ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਜਾਗੇਗੀ?

ਡਾ. ਗੁਰਨਾਮ ਕੌਰ, ਕੈਨੇਡਾ
ਕਿਸੇ ਵੀ ਭਾਈਚਾਰੇ ਜਾਂ ਮਨੁੱਖ ਦੀ ਆਜ਼ਾਦੀ ਲਈ ਪਹਿਲਾ ਅਤੇ ਜ਼ਰੂਰੀ ਕਦਮ ਹੁੰਦਾ ਹੈ, ਉਸ ਦੀ ਆਰਥਕ ਆਜ਼ਾਦੀ, ਉਸ ਦਾ ਆਪਣੀ ਰੋਜ਼ੀ-ਰੋਟੀ ਲਈ ਸਵੈ-ਨਿਰਭਰ ਹੋਣਾ| ਇਸੇ ਦਾ ਪ੍ਰਗਟਾਵਾ ਕਰਦਿਆਂ ਬਾਬਾ ਫਰੀਦ ਨੇ ਆਪਣੀ ਬਾਣੀ ਵਿਚ ਫੁਰਮਾਇਆ ਹੈ, ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥42॥ (ਪੰਨਾ 1380)

ਮਨੁੱਖ ਉਦੋਂ ਹੀ ਕਿਸੇ ਦੇ ਦਰਵਾਜੇ ‘ਤੇ ਜਾਂਦਾ ਹੈ, ਜਦੋਂ ਉਸ ਦੇ ਜੀਣ-ਥੀਣ ਦੇ ਆਪਣੇ ਸਾਧਨ ਮੁੱਕ ਜਾਣ ਜਾਂ ਨਾ ਹੋਣ| ਰੋਟੀ ਮਨੁੱਖ ਦੀ ਪਹਿਲੀ ਲੋੜ ਹੈ, ਜੋ ਜਿੰਦਾ ਰਹਿਣ ਵਾਸਤੇ ਬਹੁਤ ਜ਼ਰੂਰੀ ਹੈ| ਭਾਵੇਂ ਕੋਈ ਕਿੱਡਾ ਵੀ ਅਧਿਆਤਮਵਾਦੀ, ਯੋਗੀ-ਜਤੀ, ਤਪੱਸਵੀ ਹੋਵੇ, ਉਸ ਨੂੰ ਵੀ ਭੋਜਨ ਦੀ ਲੋੜ ਪੈਂਦੀ ਹੈ| ਮਨੁੱਖ ਦੇ ਅਧਿਆਤਮਕ ਅਤੇ ਦੁਨਿਆਵੀ ਜੀਵਨ ਨੂੰ ਇੱਕਸੁਰ ਕਰਨ ਲਈ, ਉਸ ਦੇ ਸੰਸਾਰਕ ਅਤੇ ਅਧਿਆਤਮਕ ਜੀਵਨ ਨੂੰ ਸੰਤੁਲਤ ਰੱਖਣ ਲਈ ਗੁਰੂ ਨਾਨਕ ਦੇਵ ਨੇ ਹੱਥੀਂ ਇਮਾਨਦਾਰੀ ਦੀ ਕਿਰਤ ਕਰਨ ਨੂੰ, ਉਸ ਨੂੰ ਲੋੜਵੰਦਾਂ ਨਾਲ ਵੰਡ ਕੇ ਖਾਣ ਨੂੰ ਨਾਮ ਸਿਮਰਨ ਨਾਲ ਬਰਾਬਰ ‘ਤੇ ਜੋੜਿਆ| ਇਸੇ ਲਈ ਗੁਰੂ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਕਰਨ ਉਪਰੰਤ ਕਰਤਾਰਪੁਰ ਪੱਕੇ ਤੌਰ ‘ਤੇ ਨਿਵਾਸ ਕੀਤਾ ਤਾਂ ਉਨ੍ਹਾਂ ਦਾ ਮੁੱਖ ਸਰੋਕਾਰ ਉਸ ਜੀਵਨ ਦਰਸ਼ਨ ਨੂੰ ਅਮਲੀ ਰੂਪ ਦੇਣਾ ਸੀ, ਜੋ ਉਨ੍ਹਾਂ ਨੇ ਆਪਣੇ ਪਰਮਸਤਿ ਦੇ ਅਨੁਭਵ ਵਿਚ ਆਤਮਸਾਤ ਕੀਤਾ ਸੀ|
ਕਰਤਾਰਪੁਰ ਨਿਵਾਸ ਕਰਦਿਆਂ ਜਿੱਥੇ ਉਨ੍ਹਾਂ ਨੇ ਸਵੇਰੇ ਸ਼ਾਮ ਨਾਮ-ਬਾਣੀ ਦਾ ਪਰਵਾਹ ਚਲਾਇਆ, ਉਥੇ ਆਪਣੇ ਹੱਥੀਂ ਖੇਤਾਂ ਵਿਚ ਕੰਮ ਕਰਕੇ ਕਿਰਤ ਕਰਨ ਅਤੇ ਸਾਂਝੇ ਲੰਗਰ ਵਿਚ ਹੱਥੀ ਸੇਵਾ ਕਰਕੇ, ਵੰਡ ਕੇ ਛਕਣ ਦੀ ਜਾਚ ਦੱਸੀ| ‘ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ’ ਦੇ ਸਿਧਾਂਤ ਰਾਹੀਂ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਪਰੰਪਰਾ ਸ਼ੁਰੂ ਕਰਕੇ ਮਨੁੱਖੀ ਬਰਾਬਰੀ ਦੇ ਸਿਧਾਂਤ ਨੂੰ ਵੀ ਦ੍ਰਿੜ ਕਰਵਾਇਆ, ਜਿਸ ਰਾਹੀਂ ਸਾਰੇ ਮਾਈ-ਭਾਈ ਹੱਥੀਂ ਸੱਚੀ-ਸੁੱਚੀ ਕਿਰਤ ਕਰਨ, ਰਲ-ਮਿਲ ਕੇ ਲੰਗਰ ਵਿਚ ਸੇਵਾ ਕਰਨ ਤੇ ਬਿਨਾ ਕਿਸੇ ਊਚ-ਨੀਚ, ਧਰਮ-ਜਾਤ, ਇਸਤਰੀ-ਪੁਰਸ਼ ਦੇ ਵਖਰੇਵੇਂ ਦੇ ਇਕੱਠਿਆਂ ਬਰਾਬਰ ਬੈਠ ਕੇ ਲੰਗਰ ਛਕਣ ਅਤੇ ਸੰਗਤੀ ਰੂਪ ਵਿਚ ਨਾਮ-ਬਾਣੀ ਦਾ ਸਿਮਰਨ ਕਰਨ| ਊਚ-ਨੀਚ, ਜਾਤਿ-ਪਾਤਿ ਅਤੇ ਇਸ ਕਿਸਮ ਦੀਆਂ ਅਨੇਕਾਂ ਤਰ੍ਹਾਂ ਦੀਆਂ ਵੰਡਾਂ ਵਿਚ ਵੰਡੇ ਹੋਏ ਸਮਾਜ ਨੂੰ ਇੱਕਸੁਰ ਅਤੇ ਇੱਕ-ਜੁੱਟ ਕਰਨ ਲਈ ਇਹ ਬਹੁਤ ਵੱਡਾ ਅਮਲੀ ਰਸਤਾ ਸੀ, ਜਿਸ ਦੀ ਪਿਰਤ ਗੁਰੂ ਨਾਨਕ ਸਾਹਿਬ ਨੇ ਪਾਈ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਇਸ ਨੂੰ ਹੋਰ ਮਜ਼ਬੂਤ ਕੀਤਾ|
ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਜੀ ਨੇ ਨਵੇਂ ਨਗਰ ਖਡੂਰ ਸਾਹਿਬ ਅਤੇ ਗੋਇੰਦਵਾਲ ਉਸ ਸ਼ਾਹਰਾਹ ‘ਤੇ ਵਸਾਏ, ਜੋ ਉਸ ਵੇਲੇ ਹਿੰਦੁਸਤਾਨ ਦਾ ਦੂਸਰੇ ਏਸ਼ੀਆਈ ਮੁਲਕਾਂ ਨਾਲ ਵਪਾਰ ਕਰਨ ਦਾ ਰੂਟ ਸੀ| ਗੁਰੂ ਰਾਮਦਾਸ ਜੀ ਨੇ ਇਸੇ ਰੂਟ ਤੇ ਜਦੋਂ ਰਾਮਦਾਸ ਚੱਕ ਜਾਣੀ ਅੰਮ੍ਰਿਤਸਰ ਵਸਾਇਆ ਤਾਂ ਉਥੇ ਦੂਰੋਂ ਦੂਰੋਂ ਵੱਖ ਵੱਖ ਕਿੱਤਿਆਂ ਨਾਲ ਜੁੜੇ ਕਾਰੀਗਰ, ਸ਼ਿਲਪਕਾਰ ਅਤੇ ਵਪਾਰੀ ਲਿਆ ਕੇ ਵਸਾਏ ਤਾਂ ਜੋ ਜਿੱਥੇ ਨਗਰ ਤਰੱਕੀ ਕਰੇ, ਉਥੇ ਹੀ ਉਸ ਦੇ ਵਸਨੀਕ ਆਰਥਕ ਤੌਰ ‘ਤੇ ਆਤਮ-ਨਿਰਭਰ ਹੋਣ| ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਪੰਜਾਬ ਦੀ ਡੋਰ ਸੰਭਾਲੀ ਤਾਂ ਸਭ ਤੋਂ ਪਹਿਲਾ ਕੰਮ ਜਗੀਰਦਾਰੀ ਪ੍ਰਬੰਧ ਖਤਮ ਕੀਤਾ ਅਤੇ ਜ਼ਮੀਨ ਹਲ-ਵਾਹਕ ਕਿਸਾਨਾਂ ਵਿਚ ਵੰਡੀ|
ਸਵਰਗੀ ਯੋਗੀ ਹਰਭਜਨ ਸਿੰਘ ਅਜਿਹੀ ਸ਼ਖਸੀਅਤ ਹੋਏ ਹਨ, ਜਿਨ੍ਹਾਂ ਦੇ ਸਿਰ ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿਚ ਰਹਿ ਰਹੇ ਵੱਖਰੀਆਂ ਨਸਲਾਂ ਦੇ ਲੋਕਾਂ ਨੂੰ ਸਿੱਖੀ ਸਰੂਪ ਵਿਚ ਲਿਆਉਣ ਦਾ ਸਿਹਰਾ ਜਾਂਦਾ ਹੈ| ਉਨ੍ਹਾਂ ਦੇ ਯੋਗ-ਪ੍ਰਬੰਧ ਜਾਂ ਹੋਰ ਢੰਗ-ਤਰੀਕਿਆਂ ਨਾਲ ਆਮ ਸਿੱਖ ਬੁੱਧੀਜੀਵੀਆਂ ਦੇ ਕਈ ਵਖਰੇਵੇਂ ਅਤੇ ਇਤਰਾਜ਼ ਹੋ ਸਕਦੇ ਹਨ, ਪਰ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਜਿਵੇਂ ਦੂਜੇ ਮੁਲਕਾਂ ਅਤੇ ਨਸਲਾਂ ਦੇ ਲੋਕਾਂ ਨੂੰ ਉਨ੍ਹਾਂ ਨੇ ਸਿੱਖ ਧਰਮ ਵੱਲ ਪ੍ਰੇਰਿਆ, ਇਸ ਦੀ ਮਿਸਾਲ ਮੌਜੂਦਾ ਯੁੱਗ ਵਿਚ ਕਿਸੇ ਟਕਸਾਲ, ਕਿਸੇ ਸੰਤ ਜਾਂ ਕਿਸੇ ਵੀ ਸਿੱਖ ਪ੍ਰਚਾਰਕ ਜਾਂ ਰਾਗੀ-ਢਾਡੀ ਦੀ ਨਹੀਂ ਮਿਲਦੀ| ਪੰਜਾਬੀ ਯੂਨੀਵਰਸਿਟੀ ਨਾਲ ਅਮਰੀਕਨ ਸਿੱਖਾਂ ਨੂੰ ਪੰਜਾਬੀ ਪੜ੍ਹਾਉਣ ਲਈ ਹੋਏ ਸਮਝੌਤੇ ਕਾਰਨ ਸਾਨੂੰ ਉਨ੍ਹਾਂ ਨੂੰ ਅਤੇ ਅਮਰੀਕਨ ਸਿੱਖਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਅਤੇ ਮੈਂ ਮਹਿਸੂਸ ਕੀਤਾ ਕਿ ਜਿੱਥੋਂ ਤੱਕ ਸਿੱਖ ਧਰਮ ਦਾ ਸਵਾਲ ਹੈ, ਉਹ ਬਹੁਤ ਹੀ ਸ਼ਰਧਾਲੂ ਅਤੇ ਬਾਣੀ ਨਾਲ ਜੁੜੇ ਹੋਏ ਸਿੱਖ ਹਨ| ਦੋ ਵਾਰ ਸੰਨ 2003-4 ਵਿਚ ਸ਼ ਯੋਗੀ ਦੇ ਵਿਸ਼ੇਸ਼ ਸੱਦੇ ‘ਤੇ ਮੈਨੂੰ ਉਨ੍ਹਾਂ ਦੇ ਕੇਂਦਰ ਐਸਪੇਨੋਲਾ-ਨਿਊ ਮੈਕਸੀਕੋ ਜਾਣ ਦਾ ਮੌਕਾ ਮਿਲਿਆ, ਜਿੱਥੇ ਮੈਂ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਅਤੇ ਨਸਲਾਂ ਦੇ, ਜਪਾਨ-ਚੀਨ ਤੋਂ ਲੈ ਕੇ ਯੂਰਪ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਤੋਂ ਆਏ ਸਿੱਖ ਵੀਰਾਂ ਅਤੇ ਸਿੱਖ ਬੀਬੀਆਂ ਨੂੰ ਮਿਲੀ, ਜੋ ‘ਜਪੁਜੀ ਸਾਹਿਬ’ ‘ਤੇ ਕੀਤੇ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਹੋਏ ਸਨ| ਉਥੇ ਹੀ ਮੈਨੂੰ ਸ਼ ਯੋਗੀ ਵੱਲੋਂ ਸਿੱਖ ਸਜਾਉਣ ਦੇ ਨਾਲ ਨਾਲ ਜਿਸ ਵਿਸ਼ੇਸ਼ ਗੱਲ ਦਾ ਗਿਆਨ ਹੋਇਆ, ਉਹ ਇਹ ਸੀ ਕਿ ਅਮਰੀਕਨ ਸਿੱਖਾਂ ਨੂੰ ਦਸਤਾਰਧਾਰੀ ਹੋਣ ਦੇ ਨਾਤੇ ਕਈ ਵਾਰ ਨੌਕਰੀਆਂ ਲੈਣ ਵਿਚ ਬਹੁਤ ਦਿੱਕਤ ਆਉਂਦੀ ਸੀ|
ਇਸ ਸਮੱਸਿਆ ਦੇ ਹੱਲ ਲਈ ਸ਼ ਯੋਗੀ ਨੇ ‘ਸਿੱਖ ਧਰਮਾ’ ਅਦਾਰੇ ਦੇ ਆਪਣੇ ਕਿੱਤੇ ਸ਼ੁਰੂ ਕੀਤੇ ਤਾਂ ਕਿ ਅਮਰੀਕਨ ਸਿੱਖਾਂ ਨੂੰ ਰੁਜ਼ਗਾਰ ਲੱਭਣ ਵਿਚ ਕੋਈ ਦਿੱਕਤ ਨਾ ਆਵੇ ਅਤੇ ਉਹ ਆਤਮ-ਨਿਰਭਰ ਹੋ ਸਕਣ| ਕੁਝ ਕਿੱਤਿਆਂ ਦੀ ਇੱਥੇ ਮਿਸਾਲ ਦਿੱਤੀ ਜਾ ਸਕਦੀ ਹੈ, ਜਿਵੇਂ ਕਛਹਿਰੇ, ਕੰਘੇ, ਕੜੇ ਅਤੇ ਕ੍ਰਿਪਾਨਾਂ ਆਦਿ ਕੱਕਾਰ ਬਣਾਉਣ ਦਾ ਕੰਮ, ਯੋਗੀ ਚਾਹ, ਯੋਗੀ ਸੀਰੀਅਲ ਅਤੇ ਖਾਣ ਦਾ ਹੋਰ ਸਮਾਨ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ| ਇਸੇ ਤਰ੍ਹਾਂ ‘ਅਕਾਲ ਸਿਕਿਉਰਿਟੀ’ ਦੇ ਨਾਮ ਹੇਠ ਸਿਕਿਉਰਿਟੀ ਕੰਪਨੀ ਸ਼ੁਰੂ ਕੀਤੀ, ਜੋ ਅਮਰੀਕਾ ਦੀਆਂ ਆਹਲਾ ਕੰਪਨੀਆਂ ਵਿਚ ਸ਼ੁਮਾਰ ਕਰਦੀ ਹੈ ਅਤੇ ਅਮਰੀਕਾ ਵਿਚ ਸਿਕਿਉਰਿਟੀ ਲਈ ਇਸ ਦੀ ਮੰਗ ਪਹਿਲ ‘ਤੇ ਕੀਤੀ ਜਾਂਦੀ ਹੈ| ਇਥੇ ਮੇਰੇ ਦੱਸਣ ਦਾ ਮਕਸਦ ਇਹੀ ਹੈ ਕਿ ਆਰਥਕ ਤੌਰ ‘ਤੇ ਅਮਰੀਕਨ ਸਿੱਖਾਂ ਨੂੰ ਸਵੈ-ਨਿਰਭਰ ਕਰਨ ਲਈ ਇਨ੍ਹਾਂ ਸਾਰੀਆਂ ਕੰਪਨੀਆਂ ਦੀ ਸ਼ੁਰੂਆਤ ਕੀਤੀ ਗਈ|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਮਾਮਲਿਆਂ ਦੀ ਦੇਖਭਾਲ ਕਰਨ ਅਤੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਬਹੁਤ ਜਦੋ-ਜਹਿਦ ਪਿੱਛੋਂ ਹੋਂਦ ਵਿਚ ਆਈ| ਇਸ ਨੂੰ ਸਿੱਖਾਂ ਦੀ ਮਿਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਸਾਲਾਨਾ ਬਜਟ ਕਰੋੜਾਂ ਵਿਚ ਹੈ| ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਨਾਲ ਜ਼ਮੀਨਾਂ ਵੀ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਵਿਚ ਹੁੰਦੀ ਹੈ| ਇਸ ਤੋਂ ਇਲਾਵਾ ਵੱਖ ਵੱਖ ਗੁਰਦੁਆਰਿਆਂ ਵਿਚ ਚੜ੍ਹਾਵੇ ਦੇ ਰੂਪ ਵਿਚ ਵੀ ਬਹੁਤ ਮਾਇਆ ਆਉਂਦੀ ਹੈ| ਕੋਈ ਵੀ ਸਿੱਖ ਅਜਿਹਾ ਨਹੀਂ ਹੈ, ਜੋ ਆਪਣੀ ਕਿਰਤ ਕਮਾਈ ਵਿਚੋਂ ਆਪਣੇ ਗੁਰੂ ਲਈ ਮਾਇਆ ਭੇਟ ਨਾ ਕਰਦਾ ਹੋਵੇ| ਇਕੱਲੇ ਦਰਬਾਰ ਸਾਹਿਬ ਵਿਚ ਹੀ ਲੱਖਾਂ ਦੀ ਤਾਦਾਦ ਵਿਚ ਹਰ ਰੋਜ਼ ਸ਼ਰਧਾਲੂ ਮੱਥਾ ਟੇਕਦੇ ਹਨ (ਕਰੋਨਾ ਕਾਰਨ ਸ਼੍ਰੋਮਣੀ ਕਮੇਟੀ ਦੀ ਕੁਝ ਆਮਦਨ ਘਟੀ ਹੈ ਅਤੇ ਸ਼ਰਧਾਲੂ ਵੀ ਘੱਟ ਗਿਣਤੀ ਵਿਚ ਜਾਂਦੇ ਹਨ)।
ਸ਼੍ਰੋਮਣੀ ਕਮੇਟੀ ਦਾ ਕੋਈ ਵੀ ਇਹੋ ਜਿਹਾ ਸਕੂਲ, ਕਾਲਜ, ਪ੍ਰੋਫੈਸ਼ਨਲ ਅਦਾਰਾ ਨਹੀਂ, ਜਿੱਥੇ ਈਸਾਈ ਅਦਾਰਿਆਂ ਵਾਂਗ ਗਰੀਬ ਸਿੱਖ ਬੱਚਿਆਂ ਨੂੰ ਮੁਫਤ ਵਿੱਦਿਆ ਜਾਂ ਸਿੱਖਲਾਈ ਦੇਣ ਦਾ ਪ੍ਰਬੰਧ ਹੋਵੇ, ਕੋਈ ਅਜਿਹਾ ਹਸਪਤਾਲ ਨਹੀਂ, ਜਿੱਥੇ ਗਰੀਬ ਬਿਮਾਰ ਸਿੱਖ ਦਾ ਇਲਾਜ ਮੁਫਤ ਹੋ ਸਕਦਾ ਹੋਵੇ| ਘੱਟੋ ਘੱਟ ਮੇਰੀ ਜਾਣਕਾਰੀ ਵਿਚ ਤਾਂ ਨਹੀਂ ਹੈ| ਪਿੱਛੇ ਜਿਹੇ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਆਏ ਜਿਵੇਂ ਅਨੰਦਪੁਰ ਸਾਹਿਬ, ਜਲੰਧਰ ਅਤੇ ਸੁਲਤਾਨਪੁਰ ਲੋਧੀ ਆਦਿ| ਸਭ ਤੋਂ ਪਹਿਲਾਂ ਖਾਲਸਾ ਏਡ ਸੁਸਾਇਟੀ (ਜੋ ਸ਼੍ਰੋਮਣੀ ਕਮੇਟੀ ਦਾ ਅਦਾਰਾ ਨਹੀਂ ਹੈ) ਅਤੇ ਫਿਰ ਕਈ ਸਮਾਜ-ਸੇਵੀ ਸੰਸਥਾਵਾਂ ਅੱਗੇ ਆਈਆਂ ਤੇ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਮੱਦਦ ਕੀਤੀ| ਖਾਲਸਾ ਏਡ ਸੁਸਾਇਟੀ ਨੇ ਤਾਂ ਲੋੜਵੰਦਾਂ ਨੂੰ, ਜਿਨ੍ਹਾਂ ਦੇ ਦੁੱਧਾਰੂ ਪਸੂ ਮਰ ਗਏ ਸਨ, ਉਹ ਵੀ ਖਰੀਦ ਕੇ ਦੇਣ ਤੋਂ ਲੈ ਕੇ, ਰਹਿਣ ਲਈ ਘਰ ਤੱਕ ਬਣਾਉਣ ਦਾ ਕਾਰਜ ਅਰੰਭ ਕੀਤਾ; ਪਰ ਸ਼੍ਰੋਮਣੀ ਕਮੇਟੀ ਕਾਫੀ ਦੇਰ ਨਾਲ ਮੱਦਦ ਲਈ ਬਹੁੜੀ|
ਪੰਜਾਬ ਵਿਚ ਵੱਖ ਵੱਖ ਸਰਕਾਰਾਂ ਵੱਲੋਂ ਸਮੇਂ ਸਮੇਂ ਸਰਕਾਰੀ ਮਕਸਦ ਲਈ ਜ਼ਮੀਨਾਂ ਲੈ ਲੈਣ ਨਾਲ ਕਿਸਾਨਾਂ ਨੂੰ ਜ਼ਮੀਨਾਂ ਤੋਂ ਹੱਥ ਧੋਣੇ ਪੈਂਦੇ ਰਹੇ ਹਨ| ਪਰਿਵਾਰ ਵਧਣ ਨਾਲ ਅੱਗੇ ਤੋਂ ਅੱਗੇ ਹੁੰਦੀ ਜ਼ਮੀਨਾਂ ਦੀ ਵੰਡ ਕਾਰਨ ਖੇਤੀ ਕਰਨ ਲਈ ਜ਼ਮੀਨ ਦੀਆਂ ਇਕਾਈਆਂ ਦਿਨੋ ਦਿਨ ਛੋਟੀਆਂ ਹੁੰਦੀਆਂ ਜਾਂਦੀਆਂ ਹਨ| ਹੁਣ ਆਮ ਕਿਸਾਨ ਲਈ ਜ਼ਮੀਨ ‘ਤੇ ਇਕੱਲੀ ਖੇਤੀ ਕਰਕੇ ਗੁਜ਼ਾਰਾ ਕਰਨਾ ਦਿਨੋ ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ| ਇਸ ਲਈ ਆਪਣਾ ਗੁਜ਼ਾਰਾ ਕਰਨ ਲਈ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਅਪਨਾਉਣੇ ਪੈ ਰਹੇ ਹਨ ਤਾਂ ਕਿ ਉਹ ਆਪਣੇ ਪਰਿਵਾਰਾਂ ਲਈ ਦੋ ਵਕਤ ਦੀ ਰੋਟੀ ਜੁਟਾ ਸਕਣ| ਇਨ੍ਹਾਂ ਸਹਾਇਕ ਧੰਦਿਆਂ ਵਿਚੋਂ ਹੀ ਇੱਕ ਧੰਦਾ ਦੁੱਧ ਦਾ ਹੈ, ਜਿਸ ਨਾਲ ਕਿਸਾਨਾਂ ਤੋਂ ਬਿਨਾ ਪਿੰਡਾਂ ਵਿਚ ਰਹਿਣ ਵਾਲੇ ਹੋਰ ਕਾਫੀ ਗਿਣਤੀ ਵਿਚ ਬੇਜ਼ਮੀਨੇ ਲੋਕ ਵੀ ਜੁੜੇ ਹੋਏ ਹਨ| ਦੁੱਧ ਦਾ ਭਾਅ ਅੱਜ ਕੱਲ ਕਾਫੀ ਚੰਗਾ ਦੁੱਧ ਦੀ ਫੈਟ ਅਨੁਸਾਰ ਮਿਲ ਜਾਂਦਾ ਹੈ ਭਾਵੇਂ ਕਿ ਪਸੂਆਂ ਨੂੰ ਪਾਉਣ ਲਈ ਦਾਣਾ, ਖਲ ਅਤੇ ਹੋਰ ਚਾਰਾ ਵੀ ਕਾਫੀ ਮਹਿੰਗਾ ਹੈ| ਕਰੋਨਾ ਦੀ ਮਹਾਮਾਰੀ ਫੈਲੀ ਤਾਂ ਕਰੀਬ ਬਹੁਤੇ ਮੁਲਕਾਂ ਦੀਆਂ ਸਰਕਾਰਾਂ ਨੇ ਲੌਕਡਾਊਨ ਲਾਗੂ ਕਰ ਦਿੱਤਾ ਅਤੇ ਇਹ ਹਿੰਦੁਸਤਾਨ ਵਿਚ ਵੀ ਲਾਗੂ ਹੋ ਗਿਆ| ਲੌਕਡਾਊਨ ਹੀ ਨਹੀਂ ਭਾਰਤ ਦੇ ਬਹੁਤ ਸਾਰੇ ਸੂਬਿਆਂ ਨੇ ਪਿੰਡਾਂ-ਸ਼ਹਿਰਾਂ, ਕਸਬਿਆਂ-ਸਭ ਥਾਂਵੀਂ ਕਰਫਿਊ ਲਾ ਦਿੱਤਾ| ਇਹ ਕਰਫਿਊ ਪੰਜਾਬ ਵਿਚ ਵੀ ਲਾਗੂ ਕਰ ਦਿੱਤਾ ਗਿਆ| ਹੋਰ ਕਿੱਤਿਆਂ ਦੇ ਨਾਲ ਨਾਲ ਇਸ ਦਾ ਪੰਜਾਬ ਦੇ ਕਿਸਾਨਾਂ ਵੱਲੋਂ ਦੁੱਧ ਵੇਚਣ ਦੇ ਸਹਾਇਕ ਧੰਦੇ ‘ਤੇ ਬਹੁਤ ਮਾਰੂ ਅਸਰ ਪਿਆ| ਦੁੱਧ ਅਜਿਹੀ ਉਪਜ ਹੈ, ਜਿਸ ਨੂੰ ਕਿਸਾਨ ਸਟੋਰ ਕਰਕੇ ਨਹੀਂ ਰੱਖ ਸਕਦਾ| ਸ਼ਹਿਰਾਂ ਵਿਚ ਦੋਧੀਆਂ ਦੀ ਆਵਾਜਾਈ ਬੰਦ ਹੋ ਗਈ, ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋ ਗਈਆਂ| ਇਸ ਦਾ ਅਸਰ ਇਹ ਹੋਇਆ ਕਿ ਇੱਕ ਪਾਸੇ ਸ਼ਹਿਰਾਂ ਵਿਚ ਲੋਕ ਦੁੱਧ ਤੋਂ ਵਾਂਝੇ ਹੋ ਗਏ ਅਤੇ ਦੂਜੇ ਪਾਸੇ ਦੁੱਧ ਇਕੱਠਾ ਕਰਨ ਵਾਲੇ ਕੇਂਦਰ ਬੰਦ ਹੋ ਗਏ| ਕਿਸਾਨਾਂ ਦਾ ਦੁੱਧ ਵਿਕਣੋਂ ਬੰਦ ਹੋ ਗਿਆ| ਲੋਕਾਂ ਨੇ ਦੁੱਧ ਪਸੂਆਂ ਨੂੰ ਪਿਲਾਉਣਾ ਸ਼ੁਰੂ ਕਰ ਦਿੱਤਾ| ਕਈ ਥਾਂਵਾਂ ‘ਤੇ ਦੋਧੀਆਂ ਨੇ ਰੋਸ ਵੱਜੋਂ ਦੁੱਧ ਦੇ ਡਰੱਮ ਸੜਕਾਂ ‘ਤੇ ਡੋਲ੍ਹ ਦਿੱਤੇ| ਕਈ ਟੀ. ਵੀ. ਚੈਨਲਾਂ ਨੇ ਦੁੱਧ ਦੇ ਧੰਦੇ ਨਾਲ ਜੁੜੇ ਲੋਕਾਂ ਦੀਆਂ ਦਰਦ ਭਰੀਆਂ ਇੰਟਰਵਿਊਜ਼ ਆਪਣੇ ਚੈਨਲਾਂ ‘ਤੇ ਨਸ਼ਰ ਕੀਤੀਆਂ|
ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਨਸ਼ਰ ਹੋਣ ਪਿਛੋਂ ਇਸ ਔਖੀ ਘੜੀ ਵੇਰਕਾ ਯਾਨਿ ਮਿਲਕਫੈੱਡ ਮਸੀਹਾ ਬਣ ਕੇ ਦੁੱਧ ਉਤਪਾਦਕਾਂ ਦੀ ਸਹਾਇਤਾ ਲਈ ਅੱਗੇ ਆਇਆ ਅਤੇ ਵੇਰਕਾ ਦੇ ਦੁੱਧ ਵਾਲੇ ਟੈਂਕਰ ਪਿੰਡਾਂ ਵਿਚ ਬਣੀਆਂ ਡੇਹਰੀਆਂ ਤੋਂ ਦੁੱਧ ਚੁੱਕਣ ਆਉਣ ਲੱਗੇ ਤੇ ਦੁੱਧ ਉਤਪਾਦਕਾਂ ਨੂੰ ਸੁੱਖ ਦਾ ਥੋੜਾ ਸਾਹ ਆਇਆ| ਭਾਵੇਂ ਦੁੱਧ ਦਾ ਭਾਅ ਪਹਿਲਾਂ ਨਾਲੋਂ ਕੁਝ ਥੋੜਾ ਜਿਹਾ ਥੱਲੇ ਆ ਗਿਆ ਸੀ, ਪਰ ਫਿਰ ਵੀ ਇਸ ਸੰਕਟ ਦੀ ਘੜੀ ਮਿਲਕਫੈੱਡ ਅਦਾਰੇ ਨੇ ਆਪਣੇ ਲੋਕਾਂ ਦੀ ਬਾਂਹ ਫੜੀ| ਹੁਣ ਆਈਏ ਅਸਲ ਮੁੱਦੇ ਵੱਲ, ਜੋ ਕਈ ਦਿਨਾਂ ਤੋਂ ਟੀ. ਵੀ. ਚੈਨਲਾਂ ਅਤੇ ਅਖਬਾਰਾਂ ਦੀ ਸੁਰਖੀ ਬਣਿਆ ਹੋਇਆ ਹੈ| ਮੁੱਦਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ, ਜੋ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਨੇ ਪੰਜਾਬ ਦੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਨਾਲ ਜੁੜੇ ਹੋਏ ਮੁੱਖ ਅਦਾਰੇ ਵੇਰਕਾ, ਮਿਲਕਫੈੱਡ ਤੋਂ ਦੁੱਧ ਅਤੇ ਦੁੱਧ ਤੋਂ ਬਣੇ ਦੂਸਰੇ ਉਤਪਾਦ ਖਰੀਦਣ ਤੋਂ ਨਾਂਹ ਕਰ ਦਿੱਤੀ ਹੈ| ਵੇਰਕਾ ਦੀ ਥਾਂ ਇਸ ਖਰੀਦ ਦਾ ਪ੍ਰਬੰਧ ਗੁਜਰਾਤ ਨਾਲ ਜੁੜੀ, ਗੁਜਰਾਤ ਦੀ ਕਿਸੇ ਕੰਪਨੀ ਨਾਲ ਕਰ ਲਿਆ ਹੈ| ਜਿਸ ਬਾਰੇ ਉਡਦੀ ਉਡਦੀ ਖਬਰ ਇਹ ਵੀ ਹੈ ਕਿ ਇਹ ਕੰਪਨੀ ਕੁਝ ਮਹੀਨੇ ਪਹਿਲਾਂ ਹੀ ਸਥਾਪਤ ਹੋਈ ਹੈ ਜਾਂ ਮਾਰਕੀਟ ਵਿਚ ਆਈ ਹੈ| ਮਿਲਕਫੈੱਡ ਜਾਂ ਹੋਰਾਂ ਵੱਲੋਂ ਮੁੱਦਾ ਉਠਾਉਣ ‘ਤੇ ਕਿ ਪੰਜਾਬ ਦੇ ਦੁੱਧ ਉਤਪਾਦਕਾਂ ਨਾਲ ਜੁੜੇ, ਪੰਜਾਬ ਦੇ ਅਦਾਰੇ ਨੂੰ ਛੱਡ ਕੇ ਏਡੀ ਦੂਰ ਪੈਂਦੇ ਗੁਜਰਾਤ ਸੂਬੇ ਦੇ ਅਦਾਰੇ ਨਾਲ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਖਰੀਦਣ ਦਾ ਸਮਝੌਤਾ ਕਿਉਂ ਕੀਤਾ ਗਿਆ ਹੈ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਉਤਰ ਇਹ ਦਿੱਤਾ ਹੈ ਕਿ ਵੇਰਕਾ ਦੇ ਭਾਅ ਗੁਜਰਾਤ ਦੀ ਕੰਪਨੀ ਨਾਲੋਂ ਮਹਿੰਗੇ ਹਨ ਅਤੇ ਇਹ ਵੀ ਕਿ ਤਿੰਨ ਮਹੀਨੇ ਬਾਅਦ ਟੈਂਡਰ ਮੰਗੇ ਜਾਣਗੇ, ਫਿਰ ਜੇ ਵੇਰਕਾ ਦਾ ਭਾਅ ਸਸਤਾ ਹੋਵੇਗਾ ਤਾਂ ਇਹ ਠੇਕਾ ਮਿਲਕਫੈੱਡ ਨਾਲ ਕਰ ਲਿਆ ਜਾਵੇਗਾ| ਇਹ ਤਰਕ ਵਾਜਬ ਤਰਕ ਨਹੀਂ ਹੈ| ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਆਪਣੇ ਹੀ ਕਿਸਾਨਾਂ, ਦੁੱਧ ਉਤਪਾਦਕਾਂ ਦੀ ਮਦਦ ਕਰਨ ਲਈ ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਪੰਜਾਬ ਦਾ ਆਪਣਾ ਅਦਾਰਾ ਮਹਿੰਗੀ ਕੀਮਤ ਵਸੂਲ ਕਰਦਾ ਹੈ? ਜੇ ਵੇਰਕਾ ਮਹਿੰਗੀ ਕੀਮਤ ਵਸੂਲ ਕਰਦਾ ਹੈ ਤਾਂ ਕਿਸਾਨਾਂ ਨੂੰ ਵੀ ਜ਼ਰੂਰ ਚੰਗੀ ਕੀਮਤ ਦਿੰਦਾ ਹੋਵੇਗਾ? ਜੇ ਕਰੋਨਾ ਮਹਾਮਾਰੀ ਦੇ ਕਰਫਿਊ ਸਮੇਂ ਵੇਰਕਾ ਅਦਾਰਾ ਅੱਗੇ ਨਾ ਆਉਂਦਾ ਤਾਂ ਦੁੱਧ ਉਤਪਾਦਕਾਂ ਦੇ ਭੁੱਖੇ ਮਰਨ ਜਿਹੀ ਨੌਬਤ ਆਉਣੀ ਸੀ ਅਤੇ ਦੂਜੇ ਪਾਸੇ ਦੁੱਧ ਮੁੱਲ ਲੈਣ ਵਾਲੇ ਲੋਕਾਂ ਦੇ ਬੱਚੇ ਦੁੱਧ ਖੁਣੋਂ ਵਿਲਕਦੇ|
ਸ਼੍ਰੋਮਣੀ ਕਮੇਟੀ ਦੀ ਮਦਦ ਲਈ ਧਰਮ ਪ੍ਰਚਾਰ ਕਮੇਟੀ ਬਣੀ ਹੋਈ ਹੈ, ਜਿਸ ਵਿਚ ਵਿਦਵਾਨ ਵੀ ਮੈਂਬਰ ਬਣਾਏ ਜਾਂਦੇ ਹਨ| ਧਰਮ ਪ੍ਰਚਾਰ ਕਮੇਟੀ ਦੇ ਹੋਰ ਕੰਮਾਂ ਵਿਚੋਂ ਇੱਕ ਕੰਮ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਜਾਣ ਵਾਲੀਆਂ ਜਾਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ਦੀ ਪੜਚੋਲ ਕਰਨਾ ਵੀ ਹੁੰਦਾ ਹੈ, ਪਰ ਪਿਛਲੇ ਸਮੇਂ ਵਿਚ ਅਨੇਕਾਂ ਸਿਧਾਂਤਕ ਗਲਤੀਆਂ ਵਾਲੀਆਂ ਕਿਤਾਬਾਂ ਕਮੇਟੀ ਵੱਲੋਂ ਛਾਪੀਆਂ ਗਈਆਂ| ਕਮੇਟੀ ਵੱਲੋਂ ਬਾਕਾਇਦਾ ਧਰਮ ਪ੍ਰਚਾਰ ਲਈ ਪ੍ਰਚਾਰਕ ਨੌਕਰੀ ‘ਤੇ ਰੱਖੇ ਜਾਂਦੇ ਹਨ, ਪਰ ਕਦੇ ਕਿਸੇ ਪ੍ਰਚਾਰਕ ਨੂੰ ਪਿੰਡਾਂ, ਥਾਂਵਾਂ ‘ਤੇ ਜਾ ਕੇ ਪ੍ਰਚਾਰ ਕਰਦਿਆਂ ਜਾਂ ਨੌਜੁਆਨਾਂ ਨੂੰ ਸਿੱਖੀ ਵੱਲ ਪ੍ਰੇਰਤ ਕਰਦਿਆਂ ਨਹੀਂ ਸੁਣਿਆ, ਦੇਖਿਆ| ਅੱਜ ਕੱਲ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਜ ਸ਼ੈਲੀ, ਕੀਤੇ ਜਾਂਦੇ ਸਕੈਂਡਲਾਂ ਦੀ ਚਰਚਾ ਅਖਬਾਰਾਂ, ਟੀ. ਵੀ. ਚੈਨਲਾਂ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ| ਇਸ ਪਿੱਛੇ ਲੁਕੇ ਕਾਰਨਾਂ ਦਾ ਵੀ ਖੁਲਾਸਾ ਹੁੰਦਾ ਰਹਿੰਦਾ ਹੈ| ਕਮੇਟੀ ਵੱਲੋਂ ਉਪਰ ਦਿੱਤੇ ਤਰਕ ਤੋਂ ਬਿਨਾ ਕਿਧਰੇ ਕੋਈ ਹੋਰ ਲੁਕਵੇਂ ਕਾਰਨ ਤਾਂ ਨਹੀਂ, ਜਿਨ੍ਹਾਂ ਕਰਕੇ ਕਮੇਟੀ ਨੂੰ ਮਜ਼ਬੂਰੀ ਤਹਿਤ ਪੰਜਾਬ ਦੇ ਅਦਾਰੇ ਨੂੰ ਛੱਡ ਕੇ ਗੁਜਰਾਤ ਦੇ ਅਦਾਰੇ ਨਾਲ ਠੇਕਾ ਕਰਨਾ ਪਿਆ ਹੋਵੇ?
ਕੁਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੁਣਨ ਵਿਚ ਆਇਆ ਸੀ ਕਿ ਸਿੱਖ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਿਰਤ ਦੇ ਕੁਝ ਆਪਣੇ ਅਦਾਰੇ ਕਾਇਮ ਕੀਤੇ ਜਾਣੇ ਚਾਹੀਦੇ ਹਨ| ਇਹ ਬਹੁਤ ਹੀ ਸ਼ੁਭ ਕਾਰਜ ਹੋਵੇਗਾ| ਦੁੱਧ ਉਤਪਾਦਨ ਨਾਲ ਜੁੜਿਆ ਵੇਰਕਾ ਅਦਾਰਾ ਵੀ ਪੰਜਾਬ ਦੇ ਕਿਸਾਨਾਂ ਅਤੇ ਹੋਰ ਦੁੱਧ ਉਤਪਾਦਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ| ਇਸ ਪਾਸੇ ਵੀ ਸ਼੍ਰੋਮਣੀ ਕਮੇਟੀ ਦਾ ਧਿਆਨ ਦੁਆਉਣਾ ਚਾਹੀਦਾ ਹੈ ਕਿ ਪੰਜਾਬ ਦੇ ਅਦਾਰੇ ਨੂੰ ਛੱਡ ਕੇ ਗੁਜਰਾਤ ਦਾ ਅਦਾਰਾ ਹੀ ਕਿਉਂ?