ਸੁਖਦੇਵ ਮਾਦਪੁਰੀ ਨੂੰ ਯਾਦ ਕਰਦਿਆਂ

ਕਰਮਜੀਤ ਕੰਗ, ਬੇਕਰਜ਼ਫੀਲਡ (ਕੈਲੀਫੋਰਨੀਆ)
ਉਂਜ ਤਾਂ ਮੈਂ ਕਈ ਵਾਰੀ ਚੈਨਲ ‘ਪੰਜਾਬੀ’ ਦੇਖਦਾ ਰਹਿੰਦਾ ਹਾਂ, ਪਰ ਜਦੋਂ ਉਸ ਦਿਨ ਮੈਂ ਇਹ ਚੈਨਲ ਲਾਇਆ ਤਾਂ ਸੁਖਦੇਵ ਮਾਦਪੁਰੀ ਨੂੰ ਸਕਰੀਨ ‘ਤੇ ਦੇਖਿਆ, ਜੋ ਆਪਣੇ ਸਾਹਿਤਕ ਜੀਵਨ ਬਾਰੇ ਗੱਲਾਂ ਕਰ ਰਿਹਾ ਸੀ। ਪ੍ਰੋਗਰਾਮ ਦਾ ਇਹ ਆਖਰੀ ਪੜਾਅ ਹੀ ਜਾਪਦਾ ਸੀ, ਬੱਸ ਇਕ-ਦੋ ਮਿੰਟ ਦਾ ਪ੍ਰੋਗਰਾਮ ਹੀ ਸੁਣ ਸਕਿਆ, ਪਰ ਦਿਲ ਅੰਦਰ ਅਜੀਬ ਜਿਹੀ ਖੁਸ਼ਬੂ ਮਹਿਸੂਸ ਹੋਈ। ਮਾਦਪੁਰੀ ਨੂੰ ਕਾਫੀ ਦੇਰ ਬਾਅਦ ਦੇਖਿਆ ਅਤੇ ਸੁਣਿਆ ਸੀ-ਕਰੀਬ ਚਾਰ ਸਾਲਾਂ ਬਾਅਦ। ਚਾਰ ਕੁ ਸਾਲ ਪਹਿਲਾਂ ਮੈਂ ਦੇਸ਼ ਗਿਆ ਸਾਂ ਅਤੇ ਉਦੋਂ ਮੈਂ ਖੰਨੇ ਉਸ ਦੇ ਘਰ ਉਹਨੂੰ ਮਿਲਣ ਗਿਆ ਸਾਂ।

1985-86 ਤੋਂ ਬਾਅਦ ਇਹ ਮਿਲਣੀ ਹੋਈ ਸੀ। ਇਕ-ਦੂਜੇ ਦੇ ਦਰਸ਼ਨ-ਦੀਦਾਰ ਕਰ ਕੇ ਸ਼ਾਇਦ ਅਸੀਂ ਦੋਵੇਂ ਹੀ ਅੰਤਾਂ ਦੇ ਖੁਸ਼ ਹੋਏ ਸਾਂ। ਬਹੁਤ ਦੇਰ ਬਾਅਦ ਜੋ ਮਿਲ ਰਹੇ ਸਾਂ, ਉਹ ਵੀ ਅਚਾਨਕ! ਉਦੋਂ ਇਕੱਠਿਆਂ ਬਿਤਾਏ ਦੋ-ਤਿੰਨ ਘੰਟਿਆਂ ਦੌਰਾਨ ਅਸੀਂ ਦੋਹਾਂ ਨੇ ਆਪੋ-ਆਪਣੇ ਦਿਲ ਦੀਆਂ ਤਹਿਆਂ ਫਰੋਲੀਆਂ ਸਨ।
ਟੀ. ਵੀ. ‘ਤੇ ਸੁਖਦੇਵ ਮਾਦਪੁਰੀ ਨੂੰ ਦੇਖ ਕੇ ਵ੍ਹੱਟਸਐਪ ‘ਤੇ ਮੈਸਿਜ ਕੀਤਾ ਕਿ ਤੁਹਾਨੂੰ ਟੀ. ਵੀ. ‘ਤੇ ਦੇਖ ਕੇ ਬਹੁਤ ਖੁਸ਼ੀ ਹੋਈ, ਪਰ ਮੈਨੂੰ ਉਸ ਮੈਸਿਜ ਦਾ ਜਵਾਬ ਨਹੀਂ ਆਇਆ, ਅਜ ਤੱਕ ਵੀ ਨਹੀਂ। ਪਹਿਲਾਂ ਤਾਂ ਕਦੀ ਇਸ ਤਰ੍ਹਾਂ ਨਹੀਂ ਸੀ ਹੋਇਆ। ਅਕਸਰ ਜਵਾਬ ਮਿਲ ਜਾਂਦਾ ਸੀ। ਫਿਰ ਸੋਚਿਆ, ਮੈਸਿਜ ਦੇਖਿਆ ਨਹੀਂ ਹੋਣਾ ਜਾਂ ਰੁਝੇਵੇਂ ਹੋਣਗੇ। ਜਦੋਂ ਮੈਂ ਉਹਨੂੰ ਮਿਲਣ ਗਿਆ ਸੀ ਤਾਂ ਦੇਖਿਆ ਸੀ, ਕੰਪਿਊਟਰ ਦੁਆਲੇ ਕਿਤਾਬਾਂ ਦੇ ਢੇਰ ਲੱਗੇ ਪਏ ਹਨ। ਦੱਸਦਾ ਸੀ, ਵਿਹਲੇ ਦਿਨ ਸਗੋਂ ਜ਼ਿਆਦਾ ਰੁਝੇਵੇਂ ਹੋ ਜਾਂਦੇ ਹਨ।
ਕੁਝ ਕੁ ਦੇਰ ਬਾਅਦ ਵ੍ਹੱਟਸਐਪ ‘ਤੇ ਅਧਿਆਪਕ ਚੇਤਨ ਮੰਚ ਦੇ ਦੀਪ ਦਿਲਬਰ ਦੀ ਪੋਸਟ ਸੀ ਕਿ ਸੁਖਦੇਵ ਮਾਦਪੁਰੀ ਨਹੀਂ ਰਹੇ। ਦਿਲ ਧੱਕ ਕਰ ਕੇ ਰਹਿ ਗਿਆ! ਬੀਤੇ ਦੀਆਂ ਝਾਕੀਆਂ ਅੱਖਾਂ ਅੱਗਿਓਂ ਗੁਜ਼ਰ ਗਈਆਂ, ਬੀਤੇ ਵੇਲਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਦਿਮਾਗ ਦੀ ਚਰਖੜੀ ਪਿੱਛੇ ਨੂੰ ਘੁੰਮਣ ਲੱਗੀ।…
ਗੱਲ ਸ਼ਾਇਦ 1961-62 ਦੀ ਹੋਵੇ। ਸੁਖਦੇਵ ਮਾਦਪੁਰੀ ਦਾ 4-5 ਦੋਸਤਾਂ ਦਾ ਗਰੁੱਪ ਹੁੰਦਾ ਸੀ, ਜਿਨ੍ਹਾਂ ਵਿਚ ਮਾਦਪੁਰੀ, ਓਮ ਪ੍ਰਕਾਸ਼ ਅਤਰੇ (ਮਾਣੂਕੇ), ਜੋ ਬਾਅਦ ਵਿਚ ਜਗਰਾਵਾਂ ਦਾ ਮਸ਼ਹੂਰ ਐਡਵੋਕੇਟ ਬਣਿਆ ਤੇ ਐਮ. ਐਲ਼ ਸੀ. ਵੀ ਰਿਹਾ, ਕਰਨੈਲ ਸਿੰਘ ਈਸੜੂ (ਗੋਆ ਦਾ ਸ਼ਹੀਦ), ਭੁਪਿੰਦਰ ਸਿੰਘ ਮਾਣੂਕੇ ਅਤੇ ਦੋ-ਤਿੰਨ ਹੋਰ। ਇਹ ਸਭ ਟੀਚਰ ਸਨ, ਸ਼ਾਇਦ ਕਰਨੈਲ ਸਿੰਘ ਨੂੰ ਛੱਡ ਕੇ, ਰਾਜੇ ਕੁਲੇਵਾਰ ਦੇ ਸਕੂਲ ਵਿਚ।
ਸਾਡੇ ਬਾਪੂ ਜੀ ਜਗਜੀਤ ਸਿੰਘ ਬਾਗੀ ਪਿੰਡ ਕੋਟਲਾ ਸ਼ਮਸਪੁਰ ਤੋਂ ਸਮਰਾਲੇ ਆ ਵਸੇ ਸਨ। ਮੈਂ ਪਰਿਵਾਰ ਦਾ ਵੱਡਾ ਬੱਚਾ ਸਾਂ। ਬਾਪੂ ਜੀ ਆਜ਼ਾਦੀ ਘੁਲਾਟੀਏ ਸਨ। ਗਦਰੀ ਬਾਬਿਆਂ ਦੇ ਸੱਦੇ ‘ਤੇ ਫੌਜ ਦੇ ਅਫਸਰੀ ਰੈਂਕ ਵਾਲਿਆਂ ਬਗਾਵਤ ਕਰ ਦਿੱਤੀ ਸੀ। 1942-43 ਵਿਚ ਜਦੋਂ ਇਹ ਮਹਾਰਾਜਾ ਪਟਿਆਲਾ ਦੀ ਫੌਜ ਵਿਚ ਅੰਗਰੇਜ਼ਾਂ ਵਲੋਂ ਮਿਸਰ ਵਿਚ ਲੜਨ ਗਏ ਹੋਏ ਸਨ, ਹੁਣ ਸਮਰਾਲੇ ਵਿਚ ਸਮਾਜ ਸੇਵੀ ਦੇ ਤੌਰ ‘ਤੇ ਵਿਚਰ ਰਹੇ ਸਨ। ਬਾਪੂ ਜੀ ਅਗਾਂਹਵਧੂ ਸਿਆਸਤ ਦੇ ਧਾਰਨੀ ਸਨ। ਆਪਣੇ ਵਿਚਾਰਾਂ ਨੂੰ ਲੈ ਕੇ ਉਹ ਪਿੰਡ ਪਿੰਡ ਜਾਂਦੇ ਰਹਿੰਦੇ। ਮਾਦਪੁਰ ਉਹ ਬਹੁਤ ਜਾਂਦੇ ਸਨ, ਕਿਉਂਕਿ ਉਥੇ ਇਨ੍ਹਾਂ ਦੇ ਵਿਚਾਰਾਂ ਦੇ ਕਾਫੀ ਸਾਥੀ ਸਨ। ਮੀਟਿੰਗਾਂ ਹੁੰਦੀਆਂ ਸਨ, ਡਰਾਮੇ-ਕਾਨਫਰੰਸਾਂ ਵੀ ਹੁੰਦੀਆਂ ਰਹਿੰਦੀਆਂ। ਉਦੋਂ ਹੀ ਬਾਪੂ ਜੀ ਦੇ ਵਿਚਾਰਾਂ ਕਰ ਕੇ ਸੁਖਦੇਵ ਮਾਦਪੁਰੀ ਸੰਪਰਕ ਵਿਚ ਆਇਆ। ਉਹ ਵੀ ਇਨ੍ਹਾਂ ਵਿਚਾਰਾਂ ਨੂੰ ਚੰਗਾ ਸਮਝਣ ਲੱਗ ਪਿਆ ਸੀ ਅਤੇ ਮਨੁੱਖਤਾ ਵਿਚ ਅਮੀਰੀ-ਗਰੀਬੀ ਦੇ ਪਾੜੇ ਨੂੰ ਸਮਝਣ ਲੱਗਾ ਸੀ।
ਮਾਦਪੁਰੀ-ਅੱਤਰੇ ਹੋਰਾਂ ਦਾ ਗਰੁੱਪ ਅਕਸਰ ਸਾਡੇ ਘਰ ਬਾਪੂ ਜੀ ਕੋਲ ਆ ਕੇ ਬੈਠਦਾ, ਕਿੰਨੀ-ਕਿੰਨੀ ਦੇਰ ਬਾਪੂ ਜੀ ਆਪਣੇ ਵਿਚਾਰ ਇਨ੍ਹਾਂ ਨੂੰ ਸਮਝਾਉਂਦੇ ਰਹਿੰਦੇ, ਇਹ ਸੁਣਦੇ ਰਹਿੰਦੇ। ਮੈਂ ਹਾਲੇ ਸਮਝ ਦਾ ਕੁਝ ਕੱਚਾ ਸਾਂ।
ਸਮਾਂ ਚਲਦਾ ਰਿਹਾ, ਸਮਝ ਪੱਕਦੀ ਰਹੀ। ਫਿਰ ਪੰਜਾਬ ਵਿਚ ਲਿਖਾਰੀ ਸਭਾਵਾਂ ਦੀ ਸ਼ੁਰੂਆਤ ਹੋ ਗਈ। ਕਿੰਨੀਆਂ ਹੀ ਸਭਾਵਾਂ ਬਣ ਗਈਆਂ। ਰਾਮਪੁਰ ਦੀ ਸਭਾ ਪਹਿਲਾਂ ਬਣੀ। ਰਾਮਪੁਰ ਪਿੰਡ ਨੇ ਸਾਹਿਤ ਨੂੰ ਵੱਡੇ-ਵੱਡੇ ਸਿਤਾਰੇ ਦਿੱਤੇ-ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਮੱਲ ਸਿੰਘ ਰਾਮਪੁਰੀ, ਸੁਖਮਿੰਦਰ ਰਾਮਪੁਰੀ ਤੇ ਹੋਰ ਅਨੇਕਾਂ ਹੀ। ਪਹਿਲਾਂ ਸਭ ਰਾਮਪੁਰ ਦੀ ਸਭਾ ਵਿਚ ਇਕੱਠੇ ਹੁੰਦੇ ਸਨ; ਕਦੇ ਰਾਮਪੁਰ, ਕਦੇ ਕਟਾਣਾ ਸਾਹਿਬ, ਕਦੇ ਨੀਲੋਂ ਦਾ ਪੁਲ।
ਫਿਰ ਸਮਰਾਲੇ ਲਿਖਾਰੀ ਸਭਾ ਬਣਾਉਣ ਦਾ ਵਿਚਾਰ ਪਨਪਿਆ। ਪਹਿਲਾਂ ਨਾਂ ਰੱਖਣ ਦੀ ਗੱਲ ਚੱਲੀ ਕਿ ਨਾਂ ਪੰਜਾਬੀ ਲਿਖਾਰੀ ਸਭਾ ਹੋਵੇ ਜਾਂ ਪੰਜਾਬੀ ਸਾਹਿਤ ਸਭਾ। ਸਾਹਿਤ ਸਭਾ ‘ਤੇ ਸਹਿਮਤੀ ਹੋਈ ਕਿ ਸਾਹਿਤਕਾਰ ਤੇ ਸਾਹਿਤ ਪ੍ਰੇਮੀ, ਦੋਵੇਂ ਇਕੱਠੇ ਵਿਚਰਨ। ਫਿਰ ਗੱਲ ਚੱਲੀ ਸਭਾ ਦੇ ਆਸ਼ੇ ਦੀ, ‘ਕਲਾ ਕਲਾ ਲਈ’ ਜਾਂ ‘ਕਲਾ ਜੀਵਨ ਲਈ।’ ‘ਕਲਾ ਜੀਵਨ ਲਈ’ ‘ਤੇ ਸਹਿਮਤੀ ਹੋਈ। ਉਦੋਂ ਮੀਟਿੰਗਾਂ ਸਮਰਾਲੇ ਗੈਸਟ ਹਾਊਸ ਵਿਚ ਹੁੰਦੀਆਂ ਸਨ। ਰੈਸਟ ਹਾਊਸ ਬਹੁਤ ਖੁੱਲ੍ਹਾ-ਡੁੱਲ੍ਹਾ ਫੁੱਲਾਂ-ਬੂਟਿਆਂ ਤੇ ਦਰਖਤਾਂ ਨਾਲ ਹਰਿਆ-ਭਰਿਆ ਹੁੰਦਾ ਸੀ। ਕਿਤੇ ਵੀ ਬੈਠ ਜਾਣਾ, ਗਰਮੀਆਂ ਨੂੰ ਛਾਂ ਵਿਚ, ਤੇ ਸਰਦੀਆਂ ਨੂੰ ਧੁੱਪ ਵਿਚ।
ਸਭਾ ਦੀ ਸਿਰਜਣਾ ਕਰਨ ਵਾਲੇ ਮੋਹਰੀਆਂ ਵਿਚ ਸੁਖਦੇਵ ਮਾਦਪੁਰੀ, ਅੱਤਰੇ, ਓਮ ਪ੍ਰਕਾਸ਼ ਮੋਦਗਿਲ, ਜਗਜੀਤ ਸਿੰਘ ਬਾਸੀ, ਕੁਲਵੰਤ ਨੀਲੋਂ ਤੇ ਕਈ ਹੋਰ ਸਨ ਅਤੇ ਰਾਮਪੁਰੀਆਂ ਦਾ ਸਹਿਯੋਗ ਸੀ। ਸਾਹਿਤਕਾਰ ਤੇ ਸਾਹਿਤ ਪ੍ਰੇਮੀ ਇਕ ਥਾਂ ਇਕੱਠੇ ਹੁੰਦੇ, ਵਿਚਾਰ-ਵਟਾਂਦਰੇ ਚੱਲਦੇ, ਹਾਸੇ-ਠੱਠੇ ਗੂੰਜਦੇ, ਰੌਣਕਾਂ ਲਗਦੀਆਂ।
ਸੁਖਦੇਵ ਮਾਦਪੁਰੀ ਨੇ ਸਾਹਿਤ ਦੀ ਝੋਲੀ ਵਿਚ ਵੱਡਾ ਹਿੱਸਾ ਪਾਇਆ-ਬੱਚਿਆਂ ਦਾ ਸਾਹਿਤ, ਲੋਕ ਬੋਲੀਆਂ, ਲੋਕ ਗੀਤ ਤੇ ਹੋਰ ਬਹੁਤ ਕੁਝ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਬੱਚਿਆਂ ਦਾ ਮੈਗਜ਼ੀਨ ‘ਪੰਖੜੀਆਂ’ ਦਾ ਸੰਪਾਦਨ ਕੀਤਾ। ਆਖਰ ਤਕ ਸਾਹਿਤ ਦੀ ਸੇਵਾ ਕਰਦਾ ਰਿਹਾ।
ਮੇਰੀ ਸ਼ਾਦੀ 1963 ਵਿਚ ਲੁਧਿਆਣੇ ਹੋਈ ਸੀ, ਮਿਲਦੇ-ਜੁਲਦੇ ਖਿਆਲਾਂ ਵਾਲੇ ਪਰਿਵਾਰ ਵਿਚ। ਸਾਡੇ ਵਿਚੋਲੇ ਮਦਨ ਲਾਲ ਦੀਦੀ, ਸ਼ੀਲਾ ਦੀਦੀ ਤੇ ਮਹਿੰਦਰ ਵਿਰਕ (ਬਾਅਦ ਵਿਚ ਮੁਹਿੰਦਰ ਸਾਂਬਰ) ਸਨ।
ਵਿਆਹ ਮਗਰੋਂ ਸ਼ਾਮ ਨੂੰ ਸਾਡੇ ਘਰ ਸਮਰਾਲੇ ਸਵਾਗਤ ਲਈ ਪਰਿਵਾਰ, ਸਕੇ-ਸਬੰਧੀ ਤੇ ਦੋਸਤ-ਮਿੱਤਰ ਇਕੱਠੇ ਸਨ। ਸ਼ੀਲਾ ਦੀਦੀ ਅਤੇ ਮਹਿੰਦਰ ਵਿਰਕ ਨੇ ਗੀਤ ਗਾਇਆ, ‘ਨੀ ਅੱਜ ਕੋਈ ਆਇਆ ਸਾਡੇ ਵਿਹੜੇ।’
ਸੁਖਦੇਵ ਮਾਦਪੁਰੀ, ਅੱਤਰੇ, ਸੁਰਜੀਤ ਖੁਰਸ਼ੀਦੀ ਨੇ ਰਲ-ਮਿਲ ਕੇ ਸਾਨੂੰ ਤੋਹਫਾ ਦਿੱਤਾ, ਜੋ ਸਦਾ ਲਈ ਸਾਡੀ ਯਾਦ ਵਿਚ ਵਸ ਗਿਆ ਹੈ। ਇਹ ਚੰਗੀ ਤਰ੍ਹਾਂ ਪੈਕ ਕੀਤਾ ਹੋਇਆ ਸੀ ਤੇ ਉਪਰ ਲਿਖਿਆ ਸੀ: ਮਿੱਤਰਾਂ ਦੀ ਲੂਣ ਦੀ ਡਲੀ, ਮਿਸ਼ਰੀ ਕਰ ਕੇ ਜਾਣੀ! ਤੋਹਫਾ ਖੋਲ੍ਹਣ ਦੀ ਉਤਸੁਕਤਾ ਸੀ, ਵੱਡੀ ਸਾਰੀ ਪੈਕਿੰਗ ਸੀ। ਪੈਕ ਖੋਲ੍ਹਿਆ ਤਾਂ ਉਸ ਵਿਚ ਪੰਘੂੜਾ ਸੀ, ਬੱਚਿਆਂ ਨੂੰ ਹੁਲਾਰੇ ਦੇਣ ਵਾਲਾ। ਸਾਡੇ ਕਿੰਨੇ ਕੰਮ ਦੀ ਚੀਜ਼ ਸੀ ਇਹ, ਤੇ ਦੇਣ ਵਾਲਿਆਂ ਦੀ ਕਿੰਨੀ ਲੰਮੀ ਸੋਚ ਸੀ! ਧੰਨਵਾਦ ਮਾਦਪੁਰੀ! ਤੁਹਾਡਾ ਇਹ ਤੋਹਫਾ ਅਤੇ ਤੁਹਾਡੇ ਕੱਦ ਜਿਹੇ ਛੋਟੇ ਜਿਹੇ ਮੂੰਹ ਵਿਚੋਂ ਨਿਕਲਦੀਆਂ ਛੋਟੀਆਂ-ਛੋਟੀਆਂ ਮਿੱਠੀਆਂ-ਮਿੱਠੀਆਂ, ਤਾਜ਼ੇ ਫੁੱਲਾਂ ਦੀ ਖੁਸ਼ਬੋ ਖਿਲਾਰਦੀਆਂ ਗੱਲਾਂ ਸਾਡੇ ਦਿਲ ‘ਚੋਂ ਆਖਰੀ ਪਲ ਤਕ ਨਹੀਂ ਵਿਸਰ ਸਕਦੀਆਂ।
ਜਿਵੇਂ ਧਾਰਨਾ ਹੈ ਕਿ ਜਿੱਥੇ ਵੀ ਤੂੰ ਹੈਂ, ਸਦਾ ਧਰੂ ਦੇ ਤਾਰੇ ਵਾਂਗ ਚਮਕਦਾ ਰਹਿ।