬਰ ਦੀ ਵਿਆਖਿਆ ਅਮਰ ਰਹੇਗੀ। ਸਚਾਈ ਕਦੀ ਪੁਰਾਣੀ ਨਹੀਂ ਹੁੰਦੀ।
ਬੁੱਧੀਜੀਵੀ, ਵਿਦਵਾਨ ਅਤੇ ਲੇਖਕ ਸਮਾਂ ਨਾ ਗੁਆਉਣ। ਭਾਰਤ ਵਿਚ ਅਜੀਬ ਅਤੇ ਭਿਆਨਕ ਕਿਸਮ ਦਾ ਇਤਿਹਾਸ ਅਤੇ ਸਾਹਿਤ ਕਰਵਟ ਲੈ ਰਿਹਾ ਹੈ। ਹਿੰਦੁਸਤਾਨ ਦੀ ਵੱਡਮੁੱਲੀ ਸਭਿਅਤਾ ਦੇ ਖੂਬਸੂਰਤ ਅਤੇ ਖੁਸ਼ਬੂਦਾਰ ਗੁਲਦਸਤੇ ਵਿਚੋਂ ਕੁਝ ਫੁੱਲ ਤੋੜਨ ਲਈ ਬੇਰਹਿਮ ਗੁਲਚੀਂ (ਫੁਲ ਤੋੜਨ ਵਾਲਾ) ਤਾਕ ਲਗਾਈ ਬੈਠਾ ਹੈ। ਹੁਸ਼ਿਆਰ ਹੋ ਜਾਵੋ।
ਪਿਆਰ, ਸਬਰ-ਸਬੂਰੀ ਅਤੇ ਦਇਆ ਵਿਚ ਭਿੱਜਿਆ ਸਾਹਿਤ ਜੇ ਜਨਤਾ ਦੇ ਹਿਰਦੇ ‘ਤੇ ਆਪਣੀ ਮਜ਼ਬੂਤ ਦ੍ਰਿਸ਼ਟੀ ਦੀ ਮੋਹਰ ਲਾ ਦੇਵੇ, ਸਿੱਟੇ ਬਹੁਤ ਚੰਗੇ ਨਿਕਲਣਗੇ।
ਪਿੰਡਾਂ ਵਿਚ ਦੇਖਦਾ ਹਾਂ, ਘਰਾਂ ਦੇ ਮਸਲੇ ਮੁਕੱਦਮਿਆਂ ਅਤੇ ਗੋਲੀਆਂ ਚਲਾਉਣ ਨਾਲ ਹੱਲ ਨਹੀਂ ਹੁੰਦੇ। ਪਿਆਰ ਅਤੇ ਸਬਰ ਸੰਤੋਖ ਦੀ ਭਾਸ਼ਾ ਠੋਸ ਅਤੇ ਪੱਕੇ ਫੈਸਲੇ ਕਰਦੀ ਹੈ! ਸ਼ਹਿਰਾਂ ਵਿਚ ਮਾਲਕ ਮਕਾਨ ਅਤੇ ਕਿਰਾਏਦਾਰ ਦਾ ਝਗੜਾ ਆਮ ਜਿਹੀ ਗੱਲ ਹੈ। ਮੁਕੱਦਮੇ ਸਾਲਾਂ ਵਿਚ ਵੀ ਕੁਝ ਨਹੀਂ ਕਰਦੇ ਬਲਕਿ ਨਫਰਤ ਹੀ ਪੈਦਾ ਕਰਦੇ ਹਨ। ਦੋਹਾਂ ਧਿਰਾਂ ਵਿਚ ਪਿਆਰ ਅਤੇ ਇਕ ਦੂਜੇ ਦੀ ਮੁਸ਼ਕਿਲ ਨੂੰ ਸਮਝਣਾ ਹੀ ਕਾਰ-ਆਮਦ ਹੈ।
ਕੁਝ ਪੁਰਾਣੇ ਮਿਲਟਰੀ ਜਰਨੈਲਾਂ ਦੇ ਕਿੱਸੇ ਸੁਣੇ ਹਨ। ਉਹ ਆਪਣੇ ਮਾਤਹਿਤ ਫੌਜੀਆਂ ਦੇ ਘਰੋਗੀ ਹਾਲਤ ਤੋਂ ਵੀ ਵਾਕਿਫ ਹੁੰਦੇ ਸਨ। ਸਾਲਾਨਾ ਛੁੱਟੀ ਕੱਟ ਕੇ ਆਇਆਂ ਨੂੰ ਪਿਆਰ ਨਾਲ ਬੁਲਾਉਂਦੇ ਅਤੇ ਪਰਿਵਾਰ ਦੀ ਸੁੱਖ-ਸਾਂਦ ਪੁੱਛਦੇ ਸਨ। ਫੌਜ ਉਨ੍ਹਾਂ ਦੇ ਹੁਕਮਾਂ ‘ਤੇ ਜਾਨ ਵਾਰਦੀ ਸੀ। ਅੱਜ ਕੱਲ੍ਹ ਮੈਨੂੰ ਦੁੱਖ ਹੁੰਦਾ ਹੈ, ਜਦੋਂ ਮੈਂ ਅਰਦਲੀਆਂ ਨੂੰ ਪਿਆਰ ਨਾਲ ਨਾ ਰੱਖਣ ਵਾਲੇ ਕੁਝ ਅਫਸਰਾਂ ਨੂੰ ਉਨ੍ਹਾਂ ਦੀ ਗੋਲੀ ਦਾ ਨਿਸ਼ਾਨਾ ਬਣੇ ਸੁਣਦਾ ਹਾਂ। ਯਾਦ ਰੱਖੀਏ ਕਿ ਪਿਆਰ ਦੀ ਲੋਅ ਦੀਆਂ ਕਿਰਨਾਂ ਹੰਕਾਰੀ ਦਿਲਾਂ ਨੂੰ ਵੀ ਮੋਮ ਵਾਂਗ ਪਿਘਲਾ ਦਿੰਦੀਆਂ ਹਨ।
ਸਾਡੇ ਦੇਸ਼ ਨੂੰ ਰਿਸ਼ਵਤ ਘੁਣ ਵਾਂਗ ਖਾ ਰਹੀ ਹੈ। ਇਸ ਭੈੜੀ ਕਾਰਗੁਜ਼ਾਰੀ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਕ ਮਹੱਤਵਪੂਰਨ ਕਾਰਨ ਅਫਸਰਾਂ ਅਤੇ ਸਿਆਸਤਦਾਨਾਂ ਦੀ ਹਓਮੈ, ਟੌਹਰ ਅਤੇ ਜਨਤਾ ਨਾਲ ਪਿਆਰ ਦੀ ਥਾਂ ਹੈਂਕੜ ਅਤੇ ਕੁਝ ਵੱਖਰੀ ਹੈਸੀਅਤ ਨਾਲ ਰਹਿਣ ਦਾ ਜਜ਼ਬਾ ਜਿਹੜਾ ਸੇਵਾ ਮੁਕਤੀ ਪਿਛੋਂ ਅਤੇ ਸਾਬਕਾ ਕਹਾਉਣ ਪਿਛੋਂ ਵੀ ਸ਼ਿੱਦਤ ਨਾਲ ਚਿੰਬੜਿਆ ਰਹਿੰਦਾ ਹੈ। ਇਸ ਘੁਮੰਡੀ ਜਜ਼ਬੇ ਦੀ ਪੂਰਤੀ ਲਈ ਧਨ ਇਕੱਠਾ ਕਰਨਾ ਬਹੁਤ ਸਹਾਈ ਹੁੰਦਾ ਹੈ। ਕੁਝ ਉਮੀਦ ਰੱਖੀ ਜਾ ਸਕਦੀ ਹੈ ਕਿ ਯਥਾਰਥਵਾਦ ਅਧੀਨ ਪਿਆਰ, ਦਇਆ ਅਤੇ ਸਬਰ ਸੰਤੋਖ ਭਰੀ ਨਿਰਮਾਣਤਾ ਇਨ੍ਹਾਂ ਸ਼ਖਸੀਅਤਾਂ ਨੂੰ ਰਿਸ਼ਵਤ ਤੋਂ ਦੂਰ ਰੱਖੇ! ਮੈਨੂੰ ਭੁਲੇਖੇ ਦੀ ਥਾਂ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਕਿਵੇਂ?
ਚੰਡੀਗੜ੍ਹ ਵਿਚ ਪੰਜ ਬਹੁਤ ਸੀਨੀਅਰ ਸੇਵਾ ਮੁਕਤ ਅਫਸਰਾਂ ਨਾਲ ਮੇਰੀ ਜਾਣ ਪਛਾਣ ਹੈ। ਇਨ੍ਹਾਂ ਨੇ ਰੁਤਬੇ ਦੀਆਂ ਸਹੂਲਤਾਂ ਦਾ ਤਾਂ ਕੁਝ ਆਨੰਦ ਮਾਣਿਆ ਹੋਵੇਗਾ ਪਰ ਰਿਸ਼ਵਤਖੋਰੀ ਤੋਂ ਦੂਰ ਹੀ ਰਹੇ ਹਨ। ਦੋ ਪੰਡਤ ਹਨ, ਇਕ ਅਗਰਵਾਲ ਹੈ ਅਤੇ ਦੋ ਗੁਰਸਿੱਖ ਹਨ। ਸ਼ੁਰੂ ਤੋਂ ਹੀ ਸੁਚੱਜੇ ਸਾਹਿਤ ਦੇ ਰਸੀਏ ਹਨ। ਚੰਗੀਆਂ ਪੈਨਸ਼ਨਾਂ ਨਾਲ ਗੁਜ਼ਾਰਾ ਕਰਦੇ ਹਨ। ਹੈਂਕੜ ਤੋਂ ਬਹੁਤ ਦੂਰ ਹਨ। ਨਿਰਮਾਣਤਾ ਦੀ ਇਕ ਉਦਾਹਰਨ ਸ਼ਾਇਦ ਕੁਥਾਂ ਨਹੀਂ। ਕਈ ਸਾਲ ਪਹਿਲਾਂ ਇਨ੍ਹਾਂ ਵਿਚੋਂ ਇਕ ਫਰੀਮਾਂਟ ਦੇ ਗੁਰਦੁਆਰੇ ਆਇਆ ਸੀ। ਮੇਰੀ ਮੌਜੂਦਗੀ ਵਿਚ ਕੁਝ ਬੱਚਿਆਂ ਨੇ ਉਸ ਨੂੰ ਸਵਾਲ ਪੁੱਛਿਆ, “ਤੁਸੀਂ ਆਈ.ਏ.ਐਸ਼ ਵਿਚ ਕਿਸ ਤਰ੍ਹਾਂ ਪਹੁੰਚ ਗਏ?” ਉਸ ਨੇ ਜਵਾਬ ਦਿੱਤਾ, “ਬੱਚਿਓ, ਬਹੁਤ ਲੜਕੇ ਇਸ ਇਮਤਿਹਾਨ ਵਿਚ ਬੈਠਦੇ ਹਨ, ਸਾਰੇ ਹੀ ਲਾਇਕ ਹੁੰਦੇ ਹਨ, ਸਭ ਹੀ ਛਾਲਾਂ ਮਾਰਦੇ ਹਨ, ਭਾਵ ਸਖਤ ਮਿਹਨਤ ਕਰਦੇ ਹਨ ਪਰ ਗੁਰ ਵਾਕ ਅਨੁਸਾਰ- ‘ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥’ ਸੋ ਪਿਆਰੇ ਬੱਚਿਓ, ਉਸ ਕਰਤੇ ਨੂੰ ਮੇਰਾ ਚੁਣੇ ਜਾਣਾ ਮਨਜ਼ੂਰ ਹੋਇਆ। ਬਾਕੀ ਵੀ ਘੱਟ ਲਾਇਕ ਨਹੀਂ ਸਨ।”
ਅਖੀਰ ਵਿਚ ਇਕ ਵਾਰ ਫੇਰ ਭੁਲੇਖੇ ਰਹਿਤ ਉਮੀਦ ਹਿਰਦੇ ਵਿਚ ਰੱਖ ਰਿਹਾ ਹਾਂ ਕਿ ਇਸ ਨਵੇਂ ਨਰੋਏ ਸਾਹਿਤ ਨੂੰ ਵੱਧ ਤੋਂ ਵੱਧ ਲੋਕ ਗ੍ਰਹਿਣ ਕਰਨ ਅਤੇ ਹਰ ਸਾਲ ਉਤਲੇ ਪੰਜ ਪਿਆਰਿਆਂ ਦੀ ਗਿਣਤੀ ਵਿਚ ਵਾਧਾ ਕਰਨ! ਇਹ ਨਾ-ਮੁਮਕਿਨ ਨਹੀਂ।